Bole so nihal (background)
‘(ਜੋ) ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਜੈਕਾਰੇ ਦੀ ਤਵਾਰੀਖ਼

‘(ਜੋ) ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਜੈਕਾਰੇ ਦੀ ਤਵਾਰੀਖ਼

“(ਜੋ) ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਜੰਗ ਦਾ ਜੈਕਾਰਾ ਹੈ ਅਤੇ ਇਹ ਬੰਦਾ ਸਿੰਘ ਬਹਾਦਰ ਵੇਲੇ ਖਾਲਸਾ ਫ਼ੌਜਾਂ ਵਿਚ ਗੁੰਜਾਇਆ (ਗਜਾਇਆ) ਜਾਣਾ ਸ਼ੁਰੂ ਹੋਇਆ ਸੀ। (ਦਰਅਸਲ ਇਹ ਨਿਹੰਗਾਂ ਦੇ ਪੂਰੇ ਜੈਕਾਰੇ ਦਾ ਛੋਟਾ ਰੂਪ ਹੈ। ਪੂਰਾ ਜੈਕਾਰਾ ਹੈ: ਜੋ ਜੈਕਾਰਾ ਬੁਲਾਵੇ ਗੁਰੂ ਦੇ ਮਨ ਨੂੰ ਭਾਵੇ; ਨਿਹਾਲ ਹੋ ਜਾਵੇ; ਗੱਜ ਕੇ ਬੋਲਣ ਜੀ ਅਕਾਲ ਅਕਾਲ ਅਕਾਲ। ਇਸ ਜੈਕਾਰੇ ਦਾ ਇਕ ਹੋਰ ਰੂਪ ਵੀ ਮਿਲਦਾ ਹੈ)।

‘ਅਕਾਲੀਆਂ ਦਾ ਬੁੰਗਾ’ (ਜਿਸ ਨੂੰ ਹੁਣ ਅਕਾਲ ਤਖ਼ਤ ਕਹਿਣ ਲਗ ਪਏ ਹਨ) ਅਕਾਲੀ ਫੂਲਾ ਸਿੰਘ ਦੀ ਰਿਹਾਇਸ਼ਗਾਹ ਸੀ; ਇੱਥੋਂ ਜੰਗ ’ਤੇ ਕੂਚ ਕਰਨ ਸਮੇਂ ਅਤੇ ਵਾਪਿਸ ਆ ਕੇ ਨਿਹੰਗ ਸਿੰਘ ਇਹ ਜੈਕਾਰਾ ਗੁੰਜਾਇਆ (ਗਜਾਇਆ) ਕਰਦੇ ਸੀ। ਸੋ ਇਹ ਜੈਕਾਰਾ ‘ਬੁੰਗਾ ਅਕਾਲੀਆਂ’ ਦੀ ਰਿਵਾਇਤ ਸੀ।

1823 ਵਿਚ ਅਕਾਲੀ ਫੂਲਾ ਸਿਘ ਦੀ ਮੌਤ ਤੋਂ ਪੰਜ-ਛੇ ਸਾਲ ਮਗਰੋਂ ਇਸ ਬੁੰਗੇ ਵਿਚ ਕੋਈ ਅਕਾਲੀ (ਨਿਹੰਗ) ਨਹੀਂ ਸੀ ਰਿਹਾ ਪਰ ਕੁਝ ਸਿੱਖ ਉੇੱਥੇ ਠਹਿਰਿਆ ਕਰਦੇ ਸਨ ਅਤੇ ਇਹ ਜੈਕਾਰਾ ਗੁੰਜਾਇਆ (ਗਜਾਇਆ) ਜਾਣਾ ਦੀ ਰਿਵਾਇਤ ਉੱਥੇ ਜਾਰੀ ਰਹੀ ਸੀ।

1830 ਤੋਂ ਮਗਰੋਂ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਸੰਤ ਸਿੰਘ ਨਿਰਮਲਾ ਦੇ ਪੁੱਤਰ ਗਿਆਨੀ ਗੁਰਮੁਖ ਸਿੰਘ ਨੇ ਇਸ ਬੁੰਗੇ ’ਤੇ ਕਬਜ਼ਾ ਕਰ ਲਿਆ ਸੀ। ਕੁਝ ਸਾਲਾਂ ਮਗਰੋਂ ਉਸ ਨੇ ਇਸ ਬੁੰਗੇ ਨੂੰ ਅਕਾਲ ਤਖ਼ਤ ਵਜੋਂ ਪੇਸ਼ ਕਰਨ ਵਾਸਤੇ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਲਿਖਿਆ ਗਿਆ ਸੀ। ਉਸ ਮਗਰੋਂ ਵੀ ਉਥੇ ਇਹ ਜੈਕਾਰਾ ਗਜਾਇਆ ਜਾਂਦਾ ਰਿਹਾ ਸੀ ਤੇ ਅੱਜ ਵੀ ਇਹ ਰਿਵਾਇਤ ਜਾਰੀ ਹੈ।

ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਦੀਵਾਨ ਦੀ ਸਮਾਪਤੀ ’ਤੇ “ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫ਼ਤਹ” ਬੋਲ ਗਜਾਇਆ ਜਾਂਦਾ ਸੀ। ਕਾਸ਼ੀ ਦੇ ਪੜ੍ਹੇ ਨਿਰਮਲਿਆਂ ਨੇ ਦਰਬਾਰ ਸਾਹਿਬ ਦੀ ਸੇਵਾ ਸੰਭਾਲਣ ਮਗਰੋਂ ਇਸ ਬੋਲ ਵਿਚ ਦਾ/ਦੀ ਨੂੰ ਹਿੰਦੀ ਦੀ ਕਾ/ਕੀ ਵਿਚ ਬਦਲ ਦਿੱਤਾ; ਅਤੇ, ਇਹ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ” ਬਣ ਗਿਆ।

ਅਕਾਲ ਅਕਾਲ ਵਾਲਾ ਜੈਕਾਰਾ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰਦੁਆਰੇ ਵਿਚ ਕਦੇ ਵੀ ਨਹੀਂ ਸੀ ਗਜਾਇਆ ਜਾਂਦਾ। ਪਰ, ਹੌਲੀ-ਹੌਲੀ ਅਕਾਲ ਬੁੰਗੇ ਦੀ ਵੇਖਾ-ਵੇਖੀ, ਕੁਝ ਗੁਰਦੁਆਰਿਆਂ ਵਿਚ, ਅਣਜਾਣ ਸੇਵਾਦਾਰਾਂ ਨੇ ਇਹ ਜੈਕਾਰਾ ਉਥੇ ਵੀ ਜਗਾਉਣਾ ਸ਼ੁਰੂ ਕਰ ਦਿੱਤਾ ਸੀ।

 (ਡਾ ਹਰਜਿੰਦਰ ਸਿੰਘ ਦਿਲਗੀਰ)