ਹਿਮਾਲਾ ਦੇ ਪੂਰਬ ਵੱਲ ਇਕ ਨਿੱਕਾ ਜਿਹਾ ਮੁਲਕ ਜੋ ਹੁਣ ਭਾਰਤ ਦਾ ਇਕ ਸੂਬਾ ਹੈ। ਇਸ ਦੇ ਇਕ ਪਾਸੇ ਚੀਨ ਤੇ ਦੂਜੇ ਪਾਸੇ ਭੂਟਾਨ ਦੀ ਸਰਹਦ ਹੈ। ਇਸ ਮੁਲਕ ਦੀ ਨੀਂਹ 17ਵੀਂ ਸਦੀ ਵਿਚ ਨਮਗਿਆਲ ਖ਼ਾਨਦਾਨ ਨੇ ਰੱਖੀ ਸੀ। ਬੋਧੀ ਭਿਕਸ਼ੂ-ਰਾਜਾ ਚੋਗਿਆਲ ਇਸ ’ਤੇ ਰਾਜ ਕਰਦਾ ਸੀ। 1890 ਵਿਚ ਇਹ ਬਰਤਾਨਵੀ ਭਾਰਤ ਦਾ ਹਿੱਸਾ ਬਣ ਗਈ ਸੀ। 1947 ਵਿਚ ਜਦ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕਰ ਦਿੱਤਾ ਤਾਂ ਸਿਕਮ ਵੀ ਆਜ਼ਾਦ ਹੋ ਗਿਆ। ਉਦੋਂ ਏਥੇ ਹੋਈ ਇਕ ਰਾਏਸ਼ੁਮਾਰੀ ਨੇ ਇਸ ਦੇ ਭਾਰਤ ਵਿਚ ਸ਼ਾਮਿਲ ਹੋਣ ਦਾ ਵਿਰੋਧ ਕੀਤਾ। 1951 ਵਿਚ ਜਦ ਚੀਨ ਨੇ ਤਿੱਬਤ ’ਤੇ ਕਬਜ਼ਾ ਕਰ ਲਿਆ ਤਾਂ ਇਸ ਨੇ ਭਾਰਤ ਤੋਂ ਸੁਰੱਖਿਆ ਮੰਗ ਲਈ। 1975 ਦੇ ਸ਼ੁਰੂ ਵਿਚ, ਸਿਕਮ ਦੇ ਰਾਜੇ ਚੋਗਿਆਲ ਦੇ ਖ਼ਿਲਾਫ਼ ਹੋਈ ਬਗ਼ਾਵਤ ਮਗਰੋਂ, ਰਾਜੇ ਦੇ ਕਹਿਣ ’ਤੇ, ਭਾਰਤੀ ਫ਼ੌਜ ਨੇ ਗੰਗਟੋਕ ’ਤੇ ਕੰਟਰੋਲ ਕਾਇਮ ਕਰ ਲਿਆ। ਇਕ (97.5% ਵੋਟਾਂ ਦੀ ਹਿਮਾਇਤ ਦੀ) ਰਾਏਸ਼ੁਮਾਰੀ ਮਗਰੋਂ 16 ਮਈ 1975 ਤੋਂ ਇਹ ਭਾਰਤ ਦਾ ਹਿੱਸਾ ਬਣ ਗਿਆ। ਇਸ ਦਾ ਰਕਬਾ 7096 ਮੁਰੱਬਾ ਕਿਲੋਮੀਟਰ ਅਤੇ ਆਬਾਦੀ (2018 ਵਿਚ) 6 ਲੱਖ 45 ਹਜ਼ਾਰ ਦੇ ਕਰੀਬ ਹੈ। ਇੱਥੋਂ ਦੀ ਰਾਜਧਾਨੀ ਗੰਗਟੋਕ ਹੈ। ਇੱਥੋਂ ਦੇ ਲੋਕਾਂ ਵਿਚੋਂ ਬਹੁਤੇ ਨੈਪਾਲੀ ਮੂਲ ਦੇ ਹਨ; ਹਾਲਾਂ ਕਿ ਇੱਥੋਂ ਦੇ ਮੂਲ ਲੋਕ ਸਿੱਕਮੀ (ਭੂਟੀਆ) ਹਨ, ਜੋ 14ਵੀਂ ਸਦੀ ਵਿਚ ਤਿਬਤ ਤੋਂ ਆਏ ਸਨ। ਇੱਥੋਂ ਦੀਆਂ ਦਫ਼ਤਰੀ ਬੋਲੀਆਂ ਨੈਪਾਲੀ ਤੇ ਅੰਗਰੇਜ਼ੀ ਹਨ, ਪਰ ਭੂਟੀਆ (ਸਿੱਕਮੀ) ਤੇ ਲੇਪਚਾ ਦੀ ਵਰਤੋ ਵੀ ਬਹੁਤ ਹੁੰਦੀ ਹੈ। ਇਸ ਤੋਂ ਇਲਾਵਾ ਲਿੰਬੂ, ਸ਼ੇਰਪਾ, ਤਮੰਗ ਤੇ ਹਿੰਦੀ ਵੀ ਬੋਲੀਆਂ ਜਾਂਦੀਆਂ ਹਨ। ਇਲਾਇਚੀ ਪੈਦਾ ਕਰਨ ਵਿਚ ਦੁਨੀਆਂ ਵਿਚ ਇਸ ਦਾ ਦੂਜਾ ਨੰਬਰ ਹੈ (ਪਹਿਲਾ ਨੰਬਰ ਗੁਆਟੇਮਾਲਾ ਦਾ ਹੈ)। ਲੋਕਾਂ ਦੇ ਮੁਖ ਧਰਮ ਹਿੰਦੂ, ਬੁੱਧ ਤੇ ਈਸਾਈ ਧਰਮ ਹਨ। ਪੰਜਾਬ ਤੇ ਹਰਿਆਣਾ ਤੋਂ ਮਗਰੋਂ ਸ਼ਰਾਬ ਦੀ ਵਰਤੋਂ ਵਿਚ ਇਹ ਸੂਬਾ ਸਭ ਤੋਂ ਅੱਗੇ ਹੈ। ਸਿਕਮ ਵਿਚ ਗੁਰੂ ਨਾਨਕ ਸਾਹਿਬ ਵੀ ਗਏ ਸਨ।ਗੁਰੂ ਜੀ ਅਪ੍ਰੈਲ-ਮਈ 1509 ਵਿਚ ਕਠਮੰਡੂ ਗਏ ਸਨ ਤੇ ਇੱਥੋਂ ਆਪ ਸਿਕਮ ਗਏ ਸਨ। ਸਿਕਮ ਵਿਚ ਆਪ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ: ਗੁਰਦੁਆਰਾ ਨਾਨਕਲਾਮਾ ਸਾਹਿਬ ਚੁੰਗਥੰਗ ਪਿੰਡ ਵਿਚ (ਸਮੁੰਦਰ ਤੋਂ 5870 ਫੁੱਟ ਦੀ ਉਚਾਈ ’ਤੇ) ਅਤੇ ਗੁਰਦੁਆਰਾ ਡੋਂਗਮਾਰ ਸਾਹਿਬ (ਇਸ ਨੂੰ ਗੁਰਦੁਆਰਾ ਰਿਮਪੋਚੇ ਗੁਰੂ ਨਾਨਕ ਲਾਮਾ ਵੀ ਕਹਿੰਦੇ ਹਨ), ਡੋਂਗਮਾਰ ਝੀਲ ਕੋਲ (ਸਮੁੰਦਰ ਤੋਂ 17800 ਫੁੱਟ ਦੀ ਉਚਾਈ ’ਤੇ)। (ਗੁਰਦੁਆਰਾ ਡੋਂਗਮਾਰ ਦੀ ਮੌਜੂਦਾ ਇਮਾਰਤ 1997 ਵਿਚ ਬਣੀ ਸੀ ਅਤੇ 2001 ਤੋਂ ਇਸ ਦੀ ਸੇਵਾ ਸੰਭਾਲ ਸਿੱਖ ਫ਼ੌਜੀ ਕਰਿਆ ਕਰਦੇ ਸੀ। ਸਿੱਕਮ ਸਰਕਾਰ ਨੇ 16 ਅਗਸਤ 2017 ਦੇ ਦਿਨ ਇਸ ਗੁਰਦੁਆਰੇ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਤੇ ਇਸ ਨੂੰ ਬੋਧੀ ਮੰਦਰ ਬਣਾ ਦਿੱਤਾ ਅਤੇ ਗੁਰਦੁਆਰੇ ਦਾ ਸਾਰਾ ਸਾਮਾਨ ਲਿਜਾ ਕੇ ਇਕ ਹੋਰ ਗੁਰਦੁਆਰੇ ਦੇ ਬਾਹਰ ਰੱਖ ਦਿੱਤਾ। ਇਸ ਕੇਸ ਸਬੰਧੀ ਸੁਪਰੀਮ ਕੋਰਟ ਨੇ 30 ਅਗਸਤ ਨੂੰ ਸਟੇਅ ਦੇ ਦਿੱਤਾ ਸੀ). (ਕਠਮੰਡੂ ਤੋਂ ਚੁੰਗਥੰਗ ਸਿੱਧਾ 731 ਕਿਲੋਮੀਟਰ ਹੈ; ਚੁੰਗਥੰਗ ਜਾਣ ਵਾਸਤੇ ਕਠਮੰਡੂ ਤੋਂ ਸਿਲੀਗੁੜੀ 580 ਤੇ ਸਿਲੀਗੁੜੀ ਤੋਂ ਚੁੰਗਥੰਗ 165 ਕਿਲੋਮੀਟਰ ਦਾ ਸਫ਼ਰ ਹੈ; ਅਤੇ ਸਿਕਮ ਦੀ ਰਾਜਧਾਨੀ ਗੰਗਟੋਕ ਤੋਂ ਇਹ ਸਿਰਫ਼ 95 ਕਿਲੋਮੀਟਰ ਹੈ; ਡੋਂਗਮਾਰ ਝੀਲ ਗੰਗਟੋਕ ਤੋਂ 190 ਕਿਲੋਮੀਟਰ ਦੂਰ ਹੈ).
ਗੁਰਦੁਆਰਾ ਚੁੰਗਥੰਗ
ਗੁਰਦੁਆਰਾ ਡੋਂਗਮਾਰ ਦਾ ਸਾਮਾਨ ਇਕ ਲੋਕਲ ਗੁਰਦੁਆਰੇ ਅੱਗੇ ਰੱਖਿਆ ਪਿਆ
(ਡਾ. ਹਰਜਿੰਦਰ ਸਿੰਘ ਦਿਲਗੀਰ)