Dhaddarinwala versus Taksaal
ਢਡਰੀਆਂਵਾਲਾ ਤੇ ਭਿੰਡਰਾਂ ਜਥਾ

ਕੀ ਇਹ ਲੜਾਈ ਢਡਰੀਆਂਵਾਲਾ ਅਤੇ ਭਿੰਡਰਾਂ ਜਥਾ ਵਿਚਕਾਰ ਹੈ?
(ਇਹ ਲੜਾਈ ਗੁਰਮਤਿ ਅਤੇ ਨਿਰਮਲਿਆਂ ਵਿਚਕਾਰ ਹੈ)


ਕੁਝ
ਸਮੇਂ ਤੋਂ ਭਿੰਡਰਾਂ ਜਥਾ (ਜੋ ਖ਼ੁਦ ਨੂੰ 1977 ਤੋਂ ਟਕਸਾਲ ਕਹਿਣ ਲਗ ਪਏ ਹਨ) ਨੇ ਰਣਜੀਤ ਸਿੰਘ ਢਡਰੀਆਂਵਾਲਾ ਦੇ ਖ਼ਿਲਾਫ਼ ਮੋਰਚਾ ਲਾਇਆ ਹੋਇਆ ਹੈ। ਪਰ, ਇਹ ਕੋਈ ਨਵਾਂ ਮੋਰਚਾ ਨਹੀਂ; ਇਹ ਤਾਂ ਡੇਢ ਸੌ ਸਾਲ ਪਹਿਲਾਂ ਸ਼ੁਰੂ ਹੋਈ ਸਿੰਘ ਸਭਾ ਲਹਿਰ ਦੇ ਖ਼ਿਲਾਫ਼ ਘੜੀ ਗਈ ਸਾਜ਼ਿਸ਼ ਦਾ ਇਕ ਹਿੱਸਾ ਹੈ। ਇਸ ਦਾ ਪਿਛੋਕੜ ਜਾਣਨ ਮਗਰੋਂ ਇਸ ਦਾ ਚਾਨਣ ਹੋ ਜਾਏਗਾ।

ਪਹਿਲੀ ਅਕਤੂਬਰ 1873 ਦੇ ਦਿਨ ਠਾਕਰ ਸਿੰਘ ਸੰਧਾਵਾਲੀਆ ਨੇ ਸਿਰਕਰਦਾ ਸਿੱਖਾਂ ਦਾ ਇਕ ਇਕੱਠ ਅੰਮ੍ਰਿਤਸਰ ਵਿਚ ਕੀਤਾ ਸੀ। ਇਸ ਵਿਚ ਕੁਝ ਗਿਆਨੀ, ਪੁਜਾਰੀ, ਗ੍ਰੰਥੀ, ਉਦਾਸੀ, ਨਿਰਮਲੇ ਆਦਿਕ ਸ਼ਾਮਿਲ ਹੋਏ। ਇਨ੍ਹਾਂ ਵਿਚੋਂ ਬਹੁਤੇ ਆਰੀਆ ਸਾਮਜੀਆਂ ਦੇ ਗੁਰੂ-ਨਿੰਦਾ ਦੇ ਪਰਚਾਰ ਦੇ ਵਿਰੋਧ ਵਿਚ ਇਕੱਠੇ ਹੋਏ ਸਨ; ਹਾਲਾਂ ਕਿ ਇਨ੍ਹਾਂ ਵਿਚੋਂ ਕਈ ਤਾਂ ਸਿੱਖ ਧਰਮ ਬਾਰੇ ਪੂਰੀ ਤਰ੍ਹਾਂ ਸੁਚੇਤ ਵੀ ਨਹੀਂ ਸਨ। ਇਨ੍ਹਾਂ ਸਾਰਿਆਂ ਨੇ ਮਿਲ ਕੇ “ਗੁਰੂ ਸਿੰਘ ਸਭਾ” ਬਣਾਉਣ ਦਾ ਮਤਾ ਪਾਸ ਕੀਤਾ। ਫਿਰ ਵੀ ਹਿੰਦੂ ਅਸਰ ਹੇਠਾਂ ਅਤੇ ਨਿਰਮਲਿਆਂ ਤੇ ਉਦਾਸੀਆਂ ਦੇ ਜ਼ੋਰ ਦੇਣ ’ਤੇ ਇਸ ਅੱਗੇ ਮਿਥਹਾਸਕ ਦੇਵੀ “ਸ੍ਰੀ” ਦਾ ਨਾਂ ਵੀ ਪਾ ਕੇ “ਸ੍ਰੀ ਗੁਰੂ ਸਿੰਘ ਸਭਾ” ਬਣਾ ਲਿਆ। ਇਸ ਸਭਾ ਦਾ ਨਿਸ਼ਾਨਾ “ਸਿੱਖ ਧਰਮ ਅਤੇ ਸਮਾਜ ਵਿਚ ਆ ਪਈਆਂ ਕੁਰੀਤੀਆਂ ਦੂਰ ਕਰ ਕੇ ਸਿੱਖ ਧਰਮ ਦੀ ਅਸਲੀ ਮਰਿਆਦਾ ਕਾਇਮ ਕਰਨਾ” ਸੀ। 1873 ਵਿਚ ਬਣੀ ਇਸ ਅੰਮ੍ਰਿਤਸਰ ਵਾਲੀ ਸਿੰਘ ਸਭਾ ਤੋਂ ਮਗਰੋਂ 1879 ਵਿਚ ਲਾਹੌਰ ਵਿਚ ਵੀ ਇਕ ਸਿੰਘ ਸਭਾ ਕਾਇਮ ਹੋਈ। 11 ਅਪ੍ਰੈਲ 1880 ਦੇ ਦਿਨ ਲਾਹੌਰ ਸਿੰਘ ਸਭਾ ਅਤੇ ਅੰਮ੍ਰਿਤਸਰ ਸਿੰਘ ਸਭਾ ਨੂੰ ਇਕੱਠਾ ਕੀਤਾ ਗਿਆ ਅਤੇ ਦੋਹਾਂ ਦਾ ਸਾਂਝਾ ਨਾਂ ‘ਗੁਰੂ ਸਿੰਘ ਸਭਾ ਜਨਰਲ’ ਰੱਖਿਆ ਗਿਆ। ਪ੍ਰੋ. ਗੁਰਮੁਖ ਸਿੰਘ ਨੇ ਪੰਜਾਬ ਦਾ ਦੌਰਾ ਕਰ ਕੇ ਕਈ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਸਿੰਘ ਸਭਾਵਾਂ ਕਾਇਮ ਕੀਤੀਆਂ।ਪੈਸੇ ਵਾਸਤੇ ਰਾਜਾ ਬਿਕਰਮਾ ਸਿੰਘ ਫ਼ਰੀਦਕੋਟ, ਕੰਵਰ ਬਿਕਰਮ ਸਿੰਘ ਕਪੂਰਥਲਾ (ਉਦੋਂ ਵਾਸੀ ਜਲੰਧਰ) ਅਤੇ ਕੁਝ ਹੋਰ ਸਿੱਖ ਹਿੱਸਾ ਪਾਉਂਦੇ ਰਹਿੰਦੇ ਸਨ।

ਜਿਉਂ-ਜਿਉਂ ਸਿੰਘ ਸਭਾ ਲਹਿਰ ਫੈਲਦੀ ਗਈ ਇਸ ਦੇ ਆਗੂਆਂ ਵਿਚੋਂ ਰਈਸ ਧੜੇ ਦੇ ਬਹੁਤੇ ਚੌਧਰੀਆਂ ਉੱਤੇ ਲੀਡਰਸ਼ਿਪ ਦਾ ਭੂਤ ਸਵਾਰ ਹੋ ਗਿਆ। ਇਸ ਮਾਹੌਲ ਵਿਚ ਖੇਮ ਸਿੰਘ ਬੇਦੀ ਸਭ ਤੋਂ ਵਧ ਨਿਜੀ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਗੁਰੂ ਨਾਨਕ ਸਾਹਿਬ ਦੇ ਛੋਟੇ ਪੁਤਰ ਲਖਮੀ ਦਾਸ ਦੇ ਖ਼ਾਨਦਾਨ ਵਿਚੋਂ ਹੋਣ ਕਰ ਕੇ ਉਹ ਨਾਜਾਇਜ਼ ਤੌਰ ਤੇ ਆਪਣਾ ਸਨਮਾਨ ਮੰਗਦਾ ਸੀ। ਜਦੋਂ ਕੁਝ ਭੋਲੇ ਲੋਕਾਂ ਨੇ ਉਸ ਨੂੰ ਇੱਜ਼ਤ ਮਾਣ ਦੇਣਾ ਸ਼ੁਰੂ ਕਰ ਦਿੱਤਾ ਤਾਂ ਉਹ ਹੋਰ ਚਾਂਬ੍ਹਲ ਗਿਆ ਅਤੇ ਉਸ ਨੇ ਗੁਰੂ ਵਾਂਗ ਵਿਚਰਨਾ ਸ਼ੁਰੂ ਕਰ ਦਿੱਤਾ। ਹੋਰ ਤਾਂ ਹੋਰ ਉਹ ਸਮਾਗਮਾਂ ਵਿਚ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵੀ ਗਦੇਲੇ ਵਿਛਾ ਕੇ, ਆਸਣ ਬਣਾ ਕੇ, ਗੱਦੀ ਤੇ ਬੈਠਣ ਲਗ ਪਿਆ ਸੀ। ਸਿੰਘ ਸਭਾ ਲਹਿਰ ਤਾਂ ਸਗੋਂ ਸਿੱਖ ਧਰਮ ਵਿਚ ਸੁਧਾਰ ਵਾਸਤੇ ਬਣੀ ਸੀ ਤੇ ਖੇਮ ਸਿੰਘ ਦੀ ਇਹ ਕਾਰਵਾਈ ਲਹਿਰ ਦੇ ਨਿਸ਼ਾਨੇ ਦੇ ਮੁੱਢੋਂ ਹੀ ਉਲਟ ਸੀ। ਕੁਝ ਸਿੱਖ ਆਗੂ ਇਸ ’ਤੇ ਬੜੇ ਖ਼ਫ਼ਾ ਸਨ। ਪਹਿਲੋਂ-ਪਹਿਲ ਤਾਂ ਕੁਝ ਚਿਰ ਚੁਪ ਵਰਤੀ ਰਹੀ, ਫਿਰ ਹੌਲੀ-ਹੌਲੀ ਇਸ ਬਾਰੇ ਗੱਲ ਚਲਣ ਲਗ ਪਈ ਤੇ ਅਖ਼ੀਰ ਇਹ ਇਕ ਵੱਡਾ ਮਸਲਾ ਬਣ ਕੇ ਉਭਰਿਆ। ਪਰਦੁਮਣ ਸਿੰਘ ਸਰਬਰਾਹ (ਪੋਤਾ ਗਿਆਨੀ ਸੰਤ ਸਿੰਘ ਤੇ ਪੁਤਰ ਗੁਰਮੁਖ ਸਿੰਘ ਜਿਸ ਨੇ 1830ਵਿਆਂ ਵਿਚ ਗੁਰਬਿਲਾਸ ਪਾਤਸ਼ਾਹੀ ਛੇਵੀਂ ਲਿਖਿਆ ਸੀ)) ਅਤੇ ਖੇਮ ਸਿੰਘ ਬੇਦੀ ਟੋਲੇ ਨੇ ਇਨ੍ਹਾਂ ਦਿਨਾਂ ਵਿਚ ਹੀ ਦਰਬਾਰ ਸਾਹਿਬ ਮੰਜੀ ਸਾਹਿਬ ਤੋਂ ਨਿਰਮਲੇ ਕਵੀ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਦੀ ਕਥਾ ਵੀ ਸ਼ੁਰੂ ਕਰਵਾ ਦਿੱਤੀ (ਇਹ ਉਹ ਕਿਤਾਬ ਹੈ ਜਿਸ ਵਿਚ ਹਰ ਇਕ ਗੁਰੂ ਦੀ ਤੇ ਮਾਤਾ ਗੁਜਰੀ ਅਤੇ ਹੋਰ ਮਾਤਾਵਾਂ ਦੀ ਨਿੰਦਾ ਕੀਤੀ ਹੋਈ ਹੈ)

ਇਸੇ ਸਮੇਂ ਸਾਧੂ ਦਯਾ ਨੰਦ ਦੀ ਆਰੀਆ ਸਮਾਜ ਦੀ ਯੂਨਿਟ ਪੰਜਾਬ ਵਿਚ ਵੀ ਬਣ ਚੁਕੀ ਸੀ। ਆਰੀਆ ਸਮਾਜ ਭਾਵੇਂ ਹੋਰ ਕਿਸੇ ਸਰਗਰਮ ਸਿੱਖ ਵਰਕਰ ’ਤੇ ਆਪਣਾ ਅਸਰ ਤਾਂ ਨਾ ਪਾ ਸਕਿਆ ਪਰ ਖੇਮ ਸਿੰਘ ਬੇਦੀ ਉਨ੍ਹਾਂ ਦੇ ਅਸਰ ਹੇਠਾਂ ਜ਼ਰੂਰ ਆ ਗਿਆ। ਖੇਮ ਸਿੰਘ ਬੇਦੀ ਨੂੰ ਉਨ੍ਹਾਂ ਨੇ ‘ਕੇਸਾਂ ਵਾਲਾ ਹਿੰਦੂ’ ਪੈਟਰਨ ’ਤੇ ਜ਼ਰੂਰ ਤੋਰ ਲਿਆ। ਹੁਣ ਖੇਮ ਸਿੰਘ ਬੇਦੀ ਟੋਲੇ ਅਤੇ ਰਾਜਾ ਬਿਕਰਮ ਸਿੰਘ ਫ਼ਰੀਦਕੋਟੀ ਨੇ ਸਿੰਘ ਸਭਾ ਲਹਿਰ ਦੇ ਅਸੂਲਾਂ ਦੇ ਉਲਟ ‘ਦਲਿਤਾਂ’ ਤੋਂ ਦੂਰੀ ਵਧਾਉਣੀ ਸ਼ੁਰੂ ਕਰ ਦਿਤੀ। ਹੋਰ ਤਾਂ ਹੋਰ ਜਦੋਂ ਦਰਬਾਰ ਸਾਹਿਬ ਦੇ ਬੁਤਪ੍ਰਸਤੀ ਰੋਕਣ, ਠਾਕਰਾਂ ਦੀ ਪੂਜਾ ਖਤਮ ਕਰਨ ਅਤੇ ਦਰਬਾਰ ਸਾਹਿਬ ਦੀ ਹਦੂਦ ਚੋਂ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਚੁਕਣ ਦੀ ਮੰਗ ਉਠੀ ਤਾਂ ਇਨ੍ਹਾਂ ਨੇ ਅਜਿਹਾ ਕਰਨ ਤੋਂ ਜ਼ਬਰਦਸਤੀ ਰੋਕਿਆ। ਇਨ੍ਹਾਂ ਨੇ ਤਾਂ ਦਰਬਾਰ ਸਾਹਿਬ ਨੂੰ ਹਰੀ (ਵਿਸ਼ਨੂ) ਦਾ ਮੰਦਰ (ਹਰਿਮੰਦਰ) ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ (ਹੁਣ ਵੀ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਨਿਰਮਲਾ ਟੋਲਾ ਦਰਬਾਰ ਸਾਹਿਬ ਨੂੰ ਹਰਿਮੰਦਰ, ਯਾਨਿ ‘ਵਿਸ਼ਨੂ ਦਾ ਮੰਦਰ’ ਲਿਖਦਾ ਹੈ)। ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਉਦੋਂ ਤਕ ਰਹੀਆਂ ਜਦ ਤਕ ਖੇਮ ਸਿੰਘ ਬੇਦੀ ਜਿਊਂਦਾ ਰਿਹਾ (ਮੌਤ 10 ਅਪ੍ਰੈਲ 1905){ਜਦੋਂ ਅਰੂੜ ਸਿੰਘ ਦਰਬਾਰ ਸਾਹਿਬ ਦਾ ਸਰਬਰਾਹ ਬਣਿਆ। ਉਸ ਨੇ 6 ਮਈ 1905 ਦੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਖ਼ਤ ਲਿਖ ਕੇ ਉਸ ਤੋਂ ਫ਼ੋਰਸ ਦੀ ਮੰਗ ਕੀਤੀ ਤਾਂ ਜੋ ਸ਼ਰਾਰਤੀ ਹਿੰਦੂ ਪੁਜਾਰੀਆਂ ਨੂੰ ਰੋਕਿਆ ਜਾ ਸਕੇ। ਜਦ ਪੁਜਾਰੀਆਂ ਨੂੰ ਪੁਲਸ ਦੀ ਖ਼ਬਰ ਮਿਲੀ ਤਾਂ ਉਹ ਡਰ ਗਏ ਅਤੇ ਦਰਬਾਰ ਸਾਹਿਬ ਵਿਚ ਮੂਰਤੀਆਂ ਲਿਆਉਣੋਂ ਹਟ ਗਏ}

ਹੁਣ ਇਸ ਟੋਲੇ ਨੇ ਧਾਰਮਿਕ ਸੁਧਾਰਾਂ ਦਾ ਵੀ, ਪਹਿਲੋਂ ਹੌਲੀ-ਹੌਲੀ ਤੇ ਮਗਰੋਂ ਸ਼ਰੇ-ਆਮ, ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਉਸ ਨੇ ਤਾਂ ਪ੍ਰੋ. ਗੁਰਮੁਖ ਸਿੰਘ ਅਤੇ ਗਿ. ਦਿਤ ਸਿੰਘ ਵਲੋਂ ਛੂਤ-ਛਾਤ, ਸਿੱਖੀ ਵਿਚ ਆ ਵੜੀਆਂ ਹਿੰਦੂ ਰੀਤੀਆਂ, ਸਿੱਖ-ਘਰਾਂ ਵਿਚ ਠਾਕਰਾਂ ਦੀ ਪੂਜਾ ਦੇ ਵਿਰੋਧ, ਦਾ ਵੀ ਵਿਰੋਧ ਸ਼ੁਰੂ ਕਰ ਦਿਤਾ ਉਸ ਨੇ ਹੌਲੀ-ਹੌਲੀ ਕਈ ਪੁਜਾਰੀ ਵੀ ਆਪਣੇ ਨਾਲ ਰਲਾ ਲਏ। ਕਈ ਨਿਰਮਲੇ ਤੇ ਉਦਾਸੀ ਸਾਧ, ਜੋ ਮਨ ਤੋਂ ਬਨਾਰਸ ਦੇ ਪਾਂਡਿਆਂ ਵਾਂਗ ਸਨ, ਵੀ ਉਸ ਦੇ ਹਿਮਾਇਤੀ ਬਣਨੇ ਹੀ ਸਨ। ਆਰੀਆ ਸਮਾਜ ਨਾਲ ਨੇੜਤਾ ਰਖਣ ਵਾਲੇ ਵੀ ਖਾਲਸਾ ਦੀਵਾਨ ਅੰਮ੍ਰਿਤਸਰ ਵਿਚ ਮੌਜੂਦ ਸਨ; ਇਸ ਕਰ ਕੇ ਇਸ ਦੀਵਾਨ ਵਿਚ ਇਨ੍ਹਾਂ ਦਾ ਬੋਲਬਾਲਾ ਸੀ। ਫ਼ਰੀਦਕੋਟ ਰਿਆਸਤ ਦੇ ਰਾਜੇ ਬਿਕਰਮਾ ਸਿੰਘ ਨੂੰ ਵੀ ਖੇਮ ਸਿੰਘ ਬੇਦੀ ਵਾਂਗ ਦੀਵਾਨ ਵਿਚ ਸਪੈਸ਼ਲ ਗੱਦੇ ਅਤੇ ਗਲੀਚੇ ਬੈਠਣ ਵਾਸਤੇ ਮਿਲਦੇ ਸੀ; ਉਹ ਵੀ ਇਸ ਕਰ ਕੇ ਖੇਮ ਸਿੰਘ ਦਾ ਹਿਮਾਇਤੀ ਸੀ। ਖੇਮ ਸਿੰਘ ਬੇਦੀ ਦਾ ਇਕ ਟਹਿਲੂਆ (ਸੇਵਾਦਾਰ) ਅਵਤਾਰ ਸਿੰਘ ਵਹੀਰੀਆ ਸੀ। ਉਸ ਦੇ ਨਾਂ ਹੇਠ ਖੇਮ ਸਿੰਘ ਤੇ ਬਿਕਰਮਾ ਸਿੰਘ ਰਾਜਾ ਦੇ ਹੱਕ ਵਿਚ ਲਿਖਤਾਂ ਛਪਣ ਲਗ ਪਈਆਂ ਸਨ। ਇਹ ਬ੍ਰਾਹਮਣੀ ਸੋਚ ਵਾਲੇ ਲੋਕ ਤਾਂ “ਸਿੰਘ ਸਭਾ” ਨੂੰ “ਅਖੌਤੀ ਸਹਿਜਧਾਰੀ ਜਾਂ ਪਗੜੀਧਾਰੀ ਹਿੰਦੂ ਸਭਾ” ਵਿਚ ਬਦਲਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਇਕ ਵਾਰ ਤਾਂ ਇਨ੍ਹਾਂ ਦੀ ਇਕ ਬਰਾਂਚ ਰਾਵਲਪਿੰਡੀ ਸਿੰਘ ਸਭਾ ਨੇ ਇਸ ਦਾ ਨਾਂ ‘ਸਿੰਘ ਸਭਾ’ ਦੀ ਥਾਂ ‘ਸਿੱਖ ਸਭਾ’ ਰੱਖਣ ਵਾਸਤੇ ਲਿਖਤੀ ਸੁਝਾਅ ਵੀ ਪੇਸ਼ ਕੀਤਾ ਸੀ।

ਦੂਜੇ ਪਾਸੇ ਪ੍ਰੋ. ਗੁਰਮੁਖ ਸਿੰਘ, ਗਿ. ਦਿਤ ਸਿੰਘ, ਕੰਵਰ ਬਿਕਰਮ ਸਿੰਘ ਕਪੂਰਥਲਾ, ਮਿਹਰ ਸਿੰਘ ਚਾਵਲਾ ਵਗੈਰਾ ਨਿਰੋਲ ਸਿੱਖੀ, ਪੰਥਕ ਪ੍ਰਚਾਰ ਤੇ ਸਿੱਖੀ ਦੇ ਨਿਆਰਾਪਣ ਦੇ ਹਿਮਾਇਤੀ ਸਨ। ਸੰਨ 1887 ਤੱਕ ਹਾਲਾਤ ਇਹ ਬਣ ਗਏ ਸਨ ਕਿ ਖਾਲਸਾ ਦੀਵਾਨ ਲਾਹੌਰ ਨਿਰੋਲ ਸਿੱਖੀ ਪ੍ਰਚਾਰ ਵਾਲਿਆਂ ਦਾ ਅਤੇ ਖਾਲਸਾ ਦੀਵਾਨ ਅੰਮ੍ਰਿਤਸਰ ਖੇਮ ਸਿੰਘ ਬੇਦੀ ਦਾ ਬ੍ਰਾਹਮਣੀ ਧੜਾ ਬਣ ਚੁਕੇ ਸਨ। ਜਦੋਂ ਰਾਜਾ ਬਿਕਰਮ ਸਿੰਘ ਤੇ ਖੇਮ ਸਿੰਘ ਬੇਦੀ ਧੜੇ ਨੇ ਸੁਧਾਰਕ ਧੜੇ ਦੀ ਹਰ ਗੱਲ ਦੀ ਮੁਖ਼ਾਲਫ਼ਤ ਸ਼ੁਰੂ ਕਰ ਦਿਤੀ ਤਾਂ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ 10-11 ਅਪ੍ਰੈਲ 1886 ਦੇ ਦਿਨ ਲਾਹੌਰ ਇਜਲਾਸ ਬੁਲਾ ਕੇ ਵਿਚਾਰਾਂ ਕਰਨ ਮਗਰੋਂ ਵਖਰਾ ‘ਖਾਲਸਾ ਦੀਵਾਨ ਲਾਹੌਰ’ ਬਣਾ ਲਿਆ।

1886 ਵਿਚ ਹਾਲਤ ਇਹ ਬਣ ਗਏ ਕਿ ਦਰਬਾਰ ਸਾਹਿਬ ’ਤੇ ਕਾਬਜ਼ ਅੰਮ੍ਰਿਤਸਰੀ ਧੜੇ ਦੇ ਹਿਮਾਇਤੀ ਪੁਜਾਰੀਆਂ ਨੇ ਇਕ ਦਿਨ ਪ੍ਰੋ. ਗੁਰਮੁਖ ਸਿੰਘ ਨੂੰ ਮੰਜੀ ਸਾਹਿਬ ਤਕਰੀਰ ਵੀ ਨਾ ਕਰਨ ਦਿਤੀ। ਹਾਲਾਂ ਕਿ ਸੰਗਤ ਉਨ੍ਹਾਂ ਨੂੰ ਸੁਣਨ ਵਾਸਤੇ ਪੁੱਜੀ ਹੋਈ ਸੀ। ਪਰ ਨਿਰਮਲੇ ਸਰਬਰਾਹ ਨੇ ਤਾਂ ਪੁਲੀਸ ਵੀ ਬੁਲਾਈ ਹੋਈ ਸੀ ਜਿਸ ਕੋਲ ਹੁਕਮ ਸੀ ਕਿ ਜੇ ਪ੍ਰੋ. ਗੁਰਮੁਖ ਸਿੰਘ ਬੋਲਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।

ਪ੍ਰੋ. ਗੁਰਮੁਖ ਸਿੰਘ ਨੇ ਇਸ ਬੇਇਜ਼ਤੀ ਨੂੰ ਭੁਲਾਇਆ ਨਹੀਂ। ਉਸ ਨੇ ਜਾਂਦਿਆਂ ਹੀ ਆਪਣੇ ਰਸਾਲੇ ‘ਸੁਧਾਰਕ’ ਵਿਚ ਇਕ ਲੇਖ ਲਿਖ ਕੇ ਦਰਬਾਰ ਸਾਹਿਬ ਵਿਚ ਮੂਰਤੀ ਪੂਜਾ ਅਤੇ ਮਨਮਤਿ ਦੀਆਂ ਹੋਰ ਕਰਮ ਕਾਂਡ ਦੀਆਂ ਕਾਰਵਾਈਆਂ ਦਾ ਪਾਜ ਉਘਾੜਿਆ। ਉਸ ਨੇ ਪੁਜਾਰੀਆਂ ਅਤੇ ਸਰਬਰਾਹ ਨੂੰ ਇਸ ਦਾ ਜ਼ਿੰਮੇਦਾਰ ਠਹਿਰਾਇਆ। ਸਰਬਰਾਹ ਅਤੇ ਪੁਜਾਰੀਆਂ ਨੇ ਇਸ ਤੋਂ ਖਿਝ ਕੇ ਪਰਚਾਰ ਕਰਨਾ ਸ਼ੁਰੂ ਕਰ ਦਿਤਾ ਕਿ ਪ੍ਰੋ. ਗੁਰਮੁਖ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਹੁਣ ਖੇਮ ਸਿੰਘ ਬੇਦੀ ਤੇ ਪੁਜਾਰੀ ਥਾਂ-ਥਾਂ ਜਾ ਕੇ ਪ੍ਰੋ. ਗੁਰਮੁਖ ਸਿੰਘ ਦੇ ਖ਼ਿਲਾਫ਼ ਪਰਚਾਰ ਕਰਨ ਲਗ ਪਏ। ਇਨ੍ਹਾਂ ਨੇ ਅੰਮ੍ਰਿਤਸਰ ਖਾਲਸਾ ਦੀਵਾਨ, ਰਾਵਲਪਿੰਡੀ ਸਿੰਘ ਸਭਾ ਅਤੇ ਫ਼ਰੀਦਕੋਟ ਦੇ ਰਾਜੇ ਬਿਕਰਮਾ ਸਿੰਘ ਦੇ ਹਿਮਾਇਤੀਆਂ ਨੂੰ ਵੀ ਨਾਲ ਰਲਾ ਲਿਆ।

ਇਨ੍ਹਾਂ ਨੇ ਪ੍ਰੋ. ਗੁਰਮੁਖ ਸਿੰਘ ਤੇ ਹੇਠ ਲਿਖੇ “ਦੋਸ਼” ਲਾਏ: (1) ਉਸ ਨੇ ਖਾਲਸੇ ਦੇ ਇਤਫ਼ਾਕ ਅਤੇ ਉੱਨਤੀ ਵਿਚ ਵਿਰੋਧ ਦਾ ਬੀਜ ਬੀਜਿਆ ਹੈ (2) ਉਸ ਨੇ ਅੰਮ੍ਰਿਤਸਰ ਦੇ ਖਾਲਸਾ ਦੀਵਾਨ ਨੂੰਮਸਨੂਹੀਕਿਹਾ ਹੈ ਅਤੇ ਇਸ ਦੇ ਮੁਕਾਬਲੇ ਵਿਚ ਲਾਹੌਰ ਵਿਚ ਖਾਲਸਾ ਦੀਵਾਨ ਬਣਾਇਆ ਹੈ (3) ਇਸ ਨੇ ਬਾਬਾ ਖੇਮ ਸਿੰਘ ਨੂੰ ਖਾਲਸਾ ਦੀਵਾਨ ਵਿਚ ਗਦੇਲਾ ਨਾ ਵਿਛਾਉਣ ਦੇਣ ਵਾਸਤੇ ਕਾਰਵਾਈਆਂ ਕੀਤੀਆਂ ਹਨ (4) ਭਾਈ ਬਾਲਾ ਅਤੇ ਸੁਮੇਰ ਪਰਬਤ ਦੀ ਹੋਂਦ ਤੇ ਸ਼ੱਕ ਪਰਗਟ ਕੀਤਾ ਹੈ (5) ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜੜ੍ਹ ਪਦਾਰਥ ਮੰਨਦਾ ਹੈ ਅਤੇ ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੋਈ ਨਾ ਬੈਠਾ ਹੋਵੇ ਉਦੋਂ ਤਕ ਉਹ ਮੱਥਾ ਨਹੀਂ ਟੇਕਦਾ।

ਇਹ ਦੋਸ਼ ਲਾ ਕੇ ਇਸ ਧੜੇ ਦੀ ਇਕ-ਧਿਰੀ ਬੈਠਕ ਨੇ ਪਾਸ ਕੀਤਾ ਕਿ ਭਾਈ “ਗੁਰਮੁਖ ਸਿੰਘ ਜੀ ਸਬੰਧੀ ਇਹ ਰਾਇ ਜ਼ਾਹਿਰ ਕੀਤੀ ਗਈ ਹੀ ਕਿ ਐਸੀਆਂ (ਉਪਰ ਜ਼ਿਕਰ ਕੀਤੀਆਂ ਪੰਜ) ਅਨੁਚਿਤ ਕਾਰਵਾਈਆਂ ਕਰਨ ਵਾਲਾ ਪੁਰਸ਼ ਜਦ ਤੋੜੀ ਆਪਣੀ ਭੁੱਲ ਨਾ ਬਖਸ਼ਾਏ ਤਦ ਤੋੜੀ ਤਅੱਲੁਕਾਤ ਸਿੰਘ ਸਭਾ ਅਤੇ ਖਾਲਸਾ ਦੀਵਾਨ ਸੇ ਅਲਹਿਦਾ ਰਖਣੇ ਯੋਗ ਹੈ।” ਇਸ ਮਤੇ ਹੇਠਾਂ ਰਾਜਾ ਬਿਕਰਮਾ ਸਿੰਘ, ਖੇਮ ਸਿੰਘ ਬੇਦੀ, ਸੁਮੇਰ ਸਿੰਘ, ਸੰਤ ਸਿੰਘ ਗਿਆਨੀ ਕਪੂਰਥਲਾ, ਉਦੈ ਸਿੰਘ ਵਗ਼ੈਰਾ ਦੇ ਦਸਤਖ਼ਤ ਸਨ। ਮਗਰੋਂ ਅੰਮ੍ਰਿਤਸਰ ਜਨਰਲ ਸਭਾ ਤੋਂ ਇਸ ਦੀ ਤਾਈਦ ਕਰਵਾਈ ਗਈ। ਇਸ ਹੇਠਾਂ ਕਾਹਨ ਸਿੰਘ ਮਜੀਠਿਆ, ਸਰਬਰਾਹ ਪ੍ਰਦੁਮਣ ਸਿੰਘ, ਸਰਦੂਲ ਸਿੰਘ ਗਿਆਨੀ, ਡਾਕਟਰ ਚਰਨ ਸਿੰਘ ਨਿਰਮਲਾ (ਪਿਤਾ ਭਾਈ ਵੀਰ ਸਿੰਘ) ਅਤੇ ਦਰਬਾਰ ਸਾਹਿਬ ਦੇ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਦਸਤਖ਼ਤ ਵੀ ਕਰਵਾਏ ਗਏ।

ਬਿਕਰਮਾ ਸਿੰਘ, ਖੇਮ ਸਿੰਘ ਬੇਦੀ ਨੇ ਅਕਾਲ ਬੁੰਗਾ ਦੇ ਪੁਜਾਰੀਆਂ ਅਤੇ ਹੋਰ ਨਿੱਕੇ ਮੋਟੇ ਮੁਲਾਜ਼ਮਾਂ ਤੋਂ ਵੀ ਮਾਰਚ 1887 ਵਿਚ ਗੁਰਮੁਖ ਸਿੰਘ ਨੂੰ “ਪੰਥ ‘ਚੋਂ ਖਾਰਜ” ਕਰਨ ਵਾਲਾ ਅਖੌਤੀ-ਹੁਕਮ(ਨਾਮਾ) ਵੀ ਜਾਰੀ ਕਰਵਾਇਆ।

ਜਿੱਥੇ-ਜਿੱਥੇ ਫ਼ਰੀਦਕੋਟੀ ਰਾਜੇ, ਖੇਮ ਸਿੰਘ ਬੇਦੀ, ਸਰਬਰਾਹ ਪ੍ਰਦੁਮਣ ਸਿੰਘ, ਨਿਰਮਲਾ ਸੁਮੇਰ ਸਿੰਘ (ਪਟਨਾ), ਸੰਤ ਸਿੰਘ ਗਿਆਨੀ ਕਪੂਰਥਲਾ ਵਗੈਰਾ ਦੇ ਸਬੰਧ ਸਨ, ਉੱਥੋਂ ਪ੍ਰੋ ਗੁਰਮੁਖ ਸਿੰਘ ਦੇ ਖ਼ਿਲਾਫ਼ ਚਿੱਠੀਆਂ ਲਿਖਵਾਉਣ ਮਗਰੋਂ ਅੰਮ੍ਰਿਤਸਰੀ ਧੜਾ ਥੱਕ ਗਿਆ। ਹੁਣ ਲਾਹੌਰ ਸਿੰਘ ਸਭਾ ਨੇ ਵੀ ਪ੍ਰੋ: ਗੁਰਮੁਖ ਸਿੰਘ ਦੇ ਹੱਕ ਵਿਚ ਮੁਹਿੰਮ ਸ਼ੁਰੂ ਕਰ ਦਿਤੀ। ਅਪਰੈਲ 1887 ਵਿਚ ਵਿਸਾਖੀ ਦੇ ਮੌਕੇ ’ਤੇ ਅੰਮ੍ਰਿਤਸਰ ਵਿਚ ਲਾਹੌਰ ਖਾਲਸਾ ਦੀਵਾਨ, ਪਟਿਆਲਾ, ਰਾਜਪੁਰਾ, ਜਲੰਧਰ, ਲਧਿਆਣਾ, ਤਰਨਤਾਰਨ, ਅੰਬਾਲਾ, ਭਿੰਡਰ ਵਗੈਰਾ, ਕੁਲ 19 ਸਿੰਘ ਸਭਾਵਾਂ ਦਾ ਇਕੱਠ ਹੋਇਆ। ਉਸ ਵਿਚ ਪ੍ਰੋ: ਗੁਰਮੁਖ ਸਿੰਘ ਦੀ ਹਿਮਾਇਤ ਵਿਚ ਮਤਾ ਪਾਸ ਕੀਤਾ ਗਿਆ।

ਇਸ ਦੇ ਜਵਾਬ ਵਿਚ ਖੇਮ ਸਿੰਘ ਬੇਦੀ ਧੜੇ ਨੇ ਵੀ ਆਪਣੀ ਮੀਟਿੰਗ ਕੀਤੀ ਜਿਸ ਵਿਚ ਰਾਵਲਪਿੰਡੀ, ਅੰਮ੍ਰਿਤਸਰ, ਫ਼ਰੀਦਕੋਟ ਅਤੇ ਪਹਿਲਾਂ ਦਸਤਖ਼ਤ ਕਰ ਚੁਕੀਆਂ ਸਿੰਘ ਸਭਾਵਾਂ ਦੇ ਨੁੰਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ’ਤੇ ਇਕ ਸਿੱਖ ਨੇ 40 ਨੁਕਤਿਆਂ ਵਾਲਾ, ਇਕ ਅੱਠ ਸਫ਼ੇ ਦਾ, ਖੁਲ੍ਹਾ ਖ਼ਤ ਵੰਡਿਆ। ਇਸ ਵਿਚ ਅੰਮ੍ਰਿਤਸਰੀ ਧੜੇ ਉੱਤੇ ਸਿੱਖੀ ਦੇ ਉਲਟ ਚਲਣ ਦੇ ਦੋਸ਼ ਲਾਏ ਹੋਏ ਸਨ। ਉਸ ਨੂੰ ਇਸ ਮੀਟਿੰਗ ਵਿੱਚੋਂ ਕੁੱਟ-ਮਾਰ ਕੇ ਕੱਢ ਦਿੱਤਾ ਗਿਆ। ਉਸ ਸਿੱਖ ਦੇ ਲਾਏ ਇਲਜ਼ਾਮਾਂ ਵਿਚੋਂ ਮੁਖ ਇਹ ਸਨ: 1. ਗੁਰੂ ਦੀ ਹਜ਼ੂਰੀ ਵਿਚ ਗਦੇਲੇ ਲਾ ਕੇ ਬੈਠਣਾ 2. ਖੇਮ ਸਿੰਘ ਵੱਲੋਂ ਖ਼ੁਦ ਆਪ ਨੂੰ ਚੌਦ੍ਹਵੀਂ ਪਾਤਿਸ਼ਾਹੀ ਅਖਵਾਉਣਾ 3. ਜਨੇਊ ਪਾਉਣਾ 4. ਦਾੜ੍ਹੀ ਨੂੰ ਵਸਮਾ ਲਾ ਕੇ ਕਾਲਾ ਕਰਨਾ 5. ਹਿੰਦੂ ਮੂਰਤੀਆਂ ਦੀ ਪੂਜਾ ਕਰਨਾ।

ਇਸ ਦੀ ਇਕ ਦਿਲਚਪ ਗੱਲ ਇਹ ਹੈ ਕਿ ਲਾਹੌਰ ਖਾਲਸਾ ਦੀਵਾਨ (ਯਾਨਿ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਆਦਿ) ਨੇ ਕਦੇ ਵੀ ਕਿਸੇ ਵਿਰੋਧੀ ਦੇ ਖ਼ਿਲਾਫ਼ ਕੋਈ ਨਫ਼ੀ ਮੁਹਿੰਮ ਨਹੀਂ ਚਲਾਈ ਅਤੇ ਜਮ੍ਹਾਂ-ਪੱਖੀ ਕਾਰਵਾਈਆਂ ਕਰਦੇ ਰਹੇ। ਦੂਜੇ ਪਾਸੇ ਖੇਮ ਸਿੰਘ ਬੇਦੀ ਤੇ ਰਾਜਾ ਬਿਕਰਮਾ ਸਿੰਘ ਸਿਰਫ਼ ਇਕ ਨਫ਼ੀ ਅਜੰਡੇ ਤੇ ਕੰਮ ਕਰਦੇ ਰਹੇ ਉਹ ਸੀ: ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦਾ ਵਿਰੋਧ ਕਰਨਾ, ਜਿਵੇਂ ਅੱਜ ਦਾ ਭਿੰਡਰਾਂ ਟੋਲਾ . ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ ਦਰਸ਼ਨ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ, ਭਾਈ ਪੰਥਪ੍ਰੀਤ ਸਿੰਘ, ਗਿਆਨੀ ਅਮਰੀਕ ਸਿੰਘ ਚੰਡੀਗੜ੍ਹ, ਭਾਈ ਰਣਜੀਤ ਸਿੰਘ ਢਡਰੀਆਂਵਾਲਾ ਆਦਿ ਦੇ ਖ਼ਿਲਾਫ਼ ਦਹਿਸ਼ਤ ਦਾ ਮਾਹੌਲ ਫ਼ੈਲਾ ਰਿਹਾ ਹੈ।

ਖੇਮ ਸਿੰਘ ਬੇਦੀ ਦੇ ਵਾਰਿਸਾਂ ਦਾ 2003 ਤੋਂ ਪੰਥ ਦੇ ਖ਼ਿਲਾਫ਼ ਨਵਾਂ ਮੋਰਚਾ

ਸੰਨ 1879 ਤੋਂ 1887 ਵਾਲੀ ਖੇਮ ਸਿੰਘ ਬੇਦੀ ਦੀ ਸਨਾਤਨੀ ਤੇ ਨਿਰਮਲੀ ਟੋਲੇ ਦੀ ਬ੍ਰਾਹਮਣੀ ਕਾਰਵਾਈ ਨੂੰ ਦੋਬਾਰਾ ਸੰਨ 2003 ਤੋਂ 2020 ਤਕ ਦੁਹਰਾਇਆ ਜਾ ਰਿਹਾ ਹੈ। ਉਦੋਂ ਅਕਾਲ ਤਖ਼ਤ ਦਾ ਅਜੇ ਕੋਈ ਵਜੂਦ ਨਹੀਂ ਸੀ ਅਤੇ ਦਰਬਾਰ ਸਾਹਿਬ ਨਿਰਮਲਿਆਂ ਦੇ ਕਬਜ਼ੇ ਵਿਚ ਸੀ। 1999 ਤੋਂ, ਸ਼੍ਰੋਮਣੀ ਕਮੇਟੀ ਤੇ ਬਾਦਲ ਦੇ ਕਬਜ਼ੇ ਮਗਰੋਂ, ਦਰਬਾਰ ਸਾਹਿਬ ਫਿਰ ਅੱਸਿੱਧੇ ਤੌਰ ਤੇ ਨਿਰਮਲਾ ਟੋਲੇ ਦੇ ਕਬਜ਼ੇ ਵਿਚ ਹੈ। ਇੱਥੇ ਉਹੀ ਕੁਝ ਹੁੰਦਾ ਹੈ ਜੋ ਨਿਰਮਲਿਆਂ ਦੇ ਚੌਕ ਮਹਿਤਾ ਡੇਰੇ ਤੋਂ ਹੁਕਮ ਹੁੰਦਾ ਹੈ; ਉਸੇ ਦੀ ਮਰਿਆਦਾ ਚਲਦੀ ਹੈ; ਉਸੇ ਦੀ ਮਨਜ਼ੂਰੀ ਨਾਲ ਪ੍ਰਚਾਰਕ, ਗ੍ਰੰਥੀ ਤੇ ਰਾਗੀ ਲਾਏ ਜਾਦੇ ਹਨ। ਅੱਜ ਦਰਬਾਰ ਸਾਹਿਬ ਵਿਚ ਕੋਈ ਮਿਸ਼ਨਰੀ ਇਕ ਸਾਧਾਰਨ ਗ੍ਰੰਥੀ ਵੀ ਨਹੀਂ ਲਗ ਸਕਦਾ।

ਉਦੋਂ ਵੀ ਨਿਰਮਲਾ, ਉਦਾਸੀ, ਕੂਕਾ ਤੇ ਬਨਾਰਸੀਬ੍ਰਾਹਮਣੀ ਟੋਲਾ ਇਕ ਪਾਸੇ ਸੀ; ਅਤੇ, ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਲਾ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਆਦਿ ਦੂਜੇ ਪਾਸੇ ਸਨ। ਯਾਨਿ ਉਹ ਲੜਾਈ ਪਾਂਡਿਆਂ ਦੇ ਟੋਲੇ ਅਤੇ ਗੁਰਮਤਿ ਪ੍ਰਚਾਰਕਾਂ ਵਿਚਕਾਰ ਸੀ। ਇਸ ਨਿਰਮਲਾ ਟੋਲਾ ਦਾ ਸਭ ਤੋਂ ਪਹਿਲਾਂ ਕੁਹਾੜਾ 10 ਜੁਲਾਈ 2003 ਦੇ ਦਿਨ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ’ਤੇ ਚੱਲਿਆ। ਇਸ ਦੇ ਖ਼ਿਲਾਫ਼ ਮਹਿੰਦਰ ਸਿੰਘ ਜੋਸ਼, ਜਗਮੋਹਨ ਸਿੰਘ ਗਿਆਨੀ, ਜੋਗਿੰਦਰ ਸਿੰਘ ਸਪੋਕਸਮੈਨ, ਰਜਿੰਦਰ ਸਿੰਘ ਖਾਲਸਾ ਪੰਚਾਇਤ, ਗੁਰਤੇਜ ਸਿੰਘ, ਉਪਕਾਰ ਸਿੰਘ ਫ਼ਰੀਦਾਬਾਦ ਅਤੇ ਹਜ਼ਾਰਾਂ ਸਿੱਖ ਮਿਸ਼ਨਰੀ ਉਠ ਖੜ੍ਹੇ ਹੋਏ। ਉਨ੍ਹਾਂ ਨੇ ਇਕ ਆਵਾਜ਼ ਨਾਲ ਇਸ ਹਰਕਤ ਦੀ ਨਿੰਦਾ ਕੀਤੀ। ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਅਕਤੂਬਰ 2003 ਵਿਚ ਮੋਹਾਲੀ ਵਿਚ ਕਨਵੈਨਸ਼ਨ ਕਰ ਕੇ ਕਾਲਾ ਅਫ਼ਗ਼ਾਨਾ ਦੇ ਖ਼ਿਲਾਫ਼ ਕੀਤੀ ਹਰਕਤ ਨੂੰ ਰੱਦ ਕੀਤਾ। ਇਸ ਦੇ ਬਦਲੇ ਵਿਚ ਅਕਾਲ ਬੁੰਗਾ ਦੇ ਪੁਜਾਰੀਆਂ ਅਤੇ ਨਿਰਮਲਾ ਟੋਲੇ ਨੇ ਖ਼ੁਦ ਨੂੰ “ਪੰਥ” ਅਤੇ ਗੁਰੂ ਵਾਂਗ ਐਲਾਨ ਕਰ ਕੇ, ਆਪਣੇ ਜ਼ੁਲਮ ਦਾ ਸ਼ਿਕਾਰ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਬਣਾਇਆ ਅਤੇ ਕਾਲਾ ਅਫ਼ਗ਼ਾਨਾ ਵਾਲਾ ਕੁਹਾੜਾ 10 ਮਾਰਚ 2004 ਦੇ ਦਿਨ ਉਸ ’ਤੇ ਵੀ ਚਲਾ ਦਿੱਤਾ। ਇਨ੍ਹਾਂ ਦੇ ਇਸ ਧੱਕੇ ਦੇ ਬਾਵਜੂਦ ਸਪੋਕਸਮੈਨ ਨੇ ਪਰਵਾਹ ਨਾ ਕੀਤੀ। 2007 ਵਿਚ ਬਾਦਲ ਦਲ ਦੀ ਸਰਕਾਰ ਬਣ ਗਈ। ਬਾਦਲ ਅਤੇ ਚੌਕ ਮਹਿਤਾ ਦੇ ਨਿਰਮਲਾ ਡੇਰਾ (ਜੋ 1977 ਤੋਂ ਆਪਣੇ ਆਪ ਨੂੰ ਅਖੌਤੀ ਦਮਦਮੀ ਟਕਸਾਲ ਕਹਿਣ ਲਗ ਪਿਆ ਸੀ) ਦਾ ਮੁਖੀ ਹਰਨਾਮ ਸਿੰਘ ਧੁੰਮਾ ਇਕ ‘ਜੋੜੀ’ ਵਾਂਗ ਵਿਚਰ ਰਹੇ ਸਨ (ਤੇ ਅੱਜ ਵੀ ਇਕ ‘ਪਰਿਵਾਰ’ ਹਨ)। ਬਾਦਲ ਸਰਕਾਰ ਨੇ ਆਪਣੇ ਅਹਿਦ ਵਿਚ ਸਪੋਕਸਮੈਨ ਅਖ਼ਬਾਰ ਨੂੰ ਇਕ ਪੈਸੇ ਦਾ ਵੀ ਸਰਕਾਰ ਇਸ਼ਤਿਹਾਰ ਨਾ ਦਿੱਤਾ। ਇਸ ਦੇ ਬਾਵਜੂਦ ਸਪੋਕਸਮੈਨ ਪਿਛਲੇ 15 ਸਾਲਾਂ ਤੋਂ ਕਾਇਮ ਹੈ। ਸਪੋਕਸਮੈਨ ਨੇ ਉਹੀ ਰੋਲ ਅਦਾ ਕੀਤਾ ਹੈ ਜੋ ਪ੍ਰੋ. ਗੁਰਮੁਖ ਸਿੰਘ ਦੀ ਅਖ਼ਬਾਰ ਨੇ 1880ਵਿਆਂ ਵਿਚ ਕੀਤਾ ਸੀ।

ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ’ਤੇ ਹਮਲਾ

2006 ਵਿਚ ਦਿਆਲਪੁਰਾ ਭਾਈਕਾ ਵਿਚ ਹਰਨਾਮ ਸਿੰਘ ਧੁੰਮਾ ਅਤੇ ਉਸ ਦੇ ਟੋਲੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿਚ ਬਚਿਤਰ ਨਾਟਕ (ਅਖੌਤੀ ਦਸਮ ਗ੍ਰੰਥ) ਦਾ ਪੋਥਾ ਰਖ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕੀਤਾ ਗਿਆ। ਇਹ ਸਿੱਧਾ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਸੀ। ਇਹ 1880 ਦੇ ਦਿਨਾਂ ਵਾਲੇ ਦਯਾ ਨੰਦ ਅਤੇ ਖੇਮ ਸਿੰਘ ਬੇਦੀ ਵਾਲੇ ਹਮਲੇ ਦੀ ਲੜੀ ਦਾ ਇਕ ਬਹੁਤ ਅਹਿਮ ਹਿੱਸਾ ਸੀ। ਗੁਰੂ ਗ੍ਰੰਥ ਸਾਹਿਬ ਦੀ ਇਸ ਤੌਹੀਨ ਦੇ ਖ਼ਿਲਾਫ਼ ਸਿੱਖਾਂ ਨੇ ਕੋਈ ਮੁਜ਼ਾਹਰਾ ਨਹੀਂ ਕੀਤਾ। ਕੋਈ ਜਥਾ ਇਸ ਬੇਅਦਬੀ ਨੂੰ ਰੋਕਣ ਵਾਸਤੇ ਦਿਆਲਪੁਰਾ ਭਾਈਕਾ ਨਹੀਂ ਗਿਆ। ਸਿਰਫ਼ ਮੀਡੀਆ ਵਿਚ ਇਸ ਦਾ ਵਿਰੋਧ ਕੀਤਾ ਗਿਆ ਅਤੇ ਕੁਝ ਥਾਂਵਾਂ ਤੇ ਇਕੱਠ ਕਰ ਕੇ ਇਸ ਹਰਕਤ ਦੀ ਭਰਪੂਰ ਨਿੰਦਾ ਕੀਤੀ ਗਈ। ਇੱਤਿਫ਼ਾਕਨ ਉਦੋਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਸ਼ੁਰੂ ਹੋ ਚੁਕੀ ਸੀ। ਹਰਜਿੰਦਰ ਸਿੰਘ ਦਿਲਗੀਰ (ਇਹ ਲੇਖਕ) ਸਪੋਕਸਮੈਨ ਦੇ ਐਡੀਟਰ ਜੋਗਿੰਦਰ ਸਿੰਘ ਕੋਲ ਗਿਆ ਅਤੇ ਖੇਮ ਸਿੰਘ ਬੇਦੀ ਵਰਗੀ ਨਵੀਂ ਕਰਤੂਤ ਦੇ ਖ਼ਿਲਾਫ਼ ਮਦਦ ਮੰਗੀ। ਜੋਗਿੰਦਰ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖ਼ਿਲਾਫ਼ ਜੋ ਮਦਦ ਮੰਗੋਗੇ ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਜੋਗਿੰਦਰ ਸਿੰਘ ਨੇ ਆਪਣੇ ਵਚਨ ’ਤੇ ਪੂਰਾ ਅਮਲ ਵੀ ਕੀਤਾ ਅਤੇ ਸਪੋਕਸਮੈਨ ਵਿਚ 9 ਨਵੰਬਰ 2006 ਦੇ ਦਿਨ ਛਪੇ ਇਕ ਪੂਰੇ ਸਫ਼ੇ ਦੇ ਮਜ਼ਮੂਨ ਨੂੰ ਪੜ੍ਹਨ ਮਗਰੋਂ, 13 ਨਵੰਬਰ 2006 ਦੇ ਦਿਆਲਪੁਰਾ ਭਾਈਕਾ ਦੇ ਸਮਾਗਮ ਵਿਚ ਸੰਗਤ ਅਤੇ ਸਿੱਖ ਆਗੂ ਨਾ ਗਏ; ਵਰਨਾ ਉਨ੍ਹਾਂ ਦੀ ਇਹ ਪਲਾਨ ਸੀ ਕਿ ਉਥੋਂ ਮਤਾ ਪਾਸ ਕਰ ਕੇ ਬਚਿਤਰ ਨਾਟਕ (ਅਖੌਤੀ ਦਸਮਗ੍ਰੰਥ) ਨੂੰ ਹਰ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਸੌਂਕਣ ਬਣਾ ਕੇ ਬਿਠਾ ਦਿੱਤਾ ਜਾਏ।

ਇਸ ਦੇ ਨਾਲ ਹੀ ਸਾਰੇ ਮਿਸ਼ਨਰੀ ਕਾਲਜ, ਚੰਡੀਗੜ੍ਹ ਦੀ ਬਾਦਲ ਅਕਾਲੀ ਦਲ ਦੀ ਸਾਬਕਾ ਮੇਅਰ ਹਰਜਿੰਦਰ ਕੌਰ (ਮਗਰੋਂ ਉਹ ਪਿੱਛੇ ਹਟ ਗਈ), ਦਿੱਲੀ ਅਕਾਲੀ ਦਲ ਦੇ ਆਗੂ ਅਤੇ ਬਹੁਤ ਸਾਰੇ ਵਿਦਵਾਨ ਇਕ ਪਲੇਟਫ਼ਾਰਮ ’ਤੇ ਇਕੱਠੇ ਹੋ ਗਏ। ਇਸ ਨੇ ਹਰਨਾਮ ਸਿੰਘ ਧੁੰਮਾ (ਨਵੇਂ ਖੇਮ ਸਿੰਘ ਬੇਦੀ) ਦੀ ਸਾਜ਼ਸ਼ ਫ਼ੇਲ੍ਹ ਕਰ ਦਿੱਤੀ। ਸਪੋਕਸਮੈਨ ਵੱਲੋਂ ਅਦਾ ਕੀਤਾ ਗਿਆ ਰੋਲ 2006 ਦੇ ਨਿਰਮਲਾ ਟੋਲੇ ਨੂੰ ਬਹੁਤ ਚੁਭਿਆ ਅਕਾਲ ਬੁੰਗਾ ਦੇ ਪੁਜਾਰੀ ਜੋਗਿੰਦਰ ਸਿੰਘ ਨੂੰ ਉਹ ਪਹਿਲਾਂ ਹੀ ਅਖੌਤੀ ਤੌਰ ’ਤੇ ਪੰਥ ਵਿਚੋਂ ਖ਼ਾਰਿਜ ਕਰਨ ਦਾ ਡਰਾਮਾ ਕਰ ਚੁਕੇ ਸਨ; ਇਸ ਕਰ ਕੇ ਉਹ ਹੋਰ ਕੋਈ ਐਕਸ਼ਨ ਨਾ ਲੈ ਸਕੇ।

ਲੇਖਕ ਗੁਰਬਖ਼ਸ਼ ਸਿੰਘ ਅਤੇ ਅਖ਼ਬਾਰ ਨਵੀਸ ਜੋਗਿੰਦਰ ਸਿੰਘ ਤੋਂ ਮਗਰੋਂ ਇਸ ਨਿਰਮਲਾ ਪੁਜਾਰੀ ਟੋਲੇ ਦਾ ਵਾਰ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ’ਤੇ ਹੋਇਆ। ਅਕਾਲ ਬੁੰਗਾ ਦੇ ਨਿਰਮਲਾ ਪੁਜਾਰੀਆਂ ਨੇ ਹੁਣ 29 ਜਨਵਰੀ 2010 ਦੇ ਦਿਨ ਦਰਸ਼ਨ ਸਿੰਘ ’ਤੇ ਆਪਣਾ ਕੁਹਾੜਾ ਚਲਾਇਆ। ਇਸ ਤੋਂ ਦੋ ਸਾਲ ਮਗਰੋਂ ਹਰਜਿੰਦਰ ਸਿੰਘ ਦਿਲਗੀਰ (ਇਸ ਲੇਖਕ) ਨੇ 22 ਅਕਤੂਬਰ 2012 ਦੇ ਦਿਨ ਇਕ ਖੋਜ ਲੇਖ ਛਾਪ ਕੇ ਸਾਬਿਤ ਕੀਤਾ ਕਿ ਚੌਕ ਮਹਿਤਾ ਡੇਰਾ (ਅਖੌਤੀ ਦਮਦਮੀ ਟਕਸਾਲ) ਨਿਰਮਲਿਆਂ ਦਾ ਡੇਰਾ ਹੈ; ਇਨ੍ਹਾਂ ਦਾ ਭਾਈ ਮਨੀ ਸਿੰਘ ਜਾਂ ਬਾਬਾ ਦੀਪ ਸਿੰਘ ਨਾਲ ਕੋਈ ਸਬੰਧ ਨਹੀਂ। ਇਨ੍ਹਾਂ ਦੇ ਮੁਖੀ ਗਿਆਨੀ ਕਰਤਾਰ ਸਿੰਘ ਨੇ 1977 ਵਿਚ ਇਸ ਡੇਰੇ ਨੂੰ ਦਮਦਮੀ ਟਕਸਾਲ ਐਲਾਨ ਕਰ ਦਿੱਤਾ ਸੀ। ਦਿਲਗੀਰ ਨੇ ਸਾਬਿਤ ਕਰ ਦਿੱਤਾ ਕਿ ਇਸ ਅਖੋਤੀ ਟਕਸਾਲ ਦੀਆਂ ਆਪਣੀਆਂ ਲਿਖਤਾਂ ਮੁਤਾਬਿਕ ਇਨ੍ਹਾਂ ਦੇ ਮੁਖੀ ਗਿਆਨੀ ਸੰਤ ਸਿੰਘ, ਗਿਆਨੀ ਗੁਰਮੁਖ ਸਿੰਘ ਤੇ ਦਰਬਾਰ ਸਿੰਘ (ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਲੇਖਕ) ਆਦਿ ਸਨ, ਅਤੇ ਇਹ ਸਾਰੇ ਨਿਰਮਲੇ ਸਨ। ਦਿਲਗੀਰ ਦੇ ਇਸ ਲੇਖ ਨਾਲ ਲੋਕਾਂ ਵਿਚ ਇਸ ਦੇ ਟਕਸਾਲ ਹੋਣ ਦਾ ਭਰਮ ਵੀ ਖ਼ਤਮ ਹੋ ਗਿਆ। ਦਿਲਗੀਰ ਦੀ ਮੁਕੰਮਲ ਸਿੱਖ ਤਵਾਰੀਖ਼ ਸਪੋਕਸਮੈਨ ਵਿਚ ਕਿਸ਼ਤਵਾਰ ਛਪ ਚੁਕੀ ਸੀ। ਦਿਲਗੀਰ ਨੇ ਸਿੱਖ ਇਤਿਹਾਸ ਵਿਚ ਕਵੀ ਸੰਤੋਖ ਸਿੰਘ ਵੱਲੋਂ ਪਾਈਆਂ ਗੱਪਾਂ ਨੂੰ ਬੇਨਕਾਬ ਕਰ ਕੇ ਸਹੀ ਇਤਿਹਾਸ ਲਿਖਿਆ ਸੀ। (ਅੱਜ ਚੌਕ ਮਹਿਤਾ ਦੇ ਨਿਰਮਲਾ ਡੇਰਾ ਦੇ ਖੇਮ ਸਿੰਘ ਬੇਦੀ ਟੋਲੇ ਨੂੰ ਛੱਡ ਕੇ ਬਾਕੀ ਦੇ ਤਕਰੀਬਨ ਸਾਰੇ ਕਥਾਕਾਰ ਦਿਲਗੀਰ ਦੇ ਇਤਿਹਾਸ ਵਿਚੋਂ ਕਥਾ ਕਰਦੇ ਹਨ)। ਹੁਣ ਇਨ੍ਹਾਂ ਨੂੰ ਸਪੋਕਸਮੈਨ ਅਤੇ ਦਿਲਗੀਰ ਦੋਵੇਂ ਚੁਭਣ ਲਗ ਪਏ ਸਨ। ਹਰਨਾਮ ਸਿੰਘ ਧੁੰਮਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਕਹਿ ਕੇ ਪੁਜਾਰੀ ਗੁਰਬਚਨ ਸਿੰਘ ਹੱਥੋਂ ਡਾ ਹਰਜਿੰਦਰ ਸਿੰਘ ਦਿਲਗੀਰ ਦੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਦੇ ਪੰਜ ਮੁਲਾਜ਼ਮਾਂ ਅਤੇ ਚੌਕ ਮਹਿਤਾ ਦੇ ਦੋ ਵਫ਼ਾਦਾਰ ਸਾਥੀਆਂ ਦੀ ਇਕ ਕਮੇਟੀ ਬਣਾ ਕੇ ਦਿਲਗੀਰ ’ਤੇ ਫ਼ਤਵਾ ਲਾ ਕੇ 27 ਜੁਲਾਈ 2017 ਦੇ ਦਿਨ ਉਸ ਦਾ ਸਮਾਜਿਕ ਬਾਈਕਾਟ ਕਰਨ ਅਤੇ ਉਸ ਦੀਆਂ ਕਿਤਾਬਾਂ ਨਾ ਪੜ੍ਹਨ ਦਾ ਫ਼ਤਵਾ ਜਾਰੀ ਕਰਵਾ ਦਿੱਤਾ। ਦਿਲਗੀਰ ਨੇ ਤਾਂ ਇਸ ਹਰਕਤ ਦੇ ਖ਼ਿਲਾਫ਼ ਹਾਈ ਕੋਰਟ ਵਿਚ ਮੁਕੱਦਮਾ ਦਾਇਰ ਕਰ ਦਿੱਤਾ। ਸ਼੍ਰੋਮਣੀ ਕਮੇਟੀ ਨੇ ਉਸ ਦਾ ਜਵਾਬ ਦੇਣ ਵਿਚ ਟਾਲਾ ਵੱਟ ਕੇ ਦੋ ਸਾਲ ਲੰਘਾ ਦਿੱਤੇ ਤੇ ਅਖ਼ੀਰ ਜੱਜ ਦਾ ਦਬਕਾ ਵੱਜਣ ’ਤੇ ਜਵਾਬ ਦਾਇਰ ਕੀਤਾ (ਇਹ ਕੇਸ ਅਜੇ ਤਕ ਅਦਾਲਤ ਵਿਚ ਚਲ ਰਿਹਾ ਹੈ)।

ਨਿਡਰ ਲੇਖਕ ਗੁਰਬਖ਼ਸ ਸਿੰਘ, ਸਭ ਤੋਂ ਵਧ ਪੜ੍ਹੇ ਜਾਣ ਵਾਲੀ ਅਖ਼ਬਾਰ ਦਾ ਐਡੀਟਰ ਜੋਗਿੰਦਰ ਸਿੰਘ, ਸਭ ਤੋਂ ਵਧ ਪ੍ਰਵਾਨਿਤ ਕੀਰਤਨੀਆ-ਵਿਆਖਿਆਕਾਰ ਦਰਸ਼ਨ ਸਿੰਘ, ਨਿਰੋਲ ਪੰਥਕ ਸੋਚ ਵਾਲਾ ਮੁਕੰਮਲ ਸਿੱਖ ਇਤਿਹਾਸ ਲਿਖਣ ਵਾਲੇ ਡਾ ਹਰਜਿੰਦਰ ਸਿੰਘ ਦਿਲਗੀਰ ਤੋਂ ਬਾਅਦ ਹੁਣ ਵਾਰੀ ਕਥਾਕਾਰਾਂ ਅਤੇ ਪ੍ਰਚਾਰਕਾਂ ਦੀ ਵਾਰੀ ਆ ਗਈ ਸੀ। 2018-19 ਵਿਚ ਨਿਰਮਲਾ ਬ੍ਰਾਹਮਣੀ ਭਿੰਡਰਾਂ ਜਥਾ, ਸਾਧ ਡੇਰੇਦਾਰਾਂ ਦੇ ਚੇਲਿਆਂ ਨੇ ਪੰਥਪ੍ਰੀਤ ਸਿੰਘ, ਅਮਰੀਕ ਸਿੰਘ ਚੰਡੀਗੜ੍ਹ ਅਤੇ ਰਣਜੀਤ ਸਿੰਘ ਢਡਰੀਆਂਵਾਲਾ ਦੇ ਖ਼ਿਲਾਫ਼ ਮੋਰਚਾ ਲਾ ਲਿਆ ਕਿਉਂ ਕਿ ਇਹ ਤਿੰਨੇ ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਨਿਰਮਲਾ-ਬ੍ਰਾਹਮਣੀ ਟੋਲੇ ਦੀਆਂ ਚਾਲਾਂ ਦੇ ਉਲਟ ਨਿਰਲ ਗੁਰਮਤਿ ਦੇ ਅਧਾਰ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੂਜਾ, ਪੰਥਪ੍ਰੀਤ ਸਿੰਘ, ਅਮਰੀਕ ਸਿੰਘ ਅਤੇ ਰਣਜੀਤ ਸਿੰਘ ਵਿਚੋਂ ਰਣਜੀਤ ਸਿੰਘ ਢਡਰੀਆਂ ਵਾਲਾ ਦੇ ਇਕੱਠ ਵਿਚ ਹਜ਼ਾਰਾਂ ਲੋਕ ਪੁੱਜਦੇ ਸਨ। ਇਨ੍ਹਾਂ ਪ੍ਰਚਾਰਕਾਂ ਦੇ ਇਕੱਠਾਂ ਦੇ ਮੁਕਾਬਲੇ ਵਿਚ ਇਨ੍ਹਾਂ ਨਿਰਮਲਾ ਟੋਲਿਆਂ ਦੇ ਇਕੱਠ ਵਿਚ ਉਸ ਦੇ ਮੁਕਾਬਲੇ ਵਿਚ ਸੌਵਾਂ ਹਿੱਸਾ ਵੀ ਲੋਕ ਨਹੀਂ ਸੀ ਆਉਂਦੇ। ਇਕ ਕਾਬਲੇ ਜ਼ਿਕਰ ਗੱਲ ਇਹ ਹੈ ਕਿ ਪੰਥਪ੍ਰੀਤ ਸਿੰਘ, ਅਮਰੀਕ ਸਿੰਘ ਚੰਡੀਗੜ੍ਹ ਅਤੇ ਰਣਜੀਤ ਸਿੰਘ ਢਡਰੀਆਂ ਵਾਲਾ ਦੇ ਜਿਨ੍ਹਾਂ ਨੁਕਤਿਆਂ ’ਤੇ ਇਤਰਾਜ਼ ਕਰਦੇ ਹਨ ਉਹ ਸਾਰੇ ਨੁਕਤੇ ਇੰਦਰ ਸਿੰਘ ਘੱਗਾ ਤੇ ਹਰਜਿੰਦਰ ਸਿੰਘ ਦਿਲਗੀਰ ਦੀਆਂ ਕਿਤਾਬਾਂ ਵਿਚ ਆ ਚੁਕੇ ਹਨ ਜਾਂ ਸਪੋਕਸਮੈਨ ਅਖ਼ਬਾਰ ਵਿਚ ਛਪ ਚੁਕੇ ਹਨ ਜਾਂ ਛਪਦੇ ਰਹਿੰਦੇ ਹਨ। ਢਡਰੀਆਂਵਾਲਾ ਵੀ ਕੋਈ ਨਵੀਂ ਗੱਲ ਨਹੀਂ ਕਰਦਾ।

ਖ਼ੈਰ, ਕੁਝ ਮਹੀਨਿਆਂ ਤੋਂ ਇਨ੍ਹਾਂ ਨੇ ਢਡਰੀਆਂਵਾਲਾ ਦੇ ਖ਼ਿਲਾਫ਼ ਜੰਗ ਦਾ ਐਲਾਨ ਕੀਤਾ ਹੋਇਆ ਹੈ। ਇਸ ਨਵੇਂ ਮੋਰਚੇ ਦਾ ਮੁਖੀ ਅਮਰੀਕ ਸਿੰਘ ਅਜਨਾਲਾ ਬਣਿਆ ਹੈ। ਇਹ ਖ਼ਿਆਲ ਰਹੇ ਕਿ ਲੋਕਾਂ ਨੂੰ ਇਹ ਭੇਲੇਖਾ ਹੈ ਕਿ ਅਮਰੀਕ ਅਜਨਾਲਾ ਹਰਨਾਮ ਸਿੰਘ ਧੁੰਮਾ ਦੇ ਖ਼ਿਲਾਫ਼ ਹੈ। ਇਹ ਸਿਰਫ਼ ਦਿਖਾਵਾ ਹੈ; ਅੰਦਰੋਂ ਇਹ ਦੋਵੇਂ ਇੱਕੋ ਹਨ ਕਿਉਂ ਕਿ ਦੋਹਾਂ ਦੀ ਕਮਾਂਡ ਪਿੱਛੋਂ ਇੱਕੋ ਹੱਥ ਵਿਚ ਹੈ।

ਇਹ ਨਿਰਮਲਾ ਟੋਲਾ ਸਿਰਫ਼ ਪੰਥਕ ਵਿਦਵਾਨਾਂ, ਅਖ਼ਬਾਰ ਨਵੀਸਾਂ ਅਤੇ ਪ੍ਰਚਾਰਕਾਂ ਦੇ ਖ਼ਿਲਾਫ਼ ਹਮਲਵਾਰ ਹੁੰਦਾ ਹੈ। ਇਸ ਟੋਲੇ ਨੂੰ ਕੂਕੇ ਨਜ਼ਰ ਨਹੀਂ ਆਉਂਦੇ ਜੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵੀ ਨਹੀਂ ਮੰਨਦੇ, ਕਲੇਰਾਂਵਾਲੇ ਨਜ਼ਰ ਨਹੀਂ ਆਉਂਦੇ ਜੋ ਨੰਦ ਸਿੰਘ ਤੇ ਈਸ਼ਰ ਸਿੰਘ ਨੂ ਗੁਰੂ ਮੰਨਦੇ ਹਨ; ਮਸਤੂਆਣਾ ਵਾਲੇ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਨੇ ਆਪਣਾ ਦਰਬਾਰ ਸਾਹਿਬ ਬਣਾਇਆ ਹੋਇਆ ਹੈ; ਭੁੱਚੋ ਵਾਲਾ ਸਾਧ ਨਜ਼ਰ ਨਹੀਂ ਆਉਂਦੇ ਜੋ ਲੰਗਰ ਵਿਚ ਦਲਿਤਾਂ ਦੇ ਭਾਂਡੇ ਵਖਰੇ ਰਖਦਾ ਹੈ। ਦਰਅਸਲ ਇਹ ਸਾਧ ਡੇਰੇ ਭਿੰਡਰਾਂ ਜਥਾ ਨਿਰਮਲਾ ਸਨਾਤਨੀ ਬ੍ਰਾਹਮਣੀ ਸੋਚ ’ਤੇ ਚਲਦੇ ਹਨ; ਇਸ ਕਰ ਕੇ ਇਹ ਆਪਸ ਵਿਚ ‘ਇਕ’ ਹਨ। ਪਰ, ਇਹ ਸਿਰਫ਼ ਤੇ ਸਿਰਫ਼ ੳੇੁਸ ਦੇ ਖ਼ਿਲਾਫ਼ ਮੋਰਚਾ ਲਾਉਂਦੇ ਹਨ ਜੋ ਸਿਰਫ਼ ਨਿਰੋਲ ਗੁਰਮਤਿ ਦੀ ਗੱਲ ਕਰਦਾ ਹੈ। ਦਰਅਸਲ ਇਨ੍ਹਾਂ ਦਾ ਨਿਸ਼ਾਨਾ ਇਹ ਹੈ ਕਿ ਜੋ ਨਿਰੋਲ ਗੁਰਮਤਿ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਰਸਤੇ ਵਿਚੋਂ ਹਟਾ ਕੇ ਸਿੱਖੀ ਨੂੰ ਹਰਦੁਆਰ, ਕਨਖਲ ਅਤੇ ਬਾਨਾਰਸ ਦੀ ‘ਰਖੈਲ’ ਬਣਾ ਦਿੱਤਾ ਜਾਵੇ। ਇਸ ਮਕਸਦ ਵਾਸਤੇ ਇਹ ਜਾਂ ਤਾਂ ਅਕਾਲ ਬੁੰਗਾ ਗੁਰਦੁਆਰਾ ਦੇ ਪੁਜਾਰੀਆਂ (ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਨਖ਼ਾਹਦਾਰ ਮੁਲਾਜ਼ਮ ਹਨ) ਨੂੰ ਵਰਤਦੇ ਹਨ ਜਾਂ ਡਾਂਗਾਂ ਵਾਲੇ ਵੀਹ-ਤੀਹ ਬੰਦੇ ਲੈ ਕੇ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਰੋਕਣ ਟੁਰ ਪੈਂਦੇ ਹਨ। ਇਨ੍ਹਾਂ ਦੀ ਸਾਰੀ ਕਾਰਵਾਈ ਹਰਕਤ ਖੇਮ ਸਿੰਘ ਬੇਦੀ ਵਾਲੀ ਹੈ ਪਰ ਹੁਣ ਇਸ ਵਿਚ ਗੁੰਡਾਗਰਦੀ ਵਾਲਾ ਤਰੀਕਾ ਸ਼ਾਮਿਲ ਹੋ ਗਿਆ ਹੈ।

ਸੋ, ਇਹ ਮਸਲਾ ਰਣਜੀਤ ਸਿੰਘ ਢਡਰੀਆਂਵਾਲਾ ਅਤੇ ਭਿੰਡਰਾਂ ਜਥਾ ਦਾ ਨਹੀਂ; ਇਹ ਲੜਾਈ ਖੇਮ ਸਿੰਘ ਬੇਦੀਬਿਕਰਮਾ ਸਿੰਘਸਾਧੂ ਦਯਾ ਨੰਦ ਵਲੋਂ ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੇ ਖ਼ਿਲਾਫ਼ ਲਾਏ ਮੋਰਚੇ ਦੀ ਲੜੀ ਦਾ ਇਕ ਹਿੱਸਾ ਹੈ। ਇਹ ਲੜਾਈ ਗੁਰੂ ਸਾਹਿਬਾਨ ਦੀ ਸੋਚ ਅਤੇ ਮੀਣਿਆਂ, ਰਾਮਰਾਈਆਂ, ਮਸੰਦਾਂ, ਹੰਦਾਲੀਆਂ ਤੇ ਨਿਰਮਲਿਆਂ ਦੇ ਵਿਚਕਾਰ ਹੈ। ਇਹ ਟੋਲੇ ਅਸਲ ਵਿਚ ਗੁਰਮਤਿ ਦੇ ਖ਼ਿਲਾਫ਼ ਜੰਗ ਕਰ ਰਹੇ ਹਨ। ਇਹ ਟੋਲੇ ਸ਼੍ਰੋਮਣੀ ਕਮੇਟੀ ਦੇ ਹਾਕਮਾਂ, ਸਿੱਖ ਦੁਸ਼ਮਣ ਜਮਾਤਾਂ ਅਤੇ ਵਿਕਾਊ ਅਖ਼ਬਾਰਾਂ ਦੀ ਮਦਦ ਅਤੇ ਅਸ਼ੀਰਵਾਦ ਨਾਲ ਕੁਝ ਕੁ ਭੋਲੇ ਸਿੱਖਾਂ ਨੂੰ ਵਕਤੀ ਤੌਰ ’ਤੇ ਬੇਵਕੂਫ਼ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ, ਪਰ ਹੌਲੀ-ਹੌਲੀ ਸਾਰੇ ਇਨ੍ਹਾਂ ਦਾ ਰਾਜ਼ ਸਮਝ ਕੇ ਇਨ੍ਹਾਂ ਨੂੰ ਛੱਡ ਜਾਂਦੇ ਹਨ।

Also video:

https://youtu.be/MlNC8qbk8HQ

(ਡਾ. ਹਰਜਿੰਦਰ ਸਿੰਘ ਦਿਲਗੀਰ)