TheSikhs.org

ਅੱਜ ਸਿੱਖ ਇਤਿਹਾਸ ਵਿੱਚ (24 ਜੂਨ)



1734: ਭਾਈ ਮਨੀ ਸਿੰਘ ਜੀ ਸ਼ਹੀਦ ਹੋਏ
ਭਾਈ ਮਨੀ ਸਿੰਘ ਗੁਰੂ ਹਰਿ ਰਾਏ ਜੀ ਦੇ ਵੇਲੇ ਤੋਂ ਗੁਰੂ ਪੰਥ ਨਾਲ ਜੁੜੇ ਹਏ ਸਨ। 1698 ਤੋਂ ਉਹ ਅੰਮ੍ਰਿਤਸਰ ਵਿਚ ਰਹਿ ਰਹੇ ਸਨ। 1733 ਵਿਚ ਜਦ ਮੁਗ਼ਲਾਂ ਨੇ ਸਿੱਖਾਂ ਨੂੰ ਜਾਗੀਰ ਦਿੱਤੀ ਤਾਂ ਆਪ ਉਦੋਂ ਉਥੇ ਹੀ ਸਨ। ਪਰ ਇਹ ਸਮਝੌਤਾ ਬਹੁਤੀ ਦੇਰ ਨਾ ਚਲ ਸਕਿਆ ਤੇ 4-5 ਮਹੀਨੇ ਵਿਚ ਹੀ ਟੁੱਟ ਗਿਆ। 26 ਅਕਤੂਬਰ 1733 ਦੇ ਦਿਨ ਹਿੰਦੂਆਂ ਦਾ ਦੀਵਾਲੀ ਦਾ ਤਿਉਹਾਰ ਸੀ। ਭਾਈ ਮਨੀ ਸਿੰਘ ਨੇ ਇਸ ਮੌਕੇ ‘ਤੇ ਸਿੱਖਾਂ ਦਾ ਇਕ ਇਕੱਠ ਅੰਮ੍ਰਿਤਸਰ ਵਿਚ ਬੁਲਾ ਲਿਆ। ਕਿਉਂਕਿ ਸਿੱਖਾਂ ਅਤੇ ਲਾਹੌਰ ਦਰਬਾਰ ਵਿਚ ਜਗੀਰ ਵਾਲਾ ਸਮਝੌਤਾ ਟੁੱਟ ਚੁਕਾ ਸੀ, ਇਸ ਕਰ ਕੇ ਮੁਗ਼ਲ ਸਰਕਾਰ ਨੇ 10 ਹਜ਼ਾਰ ਰੁਪਏ ਤਾਵਾਨ (ਟੈਕਸ) ਲੈ ਕੇ ਸਮਾਗਮ ਕਰਨ ਦੀ ਇਜਾਜ਼ਤ ਦੇ ਦਿੱਤੀ ਅਤੇ ਦੂਜੇ ਪਾਸੇ ਇਹ ਅਫ਼ਵਾਹਾਂ ਵੀ ਫੈਲਾਅ ਦਿੱਤੀਆਂ ਕਿ ਇਸ ਮੌਕੇ ’ਤੇ ਅੰਮ੍ਰਿਤਸਰ ਆਉਣ ਵਾਲੇ ਸਿਖਾਂ ਨੂੰ ਮੁਗ਼ਲ ਫ਼ੌਜਾਂ ਘੇਰੇ ਵਿਚ ਲੈ ਕੇ ਖ਼ਤਮ ਕਰ ਦੇਣਗੀਆਂ।
ਇਸ ਦਾ ਨਤੀਜਾ ਇਹ ਹੋਇਆ ਕਿ ਬਹੁਤ ਥੋੜ੍ਹੇ ਸਿੱਖ ਦਰਬਾਰ ਸਾਹਿਬ ਪੁੱਜੇ ਅਤੇ ਚੜ੍ਹਾਵਾ ਬਹੁਤ ਹੀ ਘੱਟ ਹੋਇਆ। ਇਸ ਕਰ ਕੇ ਭਾਈ ਮਨੀ ਸਿੰਘ ਤਾਵਾਨ ਨਾ ਦੇ ਸਕੇ। ਇਸ ’ਤੇ ਮੁਗ਼ਲਾਂ ਦਾ ਵਜ਼ੀਰ ਲਖਪਤ ਰਾਏ ਫ਼ੌਜ ਲੈ ਕੇ ਅੰਮ੍ਰਿਤਸਰ ਆਇਆ ਅਤੇ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਨਾਲ ਹੀ ਉੱਥੇ ਮੌਜੂਦ ਸਾਰੇ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਸਾਰਿਆਂ ਨੂੰ ਜ਼ਕਰੀਆ ਖ਼ਾਨ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਭਾਵੇਂ ਉਨ੍ਹਾਂ ਨੂੰ ਟੈਕਸ ਦੀ ਅਦਾਇਗੀ ਨਾ ਕਰ ਸਕਣ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ‘ਇਸਲਾਮ’ ਕਬੂਲ ਕਰਨ ਦੀ ਸੂਰਤ ਵਿਚ ਰਿਹਾਈ ਦੀ ਪੇਸ਼ਕਸ਼ ਵੀ ਕੀਤੀ ਗਈ। ਇਸ ਦੇ ਬਾਵਜੂਦ ਉਨ੍ਹਾਂ ਵਿਚੋਂ ਕਿਸੇ ਨੇ ਵੀ ਆਪਣੀ ਜਾਨ ਬਚਾਉਣ ਵਾਸਤੇ ਆਪਣਾ ਧਰਮ ਛੱਡ ਕੇ ਮੁਸਲਮਾਨ ਬਣਨਾ ਕਬੂਲ ਨਾ ਕੀਤਾ। 24 ਜੂਨ ਦੇ ਦਿਨ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।

ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟਣ ਬਾਰੇ ਇਕ ਗੱਪ ਵੀ ਪਰਚੱਲਤ ਹੈ ਕਿ ‘ਉਨ੍ਹਾਂ ਨੂੰ ਅਖੌਤੀ ਦਸਮਗ੍ਰੰਥ ਪੋਥੀਆਂ ਜੁਦਾ ਕਰਨ ਕਰ ਕੇ ਸ਼ਹੀਦ ਕੀਤਾ ਗਿਆ ਸੀ’। ਇਹ ਗੱਪ ਦਸਮਗ੍ਰੰਥ ਨੂੰ ਸਿੱਖਾਂ ਵਿਚ ਪਰਚਾਰਨ ਵਾਸਤੇ ਪਟਨੇ ਦੇ ਬ੍ਰਾਹਮਣੀ ਲਿਖਾਰੀ ਸੁੱਖਾ ਸਿੰਘ (ਉਰਫ਼ ਗੁਰਦਾਸ ਸਿੰਘ ਦੂਜਾ) ਅਤੇ ਉਸ ਦੇ ਸਾਥੀਆਂ ਵੱਲੋਂ ਘੜੀ ਗਈ ਸੀ। ਇਸ ਦਾ ਦੂਜਾ ਮਕਸਦ ਮੁਗ਼ਲ ਹਾਕਮ ਜ਼ਕਰੀਆ ਖ਼ਾਨ ਨੂੰ ਸੱਚਾ ਸਿੱਧ ਕਰਨ ਤੇ ਉਸ ਵੱਲੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਦੇ ਜੁਰਮ ਤੋਂ ਬਰੀ ਕਰਨ ਅਤੇ ਇਸ ਦਾ ਜ਼ਿੰਮੈਦਾਰ ਭਾਈ ਮਨੀ ਸਿੰਘ ਨੂੰ ਖ਼ੁਦ ਨੂੰ ਠਹਿਰਾਉਣਾ ਸੀ। ਇਸ ਪ੍ਰਚਾਰ ਨੂੰ ਫਿਰ ਮੁਸਲਮਾਨ ਲਿਖਾਰੀਆਂ ਨੇ ਵੀ ਲਖਪਤ ਰਾਏ ਤੇ ਜ਼ਕਰੀਆ ਖ਼ਾਨ ਨੂੰ ਸੱਚਾ ਸਿੱਧ ਕਰਨ ਵਾਸਤੇ ਵਰਤਿਆ ਸੀ; ਜਿਸ ਨੂੰ ਮਗਰੋਂ ਕੁਝ ਬੇਸਮਝ ਸਿੱਖ ਲਿਖਾਰੀਆਂ ਨੇ ਵੀ ਆਪਣੀਆਂ ਲਿਖਤਾਂ ਵਿਚ ਲਿਖ ਦਿੱਤਾ।
1885: ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਹੋਇਆ

ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਦੇ ਦਿਨ ਬਖ਼ਸ਼ੀ ਗੋਪੀ ਚੰਦ ਮਲਹੌਤਰਾ ਦੇ ਘਰ ਪਿੰਡ ਹਰਿਆਲ ਰਾਵਲਪਿੰਡੀ ਵਿਚ ਹੋਇਆ। ਸਕੂਲ ਦੀ ਪੜ੍ਹਾਈ ਦੇ ਦੋਰਾਨ ਹੀ ਉਸ ਨੇ ਖੰਡੇ ਦੀ ਪਾਹੁਲ ਲੈ ਲਈ ਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਿਆ। ਕਾਲਸ ਦਾਖ਼ਲ ਹੋਣ ਵੇਲੇ ਤਕ ਉਸ ਦੀ ਸ਼ਖ਼ਸੀਅਤ ਵਿਚ ਇਕ ਆਗੂ ਜਨਮ ਲੈ ਚੁਕਾ ਸੀ। ਅੰਗਰੇਜ਼ੀ ਹਕੂਮਤ ਦੌਰਾਨ ਪੰਝਾਬ ਵਿਚ ਹੋਈ ਪਹਿਲੀ ਸਿਆਸੀ ਐਜੀਟੇਸ਼ਨ (1907) ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ ਪਾਏ ਗਏ ਹਿੱਸੇ ਦੀ ਉਸ ਨੇ ਹੀ ਅਗਵਾਈ ਕੀਤੀ ਸੀ। ਇਸ ਤੋਂ ਅਗਲੇ ਸਾਲ ਹੀ ਉਹ ਲਾਇਲਪੁਰ (ਹੁਣ ਫ਼ੈਸਲਾਬਾਦ) ਵਿਚ ਖਾਲਸਾ ਸਕੂਲ ਦਾ ਹੈੱਡਮਾਸਟਰ ਬਣ ਗਿਆ ਤੇ ਸਿਰਫ਼ 15 ਰੁਪੈ ਮਹੀਨਾ ਤਨਖ਼ਾਹ ’ਤੇ ਕੰਮ ਕਰਨਾ ਮਨਜ਼ੂਰ ਕੀਤਾ। ਇੱਥੋਂ ਹੀ ਉਸ ਨੇ ‘ਸੱਚਾ ਢੰਡੋਰਾ’ ਅਤੇ ਫਿਰ ‘ਪ੍ਰਦੇਸੀ ਖਾਲਸਾ’ ਨਾਂ ਦੀਆਂ ਅਖ਼ਬਾਰਾਂ ਕੱਢਣੀਆਂ ਸ਼ੁਰੂ ਕੀਤੀਆਂ।

1920 ਵਿਚ ਜਦ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਮਾਸਟਰ ਤਾਰਾ ਸਿੰਘ ਦਾ ਉਸ ਵਿਚ ਵੱਡਾ ਰੋਲ ਸੀ। ਉਹ ਸ਼ਰੋਮਣੀ ਕਮੇਟੀ ਦਾ ਪਹਿਲਾ ਸਕੱਤਰ ਵੀ ਸੀ (ਤੇ ਮਗਰੋਂ ਕਈ ਸਾਲ ਪ੍ਰਧਾਨ ਵੀ ਰਿਹਾ)। ਉਸ ਦੀ ਪਹਿਲੀ ਗ੍ਰਿਫ਼ਤਾਰੀ ‘ਚਾਬੀਆਂ ਦਾ ਮੋਰਚਾ’ (ਨਵੰਬਰ 1921) ਵਿਚ ਹੋਈ ਸੀ। ਇਸ ਮਗਰੋਂ ਤਕਰੀਬਨ ਹਰ ਮੋਰਚੇ ਵਿਚ ਉਹ ਜੇਲ੍ਹ ਗਿਆ ਤੇ ਕਈ ਸਾਲ ਜੇਲ੍ਹਾਂ ਵਿਚ ਕੱਟੇ।
ਮਾਸਟਰ ਤਾਰਾ ਸਿੰਘ ਸ਼ਰੋਮਣੀ ਅਕਾਲੀ ਦਲ ਤੇ ਸਿੱਖ ਲੀਗ ਦੇ ਵੀ ਪ੍ਰਧਾਨ ਰਹੇ। ਉਨ੍ਹਾਂ ਨੇ ਨਹਿਰੂ ਰਿਪੋਰਟ (1928) ਦੇ ਖ਼ਿਲਾਫ਼ ਕੌਮ ਨੂੰ ਅਗਵਾਈ ਦਿੱਤੀ। ਫ਼ਿਰਕੂ ਫ਼ੈਸਲੇ (1932) ਦੇ ਖ਼ਿਲਾਫ਼ ਉਨ੍ਹਾਂ ਨੇ ‘ਜਹਾਦ’ ਖੜ੍ਹਾ ਕੀਤਾ। 1932 ਤੋਂ 1947 ਤਕ ਉਸ ਨੇ ਸਿੱਖ ਹੱਕਾਂ ਵਾਸਤੇ ਲਾਸਾਨੀ ਰੋਲ ਅਦਾ ਕੀਤਾ। ‘ਆਜ਼ਾਦ ਪμਜਾਬ’ ਉਸ ਦੀ ਵਧੀਆ ਸਕੀਮ ਸੀ ਜੋ ਈਰਖਾਲੂ ਆਗੂਆਂ ਦੇ ਵਿਰੋਧ ਕਾਰਨ ਸਿਰੇ ਨਾ ਚੜ੍ਹ ਸਕੀ। 1940 ਤੋਂ ਮਗਰੋਂ ਉਸ ਨੇ ਖਾਲਿਸਤਾਨ ਦਾ ਨਾਅਰਾ ਲਾਇਆ ਪਰ ‘ਜੇ ਪਾਕਿਸਤਾਨ ਬਣੇ ਤਾਂ ਖਾਲਿਸਤਾਨ ਵੀ ਬਣੇ’ ਦਾ ‘ਨਫ਼ੀ’ ਦਾ ਨਾਅਰਾ ਯਕੀਨਨ ਨਾਕਾਮਯਾਬ ਹੋਣਾ ਹੀ ਸੀ। 1947 ਵਿਚ ਘਬਰਾ ਕੇ ਤੇ ਡਰ ਕੇ ਉਸ ਨੇ ਸਿੱਖਾਂ ਨੂੰ ਭਾਰਤ ਦਾ ਹਿੱਸਾ ਬਣਾਉਣਾ ਮਨਜ਼ੂਰ ਕੀਤਾ। ਇਹ ਗ਼ਲਤ ਹੈ ਕਿ ਅμਗਰੇਜ਼ ਖਾਲਿਸਤਾਨ ਦੇਂਦੇ ਸਨ ਪਰ ਬਲਦੇਵ ਸਿੰਘ ਜਾਂ ਤਾਰਾ ਸਿੰਘ ਨੇ ਲੈਣ ਤੋਂ ਨਾਂਹ ਕੀਤੀ। ਹਾਂ ਇਹ ਜ਼ਰੂਰ ਸਹੀ ਹੈ ਕਿ ਮਾਸਟਰ ਤਾਰਾ ਸਿੰਘ ਤੇ ਬਾਕੀ ਆਗੂ ਅੰਗਰੇਜ਼ਾ ਦੇ ਧੱਕੇ ਤੋਂ ਘਬਰਾ ਗਏ ਤੇ ਬੌਂਦਲੇ ਹੋਇਆਂ ਨੇ ਪਾਕਿਸਤਾਨ ਵਿਚ ਜਾਣ ਤੋਂ ਬਚਣ ਲਈ ਭਾਰਤ ਵਿਚ ਸ਼ਾਮਿਲ ਹੋਣਾ ਮμਨ ਲਿਆ।

1947 ਤੋਂ ਮਗਰੋਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੇ ਹੱਕਾਂ ਵਾਸਤੇ ਵੱਡੀ ਜੱਦੋਜਹਿਦ ਕੀਤੀ। ਜਦ ਸਾਰੇ ਸਾਥੀ ਵਜ਼ੀਰੀਆਂ ਅਤੇ ਤਾਕਤ ਵਾਸਤੇ ਕਾਂਗਰਸ ਦੀ ਝੋਲੀ ਪੈ ਕੇ ਪੰਥ ਨਾਲ ਗ਼ਦਾਰੀ ਕਰਨ ਵਾਸਤੇ ਤਿਆਰ ਹੋ ਗਏ ਤਾਂ ਉਹ ਇੱਕਲਾ ਹੀ ਚμਦ ਕੂ ਸਾਥੀਆਂ ਸਣੇ ਡੱਟਿਆ ਰਿਹਾ। ਉਸ ਨੇ ਪμਜਾਬੀ ਸੂਬੇ ਵਾਸਤੇ ਜੇਲ੍ਹ ਕੱਟੀ। 1947 ਤੋਂ ਮਗਰੋਂ ਉਹ ਦਰਜਨ ਤੋਂ ਵਧ ਵਾਰ ਜੇਲ੍ਹ ਗਿਆ। ਉਸ ਨੇ ਪμਜਾਬੀ ਸੂਬੇ ਵਾਸਤੇ ਮਰਨ ਵਰਤ ਰੱਖਿਆ। ਉਸ ਨੇ ਸਿੱਖ ਹੋਮਲੈਂਡ ਦਾ ਨਾਅਰਾ ਲਾਇਆ ਤੇ ਸਿੱਖਾਂ ਦੇ ਹੱਕਾਂ ਵਾਸਤੇ ਜੱਦੋਜਹਿਦ ਕੀਤੀ।

ਮਾਸਟਰ ਤਾਰਾ ਸਿੰਘ ਇਕ ਇੰਸਟੀਚਿਊਸ਼ਨ ਸੀ। ਉਸ ਨੇ ਸੈਂਕੜੇ ਨੌਜਵਾਨਾਂ ਨੂੰ ਪੰਥ ਦੀ ਅਗਵਾਈ ਵਾਸਤੇ ਤਿਆਰ ਕੀਤਾ। ਹੁਕਮ ਸਿੰਘ, ਪ੍ਰਤਾਪ ਸਿੰਘ ਕੈਰੋਂ, ਗਿਆਨੀ ਕਰਤਾਰ ਸਿੰਘ, ਗਿਆਨ ਸਿੰਘ ਰਾੜੇਵਾਲਾ, ਅਜੀਤ ਸਿੰਘ ਸਰਹੱਦੀ, ਬਲਦੇਵ ਸਿੰਘ, ਗੁਰਮੁਖ ਸਿੰਘ ਮੁਸਾਫ਼ਿਰ, ਬੂਟਾ ਸਿੰਘ, ਗੁਰਮੀਤ ਸਿੰਘ ਮੁਕਤਸਰ, ਉਮਰਾਓ ਸਿੰਘ ਜਲੰਧਰ, ਜਸਟਿਸ ਗੁਰਨਾਮ ਸਿੰਘ, ਪ੍ਰਕਾਸ਼ ਸਿੰਘ ਬਾਦਲ ਸਾਰੇ ਉਸੇ ਦੇ ਬਣਾਏ ਹੋਏ ਆਗੂ ਸਨ ਪਰ ਸਾਰੇ ਹੀ ਇਕ-ਇਕ ਕਰ ਕੇ ਉਸ ਨੂੰ ਛੱਡ ਕੇ ਕੁਰਸੀਆਂ ਤੇ ਹੋਰ ਲਾਲਚਾਂ ਪਿੱਛੇ ਪੰਥ ਨੂੰ ਪਿੱਠ ਦਿਖਾ ਕੇ ਕਾਂਗਰਸ ਦੀ ਝੋਲੀ ਪੈ ਕੇ ਪੰਥ ਨਾਲ ਗ਼ਦਾਰੀ ਕਰਨ ਵਾਸਤੇ ਵੀ ਪੇਸ਼-ਪੇਸ਼ ਹੋਇਆ ਕਰਦੇ ਸਨ। ਪਰ ਆਫ਼ਰੀਨ ਸੀ ਉਹ ਸ਼ਖ਼ਸ ਜੋ ਵਾਰ-ਵਾਰ ਇਕੱਲਾ ਹੋਣ ਦੇ ਬਾਵਜੂਦ ਵੀ ਡੱਟ ਕੇ ਖੜ੍ਹਾ ਹੋ ਜਾਂਦਾ ਸੀ ਤੇ ਸਾਰੀ ਕੌਮ ਫਿਰ ਉਸ ਦੇ ਨਾਲ ਹੋ ਜਾਇਆ ਕਰਦੀ ਸੀ। ਇਹ ਵੀ ਕਮਾਲ ਹੈ ਕਿ 1957-58 ਵਿਚ ਜਦ ਸਾਰੇ ਉਸ ਨੂੰ ਛੱਡ ਹਏ ਤਾਂ ਉਸ ਨੇ 1960 ਦੀਆਂ ਸ਼ਰੋਮਣੀ ਕਮੇਟੀ ਚੋਣਾਂ ਵਿਚ 140 ਵਿਚੋਂ 136 ਸੀਟਾਂ ਜਿੱਤ ਕੇ ਦੁਨੀਆਂ ਭਰ ਵਿਚ ਇਕ ਰਿਕਾਰਡ ਕਾਇਮ ਕੀਤਾ ਜੋ ਅਜ ਤਕ ਕਿਸੇ ਦੇਸ਼ ਵਿਚ, ਕਿਸੇ ਪਾਰਟੀ ਨੇ ਵੀ ਕਿਸੇ ਵੀ ਚੋਣ ਵਿਚ ਤੋੜਨਾ ਤਾਂ ਕੀ ਬਰਾਬਰ ਵੀ ਨਹੀਂੰ ਕੀਤਾ।

ਇਕ ਇਹ ਵੀ ਕਮਾਲ ਹੈ ਕਿ ਬਹੁਤ ਸਾਰੇ ਵਰਕਰ ਮਾਸਟਰ ਤਾਰਾ ਸਿੰਘ ਦੇ ਹਮੇਸ਼ਾ ਵਫ਼ਾਦਾਰ ਰਹੇ। ਇਨ੍ਹਾਂ ਵਿਚ ਲੁਧਿਆਣਾ ਦੇ ਸੰਤ ਸਿੰਘ ਗੁਜਰਖਾਨੀ, ਰਾਮ ਨਾਰਾਇਣ ਸਿੰਘ ਦਰਦੀ, ਠੇਕੇਦਾਰ ਸੁਰਜਨ ਸਿੰਘ, ਕ੍ਰਿਪਾਲ ਸਿੰਘ ਭਿੱਖੀ ਵਗ਼ੈਰਾ; ਜਲੰਧਰ ਦੇ ਗਿਆਨੀ ਗੁਰਬਖ਼ਸ਼ ਸਿੰਘ, ਗੁਰਬਚਨ ਸਿੰਘ ਗ਼ਰੀਬ, ਕਲਿਆਣ ਸਿੰਘ ਨਿਧੜਕ, ਜੀਵਨ ਸਿੰਘ ਦੁੱਗਲ, ਜੈਮਲ ਸਿੰਘ ਵਗ਼ੈਰਾ; ਪਟਿਆਲਾ ਦੇ ਸਰਦਾਰਾ ਸਿੰਘ ਕੋਹਲੀ ਵਗ਼ੈਰਾ, ਅੰਮ੍ਰਿਤਸਰ ਦੇ ਅਵਤਾਰ ਸਿੰਘ ਛਤੀਰੀਆਂ ਵਾਲੇ, ਭਾਗ ਸਿੰਘ ਅਣਖੀ, ਪੂਰਨ ਸਿੰਘ ਜੋਸ਼, ਰਛਪਾਲ ਸਿੰਘ ਬੇਦੀ ਵਗ਼ੈਰਾ ਤੋਂ ਇਲਾਵਾ ਗੁਰਬਖ਼ਸ਼ ਸਿੰਘ ਐਡਵੋਕੇਟ ਗੁਰਦਾਸਪੁਰ, ਜੋਗਿੰਦਰ ਸਿੰਘ ਰੇਖੀ ਵਕੀਲ ਵੀ ਸ਼ਾਮਿਲ ਸਨ।ਮਾਸਟਰ ਤਾਰਾ ਸਿੰਘ 1909 ਵਿਚ ਸਿਆਸਤ ਵਿਚ ਆਇਆ ਅਤੇ 1967 ਵਿਚ ਉਸ ਨੇ ਚੜ੍ਹਾਓ ਕੀਤੀ। ਇਸ 58 ਸਾਲ ਵਿਚੋਂ 40 ਸਾਲ ਉਹ ਸਿੱਖ ਕੌਮ ਦਾ ‘ਵਾਹਿਦ’ ਆਗੂ ਬਣਿਆ ਰਿਹਾ। ਮਾਸਟਰ ਤਾਰਾ ਸਿੰਘ ਉਹ ਸ਼ਖ਼ਸ ਸੀ ਜਿਸ ਦੇ ਬੋਲ ਲੰਡਨ (ਅੰਗਰੇਜ਼ ਹਕੂਮਤ) ਅਤੇ ਦਿੱਲੀ (ਹਿੰਦੂ ਹਕੂਮਤ) ਦੇ ਤਖ਼ਤ ਨੂੰ ਹਿਲਾ ਦੇਂਦੇ ਸਨ। ਪੰਜਾਬ ਦੀ ਤੇ ਸਿੱਖਾਂ ਦੀ 1926 ਤੋਂ 1966 ਤਕ ਦੀ ਤਵਾਰੀਖ਼ ਦਰਅਸਲ ਮਾਸਟਰ ਤਾਰਾ ਸਿੰਘ ਦੀ ਜੀਵਨ ਕਹਾਣੀ ਹੀ ਹੈ।

ਮਾਸਟਰ ਤਾਰਾ ਸਿੰਘ ਪੰਥ ਦਾ ਵਫ਼ਾਦਾਰ ਸਿਪਾਹੀ ਸੀ; ਉਹ ਇਕ ਅਣਥੱਕ ਜਰਨੈਲ ਸੀ; ਉਹ ਇਕ ਮਹਾਨ ਸਟੇਟਸਮੈਨ ਸੀ। ਇਸ ਸਾਰੇ ਦੇ ਨਾਲ-ਨਾਲ ਉਹ ਇਕ ਲੇਖਕ ਵੀ ਸੀ। ਉਸ ਨੇ ਦੋ ਨਾਵਲ ‘ਪ੍ਰੇਮ ਲਗਨ’ ਅਤੇ ‘ਬਾਬਾ ਤੇਗ਼ਾ ਸਿੰਘ’ ਲਿਖੇ ਸਨ। ਉਸ ਦੀਆਂ ਲੇਖਾਂ ਦੀਆਂ ਕਿਤਾਬਾਂ ‘ਕਿਉ ਵਰਣੀ ਕਿਵ ਜਾਣਾ’ ‘ਪਿਰਮ ਪਿਆਲਾ’ ਵਗ਼ੈਰਾ ਅੱਜ ਵੀ ਓਨੀ ਹੀ ਕੀਮਤ ਰਖਦੀਆਂ ਹਨ ਜਿੰਨੀਆਂ 50 ਸਾਲ ਪਹਿਲਾਂ। ਉਸ ਨੇ ‘ਗ੍ਰਹਿਸਤ ਧਰਮ ਸਿਖਿਆ’ ਕਿਤਾਬ ਲਿਖ ਕੇ ਪਤੀ-ਪਤਨੀ ਦੇ ਰਿਸ਼ਤੇ ਦੀ ਗੰਢ ਨੂੰ ਪੀਡਿਆਂ ਕਰਨ ਦੇ ਗੁਰ ਸਮਝਾਏ; ਉਸ ਨੇ ਆਪਣੀ ਜੀਵਨੀ ‘ਮੇਰੀ ਯਾਦ’ ਵੀ ਲਿਖੀ ਸੀ; ਉਸ ਨੇ ਇਕ ਸਫ਼ਰਨਾਮਾ ਵੀ ਲਿਖਿਆਂ ਸੀ; ਉਸ ਨੇ ਦਰਜਨਾਂ ਟ੍ਰੈਕਟ ਤੇ ਸੈਂਕੜੇ ਲੇਖ ਵੀ ਲਿਖੇ।

ਤਵਾਰੀਖ਼ ਅਤੇ ਸਿੱਖ ਆਗੂਆਂ ਨੇ ਮਾਸਟਰ ਤਾਰਾ ਸਿੰਘ ਨਾਲ ਇਨਸਾਫ਼ ਨਹੀਂ ਕੀਤਾ। ਇਹ ਠੀਕ ਹੈ ਕਿ ਕੁਝ ਸਿੱਖ ਆਗੂਆਂ ਦੀਆਂ ਕੋਸ਼ਿਸ਼ਾਂ ਨਾਲ ਮਾਸਟਰ ਤਾਰਾ ਸਿੰਘ ਦਾ ਬੁੱਤ ਦਿੱਲੀ ਵਿਚ ਰਕਾਬ ਗੰਜ ਗੁਰਦੁਆਰਾ ਦੇ ਬਾਹਰ ਅਤੇ ਉਨ੍ਹਾਂ ਦੀ ਤਸਵੀਰ ਪਾਰਲੀਮੈਂਟ ਹਾਲ ਵਿਚ ਲੱਗੀਆਂ ਹੋਈਆਂ ਹਨ ਪਰ ਉਸ ਵਰਗੀ ਦੇਣ ਦੇਣ ਵਾਲੇ ਵਾਸਤੇ ਏਨਾ ਕੁਝ ਤੁੱਛ ਹੈ। ਮਾਸਟਰ ਤਾਰਾ ਸਿੰਘ ਦੇ ਨਾਂ ’ਤੇ ਇਕ ਯੁਨੀਵਰਸਿਟੀ ਬਣਾਈ ਜਾਣੀ ਚਾਹੀਦੀ ਹੈ, ਉਸ ਦੇ ਨਾਂ ’ਤੇ ਇਕ ਹਵਾਈ ਅੱਡੇ ਦਾ ਨਾਂ ਰੱਖਿਆ ਜਾਣਾ ਚਾਹੀਦਾ ਹੈ। ਪਾਕਿਸਤਾਨ ਦੀ ਸਰਹੱਦ ’ਤੇ ਮਾਸਟਰ ਤਾਰਾ ਸਿੰਘ ਦਾ ਬੁੱਤ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਮੁਲਕ ਵਿਚ ਆਉਣ ਵਾਲੇ ਨੂੰ ਤਾ ਲੱਗੇ ਕਿ ਇਹ ਸਰਹੱਦ ਸਤਲੁਜ ਤਕ ਬਣਨ ਦੀ ਥਾਂ ’ਤੇ ਵਾਹਗੇ ਤਕ ਕਿਸ ਨੇ ਬਣਵਾਈ ਸੀ। ਪਿਛਲੇ ਕੁਝ ਸਾਲਾਂ ਤੋਂ ਸਿੱਖ ਦੁਸ਼ਮਣ ਤਾਕਤਾਂ ਨੇ ਮਾਟਰ ਤਾਰਾ ਸਿੰਘ ਦੇ ਖ਼ਿਲਾਫ਼ ਘਿਣਾਉਣਾ ਪਰਚਾਰ ਸ਼ੁਰੂ ਕੀਤਾ ਹੋਇਆ ਹੈ ਕਿ 1947 ਵਿਚ ਖਾਲਿਸਤਾਨ ਮਿਲਦਾ ਸੀ ਪਰ ਮਾਸਟਰ ਤਾਰਾ ਸਿੰਘ ਨੇ ਨਹੀਂ ਲਿਆ। ਦੂਜਾ ਇਹ ਕਿ 1936 ਵਿਚ ਡਾ: ਅੰਬੇਦਕਰ ਕਰੋੜਾਂ ਦਲਿਤਾਂ ਸਣੇ ਸਿੱਖ ਬਣਨਾ ਚਾਹੁੰਦੇ ਸਨ ਪਰ ਮਾਸਟਰ ਤਾਰਾ ਸਿੰਘ ਨੇ ਸਾਜ਼ਸ਼ ਕਰ ਕੇ ਇਸ ਵਿਚ ਰੁਕਾਵਟ ਪਾਈ ਸੀ। ਤੀਜਾ ਇਹ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਬਣਾਉਣ ਵਾਲਿਆਂ ਵਿਚ ਮਾਸਟਰ ਤਾਰਾ ਸਿੰਘ ਸ਼ਾਮਿਲ ਸੀ। ਇਹ ਤਿੰਨੇ ਪਰਚਾਰ ਕੋਰਾ ਝੂਠ ਤੇ ਕੁਫ਼ਰ ਹਨ। ਇਸ ਪਰਚਾਰ ਪਿੱਛੇ ‘ਥਰਡ ਏਜੰਸੀ’ ਅਤੇ ਆਰ.ਐਸ. ਐਸ. ਦਾ ਰੋਲ ਹੈ।

1962: ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ
24 ਜੂਨ 1962 ਦੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕਾਇਮ ਹੋਈ। ਇਸ ਦਾ ਮੁਖ ਮਕਸਦ ਪੰਜਾਬੀ ਜ਼ਬਾਨ ਦਾ ਪ੍ਰਚਾਰ ਤੇ ਵਿਕਾਸ ਕਰਨਾ ਅਤੇ ਪੰਜਾਬ ਦੀ ਤਵਾਰੀਖ਼ ਸਬੰਧੀ ਖੋਜ ਕਰਵਾਉਣਾ ਸੀ। ਮਗਰੋਂ ਇਸ ਨਾਲ ਕੁਝ ਜ਼ਿਲ੍ਹਿਆਂ ਦੇ ਕਾਲਜ ਵੀ ਜੋੜ ਦਿੱਤੇ ਗਏ।

1985: ਕਨਿਸ਼ਕ ਜਹਾਜ਼ ਦੇ ਬੰਬ ਧਮਾਕੇ ਸਬੰਧੀ ਗ੍ਰਿਫ਼ਤਾਰੀਆਂ
ਬੀਤੇ ਦਿਨ ਹੋਏ ਏਅਰ ਇੰਡੀਆਂ ਦੇ ਕਨਿਸ਼ਕ ਜਹਾਜ਼ ਦੇ ਬੰਬ ਧਮਾਕੇ ਸਬੰਧੀ 24 ਜੂਨ 1985 ਦੇ ਦਿਨ ਕਨੇਡਾ ਵਿਚ ਜਥੇਦਾਰ ਤਲਵਿੰਦਰ ਸਿੰਘ, ਰਾਮਪਾਲ ਸਿੰਘ, ਸਰਮੁਖ ਸਿੰਘ, ਸਾਧੂ ਸਿੰਘ, ਅਜਾਇਬ ਸਿੰਘ, ਦਲਜੀਤ ਸਿੰਘ ਤੇ ਤੇਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ (ਪਰ ਮਗਰੋਂ ਸਬੂਤ ਨਾ ਮਿਲਣ ਕਰ ਕੇ ਛੱਡ ਦਿੱਤਾ ਗਿਆ)।

1986: ਗੁਰਮੇਜ ਸਿੰਘ ਗੇਜਾ, ਰਣਜੀਤ ਸਿੰਘ ਬਾਬਾ, ਮੱਖਣ ਸਿੰਘ ਚਿੱਟੀ, ਹਰਦੀਪ ਸਿੰਘ ਪਾਰੋਵਾਲ ਨਕਲੀ ਮੁਕਾਬਲਿਆਂ ਵਿਚ ਸ਼ਹੀਦ
24 ਜੂਨ 1986 ਦੇ ਦਿਨ ਸੀ.ਆਰ.ਪੀ.ਐਫ਼. ਨੇ ਗੁਰਮੇਜ ਸਿੰਘ ਗੇਜਾ, ਗੁਰਮੇਜ ਸਿੰਘ ਧਾਲੀਵਾਲ, ਰਣਜੀਤ ਸਿੰਘ ਬਾਬਾ ਦਿਆਲਗੜ੍ਹ ਤੇ ਮੱਖਣ ਸਿੰਘ ਚਿੱਟੀ ਨੂੰ ਬਟਾਲਾ ਕੋਲ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ। ਸੀ.ਆਰ.ਪੀ. ਹਿੰਦੂ ਦਹਿਸ਼ਤਗਰਦਾਂ ਦੀ ਹਦਾਇਤ ’ਤੇ ਚਲ ਰਹੀ ਸੀ। ਇਸੇ ਦਿਨ ਪੰਜਾਬ ਪੁਲਸ ਨੇ ਹਰਦੀਪ ਸਿੰਘ (ਪੁੱਤਰ ਹਰਬੰਸ ਸਿੰਘ, ਵਾਸੀ ਪਾਰੋਵਾਲ, ਜ਼ਿਲ੍ਹਾ ਗੁਰਦਾਸਪੁਰ) ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।

1989: ਰਵਿੰਦਰਜੀਤ ਸਿੰਘ ਪੱਪੂ ਬਿਨਪਾਲਕੇ, ਰਛਪਾਲ ਸਿੰਘ ਘੁੱਕ ਨਾਰਲੀ, ਸੁਰਜੀਤ ਸਿੰਘ ਪੂਹਲਾ ਕੋਟਲਾ ਸਦਰ ਤੇ ਸੁਰਜੀਤ ਸਿੰਘ ਘੈਂਟ ਫਿਰੋਜਪੁਰ ਨਕਲੀ ਮੁਕਾਬਲਿਆਂ ਵਿਚ ਸ਼ਹੀਦ
1990: ਲਖਵਿੰਦਰ ਸਿੰਘ ਫੌਜੀ ਚੀਮੇ ਕਲਾ ਸ਼ਹੀਦ
24 ਜੂਨ 1992 ਦੇ ਦਿਨ ਪੰਜਾਬ ਪੁਲਸ ਨੇ ਪੀੌਲੀਭੀਤ ਵਿਚ ਜਾ ਕੇ ਲਖਵਿੰਦਰ ਸਿੰਘ ਫੌਜੀ (ਵਾਸੀ ਚੀਮੇ ਕਲਾ, ਅੰਮ੍ਰਿਤਸਰ) ਨੂੰ ਸ਼ਹੀਦ ਕਰ ਦਿੱਤਾ।

1992: ਸੁਖਵਿੰਦਰ ਸਿੰਘ ਮਸਾਣੀ, ਜੰਗ ਸਿੰਘ ਨਾਥੇਵਾਲਾ ਤੇ ਲਖਵਿੰਦਰ ਸਿੰਘ ਨਕਲੀ ਮੁਕਾਬਲਿਆਂ ਵਿਚ ਸ਼ਹੀਦ
24 ਜੂਨ 1992 ਦੇ ਦਿਨ ਪੰਜਾਬ ਪੁਲਸ ਨੇ ਸੁਖਵਿੰਦਰ ਸਿੰਘ (ਪੁੱਤਰ ਰਣਧੀਰ ਸਿੰਘ, ਵਾਸੀ ਮਸਾਣੀ, ਨੇੜੇ ਨਾਦਮਪੁਰ, ਜ਼ਿਲ੍ਹਾ ਸੰਗਰੂਰ), ਜੰਗ ਸਿੰਘ (ਪੁੱਤਰ ਆਤਮਾ ਸਿੰਘ, ਵਾਸੀ ਨਾਥੇਵਾਲਾ, ਜ਼ਿਲ੍ਹਾ ਮੋਗਾ) ਤੇ ਲਖਵਿੰਦਰ ਸਿੰਘ (ਪੁੱਤਰ ਜਸਵਿੰਦਰ ਸਿੰਘ, ਵਾਸੀ ਸੁਲਤਾਨਵਿੰਡ ਗੇਟ ਅੰਮ੍ਰਿਤਸਰ) ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।

1993: ਇਕਬਾਲ ਸਿੰਘ ਬਾਘਾ ਨਕਲੀ ਮੁਕਾਬਲੇ ਵਿਚ ਸ਼ਹੀਦ
24 ਜੂਨ 1993 ਦੇ ਦਿਨ ਪੁਲਸ ਨੇ ਇਕਬਾਲ ਸਿੰਘ (ਪੁੱਤਰ ਬਚਿੰਤ ਸਿੰਘ, ਵਾਸੀ ਪਿੰਡ ਬਾਘਾ, ਨੇੜੇ ਗੜ੍ਹਦੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।

2009: ਕੇ.ਪੀ. ਗੱਲ ਨੂੰ ਬਾਦਲ ਦਲ ਦੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਸਿਰੋਪਾਓ ਭੇਟ
ਹਜ਼ਾਰਾਂ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਵਿਚ ਕਤਲ ਕਰਨ ਵਾਲੇ ਡੀ.ਜੀ.ਪੀ. ਕੇ.ਪੀ. ਗੱਲ ਨੂੰ ਬਾਦਲ ਅਕਾਲੀ ਦਲ ਦੇ ਮੁਖੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸਿਰੋਪਾਓ ਭੇਟ ਕੀਤਾ।

(ਡਾ. ਹਰਜਿੰਦਰ ਸਿੰਘ ਦਿਲਗੀਰ)