ਅੰਮ੍ਰਿਤਸਰ ਸਰੋਵਰ, ਬੇਈਂ ਨਦੀ, ਤੀਰਥ ਤੇ ਅੰਮ੍ਰਿਤ
1564 ਵਿਚ ਭਾਈ ਜੇਠਾ (ਮਗਰੋਂ ਗੁਰੂ ਰਾਮਦਾਸ) ਜੀ ਨੇ ਸਿੱਖ ਨਗਰ ‘ਚੱਕ’ (ਮਗਰੋਂ ਗੁਰੂ ਦਾ ਚਕ, ਚੱਕ ਰਾਮਦਾਸ ਅਤੇ ਹੁਣ ਅੰਮ੍ਰਿਤਸਰ) ਵਸਾਉਣ ਵਾਸਤੇ ਜ਼ਮੀਨ ਖ਼ਰੀਦੀ। ਕਿਸੇ ਵੀ ਨਵੇਂ ਨਗਰ ਦੀ ਸਭ ਤੋਂ ਪਹਿਲੀ ਜ਼ਰੂਰਤ ਪਾਣੀ ਦੀ ਹੁੰਦੀ ਹੈ ਇਸ ਕਰ ਕੇ ਗੁਰੂ ਸਾਹਿਬ ਨੇ ਸੰਤੋਖਸਰ ਸਰੋਵਰ ਵਾਲੀ ਜਗਹ ‘ਤੇ ਤਲਾਅ ਪੁਟਾਉਣਾ ਸ਼ੁਰੂ ਕੀਤਾ। ਪਰ ਛੇਤੀ ਹੀ ਉਨ੍ਹਾਂ ਨੂੰ ਇਸ ਨਵੇਂ ਨਗਰ ਨੂੰ ਵਸਾਉਣ ਦੀ ਕਾਰਵਾਈ ਵਿੱਚੇ ਛੱਡ ਕੇ ਵਾਪਿਸ ਗੋਇੰਦਵਾਲ ਜਾਣਾ ਪਿਆ। ਪਰ ਉਹ 1574 ਵਿਚ ਪੱਕਾ ਇੱਥੇ ਹੀ ਰਹਿਣ ਲਗ ਪਏ। ਹੁਣ ਉਨ੍ਹਾਂ ਨੇ ਫਿਰ ਇਕ ਤਲਾਅ ਪੁਟਾਉਣਾ ਸ਼ੁਰੂ ਕੀਤਾ। ਪਰ ਉਨ੍ਹਾਂ ਨੇ ਸੰਤੋਖਸਰ ਨੂੰ ਵਿੱਚੇ ਛੱਡ ਕੇ ਉਸ ਦੀ ਜਗਹ ਅੰਮ੍ਰਿਤਸਰ ਤਲਾਅ ਪੁਟਾਉਣਾ ਸ਼ੁਰੂ ਕਰ ਦਿੱਤਾ। ਸੋ, ਪਹਿਲਾਂ ਅੰਮ੍ਰਿਤਸਰ ਤਿਆਰ ਹੋਇਆ ਤੇ ਫਿਰ 1578 ਵਿਚ ਸੰਤੋਖਸਰ ਸਰੋਵਰ ਵੀ ਤਿਆਰ ਕਰਵਾ ਲਿਆ ਗਿਆ। ਹੁਣ ਲੋਕਾਂ ਵਾਸਤੇ ਪਾਣੀ ਦਾ ਮਸਲਾ ਹੱਲ ਹੋ ਗਿਆ ਸੀ। ਮਗਰੋਂ ਸੰਗਤ ਹੋਰ ਵਧ ਜਾਣ ਕਾਰਨ ਗੁਰੂ ਜੀ ਨੇ ਰਾਮਸਰ ਵੀ ਤਿਆਰ ਕਰਵਾਇਆ। ਇਸ ਮਗਰੋਂ ਜੰਗਲ ਦੇਸ (ਹੁਣ ਮਾਲਵਾ) ਅਤੇ ਹਰੀਕੇ ਵੱਲੋਂ ਆਉਣ ਵਾਲੀ ਸੰਗਤ ਵਾਸਤੇ ਤਰਨਤਾਰਨ ਵਾਲਾ ਸਰੋਵਰ ਵੀ ਤਿਆਰ ਕਰਵਾ ਲਿਆ। ਹੁਣ ਲੋਕਾਂ ਨੂੰ ਨਹਾਉਣ ਜਾਂ ਕਪੜੇ ਧੋਣ ਵਾਸਤੇ ਪਾਣੀ ਦੀ ਮੁਸ਼ਕਿਲ ਨਹੀਂ ਰਹੀ ਸੀ। ਇਹ ਤਲਾਅ/ ਸਰੋਵਰ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਸਨ ਤੇ ਮੀਂਹ ਦੇ ਪਾਣੀ ਦੀ ਸੰਭਾਲਣ ਵਾਸਤੇ, ਨਾ ਕਿ ਇਨ੍ਹਾਂ ਦੀ ਕੋਈ ਧਾਰਮਿਕ ਅਹਮੀਅਤ ਸੀ; ਇਹ ਕੋਈ ਅਖੰੌਤੀ ‘ਅੰਮ੍ਰਿਤ’ ਵਾਸਤੇ ਨਹੀਂ ਸਨ।
ਮਗਰੋਂ ਬ੍ਰਾਹਮਣ, ਨਿਰਮਲਾ ਤੇ ਉਦਾਸੀ ਲਿਖਾਰੀਆਂ ਨੇ ਸਾਜ਼ਿਸ਼ ਹੇਠ ਇਨ੍ਹਾਂ ਪਾਣੀਆਂ ਨੂੰ ਪਵਿੱਤਰ ਤੇ ਅੰਮ੍ਰਿਤ ਕਹਿਣ ਦਾ ਦੰਭ ਕਰਨਾ ਸ਼ੁਰੂ ਕਰ ਦਿੱਤਾ। ਇਸ ਪਿੱਛੇ ਉਨ੍ਹਾਂ ਦੀ ਇਕ ਹੋਰ ਵੱਡੀ ਸਾਜ਼ਿਸ਼ ਇਹ ਵੀ ਸੀ ਕਿ ਇਸ ਨੂੰ ਹਿੰਦੂ ਅਸਥਾਨ ਗਰਦਾਨਿਆ ਜਾਵੇ। ਇਸ ਸਾਜ਼ਸ਼ ਹੇਠ ਉਨ੍ਹਾਂ ਨੇ ਇਹ ਕਹਾਣੀ ਘੜੀ ਗਈ ਕਿ ਇਹ ਉਸੇ ਛੱਪੜ ਵਾਲੀ ਜਗਹ ’ਤੇ ਬਣਾਇਆ ਗਿਆ ਜਿੱਥੋਂ ਕਾਂ ਡੁਬਕੀ ਲਾ ਕੇ ਹੰਸ ਬਣ ਜਾਂਦੇ ਸਨ। ਇਸ ਗੱਪ ਨੂੰ ਲੋਕਾਂ ਵਿਚ ਮਨਜ਼ੁਰ ਕਰਵਾਉਣ ਵਾਸਤੇ ਇਹ ਕਹਾਣੀ ਵੀ ਘੜ ਲਈ ਗਈ ਕਿ ਇੱਥੇ ਮਨੋਕਲਪਿਤ ਰਜਨੀ ਨਾਂ ਦੀ ਇਕ ਔਰਤ ਦੇ ਪਿੰਗਲੇ ਪਤੀ ਦਾ ਕੋਹੜ ਤੇ ਅਪਾਹਜ-ਪੁਣਾ (ਅਖੌਤੀ ਤੌਰ ’ਤੇ) ਦੂਰ ਹੋਇਆ ਸੀ। ਇਹ ਗੱਪ ਬ੍ਰਾਹਮਣ ਲੇਖਕ ਨੇ ਇਹ ਸੋਚ ਕੇ ਘੜੀ ਸੀ ਕਿ ਇਸ ਨੂੰ ਕਿਸੇ ‘ਪ੍ਰਾਚੀਨ’ ਹਿੰਦੂ ਮੰਦਰ ਜਾਂ ਮਿਥਹਾਸ ਨਾਲ ਜੋੜ ਕੇ ਇਸ ’ਤੇ ਹਿੰਦੂਆਂ ਦਾ ਹੱਕ ਬਣਾ ਦਿੱਤਾ ਜਾਵੇ ਅਤੇ ਇਕ ਬੇਰੀ ਨੂੰ ਦੁਖਭੰਜਨੀ ਬੇਰੀ ਦਾ ਦੇਣਾ ਅਤੇ ਹਰਦੁਆਰ ਦੀ ਤਰਜ਼ ’ਤੇ ਦਰਬਾਰ ਸਾਹਿਬ ਦੀਆਂ ਪੌੜੀਆਂ ਨੂੰ ‘ਹਰਿ ਕੀ ਪੌੜੀ’ ਨਾਂ ਦੇਣਾ ਵੀ ਇਸ ਸਰੋਵਰ ਨੂੰ ਹਿੰਦੂਆਂ ਦੀ ਬਣਾ ‘ਪ੍ਰਾਚੀਨ ਜਗਹ’ ਬਣਾ ਦੇਣ ਦੀ ਸਾਜ਼ਿਸ਼ ਦਾ ਹਿੱਸਾ ਸੀ। ਇੰਞ ਹੀ ਸੰਤੋਖਸਰ ਸਰੋਵਰ ਦੀ ਪੁਟਾਈ ਵੇਲੇ ਇੱਥੋਂ ਇਕ ‘ਜੋਗੀ’ ਨਿਲਿਆ ਜੋ ‘ਸਮਾਧੀ ਵਿਚ ਲੀਨ’ ਸੀ। ਇਹ ਗੱਪ ਵੀ ਬ੍ਰਾਹਮਣ ਲੇਖਕਾਂ ਨੇ ਇਹ ਸੋਚ ਕੇ ਘੜੀ ਸੀ ਕਿ ਸੰਤੋਖਸਰ ਨੂੰ ਵੀ ਕਿਸੇ ‘ਪ੍ਰਾਚੀਨ’ ਹਿੰਦੂ ਮੰਦਰ ਜਾਂ ਮਿਥਹਾਸ ਨਾਲ ਜੋੜ ਕੇ ਇਸ ’ਤੇ ਹਿੰਦੂਆਂ ਦਾ ਹੱਕ ਕਾਇਮ ਕਰ ਦਿੱਤਾ ਜਾਵੇ।
ਅੰਮ੍ਰਿਤ ਕੀ ਹੈ:
ਅੰਮ੍ਰਿਤ (ਅ+ਮ੍ਰਿਤ) ਦਾ ਲਫ਼ਜ਼ੀ ਮਾਅਨਾ ਹੈ: ਮੌਤ ਤੋਂ ਪਰੇ; ਯਾਨਿ ਅੰਮ੍ਰਿਤ ਉਸ ਨੂੰ ਕਹਿੰਦੇ ਹਨ ਜੋ ਇਨਸਾਨ ਨੂੰ ਮੌਤ ਤੋਂ ਮੁਕਤ ਕਰ ਦੇਂਦਾ ਹੈ। ਹਿੰਦੂ ਮਿਥਹਾਸ ਮੁਤਾਬਿਕ, ਦੇਵਤੇ ਅਤੇ ਰਾਖਸ਼ਾਂ ਨੇ ਇਕੱਠਿਆਂ ਹੋ ਕੇ ਸਮੁੰਦਰ ਰਿੜਕਣਾ ਸ਼ੁਰੂ ਕਰ ਦਿੱਤਾ ਅਤੇ ਅਖੌਤੀ ‘ਅੰਮ੍ਰਿਤ’ ਤਿਆਰ ਕੀਤਾ। ਜਦੋਂ ਇਹ ਅਖੌਤੀ ‘ਅੰਮ੍ਰਿਤ’ ਤਿਆਰ ਹੋ ਗਿਆ ਤਾਂ ਦੋਹਾਂ (ਰਾਖਸ਼ਾਂ ਅਤੇ ਦੇਵਤਿਆਂ) ਵਿਚ ਇਸ ਗੱਲ ਤੋਂ ਲੜਾਈ ਹੋ ਗਈ ਕਿਉਂ ਕਿ ਦੋਵੇਂ ਹੀ ਇਸ ਅਖੌਤੀ ਅੰਮ੍ਰਿਤ ਦੇ ਪੂਰੀ ਤਰ੍ਹਾਂ ਮਾਲਕ ਬਣਨਾ ਚਾਹੁੰਦੇ ਸਨ ਅਤੇ ਉਸ ਦੀ ਵਰਤੋਂ ਕਰਨਾ ਚਾਹੁੰਦੇ ਸਨ। ਇਸ ਕਰ ਕੇ ਦੋਹਾਂ ਵਿਚ ਬਹੁਤ ਜ਼ਿਆਦਾ ‘ਲੜਾਈ’ ਹੋਈ। ਲੜਾਈ ਦੇ ਦੌਰਾਨ ਸਾਰਾ ਅਖੌਤੀ ਅੰਮ੍ਰਿਤ ਡੁੱਲ ਗਿਆ ਅਤੇ ਕੋਈ ਵੀ ਹੁਣ ਅਖੌਤੀ ਅੰਮ੍ਰਿਤ ਪੀ ਕੇ ਅਮਰ ਨਹੀਂ ਹੋ ਸਕਦਾ ਸੀ। ਬ੍ਰਾਹਮਣ ਬਹੁਤ ਜ਼ਿਆਦਾ ਚਾਲਾਕ ਸਨ। ਹੁਣ ਉਨ੍ਹਾਂ ਨੇ ਅਮਰ ਹੋਣ ਦੀ ਵਾਸਤੇ ਆਤਮਾ ਦੀ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਜਾਣ ਦੀ ਮਿੱਥ ਬਣਾ ਲਈ। ਬ੍ਰਾਹਮਣਾਂ ਨੇ ਇਹ ਚਾਲਾਕੀ ਖੇਡੀ ਕਿ ਆਤਮਾ ਕਦੇ ਨਹੀਂ ਮਰਦੀ ਅਤੇ ਇਹ ਇਕ ਸਰੀਰ ਤੋਂ ਦੂਜੇ ਵਿਚ ਦਾਖ਼ਿਲ ਹੋ ਜਾਂਦੀ ਹੈ। ਇਸ ਲਈ, ਅਜੇ ਵੀ, ਹਰ ਕੋਈ ਅਮਰ ਹੋ ਸਕਦਾ ਹੈ। ਪਰ ਦੂਜੇ ਪਾਸੇ, ਇਸ ਦਾ ਇਕ ਇਹ ਮਤਲਬ ਵੀ ਨਿਕਲਦਾ ਹੈ ਕਿ ਆਤਮਾ ਪ੍ਰਮਾਤਮਾ ਦਾ ਹਿੱਸਾ ਨਹੀਂ ਹੈ ਅਤੇ ਇਹ ਕਦੇ ਵੀ ਆਪਣੇ ਮੂਲ (ਰੱਬ) ਨਾਲ ਨਹੀਂ ਮਿਲ ਸਕਦੀ (ਦੋਵੇਂ ਗੱਲਾਂ ਸਿੱਖ ਫ਼ਲਸਫ਼ੇ ਦੇ ਉਲਟ ਹਨ)।
ਅੰਮ੍ਰਿਤ ਦਾ ਮਤਲਬ, ਸਿੱਖ ਧਰਮ ਵਿਚ, ਹਿੰਦੂ ਸਿਧਾਂਤਾਂ ਤੋਂ ਵੱਖਰਾ ਹੈ। ਸਿੱਖ ਧਰਮ ਸਦਾ ਜਿਊਂਦੇ ਰਹਿਣ ਦੀ ਅਤੇ ਆਤਮਾ ਦੀ ਦੂਜੇ ਜਿਸਮ ਵਿਚ ਬਦਲੀ ਦੀ ਮਿੱਥ ਨੂੰ ਰੱਦ ਕਰਦਾ ਹੈ। ਸਿੱਖ ਧਰਮ ਮੁਤਾਬਿਕ ਇਨਸਾਨਾਂ ਦੀ ਜ਼ਿੰਦਗੀ ਦੀ ਮਿਆਦ ਵਾਹਿਗੁਰੂ ਵੱਲੋਂ ਨੀਅਤ ਹੁੰਦੀ ਹੈ। ਇਨਸਾਨੀ ਜਿਸਮ ਪੰਜ ਤੱਤਾਂ ਦਾ ਬਣਦਾ ਹੈ ਅਤੇ ਇਨਸਾਨ ਦੀ ਮੌਤ ਤੋਂ ਬਾਅਦ ਇਹ ਪੰਜੇ ਤੱਤ ਆਪਣੇ-ਆਪਣੇ ਮੂਲ ਵਿਚ ਸਮਾ ਜਾਂਦੇ ਹਨ। ਸਰੀਰ ਵਿਚਲੀ ਆਤਮਾ ਵੀ ਪ੍ਰਮਾਤਮਾ ਵਿਚ ਮਿਲ ਜਾਂਦੀ ਹੈ। ਸਿੱਖ ਫ਼ਲਸਫ਼ੇ ਵਿਚ ਪ੍ਰਮਾਤਮਾ ਦਾ ਨਾਂ ਜਪਣਾ ਹੀ ‘ਅੰਮ੍ਰਿਤ ਪੀਣਾ’ ਹੈ ਕਿਉਂਕਿ ਇਹ ਮਰਨ ਦੇ ਡਰ ਤੋਂ ਆਜ਼ਾਦ ਕਰਦਾ ਹੈ।
ਏਕੋ ਵੇਖਾ ਅਵਰੁ ਨ ਬੀਆ॥ ਗੁਰ ਪਰਸਾਦੀ ਅੰਮ੍ਰਿਤੁ ਪੀਆ॥
ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ॥
ਰਤਨੁ ਪਦਾਰਥੁ ਪਲਰਿ ਤਿਆਗੈ॥ (ਸਫ਼ਾ 113-114)
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥(ਸਫ਼ਾ 318)
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥(ਸਫ਼ਾ 598)
ਸਿੱਖ ਧਰਮ ਵਿਚ ਅੰਮ੍ਰਿਤ ਕੋਈ ਤਰਲ ਚੀਜ਼ ਜਾਂ ਦੁਆਈ ਨਹੀਂ ਹੈ ਕਿ ਜੋ ਮਨੁੱਖ ਨੂੰ ਸਦਾ ਲਈ ਰਹਿਣ ਵਾਲਾ ਬਣਾਉਂਦਾ ਹੈ। ਇਹ ਸਿਰਫ਼ ਰੱਬ (ਤੇ ਉਸ ਦੀ ਬਾਣੀ) ਹੀ ਹੈ ਜੋ ਅੰਮ੍ਰਿਤ ਹੈ। ਕੁਝ ਲੇਖਕਾਂ ਨੇ ਸਿੱਖ ਧਰਮ ਵਿਚ ਦਾਖਲੇ ਦੀ ਰਸਮ, ‘ਖੰਡੇ ਦੀ ਪਾਹੁਲ’, ਨੂੰ ਵੀ ‘ਅੰਮ੍ਰਿਤ’ ਕਿਹਾ ਹੈ। ਇਹ ਲਫ਼ਜ਼ ਸਹੀ ਨਹੀਂ ਹੈ। ਅਸਲ ਲਫ਼ਜ਼ ਖੰਡੇ ਦੀ ਪਾਹੁਲ ਹੀ ਹੈ ਜੋ ਪੰਜ ਪਿਆਰਿਆਂ ਵੱਲੋਂ ਦਿੱਤੀ ਜਾਂਦੀ ਹੈ।
ਸਿੱਖੀ ਵਿਚ ਗੁਰਬਾਣੀ ਨੂੰ ਅੰਮ੍ਰਿਤ ਬਾਣੀ ਵੀ ਕਿਹਾ ਜਾਂਦਾ ਹੈ। ਯਾਨਿ ਗੁਰਬਾਣੀ ਦਾ ਦੂਜਾ ਨਾਂ ‘ਅੰਮ੍ਰਿਤ’ ਵੀ ਹੈ। ਸਿੱਖਾਂ ਦੀ ਕੌਮੀ ਅਰਦਾਸ ਵਿਚ ‘ਅੰਮ੍ਰਿਤਸਰ ਦੇ ਇਸ਼ਨਾਨ’ ਦਾ ਮਾਅਨਾ ‘ਗੁਰਬਾਣੀ ਵਿਚ ਚੁੱਭੀ ਲਾਉਣਾ’, ਉਸ ਵਿਚ ਡੁੱਬ ਜਾਣਾ, ਯਾਨਿ ਉਸ ਨੂੰ ‘ਮਨ ਵਿਚ ਵਸਾਉਣਾ’ ਹੈ, ਨਾ ਕਿ ਅੰਮ੍ਰਿਤਸਰ ਸਰੋਵਰ ਹੈ।
ਤੀਰਥ–ਯਾਤਰਾ ਕੀ ਹੈ:
ਇਸ ਦਾ ਲਫ਼ਜ਼ੀ ਮਾਅਨਾ ਹੈ: ਕਿਸੇ ਇਕ ਧਰਮ ਦੇ ਅਖੌਤੀ ‘ਪਵਿੱਤਰ’ ਤੀਰਥਾਂ ‘ਤੇ ਪੂਜਾ ਕਰਨ ਵਾਸਤੇ ਜਾਣਾ। ਸਿੱਖ ਧਰਮ ਧਾਰਮਿਕ ਤੀਰਥਾਂ ਦੀ ਅਜਿਹੀ ਅਖੌਤੀ ਪਵਿੱਤਰਤਾ ਨੂੰ ਰੱਦ ਕਰਦਾ ਹੈ। ਸਿੱਖ ਫ਼ਲਸਫ਼ੇ ਮੁਤਾਬਿਕ ਜੇ ਕਰ ਕਿਸੇ ਥਾਂ ‘ਤੇ ਕਿਸੇ ਗੁਰੂ ਸਾਹਿਬ ਦਾ ਜਨਮ ਹੋਇਆ ਹੋਵੇ ਜਾਂ ਕਿਸੇ ਗੁਰੂ ਸਹਿਬ ਨੇ ਸ਼ਹੀਦੀ ਦਿੱਤੀ ਹੋਵੇ ਜਾਂ ਜ਼ਿੰਦਗੀ ਦੇ ਕੁਝ ਸਾਲ ਬਿਤਾਏ ਹੋਣ; ਤਾਂ ਅਜਿਹੀਆਂ ਥਾਂਵਾਂ ਦੀ ਤਵਾਰੀਖ਼ੀ (ਇਤਿਹਾਸਕ) ਅਹਿਮੀਅਤ ਜ਼ਰੂਰ ਹੈ ਪਰ ਉਹ ਅਖੌਤੀ ਪਵਿੱਤਰ ਥਾਂਵਾਂ ਜਾਂ ਤੀਰਥ ਨਹੀਂ ਹਨ। ਸਿਰਫ਼ ਰੱਬ ਦਾ ਨਾਂ ਹੀ ਤੀਰਥ ਹੈ ਤੇ ਉਸ ਨੂੰ ਮਨ ਵਿਚ ਵਸਾਉਣਾ ਹੀ ‘ਤੀਰਥ ਯਾਤਰਾ’ ਕਰਨਾ ਹੈ। ਕਿਸੇ ਜਗ੍ਹਾ ਨੂੰ ਪਵਿੱਤਰ ਸਮਝ ਕੇ ਤਰੀਥ ਯਾਤਰਾ ਕਰਨ ਦੀ ਸਿੱਖ ਧਰਮ ਵਿਚ ਮਨਾਹੀ ਹੈ। ਭਾਵੇਂ ਕਿ ਸਿੱਖ ਦਰਬਾਰ ਸਾਹਿਬ ਅੰਮ੍ਰਿਤਸਰ, ਅਨੰਦਪੁਰ, ਨੰਦੇੜ, ਪਟਨਾ ਜਾਂ ਹੋਰ ਤਵਾਰੀਖ਼ੀ ਗੁਰਦੁਆਰਿਆਂ ਵਿਚ ਜਾਂਦੇ ਹਨ, ਪਰ ਇਹ ਤੀਰਥ ਯਾਤਰਾ ਨਹੀਂ ਬਲਕਿ ਤਵਾਰੀਖ਼ੀ (ਇਤਿਹਾਸਕ) ਜਗਹ ‘ਤੇ ਜਾਣਾ ਅਤੇ ਉਸ ਨਾਲ ਸਬੰਧਤ ਤਵਾਰੀਖ਼ ਚੇਤੇ ਕਰਨਾ ਹੈ।
ਬ੍ਰਾਹਮਣ, ਨਿਰਮਲਾ ਤੇ ਉਦਾਸੀ ਲਿਖਾਰੀਆਂ ਨੇ ਇਹ ਪ੍ਰਚਾਰਿਆ ਸੀ ਕਿ ਗੁਰੂ ਅਮਰਦਾਸ ਸਾਹਿਬ ਨੇ ਸਿੱਖਾਂ ਤੋਂ ਹਰਦੁਆਰ (ਹਿੰਦੂਆਂ ਦਾ ਅਖੌਤੀ ਤੀਰਥ) ਦੀ ਯਾਤਰਾ ਨੂੰ ਛੁਡਾਉਣ ਲਈ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਕਾਇਮ ਕੀਤੀ ਸੀ, ਤੇ ਇੰਞ ਉਨ੍ਹਾਂ ਨੇ ਸਿੱਖਾਂ ਵਾਸਤੇ ਇਕ ਤੀਰਥ ਕਾਇਮ ਕਰ ਕੇ ਇਸ ਦੀ ਯਾਤਰਾ ਦੀ ਰਿਵਾਇਤ ਪਾਈ ਸੀ। ਇਹ ਗ਼ਲਤ ਪ੍ਰਚਾਰ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕਦੇ ਵੀ ਆਪਣੇ ਪਾਪ ਧੋਣ ਲਈ ਬਾਉਲੀ ਵਿਚ ਇਸ਼ਨਾਨ ਕਰਨ ਲਈ ਨਹੀਂ ਕਿਹਾ ਸੀ। ਉਨ੍ਹਾਂ ਨੇ ਸਿੱਖਾਂ ਨੂੰ ਬਾਉਲੀ ਨੂੰ ਪਵਿੱਤਰ ਸਮਝਣ ਲਈ ਵੀ ਨਹੀਂ ਕਿਹਾ ਸੀ। ਇਹ ਬਾਉਲੀ ਤਾਂ ਲੋਕਾਂ ਦੀ ਪਾਣੀ ਦੀ ਮੁਸ਼ਕਿਲ ਨੂੰ ਹੱਲ ਕਰਨ ਵਾਸਤੇ ਬਣਾਈ ਗਈ ਸੀ। ਸਿੱਖ ਧਰਮ ਇਹ ਨਹੀਂ ਮੰਨਦਾ ਕਿ ਕਿਸੇ ਖ਼ਾਸ ਸਰੋਵਰ ਵਿਚ, ਕਿਸੇ ਖ਼ਾਸ ਸਮੇਂ ਜਾਂ ਦਿਨਾਂ ਲਈ, ਧਾਰਮਿਕ ਰਸਮਾਂ ਕਰਨ ਨਾਲ ਜਾਂ ਪਾਠ ਕਰਨ ਨਾਲ ਜਾਂ ਇਸ਼ਨਾਨ ਕਰਨ ਨਾਲ ਪਾਪ ਧੋਤੇ ਜਾਂਦੇ ਹਨ। ਪਾਪ ਤਾਂ ਚੰਗੇ ਕੰਮ ਕਰਿਆਂ ਹੀ ਧੋਤੇ ਜਾ ਸਕਦੇ ਹਨ।
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ, ਜੇ ਸਉ ਤੀਰਥ ਨਾਇ ॥ ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥ (ਸਫ਼ਾ 39)
ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ॥ ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ॥ (ਸਫ਼ਾ 437)
ਅੰਤਰਿ ਮੈਲੁ ਜੇ ਤੀਰਥ ਨਾਵੈ, ਤਿਸੁ ਬੈਕੁੰਠ ਨ ਜਾਨਾਂ॥ ਲੋਕ ਪਤੀਣੇ ਕਛੂ ਨ ਹੋਵੈ, ਨਾਹੀ ਰਾਮੁ ਅਯਾਨਾ॥ ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ, ਗੁਰ ਕੀ ਸੇਵਾ॥ (ਸਫ਼ਾ 484)
ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ॥ ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ॥ ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ॥ ਕਦਿ ਪਾਵਉ ਸਾਧ ਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ॥ (ਸਫ਼ਾ 687)
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣ ਨਾਤਿਆ ਚੋਰ ਸਿ ਚੋਰਾ ਚੋਰ॥ (ਸਫ਼ਾ 789)
ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥ ਲੋਕ ਪਚਾਰੈ ਗਤਿ ਨਹੀ ਹੋਇ॥ ਨਾਮ ਬਿਹੂਣੇ ਚਲਸਹਿ ਰੋਇ॥ (ਸਫ਼ਾ 890)
ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ॥ ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ॥ ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ॥ (ਸਫ਼ਾ 1009)
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੁੋ ਖੋਜਿ ਲਹੈ॥ ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰੂ ਹੋਇ॥ (ਸਫ਼ਾ 1328)
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ (ਸਫ਼ਾ 687)
ਸੁਲਤਾਨਪੁਰ ਲੋਧੀ ਦੀ ਬੇਈਂ ਨਦੀ ਦਾ ਸੱਚੋ–ਸੱਚ
ਪਿਛਲੇ ਕੁਝ ਸਾਲਾਂ ਤੋਂ ਕੁਝ ਲੋਕਾਂ ਨੇ ਇਕ ਨਵਾਂ ਦੰਭ ਸ਼ੁਰੂ ਕੀਤਾ ਹੋਇਆ ਹੈ। ਇਸ ਚਾਲਾਕੀ ਹੇਠ ਇਕ ਨਿਰਮਲਾ ਸਾਧ ਬਲਬੀਰ ਸਿੰਘ ਸੀਚੇਵਾਲ ਨੇ ਸੁਲਤਾਨਪੁਰ ਵਿਚੋਂ ਲੰਘਦੀ ਹੋਈ ਬੇਈਂ ਨਦੀ ਨੂੰ ਪੱਿਤਰ ਕਰਾਰ ਦੇਣ ਦਾ ਚਰਚਾ ਸ਼ੁਰੂ ਕਰ ਦਿੱਤਾ। ਉਸ ਨੇ ਇਹ ਪਰਚਾਰ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਰਹਿੰਦਿਆਂ ਇੱਥੇ ਨਹਾਇਆ ਕਰਦੇ ਸੀ ਇਸ ਕਰ ਕੇ ਇਹ ‘ਪਵਿੱਤਰ’ ਨਦੀ ਹੈ। ਦਰਅਸਲ ਇਹ ਇਕ ਸਾਜ਼ਿਸ਼ ਸੀ ਜਿਸ ਦੇ ਪਿਛੋਕੜ ਵਿਚ ਉਸ ਨਿਰਮਲੇ ਸਾਧ ਨੇ ਆਪਣੇ ਡੇਰੇ ਦੀ ਮਸ਼ਹੂਰੀ ਵੀ ਕਰਨੀ ਸੀ ਅਤੇ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਡੇਰਾ ਦੀ ਈਮਾਰਤ ਵੀ ਬਣਾਉਣੀ, ਇਸ ਦਾ ਆਲਾ ਦੁਆਲਾ ਸੁਹਣਾ ਬਣਾਉਣਾ ਅਤੇ ਲੋਕਾਂ ਨੂੰ ਆਪਣੇ ਡੇਰੇ ਨਾਲ ਜੋੜਨਾ ਸੀ। ਉਸ ਦੀ ਇਸ ਚਾਲਾਕੀ ਨੂੰ ਕਮਾਲ ਦੀ ਕਾਮਯਾਬੀ ਮਿਲੀ। ਅੱਜ ਉਸ ਦੇ ਡੇਰੇ ਦੀ ਈਮਾਰਤ ਵੀ ੳਾਲੀਸ਼ਾਨ ਹੈ; ਉਸ ਨੂੰ ਜਾਣ ਵਾਲੇ ਰਸਤੇ ਵੀ ਕਮਾਲ ਹਨ। ਇਸ ਤੋਂ ਇਲਾਵਾ ਉਸ ਨੇ ਹਜ਼ਾਰਾਂ ਅਨਪੜ੍ਹ ਹੀ ਨਹੀਂ ਬਲਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਮੂਰਖ ਬਣਾ ਕੇ ਆਪਣੇ ਨਾਲ ਜੋੜ ਲੲੈ ਹਨ ਜਿਨ੍ਹਾਂ ਵਿਚ ਕੁਝ ਮਹਾਂਮੂਰਖ ਤਾਂ ਉਸ ਦੇ ਪੈਰ ਦੌਕੇ ਉਸ ਗੰਦੇ ੋਪਣੀ ਨੂੰ ਅਖੌਤੀ ‘ਅੰਮ੍ਰਿਤ’ ਸਮਝ ਕੇ ਪੀਂਦੇ ਹਨ।ਇਸ ਦੀ ਵੀਡੀਓ ਮੇਰੇ ‘ਯੂ ਟਿਊਬ’ ਅਕਾਊਂਟ ਵਿਚ ਵੀ ਮੌਜੂਦ ਹੈ। ਉਸ ਨੇ ਤਾਂ ‘ਵਾਤਾਵਰਣ’ ਦੀ ਸੰਭਾਲ ਦੇ ਡਰਾਮੇ ਹੇਠ ਭਾਰਤ ਦੇ ਪ੍ਰੇਜ਼ੀਡੈਂਟ ਅਤੇ ਦੁਨੀਆਂ ਦੇ ਕੁਝ ਆਗੂਆਂ ਨੂੰ ਮੂਰਖ ਬਣਾ ਕੇ ਐਵਾਰਡ ਵੀ ਹਾਸਿਲ ਕਰ ਲਏ ਹਨ। ਸੁਲਤਾਨਪੁਰ ਜਾ ਕੇਸਾਫ਼ ਪਤਾ ਲਗ ਜਾਂਦਾ ਹੈ ਕਿ ਅੱਜ ਬਾਕੀ ਨਗਰ ਪਹਿਲਾਂਵਾਙ ਹੀ ਗੰਦਾ ਹੈ, ਵੇਈਂ ਵਿਚ ਵੀ ਉਵੇਂ ਹੀ ਗੰਦ ਹੈ, ਉਥੇ ਮੁਗ਼ਲਾਂ ਦੇ ਵੇਲੇ ਦੇ ਦੋ ਪੁਰਾਣੇ ਪੁਲ ਤਬਾਹ ਕਰ ਦਿੱਤੇ ਗਏ ਹਨ, ਪਰ ਸੀਚੇਵਾਲ ਦਾ ਡੇਰਾ ਕਮਾਲ ਦਾ ਹੈ। ਲੋਕਾਂ ਨੂੰ ਮੂਰਖ ਬਣਾਉਣ ਦੀ ਇਹ ਇਕ ਕਾਮਲ ਦੀ ਮਿਸਾਲ ਹੈ।
ਇਹ ਕਹਿਣਾ ਦੰਭ ਹੈ ਕਿ ਕਿਉਂਕਿ ਗੁਰੂ ਨਾਨਕ ਸਾਹਿਬ ਉਥੇ ਪੌਣੇ ਤਿੰਨ ਸਾਲ (ਅਕਤੂਬਰ 1504 ਤੋਂ ਅਗਸਤ 1507 ਤਕ) ਨਹਾਉਂਦੇ ਰਹੇ ਸਨ, ਇਸ ਕਰ ਕੇ ਉਸ ਦਾ ਪਾਣੀ ਜਾਂ ਉਹ ਬੇਈਂ ਪਵਿੱਤਰ ਹੈ। ਸਿੱਖੀ ਇਸ ਅਖੌਤੀ ਪਵਿੱਤਰਤਾ ਅਤੇ ਤੀਰਥ ਕਾਇਮੀ ਨੂੰ ਰੱਦ ਕਰਦੀ ਹੈ। ਜੇ ਇਹੀ ਮੰਨਣਾ ਹੋਵੇ ਤਾਂ ਗੁਰੂ ਨਾਨਕ ਸਾਹਿਬ 17 ਸਾਲ (1522 ਤੋਂ 1539) ਤਕ ਕਰਤਾਰਪੁਰ ਰਹੇ ਸਨ ਤੇ ਰਾਵੀ ਨਦੀ ਦੇ ਪਾਣੀ ਨਾਲ ਨਹਾਉਂਦੇ ਰਹੇ ਸਨ; ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰ ਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਹੀ ਨਹੀਂ ਬਲਕਿ ਗੁਰੂ ਹਰਰਾਇ ਸਾਹਿਬ ਤੇ ਗੁਰੂ ਤੇਗ਼ ਬਹਾਦਰ ਸਾਹਿਬ ਵੀ ਬਿਆਸ ਦੇ ਪਾਣੀ ਨਾਲ ਨਹਾਉਂਦੇ ਰਹੇ ਸਨ; ਫਿਰ ਤਾਂ ਉਹ ਦਰਿਆ ਵੀ ਪਵਿੱਤਰ ਹਨ। ਸਤਲੁਜ ਵੀ ਪਵਿੱਤਰ ਹੈ ਜਿਸ ਦੇ ਪਾਣੀ ਨਾਲ ਛੇਵੇ ਗੁਰੂ ਤੋਂ ਦਸਵੇਂ ਗੁਰੂ ਤਕ ਸਾਰੇ ਉਥੇ ਨਹਾਉਂਦੇ ਰਹੇ ਸਨ। ਗੁਰੂ ਨਾਨਕ ਸਾਹਿਬ ਨੇ 1507 ਤੋਂ 1521 ਤਕ ਘਟੋ ਘਟ 50 ਵੱਡੇ ਦਰਿਆਵਾਂ ਤੇ ਸੈਂਕੜੇ ਨਦੀਆਂ ਵਿਚ ਇਸ਼ਨਾਨ ਕੀਤੇ ਸਨ; ਉਹ ਦਰਿਆ ਤੇ ਨਦੀਆਂ ਕਿਉਂ ਪਵਿੱਤਰ ਨਹੀਂ ਹਨ। ਨੌਵੇਂ ਤੇ ਦਸਵੇਂ ਗੁਰੂ ਪਟਨਾ ਵਿਚ ਰਹਿੰਦਿਆਂ ਗੰਗਾ ਤੋਂ ਨਹਾਉਂਦੇ ਰਹੇ ਸਨ; ਉਹ ਕਿਉਂ ਪਵਿੱਤਰ ਨਹੀਂ ਹਨ? ਸੂਝਵਾਨ ਸਿੱਖ ਬੇਈਂ ਦੇ ਪ੍ਰਾਜੈਕਟ ਦੇ ਦੰਭ ਨੂੰ ਛੇਤੀ ਸਮਝ ਗਏ ਸਨ ਪਰ ਬੇਸਮਝ ਕਾਫ਼ੀ ਦੇਰ ਤਕ ਸੀਚੇਵਾਲ ਦੇ ਪਿੱਛੇ ਲਗੇ ਰਹੇ। ਹੁਣ ਉਹ ਵੀ ਸਮਝ ਗਏ ਹਨ।
(ਡਾ: ਹਰਜਿੰਦਰ ਸਿੰਘ ਦਿਲਗੀਰ)