ਹਿਮਾਲਾ ਵਿਚ ਤਿਬਤ ਮੁਲਕ ਦੀ ਹੱਦ ਵਿਚ ਇਕ ਪਹਾੜ। ‘ਸੁਮੇਰ’ ਨੂੰ ਕੈਲਾਸ਼ ਪਹਾੜ ਵੀ ਆਖਦੇ ਹਨ। ਸੁਮੇਰੁ/ ਕੈਲਾਸ਼ ਪਹਾੜ ਵਿਚ ਦੋ ਬਹੁਤ ਵੱਡੀਆਂ ਝੀਲਾਂ ਮਾਨਸਰੋਵਰ (88 ਵਰਗ ਮੀਲ ਰਕਬਾ) ਤੇ ਰਕਸ਼ਸਤਲ (320 ਵਰਗ ਕਿਲੋਮੀਟਰ ਰਕਬਾ) ਹਨ; ਦੋਹਾਂ ਝੀਲ਼ਾਂ ਵਿਚ 3.7 ਕਿਲੋਮੀਟਰ ਦਾ ਫ਼ਾਸਲਾ ਹੈ।
ਗੁਰੂੁ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਸੁਮੇਰ ਪਰਬਤ ’ਤੇ ਗਏ ਸਨ। ਉਨ੍ਹਾਂ ਦੇ ਸੁਮੇਰ ਜਾਣ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 28ਵੀਂ ਪਉੜੀ ਵਿਚ ਕੀਤਾ ਹੈ। ਏਥੇ ਗੁਰੂ ਸਾਹਿਬ ਨੇ ਸਿਧ ਜੋਗੀਆਂ ਨੂੰ ਸਿਖਿਆ ਦਿਤੀ ਸੀ। ਮਾਨਸਰੋਵਰ ਝੀਲ ਦੇ ਕੰਢੇ ’ਤੇ ਤਿਬਤੀਆਂ ਦੇ ਕੁਝ ਮੰਦਰ ਹਨ।
ਮਾਨਸਰੋਵਰ ਝੀਲ ਤੇ ਕੈਲਾਸ਼ ਪਹਾੜ, ਤਿਬਤ, ਚੀਨ, ਦੇ ਸ਼ਹਿਰ ਲ੍ਹਾਸਾ ਤੋਂ 940 ਕਿਲੋਮੀਟਰ ਦੂਰ ਹੈ। ਸੁਮੇਰੁ/ ਕੈਲਾਸ਼ ਜਾਣ ਵਾਸਤੇ ਚੀਨ ਤੋਂ ਪਰਮਿਟ ਲੈਣੇ ਪੈਂਦੇ ਹਨ ਤੇ ਇਸ ਜਗਹ ਤਕ ਸਫ਼ਰ ਨੂੰ ਘਟ ਤੋਂ ਘਟ 6 ਦਿਨ ਲਗਦੇ ਹਨ। ਭਾਰਤ ਤੋਂ ਬਹੁਤ ਥੋੜ੍ਹੀ ਜਹੀ ਗਿਣਤੀ ਦੇ ਯਾਤਰੀਆਂ ਨੂੰ, ਲਾਟਰੀ ਸਿਸਟਮ ਵਿਚ, ਮਾਨਸਰੋਵਰ ਜਾਣ ਦੀ ਇਜਾਜ਼ਤ ਮਿਲਦੀ ਹੈ ਤੇ ਉਹ ਉਤਰਕਾਸ਼ੀ ਤੋਂ ਦਾਖ਼ਿਲ ਹੋ ਸਕਦੇ ਹਨ (ਗੁਰੂ ਨਾਨਕ ਸਾਹਿਬ ਇਸੇ ਰਸਤੇ ਤੋਂ ਗਏ ਸਨ)। ਇਕ ਰਸਤਾ ਕਠਮੰਡੂ ਅਤੇ ਲ੍ਹਾਸਾ (ਤਿਬਤ) ਵੱਲੋਂ, ਬਰਾਸਤਾ ਡਾਰਚਨ, ਵੀ ਜਾਂਦਾ ਹੈ।
ਡਾਰਚਨ ਤੋਂ ਕੈਲਾਸ਼ ਪਹਾੜ ਸਾਫ਼ ਨਜ਼ਰ ਆਉਂਦਾ ਹੈ; ਇਸ ਤੋਂ ਅੱਗੇ ਦਾ ਰਸਤਾ ਪੈਦਲ ਤੈਅ ਕਰਨਾ ਪੈਂਦਾ ਹੈ। ਸੁਮੇਰੁ ਪਹਾੜ ਦੇ ਨੇੜੇ ਸਿੰਧ, ਸਤਲੁਜ, ਬ੍ਰਹਮਪੁੱਤਰ ਅਤੇ ਘਗਰ ਦਰਿਆਵਾਂ ਦਾ ਸੋਮਾ ਵੀ ਹੈ। ਕਿਸੇ ਜ਼ਮਾਨੇ ਵਿਚ ਇਹ ਬੋਧੀਆਂ, ਜੈਨੀਆਂ ਅਤੇ ਸਿੱਧ ਯੋਗੀਆਂ ਦਾ ਸੈਂਟਰ ਰਿਹਾ ਸੀ। ਇਕ ਰਿਵਾਇਤ ਮੁਤਾਬਿਕ ਇਸ ਦੀਆਂ ਪੰਜ ਚੋਟੀਆਂ ਹਨ (ਰੁਦ੍ਰ ਹਿਮਾਲਾ, ਵਿਸ਼ਨੂਪੁਰੀ, ਬ੍ਰਹਮ ਪੁਰੀ, ਉਦਗਾਰੀਕੰਠ ਤੇ ਸਵਰਗਆਰੋਹਣ)। ਮਿਥਹਾਸ ਵਿਚ ਸੁਮੇਰੁ ਦੀ ਬੁਲੰਦੀ (ਉਚਾਈ) ਚੌਰਾਸੀ ਹਜ਼ਾਰ ਯੋਜਨ ਲਿਖੀ ਹੋਈ ਹੈ ਤੇ ਇਸ ਤੋਂ ਇਲਾਵਾ ਇਹ ਸੋਲ੍ਹਾਂ ਹਜ਼ਾਰ ਯੋਜਨ ਜ਼ਮੀਨ ਵਿਚ ਵੀ ਗੱਡਿਆ ਹੋਇਆ ਹੈ। ਇਸ ਦੀ ਚੋਟੀ ’ਤੇ ਇਕ ਮੈਦਾਨ ਹੈ ਜਿਸ ਦਾ ਰਕਬਾ ਬੱਤੀ ਹਜ਼ਾਰ ਯੋਜਨ ਹੈ। ਜਦ ਸੂਰਜ ਦੀਆਂ ਕਿਰਨਾਂ ਸੁਮੇਰੁ ਪਹਾੜ ’ਤੇ ਪੈਂਦੀਆਂ ਹਨ ਤਾਂ ਇਹ ਸੋਨੇ ਵਾਂਙ ਚਮਕਦਾ ਹੈ; ਇਸ ਕਰ ਕੇ ਇਸ ਨੂੰ ਸੋਨ ਪਰਬਤ, ਸੋਨੇ ਦਾ ਪਹਾੜ ਵੀ ਕਹਿੰਦੇ ਹਨ.
ਗੁਰੂ ਗ੍ਰੰਥ ਸਹਿਬ ਵਿਚ ਸੁਮੇਰ (ਸੁ=ਸ਼੍ਰੇਸ਼ਟ+ ਮੇਰੁ=ਪਹਾੜ) ਦਾ ਜ਼ਿਕਰ ਇਕ ਉੱਚੇ ਪਹਾੜ ਵਜੋਂ ਆਇਆ ਹੈ: ਦਾਝਿ ਗਏ ਤ੍ਰਿਣ ਪਾਪ ਸੁਮੇਰ (899), ਮੇਰ ਸੁਮੇਰ ਮੋਰੁ ਬਹੁ ਨਾਚੈ, ਜਬ ਉਨਵੈ ਘਨ ਘਨਹਾਰੇ (983)। ਕਿਉਂਕਿ ਸੁਮੇਰ ਨੂੰ ‘ਸੋਨ ਪਰਬਤ’ ਵੀ ਕਿਹਾ ਜਾਂਦਾ ਹੈ, ਇਸ ਕਰ ਕੇ ਇਸ ਨੂੰ ‘ਸੁਇਨੇ ਦਾ ਪਰਬਤ’ ਵੀ ਲਿਖਿਆ ਹੈ: ਸੁਇਨੇ ਕੈ ਪਰਬਤਿ ਗੁਫਾ ਕਰੀ, ਕੈ ਪਾਣੀ ਪਇ ਆਲਿ (139), ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ (276).
(ਡਾ. ਹਰਜਿੰਦਰ ਸਿੰਘ ਦਿਲਗੀਰ)