Fake Bani,Fake Gurdwaras, Fake Hukamnamas
ਨਕਲੀ ਬਾਣੀ, ਨਕਲੀ ਗੁਰਦੁਆਰੇ, ਨਕਲੀ ਹੁਕਮਨਾਮੇ

ਨਕਲੀ ਬਾਣੀ, ਨਕਲੀ ਗੁਰਦੁਆਰੇ, ਨਕਲੀ ਹੁਕਮਨਾਮੇ/ਖ਼ਤ, ਨਕਲੀ ਨਿਸ਼ਾਨੀਆਂ, ਨਕਲੀ ਸਿੱਕੇ

ਨਕਲੀ ਬਾਣੀ
ਗੁਰੂ ਕਾਲ ਵਿਚ ਹੀ ਪ੍ਰਿਥੀ ਚੰਦ, ਉਸ ਦੇ ਪੁੱਤਰ ਮਿਹਰਬਾਨ, ਉਸ ਦੇ ਪੁੱਤਰ ਹਰਿਜੀ ਨੇ ਕਵਿਤਾਵਾਂ ਲਿਖ ਕੇ ਉਸ ਵਿਚ ‘ਨਾਨਕ’ ਛਾਪ ਸ਼ਾਮਿਲ ਕਰ ਕੇ ਉਸ ਨੂੰ ਗੁਰਬਾਣੀ ਵਜੋਂ ਪਰਚਾਰਿਆ ਸੀ। ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’ ਉਸ ਵਿਚੋਂ ਇਕ ਤੁਕ ਹੈ (ਜੋ ਅਗਿਆਨ ਵਸ ਅਜੇ ਵੀ ਗੁਰਦੁਆਰਿਆਂ ਵਿਚ ਅਰਦਾਸਿ ਤੋਂ ਮਗਰੋਂ ਬੋਲੀ ਜਾਂਦੀ ਹੈ। ਕਈ ਗੁਰਦੁਆਰਿਆਂ ਵਿਚ ਨਿਰਮਲਿਆਂ ਦੀਆਂ ਲਿਖੀਆਂ ਦੋ ਕੁ ਹੋਰ ਤੁਕਾਂ ਵੀ ਇਸ ਤੁਕ ਤੋਂ ਬਾਅਦ ਬੋਲੀਆਂ ਜਾਂਦੀਆਂ ਹਨ)।

1765-70 ਤੋਂ ਮਗਰੋਂ ਤਾਂ ਅਜਿਹੀਆਂ ਕਵਿਤਾਵਾਂ ਦਾ ਹੜ੍ਹ ਹੀ ਆ ਗਿਆ ਸੀ। ਬਚਿਤਰ ਨਾਟਕ (ਅਖੌਤੀ ਦਸਮ ਗ੍ਰੰਥ) ਦਾ ਰਚਨਾ ਕਾਲ ਇਹੀ ਹੈ ਅਤੇ ਇਹ ਪਟਨਾ ਵਿਚ ਨਿਰਮਲੇ ਸੁਖਾ ਸਿੰਘ ਅਤੇ ਹੋਰਨਾਂ ਨੇ ਇਹ ਕਵਿਤਾਵਾਂ ਲਿਖੀਆਂ ਅਤੇ ਮਗਰੋਂ ਇਨ੍ਹਾਂ ਨੂੰ ਇਕ ਜਿਲਦ ਵਿਚ ਬੰਨ੍ਹ ਕੇ ਇਸ ਦਾ ਨਾਂ ਪਹਿਲਾਂ ‘ਬਚਿਤਰ ਨਾਟਕ’ ਅਤੇ ਫਿਰ ‘ਦਸਮਗ੍ਰੰਥ’ ਰਖ ਕੇ ਇਸ ਨੂੰ ਦਸਵੇਂ ਗੁਰੂ ਦੀ ਬਾਣੀ ਕਹਿ ਕੇ ਪਰਚਾਰਨ ਦੀ ਕੋਸ਼ਿਸ਼ ਕੀਤੀ। 1780 ਤੋਂ ਮਗਰੋਂ ਦਰਬਾਰ ਸਾਹਿਬ ਦੇ ਗ੍ਰੰਥੀ (ਸੂਰਤ ਸਿੰਘ, ਗਿਆਨੀ ਸੰਤ ਸਿੰਘ, ਦਰਬਾਰਾ ਸਿੰਘ, ਗੁਰਮੁਖ ਸਿੰਘ, ਪ੍ਰਦੁਮਣ ਸਿੰਘ ਆਦਿ) ਜੋ ਨਰਮਲੇ ਸਨ, ਉਨ੍ਹਾਂ ਨੇ ਇਨ੍ਹਾਂ ਕਵਿਤਾਵਾਂ ਨੂੰ ਬਾਣੀ ਕਹਿ ਕੇ ਇਨ੍ਹਾਂ ਦਾ ਖ਼ੂਬ ਪ੍ਰਚਾਰ ਤੇ ਪ੍ਰਸਾਰ ਕੀਤਾ। ਇਨ੍ਹਾਂ ਵਿਚੋਂ ਸੂਰਤ ਸਿੰਘ ਨਿਰਮਲਾ ਨੇ ਤਾਂ ਭਾਈ ਮਨੀ ਸਿੰਘ ਦੇ ਨਾਂ ਹੇਠ ਤਿੰਨ ਕਿਤਾਬਾਂ ਵੀ ਲਿਖੀਆਂ ਸਨ (ਸਿਖਾਂ ਦੀ ਭਗਤ ਮਾਲਾ, ਗਿਆਨ ਰਤਨਾਵਲੀ, ਭਾਈ ਮਨੀ ਸਿੰਘ ਵਾਲੀ ਜਨਮਸਾਖੀ) ਅਤੇ ਇਨ੍ਹਾਂ ਰਾਹੀਂ ਸਿੱਖ ਸਿਧਾਂਤਾਂ ਵਿਚ ਕਰਮ ਕਾਂਡ ਆਦਿ ਦਾ ਰਲਾ ਪਾਇਆ।

ਹੰਦਾਲੀਆਂ ਨੇ, ਸਰੂਪ ਦਾਸ ਭੱਲਾ ਨੇ ਅਤੇ ਨਿਰਮਲੇ ਲੇਖਕਾਂ ਕਵੀ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਆਦਿ ਨੇ ਗੱਪ ਕਹਾਣੀਆਂ ਘੜ-ਘੜ ਕੇ ਸਿੱਖ ਤਵਾਰੀਖ਼ ਨੂੰ ਵੀ ਬੁਰੀ ਤਰ੍ਹਾਂ ਗੰਧਲਾ ਕੀਤਾ। ਇਨ੍ਹਾਂ ਨੇ ਗੁਰੂ ਸਾਹਿਬਾਨ ਅਤੇ ਗੁਰੂ ਪਰਿਵਾਰਾਂ ਦੇ ਖ਼ਿਲਾਫ਼ ਘਟੀਆ ਕਹਾਣੀਆਂ ਘੜ ਕੇ ੳਨ੍ਹਾਂ ਦੀ ਸ਼ਖ਼ਸੀਅਤ ਨੂੰ ਡੇਗਣ ਦੀ ਹਰਕਤ ਕੀਤੀ। ਇਨ੍ਹਾਂ ਨੇ ਧਮਤਾਨ ਦੇ ਭਾਈ ਦੱਗੋ, ਕੋਟਕਪੂਰਾ ਦੇ ਭਾਈ ਕਪੂਰ ਸਿੰਘ, ਤਲਵੰਡੀ ਸਾਬੋ ਦੇ ਭਾਈ ਡੱਲਾ ਸਿੰਘ, ਬੰਦਾ ਸਿੰਘ ਬਹਾਦੁਰ, ਭਾਈ ਮਨੀ ਸਿੰਘ ਆਦਿ ਵਰਗੇ ਮਹਾਨ ਸੇਵਾਦਾਰਾਂ ਦੇ ਖ਼ਿਲਾਫ਼ ਝੂਠ ਕਹਾਣੀਆਂ ਘੜ ਕੇ ਉਨ੍ਹਾਂ ਨੂੰ ਨੀਵਾਂ ਦਿਖਾਊਣ ਦੀ ਕੋਸ਼ਿਸ਼ ਕੀਤੀ।

ਗਿਆਨੀ ਹਜ਼ਾਰਾ ਸਿੰਘ, ਡਾ. ਚਰਨ ਸਿੰਘ ਤੇ ਭਾਈ ਵੀਰ ਸਿੰਘ ਨਿਰਮਲੇ ਸਨ; ਉਨ੍ਹਾਂ ਕੋਲ ਪ੍ਰੈਸ ਵੀ ਸੀ; ਉਨ੍ਹਾਂ ਨੇ ਨਿਰਮਲਿਆਂ ਦੀਆਂ ਰਚਨਾਵਾਂ ਛਾਪ-ਛਾਪ ਕੇ ਉਨ੍ਹਾਂ ਨੂੰ ਲੋਕਾਂ ਤਕ ਪਹੁੰਚਾਇਆ। ਸੂਰਤ ਸਿੰਘ, ਕਵੀ ਸੰਤੋਖ ਸਿੰਘ, ਗੁਰਮੁਖ ਸਿੰਘ ਆਦਿ ਨਿਰਮਲਿਆਂ ਦੀਆਂ ਤਕਰੀਬਨ ਸਾਰੀਆਂ ਕਿਤਾਬਾਂ ਭਾਈ ਵੀਰ ਸਿੰਘ ਨੇ ਸੰਪਾਦਨ ਕਰ ਕੇ ਛਾਪੀਆਂ ਸਨ।

ਗੁਰੂ ਗ੍ਰੰਥ ਸਹਿਬ ਦੀਆਂ ਮਿਲਾਵਟੀ ਕਵਿਤਾਵਾਂ (ਰਾਗ ਮਾਲਾ, ਰਤਨਮਾਲ, ਹਕੀਕਤ ਸ਼ਾਹ ਮੁਕਾਮ ਅਤੇ ਹੋਰ ਕਈ) ਵਾਲੀਆਂ ਬੀੜਾਂ ਵੀ ਸੈਂਕੜਿਆਂ ਦੀ ਗਿਣਤੀ ਵਿਚ ਮਿਲ ਜਾਣਗੀਆਂ। ਕਰਤਾਰਪੁਰ (ਜਲੰਧਰ) ਵਿਚ ਭਾਈ ਗੁਰਦਾਸ ਦੀ ਕਹੀ ਜਾਂਦੀ ਬੀੜ ਵੀ ਇਨ੍ਹਾਂ ਵਿਚ ਸ਼ਾਮਿਲ ਹੈ। ਪਟਨਾ ਵਿਚ ਤਾਂ ਇਹੋ ਜਿਹੀਆਂ ਬਹੁਤ ਸਾਰੀਆਂ ਬੀੜਾਂ ਮੌਜੂਦ ਹਨ।

ਨਕਲੀ ਗੁਰਦੁਆਰੇ
ਉੱਨੀਵੀਂ ਅਤੇ ਵੀਹਵੀ ਸਦੀ ਵਿਚ ਬਹੁਤ ਸਾਰੇ ਨਕਲੀ ਗੁਰਦੁਆਰੇ ਵੀ ਕਾਇਮ ਹੋਏ ਸਨ। ਇਨ੍ਹਾਂ ਦਾ ਮਕਸਦ ਲੋਕਾਂ ਤੋਂ ਚੜ੍ਹਾਵਾ ਹਾਸਿਲ ਕਰ ਕੇ ਆਪਣੀ ਰੋਟੀ ਚਲਾਉਣਾ ਸੀ। ਇਨ੍ਹਾਂ ਵਿਚ ਸੰਤ ਘਾਟ (ਸੁਲਤਾਨਪੁਰ ਲੋਧੀ), ਚੱਕੀ ਸਾਹਿਬ (ਏਮਨਾਬਾਦ), ਰੀਠਾ ਸਾਹਿਬ (ਉਤਰਾਖੰਡ), ਹੇਮਕੁੰਟ (ਉਤਰਾਖੰਡ), ਤਾੜੀ ਸਾਹਿਬ (ਚਮਕੌਰ), ਸਿਹਰਾ ਸਾਹਿਬ (ਗੁਰੂ ਦਾ ਲਾਹੌਰ), ਮੋਤੀ ਰਾਮ ਮਿਹਰਾ ਗੁਰਦੁਆਰਾ (ਫ਼ਤਹਿਗੜ੍ਹ) ਬਹੁਤ ਮਸ਼ਹੂਰ ਹੋ ਗਏ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਦਰਜਨਾਂ ਨਕਲੀ ਗੁਰਦੁਆਰੇ ਬਣੇ ਹੋਏ ਹਨ।

ਨਕਲੀ ਹੁਕਮਨਾਮੇ/ਖ਼ਤ, ਨਕਲੀ ਨਿਸ਼ਾਨੀਆਂ
ਗੁਰੂ ਕਾਲ ਤੋਂ ਮਗਰੋਂ ਬਹੁਤ ਸਾਰੇ ਲੋਕਾਂ ਨੇ ਨਕਲੀ ਖ਼ਤ ਤਿਆਰ ਕਰਵਾ ਕੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਵੱਲੋਂ ਲਿਖੀਆਂ ਚਿੱਠੀਆਂ ਕਹਿ ਕੇ ਅਤੇ ਹੁਕਮਨਾਮੇ ਆਖ ਕੇ ਪ੍ਰਚਾਰ ਕੀਤਾ। ਇਸੇ ਤਰ੍ਹਾਂ ਹੀ ਕਈ ਚੀਜ਼ਾਂ ਨੂੰ ਗੁਰੂ ਜੀ (ਅਤੇ ਕੁਝ ਕੁ ਨੂੰ ਸ਼ਹੀਦਾਂ ਦੀਆਂ ਵੀ) ਨਿਸ਼ਾਨੀਆਂ ਕਹਿ ਕੇ ਲੋਕਾਂ ਤੋਂ ਚੜ੍ਹਾਵਾ ਹਾਸਿਲ ਕੀਤਾ। ਪੰਜਾਬ ਵਿਚ 400 ਦੇ ਕਰੀਬ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਵਿਚੋਂ 90% ਨਕਲੀ ਹਨ। ਇਨ੍ਹਾਂ ਵਿਚ ਗੁਰੂ ਹਰਿਗੋਬਿੰਦ ਸਾਹਿਬ ਦਾ 52 ਕਲੀਆਂ ਵਾਲਾ ਨਕਲੀ ਚੋਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਚ ਦਾ ਪੀਰ ਵਾਲੇ ਨਕਲੀ ਨੀਲ ਬਸਤਰ, ਗੁਰੂ ਨਾਨਾਕ ਸਾਹਿਬ ਦੀਆਂ ਨਕਲੀ ਖੜਾਵਾਂ, ਗੁਰੂ ਗੋਬਿੰਦ ਸਿੰਘ ਜੀ ਦੀ ਨਕਲੀ ਕਲਗੀ, ਗੁਰੂ ਸਾਹਿਬਾਨ ਦੇ ਨਕਲੀ ਕਪੜੇ ਆਦਿ। ਇਕ ਥਾਂ ’ਤੇ ਤਾਂ ਇਕ ਮੂੰਹ ਦੇਖਣਾ ਵਾਲਾ ਸ਼ੀਸ਼ਾ ਵੀ ਪਿਆ ਹੈ ਜਿਸ ਬਾਰੇ ਪਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਜੀ ਇਸ ਵਿਚੋਂ ਮੂੰਹ ਦੇਖਦੇ ਸੀ। (ਸ਼ੀਸ਼ਾ ਗੁਰੂ ਕਾਲ ਤਕ ਤਾਂ ਬੈਲਜੀਅਮ ਤੋਂ ਏਸ਼ੀਆ ਵਿਚ ਅਜੇ ਆਇਆ ਹੀ ਨਹੀਂ ਸੀ)। ਡੇਰਾ ਬਾਬਾ ਨਾਨਕ ਵਿਚ ਗੁਰੂ ਨਾਨਕ ਸਾਹਿਬ ਦਾ ਨਕਲੀ ਚੋਲਾ ਵੀ ਪਿਆ ਹੋਇਆ ਹੈ। ਇਕ ਦੋ ਥਾਂਵਾਂ ’ਤੇ ਮਾਲਾ ਵੀ ਹਨ ਜਿਨ੍ਹਾਂ ਨੂੰ ਗੁਰੂ ਜੀ ਦੀਆਂ ਕਹਿ ਕੇ ਪਰਚਾਰਿਆ ਜਾ ਰਿਹਾ ਹੈ; ਹਾਲਾਂਕਿ ਗੁਰੂ ਸਾਹਿਬਾਨ ਮਾਲਾ ਫੇਰਨ ਨੂੰ ਰੱਦ ਕਰਦੇ ਹਨ। ਇਹ ਸਭ ਨਕਲੀ ਹਨ।

ਨਕਲੀ ਸਿੱਕੇ
ਕੁਝ ਸਮਾਂ ਪਹਿਲਾਂ ਜੰਮੂ ਦੇ ਕਿਸੇ ਹਰਦੇਵ ਸਿੰਘ ਜੰਮੂ ਨਾਂ ਦੇ ਇਕ ਬੰਦੇ ਨੇ ਇਹ ਵੀ ਪ੍ਰਚਾਰ ਕੀਤਾ ਸੀ ਕਿ ਉਸ ਕੋਲ ਅਕਾਲ ਤਖ਼ਤ ਦੇ ਨਾਂ ’ਤੇ ਜਾਰੀ ਕੀਤੇ ਸਿੱਕੇ ਮੌਜੂਦ ਹਨ। ਜਦ ਉਸ ਨੂੰ ਚੈਲੰਜ ਕੀਤਾ ਗਿਆ ਕਿ ਉਹ ਉਨ੍ਹਾਂ ਦੀ ਫ਼ੋਰੈਨਸਿਕ ਜਾਂਚ ਕਰਵਾਏ ਤਾਂ ਉਹ ਚੁਪ ਹੋ ਗਿਆ। ਜਿਵੇਂ 1830ਵਿਆਂ ਵਿਚ ਗਿਆਨੀ ਸੰਤ ਸਿੰਘ ਦੇ ਪੁੱਤਰ ਗੁਰਮੁਖ ਸਿੰਘ ਤੇ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਦਰਬਾਰਾ ਸਿੰਘ ਨੇ ‘ਗੁਰਬਿਲਾਸ ਪਾਤਸਾਹੀ ਛੇਵੀਂ’ ਲਿਖ ਕੇ ਅਕਾਲੀਆਂ ਦੇ ਬੁੰਗੇ ਨੂੰ ‘ਅਕਾਲ ਤਖ਼ਤ’ ਬਣਾਉਣ ਦੀ ਸਾਜ਼ਿਸ਼ ਰਚੀ ਸੀ, ਉਵੇਂ ਹੀ ਇਹ ਨਕਲੀ ਸਿੱਕੇ ਵੀ ਘੜੇ ਗਏ ਸਨ। ਜੰਮੂ ਦਾ ਇਹ ਭਾਈ ਉਨ੍ਹਾਂ ਸਿੱਕਿਆਂ ਤੋਂ ਲੱਖਾਂ ਰੁਪੈ ਕਮਾਉਣ ਵਾਸਤੇ ਇਹ ਢੌਂਗ ਰਚ ਰਿਹਾ ਹੈ। ਜੇ ਜੰਮੂ ਵਾਲਾ ਇਹ ਭਾਈ ਇਨ੍ਹਾਂ ਸਿੱਕਿਆਂ ਦੇ ਸਹੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਹ ਉਨ੍ਹਾਂ ਦੀ ਫ਼ੋਰੈਨਸਿਕ ਜਾਂਚ ਕਰਵਾਏ; ਜੇ ਉਹ ਇਸ ਵਾਸਤੇ ਰਾਜ਼ੀ ਹੋਵੇ ਤਾਂ ਜਾਂਚ ਲੈਬਾਰਟਰੀ ਦਾ ਸਾਰਾ ਖ਼ਰਚਾ ਮੈਂ ਦਿਆਂਗਾ।

ਲੋਕਾਂ ਨੂੰ ਅਜਿਹੇ ਠੱਗਾਂ ਤੋਂ ਬਚਣਾ ਚਾਹੀਦਾ ਹੈ।

(ਡਾ. ਹਰਜਿੰਦਰ ਸਿੰਘ ਦਿਲਗੀਰ)