ਅਖੌਤੀ ਦਸਮ ਗ੍ਰੰਥ ਦਾ ਸੱਚੋ-ਸੱਚ
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋਣ ਦੀ ਚੌਥੀ ਸ਼ਤਾਬਦੀ ਸਤੰਬਰ 2004 ਵਿਚ ਮਨਾਈ ਗਈ; ਗੁਰੂ ਗ੍ਰੰਥ ਸਾਹਿਬ ਨੂੰ ਗੁਰੂਗੱਦੀ ਦੀ ਤੀਜੀ ਸ਼ਤਾਬਦੀ ਅਕਤੂਬਰ 2008 ਵਿਚ ਮਨਾਈ ਜਾਣੀ ਸੀ। ਇਨ੍ਹਾਂ ਦੋਹਾਂ ਸ਼ਤਾਬਦੀਆਂ ਦੇ ਅਸਰ ਨੂੰ ਖ਼ਤਮ ਕਰਨ ਵਾਸਤੇ ਸਿੱਖ ਦੁਸ਼ਮਣ ਤਾਕਤਾਂ, ਖ਼ਾਸ ਕਰ ਕੇ ਆਰ.ਐਸ.ਐਸ., ਉਦਾਸੀ ਤੇ ਨਿਰਮਲੇ ਡੇਰੇਦਾਰਾਂ, ਸਾਧਾਂ, ਰਾਧਾਸੁਆਮੀਆਂ, ਨਿਰੰਕਾਰੀਆਂ, ਨਾਮਧਾਰੀਆਂ, ਸੁੱਖਾ ਪੀਣ ਵਾਲੇ ਨਿਹੰਗਾਂ ਅਤੇ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕਰਨ ਵਾਲੇ ਟੋਲਿਆਂ ਨੇ ਇਕੱਲਿਆਂ ਵੀ ਅਤੇ ਸਾਂਝੇ ਤੌਰ ‘ਤੇ ਹਰਕਤਾਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਅਦਬ ਘਟਾਇਆ ਜਾਵੇ। ਇਸ ਸਬੰਧੀ ਸਭ ਤੋਂ ਵੱਡੀ ਸਾਜ਼ਸ਼ ਸੀ ਅਖੌਤੀ ਦਸਮ ਗ੍ਰੰਥ ਨੂੰ ਕਾਇਮ ਕਰਨਾ। ਇਹ ਕਿਤਾਬ ਸਾਕਤ ਮਤ ਦੀਆਂ ਅਤੇ ਹਿੰਦੂ ਮਿਥਹਾਸ ਅਤੇ ਗਲਪ ਰਚਨਾਵਾਂ ਦਾ ਮਿਲਗੋਭਾ ਹੈ; ਇਸ ਦਾ ਮੁਖ ਹਿੱਸਾ1785 ਵਿਚ ਪਟਨਾ ਸਾਹਿਬ ਦੇ ਗ੍ਰੰਥੀ ਸੁੱਖਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੇ ਤਿਆਰ ਕੀਾ ਸੀ ਪਰ ਇਸ ਦਾ ਪ੍ਰਚਾਰ 1880 ਤੋਂ ਮਗਰੋਂ ਹੀ ਸ਼ੁਰੂ ਹੋਇਆ ਸੀ। 2006 ਵਿਚ ਸਿੱਖ ਦੁਸ਼ਮਣ ਟੋਲਿਆ ਨੇ ਇਸ ਕਿਤਾਬ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਰਨ ਦਾ ਪਾਪ ਕਰਨ ਦਾ ਐਲਾਨ ਕੀਤਾ ਅਤੇ 11 ਤੋਂ 13 ਨਵੰਬਰ 2006 ਦੇ ਦਿਨ ਦਿਆਲਪੁਰਾ ਭਾਈ ਕਾ (ਜ਼ਿਲ੍ਹਾ ਬਠਿੰਡਾ) ਵਿਚ ਸਮਾਗਮ ਵੀ ਰੱਖ ਦਿੱਤਾ।
ਇਸ ਬਾਰੇ ਖ਼ਬਰ ਛਪਣ ਦੇ ਨਾਲ ਸਾਰੇ ਪਾਸੇ ਤੂਫ਼ਾਨ ਉਠਿਆ; ਲੋਕ ਜਾਗਰੂਕ ਹੋਏ ਅਤੇ ਅਖੌਤੀ ਦਸਮ ਗ੍ਰੰਥ ਦੇ ਖ਼ਿਲਾਫ਼ ਸਾਰੇ ਸੱਚੇ ਸਿੱਖ ਉਠ ਖੜ੍ਹੇ ਹੋਏ। ਸਾਧ ਟੋਲੇ ਨੇ 11 ਤੋਂ 13 ਨਵੰਬਰ 2006 ਦੇ ਦਿਨ ਦਿਆਲਪੁਰਾ ਭਾਈ ਕਾ (ਜ਼ਿਲ੍ਹਾ ਬਠਿੰਡਾ) ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਖੌਤੀ ਦਸਮਗ੍ਰੰਥ ਦਾ ਪ੍ਰਕਾਸ਼ ਕੀਤਾ ਅਤੇ 13 ਨੂੰ ਭੋਗ ਪਾਇਆ। ਇਸ ਕੁਫ਼ਰ ਮੇਲੇ ਵਿਚ ਸਾਧ ਟੋਲਾ ਅਤੇ ਪੁਜਾਰੀ ਤਾਂ ਪੁੱਜੇ ਪਰ ਸਿੱਖ ਸੰਗਤਾਂ ਨੇ ਇਸ ਕੂੜ ਇਕੱਠ ਦਾ ਬਾਈਕਾਟ ਕੀਤਾ।
ਦਸਮ ਗ੍ਰੰਥ ਦੁਨੀਆਂ ਭਰ ਦੀ ਧਾਰਮਿਕ ਤਵਾਰੀਖ਼ ਵਿਚ ਸਭ ਤੋਂ ਵੱਡਾ ਪਾਪ ਹੈ
ਅਖੌਤੀ ਦਸਮ ਗ੍ਰੰਥ 1428 ਸਫ਼ੇ ਦੀ ਕਿਤਾਬ ਹੈ, ਜਿਸ ਵਿਚ ਹੇਠ ਲਿਖੀਆਂ ਕਵਿਤਾਵਾਂ ਸ਼ਾਮਿਲ ਹਨ:
- ਚੰਡੀ/ਦੁਰਗਾ/ਭਗਵਤੀ ਦੀ ਸਿਫ਼ਤ ਵਿਚ3 ਵਾਰਾਂ (74-127 ਤਕ, 54 ਸਫ਼ੇ)
- ਹਿੰਦੂ ਅਵਤਾਰਾਂ ਦੀਆਂ ਸਿਫ਼ਤਾਂ, ਕ੍ਰਿਸ਼ਨ ਅਵਤਾਰ, ਰਾਮ ਅਵਤਾਰ, ਚੌਬੀਸ ਅਵਤਾਰ (155-709, 555 ਸਫ਼ੇ; ਇਸ ਦਾ ਤਕਰੀਬਨ ਵਿਚ ਤਾਂ 60% ਕ੍ਰਿਸ਼ਨ ਦੀਆਂ ਸਿਫ਼ਤਾਂ ਦੱਸੀਆਂ ਹਨ)। ਯਾਨਿ(54+555) 609 ਸਫ਼ਿਆਂ ਵਿਚ ਕਾਲਪਨਿਕ ਹਿੰਦੂ ਅਵਤਾਰਾਂ, ਦੇਵੀ-ਦੇਵਤਿਆਂ ਦੀਆਂ ਕਹਾਣੀਆਂ ਹਨ ਤੇ ਉਨ੍ਹਾਂ ਦੇ ਕਾਰਨਾਮਿਆਂ ਅਤੇ ਤਾਕਤ ਦੀਆਂ ਸਿਫ਼ਤਾਂ ਕੀਤੀਆਂ ਗਈਆਂ ਹਨ।
- ਸ਼ਸਤ੍ਰ ਨਾਮ ਮਾਲਾ (717-808, 92 ਸਫ਼ੇ) ਵਿਚ ਪੁਰਾਣੇ ਜ਼ਮਾਨੇ ਦੇ ਸ਼ਸਤਰਾਂ ਦੀਆਂ ਸਿਫ਼ਤਾਂ ਹਨ।
- ਚਰਿਤਰੋਪਾਖਯਾਨ(809-1388, 580 ਸਫ਼ੇ)+ਹਕਾਇਤਾਂ (1394-1428, 35 ਸਫ਼ੇ), ਕੁਲ 615 ਸਫ਼ੇ ਹਨ, ਯਾਨਿ ਕੰਜਰ ਔਰਤਾਂ ਦੀਆਂ ਕਹਾਣੀਆਂ।
- ਬਚਿਤਰ ਨਾਟਕ (39-73, 35 ਸਫ਼ੇ), ਜਿਸ ਵਿਚ ਪਹਿਲਾ ਅੱਧਾ ਹਿੱਸਾ ਮਿਥਹਾਸਕ ਗੱਪਾਂ ਤੇ ਦੂਜਾ ਅੱਧਾ ਹਿੱਸਾ 1688 ਤੋਂ 1696 ਤਕ ਲੜਾਈਆਂ (ਭੰਗਾਣੀ ਤੋਂ ਅਨੰਦਪੁਰ) ਦੀਆਂ ਘਟਨਾਵਾਂ ਹਨ। ਪਹਿਲੇ ਤੇ ਦੂਜੇ ਹਿੱਸੇ ਦਾ ਆਪਸ ਵਿਚ ਕੋਈ ਲਿੰਕ ਨਹੀਂ ਬਣਦਾ।
- ਫੁਟਕਲ(709-712, 4 ਸਫ਼ੇ), ਜ਼ਫ਼ਰਨਾਮਾ (1389-94, 6 ਸਫ਼ੇ),
- ਜਾਪੁ, ਸਵੈਯੇ, ਅਕਾਲ ਉਸਤਤ (1-38, 38 ਸਫ਼ੇ).
ਇਨ੍ਹਾਂ ਵਿਚੋਂ ਇਕ ਵੀ ਰਚਨਾ ਅਜਿਹੀ ਨਹੀਂ ਜਿਸ ਵਿਚ ‘ਨਾਨਕ’ ਕਾਵਿ ਛਾਪ, ਜੋ ਗੁਰੂ ਗ੍ਰੰਥ ਸਾਹਿਬ ਵਿਚ ਤਕਰੀਬਨ ਹਰ ਸ਼ਬਦ ਵਿਚ ਹੈ। ਇਹ ਮੁਮਕਿਨ ਹੈ ਕਿ ਕਿਸੇ ਇਕ ਅੱਧ ਸ਼ਬਦ ਵਿਚ ‘ਨਾਨਕ’ ਕਾਵਿ ਛਾਪ ਰਹਿ ਸਕਦੀ ਸੀ, ਪਰ ਇਸ ਦਾ ਦਸਮਗ੍ਰੰਥ ਦੇ ਸਾਰੇ 1428 ਸਫ਼ਿਆਂ ਵਿਚੋਂ ਬਿਲਕੁਲ ਹੀ ਗ਼ਾਿੲਬ ਹੋਣਾ ਇਹ ਸਾਬਿਤ ਕਰਦਾ ਹੈ ਕਿ ਜਾਂ ਤਾਂ ਇਹ ਗੁਰੂ ਰਚਨਾ ਨਹੀਂ ਤੇ ਜਾਂ ਫਿਰ ਇਸ ਦਾ ਲੇਖਕ ਨੌਂ ਗੁਰੂ ਸਾਹਿਬਾਨ ਤੋਂ ਵਖਰੇ ਮਤ, ਵਖਰੀ ਸੋਚ ਦਾ ਹੈ ਤੇ ਉਹ ਪਹਿਲੇ ਨੌਂ ਗੁਰੂਆਂ ਦਾ ਰਸਤਾ ਸਹੀ ਨਹੀਂ ਸਮਝਦਾ; ਯਾਨਿ ਉਸ ਨੇ ਕੋਈ ਨਵਾਂ ਧਰਮ ਚਲਾਇਆ ਸੀ।
(ੳ).ਇਸ ਦਸਮਗ੍ਰੰਥ ਨਾਂ ਦੀ ਕਿਤਾਬ ਵਿਚ 609 ਸਫ਼ੇ ਕਾਲਪਨਿਕ ਹਿੰਦੂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਨਾਲ ਭਰੇ ਪਏ ਹਨ (ਤੇ ਬਚਿਤਰ ਨਾਟਕ ਦੇ ਪਹਿਲੇ 20 ਸਫ਼ੇ ਵੀ ਹਿੰਦੂ ਮਿਥਹਾਸ ਦੀਆਂ ਗੱਪਾਂ ਦੀਆਂ ਕਹਾਣੀਆਂ ਹਨ)। ਇਹ ਸਿੱਖਾਂ ਨੂੰ ਹਿੰਦੂ ਮਿਥਹਾਸ ਨਾਲ ਜੋੜਨ ਤੇ ਉਸ ਦਾ ਅੰਗ ਬਣਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ। ਫਿਰ ਇਹ ਵੀ ਦਲੀਲ ਦਿੱਤੀ ਗਈ ਕਿ ਇਹ ਇਹ ਅਵਤਾਰਾਂ ਦੀਆਂ ਕਹਾਣੀਆਂ, ਅਤੇ ਦੁਰਗਾ ਦੀ ਵਾਰ ਦੀਆਂ ਤਿੰਨ ਲਿਖਤਾਂ, ਪੁਰਾਣੀਆਂ ਮਿਥਹਾਸਕ ਕਿਤਾਬਾਂ ਦੇ ਤਰਜਮੇ (ਅਨੁਵਾਦ) ਹਨ।ਕੀ ਗੁਰੂ ਗੋਬਿੰਦ ਸਿੰਘ ਟਰਾਂਸਲੇਟਰ (ਅਨੁਵਾਦਕ) ਸੀ ਜੋ ਹਿੰਦੂ ਮਿਥਹਾਸ ਦੀਆਂ ਕਾਲਪਨਿਕ ਤੇ ਗੱਪ ਕਹਾਣੀਆਂ ਦਾ ਤਰਜਮਾ ਕਰਦਾ ਫਿਰੇ? ਕੀ ਗੁਰੂੁ ਏਨਾ ਹੀ ਸਸਤਾ ਸੀ ਜੋ ਦੂਜੇ ਧਰਮਾਂ ਦੀਆਂ ਮਿਥਾਹਸਕ ਕਹਾਣੀਆਂ ਦਾ ਤਰਜਮਾ ਹੀ ਕਰਦਾ ਰਿਹਾ ਸੀ? ਕੀ ਮਿਥਹਾਸ ਤੇ ਗੱਪ ਕਹਾਣੀਆਂ ਦੇ ਤਰਜਮੇ ਕਿਸੇ ਧਰਮ ਦਾ ਗ੍ਰੰਥ ਹੋ ਸਕਦੀਆਂ ਹਨ?
ਫਿਰ, ਅਵਤਾਰਾਂ ਦੇ ਦੁਰਗਾ ਦੀਆਂ ਕਹਾਣੀਆਂ ਅਤੇ ਬਚਿਤਰ ਨਾਟਕ (ਅਖੌਤੀ ਜੀਵਨੀ) ਦੇ 609+20 ਸਫ਼ਿਆਂ ਵਿਚ ਹਿੰਦੂ ਮਿਥਹਾਸਕ ਪਾਤਰਾਂ ਦੀਆਂ ਕਹਾਣੀਆਂ, ਦੇਵੀ, ਵਿਸ਼ਨੂ, ਨਰਸਿੰਹ ਅਵਤਾਰ ਦੀ ਰੱਜ ਕੇ ਸਿਫ਼ਤ ਕੀਤੀ ਹੋਈ ਹੈ; ਪਰ ਕਿਸੇ ਗੁਰੂੁ ਦੀ ਸਿਫ਼ਤ ਵਿਚ ਚਾਰ ਲਫ਼ਜ਼ ਵੀ ਨਹੀਂ ਲਿਖੇ ਹੋਏ। ਪਹਿਲੇ ਨੌ ਗੁਰੂਆਂ ਦੇ ਕਾਰਨਾਮਿਆਂ ਜਾਂ ਦੀ ਦੇਣ ਦਾ ਜ਼ਰਾ ਮਾਸਾ ਵੀ ਜ਼ਿਕਰ ਤਕ ਨਹੀਂ ਹੈ। ਸਾਰੇ ‘ਬਚਿਤਰ ਨਾਟਕ’ ਵਿਚ ਗੁਰੂੁ ਨਾਨਕ ਸਾਹਿਬ ਨੂੰ ਲਵ ਕੁਸ਼ ਦੀ ਔਲਾਦ ਸਾਬਿਤ ਕਰਨ ਦੇ ਹਵਾਲੇ ਅਤੇ9 ਗੁਰੂਆਂ ਨੂੰ ਸੋਢ ਬੰਸ ਨਾਲ ਸਬੰਧਤ ਕਰਨ ਦੇ ਹਵਾਲੇ ਤੋਂ ਸਿਵਾ ਕੁਝ ਵੀ ਨਹੀਂ ਹੈ।
(ਅ) ਚਰਿਤਰੋਪਾਖਯਾਨ ਤੇ ਹਕਾਇਤਾਂ ਦੇ615 ਸਫ਼ੇ ਅੱਯਾਸ਼ ਤੇ ਕੰਜਰ ਔਰਤਾਂ ਅਤੇ ਕੁਝ ਲੁੱਚੇ ਮਰਦਾਂ ਤੇ ਕੁਝ ਬੂਝੜ ਪਤੀਆਂ ਦੇ ਕਾਰਨਾਮਿਆਂ ਨਾਲ ਭਰੇ ਹੋਏ ਹਨ। (ਜੇ ਕਰ ਇਸ ਵਿਚਲੀ, ਬੀਜ ਮੰਤਰ ਦੇਣ ਵਾਲੀ ਅਨੂਪ ਕੌਰ ਦੀ ਕਹਾਣੀ ਮੰਨ ਲਈਏ, ਤਾਂ ਫਿਰ ਚਰਿਤਰੋਪਾਖਯਾਨ ਇਕ ਲਾਲਚੀ ਤੇ ਮੂਰਖ ਗੁਰੂ ਦੀ ਬੁਜ਼ਦਿਲੀ ਦੀ ਕਹਾਣੀ ਵੀ ਹੈ)।
(ੲ) ਸ਼ਸਤ੍ਰ ਨਾਮ ਮਾਲਾ ਦੇ92 ਸਫ਼ੇ ਪੁਰਾਣੇ ਹਥਿਆਰਾਂ ਦੀ ਤਫ਼ਸੀਲ ਬਾਰੇ ਹਨ। ਇਨ੍ਹਾਂ ਦਾ ਧਰਮ ਜਾਂ ਰੂਹਾਨੀਅਤ ਨਾਲ ਕੋਈ ਸਬੰਧ ਨਹੀਂ। ਇਹ ਤਾਂ ਇੰਞ ਹੈ ਜਿਵੇਂ ਕਿਸੇ ਅਜਾਇਬ ਘਰ ਜਾਂ ਚੰਬਲ ਘਾਟੀ ਵਿਚ ਕਿਸੇ ਹਥਿਆਰਾਂ ਦੀ ਹੱਟੀ ਦਾ ਸੂਚੀ ਪਤਰ ਹੋਵੇ।
ਸੋ, ਕੁਲ ਮਿਲਾ ਕੇ (609 + 615 + 20 + 92) 1346 ਸਫ਼ੇ, ਯਾਨਿ 96%, ਅਜਿਹੇ ਹਨ ਜਿਨ੍ਹਾਂ ਦਾ ਸਿੱਖ ਧਰਮ ਨਾਲ, ਰੂਹਾਨੀਅਤ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ।ਇਨ੍ਹਾਂ ਸਫ਼ਿਆਂ ਵਿਚ ਨਾ ਰੱਬ ਦੀ ਗੱਲ ਹੈ, ਨਾ ਗੁਰੂ ਦੀ, ਨਾ ਨਾਮ ਜਪਣ ਦੀ, ਨਾ ਧਰਮ ਦੀ, ਨਾ ਰੂਹਾਨੀਅਤ ਦੀ, ਨਾ ਸਦਾਚਾਰ ਦੀ । ਬਾਕੀ ਦੀਆਂ ਰਚਨਾਵਾਂ ਜਾਪੁ, ਸਵੈਯੇ, ਅਕਾਲ ਉਸਤਤ (1-38, 38 ਸਫ਼ੇ) ਵਿਚੋਂ ਜਾਪੁ ਸਾਹਿਬ ਵੀ ਮੁਸਲਾਮਨਾਂ ਵਾਂਙ ਰੱਬ ਦੇ ਨਾਂਵਾਂ ਦੀ ਲਿਸਟ ਹੈ; ਇਸ ਵਿਚ ਕੋਈ ਰੂਹਾਨੀਅਤ ਨਹੀਂ। ਸਵੈਯੇ ਵਧੇਰੇ ਕਰ ਕੇ ਸਾਕਤ ਮਤ ਦੀ ਰਚਨਾ ਜਾਪਦੇ ਹਨ। ਜਾਪੁ ਤੇ ਸਵੈਯੇ ਸ਼ਾਇਦ ਆਤਮਾ ਰਾਮ ਦੇ ਲਿਖੇ ਹਨ(ਗਿਆਨ ਪ੍ਰਬੋਧ ਦਾ ਲੇਖਕ ਵੀ ਉਹੀ ਹੈ)। ਅਕਾਲ ਉਸਤਤਿ ਵੀ ਨਕਲ ‘ਤੇ ਅਧਾਰਤ ਕਵਿਤਾ ਜਾਪਦੀ ਹੈ।
ਮੈਂ ਪਹਿਲਾਂ ਕੁਝ ਰਚਨਾਵਾਂ ਦਾ ਕੁਝ ਤਫ਼ਸੀਲ ਨਾਲ ਚਰਚਾ ਕਰਨਾ ਚਾਹਵਾਂਗਾ:
(1) ਬਚਿਤਰ ਨਾਟਕ
(ੳ) ਇਹ ਰਚਨਾ ਭੂਗੋਲਕ ਪੱਖੋਂ ਗ਼ਲਤ ਹੈ:
ਇਸ ਲਿਖਤ ਵਿਚ ਗੁਰੂ ਗੋਬਿੰਦ ਸਿੰਘ (ਦੇ ਅਖੌਤੀ ਪਹਿਲੇ ਰੂਪ) ਨੂੰ ਹੇਮਕੁੰਟ ਪਹਾੜ ਤੇ ਅਖੌਤੀ ਤਪੱਸਿਆ ਕਰਦੇ ਹੋਏ ਦੱਸਿਆ ਗਿਆ ਹੈ। ਸਵਾਲ ਹੈ ਕਿ ਕੀ ਹੇਮਕੁੰਟ ਪਹਾੜ ਸਵਰਗ ਵਿਚ ਹੈ ਜਾਂ ਧਰਤੀ’ਤੇ ਹੈ? ਜੇ ਸਵਰਗ ਹੈ ਤਾਂ ਫਿਰ ਸਵਰਗ ਉਤਰਾਂਚਲ ਸੂਬੇ ਦਾ ਹਿੱਸਾ ਹੈ ਤੇ ਉੱਥੇ ਰਹਿਣ ਵਾਲੇ ਸਾਰੇ ਲੋਕ ਸਵਰਗਾਂ ਵਿਚ ਹਨ। (ਖ਼ੈਰ ਚਲੋ ਇਸ ਲਿਖਤ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਇਹ ਤਾਂ ਲੱਭ ਦਿੱਤਾ ਕਿ ਰੱਬ ਕਿੱਥੇ ਨਿਵਾਸ ਕਰਦਾ ਹੈ)। ਪਰ ਫਿਰ ਸਵਾਲ ਉਠੇਗਾ ਕਿ ਕੀ ਸਵਰਗ ਏਹੋ ਜਿਹਾ ਹੁੰਦਾ ਹੈ? ਕਿਉਂਕਿ ਉਤਰਾਖੰਡ ਤਾਂ ਅਤੇ ਗ਼ਰੀਬੀ ਦਾ ਮਾਰਿਆ ਇਲਾਕਾ ਹੈ; ਅਤੇ ਕੁਦਰਤੀ ਆਫ਼ਤਾਂ ਅਕਸਰ ਉਥੇ ਤਬਾਹੀ ਲੈ ਆਉਂਦੀਆਂ ਹਨ ਤੇ ਹੇਮਕੁੰਟ (ਅਖੋਤੀ ਸਵਰਗ) ਵਿਚ ਗਏ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਪਰ, ਜੇ ਹੇਮਕੁੰਟ ਧਰਤੀ‘ਤੇ ਹੈ ਤਾਂ ਗੁਰੂ ਗੋਬਿੰਦ ਸਿੰਘ (ਦਾ ਅਖੌਤੀ ਪਹਿਲਾ ਰੂਪ) ਇਸੇ ਧਰਤੀ ਵਿਚ ਹੀ ਰਹਿੰਦਾ ਤੇ ਅਖੌਤੀ ਤਪੱਸਿਆ ਕਰਦਾ ਸੀ।
ਕੁਝ ਭੋਲੇ ਲੋਕ ਇਸ ਸਬੰਧੀ ਭਾਈ ਗੁਰਦਾਸ ਦਾ ਜ਼ਿਕਰ ਕਰਨਗੇ ਜਿਸ ਨੇ ਅਖੌਤੀ ਸਿੱਧਾਂ ਦਾ ਜ਼ਿਕਰ ਕਰਦਿਆਂ ਲਿਖਿਆ ਸੀ ਕਿ ਜਦ ਗੁਰੂ ਨਾਨਕ ਸਾਹਿਬ ਮਾਨਸਰੋਵਰ (ਕੈਲਾਸ਼) ਪਹਾੜ ’ਤੇ ਜਾ ਕੇ(ਜ਼ਿੰਮੇਵਾਰੀਆਂ ਤੋਂ ਡਰ ਕੇ ਭੱਜੇ ਹੋਏ) ਅਖੌਤੀ ਸਿੱਧਾਂ ਨੂੰ ਮਿਲਦੇ ਹਨ ਤਾਂ ਉਹ ਗੁਰੂ ਨਾਨਕ ਸਾਹਿਬ ਨੂੰ ‘ਮਾਤ ਲੋਕ’ ਦਾ ਹਾਲ ਪੁੱਛਦੇ ਹਨ। ਦਰਅਸਲ ਇਹ ਅਖੌਤੀ ਸਿੱਧ ਜੋਗੀ ਇਸ ਧਰਤੀ ’ਤੇ ਪਰਵਿਰਤੀ (ਗ੍ਰਹਿਸਤ) ਦੀ ਜ਼ਿੰਦਗੀ ਜਿਊਂਦੀ ਲੋਕਾਈ ਅਤੇ ਉਸ ਦੇ ਮਾਹੌਲ ਨੂੰ ‘ਮਾਤ ਲੋਕ’ ਕਹਿ ਰਹੇ ਹਨ ਕਿਉਂ ਕਿ ਉਹ ਆਪ ਦੁਨੀਆਂ ਛੱਡ ਕੇ ਨਿਰਵਰਤੀ (ਅਖੌਤੀ ਸੰਨਿਆਸ) ਦੀ ਜ਼ਿੰਦਗੀ ਅਪਣਾ ਚੁਕੇ ਹਨ ਅਤੇ ਉਹ ਉਨ੍ਹਾਂ ਜੰਗਲਾਂ ਤੇ ਪਹਾੜਾਂ, ਜਿਸ ਵਿਚ ਉਹ ਦੁਨੀਆਂ ਤੋਂ ਭੱਜ ਕੇ ਲੁਕ ਕੇ ਰਹਿ ਰਹੇ ਹਨ, ਉਸ ਇਲਾਕੇ ਨੂੰ ਉਹ ਇਲਾਕੇ ਨੂੰ ‘ਦੇਵ ਲੋਕ’ ਕਹਿੰਦੇ ਹਨ; ਉਹ ਕਿਸੇ ਅਖੌਤੀ ਸਵਰਗ ਵਗ਼ੈਰਾ ਵਿਚ ਨਹੀਂ ਬੈਠੇ ਸਨ। ਉਨ੍ਹਾਂ ਸਿੱਧ ਜੋਗੀਆਂ ਵਾਸਤੇ ਜੰਗਲ ਤੇ ਪਹਾੜ ‘ਮਾਤ ਲੋਕ’ ਤੋਂ ਵਖਰੇ, ਯਾਨਿ ਦੂਰ ਹਨ। ਜਦ ਗੁਰੂ ਨਾਨਕ ਸਾਹਿਬ ਉਨ੍ਹਾਂ ਨੂੰ ਮਿਲਦੇ ਹਨ ਤਾਂ ਉਸ ਅਖੌਤੀ ‘ਦੇਵ ਲੋਕ’ ਵਿਚ, ਗੁਰੂ ਸਾਹਿਬ ਅਤੇ ਅਖੌਤੀ ਸਿੱਧ, ਦੋਵੇਂ ਹੀ ਇਨਸਾਨੀ ਜਾਮੇ ਵਿਚ ਹਨ। ਦੂਜੇ ਪਾਸੇ ਬਚਿਤਰ ਨਾਟਕ ਦੇ ‘ਰੱਬ’ ਅਤੇ ਜਨਮ ਤੋਂ ਪਹਿਲਾਂ ਦਾ ‘ਗੁਰੂ ਗੋਬਿੰਦ ਸਿੰਘ’ ਦਾ ਅਖੌਤੀ ਰੂਪ ਵੱਖ-ਵੱਖ ਵਜੂਦ ਹਨ।ਸੋ ਸਿੱਧਾਂ ਦਾ ਅਤੇ ਬਚਿਤਰ ਨਾਟਕ ਦਾ ਅਖੌਤੀ ‘ਮਾਤ ਲੋਕ’ ਵੱਖ-ਵੱਖ ਹਨ। ਉਂਞ ਬਚਿਤਰ ਨਾਟਕ ਵਿਚ ਇਹ ਵੀ ਸਪਸ਼ਟ ਨਹੀਂ ਕਿ ਗੁਰੂ ਸਾਹਿਬ ਹੇਮਕੁੰਟ ਪਹਾੜ ’ਤੇ (ਅਖੌਤੀ ਪਹਿਲੇ ਰੂਪ ਵਿਚ) ਇਨਸਾਨ ਸਨ ਕਿ ਭਟਕਦੀ ਰੂਹ ਕਿ ਭੂਤ ਸਨ।
ਬਚਿਤਰ ਨਾਟਕ ਵਿਚ ਰੱਬ ਦੇ ਰਹਿਣ ਦੀ ਥਾਂ ਨੂੰ ‘ਪ੍ਰਭ ਲੋਕ’ ਲਿਖਿਆ ਹੋਇਆ ਮਿਲਦਾ ਹੈ: “ਜਬ ਅਰਜੁਨ ‘ਪ੍ਰਭ ਲੋਕਿ’ ਸਿਧਾਏ”; ਇਸ ਹਿਸਾਬ ਨਾਲ ਹੇਮਕੁੰਟ ‘ਪ੍ਰਭ ਲੋਕ’ ਹੈ ਤੇ ਗੁਰੂ ਅਰਜਨ ਸਾਹਿਬ ਵੀ ਉਥੇ ਹੀ ਹਨ (ਤੇ ਬਾਕੀ ਦੇ ਗੁਰੂ ਵੀ)। ਸੋ, ਬਚਿਤਰ ਨਾਟਕ ਦਾ ਲੇਖਕ ਨਿਰਾ ਕਨਫ਼ਿਊਜ਼ਡ ਹੈ; ਉਸ ਨੂੰ ਕੁਝ ਵੀ ਸਪਸ਼ਟ ਨਹੀਂ ਹੈ।
(ੳ) ਅਖੌਤੀ ਹੇਮ ਕੁੰਟ ਵਿਚ ਗੁਰੂ ਸਾਹਿਬ ਦਾ ਸਰੂਪ ਕੀ ਸੀ?
ਬਚਿਤ੍ਰ ਨਾਟਕ ਮੁਤਾਬਿਕ ਗੁਰੂ ਜੀ ਦੀ ਸੁਰਤ ਰਬ ਦੇ ਚਰਨਾਂ ਵਿਚ ਜੁੜੀ ਹੋਈ ਸੀ:
ਚਿਤ ਨਾ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸੁਤ ਪ੍ਰਭੁ ਚਰਨਨ ਮਹਿ॥
ਅਤੇ ਨਾਲ ਹੀ ਗੁਰੂ ਸਾਹਿਬ ਨੂੰ ਇਕ ਪਾਸੇ ਤਾਂ ਅਕਾਲ ਪੁਰਖ ਵਿਚ ਸਮਾਏ (ਦੋ ਤੇ ਇਕ ਰੂਪ ਹੋਏ) ਦੱਸਿਆ ਹੈ:
ਇਹ ਬਿਧ ਕਰਤ ਤਪੱਸਿਆ ਭਯੋ। ਦ੍ਵੈ ਤੇ ਏਕ ਰੂਪ ਹ੍ਵੈ ਗਯੋ॥
ਜੇ ਗੁਰੂ ਰੱਬ ਵਿਚ ਇਕ-ਮਿਕ ਹੋ ਚੁਕੇ ਸਨ, ਤਾਂ ਉਨ੍ਹਾਂ ਦੀ ਸੁਰਤ ਰਬ ਦੇ ਚਰਨਾਂ ਵਿਚ ਕਿਵੇਂ ਜੁੜੀ ਹੋਈ ਸੀ? ਉਨ੍ਹਾਂ ਦਾ ਤਾਂ ਵਜੂਦ ਰੱਬ ਵਿਚ ਸਮਾਅ ਚੁਕਾ ਸੀ। ਹਾਂ ਇਹ ਹੋ ਸਕਦਾ ਹੈ ਕਿ ਗੁਰੂ ਦੋ ਹੋਣ; ਇਸ ਜਿਸ ਵਿਚ ਗੁਰੂ ਸਮਾਅ ਚੁਕਾ ਸੀ ਤੇ ਦੂਜਾ ਜੋ ਅਜੇ ਤਪਸਿਆ ਕਰਦਾ ਸੀ। ਇਹ ਵੀ ਹੋ ਸਕਦਾ ਹੈ ਕਿ ਰੱਬ ਦੋ ਹੋਣ: ਇਕ ਜਿਸ ਵਿਚ ਗੁਰੂ ਸਮਾਇਆ ਹੋਇਆ ਹੈ ਤੇ ਦੂਜਾ ਉਹ ਜੋ ਗੁਰੂ ਨੂੰ ਹੇਮਕੁੰਟ ਤਪਂ ਬੁਲਾਉਂਦਾ ਹੈ, ਕਿਉਂ ਕਿ ਅੱਗੇ ਜਾ ਕੇ ਇਹ ਵੀ ਕਿਹਾ ਹੈ ਕਿ:
ਤਪ ਸਾਧਤ ਹਰਿ ਮੋਹਿ ਬੁਲਾਯੋ। ਇਮ ਕਹਿ ਕੇ ਇਹ ਲੋਕ ਪਠਾਯੋ॥
ਫਿਰ ਇਸ ਤੁਕ ਮੁਤਾਬਿਕ ਗੁਰੂ ਗੋਬਿੰਦ ਸਿੰਘ ਅਕਾਲ ਪੁਰ ਨਾਲ ਇਕ-ਮਿਕ ਨਹੀਂ ਸਨ ਅਤੇ ਗੁਰੂ ਸਾਹਿਬ ਦਾ ਸਰੂਪ ਕਿਤੇ ਹੋਰ ਹਾਜ਼ਰ ਸੀ ਤੇ ਰੱਬ ਨੇ ਉਨ੍ਹਾਂ ਨੂੰ ਉਥੋਂ ਆਪਣੇ ਕੋਲ ਬੁਲਾ ਕੇ ਮਾਤ ਲੋਕ ਵਿਚ (ਇਸ ਦੁਨੀਆਂ ’ਤੇ) ਭੇਜਿਆ। ਬਚਿਤਰ ਨਾਟਕ ਦਾ ਲੇਖਕ ਇਸ ਨੁਕਤੇ ਤੇ ਵੀ ਉਲਝਿਆ ਨਜ਼ਰ ਆਉਂਦਾ ਹੈ; ਇਸ ਹਿਸਾਬ ਨਾਲ ਜਾਂ ਤਾਂ ਰੱਬ ਤੋਂ ਗੁਰੂ ਸਾਹਿਬ ਦੀ ਅਖੌਤੀ ਤਪੱਸਿਆ ਦੀ ਥਾਂ ਦੂਰ ਸੀ (ਜਿੱਥੋਂ ਉਨ੍ਹਾਂ ਨੂੰ ‘ਬੁਲਾਇਆ’ ਗਿਆ) ਅਤੇ ਜੇ ਫਿਰ ਰੱਬ ਹੇਮਕੁੰਟ ’ਤੇ ਹੀ ਸੀ ਤਾਂ ਫਿਰ ਹੇਮਕੁੰਟ, ਯਾਨਿ ਉਤਰਾਂਚਲ, ਨੂੰ ਰੱਬ ਦਾ ਦੇਸ਼ ਮੰਨਿਆ ਜਾਣਾ ਚਾਹੀਦਾ ਹੈ।
ਬਚਿਤਰ ਨਾਟਕ ਸਿੱਖ ਫ਼ਲਸਫ਼ੇ ਦੇ ਪੱਖੋਂ ਵੀ ਗ਼ਲਤ ਹੈ:
ਮੈਂ ਦਸ ਚੁਕਾ ਹਾਂ ਕਿ ਬਚਿਤਰ ਨਾਟਕ ਵਿਚ ਇਹ ਸਪਸ਼ਟ ਨਹੀਂ ਕਿ ਗੁਰੂ ਸਾਹਿਬ ਦਾ ਅਖੌਤੀ ਪਹਿਲਾ ਸਰੂਪ ਇਨਸਾਨੀ ਰੂਪ ਵਿਚ ਸੀ ਜਾਂ ਭਟਕ ਰਹੀ ਰੂਹ ਦੇ ਰੂਪ ਵਿਚ ਜਾਂ ਭੁਤ ਦੇ ਰੂਪ ਵਿਚ? ਹੁਣ ਇਸ ਸਵਾਲ ਨੂੰ ਸਿੱਖ ਫ਼ਲਸਫ਼ੇ ਮੁਤਾਬਿਕ ਵੇਖੀਏ; ਸਿੱਖ ਫ਼ਲਸਫ਼ੇ ਵਿਚ ਤਾਂ ਇਨਸਾਨ ਨੰ ਪੰਜ ਤੱਤਾਂ ਦਾ ਸਮੂਹ ਕਿਹਾ ਹੈ ਤੇ ਮੌਤ ਮਗਰੋਂ ਇਹ ਤੱਤ ਮੁਲ਼ ਤੱਤ ਵਿਚ ਸਮਾ ਜਾਂਦੇ ਹਨ; ਅਤੇ ‘ਜੋਤਿ’ ਵੀ ‘ਜੋਤਿ’ ਵਿਚ ਸਮਾ ਜਾਂਦੀ ਹੈ; ਇਸੇ ਕਰ ਕੇ ਅਸੀਂ ਮੌਤ ਨੂੰ ‘ਜੋਤੀ-ਜੋਤਿ ਸਮਾਉਣਾ’ ਕਹਿੰਦੇ ਹਾਂ। ਗੁਰੂਬਾਣੀ ਮੁਤਾਬਿਕ ਤਾਂ:
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥ (ਸਫ਼ਾ1427)
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥(ਸਫ਼ਾ 846)
ਪਵਨੈ ਮਹਿ ਪਵਨੁ ਸਮਾਇਆ ॥
ਜੋਤੀ ਮਹਿ ਜੋਤਿ ਰਲਿ ਜਾਇਆ ॥(ਸਫ਼ਾ 885)
ਜੇ ਗੁਰੂ ਸਾਹਿਬ ਦੇ ਪਹਿਲੇ ਜਿਸਮ ਦੀ ਗੱਲ ਕਰਦੇ ਹਾਂ ਤਾਂ ਜੇ ਸਿੱਖ ਫ਼ਲਸਫ਼ੇ ਮੁਤਾਬਿਕ ਤਾਂ ਉਨ੍ਹਾਂ ਦੇ ਜਿਸਮ ਦੇ ਪੰਜੇ ਤੱਤ ਆਪਣੇ ਤੱਤਾਂ ਦੇ ਮੂਲ ਵਿਚ ਸਮਾ ਚੁਕੇ ਹੋਣਗੇ ਅਤੇ ‘ਜੋਤਿ’ ਅਕਾਲ ਪੁਰਖ ਦੀ ‘ਜੋਤਿ’ ਵਿਚ ਰਲ ਚੁਕੀ ਹੋਵੇਗੀ ਤੇ ਫਿਰ ਅਖੌਤੀ ਹੇਮਕੁੰਟ ‘ਤੇ ਅਖੌਤੀ ਤਪੱਸਿਆ ਗੁਰੂ ਸਾਹਿਬ ਦਾ ਕਿਹੜਾ ਹਿੱਸਾ ਕਰ ਰਿਹਾ ਸੀ? ਕੀ ਗੁਰੂ ਸਾਹਿਬ ਨੂੰ ਪਿਛਲੇ ਅਖੌਤੀ ਜਨਮ ਵਿਚ ਅਖੌਤੀ ਮੁਕਤੀ ਨਹੀਂ ਸੀ ਮਿਲੀ ਤੇ ਉਨ੍ਹਾਂ ਦੇ ਵਜੂਦ ਦਾ ਕੁਝ ਹਿੱਸਾ ਅਜੇ ਭਟਕ ਰਿਹਾ ਸੀ?
ਫਿਰ ਜੇ ਇਹ ਮੰਨ ਲਈਏ ਕਿ ਗੁਰੂ ਜੀ ਪਿਛਲੇ ਜਨਮ ਦੇ ਖ਼ਤਮ ਹੋਣ ਮਗਰੋਂ ‘ਜੋਤੀ ਜੋਤਿ’ ਸਮਾ ਚੁਕੇ ਸਨ ਅਤੇ ‘ਦ੍ਵੈ ਤੇ ਏਕ ਰੂਪ ਹ੍ਵੈ ਗਯੋ’ ਸਨ ਤਾਂ ਫਿਰ ਉਹ ਅਕਾਲ ਪੁਰਖ ਨਾਲ ਗੱਲਾਂ ਕਿਵੇਂ ਕਰ ਸਕਦੇ ਸਨ ਕਿਉਂ ਕਿ ਫਿਰ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਵਖਰਾ ਵਜੂਦ ਕੋਈ ਨਹੀਂ ਸੀ ਰਿਹਾ ਅਤੇ ਉਹ ਆਪ ਹੀ ਅਕਾਲ ਪੁਰਖ ਦਾ ਹਿੱਸਾ ਬਣ ਚੁਕੇ ਸਨ? ਫਿਰ ਜਦ ਅਕਾਲ ਪੁਰਖ ਨੇ ਗੁਰੂ ਜੀ ਨੂੰ ‘ਮਾਤ ਲੋਕ’ ਵਿਚ ਜਾਣ ਵਾਸਤੇ ਕਿਹਾ ਤਾਂ ਇਸ ਦਾ ਮਤਲਬ ਹੈ ਕਿ ਅਕਾਲ ਪੁਰਖ ਆਪਣੇ ਆਪ ਨੂੰ ਹੀ ਕਹਿ ਰਿਹਾ ਹੋਵੇਗਾ ਕਿ ‘ਤੂੰ ਮਾਤ ਲੋਕ ਵਿਚ ਜਾ’ ਅਤੇ ਅਕਾਲ ਪੁਰਖ ਆਪ ਹੀ ਕਹਿ ਰਿਹਾ ਹੋਵੇਗਾ ਕਿ ‘ਮੈਂ ਮਾਤ ਲੋਕ ਵਿਚ ਨਹੀਂ ਜਾਣਾ ਚਾਹੁੰਦਾ’। ਇਸ ਨੁਕਤੇ ਤੋਂ ਵੀ ਬਚਿਤਰ ਨਾਟਕ ਦੇ ਲੇਖਕ ਕੋਲੋਂ ਇਹ ਸਾਰਾ ਘਾਲਾ-ਮਾਲਾ ਹੋ ਗਿਆ ਜਾਪਦਾ ਹੈ।
ਹਾਂ ਇੱਥੇ ਇਹ ਬਹਾਨਾ ਚਲ ਸਕਦਾ ਹੈ ਕਿ ਅਕਾਲ ਪੁਰਖ ਆਪਣੇ ਇਕ ਹਿੱਸੇ ਨੂੰ(ਜਾਂ ਆਪਣੇ ਆਪ ਨੂੰ) ‘ਮਾਤ ਲੋਕ’ ਨੂੰ ਭੇਜ ਰਿਹਾ ਸੀ, ਯਾਨਿ ਉਹ, ਗਰੂ ਗੋਬਿੰਦ ਸਿੰਘ ਦੇ ਰੂਪ ਵਿਚ, ‘ਮਾਤ ਲੋਕ’ ਵਿਚ ਆਪ ਆਇਆ ਸੀ; ਪਰ ਬਚਿਤਰ ਨਾਟਕ ਦੇ ਲਿਖਾਰੀ ਨੇ ਇਕ ਥਾਂ ਇਹ ਵੀ ਗੁਰੂ ਸਾਹਿਬ ਦੇ ਮੂੰਹੋਂ ਇਹ ਵੀ ਅਖਵਾਇਆ ਹੈ ਕਿ ‘ਜੋ ਮੈਨੂੰ ਰੱਬ ਸਮਝੇਗਾ ਉਹ ਨਰਕ ਕੁੰਡ ਵਿਚ ਪਵੇਗਾ’।
ਪਰ; ਸਿੱਖ ਫ਼ਲਸਫ਼ੇ ਮੁਤਾਬਿਕ ਰੱਬ ‘ਅਜੂਨੀ’ ਹੈ; ਉਹ ਇਸ ਧਰਤੀ’ਤੇ ਇਨਸਾਨੀ ਜਾਮੇ ਵਿਚ ਨਹੀਂ ਆਉਂਦਾ; ਅਤੇ ਜੋ ਸ਼ਖ਼ਸ ਵਾਹਿਗੁਰੂ ਦੇ ਯੋਨੀ (ਜੂਨੀ) ਰਾਹੀਂ ਆਉਣ ਦੀ ਗੱਲ ਕਰਦਾ ਹੈ ਗੁਰੂ ਸਾਹਿਬ ਤਾਂ ਉਸ ਜ਼ਬਾਨ ਨੂੰ ਸਾੜ ਦੇਣ ਦੀ ਗੱਲ ਕਹਿੰਦੇ ਹਨ:
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।
ਜਨਮਿ ਨ ਮਰੈ ਨ ਆਵੈ ਨ ਜਾਇ ॥
ਨਾਨਕ ਕਾ ਪ੍ਰਭੁ ਰਹਿਓ ਸਮਾਇ (ਸਫ਼ਾ 1136)
ਬਚਿਤਰ ਨਾਟਕ ਵਿਚ ਨੌਂ ਗੁਰੂਆਂ ਦੀ ਬੇਅਦਬੀ ਵੀ ਕੀਤੀ ਹੈ:
ਇਸ ਲਿਖਤ ਵਿਚ, ਗੁਰੂ ਨਾਨਕ ਤੋਂ ਗੁਰੂ ਤੇਗ਼ ਬਹਾਦਰ ਤਕ, ਨੌਂ ਗੁਰੂਆਂ ਨੂੰ ਦੋ ਪੱਖਾਂ ਤੋਂ ਗ਼ਲਤ ਕਿਹਾ ਹੋਇਆ ਹੈ। ਬਚਿਤਰ ਨਾਟਕ ਦਾ ਲੇਖਕ ਕਹਿੰਦਾ ਹੈ ਕਿ “ਰੱਬ ਨੂੰ ਸ਼ਿਕਵਾ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਜਿੰਨੇ ਵੀ ‘ਪਰਮ ਪੁਰਖ’ ਉਸ ਨੇ ਪੈਦਾ ਕਰ ਕੇ ਦੁਨੀਆਂ ‘ਤੇ ਭੇਜੇ, ਉਨ੍ਹਾਂ ਨੇ ਆਪਣੇ-ਆਪਣੇ ਰਾਹ (ਪੰਥ) ਚਲਾਏ ਸਨ ਤੇ ਸਾਰਿਆਂ ਨੇ ਅਪਣੀ ਭਗਤੀ ਕਰਵਾਈ ਸੀ ਤੇ ਰੱਬ ਨੂੰ ਕਿਸੇ ਨੇ ਨਹੀਂ ਪਛਾਣਿਆ/ਸਮਝਿਆ ਸੀ”; ਇਸ ਹਿਸਾਬ ਨਾਲ ਨੌਂ ਗੁਰੂਆਂ ਨੂੰ ਵੀ ਇਸ ਗੁਨਾਹ ਦਾ ਦੋਸ਼ੀ ਦਿਖਾਇਆ ਗਿਆ ਹੈ:
ਜੋ ਪ੍ਰਭ ਪਰਮ ਪੁਰਖ ਉਪਜਾਏ।ਤਿਨ ਤਿਨ ਅਪਨੇ ਰਾਹ ਚਲਾਏ।26॥
ਅਤੇ
ਸਭ ਅਪਨੀ ਅਪਨੀ ਉਰਝਾਨਾ। ਪਾਰਬ੍ਰਹਮ ਕਾਹੂੰ ਨਾ ਪਛਾਨਾ॥
ਅਤੇ
ਜੋ ਜੋ ਭਏ ਪਹਿਲ ਅਵਤਾਰਾ॥ ਆਪੁ ਆਪੁ ਤਿਨ ਜਾਪੁ ਉਚਾਰਾ॥
ਇਨ੍ਹਾਂ ਲਾਈਨਾਂ ਵਿਚ ਤੇ ਸਾਫ਼ ਲਫ਼ਜ਼ਾਂ ਵਿਚ ਨੌਂ ਗੁਰੂਆਂ ਨੂੰ ਸ਼ਰੇਆਮ ਰੱਦ ਕੀਤਾ ਗਿਆ ਹੈ; ਤੇ ਉਨ੍ਹਾਂ ਦੀ ਬੇਅਦਬੀ ਕੀਤੀ ਹੋਈ ਹੈ।
ਹਾਂ, ਏਥੇ ਕੋਈ ਕਹਿ ਸਕਦਾ ਹੈ: “ਬਚਿਤਰ ਨਾਟਕ ਵਿਚ ਬਾਕੀ ਗੁਰੂਆਂ ਦਾ ਜ਼ਿਕਰ ਤਾਂ ਹੈ, ਜਿਵੇਂ ਲਿਖਿਆ ਹੈ ਕਿ ‘ਗੁਰੂ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰ ਦਾਸ ਪਹਿਚਾਨਾ…’ ਵਗ਼ੈਰਾ।” ਪਰ ਜੇ ਇਸ ਪੈਰੇ ਨੂੰ ਨੌਂ ਗੁਰੂਆਂ ਦੀ ਕਾਰਗੁਜ਼ਾਰੀ ਨੂੰ ਮਨਜ਼ੂਰ ਕਰਨ ਦੀ ਕਹਾਣੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇ(ਜੋ ਕਿ ਕਿਸੇ ਤਰ੍ਹਾਂ ਵੀ ਨਹੀਂ ਬਣਦੀ) ਤਾਂ ਫਿਰ ਰੱਬ ਨੂੰ ਗੁਰੂ ਗੋਬਿੰਦ ਸਿੰਘ ਨੂੰ ‘ਰੱਬ ਦਾ ਧਰਮ’ ਚਲਾਉਣ ਵਾਸਤੇ ਖ਼ਾਸ ਤੌਰ ’ਤੇ ਭੇਜਣ ਦੀ ਕੀ ਜ਼ਰੂਰਤ ਸੀ? ਕੀ ਪਹਿਲੇ ਗੁਰੂਆਂ ਦਾ ਪੰਥ ਗ਼ਲਤ ਸੀ ਜੋ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ‘ਆਪਣਾ ਸੁਤ ਨਿਵਾਜ ਕੇ’ ਨਵਾਂ ‘ਪੰਥੁ ਪ੍ਰਚੁਰ ਕਰਬੇ ਕਹ ਸਾਜਾ’। ਯਾਨਿ ਗੁਰੂ ਗੋਬਿੰਦ ਸਿੰਘ ਨੇ (ਗੁਰੂ ਨਾਨਕ ਦੇ ਪੰਥ ਤੋਂ ਵਖਰਾ)‘ਨਵਾਂ ਪੰਥ’ ਚਲਾਇਆ (ਕਿਉਂਕਿ ਇਸ ਵਿਚ ਗੁਰੂ ਨਾਨਕ ਦੇ ਪੰਥ ਦੀ ਗੱਲ ਨਹੀਂ, ‘ਨਵੇਂ ਪੰਥ’ ਦੀ ਗੱਲ ਕਹੀ ਹੈ)।
ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੈ ਕਹ ਸਾਜਾ।
ਜਾਹਿ ਤਹਾ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥29
ਅਤੇ
ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਯਾਇ।
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥ 30
ਕੀ ਗੁਰੂ ਤੇਗ਼ ਬਹਾਦਰ ਸਾਹਿਬ ਬੱਚੇ ਦੀ ਦਾਤ ਲੈਣ ਵਾਸਤੇ ਹਿੰਦੂ ਤੀਰਥਾਂ ’ਤੇ ਪੁੰਨ ਦਾਨ ਕਰਨ ਗਏ ਸਨ?:
ਫਿਰ ਬਚਿਤਰ ਨਾਟਕ ਕਿਤਾਬ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਨੂੰ, ਬੱਚਾ ਮੰਗਣ ਵਾਸਤੇ, ਸਿੱਖ ਫ਼ਲਸਫ਼ੇ ਦੇ ਉਲਟ, ਅਖੌਤੀ‘ਤੀਰਥ ਯਾਤਰਾ’, ‘ਪੁੰਨ ਦਾਨ’‘ਯੋਗ ਸਾਧਨਾ’ ਕਰਦੇ ਦਿਖਾਇਆ ਹੈ। ਇਸ ਤੋ ਇਹ ਸਿਖਿਆ ਮਿਲਦੀ ਹੈ ਕਿ ਹਰ ਸਿੱਖ ਨੂੰ ਬੱਚਾ ਮੰਗਣ ਵਾਸਤੇ ਤਿਰਬੈਣੀ (ਅਲਾਹਾਬਾਦ), ਕਾਸ਼ੀ (ਵਾਰਾਨਸੀ) ਅਤੇ ਹੋਰ ਹਿੰਦੂ ਤੀਰਥਾਂ ਦੀ ਯਾਤਰਾ ਕਰਨੀ ਚਾਹੀਦੀ ਹੈ, ਉੱਥੇ ਜਾ ਕੇ ਪੁੰਨ-ਦਾਨ ਕਰਨੇ ਚਾਹੀਦੇ ਹਨ ਅਤੇ ਅਖੌਤੀ ਯੋਗ ਸਾਧਨਾ ਵਗ਼ੈਰਾ ਕਰਨੀ ਚਾਹੀਦੀ ਹੈ।
ਇਸ ਨੁਕਤੇ ਤੋਂ ਬਚਿਤਰ ਨਾਟਕ ਦੀ ਸਿਖਿਆ ਦਾ ਮਾਅਨਾ ਤਾਂ ਇਹ ਵੀ ਨਿਕਲਦਾ ਹੈ ਕਿ ਸਿੱਖ ਨੂੰ ਯਾਨਿ ਰੱਬ ਕੋਲ ਅਰਦਾਸ ਨਹੀਂ ਕਰਨੀ ਚਾਹੀਦੀ; ਗੁਰੂ ਗ੍ਰੰਥ ਸਾਹਿਬ ’ਤੇ ਅਕੀਦਾ ਨਹੀਂ ਰੱਖਣਾ ਚਾਹੀਦਾ ਅਤੇ ਵਾਹਿਗੁਰੂ ਦਾ ਭਾਣਾ ਨਹੀਂ ਮੰਨਣਾ ਚਾਹੀਦਾ; ਜਦ ਕਿ ਬਾਣੀ ਤਾਂ ਕਹਿੰਦੀ ਹੈ:
ਤੇਰਾ ਭਾਣਾ ਸਭੁ ਕਿਛੁ ਹੋਵੈ ॥(ਸਫ਼ਾ 356)
ਤੇਰਾ ਕੀਆ ਮੀਠਾ ਲਾਗੈ (ਸਫ਼ਾ 394)
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥(ਸਫ਼ਾ 1063)
ਸੋ, ਇਸ ਸਾਰਾ ਕੁਝ ਨੂੰ ਮੁੱਖ ਰੱਖ ਕੇ ਬਚਿਤਰ ਨਾਟਕ ਨਾ ਸਿਰਫ਼ ਭੂਗੋਲਕ, ਤਵਾਰੀਖ਼ੀ ਅਤੇ ਤਰਕ ਦੇ ਪੱਖੋਂ ਹੀ ਗ਼ਲਤ ਹੈ ਬਲਕਿ ਸਿੱਖ ਫ਼ਲਸਫ਼ੇ ਦੇ ਬਹੁਤ ਸਾਰੇ ਨੁਕਤਿਆਂ ਮੁਤਾਬਿਕ ਵੀ ਸਿੱਖੀ ਅਸੂਲਾਂ ਦੇ ਉਲਟ ਹੈ।
ਉਂਞ ਬਚਿਤਰ ਨਾਟਕ ਵਿਚ ਥਾਂ-ਥਾਂ ਇਹ ਵੀ ਸਾਫ਼ ਨਜ਼ਰ ਆਉਂਦਾ ਹੈ ਕਿ ‘ਰੱਬ’ ਇਕ ਵਿਾਚਾਰਾ ਜਿਹਾ ਹੈ ਜਿਹੜਾ ਪੈਗੰਬਰਾਂ ਨੂੰ ਪੈਦਾ ਕੇ ਉਨ੍ਹਾਂ ਤੋਂ ਆਪਣੀ ਗੱਲ ਵੀ ਨਹੀਂ ਮੰਨਵਾ ਸਕਦਾ ਅਤੇ ਉਸ ਦਾ ਹੁਕਮ ਵਿਚ ਕੋਈ ਤਾਕਤ ਨਹੀਂ ਹੈ।
ਜ਼ਫ਼ਰਨਾਮਾ
ਜ਼ਫ਼ਰਨਾਮਾ ਨਾਂ ਦੀ ਫ਼ਾਰਸੀ ਕਵਿਤਾ ਖ਼ੂਬਸੂਰਤ ਹੈ; ਯਕੀਨਨ ਇਹ ਕਿਸੇ ਫ਼ਾਰਸੀ ਮਾਹਿਰ ਦੀ ਲਿਖੀ ਹੋਈ ਹੋਵੇਗੀ। ਪਰ ਉਸ ਵਿਚਾਰੇ ਨੂੰ ਵੀ ਉਸ ਵੇਲੇ ਦੀ ਤਵਾਰੀਖ਼ ਦਾ ਵੀ ਪਤਾ ਨਹੀਂ ਹੈ। ਇਸ ਵਿਚ ਚਮਕੌਰ ਵਿਚ ਮੁਗ਼ਲ ਫ਼ੌਜਾਂ ਦੀ ਗਿਣਤੀ 10 ਲਖ ਦੱਸੀ ਹੋਈ ਹੈ:
ਗੁਰੂਸਨਹ ਚਿ ਕਾਰੇ ਕੁਨਦ ਚਿਹਲ ਨਰ। ਕਿ ਦਹ ਲਖ ਬਰਆਯਦ ਬਰੋ ਬੇਖ਼ਬਰ। 20
(ਮੇਰੇ ਭੁੱਖੇ-ਭਾਣੇ 40 ਆਦਮੀ ਕੀ ਕਰ ਸਕਦੇ ਸਨ; ਜੇ ਦਸ ਲੱਖ ਫ਼ੌਜੀ ਉਨ੍ਹਾਂ ਤੇ ਅਚਾਨਕ ਆ ਪੈਣ)
ਉਸ ਵੇਲੇ ਮੁਗ਼ਲ ਬਾਦਸ਼ਾਹਾਂ ਦੀ ਆਪਣੀ ਕੁਲ ਫ਼ੌਜ ਕੁਝ ਹਜ਼ਾਰਾਂ ਵਿਚ ਹੁੰਦੀ ਸੀ। ਬਾਦਸ਼ਾਹ ਨੂੰ ਜਦ ਜ਼ਰੂਰਤ ਹੁੰਦੀ ਸੀ ਤਾਂ ਉਸ ਦੇ ਮਨਸਬਦਾਰ ਆਪਣੀ ਫ਼ੌਜ ਲੈ ਕੇ ਹਾਜ਼ਰ ਹੋ ਜਾਇਆ ਕਰਦੇ ਸਨ। ਔਰੰਗਜ਼ੇਬ ਵੇਲੇ ਸਭ ਤੋਂ ਵੱਡਾ ਮਨਸਬ 7 ਹਜ਼ਾਰ ਦਾ ਸੀ ਤੇ ਇਹ ਮਨਸਬ 3-4 ਜਣਿਆਂ ਕੋਲ ਹੀ ਸਨ (ਸ਼ਹਿਜ਼ਾਦਿਆਂ ਕੋਲ ਵਧ ਦੇ ਮਨਸਬ ਵੀ ਹੁੰਦੇ ਸਨ)। ਜਦ ਜਹਾਂਗੀਰ ਵੇਲੇ ਮਹਾਬਤ ਖ਼ਾਨ ਨੇ ਬਗ਼ਾਵਤ ਕੀਤੀ ਤਾਂ ਉਸ ਕੋਲ 4 ਹਜ਼ਾਰ ਫ਼ੌਜ ਸੀ। ਅਪ੍ਰੈਲ 1654 ਵਿਚ ਦਾਰਾ ਸ਼ਕੋਹ ਨੇ ਔਰੰਗਜ਼ੇਬ ਦੀ ਫ਼ੌਜ ਨਾਲ ਜੰਗ ਕੀਤੀ, ਉਸ ਕੋਲ ਸ਼ਾਹਜਹਾਨ ਬਾਦਸ਼ਾਹੀ ਦੀ ਸਾਰੀ ਫ਼ੌਜ ਸੀ ਜਿਸ ਦੀ ਗਿਣਤੀ 50 ਹਜ਼ਾਰ ਸੀ। ਔਰੰਗਜ਼ੇਬ ਕੋਲ 1684 ਵਿਚ 80 ਹਜ਼ਾਰ ਦੇ ਕਰੀਬ ਫ਼ੌਜ ਸੀ। ਇਸੇ ਫ਼ੌਜ ਨੇ ਸ਼ਿਵਾਜੀ ਮਰਹੱਟਾ ਨੂੰ ਹਰਾਇਆ ਸੀ। ਇਸ ਮਗਰੋਂ ਹੋਰ ਵੀ ਭਰਤੀ ਕੀਤੀ ਗਈ ਤੇ ਮੁਗ਼ਲ ਤਵਾਰੀਖ਼ ਵਿਚ ਫ਼ੌਜ ਦੀ ਵਧ ਤੋਂ ਵਧ ਗਿਣਤੀ 1 ਲੱਖ 70 ਹਜ਼ਾਰ ਸੀ। ਔਰੰਗਜ਼ੇਬ ਵੇਲੇ ਮੁਗ਼ਲਾਂ ਦੀ ਆਪਣੀ, ਤੇ ਮਨਸਬਦਾਰਾਂ ਦੀ ਫ਼ੌਜ ਮਿਲਾ ਕੇ, ਦੀ ਕੁਲ ਗਿਣਤੀ2 ਲੱਖ 40 ਹਜ਼ਾਰ ਘੌੜਸਵਾਰ ਤੇ 15000 ਬੰਦੂਕਚੀ ਸਨ। (ਪੂਰੀ ਤਫ਼ਸੀਲ ਵਾਸਤੇ ਦੇਖੋ: ਜਾਦੂ ਨਾਥ ਸਰਕਾਰ, ਹਿਸਟਰੀ ਆਫ਼ ਔਰੰਗਜ਼ੇਬ, ਜਿਲਦ ਤੀਜੀ ਅਤੇ ਉਸੇ ਦੀ ਹੀ ਕਿਤਾਬ ਮੁਗ਼ਲ ਐਂਪਾਇਅਰ)। ਪਰ ਜ਼ਫ਼ਰਨਾਮਾ ਦਾ ਲੇਖਕ 6-7 ਦਸੰਬਰ 1705 ਦੇ ਦਿਨ ਇਕੱਲੇ ਚਮਕੌਰ ਵਿਚ 10 ਲੱਖ ਫ਼ੌਜ ਦਾ ਘੇਰਾ ਪੁਆ ਦੇਂਦਾ ਹੈ। ਇਸ ਫ਼ੌਜ ਬਾਰੇ ਦੋ ਹੋਰ ਨੁਕਤੇ ਵੀ ਅਹਿਮ ਹਨ: ਪਹਿਲੀ ਗੱਲ ਤਾਂ ਇਹ ਹੈ ਕਿ ਚਮਕੌਰ ‘ਤੇ ਹਮਲਾ ਕਰਨ ਵਾਲੀ ਫ਼ੌਜ ਰੋਪੜ ਤੋਂ ਭੇਜੀ ਗਈ ਸੀ; ਅਤੇ ਇਹ ਘੇਰਾ ਔਰੰਗਜ਼ੇਬ ਦੇ ਕਹਿਣ ‘ਤੇ ਨਹੀਂ ਪਿਆ ਸੀ; ਦੂਜਾ, ਜੇ ਗਿਣਤੀ ਦਸ ਲੱਖ ਦੀ ਇਹ ਗੱਪ ਮੰਨਣੀ ਵੀ ਹੋਵੇ ਤਾਂ ਏਨੀ ਫ਼ੌਜ ਨੇ ਚਮਕੌਰ ਤੋਂ ਦਿੱਲੀ ਤਕ ਜਗਹ ਘੇਰੀ ਹੋਵੇਗੀ ਤੇ ਏਨੇ ਮੀਲਾਂ ਵਿਚ ਫ਼ੌਜ ਹੀ ਫ਼ੌਜ ਹੋਵੇਗੀ। ਉਂਞ ਹਕੀਕਤ ਇਹ ਹੈ ਕਿ ਇਹ ਫ਼ੌਜ 700 ਦੀ ਗਿਣਤੀ ਵਿਚ ਸੀ ਜਿਸ ਦਾ ਜ਼ਿਕਰ ਇਨਾਇਤੁੱਲਾ ਖ਼ਾਨ (ਮੌਤ 1725) ਦੀ ‘ਅਹਿਕਾਮ-ਇ-ਆਲਮਗੀਰੀ’ ਵਿਚ ਸਾਫ਼ ਮਿਲਦਾ ਹੈ। ਇਸੇ ਕਿਤਾਬ ਮੁਤਾਬਿਕ ਔਰੰਗਜ਼ੇਬ ਨੇ ਦੋ ਅਹਿਦੀਏ(ਸ਼ੇਖ਼ ਯਾਰ ਮੁਹੰਮਦ ਮਨਸਬਦਾਰ ਤੇ ਮੁਹੰਮਦ ਬੇਗ਼ ਗੁਰੂਜ-ਬਰਦਾਰ) ਗੁਰੂ ਸਾਹਿਬ ਨੂੰ ਉਸ ਨਾਲ ਮੁਲਾਕਾਤ ਕਰਵਾਉਣ ਲਈ ਲਿਆਉਣ ਵਾਸਤੇ ਭੇਜੇ ਸਨ ਅਤੇ ਲਾਹੌਰ ਤੇ ਸਰਹੰਦ ਦੇ ਸੂਬੇਦਾਰ ਨੂੰ ਖ਼ਤ ਵੀ ਲਿਖੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਖ਼ਤ ਮੁਗਲ ਬਾਦਸ਼ਾਹ ਔਰੰਗਜੇਬ ਨੂੰ, ਪਿੰਡ ਦੀਨਾ-ਕਾਂਗੜ ਵਿਖੇ 22 ਦਸੰਬਰ 1705 ਦੇ ਦਿਨ ਲਿਖਿਆ ਸੀ, ਉਸ ਖ਼ਤ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਦੋ ਅਹਿਦੀਏ ਅਤੇ ਜੋ ਹਦਾਇਤਾਂ ਸਰਹਿੰਦ ਤੇ ਲਾਹੌਰ ਦੇ ਸੂਬੇਦਾਰਾਂ ਨੂੰ ਭੇਜੀਆਂ ਸਨ, ਉਹ ਇਸ ਜ਼ਫ਼ਰਨਾਮਾ ਨਾਂ ਦੀ ਕਵਿਤਾ ਨੂੰ ਪੜ੍ਹ ਕੇ ਭੇਜੀਆਂ ਨਹੀਂ ਹੋ ਸਕਦੀਆਂ। ਉਹ ਖ਼ਤ ਯਕੀਨਨ ਹੋਰ ਹੋਵੇਗਾ ਤੇ ਇਹ ਲਿਖਤ ਮਗਰੋਂ ਕਿਸੇ ਕਵੀ ਨੇ ਲਿਖੀ ਹੋਵੇਗੀ।
ਇਕ ਹੋਰ ਸਵਾਲ ਇਹ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਦੀ ਏਨੀ ਚਾਪਲੂਸੀ ਕਰ ਸਕਦੇ ਸਨ?:
ਖ਼ੁਸ਼ਸ਼ ਸ਼ਾਹਿ ਸ਼ਾਹਾਨ ਔਰੰਗਜ਼ੇਬ, ਕਿ ਚਾਲਾਕ ਦਸਤੁ ਅਸਤੁ ਚਾਬੁਕ ਰਕੇਬ। 89
(ਹੇ! ਔਰੰਗਜ਼ੇਬ, ਤੂੰ ਨੇਕ ਹੈਂ, ਸ਼ਾਹਾਂ ਦਾ ਸ਼ਾਹ (ਬਾਦਸ਼ਾਹ) ਹੈਂ। ਤੂੰ ਅਕਲਮੰਦ ਹੈ, ਤਲਵਾਰ ਚਲਾਉਣ ਵਿਚ ਮਾਹਿਰ ਹੈ; ਫ਼ੁਰਤੀਲਾ ਘੋੜ ਸਵਾਰ ਹੈਂ)
ਚਿ ਹੁਸਨਲ ਜਮਾਸਤੁ ਰੋਸ਼ਨ ਜ਼ਮੀਰ, ਖ਼ੁਦਾਵੰਦ ਮੁਲਕ ਅਸਤੁ ਸਾਹਿਬ ਅਮੀਰ। 90
(ਤੂੰ ਖ਼ੂਬਸੂਰਤ ਹੈਂ, ਜਲਾਲ ਵਾਲਾ ਹੈਂ; ਤੂੰ ਉਚੀ ਜ਼ਮੀਰ ਵਾਲਾ ਜਾਣਿਆ ਜਾਂਦਾ ਹੈਂ। ਤੂੰ ਮੁਲਕ ਦਾ ਮਾਲਕ ਅਤੇ ਅਮੀਰਾਂ, ਯਾਨਿ ਹਾਕਮਾਂ, ਦਾ ਵੀ ਮਾਲਕ ਹੈਂ)।
ਕਿ ਤਰਤੀਬ ਦਾਨਸ਼ ਬ ਤਦਬੀਰ ਤੇਗ਼; ਖ਼ੁਦਾਵੰਦ ਦੇਗ਼ੋ ਖ਼ੁਦਾਵੰਤ ਤੇਗ਼। 91
(ਤੂੰ ਚੰਗੀ ਅਕਲ ਵਾਲਾ ਤੇ ਤਲਵਾਰ ਚਲਾਉਣ ਦਾ ਮਾਹਿਰ ਹੈ। ਤੂੰ ਦੇਗ਼ ਦਾ ਮਾਲਕ ਤੇ ਤੇਗ਼ ਦਾ ਮਾਲਕ ਹੈਂ)
ਕਿ ਰੌਸ਼ਨ ਜ਼ਮਰਿ ਅਸਤੁ ਹੁਸਨ ਜਮਾਲ; ਖ਼ੁਦਾਵੰਦ ਬਖ਼ਸ਼ਿੰਦਹੇ ਮੁਲਕੋ ਮਾਲ। 92
(ਤੂੰ ਉਚੀ ਜ਼ਮੀਰ ਵਾਲਾ ਤੇ ਖ਼ੂਬਸੂਰਤ ਰੂਪ ਵਾਲਾ ਹੈਂ। ਤੂੰ ਮੁਲਕ ਅਤੇ ਮਾਲ ਦਾ ਮਾਲਕ ਤੇ ਬਖ਼ਸ਼ਿਸ਼ਾਂ ਕਰਨ ਵਾਲਾ ਹੈਂ)।
ਕੀ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਵਾਸਤੇ ਇਹ ਲਫ਼ਜ਼ ਇਸਤੇਮਾਲ ਕਰ ਸਕਦੇ ਸਨ?
ਜੋ ਖ਼ਤ ਗੁਰੁ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਕੀ ਗੁਰੁ ਜੀ ਨੇ ਉਸ ਦੀ ਫ਼ੋਟੋਕਾਪੀ ਰੱਖ ਲਈ ਸੀ। ਉਹ ਖ਼ਤ ਤਾਂ ਭੇਜ ਦਿੱਤਾ ਸੀ, ਉਹ ਵਾਪਿਸ ਕਿਵੇਂ ਆ ਗਿਆ। ਗੁਰੁ ਜੀ ਨੇ ਕਿਸੇ ਹੋਰ ਖ਼ਤ ਦੀ ਕਾਪੀ ਕਿਉਂ ਨਹੀਂ ਰੱਖ ਲਈ। ਜੇ ਗੁਰੁ ਜੀ ਖ਼ਤਾਂ ਦੀਆਂ ਕਾਪੀਆਂ ਰੱਖਦੇ ਸਨ ਤਾਂ ਉਨ੍ਹਾਂ ਖ਼ਤਾਂ ਦੀਆਂ ਕਿਸੇ ਕੋਲ ਕਾਪੀਆਂ ਕਿਉਂ ਨਹੀਂ ਜੋ ਹੁਕਮਨਾਮੇ ਉਨ੍ਹਾਂ ਦੇ ਲਿਖੇ ਲੋਕਾਂ ਕੋਲ ਪਏ ਕਹੇ ਜਾਂਦੇ ਹਨ (ਉਨ੍ਹਾਂ ਵਿਚੋਂ ਬਹੁਤੇ ਜਾਅਲੀ ਹਨ)।
ਦਸਮਗ੍ਰੰਥੀਆਂ ਦੀ ਇਕ ਹੋਰ ਗੱਪ
ਇਕ ਹੋਰ ਅਹਿਮ ਨੁਕਤਾ ਇਹ ਵੀ ਹੈ ਕਿ ਦਸਮ ਗ੍ਰੰਥ ਟੋਲਾ ਇਸ ਕਿਤਾਬ ਨੂੰ ਦੀਨਾ-ਕਾਂਗੜ (ਦਿਆਲਪੁਰਾ ਭਾਈਕਾ) ਵਿਚ ‘ਜ਼ਫ਼ਰਨਾਮਾ’ ਨਾਲ ‘ਸੰਪੂਰਨ’ ਹੋਈ ਦਸਦਾ ਹੈ। ਪਰ, ‘ਲੱਖੀ ਜੰਗਲ ਖਾਲਸਾ ਆਇ ਦੀਦਾਰ ਦਿਤੋ ਈ… ਸੁਣ ਕੇ ਸੱਦ ਮਾਹੀ ਦਾ ਮੇਹੀਂ ਪਾਣੀ ਘਾਹ ਮੁਤੋ ਈ’ ਤਾਂ ਗੁਰੂੁ ਜੀ ਦੇ ਤਲਵੰਡੀ ਸਾਬੋ ਵਿਚ ਪਹੁੰਚਣ ਤੋਂ ਮਗਰੋਂ ਨਾਲ ਸਬੰਧਤ ਬਣਦੀ ਹੈ ਤੇ ਗੁਰੂੁ ਜੀ ਉਥੇ 16 ਜਨਵਰੀ 1706 ਦੇ ਦਿਨ ਪੁੱਜੇ ਸਨ। ਸੋ, ਇਸ ਕਿਤਾਬ ਨੂੰ ਪ੍ਰਚਾਰਨ ਵਾਲਿਆਂ ਨੂੰ ਏਨੀ ਸਮਝ ਵੀ ਨਹੀਂ ਕਿ ਝੂਠ ਬੋਲਣ ਲੱਗਿਆਂ ਤਵਾਰੀਖ਼ ਦਾ ਹੀ ਖਿਆਲ ਕਰ ਲੈਣ।
ਚਰਿਤਰੋਪਾਖਯਾਨ ਅਤੇ ਹਕਾਇਤਾਂ
ਇਹ ਲਿਖਤ 615 ਸਫ਼ਿਆਂ (809 ਤੋਂ 1388, 580 ਸਫ਼ੇ; ਹਕਾਇਤਾਂ 1394 ਤੋਂ 1428, 35 ਸਫ਼ੇ) ਦੀ ਹੈ ਜਿਸ ਵਿਚ 400 ਤੋਂ ਵਧ ਕਾਮ ਦ੍ਰਿਸ਼ਾਂ ਅਤੇ ਹੋਰ ਘਟੀਆ ਹਰਕਤਾਂ ਦੀਆਂ ਕਹਾਣੀਆਂ ਦਿੱਤੀਆਂ ਹੋਈਆਂ ਹਨ। ਇਸ ਵਿਚ ਕੁਝ ਮੁਖ ਨੁਕਤੇ ਜੋ ਸਾਹਮਣੇ ਆਉਂਦੇ ਹਨ, ਉਨ੍ਹਾਂ ਤੋਂ ਸਵਾਲ ਉਠਦਾ ਹੈ ਕਿ:
1.ਕੀ ਗੁਰੂ ਪੱਗ ਅਤੇ ਜੁੱਤੀ ਛੱਡ ਕੇ ਭੱਜ ਸਕਦਾ ਹੈ?
- ਕੀ ਗੁਰੂ ‘ਬੀਜ ਮੰਤਰ’ ਹਾਸਿਲ ਕਰਨ ਦੀ ਖ਼ਾਹਿਸ਼ ਕਰ ਰਿਹਾ ਹੈ? ਕੀ ਉਹ ਇਹ ਮੰਨ ਜਾਂਦਾ ਹੈ ਕਿ ਇਹ ਇਕ ਔਰਤ ਕੋਲ ਹੈ, ਜਿਹੜੀ ਉਸ ਦੇ ਦਰਸ਼ਨ ਕਰਨ ਆਈ ਹੈ। ਯਾਨਿ ਗੁਰੂ ਕੋਲ ਕੁਝ ਵੀ ਨਹੀਂ ਤੇ ਉਹ ਆਪਣੇ ਚੇਲਿਆਂ ਤੋਂ ਜਾਦੂ ਮੰਤਰ ਲੱਭ ਰਿਹਾ ਹੈ। (ਚਰਿਤ੍ਰ 379, ਸਫ਼ 1109)
- ਕੀ ਕੋਈ ਬੇਵਕੂਫ਼ ਇਹ ਮੰਨ ਸਕਦਾ ਹੈ ਕਿ ਇਕ ਭਰਾ ਨੂੰ ਪਤਾ ਨਾ ਲਗ ਸਕਿਆ ਹੋਵੇ ਕਿ ਉਹ ਸੱਕੀ ਭੈਣ ਨਾਲ ਭੋਗ ਕਰ ਰਿਹਾ ਹੈ? (ਸਫ਼ਾ 1119)
- ਪਤੀ ਨੂੰ ਮੂਰਖ ਬਣਾ ਕੇ ਔਰਤ ਪਾਏ ਮਰਦਾਂ ਨਾਲ ਸੈਕਸ ਕਿਵੇਂ ਮਾਣ ਸਕਦੀ ਹੈ; ਦਰਜਨਾਂ ‘ਸਾਖੀਆਂ’ ਵਿਚ ਇਹ ਸੀਨ ਸੁਆਦ ਲੈ-ਲੈ ਕੇ ਦੱਸੇ ਹੋਏ ਹਨ (1049, 1064, 1342, 1358)। ਇਸ ਵਿਚ ਕੀ ਰੂਹਾਨੀਅਤ ਹੈ?
- ਪਾਲਕੀ ਵਿਚ ਜਾਂਦਿਆਂ ਸੜਕ ਦੇ ਵਿਚਕਾਰ ਹੀ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ? ਇਸ ਵਿਚ ਕਿਹੜੀ ਰੂਹਾਨੀਅਤ ਦੀ ਸਿਖਿਆ ਮਿਲਦੀ ਹੈ?
- ਭੋਗ/ਸੈਕਸ ਕਰਨ ਵਾਸਤੇ ਕਿਹੜੇ ਕਿਹੜੇ ਨਸ਼ੇ ਕੰਮ ਆਉਂਦੇ ਹਨ (832, 1280)। ਵਿਆਗਰਾ ਸ਼ਾਇਦ ਇਸ ਤੋਂ ਹੀ ਸ਼ੁਰੂ ਹੋਈ ਹੋਵੇ? ਕੀ ਸੰਭੋਗ ਨਾਲ ਰੱਬ ਨਾਲ ਮੇਲ ਹੁੰਦਾ ਹੈ?
- ਗੁਪਤ ਅੰਗ ਦੇ ਵਾਲ ਮੁੰਨ ਕੇ ਸੈਕਸ ਦਾ ਅਨੰਦ ਵਧ ਜਾਂਦਾ ਹੈ (1082) ? ਇਸ ਵਿਚ ਕਿਹੜੀ ਰੂਹਾਨੀਅਤ ਦੀ ਸਿਖਿਆ ਮਿਲਦੀ ਹੈ?
- ਗੁਦਾ ਭੋਗ, ਯਾਨਿ ਪਿਛਲੇ ਪਾਸਓਂ ਭੋਗ ਦਾ ਕੀ ਅਨੰਦ ਹੈ (1010)? ਇਹ ਵੀ ਰੂਹਾਨੀਅਤ ਦਾ ਸਬਕ ਹੈ?
- ਘੋੜੀ ਦਾ ਮੂਤਰ ਪੀਣਾ ਕਿਹੜੀ ਰੂਹਾਨੀਅਤ ਦੀ ਸਿਖਿਆ ਹੈ?
- ਟੱਟੀ ਫਰਨ ਗਏ ਲੋਕਾਂ ਦੀਆਂ ਪੱਗਾਂ ਲਾਹੁਣੀਆਂ ਕਿਹੜੀ ਰੂਹਾਨੀਅਤ ਹਨ?
ਇਹ ਤਾਂ ਐਵੇਂ ਹਵਾਲਾ ਮਾਤਰ ਦੱਸੇ ਹਨ; ਇਹ ਕਿਤਾਬ ਤਾਂ ਅਜਿਹੇ ਗੰਦ ਦੀ ਸਿਖਿਆ ਨਾਲ ਭਰੀ ਹੋਈ ਹੈ।ਚਰਿਤਰੋਪਾਖਯਾਨ ਤਾਂ ਕੰਜਰ ਜੀਵਨ ਜਿਊਣ ਦੇ ਤਰੀਕਿਆਂ, ਭੋਗ ਆਸਣਾਂ ਦਾ ਮੁਜੱਸਮਾ ਹੈ।ਇਹ ਦਲੀਲ ਕਿ ਚਰਿਤਰੋਪਾਖਯਾਨ ਮਨ ਨੂੰ ਕਾਮ ਵੱਲ ਜਾਣ ਤੋਂ ਰੋਕਣ ਵਾਸਤੇ ਹੈ ਥੋਥੀ ਤੇ ਹਾਸੋਹੀਣੀ ਹੈ।
ਦਸਮਗ੍ਰੰਥੀਆਂ ਮੁਤਾਬਿਕ ਚਰਿਤਰੋਪਾਖਯਾਨ (ਕੰਜਰ ਕਵਿਤਾ) ਦੇ 4 ਹਿੱਸੇ ਹਨ : ਇਸਤਰੀ ਦੀ ਸਮਰਥਾ, ਪੁਰਸ਼ ਪ੍ਰਧਾਨ ਸਮਾਜ ਦੀਆਂ ਕਹਾਣੀਆਂ ਜਿਸ ਵਿਚ ਇਸਤਰੀ ਦੀ ਬੇਬਸੀ ਹੈ, ਤੀਜੇ ਵਿਚ ਅਪਰਾਧਾਂ ਦੀਆਂ ਕਹਾਣੀਆਂ ਹਨ ਤੇ ਚੌਥੇ ਵਿਚ ਰਾਹ ਦਿਖਾਊ ਹਦਾਇਤਾਂ ਹਨ। ਪਰ, ਸਿਆਣੇ ਤੋਂ ਸਿਆਣਾ ਅਤੇ ਮੂਰਖ ਤੋਂ ਮੂਰਖ ਵੀ ਚਰਿਤਰੋਪਾਖਯਾਨ ਨੂੰ ਪੜ੍ਹਨ ਮਗਰੋਂ ਸਮਝ ਸਕਦਾ ਹੈ ਕਿ ਇਸ ਵਿਚ ਔਰਤ ਦੀ ਕੀ ਸਮਰਥਾ ਦਿਖਾਈ ਹੈ: ਉਹ ਬੇਈਮਾਨ ਹੈ, ਕਾਮੀ ਹੈ, ਲੁੱਚੀ ਹੈ, ਚਾਲਾਕ ਹੈ, ਚਾਲਬਾਜ਼ ਹੈ, ਨਸ਼ੇਬਾਜ਼ ਹੈ। ਚਰਿਤਰੋਪਾਖਯਾਨ ਵਿਚ ‘ਸੋ ਕਿਉ ਮੰਦਾ ਆਖੀਐ’ ਵਾਲੀ ਔਰਤ ਦਾ ਇਹ ਘਟੀਆ ਕਿਰਦਾਰ ਦਸਿਆ ਹੈ ਔਰਤ ਦਾ।ਉਸ ਵਿਚ ਕੋਈ ਹਾਂ-ਪੱਖੀ ਖ਼ੂਬੀ ਨਹੀਂ ਦਿਖਾਈ ਹੋਈ)।
ਜੇ ਕੋਈ ਇਹ ਕਹੇ ਕਿ615 ਸਫ਼ਿਆਂ ਦੀ ਇਸ ਗੰਦੀ ਰਚਨਾ ਵਿਚ ਇਕ ਅੱਧ ਥਾਂ‘ਤੇ ਚਾਰ ਲਾਈਨਾਂ ਵਿਚ ਬਿਗਾਨੀ ਔਰਤ ਨਾਲ ਭੋਗ ਕਰਨ ਤੋਂ ਰੋਕਿਆ ਗਿਆ ਹੈ ਤਾਂ ਇਹ ਬੇਹੂਦਾ ਗੱਲ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਔਰਤਾਂ ਦੇ ਚਲਿਤਰ ਦਸ ਕੇ ਉਨ੍ਹਾਂ ਤੋਂ ਬਚਣ ਵਾਸਤੇ ਕਿਹਾ ਜਾ ਸਕਦਾ ਹੈ; ਤਾਂ ਫਿਰ ਇਹ ਗੱਲ ਕਹਿਣ ਅਤੇ ਇਹ ਸਿਖਿਆ ਦੇਣ ਵਾਸਤੇ 600 ਸਫ਼ਿਆਂ ਵਿਚ, ਐਨੀਆਂ ਕਹਾਣੀਆਂ ਵਿਚ ਭੋਗ ਕਰਨ ਦੇ ਦਰਜਨਾਂ ਤਰੀਕੇ, ਤੇ ਉਹ ਵੀ ਸੁਆਦ ਲੈ ਲੈ ਕੇ, ਦੱਸਣ ਦੀ ਕੀ ਲੌੜ ਸੀ? ਅਖੋਤੀ ਦਸਮਗ੍ਰੰਥ ਵਿਚ ਤਾਂ ਸਗੋਂ ਇਹ ਸਿਖਿਆ ਮਿਲਦੀ ਹੈ ਕਿ ਭੋਗ ਕਰਨ ਦਾ ਮਜ਼ਾ ਕਿੰਞ ਲੈਣਾ ਹੈ, ਨਸ਼ੇ ਕਰ ਕੇ 12 ਜਾਂ24 ਘੰਟੇ ਭੋਗ ਕਿਵੇਂ ਕਰਨਾ ਹੈ; ਪਤੀ ਨੂੰ ਮੂਰਖ ਬਣਾ ਕੇ ਕਿਵੇਂ ਵਿਭਚਾਰ ਕਰਨਾ ਹੈ ਵਗ਼ੈਰਾ ਦੀਆਂ ਗੱਲਾਂ ਨੂੰ ਸੁਆਦ ਲਾ ਲਾ ਕੇ ਪੇਸ਼ ਕੀਤਾ ਗਿਆ ਹੈ। ਹੋਰ ਤਾਂ ਹੋਰ ਇਸ ਕੰਜਰਖਾਨੇ ਦੀਆਂ ਕਰਤੂਤਾਂ ਦੀ ਪੇਸ਼ਕਾਰੀ ਕਰਦਿਆਂ ਕਿਤੇ ਨਹੀਂ ਕਿਹਾ ਗਿਆ ਕਿ ਇਸ ਦੇ ਨਤੀਜੇ ਕੀ ਨਿਕਲਦੇ ਹਨ; ਸਗੋਂ ਇਹ ਦੱਸਿਆ ਹੈ ਕਿ ਕਿਵੇਂ ਰੱਜ ਕੇ ਸੁਆਦ ਨਾਲ ਭੋਗ ਕਰ ਕਰ ਕੇ ਚਾਲਾਕੀ ਕੀਤੀ ਜਾ ਸਕਦੀ ਹੈ ਅਤੇ ਫੜੇ ਜਾਣ ਤੋਂ ਬਚਿਆ ਜਾ ਸਕਦਾ ਹੈ। ਇਹ ‘ਪਰਵਰਟ’, ਯਾਨਿ ਮਾਨਸਿਕ ਬੀਮਾਰਾਂ ਦੀਆਂ ਗੱਲਾਂ ਹਨ; ਉਨ੍ਹਾਂ ਦਾ ਵਿਸਥਾਰ ਤੇ ਬਿਆਨ ਇਕ ਧਾਰਮਿਕ ਆਗੂ ਨਹੀਂ ਕਰ ਸਦਕਾ। ਫਿਰ ਇਹ ਸਵਾਲ ਉਠਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਾਮ ਰੋਕਣ ਵਾਸਤੇ ਕੋਈ ਸਿਖਿਆ ਨਹੀਂ ਕਿ ਜਾਂ ਊਹ ਅਧੂਰਾ ਗ੍ਰੰਥ ਹੈ ਜਾਂ ਪਹਿਲੇ ਨੌਂ ਗੁਰੂਆਂ ਦੇ ਵੇਲੇ ਤਕ ਕਾਮ ਦਾ ਮਸਲਾ ਅਹਿਮ ਮਸਲਾ ਨਹੀਂ ਸੀ।
ਚਰਿਤਰੋਪਾਖਯਾਨ ਦੇ ਇਕ ਹੋਰ ਹਿਮਾਇਤੀ ਇਕ ਥੋਥੀ ਦਲੀਲ:
ਇਕ ਦਸਮਗ੍ਰੰਥੀ ਨੇ ਇਹ ਦਲੀਲ ਵੀ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕੁਝ ਅਜਿਹੇ ਸ਼ਬਦ ਹਨ ਜੋ (ਗੁਪਤ ਅਗਾਂ ਨਾਲ ਸਬੰਧਤ ਹੋਣ ਕਰ ਕੇ) ਸਮਾਜ ਵਿਚ ਆਮ ਭਾਸ਼ਾ ਵਿਚ ਨਹੀਂ ਵਰਤੇ ਜਾਂਦੇ; ਜਿਵੇਂ ਕਿ:
- ਭਗ: (ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥) (ਗੁਰੂ ਗ੍ਰੰਥ ਸਾਹਿਬ, ਸਫ਼ਾ 1344).
- ਲਉਡਾ: (ਜੋ ਲਉਡਾ ਪ੍ਰਭਿ ਕੀਆ ਅਜਾਤਿ॥ ਤਿਸੁ ਲਉਡੇ ਕਉ ਕਿਸ ਕੀ ਤਾਤਿ॥) (ਗੁਰੂ ਗ੍ਰੰਥ ਸਾਹਿਬ, ਸਫ਼ਾ 376)
- ਟਟਾ(ਟ): (ਟਟਾ, ਬਿਕਟ ਘਾਟ ਘਟ ਮਾਹੀ॥ ਖੋਲਿ ਕਪਾਟ, ਮਹਲਿ ਕਿ ਨ ਜਾਹੀ॥) (ਗੁਰੂ ਗ੍ਰੰਥ ਸਾਹਿਬ, ਸਫ਼ਾ 341)
ਮੈਂ ਹੈਰਾਨ ਹੋਇਆ ਹਾਂ ਕਿ ਇਸ ਵਿਚਾਰੇ ਨੂੰ ਤਾਂ ਗੁਰੂਬਾਣੀ ਦੇ ਅਰਥ ਵੀ ਪਤਾ ਨਹੀਂ ਹਨ: (1)ਗੁਰੂ ਗ੍ਰੰਥ ਸਾਹਿਬ ਦੇ ਸਫ਼ਾ 376 ‘ਤੇ’ਲਉਡਾ’ ਸ਼ਬਦ ਗੁਪਤ ਅੰਗ (ਲੌੜਾ) ਨਹੀਂ ਇਸ ਦਾ ਮਾਅਨਾ ਨਿੱਕਾ ਬੱਚਾ ਹੈ। (2) ਗੁਰੂ ਗ੍ਰੰਥ ਸਾਹਿਬ ਦੇ ਸਫ਼ਾ 341 ‘ਤੇ’ਟਟਾ’ ਅਤੇ ਸਫ਼ਾ 433 ‘ਤੇ ‘ਟਟੈ’ ਦਾ ਮਾਅਨਾ ‘ਟ’ ਅੱਖਰ ਹੈ ਨਾ ਕਿ ‘ਮਰਦ ਦੇ ਅੰਡ ਕੋਸ਼’ ਵਾਸਤੇ (3) ਗੁਰੂ ਗ੍ਰੰਥ ਸਾਹਿਬ ਵਿਚ ਜੇ ਕਿਤੇ ਕਾਮ ਦੀ ਗੱਲ ਆਈ ਹੈ ਤਾਂ ਉਸ ਤੋਂ ਬਚਣ ਵਾਸਤੇ ਕਿਹਾ ਗਿਆ ਹੈ।
ਸੋ ਚਰਿਤੋਪਾਖਯਾਨ ਕਿਸੇ ਪਾਸਿਓਂ ਵੀ ਦਸਮਗ੍ਰੰਥ ਗੁਰੂ ਰਚਨਾ ਹਰਗਿਜ਼ ਨਹੀਂ ਹੋ ਸਕਦੀ। ਮੂਰਖਤਾ ਵਿਚ ਗੜੁੱਚ ਮੂਰਖ, ਪਾਪੀ, ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਕੰਜਰ ਕਵਿਤਾ ਦਾ ਲੇਖਕ ਕਹਿ ਕੇ ਜ਼ੁਲਮ ਕਰਦੇ ਹਨ; ਗੁਰੂ ਦੀ ਤੌਹੀਨ ਕਰਦੇ ਹਨ; ਇਹ ਗੁਰੂ ਨੂੰ ਗਾਹਲ ਕੱਢਣ ਅਤੇ ਉਸ ਦੇ ਮੂੰਹ‘ਤੇ ਕਾਲਖ਼ ਮਲਣ ਵਾਂਙ ਹੈ; ਜੋ ਕੋਈ ਪਾਪੀ ਹੀ ਕਰ ਸਕਦਾ ਹੈ । ਅਜਿਹਾ ਕਹਿਣ ਵੇਲੇ ਇਨ੍ਹਾਂ ਦੀ ਜ਼ਬਾਨ ਕਿਉਂ ਨਹੀਂ ਸੜ ਜਾਂਦੀ? ਅਜਿਹਾ ਜਾਪਦਾ ਹੈ ਕਿ (1) ਜਾਂ ਤਾਂ ਇਨ੍ਹਾਂ ਦਾ ਬਰੇਨ ਵਾਸ਼ ਕਰ ਦਿੱਤਾ ਗਿਆ ਹੈ; (2) ਜਾਂ ਇਹ ਜਾਅਲੀ ਸਿੱਖ ਹਨ ਤੇ ਸਿੱਖੀ ਲਿਬਾਸ ਪਾ ਕੇ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਹਨ ਤੇ (3) ਜਾਂ ਫਿਰ ਇਹ ਖ਼ੁਦ ਚਰਿਤਰੋਪਾਖਾਯਾਨ ਵਾਲੀਆਂ ਔਰਤਾਂ ਵਰਗਾ ਕੰਜਰ-ਜੀਵਨ ਜਿਊਂਦੇ ਹਨ ਜਿਸ ਨੂੰ’ਸਹੀ ਤੇ ਸਿੱਖੀ ਜੀਵਨ ਕਰਾਰ ਦੇਣ ਵਾਸਤੇ’ ਇਹ ਗੁਰੂ ਨੂੰ ਵੀ ‘ਕੰਜਰ ਲ਼ਿਖਤਾਂ ਦਾ ਲੇਖਕ’ ਕਹਿਣ ਦੀ ਜ਼ਿਦ ਕਰੀ ਜਾਣਾ ਚਾਹੁੰਦੇ ਹਨ। ਮੈਨੂੰ ਇਹ ਗੱਲ ਵਧੇਰੇ ਸਹੀ ਜਾਪਦੀ ਹੈ ਕਿਉਂਕਿ ਦਸਮਗ੍ਰੰਥ ਦੀ ਹਿਮਾਇਤ ਉਹ ਸਾਰੇ ਸਾਧ ਕਰਦੇ ਹਨ ਜੋ ਰੇਪ, ਜ਼ਨਾਹ ਤੇ ਕਾਮ ਦੇ ਮੁਜਰਿਮ ਜਾਣੇ ਜਾਂਦੇ ਹਨ।
ਹਾਂ, ਪਰ, ਜੇ ਇਹ ਸੱਚਮੁੱਚ ਸਿੱਖ ਹਨ ਤੇ ਇਨ੍ਹਾਂ ਦੇ ਅੰਦਰ ਗੁਰੂ ਦਾ ਤੇ ਰੱਬ ਦਾ ਜ਼ਰਾ ਜਿੰਨਾ ਵੀ ਭਉ ਹੈ, ਖ਼ੌਫ਼ ਹੈ, ਤਾਂ ਇਨ੍ਹਾਂ ਨੂੰ ਘੋਰ ਪਾਪ ਬੰਦ ਕਰਨਾ ਚਾਹੀਦਾ ਹੈ ਵਰਨਾ ਇਨ੍ਹਾਂ ਨੂੰ ਵਾਹਿਗੁਰੂ ਵਿਸ਼ਟਾ ਦੇ ਤੇ ਉਹ ਵੀ ਸਭ ਤੋਂ ਨੀਚ ਤੇ ਗੰਦੇ ਕੀੜੇ ਗਰਦਾਨ ਕੇ ਨਰਕ ਦੇ ਪਾਪੀਆਂ ਦੀ ਵਿਸ਼ਟਾ ਵਿਚ ਸਦੀਵੀ ਨਿਵਾਸ ਦੇਵੇਗਾ।
ਮਿਤਰ ਪਿਆਰੇ ਨੂੰ…
‘ਮਿਤਰ ਪਿਆਰੇ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾ’ ਦਾ ਧਰਮ ਨਾਲ ਕੋਈ ਸਬੰਧ ਨਹੀਂ। ਇਹ ਗੁਰੂ ਜੀ ਦੇ ਮਾਛੀਵਾੜਾ ਜਾਣ ਅਤੇ ਰਸਤੇ ਵਿਚ ਉਨ੍ਹਾਂ ਦੇ ਹਾਲ ਦਾ ਵੀ ਬਿਆਨ ਨਹੀਂ ਹੈ। ਗੁਰੂ ਜੀ ਨੂੰ ਚਮਕੌਰ ਤੋਂ ਮਾਛੀਵਾੜਾ ਤਕ ਇਸ ਤਰ੍ਹਾਂ ਦੀ ਹਾਲਤ ਦਾ ਕਦੇ ਵੀ ਸਾਹਮਣਾ ਨਹੀਂ ਸੀ ਕਰਨ ਪਿਆ। ਫਿਰ ਇਹ ਹੀਰ ਰਾਂਝਾ ਦੇ ਵਿਛੋੜੇ ਦੀ ਪੇਸ਼ਕਾਰੀ ਹੈ; ਜੇ ਇਹ ਗੁਰੂ ਜੀ ਨਾਲ ਸਬੰਧਤ ਹੈ ਤਾਂ ਇਸ ਵਿਚ ਰਾਂਝਾ ਕੌਣ ਹੈ ਤੇ ਖੇੜੇ ਕੌਣ ਹਨ? ‘ਯਾਰੜਾ’ ਯਾਨਿ ਰਾਂਝਾ ਕੌਣ ਹੈ? ਸਿੱਖੀ ਵਿਚ ਤਾਂ ਤੇਰਾ ਕੀਆ ਤੇ ਤੇਰਾ ਭਾਣਾ ਮੀਠਾ ਲਾਗੇ ਦੀ ਗੱਲ ਹੈ, ਪਰ ਇਸ ਵਿਚ ਅਰਜ਼ੋਈ ਹੈ ਤੇ ਉਹ ਵੀ ਰੱਬ ਨੂੰ ਨਹੀਂ, ਰਾਂਝੇ ਨੂੰ ਹੈ। ਇਸ ਵਿਚ ਇਸ਼ਕ ਹਕੀਕੀ ਨਹੀਂ ਇਸ਼ਕ ਮਜਾਜ਼ੀ ਦੀ ਗੱਲ ਹੈ। ਫਿਰ ਇਸ ਵਿਚ ਜਿਸ‘ਨਸ਼ੇ ਦੀ ਸੁਰਾਹੀ’ ਦਾ ਜ਼ਿਕਰ ਹੈ, ਕੀ ਉਹ ਗੁਰੂ ਸਾਹਿਬ ਦੀ ਹੈ? ਕੀ ਗੁਰੂੁ ਜੀ ਇਹੋ ਜਿਹੀਆਂ ਸੁਰਾਹੀਆਂ ਦੇ ਸ਼ੌਕੀਨ ਸਨ? ਇਸ ਕਵਿਤਾ ਦਾ ਰੂਹਾਨੀਅਤ ਨਾਲ ਜ਼ਰਾ-ਮਾਸਾ ਵੀ ਸਬੰਧ ਨਹੀਂ ਹੈ। ਇੰਞ ਹੀ ‘ਸੁਣ ਕੇ ਸੱਦ ਮਾਹੀ ਦਾ ਮੇਹੀਂ ਪਾਣੀ ਘਾਹ ਮੁਤੋ ਈ’ ਦਾ ਗੁਰੂ ਨਾਲ ਕੋਈ ਸਬੰਧ ਨਹੀਂ। ਅਖ਼ੀਰਲੀ ਗੱਲ ਇਹ ਕਹਿਣੀ ਚਾਹਵਾਂਗਾ ਕਿ ਇਹ ਦੋਵੇਂ ਕਵਿਤਾਵਾਂ ਦੇ ਅਖ਼ੀਰ ਦੀ ਅਠ੍ਹਾਰਵੀ ਸਦੀ ਪੰਜਾਬੀ ਦੀ ਸੁਹਣੀ ਵੰਨਗੀ ਹਨ ਤੇ ਇਹ ਉਦੋਂ ਹੀ ਲਿਖੀਆਂ ਗਈਆਂ ਜਾਪਦੀਆਂ ਹਨ; 1706 ਵਿਚ ਪੰਜਾਬੀ ਬੋਲੀ ਇਸ ਤਰ੍ਹਾਂ ਦੀ ਹਰਗਿਜ਼ ਨਹੀਂ ਸੀ।
ਭਗਉਤੀ ਦੀ ਵਾਰ ਤੇ ਅਰਦਾਸਿ
ਸਿੱਖਾਂ ਦੀ ਅਰਦਾਸਿ ਵਿਚ ਭਗਉਤੀ ਦੀ ਵਾਰ, ਯਾਨਿ ਚੰਡੀ ਦੀ ਵਾਰ ਦਾ ਪਹਿਲਾ ਬੰਦ, ਨਿਰਮਲਿਆਂ ਦਾ ਪਾਇਆ ਹੋਇਆ ਹੈ। ਸਭ ਤੋਂ ਪਹਿਲਾਂ ਤਾਂ ਇਸ ਵਿਚ ਭਗਉਤੀ(ਦੁਰਗਾ) ਦੀ ਪੂਜਾ ਦੀ ਗੱਲ ਹੈ (ਭਗਉਤੀ ਨੂੰ ਕੁਝ ਲੋਕਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਵਾਹਗੁਰੂ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ)।
ਦੂਜਾ ਬਚਿਤਰ ਨਾਟਕ ਵਾਂਙ ਇਹ ਵੀ ਗੁਰੂ ਸਾਹਿਬ ਦੀ ਸ਼ਖ਼ਸੀਅਤ ‘ਤੇ ਕਿੰਤੂ ਕਰਦੀ ਹੈ। ਇਸ ਮੁਤਾਬਿਕ ਗੁਰੂ ਨਾਨਕ ਸਾਹਿਬ ਨੂੰ ਧਿਆਉਣਾ ਹੈ; ਗੁਰੂ ਅੰਗਦ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ ਨੇ ਸਿੱਖਾਂ ਦੇ ਸਹਾਈ ਹੋਣਾ ਹੈ; ਗੁਰੂ ਅਰਜਨ, ਗੁਰੂ ਹਰਿਗੋਬਿੰਦ ਤੇ ਗੁਰੂ ਹਰਿ ਰਾਇ ਨੂੰ ਸਿਮਰਨਾ ਹੈ, ਗੁਰੂ ਹਰਿਕਕਿਸ਼ਨ ਨੂੰ ਦਿਆਉਣਾ ਹੈ; ਗੁਰੂ ਤੇਗ਼ ਬਹਾਦਰ ਨੂੰ ਸਿਮਰਨ ਨਾਲ ਨੌਂ ਨਿਧ ਘਰ ਵਿਚ ਆ ਜਾਣੇ ਹਨ ਤੇ ਗੁਰੂ ਗੋਬਿੰਦ ਸਿੰਘ ਨੇ ਸਭ ਥਾਂਈਂ ਸਹਾਈ ਰਹਿਣਾ ਹੈ। ਇਸ ਨਾਲ ਸਾਰੇ ਗੁਰੂ ਸਾਹਿਬਾਨ ਦਾ ਰੋਲ ਵੱਖ-ਵੱਖ ਕਰ ਦਿਤਾ ਗਿਆ ਹੈ; ਕੋਈ ਦੂਜੇ ਗੁਰੂ ਦੇ ਸਿਮਰਨ, ਧਿਆਉਣ ਜਾਂ ਸਹਾਈ ਹੋਣ ਦੇ ਰੋਲ ਵਿਚ ਦਖ਼ਲ ਨਹੀਂ ਦੇ ਸਕਦਾ।
{ਇੰਞ ਹੀ ਅਰਦਾਸ ਦੇ ਅਖ਼ੀਰ ਵਿਚ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’ ਵੀ ਨਿਰਮਲਿਆਂ ਨੇ ਹੀ ਵਾੜੀ ਸੀ। ‘ਅਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ…’ ਅਤੇ ‘ਗੁਰੂ ਗ੍ਰੰਥ ਜੀ ਮਾਨਿਓ ਪਰਗਟ ਗੁਰੂਾਂ ਕੀ ਦੇਹ….’ ਵੀ ਨਿਰਮਲੇ ਲੇਖਕ ਗਿਆਨੀ ਗਿਆਨ ਸਿੰਘ ਦੀ ਲਿਖਤ ਹੈ। ਇਸ ਕਵਿਤਾ ਦੀ ਅੰਦਰੂਨੀ ਗਵਾਹੀ ਸਾਬਿਤ ਕਰਦੀ ਹੈ ਕਿ ਇਹ ਕਿਸੇ ਗੁਰੂ ਦੀ ਲਿਖਤ ਜਾਂ ਬੋਲ ਨਹੀਂ ਹੋ ਸਕਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਨਵਾਂ‘ਪੰਥ’ ਨਹੀਂ ਚਲਾਇਆ ਸੀ। ਉਨ੍ਹਾਂ ਨੇ ਖੰਡੇ ਦੀ ਪਾਹੁਲ ਦੀ ਰਸਮ ਸ਼ੁਰੂ ਕੀਤੀ ਸੀ, ਕੇਸ ਤੇ ਕਕਾਰ ਦਿੱਤੇ ਸਨ ਅਤੇ ਸੰਗਤ ਨੂੰ ਆਪਣਾ ‘ਖਾਲਸਾ’ ਐਲਾਨਿਆ ਸੀ। ਖਾਲਸਾ ਦਾ ਮਤਲਬ ਰਿਹ ਸੀ ਕਿ ਸਿੱਖਾਂ ਤੇ ਗੁਰੂ ਦੇ ਵਿਚਕਾਰ ਮਸੰਦਾਂ ਦੀ ਵਿਚੋਲਗੀ ਖ਼ਤਮ ਕੀਤੀ ਸੀ। ਪਾਹੁਲ ਦਾ ਮਤਲਬ ਹਰਗਿਜ਼ ਨਵਾਂ ਧਰਮ/ਪੰਥ/ਕੌਮ ਬਣਾਉਣਾ ਨਹੀਂ ਸੀ। ਹਾਂ, ਅੰਤਮ ਸਮੇਂ ਉਨ੍ਹਾਂ ਨੇ ਗੁਰੂਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਦਿਤੀ ਸੀ।}
‘ਭਗਉਤੀ/ਚੰਡੀ ਦੀ ਵਾਰ’ਦਾ ਪਿਛੋਕੜ: ਗੁਰੂ ਜੀ ਵੱਲੋਂ ਚੰਡੀ ਦੀ ਪੂਜਾ ਦੀ ਪਹਿਲੀ ਪੇਸ਼ਕਾਰੀ ਸ਼ਾਇਦ ਕੁਇਰ ਸਿੰਘ (ਅਸਲ ਨਾਂ ਪੰਡਤ ਬਿਸ਼ਨ ਦਾਸ) ਨੇ ਗੁਰਬਿਲਾਸ ਪਾਤਸਾਹੀ10 ਦੇ 7 ਤੇ 8 ਚੈਪਟਰ (ਸਫ਼ਾ 103 ਤੋਂ 121) ਵਿਚ ਪੇਸ਼ ਕੀਤੀ ਸੀ (ਇਸ ਕਿਤਾਬ ‘ਤੇ ਲਿਖਣ ਸਾਲ 1751 ਲਿਖਿਆ ਮਿਲਦਾ ਹੈ ਜੋ ਕਿ ਗ਼ਲਤ ਹੈ; ਇਹ ਕਿਤਾਬ ਹਰ ਹਾਲਤ ਵਿਚ 1787 ਤੋਂ ਮਗਰੋਂ ਦੀ, ਸ਼ਾਇਦ 1791 ਜਾਂ ਇਸ ਤੋਂ ਵੀ ਮਗਰੋਂ ਦੀ ਲਿਖੀ ਹੋਈ ਹੈ)। ਇਹੀ ਕਹਾਣੀ ਨਿਰਮਲੇ ਸੁੱਖਾ ਸਿੰਘ ਨੇ ਗੁਰਬਿਲਾਸ ਪਾਤਸਾਹੀ ਦਸਵੀਂ (1797) ਵਿਚ, ਚੈਪਟਰ 8 ਤੋਂ 10 ਵਿਚ (ਸਫ਼ਾ 126 ਤੋਂ 159 ਵਿਚ) ‘ਦੇਵੀ ਪੂਜਨ ਬਿਰਤਾਂਤ’ ਸਿਰਲੇਖ ਹੈ ਲਿਖੀ ਸੀ। ਇਸ ਗੱਲ ਨੂੰ ਹੋਰ ਪੱਕਾ ਕਰਨ ਵਾਸਤੇ ਸੁੱਖਾ ਸਿੰਘ ਨਿਰਮਲੇ ਨੇ ਆਪਣੀ ਲਿਖੀ ਚੰਡੀ ਦੀ ਵਾਰ ਗੁਰੂੁ ਜੀ ਦੇ ਨਾਂ ਨਾਲ ਜੋੜੀ ਸੀ। ਗੁਰਦਾਸ ਸਿੰਘ ਦੇ ਨਾਂ ‘ਤੇ ਲਿਖੀ ਵਾਰ (ਵਾਰ 41 ਵਜੋਂ ਛਪੀ ਹੋਈ) ਵੀ ਇਸੇ ਸੁੱਖਾ ਸਿੰਘ ਦੀ ਲਿਖੀ ਹੋਈ ਹੈ; ਕਿਉਂ ਕਿ ਇਹ ਵੀ ਪਟਨਾ ਵਿਚੋਂ ਆਈ ਹੈ। (ਇਹ ਵੀ ਜਾਪਦਾ ਹੈ ਕਿ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ 1711 ਦੀ ਤਾਰੀਖ਼ ਵਾਲੀ(ਜੋ ਅਸਲ ਵਿਚ ਉਨੀਵੀਂ ਸਦੀ ਦੇ ਅਖ਼ੀਰ ਦੀ ਹੈ) ਚਿੱਠੀ ਵੀ ਇਸੇ ਲੇਖਕ ਦੀ ਲਿਖੀ ਹੋਈ ਹੈ)। ਮਹਿਮਾ ਪ੍ਰਕਾਸ਼ ਵਿਚ ਵੀ ਇਹ ਕਥਾ ਚੈਪਟਰ 17 ਵਿਚ (ਸਫ਼ਾ 820 ਤੋਂ 824) ਵਿਚ ਪੇਸ਼ ਹੈ। ਨਿਰਮਲੇ ਲੇਖਕ ਸੰਤੋਖ ਸਿੰਘ ਕਵੀ ਨੇ ਰਿਤੂ 3 ਅੰਸੂ3 ਤੋਂ 12 ਵਿਚ ਵੀ ਇਹੀ (ਸਫ਼ਾ4929 ਤੋਂ 4968 ਤਕ) ਦੇਵੀ ਪੂਜਨ ਦੀ ਕਥਾ ਲਿਖੀ ਹੈ। ‘ਕਿਰਪਾ ਕਰੀ ਹਮ ਪਰ ਜਗ ਮਾਤਾ, ਪੂਰਨ ਕੀਆ ਗ੍ਰੰਥ ਤਤਕਾਲਾ’ ਵਿਚ ਉਸੇ ਦੁਰਗਾ ਦੀ ਸਿਫ਼ਤ ਕੀਤੀ ਹੈ। ਇਹ ਸਾਰੇ ਲੇਖਕ(ਕੁਇਰ ਸਿੰਘ, ਸੁਖਾ ਸਿੰਘ, ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ) ਨਿਰਮਲੇ ਸਨ।
ਦਸਮਗ੍ਰੰਥ ਤੇ ਨਿਤਨੇਮ
ਦਸਮਗ੍ਰੰਥੀਆਂ ਨੇ ਇਕ ਇਹ ਵੀ ਚਾਲ ਚਲੀ ਸੀ ਕਿ ਜੇ ਦਸਮਗ੍ਰੰਥ ਨਹੀਂ ਹੈ ਤਾਂ ‘ਨਿਤਨੇਮ’ ਅਤੇ‘ਖੰਡੇ ਦੀ ਪਾਹੁਲ’ ਦਾ ਕੀ ਬਣੇਗਾ? ਉਨ੍ਹਾਂ ਮੁਤਾਬਿਕ ਜਾਪੁ, ਸਵੈਯੇ ਤੇ ਚੌਪਈ ਇਸ ਕਿਤਾਬ ਵਿਚੋਂ ਹਨ।
ਹਕੀਕਤ ਇਹ ਹੈ ਕਿ ਪੁਰਾਣੇ ਸੋਮਿਆਂ ਵਿਚ ਖੰਡੇ ਦੀ ਪਾਹੁਲ ਦੀਆਂ‘ਪੰਜ ਬਾਣੀਆਂ’ ਦਾ ਜ਼ਿਕਰ ਕਿਤੇ ਵੀ ਨਹੀਂ। ਕੁਝ ਸੋਮੇ ਜਪੁਜੀ ਤੇ ਕੁਝ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ੍ਹ ਕੇ ਪਾਹੁਲ ਦੇਣ ਦਾ ਜ਼ਿਕਰ ਕਰਦੇ ਹਨ। ਇੰਞ ਹੀ ਨਿਤਨੇਮ ਦੀਆਂ‘ਪੰਜ ਬਾਣੀਆਂ’ ਵੀ ਨਿਰਮਲਿਆਂ ਨੇ ਹੀ ਲਾਗੂ ਕੀਤੀਆਂ ਸਨ। ਨਿਤਨੇਮ ਕਦੇ ਵੀ ‘ਪੰਜ ਬਾਣੀਆਂ’ ਨਹੀਂ ਸਨ। ਗੁਰੂ ਸਾਹਿਬ ਨੇ ਨਿਤਨੇਮ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਸਫ਼ੇ ਹੀ ਨੀਅਤ ਕੀਤੇ ਸਨ ਤੇ ਇਸੇ ਕਰ ਕੇ ਉਨ੍ਹਾਂ ਨੂੰ ਗ੍ਰੰਥ ਦੇ ਸ਼ੁਰੂ ਵਿਚ ਰੱਖ ਦਿੱਤਾ ਸੀ। 1823 ਵਿਚ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਤੋਂ ਮਗਰੋਂ, ਨਿਰਮਲਿਆਂ ਨੇ ਦਰਬਾਰ ਸਾਹਿਬ ਦਾ ਇੰਤਜ਼ਾਮ ਆਪਣੇ ਹੱਥ ਵਿਚ ਆਉਣ ਮਗਰੋਂ, ਇਸ ਵਿਚ ਨਿਰਮਲੇ ਲਿਖਾਰੀਆਂ ਦੀਆਂ ਲਿਖਤਾਂ ਜਾਪੁ ਤੇ ਸਵੈਯੇ (ਤੇ ਮਗਰੋਂ ਚੌਪਈ ਵੀ) ਸ਼ਾਮਿਲ ਕਰ ਕੇ ਚਾਲਕੀ ਨਾਲ ਇਸ ਨੂੰ ‘ਪੰਜ ਬਾਣੀਆਂ ਦਾ ਨਾਂ ਦੇ ਦਿੱਤਾ ਸੀ।
1873 ਸਿੰਘ ਜਦ ਸਭਾ ਲਹਿਰ ਸ਼ੁਰੂ ਹੋਈ ਤਾਂ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ‘ਤੇ ਨਿਰਮਲਿਆਂ ਦਾ ਕਬਜ਼ਾ ਸੀ; ਇਸ ਕਰ ਕੇ ਜਾਪੁ ਤੇ ਸਵੈਯੇ ਦੇ ਖ਼ਿਲਾਫ਼ ਆਵਾਜ਼ ਉਠਣ ਦਾ ਸਵਾਲ ਹੀ ਨਹੀਂ ਸੀ। ਅਕਾਲੀ (1920-25) ਵੇਲੇ ਕਿਸੇ ਦਾ ਇਸ ਗੱਲ ਵੱਲ ਧਿਆਨ ਹੀ ਨਹੀਂ ਗਿਆ ਕਿ ਨਿਰਮਲਿਆਂ ਨੇ ਪਾਹੁਲ ਤੇ ਨਿਤਨੇਮ ਵਿਚ ਨਕਲੀ ਕਵਿਤਾਵਾਂ ਲਾਗੂ ਕਰ ਦਿੱਤੀਆਂ ਸਨ। ਇਹ ਉਵੇਂ ਹੀ ਸੀ ਜਿਵੇਂ ਉਦਾਸੀਆਂ ਦੇ ‘ਝੰਡੇ ਬੁੰਗੇ’ ਦਾ ਭਗਵਾ ਝੰਡਾ‘ਕੇਸਰੀ’ ਬਣ ਕੇ ਸਿੱਖਾਂ ਵਿਚ ਲਾਗੂ ਹੋ ਗਿਆ ਸੀ।
ਜਾਪੁ ਤੇ ਸਵੈਯੇ ਦਾ ਪਿਛੋਕੜ:
ਜਾਪੁ ਨਾਂ ਦੀ ਕਵਿਤਾ ਦੀ ਝਲਕ ਸਾਫ਼ ਰਾਜਿਸਥਾਨੀ ਕਵੀ ਚੰਦਰ ਬਰਦਾਈ (1149-1200) ਦੀ ਰਚਨਾ ‘ਪ੍ਰਿਥਵੀਰਾਜ ਰਾਸੋ’ ਦੇ42ਵੇਂ ਚੈਪਟਰ, ਸਫ਼ਾ 1170-71 (ਤੁਅੰ ਦੇਹ ਹੱਟੌ…..ਤੁਅੰ ਲੋਕ ਪਾਲੰ… ਬੰਦ 30 ਤੋਂ 36) ਅਤੇ ਦੇਵੀ ਉਸਤਤਿ: ਨਮੋ ਤੁੰ, ਨਮੋ ਤੁੰ, ਨਮੋ ਤੁੰ ਕੁਮਾਰੀ… ਬੰਦ 38 ਤੋਂ 45), ਅਤੇ 317-18 (ਅਛੇਦ ਅਭੇਦ ਅਸ਼ੇਦ ਅਪਾਰ; ਅਜੀਤ ਅਭੀਤ ਅਪ੍ਰੀਤ ਅਮਾਰ। ਅਸੇਸ਼ ਅਮੇਖ ਅਲੇਖ ਅਬੀਹ; ਅਰਪ ਅਭੇਸ਼ ਅਦੇਸ਼ ਕਬੀਹ…) ਵਿਚ ਨਜ਼ਰ ਆਉਂਦੀ ਹੈ।ਸਵੈਯੇ ਬਾਰੇ ਇਹ ਵਿਚਾਰ ਕੀਤਾ ਜਾਂਦਾ ਹੈ ਕਿ ਇਹ ਕਿਸੇ ਆਤਮਾ ਰਾਮ ਨਿਰਮਲੇ ਦੇ ਲਿਖੇ ਹਨ(ਗਿਆਨ ਪ੍ਰਬੋਧ ਦਾ ਲੇਖਕ ਵੀ ਉਹੀ ਹੈ)।
ਸੋ ਜਾਪੁ, ਸਵੈਯੇ, ਚੌਪਈ (ਜੋ ਚਰਿਤਰੋਪਾਖਯਾਨ ਦਾ ਹਿੱਸਾ ਹੈ) ਵਗ਼ੈਰਾ ਦਾ ਨਿਤਨੇਮ ਅਤੇ ਖੰਡੇ ਦੀ ਪਾਹੁਲ ਨਾਲ ਕੋਈ ਸਬੰਧ ਨਹੀਂ। ਨਿਤਨੇਮ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਸਫ਼ੇ ਹੀ ਹਨ ਅਤੇ ਖੰਡੇ ਦੀ ਪਾਹੁਲ ਦੀ ਰਸਮ ਵੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਸਫ਼ਿਆਂ ਨਾਲ ਹੀ ਪੂਰਨ ਹੋ ਜਾਂਦੀ ਹੈ; ਪਾਹੁਲ ਦੇਣ ਲੱਗਿਆਂ ਸਿਰ8 ਇਹ 13 ਸਫ਼ੇ ਵਾਲੀਆਂ ਬਾਣੀਆਂ ਹੀ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ। ਪਾਹੁਲ ਸਮੇਂ ਇਹ ਬਾਣੀਆਂ ਪੜ੍ਹਨ ਦਾ ਮਤਲਬ ਪਾਹੁਲ ਲੈਣ ਵਾਲੇ ਨੂੰ ਨਿਤਨੇਮ ਦਾ ‘ਅਭਿਆਸ’ ਕਰਵਾਉਣਾ ਹੈ।
ਸਿੱਖ ਸ਼ਹੀਦ ਅਤੇ ਦਸਮਗ੍ਰੰਥ
ਕੁਝ ਭੋਲੇ ਲੋਕ (ਅਤੇ ਆਰ.ਐਸ.ਐਸ. ਦੇ ਏਜੰਟ ਅਤੇ ਸ਼ਰਾਰਤੀ ਲੋਕ ਖ਼ਾਸ ਕਰ ਕੇ) ਇਹ ਪ੍ਰਚਾਰ ਕਰਦੇ ਹਨ ਕਿ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਾ ਦਸਮਗ੍ਰੰਥ ਦੇ ਹਿਮਾਇਤੀ ਸਨ, ਇਸ ਕਰ ਕੇ ਇਸ ਕਿਤਾਬ ਨੂੰ ਕਬੂਲ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤਾਂ ਗਿਆਨੀ ਜਰਨੈਲ ਸਿੰਘ ਜੀ ‘ਜੱਥਾ ਭਿੰਡਰਾਂ-ਮਹਿਤਾ’ ਦਾ ਹਿੱਸਾ ਸਨ ਤੇ ਇਹ ਜੱਥਾ ਗਿਆਨੀ ਗੁਰੂਬਚਨ ਸਿੰਘ ਦਾ ਕਾਇਮ ਕੀਤਾ ਹੋਇਆ ਸੀ। ਉਨ੍ਹਾਂ ਦੇ ਚੇਲੇ ਹੋਣ ਕਾਰਨ ਇਹ ਸਾਰੇ ਅੱਖਾਂ ਬੰਦ ਕਰ ਕੇ ਉਸ ਗੱਲ ‘ਤੇ ਅਮਲ ਕਰਦੇ ਸੀ (ਅਤੇ ਕਰਦੇ ਹਨ) ਜਿਹੜੀ ਗੱਲ ਗਿਆਨੀ ਗੁਰੂਬਚਨ ਸਿੰਘ ਨੇ ਕਹਿ/ਲਿਖ ਦਿੱਤੀ ਸੀ। ਯਾਨਿ, ਉਹ ਇਨ੍ਹਾਂ ਵਾਸਤੇ ਗੁਰੂ ਹੀ ਨਹੀਂ, ਬਲ ਕਿ ਰੱਬ ਹੈ; ਅਤੇ ਉਹ ਜੋ ਵੀ ਕਹਿ ਲਿਖ ਗਿਆ ਹੈ ਉਹ ‘ਇਲਾਹੀ ਹੁਕਮ’ ਹੈ। ਸ਼ਹੀਦ ਗਿਆਨੀ ਜਰਨੈਲ ਸਿੰਘ ਜੀ ਵੱਲੋਂ ਦਸਮਗ੍ਰੰਥ ਦੀ ਹਿਮਾਇਤ ਕਰਨ ਦਾ ਮੁਖ ਕਾਰਨ ਇਹੀ ਸੀ।
ਦੂਜਾ, ਗਿਆਨੀ ਜਰਨੈਲ ਸਿੰਘ ਜੀ ਬਹੁਤਾ ਪੜ੍ਹੇ ਲਿਖੇ ਨਹੀਂ ਸਨ ਤੇ ਇਸ ਕਰ ਕੇ ਇਸ ਕਿਤਾਬ(ਦਸਮਗ੍ਰੰਥ) ਨੂੰ ਪੜ੍ਹ ਨਹੀਂ ਸਕੇ ਹੋਣਗੇ ਤੇ ਇਸੇ ਕਰ ਕੇ ਇਸ ਹਿੰਦੂ ਗ੍ਰੰਥਾਂ ਦੇ ਤਰਜਮੇ ਅਤੇ ਚਰਿਤ੍ਰੋਪਾਖਯਾਨ ਵਰਗੇ ਗੰਦ ਮੰਦ ਨੂੰ ਰੱਦ ਨਾ ਕਰ ਸਕੇ। ਜੇ ਉਹ ਪੜ੍ਹ ਲੈਂਦੇ ਤਾਂ ਸਾਇਦ ਉਹ ਇਸ ਕੂੜ-ਕਬਾੜੇ ਨੂੰ ਗੁਰੂ ਦੀ ਰਚਨਾ ਨਾ ਕਹਿੰਦੇ।
ਅਖੌਤੀ ਦਮਦਮੀ ਟਕਸਾਲ ਦੀ ਅਸਲੀਅਤ ਜਾਣਨ ਦੀ ਵੀ ਲੋੜ ਹੈ। ਇਸ ਦਾ ਅਸਲ ਨਾਂ‘ਜੱਥਾ ਭਿੰਡਰਾਂ’ ਸੀ (ਕਿਉਂਕਿ ਇਸ ਦੇ ਮੋਢੀ ਗਿਆਨੀ ਸੁੰਦਰ ਸਿੰਘ ਭਿੰਡਰ ਕਲਾਂ ਪਿੰਡ ਦੇ ਸਨ ਤੇ ਗਿਆਨੀ ਗੁਰਬਚਨ ਸਿੰਘ, ਜੋ ਕਿ ਪਿੱਛੋਂ ਅਖਾੜਾ ਪਿੰਡ ਦੇ ਸਨ ਤੇ1921 ਤੋਂ ਭਿੰਡਰ ਕਲਾਂ ਰਹਿਣ ਲਗ ਪਏ ਸਨ; ਇਸੇ ਕਰ ਕੇ ਇਸ ਦਾ ਨਾਂ ‘ਜਥਾ ਭਿੰਡਰਾਂ’ ਸੀ); ਪਰ ਜਦ ਗਿਆਨੀ ਗੁਰਬਚਨ ਸਿੰਘ ਚੜ੍ਹਾਈ ਕਰ ਗਏ ਤਾਂ ਉਨ੍ਹਾਂ ਦੇ ਪਰਵਾਰ ਦਾ ਗਿਆਨੀ ਕਰਤਾਰ ਸਿੰਘ ਜੀ ਨਾਲ ਝਗੜਾ ਹੋ ਗਿਆ ਤੇ ਉਹ ਚੌਕ ਮਹਿਤਾ ਆ ਗਏ ਅਤੇ ਇਸ ਜਥੇ ਦਾ ਨਾਂ ‘ਜੱਥਾ ਭਿੰਡਰਾਂ-ਮਹਿਤਾ’ ਲਿਖਣ ਲਗ ਏ। 1977 ਵਿਚ ਉਹ ਖ਼ੁਦ ਨੂੰ ‘ਦਮਦਮੀ ਟਕਸਾਲ’ ਕਹਿਣ ਲਗ ਪਏ। (ਗਿਆਨੀ ਗੁਰਬਚਨ ਸਿੰਘ ਭਿੰਡਰਾਂ ਤਾਂ ਆਪਣੀ ਕਿਤਾਬ ‘ਖਾਲਸਾ ਜੀਵਨ’ ਵਿਚ ਸਾਫ਼ ਮੰਨਦੇ ਹਨ ਕਿ ਉਹ ਨਿਰਮਲਾ ਪ੍ਰਣਾਲੀ ਵਿਚੋਂ ਹਨ ਤੇ ਉਨ੍ਹਾਂ ਨੇ ਮੁਖ ਤੌਰ ‘ਤੇ ਰਾਮਾਇਣ, ਮਹਾਂਭਾਰਤ ਤੇ ਹੋਰ ਹਿੰਦੂ ਗ੍ਰੰਥ, ਨਿਰਮਲਿਆਂ ਦਾ ਫ਼ਰੀਦਕੋਟੀ ਟੀਕਾ ਪੜ੍ਹੇ ਹੋਏ ਸਨ)।
‘ਜੱਥਾ ਭਿੰਡਰਾਂ-ਮਹਿਤਾ’ ਦਰਅਸਲ ਨਿਰਮਲਿਆਂ ਦਾ ਇਕ ਅੰਗ(ਹਿੱਸਾ) ਹੈ ਤੇ ਇਨ੍ਹਾਂ ਦਾ ਰੋਲ ਦੂਜੇ ਸਾਧਾਂ ਤੇ ਰਾਧਾਸੁਆਮੀਆਂ ਤੋਂ ਵਖਰਾ ਨਹੀਂ ਹੈ। ਇਸ ਨੂੰ ਕਿਸੇ ਗੁਰੂ ਨਾ ਜਾਂ ਭਾਈ ਮਨੀ ਸਿੰਘ ਜਾਂ ਬਾਬਾ ਦੀਪ ਸਿੰਘ ਨੇ ਨਹੀਂ ਚਲਾਇਆ ਸੀ ਬਲ ਕਿ ਨਿਰਮਲੇ ਸਾਧੂਆਂ ਦਾ ਟੋਲਾ ਸੀ। ਇਕ ਬਾਬਾ ਜਰਨੈਲ ਸਿੰਘ ਨੂੰ ਛੱਡ ਕੇ, ਇਸ ਜਥੇ ਦੇ ਉਨ੍ਹਾਂ ਤੋਂ ਪਹਿਲਾਂ ਦੇ ਅਤੇ ਉਨ੍ਹਾਂ ਤੋਂ ਮਗਰੋਂ ਦੇ ਸਾਰੇ ਮੁਖੀ ਨਿਰੰਕਾਰੀਆਂ ਤੇ ਰਾਧਾਸੁਆਮੀਆਂ ਦਾ ਰੂਪ ਹੀ ਸਨ।
ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਦਸਮਗ੍ਰੰਥ
ਦਸਮਗ੍ਰੰਥੀਏ ਭਿੰਡਰਾਂਵਾਲਿਆਂ ਦਾ ਇਕ ਹਵਾਲਾ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਕਿਹਾ ਸੀ: “(ਸ੍ਰੀ) ਦਸਮ ਗ੍ਰੰਥ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਤਾਂ ਦਰਕਿਨਾਰ, ਬੁਜ਼ਦਿਲ ਆਦਮੀ ਇਸ ਦੀ ਬਾਣੀ ਸੁਣ ਨਹੀਂ ਸਕਦਾ; ਇਹ ਕਾਇਰਾਂ ਦਾ ਗ੍ਰੰਥ ਨਹੀਂ ਹੈ; ਇਸ ਗ੍ਰੰਥ ਦੇ ਇਕ ਇਕ ਅੰਗ ਵਿਚ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ।”
ਭਿੰਡਰਾਂਵਾਲਿਆਂ ਦੀ ਗੱਲ ਹੈ ਵੀ ਸੱਚ, ਇਸ ਕਿਤਾਬ (ਮੈਂ ਇਸ ਨੂੰ ਗ੍ਰੰਥ ਨਹੀਂ ਕਹਿ ਸਕਦਾ) ਦੀਆਂ ਕਵਿਤਾਵਾਂ ਬੁਜ਼ਦਿਲ ਵਾਸਤੇ ਨਹੀਂ ਹਨ; ਬਹੁਤ ਹਿੰਮਤ ਤੇ ਦਲੇਰੀ ਚਾਹੀਦੀ ਹੈ। ਟੱਟੀ ਫਿਰਨ ਗਏ ਲੋਕਾਂ ਦੀਆਂ ਪੱਗਾਂ ਲਾਹੁਣ ਵਾਸਤੇ; ਸੱਕੇ ਭਰਾ ਨਾਲ ਭੋਗ ਕਰਨ ਵਾਸਤੇ, ਪਾਲਕੀ ਵਿਚ ਸਵਾਰ ਹੋ ਕੇ ਸ਼ਰੇਆਮ ਸੜਕ ਦੇ ਵਿਚਕਾਰ ਭੋਗ ਕਰਨ ਵਾਸਤੇ, ਪਤੀ ਨੂੰ ਧੋਖਾ ਦੇ ਕੇ ਭੋਗ ਕਰਨ ਵਾਸਤੇ, ਚੰਗੇ ਨਸ਼ੇ ਕਰ ਕੇ, 12-12 ਤੇ24-24 ਘੰਟੇ ਭੋਗ ਕਰਨ ਵਾਸਤੇ, ਸਾਜ਼ਸ਼ਾਂ ਤੇ ਚਲਾਕੀਆਂ ਨਾਲ ਪਤੀ ਨੂੰ ਮੂਰਖ ਬਣਾਉਣ ਵਾਸਤੇ ਸਚਮੁਚ ਬਹੁਤ ਦਲੇਰੀ ਚਾਹੀਦੀ ਹੈ। ਸ਼ਾਇਦ ਕੋਈ ਬਹੁਤ ‘ਬਹਾਦਰ’, ‘ਧਾਰਮਿਕ’ ‘ਰੂਹਾਨੀ’ ਸ਼ਖ਼ਸੀਅਤ, ਕੋਈ ਸੰਤ, ਮਹਾਂਪੁਰਖ, ਬ੍ਰਹਮਗਿਆਨੀ ਹੀ ਇਹੋ ਜਿਹੀਆਂ ਗੰਦ-ਰਸ ਵਾਲੀ ਲਿਖਤਾਂ ਪੜ੍ਹਨ ਦੀ ਹਿੰਮਤ ਕਰ ਸਕਦਾਹੈ।
ਇਕ ਹੋਰ ਗਪੌੜਾ ਇਹ ਪਰਚਾਰਿਆ ਜਾ ਰਿਹਾ ਹੈ ਕਿ ਜੂਨ1984 ਵਿਚ ਸ਼ਹੀਦ ਹੋਣ ਵਾਲੇ ਇਸ ਗ੍ਰੰਥ ਦੇ ਹਿਮਾਇਤੀ ਸਨ ਜਾਂ ਇਸ ਨੂੰ ਪੜ੍ਹ ਕੇ ਸ਼ਹੀਦ ਹੋਏ ਸਨ। ਇਹ ਵੀ ਨਿਰੀ ਗੱਪ ਹੈ। ਜਿਹੜੇ 1978 ਤੋਂ 1984 ਤਕ (ਅਤੇ ਫਿਰ 1994 ਤਕ) ਸਮੇਂ ਵਿਚ ਸ਼ਹੀਦ ਹੋਏ ਸਨ, ਉਨ੍ਹਾਂ ਵਿਚੋਂ 90% ਨੇ ਇਸ ਕਿਤਾਬ ਨੂੰ (ਜਾਪੁ, ਸਵੈਯੇ, ਚੌਪਈ, ਅਕਾਲ ਉਸਤਤ ਤੇ ਇਕ-ਅੱਧ ਹੋਰ ਨੂੰ ਛੱਡ ਕੇ, ਯਾਨਿ 90% ਹਿੱਸਾ) ਕਦੇ ਨਹੀਂ ਪੜ੍ਹਿਆ ਸੀ। ਇਨ੍ਹਾਂ ਸ਼ਹੀਦਾਂ ਵਿਚੋਂ ਦਰਜਨਾਂ ਨੂੰ ਤਾਂ ਮੈਂ ਨਿਜੀ ਤੌਰ ‘ਤੇ ਜਾਣਦਾ ਹਾਂ। ਫਿਰ ਇਸ ਤੋਂ ਇਹ ਸਵਾਲ ਵੀ ਉਠਦਾ ਹੈ ਕਿ ਨੌਵੇਂ ਗੁਰੂ ਤਕ ਸ਼ਹੀਦ ਹੋਣ ਵਾਲਿਆਂ ਨੇ ਤਾਂ ਇਹ ਹਰਗਿਜ਼ ਨਹੀਂ ਪੜ੍ਹਿਆ ਹੋ ਸਕਦਾ, ਸੋ ਇਹ ਬੁਰਛਾਗਰਦ ਉਨ੍ਹਾਂ ਨੂੰ ਤਾਂ ਸਿੱਖ ਹੀ ਨਹੀਂ ਮੰਨਣਗੇ; ਇੰਞ ਤਾਂ ਇਹ ਲੋਕ ਪਹਿਲੇ ਨੌਂ ਗੁਰੂਆਂ ਨੂੰ ਵੀ ਸਿੱਖ ਨਹੀਂ ਮੰਨਣਗੇ, ਕਿਉਂਕਿ ਉਨ੍ਹਾਂ ਨੇ ਵੀ ਤਾਂ ਇਹ ਕਵਿਤਾਵਾਂ ਨਹੀਂ ਪੜ੍ਹੀਆਂ ਹੋਣੀਆਂ।
ਅਖੌਤੀ ਸੋਧਕ ਕਮੇਟੀ ਦਾ ਮਸਲਾ
ਇਹ ਪਰਚਾਰਿਆ ਜਾਂਦਾ ਹੈ ਕਿ 1897-1902 ਵਿਚ ਇਸ ਨੂੰ ਇਕ ਅਖੌਤੀ ‘ਸੋਧਕ ਕਮੇਟੀ’ ਨੇ32 ਬੀੜਾਂ ਵਾਚਣ ਮਗਰੋਂ ਅੰਤਿਮ ਰੂਪ ਦਿੱਤਾ ਸੀ। ਇਹ ਕਮੇਟੀ ਕੀ ਸੀ? 1823 ਤੋਂ ਹੀ ਦਰਬਾਰ ਸਾਹਿਬ‘ਤੇ ਨਿਰਮਲਿਆਂ ਤੇ ਉੇਦਾਸੀਆਂ ਦਾ ਕਬਜ਼ਾ ਸੀ (ਜੋ 12 ਅਕਤੂਬਰ 1920 ਦੇ ਦਿਨ ਪੰਥ ਕੋਲ ਆਇਆ)। ਉਸ ਵੇਲੇ ਕਿਤਾਬਾਂ ਲਿਖ ਕੇ ਅਤੇ ਆਪਣੇ ਆਪ ਨੂੰ ਐਲਾਨੀਆ ਤੌਰ ‘ਤੇ ਹਿੰਦੂ ਕਹਿਣ ਵਾਲੇ ਖੇਮ ਸਿੰਘ ਬੇਦੀ ਅਤੇ ਉਸ ਦੇ ਸਾਥੀ ਪੁਜਾਰੀ ਇਥੇ ਕਾਬਜ਼ ਸਨ (ਇਹ ਵੀ ਯਾਦ ਰਹੇ ਕ ਖੇਮ ਸਿੰਘ ਬੇਦੀ ਉਸ ਪਰਵਾਰ ਨਾਲ ਸਬੰਧ ਰਖਦਾ ਸੀ, ਜਿਹੜਾ ਐਂਗਲੋ-ਸਿੱਖ ਲੜਾਈਆਂ ਵਿਚ ਅੰਗਰੇਜ਼ਾਂ ਦਾ ਵਫ਼ਾਦਾਰ ਰਿਹਾ ਸੀ, ਤੇ ਜਿਸ ਨੂੰ ਅੰਗਰੇਜ਼ਾਂ ਨੇ ਵਫ਼ਾਦਾਰੀ ਦੇ ਈਨਾਮ ਵਜੋਂ 1878 ਵਿਚ 28472 ਏਕੜ ਜ਼ਮੀਨ ਦਿੱਤੀ ਸੀ)। ਅਖੌਤੀ ਦਸਮਗ੍ਰੰਥ ਦੀਆਂ ਸਾਰੀਆਂ ਦੀਆਂ ਲਿਖਤਾਂ ਪਟਨਾ ਵਾਸੀ ਨਿਰਮਲਾ ਲੇਖਕਾਂ ਸੁੱਖਾ ਸਿੰਘ, ਦਿਆਲ ਸਿੰਘ, ਨਵਲ ਸਿੰਘ, ਆਤਮਾ ਰਾਮ (ਅਕਾਲ ਉਸਤਤਿ ਤੇ ਗਿਆਨ ਪ੍ਰਬੋਧ ਦਾ ਲੇਖਕ; ਸ਼ਾਇਦ ਜਾਪੁ ਦਾ ਵੀ) ਦੀਆਂ ਰਚਨਾਵਾਂ ਹਨ; ਅਤੇ, ਇਹ ਸਾਰੀਆਂ ਲਿਖਤਾਂ1775 ਦੇ ਆਲੇ ਦੁਆਲੇ ਦੇ ਸਮੇਂ ਵਿਚ ਲਿਖੀਆਂ ਗਈਆਂ ਸਨ। ਇਹ ਸਾਰੇ ਨਿਰਮਲਾ ਲੇਖਕ ਦੇਵੀ ਪੂਜਕ ਸਨ ਤੇ ਆਪਣੇ ਆਪ ਨੂੰ ਹਿੰਦੂ ਮੰਨਦੇ ਸਨ। ਇਸ ਦਾ ਪਹਿਲਾ ਪਰਚਾਰ ਮਾਲਕਮ ਤੇ ਕੋਲਬਰੁਕ ਦੀਆਂ ਸਾਜ਼ਿਸ਼ਾਂ ਦਾ ਸਿੱਟਾ ਹੈ। ਸਿੰਘ ਸਭਾ ਦੇ ਅਸਲ ਆਗੂਆਂ(ਖਾਲਸਾ ਦੀਵਾਨ ਲਾਹੌਰ: ਗੁਰੂਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ) ਨੇ ਇਸ ਅਖੌਤੀ ਸੋਧਕ ਕਮੇਟੀ ਨੂੰ ਰੱਦ ਕੀਤਾ ਸੀ। ਦੂਜਾ, ਇਸ ਕਮੇਟੀ ਨੇ‘ਅਖੌਤੀ ਦਸਮਗ੍ਰੰਥ ਸਿਰਫ਼ ਇਨ੍ਹਾਂ ਬੀੜਾਂ ਦੇ ਪਾਠ ਭੇਦ ਦਾ ਫ਼ਰਕ ਸੋਧਿਆ ਸੀ। ਉਨ੍ਹਾਂ ਨੇ ਇਸ ਕਿਤਾਬ ਨੂੰ ਗੁਰੂੁ ਰਚਨਾ ਸਾਬਿਤ ਨਹੀਂ ਕੀਤਾ ਸੀ।
ਭਾਈ ਮਨੀ ਸਿੰਘ ਦੀ ਜਾਅਲੀ ਚਿੱਠੀ
ਦਸਮਗੰਥੀਏ ਆਪਣੇ ਹੱਕ ਵਿਚ ਇਕ ਚਿੱਠੀ ਦਾ ਸਹਾਰਾ ਲੈਂਦੇ ਹਨ ਜਿਸ ਨੂੰ ਉਹ ਭਾਈ ਮਨੀ ਸਿੰਘ ਦੀ ਲਿਖੀ ਕਹਿਣ ਦੀ ਹਰਕਤ ਕਰਦੇ ਹਨ। ਇਸ ਚਿੱਠੀ ਦੀ ਅੰਦਰੂਨੀ ਗਵਾਹੀ ਹੀ ਕਹਿੰਦੀ ਹੈ ਕਿ ਇਹ ਝੂਠੀ ਹੈ।(1) ਚਿੱਠੀ ਵਿਚ ਕੋਈ ਸਾਲ ਨਹੀਂ ਹੈ; ਵਿਸਾਖ 22 ਲਿਖਿਆ ਹੈ; ਜਾਣ ਬੁਝ ਕੇ ਸਾਲ ਨਹੀਂ ਲਿਖਿਆ ਵਰਨਾ ਉਸ ਨਾਲ ਵੀ ਭੇਦ ਖੁਲ੍ਹ ਜਾਣਾ ਸੀ। (2) ਚਿੱਠੀ ਦਾ ਲੇਖਕ ਤਾਪ ਦੀ ਕਥਾ ਦੋ ਵਾਰ ਸੁਣਦਾ ਹੈ ਤਾਂ ਜੋ ਬੀਮਾਰੀ ਦੂਰ ਹੋ ਸਕੇ (ਕੀ ਭਾਈ ਮਨੀ ਸਿੰਘ ਕਥਾ ਸੰਕਟ ਮੋਚਨ ਸ਼ਬਦ ਦਾ ਪੁਜਾਰੀ ਹੋ ਸਕਦਾ ਹੈ?)। (3) “ਬੰਦਾ ਮੁਕਤਿ ਹੋਇ ਭਾਗ ਗਇਆ ਹੈ” ਨਿਰੀ ਗੱਪ ਹੈ। ਬੰਦਾ ਸਿੰਘ ਸਿਰਫ਼ ਇਕ ਵਾਰ ਦਸੰਬਰ1715 ਵਿਚ ਗੁਰਦਾਸ ਨੰਗਲ ਵਿਚ ਫੜਿਆ ਗਿਆ ਸੀ ਤੇ 9 ਜੂਨ1716 ਨੂੰ ਸ਼ਹੀਦ ਕੀਤਾ ਗਿਆ ਸੀ। ਉਹ ਕਦੇ ਕੈਦ ਵਿਚੋਂ ਨਹੀਂ ਭੱਜ ਸਕਿਆ ਸੀ। ਜੇ ਉਸ ਦੇ ਲੋਹਗੜ੍ਹ ਵਿਚੋਂ ਬਚ ਕੇ ਨਿਕਲਣ ਦੀ ਗੱਲ ਹੈ ਤਾਂ ਉਹ ਤਾਰੀਖ਼ 30 ਨਵੰਬਰ 1710 ਸੀ; ਤੇ ਇਹ ਚਿੱਠੀ ਉਸ ਸਮੇਂ ਦੀ ਨਹੀਂ ਹੋ ਸਕਦੀ (4) ਫਿਰ ਜੇ ਇਸ ਝੂਠੀ ਗੱਲ ਨੂੰ ਵੀ ਸਾਹਵੇਂ ਰੱਖਿਆ ਜਾਵੇ ਤਾਂ ਇਹ ਖ਼ਤ ਮਾਰਚ1716 ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ। ਇਸ ਪੱਖੋਂ ਵੀ ਇਹ ਗੱਪ ਸਾਬਿਤ ਹੁੰਦੀ ਹੈ। 1710 ਵਿਚ ਜਦ ਬਹਾਦਰ ਸ਼ਾਹ ਨੇ ਸਿੱਖਾਂ ਦਾ ਕਤਲੇਆਮ ਕਰਨ ਦਾ ਹੁਕਮ ਦਿੱਤਾ ਸੀ ਤਾਂ ਉਦੋਂ ਭਾਈ ਮਨੀ ਸਿੰਘ ਸਣੇ ਸਾਰੇ ਜਣੇ ਗੁਰੂ-ਦਾ-ਚੱਕ ਛੱਡ ਕੇ, ਦੂਰ-ਦੁਰਾਡੇ ਪਿੰਡਾਂ ਵਿਚ ਚਲੇ ਗਏ ਸਨ; ਸੋ“ਮੰਦਰ ਕੀ ਸੇਵਾ ਮੇਂ ਕੋਈ ਆਲਕ ਨਹੀਂ” ਨਿਰਾ ਝੂਠ ਹੈ। (5) “ਬਿਨੋਦ ਸਿੰਘ ਦੇ ਪੁਤਰੇਲੇ ਦਾ ਹੁਕਮ ਸਤੁ ਹੋਇ ਗਇਆ ਹੈ” ਵੀ ਝੂਠ ਹੈ ਬਿਨੋਦ ਸਿੰਘ ਦਾ ਕੋਈ ਮੁਤਬੰਨਾ ਪੁੱਤਰ ਨਹੀਂ ਸੀ। (6) ਹੰਦਾਲੀਆਂ ਦਾ ਮੁਗ਼ਲਾਂ ਨਾਲ ਰਲ ਕੇ ਸਿੱਖਾਂ ਦੀ ਮੁਖ਼ਲਾਫ਼ਤ ਕਰਨ ਦੀ ਕਾਰਵਾਈ1723 ਤੋਂ ਬਾਅਦ ਦੀ ਹੈ। (7) ਚਿੱਠੀ ਵਿਚ ਪੋਥੀਆਂ ‘ਮਾਤਾ ਜੀ’ ਨੂੰ ਭੇਜਣ ਦੀਆਂ ਗੱਲਾਂ ਹਨ ਜਦ ਕਿ ਪਰਚਾਰ ਇਹ ਕੀਤਾ ਗਿਆ ਹੈ ਕਿ ਇਹ ਸੰਪਾਦਨ ਭਾਈ ਮਨੀ ਸਿੰਘ ਨੇ ਕੀਤਾ ਸੀ। ਜੇ ਮਨੀ ਸਿੰਘ ਨੇ ‘ਸੰਪਾਦਨ’ ਕਰਨਾ ਸੀ ਤਾਂ ਉਸ ਨੂੰ ਇਹ ਸਭ ਦਿੱਲੀ ਭੇਜਣ ਦੀ ਕੋ ਲੋੜ ਸੀ? ਫਿਰ ਉਸ ਲੋਕ ਵਾਪਿਸ ਸਭ ਕਿਵੇਂ ਪੁੱਜਾ? ਉਹ ਆਪ ਤਾਂ ਇਸ ਮਗਰੋਂ ਦਿੱਲੀ ਕਦੇ ਵੀ ਗਿਆ ਹੀ ਨਹੀਂ ਸੀ।(8) ‘ਹੁਕਮ ਸਤੁ’ ਪੰਜਾਬ ਦੀ ਨਹੀਂ ਪੂਰਬੀ ਬੋਲੀ ਹੈ। ਬਾਕੀ ਦੀ ਬੋਲੀ ਵੀ1710 ਤੇ 1716 ਦੀ ਨਹੀਂ ਹੈ। ਸੋ ਇਹ ਚਿੱਠੀ ਨਿਰੀ ਗੱਪ ਹੈ, 100% ਫ਼ੀ ਸਦੀ ਝੂਠ ਹੈ। ਜਿਸ ਨੇ ਵੀ ਇਹ ਨਕਲੀ ਚਿੱਠੀ ਤਿਆਰ ਕੀਤੀ ਸੀ, ਚਲੋ ਬੋਲੀ ਪੰਜਾਬ ਦੀ ਨਾ ਹੋਣ ਦੀਆਂ ਗ਼ਲਤੀਆਂ ਅਤੇ ਬਾਰੀਕ ਨਿਬ ਨਾਲ ਲਿਖਣ ਦੀਆਂ ਗੱਲਾਂ ਨੂੰ ਜੇ ਛੱਡ ਵੀ ਦੇਈਏ ਤਾਂ ਵੀ ਉਸ ਵਿਚਾਰੇ ਨੂੰ ਤਵਾਰੀਖ਼ ਦਾ ਜ਼ਰਾ ਮਾਸਾ ਵੀ ਇਲਮ ਨਹੀਂ ਸੀ, ਵਰਨਾ ਐਨੀਆਂ ਬਜਰ ਗ਼ਲਤੀਆਂ ਨਾ ਕਰਦਾ। ਇਹ ਚਿੱਠੀ 1929-30 ਵਿਚ ਤਿਆਰ ਕੀਤੀ ਗਈ ਸੀ ਤੇ ਇਸ ਨੂੰ ਦਸਮਗ੍ਰੰਥੀ ਗਿਆਨੀ ਹਰਨਾਮ ਸਿੰਘ ਨੇ ਪਰਚਾਰਿਆ ਸੀ।ਫਿਰ ਅਸਲ ਚਿੱਠੀ ਕਿਸੇ ਕੋਲ ਵੀ ਨਹੀਂ; ਜੇ ਹੁੰਦੀ ਤਾਂ 1929-30 ਦੇ ਕਾਗ਼ਜ਼ ਤੋਂ ਹੀ ਗੱਪ ਸਾਬਿਤ ਹੋ ਜਾਣੀ ਸੀ।
ਦਸਮਗ੍ਰੰਥੀ ਟੋਲੇ ਨੇ ਇਸ ਚਿੱਠੀ ਨੂੰ ਤਿਆਰ ਕਰਨ ਦੇ ਨਾਲ-ਨਾਲ ਇਹ ਪਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਕਿ ਗੁਰੂੁ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਸਾਰਾ ਭੰਡਾਰਾ 6 ਦਸੰਬਰ 1705 ਦੇ ਦਿਨ ਸਰਸਾ ਨਦੀ ਪਾਰ ਕਰਨ ਲੱਗਿਆਂ ਨਦੀ ਵਿਚ ਆਏ ਹੜ੍ਹ ਵਿਚ ਰੁੜ੍ਹ ਗਿਆ ਸੀ। ਕਿਸੇ ਨੇ ਇਹ ਨਾ ਸੋਚਿਆ ਕਿ ਦਸੰਬਰ ਵਿਚ ਨਦੀ ਵਿਚ ਹੜ੍ਹ ਕਿੱਥੋਂ ਆ ਸਕਾਦਾ ਸੀ? ਇਹ ਸਾਰੀਆਂ ਗੱਪਾਂ ਨਿਰਮਲਿਆਂ ਨੇ ਇਸ ਕੂੜੇ ਕਬਾੜੇ ਨੂੰ ਗੁਰੂੁ ਦੇ ਨਾਂ ਨਾ ਜੋੜਨ ਵਾਸਤੇ ਘੜੀਆਂ ਸਨ।
ਦਸਮ ਗ੍ਰੰਥ ਦੁਨੀਆਂ ਦੀ ਧਾਰਮਿਕ ਤਾਰੀਖ਼ ਵਿਚ ਸਭ ਤੋਂ ਵੱਡੀ ਸਾਜ਼ਿਸ਼ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ-ਜੋਤਿ ਸਮਾਉਣ ਤੋਂ ਤਕਰੀਬਨ ਪੌਣੇ ਦੋ ਸੌ ਸਾਲ ਮਗਰੋਂ ਬਚਿਤਰ ਨਾਟਕ (ਅਖੌਤੀ ਦਸਮ ਗ੍ਰੰਥ) ਨੂੰ ਉਨ੍ਹਾਂ ਦੀ ਲਿਖਤ ਦੇ ਤੌਰ ’ਤੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਸਨ। ਇਸ ਨੂੰ ਅੰਗਰੇਜ਼ਾਂ ਨੇ ਸਿੱਖਾਂ ਨੂੰ ਉਲਝਣ ਵਿਚ ਪਾਉਣ ਅਤੇ ਹਿੰਦੂ ਲੇਖਕਾਂ ਨੇ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਅਜਿਹਾ ਪਰਚਾਰ ਸ਼ੁਰੂ ਕੀਤਾ ਸੀ। ਇਸ ਕਿਤਾਬ ਦੀਆਂ ਰਚਨਾਵਾਂ ਬੜੀਆਂ ਘਟੀਆ ਦਰਜੇ ਦੀਆਂ ਹਨ ਤੇ ਉਨ੍ਹਾਂ ਵਿਚ ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਬੁਰੀ ਤਰ੍ਹਾਂ ਬਦਨਾਮ ਕੀਤਾ ਗਿਆ ਹੈ। ਹੁਣ ਫ਼ਿਰਕੂ ਹਿੰਦੂ ਜਮਾਤ ਰਾਸ਼ਟਰ ਸੋਇਮ ਸੇਵਕ ਸੰਘ ਤੇ ਹੋਰ ਸਿੱਖ ਦੁਸ਼ਮਣ ਜਮਾਤਾਂ ਨੇ ਸਿੱਖਾਂ ਵਿਚੋਂ ਕਾਲੀਆਂ ਭੇਡਾਂ ਲੱਭ ਕੇ ਇਸ ਦਾ ਪਰਚਾਰ ਸ਼ੁਰੂ ਕੀਤਾ ਹੋਇਆ ਹੈ। ਅਖੌਤੀ ਦਸਮ ਗ੍ਰੰਥ ਵਿਚ ਨਿਰਮਲਿਆਂ ਅਤੇ ਹੋਰ ਕਵੀਆਂ ਦੀਆਂ ਲਿਖੀਆਂ ਰਚਨਾਵਾਂ ਦੇ ਨਾਲ ਨਿਰਮਲਿਆਂ ਨੇ ਆਪਣੀਆਂ ਲਿਖਤਾਂ ਪਾ ਕੇ ਇਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਲਿਖਤਾਂ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ।
ਗੁਰੂ ਗੋਬਿੰਦ ਸਿੰਘ ਸਾਹਿਬ ਇਸ ਦੁਨੀਆਂ ਵਿਚ46 ਸਾਲ 9 ਮਹੀਨੇ ਤੇ 18 ਦਿਨ ਰਹੇ (ਮੈਂ ਗੁਰੂ ਸਾਹਿਬ ਦਾ ਜਨਮ 1661 ਦਾ ਮੰਨਦਾ ਹਾਂ 1666 ਦਾ ਨਹੀਂ)। ਇਹ ਸਾਰਾ ਸਮਾਂ ਗੁਰੂ ਜੀ ਵਾਸਤੇ ਜੱਦੋਜਹਿਦ ਦਾ ਸੀ। ਸ਼ਾਇਦ ਕੋਈ ਮਹੀਨਾ ਹੀ ਅਜਿਹਾ ਹੋਵੇ ਜਦ ਗੁਰੂ ਜੀ ਨੂੰ ਕਿਸੇ ਅਹਿਮ ਮਸਲੇ ਨਾਲ ਦੋ-ਚਾਰ ਨਾ ਹੋਣਾ ਪਿਆ ਹੋਵੇ। ਚੌਦਾਂ ਸਾਲ ਦੀ ਉਮਰ ਵਿਚ ਗੁਰਗੱਦੀ ਸੰਭਾਲਣ ਦੇ ਦਿਨ ਤੋਂ ਆਪਣੀ ਸ਼ਹੀਦੀ ਤਕ, 33 ਸਾਲ ਲਗਾਤਾਰ, ਉਹ ਇਕ ਕਿਸਮ ਦੇ ਮੈਦਾਨੇ ਜੰਗ ਵਿਚ ਰਹੇ ਸਨ।
1678 ਵਿਚ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੁਕੰਮਲ ਕਰਵਾਇਆ। ਉਨ੍ਹਾਂ 52 ਕਵੀਆਂ ਤੇ ਹੋਰ ਮਹਾਨ ਫ਼ਨਕਾਰਾਂ ਨੂੰ ਸਰਪਰਸਤੀ ਦਿੱਤੀ। ਉਨ੍ਹਾਂ ਦੋ ਨਗਰ (ਪਾਉਂਟਾ ਸਾਹਿਬ ਤੇ ਅਨੰਦਪੁਰ ਸਾਹਿਬ) ਵਸਾਏ। ਉਨ੍ਹਾਂ ਨੇ ਪਹਾੜੀ ਰਾਜਿਆਂ ਨੂੰ ਜਰਵਾਣਿਆਂ ਤੋਂ ਕਈ ਵਾਰ ਬਚਾਇਆ। ਉਨ੍ਹਾਂ ਨੇ ਅਹਿਸਾਨ-ਫ਼ਰਾਮੋਸ਼ ਪਹਾੜੀ ਰਾਜਿਆਂ ਤੇ ਮੁਗ਼ਲ ਫ਼ੌਜਾਂ ਦੇ ਹਮਲਿਆਂ ਦਾ ਕਈ ਵਾਰ ਮੂੰਹ ਤੋੜਿਆ। 1688 ਤੋਂ 1708 ਤਕ ਉਨ੍ਹਾਂ ਨੇ ਤਕਰੀਬਨ 20 ਵਾਰ, ‘ਆਦਮ-ਬੋਅ’ ਕਰਦੀਆਂ ਜ਼ਾਲਮ ਫ਼ੌਜਾਂ ਦਾ ਟਾਕਰਾ ਕੀਤਾ। ਦੋ ਵੱਡੇ ਮੁਗ਼ਲ ਬਾਦਸ਼ਾਹਾਂ (ਔਰੰਗਜ਼ੇਬ ਤੇ ਬਹਾਦਰ ਸ਼ਾਹ), ਸਰਹੰਦ ਦੇ ਦਹਿਸ਼ਤਗਰਦ ਸੂਬੇਦਾਰ ਵਜ਼ੀਰ ਖ਼ਾਨ, ਮਲੇਰਕੋਟਲਾ ਤੇ ਰੋਪੜ ਦੀਆਂ ਦੀਆਂ ਫ਼ੌਜਾਂ, ਕਈ ਕਿਲ੍ਹੇਦਾਰਾਂ, ਫ਼ੌਜਦਾਰਾਂ, ਬਿਲਾਸਪੁਰ, ਹੰਡੂਰ (ਨਾਲਾਗੜ੍ਹ), ਗੜ੍ਹਵਾਲ ਅਤੇ ਕਈ ਹੋਰ ਹਿੰਦੂ ਰਿਆਸਤਾਂ ਦੇ ਹਾਕਮਾਂ ਤੇ ਰਜਵਾੜਿਆਂ ਦੇ ਹਮਲਿਆਂ ਦਾ ਮੂੰਹ ਮੋੜਿਆ।
ਗੁਰੂ ਸਾਹਿਬ ਨੇ ਪੂਰਬ ਵਿਚ ਪਟਨਾ ਤੋਂ ਲੈ ਕੇ ਬਾਬਾ ਬਕਾਲਾ ਤਕ, ਮਾਲਵਾ, ਬਾਂਗਰ ਦੇਸ, ਮਾਝਾ, ਦੂਨ, ਦੋਆਬਾ ਅਤੇ ਹੋਰ ਇਲਾਕਿਆਂ ਵਿਚ ਧਰਮ ਪਰਚਾਰ ਕੀਤਾ। ਅਖ਼ੀਰ ਵਿਚ ਆਪ ਨੇ ਤਲਵੰਡੀ ਸਾਬੋ ਤੋਂ ਬਘੌਰ ਤੇ ਫਿਰ ਦਿੱਲੀ ਤੋਂ ਨੰਦੇੜ ਤਕ ਦਾ ਸਫ਼ਰ ਕੀਤਾ ਤੇ ਇਸ ਦੌਰਾਨ ਧਰਮ ਪਰਚਾਰ ਵੀ ਕੀਤਾ। ਗੁਰੂ ਜੀ ਦੀ ਜ਼ਿੰਦਗ਼ੀ ਦਾ ਇਕ-ਇਕ ਪਲ, ਇਕ-ਇਕ ਲਮਹਾ, ਜੱਦੋਜਹਿਦ, ਸਫ਼ਰ, ਪ੍ਰਚਾਰ ਜਾਂ ਕਿਸੇ ਹੋਰ ਐਕਸ਼ਨ ਵਿਚ ਰੁੱਝਿਆ ਰਿਹਾ।
ਦੂਜਾ ਅਹਿਮ ਸਵਾਲ ਇਹ ਹੈ ਕਿ ਹਰ ਇਕ ਸਿੱਖ ਦੇ ਮਨ ਵਿਚ ਆਉਂਦਾ ਹੈ ਕਿ ਜੇ ਇਹ ਦਸਮਗ੍ਰੰਥ ਸਿੱਖਾਂ ਦਾ ਗ੍ਰੰਥ ਸੀ ਤਾਂ ਕਦੇ ਕਿਸੇ ਸਿੱਖ ਰਾਜੇ ਨੇ ਇਸ ਦਾ ਨਾਂ ਨਹੀਂ ਲਿਆ; ਕਵੀ ਸੰਤੋਖ ਸਿੰਘ, ਕੁਇਰ ਸਿੰਘ, ਗਿਆਨੀ ਗਿਆਨ ਸਿੰਘ, ਸੈਨਾਪਤੀ ਕਵੀ ‘ਦਸਮਗ੍ਰੰਥ’ ਲਫ਼ਜ਼ ਦਾ ਜ਼ਿਕਰ ਤਕ ਨਹੀਂ ਕਰਦੇ, ਸਿੰਘ ਸਭਾ ਲਹਿਰ (1873) ਨੇ ਇਸ ਨੂੰ ਪ੍ਰਚਾਰਿਆ ਨਹੀਂ; ਅਕਾਲੀ ਦਲਾਂ ਨੇ ਇਸ ਦੀ ਕਦੇ ਗੱਲ ਨਹੀਂ ਕੀਤੀ ਸੀ; ਹੋਰ ਤਾਂ ਹੋਰ ਪਹਿਲਾਂ ਕਿਸੇ ਡੇਰੇ (ਸਣੇ ਭਿੰਡਰਾਂ ਗੁਰੂੱਪ ਦੇ ਡੇਰੇ: ਚੌਕ ਮਹਿਤਾ, ਸੰਗਰਾਵਾਂ, ਸੱਤੋਵਾਲੀ, ਲੰਮਾ ਜੱਟਪੁਰਾ) ਨੇ ਇਸ ਅਖੌਤੀ ਗ੍ਰੰਥ ਵਾਸਤੇ ਕਦੇ ਵੀ, ਜ਼ਰਾ-ਮਾਸਾ ਵੀ, ਮੁਹਿੰਮ ਕਿਉਂ ਨਹੀਂ ਚਲਾਈ ਸੀ? ਇਸ ਦਾ ਪ੍ਰਚਾਰ2006 ਵਿਚ ਕਿਉਂ ਸ਼ੁਰੂ ਹੋਇਆ? ਇਸ ਦੇ ਦੋ ਮੁਖ ਕਾਰਨ ਹਨ:
(1) ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਦੀ ਸਾਜ਼ਿਸ਼
2004 ਵਿਚ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਿਆਰ ਹੋਣ ਦੀ ਚੌਥੀ ਸ਼ਤਾਬਦੀ ਮਨਾਈ ਸੀ ਅਤੇ 2008 ਵਿਚ ਇਸ ਦੀ ਗੁਰੂਗੱਦੀ ਦੀ ਤੀਜੀ ਸ਼ਤਾਬਦੀ ਮਨਾਉਣ ਜਾ ਰਹੇ ਸਨ। ਇਸ ਨਾਲ ਦੁਨੀਆਂ ਭਰ ਦੇ ਲੋਕਾਂ ਵਿਚ ‘ਸ਼ਬਦ ਗੁਰੂ’ ਦੀ ਅਹਮੀਅਤ ਦਾ ਪ੍ਰਚਾਰ ਹੋਣਾ ਸੀ। ‘ਸ਼ਬਦ ਗੁਰੂ’ ਦਾ ਫ਼ਲਸਫ਼ਾ ਦੁਨੀਆਂ ਵਿਚ ਕਿਸੇ ਧਰਮ ਕੋਲ ਨਹੀਂ ਅਤੇ ਧਰਮ ਅਤੇ ਫ਼ਲਸਫ਼ੇ ਵਿਚ ਇਸ ਤੋਂ ਉਪਰ ਕੋਈ ਗੱਲ ਨਹੀਂ ਹੋ ਸਕਦੀ। ਇਸ ਨੂੰ ਛੁਟਿਆਉਣ ਵਾਸਤੇ ਦੁਨੀਆਂ ਭਰ ਵਿਚ ਸਾਜ਼ਸਾਂ ਘੜੀਆਂ ਗਈਆਂ ਸਨ।
ਸਭ ਤੋਂ ਪਹਿਲੀ ਸਾਜ਼ਸ਼ ਖਾਲਸੇ ਦੀ ਤੀਜੀ ਸ਼ਤਾਬਦੀ(1999) ਤੋਂ ਇਕ ਦਮ ਬਾਅਦ ਘੜੀ ਗਈ ਸੀ ਜਿਸ ਹੇਠ ਸਿੱਖਾਂ ਵਿਚ ਸਾਧਾਂ ਦੇ ਵੱਗ ਪੈਦਾ ਕੀਤੇ ਗਏ; ਉਨ੍ਹਾਂ ਦਾ ਪ੍ਰਚਾਰ ਤੇ ਪਰਸਾਰ ਕੀਤਾ ਗਿਆ; ਮੀਡੀਆ ਅਤੇ ਸਿੱਖ ਵਿਰੋਧੀ ਅਦਾਰਿਆਂ ਰਾਹੀਂ ਉਨ੍ਹਾਂ ਨੂੰ ਸਿੱਖਾਂ ਵਿਚ ਕਾਇਮ ਕਰਨ ਵਾਸਤੇ ਸਾਰਾ ਜ਼ੋਰ ਲਾਇਆ ਗਿਆ। ਸਾਧਾਂ ਦਾ ਜਿੰਨਾ ਪ੍ਰਚਾਰ ਇਸ ਕਾਲ ਵਿਚ ਹੋਇਆ ਸੀ ਉਹ ਪਹਿਲਾਂ ਕਦੇ ਨਹੀਂ ਹੋਇਆ ਸੀ ਅਤੇ ਇਸ ਦਾ ਸਿਰਫ਼ ਇਕੋ-ਇਕ ਕਾਰਨ ਸੀ: “ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਦੇ ਸ਼ਰੀਕ ਪੈਦਾ ਕੀਤੇ ਜਾਣ; ਦੂਜਾ ਸਿੱਖਾਂ ਦਾ ਸਰਮਾਇਆ ਇਨ੍ਹਾਂ ਸਾਧਾਂ ਦੇ ਡੇਰਿਆਂ ‘ਤੇ ਪੁੱਜੇ ੳਤੇ ਸਿੱਖ ਗੁਰੂਦੁਆਰਿਆਂ ਨੂੰ ਛੱਡ ਕੇ ਡੇਰਿਆਂ ਨਾਲ ਜੁੜ ਜਾਣ। ਇਸ ਪ੍ਰਾਜੈਕਟ ਵਿਚ ਸਾਰੀਆਂ ਸਿੱਖ ਦੁਸ਼ਮਣ ਧਿਰਾਂ ਨੇ ਰੋਲ ਅਦਾ ਕੀਤਾ ਅਤੇ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ । ਅਜ ਪੰਜਾਬ ਵਿਚ ਘਟੋ ਘਟ 25 ਡੇਰੇ ਅਜਿਹੇ ਹਨ ਜਿਨ੍ਹਾਂ ਦੀ ਆਮਦਨੀ ਦਰਬਾਰ ਸਾਹਿਬ ਤੋਂ ਕਿਤੇ ਵਧ ਹੈ ਅਤੇ500 ਡੇਰੇ ਅਜਿਹੇ ਹਨ ਜਿਨ੍ਹਾਂ ਦੀ ਆਮਦਨ ਬਹੁਤ ਵੱਡੇ ਤਵਾਰੀਖ਼ੀ ਗੁਰੂਦੁਆਰਿਆਂ ਤੋਂ ਵੀ ਵਧ ਹੈ। ਪੰਜਾਬ ਦੇ ਸ਼ਹਿਰਾਂ ਅਤੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿਚ 15000 ਦੇ ਕਰੀਬ ਗੁਰੂਦਆਰੇ ਹਨ ਪਰ ਡੇਰਿਆਂ ਦੀ ਗਿਣਤੀ ਇਨ੍ਹਾਂ ਤੋਂ ਕਿਤੇ ਵਧ ਹੈ। ਦੂਜਾ ਇਨ੍ਹਾਂ ਦੀਆਂ ਜ਼ਮੀਨਾਂ ਅਤੇ ਆਮਦਨਾਂ ਗੁਰੂਦੁਆਰਿਆਂ ਦੀਆਂ ਕੁਲ ਆਮਦਨਾਂ ਤੋਂ ਬਹੁਤ ਹੀ ਵਧ ਹਨ। ਸਿੱਖਾਂ ਨੂੰ ਗੁਰੂਦੁਆਰਿਆਂ ਤੋਂ ਡੇਰਿਆਂ ਵਿਚ ਲੈ ਜਾਣਾ ਸਿੱਖ ਦੁਸ਼ਮਣਾਂ ਦੀ ਬਹੁਤ ਬਹੁਤ ਵੱਡੀ ਕਾਮਯਾਬੀ ਹੈ। ਰਾਧਾਸੁਆਮੀ, ਨਾਮਧਾਰੀ, ਨੂਰਮਹਿਲੀਆ, ਸਰਸਾ ਡੇਰਾ, ਭਨਿਆਰਾ ਵਗ਼ੈਰਾ ਦੀਆਂ ਕਾਰਵਾਈਆਂ ਇਸ ਸਾਜ਼ਸ਼ ਤੋਂ ਵਖ ਹਨ।
ਦੂਜੀ ਸਾਜ਼ਿਸ਼ 2006 ਵਿਚ ਘੜੀ ਗਈ ਜਿਸ ਹੇਠ ਅਖੋਤੀ ਦਸਮਗ੍ਰੰਥ ਨਾਂ ਦੀ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆਉਣ ਦੀ ਕਰਤੂਤ ਕੀਤੀ ਗਈ। 13 ਨਵੰਬਰ 2006 ਦੇ ਦਿਨ ਦਿਆਲਪੁਰਾ ਭਾਈਕਾ ਵਿਚ ਦਸਮਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਪਾਠ ਕੀਤੇ ਗਏ ਤੇ ਗੁਰੂ ਦਾ ਇਕ ਹੋਰ ਸ਼ਰੀਕ ਪੈਦਾ ਕੀਤਾ ਗਿਆ। ਇਕ ਪਾਸੇ ਰੱਬ, ਨਾਮ, ਭਗਤੀ ਦਾ ਪਾਠ ਹੋ ਰਿਹਾ ਸੀ ਤੇ ਦੁਜੇ ਪਾਸੇ ਰਾਮ, ਕ੍ਰਿਸ਼ਨ, ਰੁਦਰ, ਨੇਹਕਲੰਕੀ, ਵਿਸ਼ਨੂ ਤੇ ਦੁਰਗਾ ਦੀਆਂ ਸਿਫ਼ਤਾਂ ਉਚਾਰੀਆਂ ਜਾ ਰਹੀਆਂ ਸਨ ਤੇ ਜਾਂ ਫਿਰ ਕਾਮ, ਭੋਗ ਕਰਨ ਦੇ ਵੱਖ-ਵੱਖ ਆਸਨਾਂ ਅਤੇ ਸਾਜ਼ਸ਼ਾਂ ਘੜਨ ਦੇ ਤਰੀਕਿਆਂ ਦਾ ਪਾਠ ਕੀਤਾ ਜਾ ਰਿਹਾ ਸੀ। ਕੇਸ ਦਾੜ੍ਹੀ ਰੱਖ ਕੇ, ਪੱਗਾਂ ਬੰਨ੍ਹ ਕੇ ਇਸ ਕੰਜਰ ਹਰਕਤ ਕਰਨ ਵਾਲਿਆਂ ਨੂੰ ਜ਼ਰਾ ਮਾਸਾ ਵੀ ਸ਼ਰਮ ਨਾ ਆਈ। ਪਰ, ਉਨ੍ਹਾਂ ਦੀ ਰੂਹ ਵਿਚ ਮੱਸਾ ਰੰਘੜ ਦਾ ਵਾਸਾ ਹੋ ਚੁਕਾ ਸੀ; ਉਨ੍ਹਾਂ ਦੇ ਅੰਦਰ ਕਾਮੀ ਦੇਵਤਿਆਂ ਦੀਆਂ ਰੂਹਾਂ ਦਾ ਡੇਰਾ ਵਸ ਚੁਕਾ ਸੀ। ਗੁਰੂ ‘ਤੇ ਇਸ ਤੋਂ ਵੱਡਾ ਹਮਲਾ ਕੀ ਹੋ ਸਕਦਾ ਸੀ?
- ਖ਼ੁਦਮੁਖ਼ਤਿਆਰੀ ਦਾ ਅਹਿਸਾਸ ਦੀ ਗੱਲ ਖ਼ਤਮ ਕਰਨ ਦੀ ਸਾਜ਼ਿਸ਼
ਇਸ ਦਸਮ ਗ੍ਰੰਥ ਨਾਂ ਦੀ ਕਿਤਾਬ ਨੂੰ ਸਿੱਖਾਂ ਵਿਚ ਪ੍ਰਚਾਰਨ ਦਾ ਦੂਜਾ ਕਾਰਨ ਇਹ ਸੀ ਕਿ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਖਾਲਿਸਤਾਨ, ਆਜ਼ਾਦ ਸਿੱਖ ਮੁਲਕ, ਖ਼ੁਦਮੁਖ਼ਤਿਆਰੀ ਦਾ ਹਿਮਾਇਤੀ ਸੀ; ਉਦੋਂ ਤਾਂ 99% ਸਿੱਖ ਆਜ਼ਾਦੀ ਚਾਹੁੰਦੇ ਸਨ (ਹੁਣ ਇਹ ਗਿਣਤੀ ਬਹੁਤ ਘਟ ਹੈ, ਕਿਉਂ ਘਟੀ ਹੈ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਇਕ ਵਖਰਾ ਤੇ ਵੱਡਾ ਲੇਖ ਲਿਖਾਂਗਾ)। ਸਿੱਖਾਂ ਵਿਚ ਖ਼ੁਦਮੁਖ਼ਤਿਆਰੀ ਦੀ ਮੰਗ ਦੇ ਪਿੱਛੇ ਮੁਖ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਵੱਖਰਾ ਧਰਮ, ਵਖਰੀ ਕੌਮ ਤੇ ਵਖਰੀ ਨਸਲ ਮੰਨਦੇ ਹਨ। ਇਨ੍ਹਾਂ ਨੂੰ ਖ਼ੁਦਮੁਖ਼ਤਿਆਰੀ ਅਤੇ ਖਾਲਿਸਤਾਨ ਤੋਂ ਹਟਾਉਣ ਵਾਸਤੇ ‘ਸਿੱਖਾਂ ਵਿਚ ਵਖਰੇਪਣ ਤੇ ਨਿਆਰੇਪਣ ਦਾ ਅਹਿਸਾਸ’ ਖ਼ਤਮ ਕਰਨ ਵਾਸਤੇ ਇਕ ਪਾਸੇ ਖ਼ੁਫ਼ੀਆ ਅਤੇ ਦੂਜੇ ਪਾਸੇ ਜ਼ਾਹਰਾ ਲਹਿਰ ਚਲਾਈ ਗਈ ਸੀ। ਪਿਛਲੇ50 ਸਾਲ ਤੋਂ ਹੀ, ਪਰ ਖਾਸ ਕਰ ਕੇ 1997 ਤੋਂ ਬਾਦਲ ਸਰਕਾਰ ਦੇ ਵੇਲੇ ਤੋਂ, ਆਰ.ਐਸ.ਐਸ., ਹਿੰਦੂ ਪ੍ਰੀਸ਼ਦ, ਭਾਰਤੀ ਜਨਤਾ ਪਾਰਟੀ, ਸ਼ਿਵ ਸੈਨਾ ਤੇ ਹੋਰ ਫ਼ਿਰਕੂ ਹਿੰਦੂ ਪਾਰਟੀਆਂ, ਜਮਾਤਾਂ ਅਤੇ ਅਦਾਰਿਆਂ ਨੇ ਸਿੱਖਾਂ ਨੂੰ ਹਿੰਦੂ ਕਹਿਣ ਤੇ ਪ੍ਰਚਾਰਨ ਦੀ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਰੱਖੀ ਸੀ।ਪਰ ਦੂਜੇ ਪਾਸੇ ਸਿੱਖ ਮਿਸ਼ਨਰੀਆਂ, ਵਿਦਵਾਨਾਂ ਅਤੇ ਪ੍ਰਚਾਰਕਾਂ ਨੇ ਇਸ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ 1981 ਦੇ ‘ਸਿੱਖ ਵਖਰੀ ਕੌਮ ਹੈ’ ਦੇ ਐਲਾਨ-ਨਾਮੇ ਨੂੰ ਖ਼ੂਬ ਪਰਚਾਰਿਆ- ਇਸ ਨਾਲ ਇਹ ਫ਼ਿਰਕੂ ਹਿੰਦੂ ਪੱਤਾ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ।
(3) ਥਰਡ ਏਜੰਸੀ ਦੀ ਪਲਾਨਿੰਗ
ਅਖ਼ੀਰ ਸਿੱਖ ਦੁਸ਼ਮਣ ‘ਥਰਡ ਏਜੰਸੀ’ ਨੇ ਬਹੁਤ ਸੂਖਮ ਹਥਿਆਰ ਵਰਤਣ ਦੀ ਪਲਾਨ ਬਣਾਈ; ਉਹ ਸੀ ਦਸਮਗ੍ਰੰਥ ਦਾ ਪ੍ਰਚਾਰ। ਦਸਮ ਗ੍ਰੰਥ ਨੂੰ ਪ੍ਰਚਾਰਨ ਦਾ ਮਕਸਦ ਕਾਲਪਨਿਕ ਹਿੰਦੂ ਅਵਤਾਰਾਂ ਦੀਆਂ ਕਥਾ ਕਹਾਣੀਆਂ, ਉਨ੍ਹਾਂ ਦੇ ਕਾਰਨਾਮੇ, ਉਨ੍ਹਾਂ ਦੀ ਤਾਕਤ, ਉਨ੍ਹਾਂ ਦੀਆਂ ਸਿਫ਼ਤਾਂ ਸੁਣਾਉਣਾ ਅਤੇ ਇਨ੍ਹਾਂ ਦੇਵੀ ਦੇਵਤਿਆਂ ਵਾਸਤੇ ਸਿੱਖਾਂ ਵਿਚ ਸ਼ਰਧਾ ਭਰਨਾ। ਇਸ ਮਕਸਦ ਦੀ ਪੂਰਤੀ ਵਾਸਤੇ ਕਈ ਅਹਿਮ ਐਕਸ਼ਨ ਕੀਤੇ ਗਏ, ਜਿਨ੍ਹਾਂ ਵਿਚੋਂ ਕੁਝ ਇਹ ਹਨ:
- ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਧਰਮ ਹੈ ਅਤੇ ਦਸਮਗ੍ਰੰਥ ਸਿਆਸਤ; ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਹੈ ਅਤੇ ਦਸਮਗ੍ਰੰਥ ਅਕਾਲ ਤਖ਼ਤ; ਗੁਰੂ ਗ੍ਰੰਥ ਸਾਹਿਬ ਵਿਚ ਸ਼ਾਂਤੀ ਹੈ ਅਤੇ ਦਸਮਗ੍ਰੰਥ ਵਿਚ ਰੋਹ ਹੈ; ਯਾਨਿ ਦਸਮਗ੍ਰੰਥ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਅਪੂਰਨ ਹੈ। ਦਸਮਗ੍ਰੰਥ ਵਿਚ 95% ਕੀ ਹੈ, ਇਹ ਮੈਂ ਸ਼ੁਰੂ ਵਿਚ ਦਸ ਆਇਆ ਹਾਂ), ਪਰ ਇਨ੍ਹਾਂ ਨੇ ਦਸਮਗ੍ਰੰਥ ਨੂੰ ਸਿਰਫ਼ ਇਕ ਸੌਂਤਨ ਹੀ ਨਹੀਂ ਸਗੌਂ ਮਹਾਰਾਣੀ ਦੇ ਰੂਪ ਵਿਚ ਪੇਸ਼ ਕੀਤਾ ਗਿਆ।
- ਇਹ ਪ੍ਰਚਾਰ ਕੀਤਾ ਗਿਆ ਕਿ ਦਸਮਗ੍ਰੰਥ ਦਾ ਇਕ ਪਾਠ ਗੁਰੂ ਗ੍ਰੰਥ ਸਾਹਿਬ ਦੇ 10, 20, 100 ਪਾਠ ਦੇ ਬਰਾਬਰ ਹੈ, ਯਾਨਿ ਗੁਰੂ ਗ੍ਰੰਥ ਸਾਹਿਬ ਛੋਟਾ ਹੈ।
- ਗੁਰੂਦੁਆਰਿਆਂ ਵਿਚ, ਖ਼ਾਸ ਕਰ ਕੇ ਦਰਬਾਰ ਸਾਹਿਬ ਵਿਚ, ਅਖੋਤੀ ਦਸਮਗ੍ਰੰਥ ਦੀਆਂ ਕਵਿਤਾਵਾਂ ਨੂੰ ਕੀਰਤਨ ਵਜੋਂ ਗਾਉਣਾ ਸ਼ੁਰੂ ਕੀਤਾ ਗਿਆ। ਦਸਮਗ੍ਰੰਥ ਵਿਚੋਂ ਕਵਿਤਾਵਾਂ ਨਾ ਗਾਉਣ ਵਾਲੇ ਰਾਗੀਆਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਦੇਣਾ ਅਣਐਲਾਨੇ ਤੌਰ ‘ਤੇ ਬੰਦ ਕੀਤਾ ਗਿਆ।
- ਸਾਧ ਟੋਲੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਬੰਦ ਕਰਵਾ ਕੇ ਜਾਂ ਘਟਾ ਕੇ ਉਨ੍ਹਾਂ ਨੂੰ ਸਸਤੀਆਂ ਕਵਿਤਾਵਾਂ ਤੇ ਗਾਣਿਆਂ ਦਾ‘ਕੀਰਤਨ’ ਸ਼ੁਰੂ ਕਰਵਾਇਆ ਗਿਆ। ਅੱਜ 90% ਸਾਧ ਕਵਿਤਾਵਾਂ ਸੁਣਾਉਂਦੇ ਹਨ, ਗੁਰੂਬਾਣੀ ਦਾ ਕੀਰਤਨ ਨਹੀਂ ਕਰਦੇ ਅਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਕਹਿੰਦੇ ਹਨ ਕਿ ਗੁਰੂਬਾਣੀ ਮੁਸ਼ਕਿਲ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਕਵਿਤਾਵਾਂ ਸਮਝ ਆ ਜਾਂਦੀਆਂ ਹਨ; ਫਿਰ ਹੋਰ ਪਾਪ ਇਹ ਕਰਦੇ ਹਨ ਕਿ ਕਵਿਤਾਵਾਂ ਨੂੰ ‘ਕੱਚੀ ਬਾਣੀ’ ਕਹਿ ਕੇ ਬਾਣੀ ਦੇ ਨੇੜੇ ਦਾ ਦਰਜਾ ਦੇ ਦੇਂਦੇ ਹਨ।।
- ਹੁਣ ਕਈ ਗੁਰੂਦੁਅਰਿਆਂ ਵਿਚ ਅਖੋਤੀ ਦਸਮਗ੍ਰੰਥ ਦਾ ‘ਪ੍ਰਕਾਸ਼’ ਵੀ ਕਰ ਦਿੱਤਾ ਗਿਆ। ਪਹਿਲਾਂ ਸਿਰਫ਼ ਕਾਂਗਰਸ ਸਰਕਾਰ ਦੇ ਪ੍ਰਬੰਧ ਹੇਠਲੇ ਨੰਦੇੜ ਅਤੇ ਪਟਨਾ ਵਿਚ ਦਸਮਗ੍ਰੰਥ ਪਿਆ ਹੋਇਆ ਸੀ ਜਾਂ ਦਿੱਲੀ ਦੇ ਸਰਕਾਰੀ ਸਾਧ ਵਿਰਸਾ ਸਿੰਘ ਦੇ ਡੇਰੇ ‘ਤੇ ਸੀ। ਪਰ 2006 ਤੋਂ ਬਾਅਦ ‘ਥਰਡ ਏਜੰਸੀ’ ਰਾਹੀਂ ਚੌਕ ਮਹਿਤਾ ਅਤੇ ਹੋਰ ਕਈ ਡੇਰਿਆਂ ਵਿਚ ਇਸ ਦਾ ਪ੍ਰਕਾਸ਼ ਕਰਵਾ ਦਿੱਤਾ ਗਿਆ ਹੈ।
ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਹ ਤਰੀਕੇ ਵਰਤ ਕੇ ਤੋੜਿਆ ਗਿਆ ਹੈ।
ਦਸਮਗ੍ਰੰਥ ਦਾ ਅਸਰ ਕੀ ਹੋਵੇਗਾ?
ਥਰਡ ਏਜੰਸੀ ਦੀ ਪਲਾਨ ਸੀ ਕਿ ਦਸਮਗ੍ਰੰਥ ਦੇ ਪ੍ਰਚਾਰ ਤੇ ਪ੍ਰਸਾਰ ਮਗਰੋਂ ਹੌਲੀ-ਹੌਲੀ ਸਿੱਖਾਂ ਵਿਚ ਹਿੰਦੂ ਦੇਵੀ ਦੇਵਤਿਆਂ ਵਾਸਤੇ ਸ਼ਰਧਾ ਆਪਣੇ-ਆਪ ਬਣਦੀ ਜਾਵੇਗੀ ਅਤੇ 10-20 ਸਾਲ ਤਕ ਕੁਝ ਗੁਰੂਦੁਆਰਿਆਂ ਵਿਚ ਰਾਮ ਕ੍ਰਿਸ਼ਨ ਦੀਆਂ ਮੂਰਤੀਆਂ ਕਾਇਮ ਕਰਨ ਦਾ ਰਸਤਾ ਸਾਫ਼ ਹੋ ਜਾਵੇਗਾ (ਇਸ ਦੀ ਸ਼ੁਰੂਆਤ ਮਨੀਕਰਨ, ਲਛਮਣਚੇਲਾ ਰਾਮ ਦੇ ਡੇਰੇ ਅਤੇ ਚਮਨ ਲਾਲ ਦੇ ਡੇਰੇ ਤੋਂ ਕਰ ਦਿੱਤੀ ਗਈ ਹੈ)। ਇਸ ਦਾ ਬਹਾਨਾ ਇਹ ਬਣਾਇਆ ਜਾਵੇਗਾ ਕਿ “ਵੇਖੋ ਜੀ ਦਸਮਗ੍ਰੰਥ ਵਿਚ ਇਨ੍ਹਾਂ ਦੇਵੀ ਦੇਵਤਿਆਂ ਦਾ ਜ਼ਿਕਰ ਹੈ।” ਭਿੰਡਰਾਂ-ਮਹਿਤਾ ਜਥਾ ਅਤੇ ਹੋਰ ਨਿਰਮਲਾ ਡੇਰਿਆਂ ਦੀ ਰਹਿਰਾਸ ਵਿਚ ਤਾਂ ਪਹਿਲਾਂ ਹੀ ਇਨ੍ਹਾਂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਦਾ ‘ਪਾਠ’ ਹੋਣਾ ਸ਼ੁਰੂ ਹੋ ਚੁਕਾ ਹੈ, ਮਿਸਾਲ ਵਜੋਂ:
ਰਾਮ ਵਾਸਤੇ:
ਦੋਹਰਾ: ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ॥
ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ॥1॥
ਚੌਪਈ ॥ਜੋ ਇਹ ਕਥਾ ਸੁਨੈ ਅਰੁ ਗਾਵੈ॥
ਦੂਖ ਪਾਪ ਤਿਹ ਨਿਕਟ ਨਾ ਆਵੈ॥
ਵਿਸ਼ਨੂ ਵਾਸਤੇ:
ਬਿਸਨ ਭਗਤ ਕੀ ਏ ਫਲ ਹੋਈ॥ ਆਧਿ ਬਯਾਧਿ ਛ੍ਵੈ ਸਕੈ ਨ ਕੋਈ॥
ਤ੍ਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ॥ ਭੁਲ ਪਰੀ ਲਹੁ ਲੇਹੁ ਸੁਧਾਰਾ॥2॥
ਦੋਹਰਾ: ਨੇਤ੍ਰ ਤੁੰਗ ਕੇ ਚਰਨ ਤਰ ਸਤੁਦ੍ਰਵ ਤੀਰ ਤਰੰਗ॥
ਸ੍ਰੀ ਭਗਵਤ ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ॥3
(ਰਾਮ ਅਵਤਾਰ, ਬੰਦ 858-862)
ਮਾਤਾ(ਸ਼ਿਵ ਦੀ ਵਹੁਟੀ ਪਾਰਬਤੀ) ਵਾਸਤੇ:
ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖੀਅਨ ਕੋ ਛੈ ਕਰਤਾ॥26॥
ਸ੍ਰੀ ਅਸਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਲਾ॥
ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥ 27॥
(ਚਰਿਤਰੋਪਾਖਯਾਨ, ਚਰਿਤ੍ਰ 405, ਬੰਦ 26-27)
ਇੰਞ ਹੀ ਕ੍ਰਿਸ਼ਨ, ਸ਼ਿਵ, ਹਨੂਮਾਨ ਤੇ ਕਈ ਹੋਰ ਦੇਵੀ ਦੇਵਤਿਆਂ ਦੀ ਪੂਜਾ ਦੀ ਸਿਕਿਆ ਵੀ ਦਸਮਗ੍ਰੰਥ ਵਿਚ ਮਿਲਦੀ ਹੈ।
ਇੰਞ ਅਖੌਤੀ ਦਸਮਗ੍ਰੰਥ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਸਿੱਖਾਂ ਤੇ ਹਿੰਦੂਆਂ ਵਿਚਲਾ ਫ਼ਰਕ ਹੌਲੀ-ਹੌਲੀ ਮਿਟ ਜਾਵੇਗਾ ਅਤੇ ਸਿੱਖਾਂ ਵਿਚ ਨਿਆਰਾਪਣ ਅਤੇ ਖ਼ੁਦਮੁਖ਼ਤਿਆਰੀ, ਖਾਲਿਸਤਾਨ, ਵਖਰਾ ਮੁਲਕ, ਵਖਰੀ ਕੌਮ ਦਾ ਨਾਂ ਨਿਸ਼ਾਨ ਮਿਟ ਜਾਵੇਗਾ ਕਿਉਂਕਿ ਜਦ ਦੇਵੀ ਦੇਵਤੇ ਇਕ ਹਨ ਤਾਂ ਫ਼ਰਕ ਕਾਹਦਾ? ਇਹ ਸੂਖਮ ਹਥਿਆਰ ਕਾਮਯਾਬ ਹੋਇਆ ਅਤੇ ਥਰਡ ਏਜੰਸੀ ਨੇ ਆਪਣੇ ਏਜੰਟਾਂ ਰਾਹੀਂ ਦਸਮਗ੍ਰੰਥ ਨੂੰ ਸਿੱਖਾਂ ਵਿਚ ਕਾਇਮ ਕੀਤਾ ਹੈ। ਇਹ ਨਹੀਂ ਕਿ ਦਸਮਗ੍ਰੰਥ ਦੇ ਸਾਰੇ ਪ੍ਰਚਾਰਕ ਥਰਡ ਏਜੰਸੀ ਦੇ ਤਨਖ਼ਾਹਦਾਰ ਹਨ, ਕੁਝ ਬੇਸਮਝ ਤੇ ਮੂਰਖ ਵੀ ਹਨ ਜਿਨ੍ਹਾਂ ਦੇ ‘ਬਰੇਨਵਾਸ਼’ ਕਰ ਕੇ ਉਨ੍ਹਾਂ ਨੂੰ ਨੀਮ ਹਿੰਦੂ ਸੋਚ ਵੱਲ ਟੋਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਕਿ ਉਹ ਕਿਵੇਂ ਸਿੱਖ ਦੁਸ਼ਮਣ ਏਜੰਸੀਆਂ ਦੀ ਚਾਲ ਵਿਚ ਫਸ ਕੇ ਸਿੱਖੀ ਨੂੰ ਖ਼ਤਮ ਕਰ ਕੇ ਹਿੰਦੂ ਮੁਖਧਾਰਾ ਦਾ ਹਿੱਸਾ ਬਣ ਰਹੇ ਹਨ।
ਦੁਨੀਆਂ ਦੇ ਬਹੁਤੇ ਵਿਦਵਾਨ, ਸਣੇ ਹਿੰਦੂ ਵਿਦਵਾਨਾਂ ਦੇ, ਰਾਮ ਤੇ ਕ੍ਰਿਸ਼ਨ ਨੂੰ ਕਾਲਪਨਿਕ ਕਿਤਾਬਾਂ ਦੇ ਹੀਰੋ ਮੰਨਦੇ ਹਨ। ਦੂਜੇ ਪਾਸੇ, ਗੁਰੂ ਗ੍ਰੰਥ ਸਾਹਿਬ ਤਾਂ ਇਨ੍ਹਾਂ ਬਾਰੇ ਕਿਹਾ ਹੈ ਕਿ: “ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥” (ਗੁਰੂ ਗ੍ਰੰਥ ਸਾਹਿਬ, ਸਫ਼ਾ 422-23)। ਗੁਰੂ ਗ੍ਰੰਥ ਸਾਹਿਬ ਵਿਚ ਰਾਮ ਤੇ ਕ੍ਰਿਸ਼ਨ ਨੂੰ ਰੱਬ ਤਾਂ ਕੀ ਮੰਨਣਾ ਸਗੋਂ ਕਈ ਜਗਹ ਉਨ੍ਹਾਂ ਦੀਆਂ ਇਖ਼ਲਾਕੀ ਕਮਜ਼ੋਰੀਆਂ ਦਾ ਜ਼ਿਕਰ ਵੀ ਆਉਂਦਾ ਹੈ:
ਕ੍ਰਿਸ਼ਨ ਬਾਰੇ :
“ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ ਕ੍ਰਿਸਨੁ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥” (ਗੁਰੂ ਗ੍ਰੰਥ ਸਾਹਿਬ, ਸਫ਼ਾ 470; ਹੋਰ ਵੇਖੋ: ਗੁਰੂ ਗ੍ਰੰਥ ਸਾਹਿਬ, ਸਫ਼ਾ 559)।
“ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾਸੀ॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥ ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥”(ਗੁਰੂ ਗ੍ਰੰਥ ਸਾਹਿਬ, ਸਫ਼ਾ 1136)।
ਰਾਮ ਬਾਰੇ:
“ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥”(ਗੁਰੂ ਗ੍ਰੰਥ ਸਾਹਿਬ, ਸਫ਼ਾ 953-54);
“ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥ … ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ॥”(ਗੁਰੂ ਗ੍ਰੰਥ ਸਾਹਿਬ, ਸਫ਼ਾ 1412).
“ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥” (ਗੁਰੂ ਗ੍ਰੰਥ ਸਾਹਿਬ, ਸਫ਼ਾ 874-75)।
ਗੁਰੂ ਗ੍ਰੰਥ ਸਾਹਿਬ ਵਿਚ ਰਾਮ ਚੰਦਰ ਤੇ ਰਾਮ (ਰੱਬ) ਦਾ ਫ਼ਰਕ ਵੀ ਸਾਫ਼ ਕੀਤਾ ਹੋਇਆ ਹੈ, ਜਿਵੇਂ
“ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ, ਸੋਈ ਕਉਤਕਹਾਰ॥” (ਗੁਰੂ ਗ੍ਰੰਥ ਸਾਹਿਬ, ਸਫ਼ਾ 1375)
(ਗੁਰੂ ਗ੍ਰੰਥ ਸਾਹਿਬ ਵਿਚ ਇਹੋ ਜਿਹੇ ਹੋਰ ਹਵਾਲੇ ਵੀ ਮੌਜੂਦ ਹਨ)।
ਥਰਡ ਏਜੰਸੀਆਂ ਦੀਆਂ ਕੁਝ ਕਾਮਯਾਬੀਆਂ
ਥਰਡ ਏਜੰਸੀ ਦਾ ਸਭ ਤੋਂ ਵੱਡਾ ਹਾਸਿਲ (ਕਾਮਯਾਬੀ) ਇਹ ਹੈ ਕਿ ਦਸਸਮਗ੍ਰੰਥੀ ਟੋਲਾ ਖ਼ੁਦਮੁਖ਼ਤਿਆਰੀ ਦੀ ਗੱਲ ਕਰਨੋਂ ਤਕਰੀਬਨ ਹਟ ਹੀ ਗਿਆ ਹੈ। ਉਨ੍ਹਾਂ ਦੀ 99% ਤਾਕਤ ਦਸਮਗ੍ਰੰਥ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਜਾਂ ਗੁਰੂ ਗਰੰਥ ਸਾਹਿਬ ਦੇ ਹਿਮਾਇਤੀਆਂ (ਯਾਨਿ ਦਸਮਗ੍ਰੰਥ ਦੇ ਵਿਰੋਧੀਆਂ) ਦੇ ਖ਼ਿਲਾਫ਼ ਪ੍ਰਚਾਰ ਕਰਨ ਵਾਸਤੇ ਲਗਦੀ ਹੈ ਅਤੇ ਐਵੇਂ ਦਿਖਾਵੇ ਵਾਸਤੇ ਜ਼ਰਾ ਮਾਸਾ ਖਾਲਿਸਤਾਨ ਦਾ ਨਾਂ ਲੈ ਲੈਂਦੇ ਹਨ; ਕਈ ਤਾਂ ਖਾਲਿਸਤਾਨ ਦਾ ਨਾਂ ਵੀ ਬਿਲਕੁਲ ਹੀ ਨਹੀਂ ਲੈਂਦੇ।
ਦੂਜਾ ਇਹ ਲੋਕ ਸਿੱਖੀ ਦੇ ਅਸਲੇ, ਸਿੱਖ ਜੀਵਨ ਜਾਚ, ਸਿੱਲ਼ੀ ਦੇ ਲਾਸਾਨੀਪਣ ਦੀ ਤਾਂ ਬਿਲਕੁਲ ਗੱਲ ਹੀ ਨਹੀਂ ਕਰਦੇ। ਉਨ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਬ੍ਰਾਹਮਣੀ ਤੇ ਕਰਮ ਕਾਂਡੀ ਹੋ ਚੁਕੀਆਂ ਹਨ। ਉਨ੍ਹਾਂ ਨੇ ਗੁਰੂਦੁਆਰਿਆਂ ਨੂੰ‘ਸਿੱਖ ਮੰਦਰ’ ਬਣ ਲਿਆ ਹੈ ਤੇ ਉਥੇ ਜੋਤਾਂ ਜਗਦੀਆਂ ਹਨ, ‘ਖੰਡ ਪਾਠ’ ਹੁੰਦੇ ਹਨ, 90 ਤਰ੍ਹਾਂ ਦੇ ਲੰਗਰ ਲਗਦੇ ਹਨ, ਨਗਰ ਕੀਰਤਨ ਦੇ ਨਾਂ ‘ਤੇ ਵੱਡੇ-ਵੱਡੇ ਜਲੂਸ ਕੱਢੇ ਜਾਂਦੇ ਹਨ, ਵੱਡੇ ਵੱਡੇ ਕੀਰਤਨ ਦਰਬਾਰ ਤੇ ਅਖੌਤੀ-ਸੰਤ ਸਮਾਗਮ ਹੁੰਦੇ ਹਨ; ਇਸ ਦਿਖਾਵੇ ਅਤੇ ਡਰਾਮੇ ਵਿਚ ਕੌਮ ਦਾ ਸਾਰਾ ਪੈਸਾ ਤੇ ਤਾਕਤ ਖ਼ਤਮ ਕੀਤੀ ਜਾ ਰਹੀ ਹੈ ਤੇ ਸਿੱਖ ਨੂੰ ਉਲਝਾ ਕੇ, ਭੁਚਲਾ ਕੇ, ਗੁਮਾ ਕੇ ਕਰ ਕੇ ਸਿੱਖਾਂ ਨੂੰ ਅਸਲ ਸਿੱਖੀ ਤੋਂ ਦੂਰ ਕਰ ਦਿੱਤਾ ਗਿਆ ਹੈ। ਇਨ੍ਹਾਂ ਚੌਧਰੀਆਂ ਨੇ ਆਪਣੇ ਇੰਤਜ਼ਾਮ ਹੇਠਲੇ ਗੁਰੂਦੁਆਰੇ ਇਕ ਕਿਸਮ ਦੀਆਂ ਮਾਫ਼ੀਆ ਕਮੇਟੀਆਂ ਦੀਆਂ ਧਾਰਮਿਕ ਕਲੱਬਾਂ ਬਣਾ ਦਿੱਤੇ ਹਨ।
ਥਰਡ ਏਜੰਸੀ ਦੀ ਤੀਜੀ ਵੱਡੀ ਕਾਮਯਾਬੀ ਸਿੱਖਾਂ ਵਿਚ ਸੰਗਰਾਂਦਾ, ਮੱਸਿਆ ਅਤੇ ਪੂਰਨਮਾਸੀਆਂ ਨੂੰ “ਸਿੱਖ ਧਾਰਮਿਕ ਦਿਹਾੜੇ” ਵਜੋਂ ਕਾਇਮ ਕਰਨ ਦੀ ਹੋਈ ਹੈ।2003 ਵਿਚ ਇਕ ਕੈਲੰਡਰ ਰਾਹੀਂ ਚਾਲਾਕੀ ਨਾਲ ‘ਸਿੱਖਾਂ ਦੀਆਂ ਸੰਗਰਾਂਦਾਂ’ ਕਾਇਮ ਕਰ ਦਿੱਤੀਆਂ ਗਈਆਂ ਅਤੇ ਇਨ੍ਹਾਂ ਸੰਗਰਾਂਦਾ ਵਗ਼ੈਰਾ ਨੂੰ ਸਿੱਖ ਪੁਰਬ ਗਰਦਾਨ ਕੇ ਅਕਾਲ ਤਖ਼ਤ ਅਤੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ ਬਲਕਿ ਕੁਝ ਮਿਸ਼ਨਰੀ ਕਾਲਜਾਂ ਅਤੇ ਆਪਣੇ ਆਪ ਨੂੰ ਲਾਸਾਨੀ ਸਿੱਖੀ ਦੇ ਅਲੰਬਰਦਾਰ ਅਖਵਾਉਣ ਵਾਲਿਆਂ ਦੀ ਮਨਜ਼ੂਰੀ ਵੀ ਦਿਵਾ ਦਿੱਤੀ ਗਈ ਸੀ। ਉਸ ਨਾਲ ਇਕ ਨਵਾਂ ਬਿਕਰਮੀ ਸੰਮਤ ਦਾ ਭਾਈ ਕਾਇਮ ਕਰ ਦਿੱਤਾ ਗਿਆ ਸੀ (ਹੁਣ ਉਸ ਨੂੰ ਤਕਰੀਬਨ ਖ਼ਤਮ ਕਰ ਕੇ ਪੁਰਾਣਾ ਸ਼ੁਰੂ ਕਰ ਦਿੱਤਾ ਗਿਆ ਹੈ)।
ਦਸਮਗ੍ਰੰਥ ਨੇ ਸਚਮੁਚ ਜੀਵਨ ਬਦਲਿਆ
ਇਸ ਦਸਮਗ੍ਰੰਥ ਦੀ ਇਕ ਸਿਫ਼ਤ ਤਾਂ ਮੰਨਣੀ ਪਵੇਗੀ ਕਿ ਇਸ ਦਾ ਅਸਰ ਬਹੁਤ ਜ਼ਬਰਦਸਤ ਹੈ; ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਨੂੰ ਪੜ੍ਹਨ ਜਾਂ ਮੰਨਣ ਵਾਲਿਆਂ ਜ਼ਿੰਦਗੀ ਵਿਚ ਬੜੀ ਵੱਡੀ ਤਬਦੀਲੀ ਆਈ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਵਿਚ ਨਾਮ, ਭਗਤੀ, ਪਿਆਰ, ਮਿਠਾਸ, ਨਿਮਰਤਾ ਦੀਆਂ ਗੱਲਾਂ ਹਨ ਉਥੇ ਅਖੌਤੀ ਦਸਮਗ੍ਰੰਥ ਵਿਚ ਨਫ਼ਰਤ, ਗੁੱਸਾ, ਸਾਜ਼ਸ਼ਾਂ, ਠੱਗੀ, ਬੇਈਮਾਨੀ, ਹਮਲੇ, ਲੜਾਈਆਂ, ਗੁੰਡਾਗਰਦੀ, ਕਾਮ ਤੇ ਵਿਭਚਾਰ ਤੇ ਕੰਜਰਪੁਣਾ, ਪਾਪ, ਕੂੜ ਦੀਆਂ ਗੱਲਾਂ ਹਨ; ਅਤੇ, ਅਖੌਤੀ ਦਸਮਗ੍ਰੰਥ ਨੂੰ ਮੰਨਣ ਵਾਲਿਆਂ ਦੇ ਜੀਵਨ ਵਿਚ ਇਹ ਸਾਰਾ ਕੁਝ ਪੂਰੀ ਤਰ੍ਹਾਂ ਸਮਾ ਗਿਆ ਹੈ; ਉਹ ਧਮਕੀਆਂ, ਹਮਲੇ, ਨਫ਼ਰਤ ਦੀ ਬੋਲੀ, ਸਾਜ਼ਸ਼ਾਂ, ਬੇਈਮਾਨੀਆਂ ਵਿਚ ਸੜ-ਗਲ ਰਹੇ ਹਨ। ਕਿਤੇ ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਕਤਲ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿਤੇ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਧਮਕਾਇਆ ਜਾ ਰਿਹਾ ਹੈ, ਕਿਤੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਗੁਰਚਰਨ ਸਿੰਘ ਜਿਊਣਵਾਲਾ ਤੇ ਦਰਸ਼ਨ ਸਿੰਘ ਰਾਗੀ ਦੇ ਖ਼ਿਲਾਫ਼ ਜੰਗ ਛੇੜੀ ਹੋਈ ਹੈ; ਅਤੇ, ਇੰਦਰ ਸਿੰਘ ਘੱਗਾ ਤਾਂ ਇਨ੍ਹਾਂ ਦੇ ਗੁੰਡਿਆਂ ਹੱਥੋਂ ਦੋ ਵਾਰ ਨੱਕ ਭੰਨਾ ਚੁਕਾ ਹੈ। ਇੰਞ ਹੀ ਅਖੌਤੀ ਦਸਮਗ੍ਰੰਥ ਦੇ ਹਿਮਾਇਤੀ ਕਿਤੇ (ਧਨਵੰਤ ਸਿੰਘ ਪੱਲੀ ਝਿੱਕੀ, ਅਮਰ ਸਿੰਘ ਬੜੂੰਦੀ, ਦਲਜੀਤ ਸਿੰਘ ਸ਼ਿਕਾਗੋ, ਮਾਨ ਸਿੰਘ ਪਿਹੋਵਾ, ਲੱਡੂ ਸਿੰਘ, ਘਾਲਾ ਸਿੰਘ) ਕੁਝ ਕਤਲ, ਰੇਪ, ਉਧਾਲੇ ਜ਼ਮੀਨ ਨੂੰ ਹੜਪਣ ਦੇ ਦੇ ਕੇਸਾਂ ਵਿਚ ਫਸੇ ਹੋਏ ਹਨ, ਕੁਝ ਕਤਲ ਦੀ ਸਾਜ਼ਸ਼ ਦੇ; ਯਾਨਿ ਇਸ ਅਖੌਤੀ ਦਸਮਗ੍ਰੰਥ ਨੂੰ ਪੜ੍ਹਨ ਵਾਲੇ ਚਰਿਤਰੋਪਾਖਯਾਨ ਵਰਗਾ ਜੀਵਨ ਜੀਅ ਰਹੇ ਹਨ। ਸੋ, ਅਖੌਤੀ ਦਸਮਗ੍ਰੰਥ ਨੇ ‘ਕਮਾਲ’ ਦੀ ਦੇਣ ਦਿੱਤੀ ਹੈ। ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਵੀ ਧਮਕੀਆਂ, ਗੁੰਡਾਗਰਦੀ, ਸਾਜ਼ਸ਼ਾਂ ਕਰਦੇ ਹਨ? ਨਹੀਂ, ਇਕ ਵੀ ਘਟਨਾ ਅਜਿਹੀ ਨਹੀਂ –- ਇਹ ਸਭ ਅਖੌਤੀ ਦਸਮਗ੍ਰੰਥ ਦੀ ਹੀ ‘ਮਹਾਨ’ ਦੇਣ ਹੈ।
ਸਮੁੱਚੇ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਦਸਮਗ੍ਰੰਥ ਮੁਖ ਤੌਰ ‘ਤੇ ਦੁਰਗਾ/ਭਗਉਤੀ/ਚੰਡੀ, ਰਾਮ, ਕ੍ਰਿਸ਼ਨ, ਚੌਵੀ ਅਵਤਾਰਾਂ, ਸ਼ਿਵ (ਮਹਾਂਦੇਵ) ਅਤੇ ਵਿਸ਼ਨੂ ਦੀ ਪੂਜਾ ਦਾ ਮਿਲਗੋਭਾ, ਕਾਮ ਦੇਵਤਾ ਦੀਆਂ ਵਿਲਾਸਤਾ ਭਰੀਆਂ ਖੇਡਾਂ ਅਤੇ ਨਸ਼ਿਆਂ ਦੇ ਮਾਣਨ ਦਾ ਗ੍ਰੰਥ ਹੈ। ਦਸਮ ਗ੍ਰੰਥ ਦੁਨੀਆਂ ਭਰ ਦੀ ਧਾਰਮਿਕ ਤਾਰੀਖ਼ ਵਿਚ ਸਭ ਤੋਂ ਵੱਡਾ ਪਾਪ ਹੈ। ਗੁਰੂ ਗ੍ਰੰਥ ਸਾਹਿਬ ਨਾਲ ਦਸਮ ਗ੍ਰੰਥ ਦਾ ਮੁਕਾਬਲਾ ਕਰਨ ਤੋਂ ਇੰਞ ਲਗਦਾ ਹੈ ਜਿਵੇਂ ਕਿਸੇ ਨੇ ਅੰਮ੍ਰਿਤ ਦੇ ਬਾਟੇ ਵਿਚ ਜ਼ਹਿਰ ਘੋਲ ਦਿੱਤਾ ਹੋਵੇ; ਕਸਤੂਰੀ ਵਿਚ ਤੰਬਾਕੂ ਮਿਲਾ ਦਿੱਤਾ ਹੋਵੇ, ਅਤੇ, ਫੁੱਲਾਂ ਦੇ ਰਸ ਤੇ ਅਤਰ ਫੁਲੇਲ ਵਿਚ ਵਿਸ਼ਟਾ ਪਾ ਦਿੱਤੀ ਹੋਵੇ। ਬੇਹਦ ਸ਼ਰਮ ਦੀ ਗੱਲ ਹੈ ਕਿ ਕੁਝ ਲੋਕ ਇਸ ਦਾ ਮੁਕਾਬਲਾ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਹਨ ਅਤੇ ਇਸ ਕਿਤਾਬ ਨੂੰ ਉਸ ਦੇ ਬਰਾਬਰ ਰਖਦੇ ਹਨ। ਇਹ ਲੋਕ ਕਿਹੜਾ ਮੂੰਹ ਲੈ ਕੇ ਗੁਰੂ ਦੀ ਦਰਗਾਹ ਵਿਚ ਪੇਸ਼ ਹੋਣਗੇ? ਇਸ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਹੈ? ਇਸ ਤੋਂ ਵੱਡਾ ਪਾਪ ਹੋਰ ਕੋਈ ਨਹੀਂ ਹੋ ਸਕਦਾ!
ਖ਼ਾਸ ਨੋਟ:
- ਦਸਮਗ੍ਰੰਥ ਦੀਆਂ ਹਥਲਿਖਤਾਂ ਵਿਚ ਇਕ ਵੱਡੀ ਸਾਜ਼ਿਸ਼ ਇਹ ਵੀ ਮਿਲਦੀ ਹੈ ਕਿ ਕੁਝ ਹੱਥ ਲਿਖਤਾਂ ‘ਤੇ ਪੁਰਾਣੀਆਂ ਤਾਰੀਖ਼ਾਂ ਪਾ ਕੇ ਲੋਕਾਂ ਨੂੰ ਮੂਰਖ ਬਣਾਇਆ ਮਿਲਦਾ ਹੈ। ਚਰਿਤਰੋਪਾਖਯਾਨ ਦੀ ਇਕ ਪੋਥੀ’ਤੇ 1723 ਲਿਖਿਆ ਵੀ ਮਿਲਦਾ ਹੈ, ਜਦ ਕਿ ਕਾਗ਼ਜ਼ ਤੋਂ ਪਤਾ ਲਗਦਾ ਹੈ ਕਿ ਇਹ ਬਹੁਤ ਬਾਅਦ ਦੀ ਹੈ।
- ਇੰਞ ਹੀ ਦੇਸਾ ਸਿੰਘ ਨਿਰਮਲਾ ਦਾ ਰਹਿਤਨਾਮਾ, ਜਿਸ ਦੀ ਰਚਨਾ ਦਾ ਕਾਲ ਉਨੀਵੀਂ ਸਦੀ ਹੈ, ਨੂੰ ਗੁਰੂ ਕਾਲ ਦਾ ਦੱਸਣ ਅਤੇ ਭਾਈ ਮਨੀ ਸਿੰਘ ਦਾ ਪੁੱਤਰ ਬਣਾਉਣ ਦੀ ਸਾਜ਼ਿਸ਼ ਵੀ ਰਚੀ ਗਈ ਸੀ।
- ਕੋਇਰ ਸਿੰਘ, ਸੁੱਖਾ ਸਿੰਘ, ਸੂਰਤ ਸਿੰਘ (ਸਿੱਖਾਂ ਦੀ ਭਗਤਮਾਲਾ ਦਾ ਅਸਲ ਲੇਖਕ), ਸੰਤੋਖ ਸਿੰਘ, ਸੰਤ ਸਿੰਘ ਗਿਆਨੀ ਦਾ ਪੁੱਤਰ ਗੁਰਮੁਖ ਸਿੰਘ ਤੇ ਦਰਬਾਰਾ ਸਿੰਘ(‘ਗੁਰਬਿਲਾਸ ਪਾਤਸਾਹੀ ਛੇਵੀਂ’ ਦੇ ਅਸਲ ਲੇਖਕ) ਸਭ ਨਿਰਮਲੇ ਸਨ ਤੇ ਦਸਮਗ੍ਰੰਥ ਟੋਲੇ ਦਾ ਹਿੱਸਾ ਸਨ।
- ਪੰਡਤ ਕੇਸਰ ਸਿੰਘ ਛਿਬਰ ਅਤੇ ਸਰੂਪ ਦਾਸ ਭੱਲਾ ਨਿਰਮਲਿਆਂ ਦੇ ਹੀ ਸਾਥੀ ਸਨ। ਸਰੂਪ ਸਿੰਘ ਕੌਸ਼ਿਸ਼ (ਲੇਖਕ ਗੁਰੂ ਕੀਆਂ ਸਾਖੀਆਂ), ਜਿਸ ਨੇ ਆਪਣੀਆਂ ਲਿਖਤਾਂ ਦਾ ਬ੍ਰਾਹਮਣੀਕਰਨ ਕੀਤਾ। ਇਨ੍ਹਾਂ ਸਭ ਨੇ ਸਿੱਖ ਤਵਾਰੀਖ਼ ਬੁਰੀ ਤਰ੍ਹਾਂ ਵਿਗਾੜੀ ਸੀ ਅਤੇ ਨਿਰਮਲਿਆਂ ਦੇ ਬਚਿਤਰ ਨਾਟਕ (ਉਰਫ਼ ਦਸਮਗ੍ਰੰਥ) ਦੀਆਂ ਕਵਿਤਾਵਾਂ ਨੂੰ ਗੁਰੂ ਰਚਨਾ ਪ੍ਰਚਾਰਨ ਦੀ ਸਾਜ਼ਿਸ਼ ਦਾ ਹਿੱਸਾ ਬਣੇ ਸਨ।
ਦਸਮਗ੍ਰੰਥ ਬਾਰੇ ਵਿਦਵਾਨ ਪਹਿਲਾਂ ਚੁਪ ਕਿਉਂ ਰਹੇ?
ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਸਿੱਖ ਰਹਿਤ ਮਰਿਆਦਾ ਬਣਾਉਣ ਵੇਲੇ ਜਾਂ ਨਿਤਨੇਮ ਤੇ ਪਾਹੁਲ ਦੀਆਂ ਬਾਣੀਆਂ ਨੀਅਤ ਕਰਨ ਵੇਲੇ, ਕਿਸੇ ਵਿਦਵਾਨ ਨੇ ਤਿੰਨ ਕਵਿਤਾਵਾਂ(ਜਾਪੁ, ਸਵੈਯੇ, ਚੌਪਈ) ਬਾਰੇ ਇਤਰਾਜ਼ ਕਿਉਂ ਨਹੀਂ ਉਠਾਇਆ ਜਾਂ ਇਨ੍ਹਾਂ ‘ਤੇ ਕਿੰਤੂ ਕਿਉਂ ਨਹੀਂ ਕੀਤਾ? ਇਸ ਦਾ ਕਾਰਨ ਇਹ ਹੈ ਕਿ ਭਾਵੇਂ ਇਹ ਕਿਤਾਬ (ਦਸਮਗ੍ਰੰਥ) ਅਠ੍ਹਾਰਵੀਂ ਸਦੀ ਦੇ ਅਖ਼ੀਰ ਵਿਚ ਤਿਆਰ ਹੋ ਚੁਕੀ ਸੀ ਅਤੇ ਨਿਰਮਲਾ ਸੋਧਕ ਕਮੇਟੀ ਨੇ ਇਸ ਦਾ ਆਖ਼ਰੀ ਰੂਪ 1902 ਵਿਚ ਤਿਆਰ ਕਰ ਲਿਆ ਸੀ, ਪਰ ਇਹ ਆਮ ਲੋਕਾਂ ਤਕ ਕਦੇ ਨਹੀਂ ਸੀ ਪੁੱਜੀ। ਲੋਕਾਂ ਵਿਚ ਸਿਰਫ਼ ਜਾਪੁ ਤੇ ਸਵੈਯੇ, ਅਕਾਲ ਉਸਤਤਿ, ਚੌਪਈ ਵਗ਼ੈਰਾ ਹੀ ਪਰਚਾਰੇ ਗਏ ਸਨ (ਕਿਉਂਕਿ ਇਨ੍ਹਾਂ ਦੀ ਬੋਲੀ ਸੌਖੀ ਸੀ ਤੇ ਬਾਣੀ ਵਾਂਙ ਪੜ੍ਹੇ ਜਾਂ ਗਾਏ ਜਾ ਸਕਦੇ ਸਨ) ਅਤੇ ਚੌਪਈ ਤਾਂ ਬਹੁਤ ਹੀ ਆਸਾਨੀ ਨਾਲ ਚੇਤੇ ਕੀਤੀ ਜਾ ਸਕਦੀ ਸੀ। ਇੰਞ ਹੀ ਬਚਿਤਰ ਨਾਟਕ ਵਿਚੋਂ ‘ਤਹੀ ਪ੍ਰਕਾਸ ਹਮਾਰਾ ਭਯੋ, ਪਟਨਾ ਸਹਿਰ ਵਿਖੇ ਭਵ ਲਯੋ’ ਢੋਲਕੀ ਕੁੱਟ ਕੁੱਟ ਕੇ ਗਾਏ ਜਾਣ ਨਾਲ ਲੋਕਾਂ ਨੂੰ ਜ਼ਬਾਨੀ ਯਾਦ ਹੋ ਗਿਆ ਸੀ(ਉਹ ਸਮਝਦੇ ਸੀ ਕਿ ਗੁਰੂੁ ਜੀ ਦਾ ਪਟਨੇ ਦਾ ਜਨਮ ਹੋਣ ਕਰ ਕੇ ਇਹ ਸਹੀ ਹੀ ਹੋਵੇਗਾ)। ਇਸੇ ਤਰ੍ਹਾਂ ਕੁਝ ਨਿਹੰਗ ਜੱਥਿਆਂ ਨੂੁੰ ਸੁੱਖਾ ਪਿਆ-ਪਿਆ ਕੇ ‘ਚੰਡੀ/ ਦੁਰਗਾ ਦੇਵੀ ਦੀ ਵਾਰ ਦੇ ਘੋਟੇ ਲੁਆਏ ਗਏ। ਇਸ ਨਾਲ ਉਹ ਬੇਸਮਝੀ ਵਿਚ ਦੁਰਗਾ/ਚੰਡੀ ਦੇ ਉਪਾਸ਼ਕ ਬਣ ਗਏ ਸਨ।
ਗੁਰਦੁਆਰਿਆਂ‘ਤੇ ਨਿਰਮਲਿਆਂ ਦਾ ਕਬਜ਼ਾ ਹੋਣ ਕਰ ਕੇ ਇਹ ਐਨੇ ਪ੍ਰਚਲਤ ਹੋ ਗਏ ਕਿ ਇਹ ਆਮ ਲੋਕਾਂ ਦੀ ਮਾਨਸਿਕਤਾ (ਸਾਇਕੀ) ਵਿਚ ਇੰਞ ਸ਼ਾਮਿਲ ਹੋ ਗਏ ਜਿਵੇਂ ਕਿ ਇਹ ਸਚਮੁਚ ਬਾਣੀ ਹੋਣ; ਲੋਕ ਬਿਨਾਂ ਸੋਚੇ ਸਮਝੇ ਇਸ ਨੂੰ ਗੁਰੂੁ ਰਚਨਾ ਮੰਨਣ ਲਗ ਪਏ (ਜਿਵੇਂ ਲੋਕਾਂ ਨੇ ਪਿਛਲੇ ਕੁਝ ਸਾਲਾਂ ਤੋਂ ਅਕਾਲ ਤਖ਼ਤ ਦੇ ਅਖੌਤੀ ‘ਜਥੇਦਾਰ’ ਦਾ ਨਕਲੀ ਤੇ ਨਾਜਾਇਜ਼ ਅਹੁਦਾ ਸੱਚ ਮੰਨ ਲਿਆ)।
ਇਸ ਮਾਹੌਲ ਕਾਰਨ ਕਿਸੇ ਵਿਦਵਾਨ ਤਕ ਨੂੰ ਵੀ ਇਸ ਧੋਖੇ ਦਾ ਖ਼ਿਆਲ ਤਕ ਨਾ ਆਇਆ। ਇਸੇ ਕਰ ਕੇ ਇਹ ਪਾਹੁਲ ਅਤੇ ਨਿਤਨੇਮ ਦੀਆਂ ਬਾਣੀਆਂ ਦਾ ਹਿੱਸਾ ਬਣ ਗਏ। ਇਹ ਕਿਤਾਬ ਵਿਦਵਾਨਾਂ ਕੋਲ ਉਦੋਂ ਤਕ ਨਹੀਂ ਪੁੱਜੀ ਜਦ ਤਕ ਇਹ ਪ੍ਰੈਸ ਵਿਚ ਛਪ ਕੇ ਨਾ ਆ ਗਈ। ਇਸ ਦਾ ਪ੍ਰੈਸ ਛਾਪਾ ਵੀਹਵੀਂ ਸਦੀ ਦੇ ਅੱਧ ਤੋਂ ਮਗਰੋਂ ਆਇਆ ਸੀ। ਸਭ ਤੋਂ ਪਹਿਲਾਂ1965 ਵਿਚ ਰਤਨ ਸਿੰਘ ਜੱਗੀ ਨੇ ਆਪਣੀ ਪੀ.ਐਸ-ਡੀ. ਦਾ ਥੀਸਿਸ ਲਿਖ ਕੇ ਇਸ ਦੀ ਅਸਲੀਅਤ ਨੂੰ ਜ਼ਾਹਿਰ ਕਰ ਕੇ ਇਸ ਨੂੰ ਬੇਨਕਾਬ ਕੀਤਾ ਸੀ। ਇਸ ਮਗਰੋਂ ਵਿਦਵਾਨਾਂ ਨੇ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਅਤੇ ਗਿਆਨੀ ਭਾਗ ਸਿੰਘ, ਮਹਿਦਰ ਸਿੰਘ ਜੋਸ਼, ਜਗਮੋਹਨ ਸਿੰਘ ਗਿਆਨੀ ਤੇ ਪ੍ਰਿੰਸੀਪਲ ਹਰਭਜਨ ਸਿੰਘ ਨੇ ਇਸ ਸਬੰਧੀ ਕਿਤਾਬਾਂ ਅਤੇ ਲੇਖ ਲਿਖ ਕੇ ਪੰਥ ਨੂੰ ਜਾਗਰੂਕ ਕੀਤਾ। ਹੁਣ ਹੌਲੀ-ਹੌਲੀ ਸਾਰੇ ਵਿਦਵਾਨਾਂ ਨੂੰ ਇਸ ਦਾ ਚਾਨਣ ਹੋ ਗਿਆ ਅਤੇ ਉਹ ਕੁਰਲਾ ਉਠੇ ਕਿ ਉਹ ਕਿਸ ਪਾਪ ਨੂੰ ਗੁਰੂੁ ਨਾਲ ਜੋੜ ਰਹੇ ਸਨ। ਇਹ ਗੁੱਸਾ ਉਦੌਂ ਤੂਫ਼ਾਨ ਦਾ ਰੂਪ ਧਾਰਨ ਕਰ ਗਿਆ ਜਦ ਨਵੰਬਰ 2006 ਵਿਚ ਨਿਰਮਲਾ ਟੋਲਿਆਂ, ਡੇਰਿਆਂ, ਆਰ.ਐਸ.ਐਸ. ਦੇ ਦਸਮਗ੍ਰੰਥ ਮਾਫ਼ੀਆ ਨੇ ਇਸ ਸਾਕਤ ਕਿਤਾਬ ਨੂੰ ਗੁਰੂੁ ਗ੍ਰੰਥ ਸਾਹਬ ਦੇ ਬਰਾਬਰ ਪ੍ਰਕਾਸ਼ ਕਰ ਕੇ ਇਸ ਦਾ ਅਖੌਤੀ ਅਖੰਡ ਪਾਠ ਕਰ ਕੇ ਇਸ ਨੂੰ ਗੁਰੂੁ ਗ੍ਰੰਥ ਸਾਹਿਬ ਦੀ ਸੌਂਕਣ ਬਣਾਉਣ ਦਾ ਕਦਮ ਉਠਾਇਆ। 9 ਨਵੰਬਰ 2006 ਦੇ ਦਿਨ ‘ਸਪੋਕਸਮੈਨ’ ਅਖ਼ਬਾਰ ਵਿਚ ਛਪੇ ਇਸ਼ਤਿਹਾਰ ਨੇ ਇਸ ਸਾਜ਼ਿਸ਼ ਨੂੰ ਬੇਨਕਾਬ ਕਰ ਕੇ ਲੋਕਾਂ ਵਿਚ ਜਾਗਰਤੀ ਲਿਆਂਦੀ ਅਤੇ ਸਿੱਖ ਪੰਥ ਸਿੱਖੀ ’ਤੇ ਕੀਤੇ ਗਏ ਇਸ ਵੱਡੇ ਹਮਲੇ ਦੇ ਖ਼ਿਲਾਫ਼ ਉਠ ਖੜਾ ਹੋਇਆ ਅਤੇ ਇਸ ਕੂੜ ਕਿਤਾਬ ਨੂੰ ਰੱਦ ਕਰ ਦਿੱਤਾ।
ਅਸੀਂ ਅਖੌਤੀ ਦਸਮ ਗ੍ਰੰਥ ਨੂੰ ਗੁਰੁ ਰਚਨਾ ਮੰਨਣ ਦਾ ਗੁਨਾਹ ਕਿਉਂ ਕਰਦੇ ਰਹੇ ਹਾਂ?
ਕੁਝ ਲੋਕ ਕਹਿੰਦੇ ਹਨ ਕਿ ਡਾ ਹਰਜਿੰਦਰ ਸਿੰਘ ਦਿਲਗੀਰ ਆਪਣੀਆਂ ਲਿਖਤਾਂ ਵਿਚ ਬਚਿਤਰ ਨਾਟਕ (ਅਖੌਤੀ ਦਸਮਗ੍ਰੰਥ) ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਰਚਨਾ ਕਹਿੰਦਾ ਰਿਹਾ ਹੈ (ਉਹ ਮੇਰੀ ਕਿਤਾਬ‘ਸਿੱਖ ਰੈਫ਼ਰੈਂਸ ਬੁਕ’ ਦਾ ਹਵਾਲਾ ਦੇਂਦੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਦਿਲਗੀਰ ਨੇ ਕੁਝ ਥਾਂਵਾਂ ’ਤੇ ਅਖੌਤੀ ਦਸਮ ਗ੍ਰੰਥ ਦੀਆਂ ਕੁਝ ਟੂਕਾਂ ਦੇ ਹਵਾਲੇ ਵੀ ਦਿੱਤੇ ਸਨ। ਉਹ ਬਿਲਕੁਲ ਠੀਕ ਕਹਿੰਦੇ ਹਨ। ਮੈਂ ਜਦ ਤਕ ਅਖੌਤੀ ਦਸਮ ਗ੍ਰੰਥ ਪੜ੍ਹਿਆ ਨਹੀਂ ਸੀ, ਇਸ ਨੂੰ ਗੁਰੁ ਰਚਨਾ ਮੰਨਣ ਦਾ ਗੁਨਾਹ ਕਰਦਾ ਰਿਹਾ ਸੀ ਤੇ ਇਸ ਵਿਚੋਂ ਹਵਾਲੇ ਵੀ ਦਿਆ ਕਰਦਾ ਸੀ। ਮੈਂ ਹੀ ਨਹੀਂ ਗਿਆਨੀ ਭਾਗ ਸਿੰਘ ਤੇ ਗੁਰਤੇਜ ਸਿੰਘ ਦੀਆਂ ਕਿਤਾਬਾਂ ਮੇਰੇ ਕੋਲ ਪਈਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਵਿਚੋਂ ਹਵਾਲੇ ਦਿੱਤੇ ਹਨ। ਪ੍ਰੋ. ਦਰਸ਼ਨ ਸਿੰਘ ਵੀ ਅਖੌਤੀ ਦਸਮ ਗ੍ਰੰਥ ਦੀਆਂ ਕਵਿਤਾਵਾਂ ਗੁਰੁ ਦੀ ਬਾਣੀ ਮੰਨ ਕੇ ਗਾਉਂਦੇ ਰਹੇ ਸਨ। ਜਿਉਂ ਜਿਉਂ ਅਸੀਂ ਇਸ ਅਖੌਤੀ ਦਸਮ ਗ੍ਰੰਥ ਨੂੰ ਪੜ੍ਹਦੇ ਗਏ ਸਾਨੂੰ ਚਾਨਣ ਹੁੰਦਾ ਗਿਆ ਅਤੇ ਅਸੀਂ ਇਸ ਕੂੜ ਕਿਤਾਬ ਦਾ ਪਾਜ ਉਘੇੜਨਾ ਸ਼ੁਰੂ ਕਰ ਦਿੱਤਾ। ਅਸੀਂ ਵੇਕਿਆ ਕਿ ਜਾਪੁ, ਸਵੈਯੇ, ਅਕਾਲ ਉਸਤਤ, ਚੌਪਈ ਸਭ ਨਕਲੀ ਹਨ ਤੇ ਗੁਰੁ ਰਚਨਾ ਨਹੀਂ ਹਨ। ਨਿਰਮਲਿਆਂ ਨੇ 1823 ਤੋਂ 1920 ਤਕ ਦਰਬਾਰ ਸਾਹਿਬ’ਤੇ ਕਬਜ਼ਾ ਕਰੀ ਰੱਖਿਆ ਸੀ। ਉਨ੍ਹਾ ਨੇ ਹੀ ‘ਨਿਤਨੇਮ’ ਦਾ ਰਿਵਾਜ਼ ਸ਼ੁਰੂ ਕੀਤਾ (ਗੁਰੁ ਗੋਬਿੰਦ ਸਿੰਘ ਜੀ ਨੇ ਕੋਈ ਨਿਤਨੇਮ ਨਹੀਂ ਸੀ ਦੱਸਿਆ) ਤੇ ਇਸ ਵਿਚ ਦੋ ਬਾਣੀਆਂ ਦੇ ਨਾਲ-ਨਾਲ ਤਿੰਨ ਕਵਿਤਾਵਾਂ ਅਖੌਤੀ ਦਸਮ ਗ੍ਰੰਥ ਦੀਆਂ ਵੀ ਪਾ ਦਿੱਤੀਆਂ। ਉਨ੍ਹਾਂ ਨੇ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਦੀ ਕਥਾ ਵੀ ਸ਼ੁਰੂ ਕਰ ਦਿੱਤੀ ਅਤੇ ਪੰਥ ਵਿਚ ਕੁਫ਼ਰ ਸ਼ਾਮਿਲ ਕਰ ਦਿੱਤਾ। ਇਸ ਕਰ ਕੇ ਪ੍ਰਚਾਰਕ ਅਤੇ ਵਿਦਵਾਨ ਭੁਲੇਖੇ ਵਿਚ ਰਹੇ ਤੇ ਉਹ ਨਿਤਨੇਮ ਦੇ ਨਾਂ ਹੇਠ ਕਰਮ ਕਾਂਡ ਵੀ ਕਰਦੇ ਰਹੇ ਤੇ ਅਖੌਤੀ ਦਸਮ ਗ੍ਰੰਥ ਦੀਆਂ ਕਵਿਤਾਵਾਂ ਨੂੰ ਗੁਰੂ ਦੀ ਬਾਣੀ ਮੰਨਣ ਦੀ ਗ਼ਲਤੀ ਵੀ ਕਰਦੇ ਰਹੇ। ਜਿਉਂ-ਜਉਂ ਚਾਨਣ ਹੁੰਦਾ ਗਿਆ ਦਿਮਾਗ਼ ਵਾਲੇ ਸਿੱਖ ਅਖੌਤੀ ਦਸਮ ਗ੍ਰੰਥ ਦਾ ਸੱਚ ਜਾਣ ਗਏ ਤੇ ਇਸ ਨੂੰ ਰੱਦ ਕਰਨ ਲਗ ਪਏ। ਜਿਨ੍ਹਾਂ ਨੂੰ ਸਮਝ ਨਹੀਂ ਉਹ ਅੱਜ ਵੀ ਅਖੌਤੀ ਦਸਮ ਗ੍ਰੰਥ ਨੂੰ ਗੁਰੁ ਰਚਨਾ ਮੰਨਣ ਦਾ ਗੁਨਾਹ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਘੋਰ ਬੇਇਜ਼ਤੀ ਕਰ ਰਹੇ ਹਨ।
(ਡਾ. ਹਰਜਿੰਦਰ ਸਿੰਘ ਦਿਲਗੀਰ)