ਚੇਲਿਆਂਵਾਲਾ ਦੀ ਲੜਾਈ
ਅੰਗਰੇਜ਼ਾਂ ਵਲੋਂ ਪੰਜਾਬ ‘ਤੇ ਕਬਜ਼ਾ ਕਰਨ ਮਗਰੋਂ ਚਤਰ ਸਿੰਘ ਤੇ ਸ਼ੇਰ ਸਿੰਘ ਅਟਾਰੀਵਾਲਾ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਦੀਆਂ ਤਿਆਰੀਆਂ ਦਾ ਮਾਹੌਲ ਤਕਰੀਬਨ ਦੋ ਮਹੀਨੇ ਚਲਦਾ ਰਿਹਾ। ਦੋਹਾਂ ਧਿਰਾਂ ‘ਚ ਪਹਿਲੀ ਲੜਾਈ ਰਾਮਨਗਰ ਦੀ ਲੜਾਈ 22 ਨਵੰਬਰ 1848 ਦੇ ਦਿਨ ਰਾਮਨਗਰ ‘ਚ ਹੋਈ ਸੀ ਜਿਸ ਵਿਚ ਦੋਹਾਂ ਧਿਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੰਗਰੇਜ਼ੀ ਫ਼ੌਜ ਦੀ ਕਮਾਂਡ ਜਨਰਲ ਗੱਫ਼ ਕੋਲ ਸੀ। ਭਾਵੇਂ ਇਹ ਲੜਾਈ ਬਿਨਾਂ ਕਿਸੇ ਫ਼ੈਸਲੇ ਦੇ ਖ਼ਤਮ ਹੋ ਗਈ ਪਰ ਇਸ ਲੜਾਈ ਵਿਚ ਦੋਹਾਂ ਧਿਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੰਗਰੇਜ਼ਾਂ ਦੇ ਸੈਂਕੜੇ ਫ਼ੌਜੀਆਂ ਤੋਂ ਇਲਾਵਾ ਉਨ੍ਹਾਂ ਦੇ ਬਰਗੇਡੀਅਰ ਜਨਰਲ ਕਿਊਰਟਨ ਅਤੇ ਲੈਫ਼ਟੀਨੈਂਟ ਕਰਨਲ ਹੈਵਲਾਕ ਵੀ ਮਾਰੇ ਗਏ। ਏਨਾ ਨੁਕਸਾਨ ਕਰਵਾਉਣ ਤੋਂ ਬਾਅਦ ਅੰਗਰੇਜ਼ ਕਈ ਹਫ਼ਤੇ ਸਹਿਮੇ ਰਹੇ ਅਤੇ ਅਗਲਾ ਪੈਂਤੜਾ ਸੋਚਦੇ, ਪਰ ਉਪਰਲੇ ਅਫ਼ਸਰਾਂ ਦਾ ਹੁਕਮ ਉਡੀਕਦੇ, ਰਹੇ।
ਸੱਤ ਹਫ਼ਤੇ ਦੀ ਚੁੱਪ ਮਗਰੋਂ ਬ੍ਰਿਟਿਸ਼ ਫ਼ੌਜਾਂ ਇਕ ਵਾਰ ਫੇਰ ਟੱਕਰ ਲੈਣ ਵਾਸਤੇ ਤਿਆਰ ਹੋ ਗਈਆਂ। ਅਗਲੀ ਲੜਾਈ 13 ਜਨਵਰੀ 1849 ਦੇ ਦਿਨ ਪਿੰਡ ਚੇਲਿਆਂਵਾਲਾ (ਅੰਗਰੇਜ਼ ਇਸ ਨੂੰ ਚਿਲਿਆਂਵਾਲਾ ਲਿਖਦੇ ਸਨ) ਦੀ ਜੂਹ ਵਿਚ ਹੋਈ।
ਸਿੱਖ ਫ਼ੌਜੀ ਇਸ ਲੜਾਈ ਵਿਚ ਜੀਅ-ਜਾਨ ਨਾਲ ਲੜੇ। ਉਨ੍ਹਾਂ ਦੇ ਦਿਲਾਂ ਵਿਚ ਪੰਜਾਬ ’ਤੇ ਅੰਗਰੇਜ਼ੀ ਕਬਜ਼ੇ ਦੇ ਖ਼ਿਲਾਫ਼ ਰੋਹ ਫੈਲ ਚੁਕਾ ਸੀ। ਉਹ ਅੰਗਰੇਜ਼ਾਂ ਨੂੰ ਤਾਰੇ ਦਿਖਾਉਣਾ ਚਾਹੁੰਦੇ ਸੀ। ਉਧਰ ਅੰਗਰੇਜ਼ ਫ਼ੌਜੀਆਂ ਨੂੰ ਮੁਦਕੀ ਅਤੇ ਫ਼ੀਰੋਜ਼ਸ਼ਾਹ ਦੀਆਂ ਲੜਾਈਆਂ ਦਾ ਭੁਲੇਖਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਲੜਾਈ ਵਿਚ ਲਾਲ ਸਿੰਹ ਮਿਸ਼ਰਾ, ਤੇਜਾ ਸਿੰਹ ਮਿਸ਼ਰਾ, ਕਨੱਈਆ ਲਾਲ, ਅਯੁਧਿਆ ਪ੍ਰਸਾਦ ਤੇ ਅਮਰ ਨਾਥ ਵਰਗੇ ਗ਼ਦਾਰ ਅਗਵਾਈ ਨਹੀਂ ਸਨ ਕਰ ਰਹੇ ਬਲਕਿ ਇਹ ਸ਼ੇਰਾਂ ਦੀ ਫ਼ੌਜ ਸੀ, ਜੋ ਜਜ਼ਬਾਤ ਦੀ ਛਾਂ ਹੇਠ ਜੂਝ ਰਹੀ ਸੀ।
ਇਸ ਲੜਾਈ ਵਿਚ ਬ੍ਰਿਟਿਸ਼ ਫ਼ੌਜ ਬੁਰੀ ਤਰ੍ਹਾਂ ਤਬਾਹ ਹੋ ਗਈ। ਇਸ ਲੜਾਈ ਵਿਚ ਅੰਗਰੇਜ਼ੀ ਫ਼ੌਜ ਦੇ 2512 ਜਵਾਨ (ਜਿਨ੍ਹਾਂ ਵਿਚੋਂ 1512 ਬੰਗਾਲੀ ਰਜਮੰਟਾਂ ਦੇ ਅਤੇ 1000 ਅੰਗਰੇਜ਼ ਸਨ ਸਣੇ 132 ਅੰਗਰੇਜ਼ ਅਫ਼ਸਰ) ਮਾਰੇ ਗਏ ਸਨ ਤੇ ਅੰਗਰੇਜ਼ਾਂ ਨੇ ਚਾਰ ਤੋਪਾਂ ਵੀ ਗੁਆ ਲਈਆਂ।
ਇਸ ਜੰਗ ਬਾਰੇ ਕਲਕੱਤਾ ਰੀਵੀਊ (1849) ਨੇ ਲਿਖਿਆ ਕਿ ਇਸ ਸਬ-ਕੰਟੀਨੈਂਟ (ਸਾਊਥ ਏਸ਼ੀਆ) ਵਿਚ ਬਰਤਾਨੀਆਂ ਦੀਆਂ ਲੜਾਈਆਂ ਵਿਚੋਂ ਚੇਲਿਆਂਵਾਲਾ ਸਭ ਤੋਂ ਵਧ ਤਬਾਹਕੁੰਨ ਸੀ। ਗਰਿਫ਼ਨ ਇਸ ਨੂੰ “ਅਫ਼ਗ਼ਾਨਿਸਤਾਨ ਵਿਚ ਬਰਤਾਨਵੀ ਫ਼ੌਜਾਂ ਦੇ ਕਤਲੇਆਮ ਵਾਂਗ ਖ਼ੌਫ਼ਨਾਕ” ਦਸਦਾ ਹੈ।
ਐਡਵਿਨ ਆਰਨਲਡ ਨੇ ਇਸ ਲੜਾਈ ਬਾਰੇ ਕਿਹਾ ਸੀ ਕਿ “ਜੇ ਸਿੱਖ ਅਜਿਹੀ ਇਕ ਹੋਰ ਲੜਾਈ ਜਿੱਤ ਜਾਂਦੇ ਤਾਂ ਬਰਤਾਨੀਆਂ ਦੀ ਹਕੂਮਤ ਨਾ ਸਿਰਫ਼ ਪੰਜਾਬ ਚੋਂ ਹੀ ਖ਼ਤਮ ਹੋ ਜਾਣੀ ਸੀ ਬਲਕਿ ਉਨ੍ਹਾਂ ਨੂੰ ਭਾਰਤ ਵਿਚੋਂ ਵੀ ਕੱਢ ਦਿੱਤਾ ਜਾਣਾ ਸੀ।”
ਜਰਨੈਲ ਥੈਕਵਿਲ ਲਿਖਦਾ ਹੈ ਕਿ “ਮੇਰਾ ਖ਼ਿਆਲ ਹੈ ਕਿ ਇਸ ਘੱਲੂਘਾਰੇ ਵਿਚੋਂ ਮੇਰਾ ਇਕ ਵੀ ਸਿਪਾਹੀ ਨਹੀਂ ਸੀ ਬਚਿਆ।… ਇਕ–ਇਕ ਸਿੱਖ ਸਾਡੇ ਤਿੰਨ–ਤਿੰਨ ਸਿਪਾਹੀਆਂ ਨੂੰ ਮਾਰਨ ਦੇ ਕਾਬਿਲ ਸੀ।…ਬਰਤਾਨਵੀ ਫ਼ੌਜ ਸਿੱਖ ਫ਼ੌਜੀਆਂ ਤੋਂ ਏਨੀ ਖ਼ੌਫ਼ਜ਼ਦਾ ਸੀ ਕਿ ਉਹ ਮੈਦਾਨ ਵਿੱਚੋਂ ਇੰਞ ਭੱਜ ਗਏ ਸਨ ਜਿਵੇਂ ਭੇਡਾਂ ਆਪਣੀ ਜਾਨ ਬਚਾਉਣ ਵਾਸਤੇ ਭਜਦੀਆਂ ਹਨ।”
ਇਸ ਲੜਾਈ ਨੇ ਅੰਗਰੇਜ਼ਾਂ ਵਿਚ ਏਨਾ ਖ਼ੌਫ਼ ਪੈਦਾ ਕੀਤਾ ਕਿ ਬਰਤਾਨਵੀ ਪਾਰਲੀਮੈਂਟ ਵਿਚ ਵੀ ਇਸ ਦਾ ਮਾਤਮ ਮਨਾਇਆ ਗਿਆ। ਇਸ ਮੌਕੇ ’ਤੇ, 80 ਸਾਲ ਦੇ, ਡਿਊਕ ਆਫ਼ ਵੈਲਿੰਗਡਨ (ਜਿਸ ਨੇ ਵਾਟਰਲੂ ਦੀ ਲੜਾਈ ਵਿਚ ਨੈਪੋਲੀਅਨ ਨੂੰ ਹਰਾਇਆ ਸੀ) ਨੇ ਪੰਜਾਬ ਜਾ ਕੇ ਸਿੱਖਾਂ ਦੇ ਖ਼ਿਲਾਫ਼ ਜੰਗ ਵਿਚ ਹਿੱਸਾ ਲੈਣ ਦੀ ਖ਼ਾਹਿਸ਼ ਦਾ ਇਜ਼ਹਾਰ ਕੀਤਾ।
ਚੇਲਿਆਂਵਾਲਾ ਦੀ ਜੰਗ ਦਾ ਇੰਗਲੈਂਡ ਵਿਚ ਏਨਾ ਰੰਜ ਤੇ ਮਾਤਮ ਹੋਇਆ ਕਿ ਜਾਰਜ ਮੈਰੇਡਿਥ ਵਰਗੇ ਮੰਨੇ–ਪਰਮੰਨੇ ਸ਼ਾਇਰ ਦੀ ਕਲਮ ਨੇ ਵੀ ਇਕ ਦਰਦ–ਭਰੀ ਮਾਤਮੀ ਨਜ਼ਮ ਲਿਖੀ:
ਚਿਲਿਆਂਵਾਲਾ! ਚਿਲਿਆਂ ਵਾਲਾ!!
ਇਕ ਹਨੇਰਾ ਉਦਾਸ ਪਿੰਡ
ਜਿਸ ਨੂੰ ਦੁਸ਼ਮਣ ਨੇ ਘੇਰਿਆ ਹੋਇਆ ਹੈ।
ਸਰਦ ਪਾਣੀਆਂ ਦੇ ਦੂਜੇ ਪਾਰ
ਉਹ ਪਿੱਛੇ ਹਟਣ ਨੂੰ ਤਿਆਰ ਹੈ,
ਤਦੋਂ ਕਤਲ ਤੇ ਘੱਲੂਘਾਰਾ
ਉਸ ਦੀ ਹਾਰ ਦੇ ਇਵਜ਼ ਵਿਚ ਮਿਲਣੇ ਸਨ।
ਚਿਲਿਆਂਵਾਲਾ! ਚਿਲਿਆਂ ਵਾਲਾ!!
ਝਾੜੀਆਂ ਵਾਲੇ ਜੰਗਲ ਨਾਲ ਘਿਰਿਆ ਮੈਦਾਨੇ ਜੰਗ
ਜਿਸ ਦੀ ਜ਼ਮੀਨ ’ਤੇ ਲਹੂ ਦੀ ਚਾਦਰ ਵਿਛੀ ਹੋਈ ਹੈ
ਇਹ ਮੌਤ ਦੇ ਪਰਵਾਨਿਆਂ ਦੀ ਫ਼ੌਜ
ਖ਼ੌਫ਼ਨਾਕ ਮੁਕਾਬਲਿਆਂ ਵਿਚ
(ਜਿੱਤ ਦੇ) ਭਰਮ ਦੀ ਗਰਜ ਨਾਲ ਦਬੀ ਹੋਈ ਜੂਝਦੀ ਹੈ।
ਚਿਲਿਆਂਵਾਲਾ! ਚਿਲਿਆਂ ਵਾਲਾ!!
ਇਕ ਮੀਂਹ ਭਰੀ ਰਾਤ ਵਿਚ ਮਾਰੇ ਜਾ ਚੁਕੇ ਫ਼ੌਜੀਆ
ਜ਼ਖ਼ਮੀਆਂ ਤੇ ਮਰ ਰਹਿਆਂ ਦੀ ਸਾਂਝੀ ਤਕਦੀਰ
ਤੇ ਜਦੋਂ ਉਨ੍ਹਾਂ ਦੇ ਸਾਥੀ ਬੇਸਹਾਰੇ ਅਸਮਾਨ ਦੀ ਛੱਤ ਹੇਠ
ਡਿੱਗੇ ਪਏ ਸਨ।
ਚਿਲਿਆਂਵਾਲਾ! ਚਿਲਿਆਂ ਵਾਲਾ!!
(ਮੈਰੇਡਿਥ ਦੀ ਨਜ਼ਮ ਦਾ ਪੰਜਾਬੀ ਵਿਚ ਇਹ ਤਰਜਮਾ ਲੇਖਕ ਦਾ ਆਪਣਾ ਹੈ)
ਇਸ ਲੜਾਈ ਵਿਚ ਹੋਈ ਹਾਰ ਬਦਲੇ ਜਨਰਲ ਗੱਫ਼ ਨੂੰ ਹਟਾ ਕੇ ਸਰ ਚਾਰਲਸ ਨੈਪੀਅਰ ਨੂੰ ਅੰਗਰੇਜ਼ੀ ਫ਼ੌਜਾਂ ਦਾ ਕਮਾਂਡਰ-ਇਨ-ਚੀਫ਼ ਬਣਾ ਦਿੱਤਾ ਗਿਆ।
(ਡਾ ਹਰਜਿੰਦਰ ਸਿੰਘ ਦਿਲਗੀਰ)
ਕਿਤਾਬ ‘ਸਿੱਖ ਤਵਾਰੀਖ਼‘ (ਜਿਲਦ ਦੂਜੀ) ਵਿਚੋਂ