ਸੀਤਲ ਕੁੰਡ ਗੁਰਦੁਆਰਾ
ਬਿਹਾਰ ਦੇ ਨਗਰ ਰਾਜਗੀਰ (ਪਟਨਾ ਤੋਂ 93 ਕਿਲੋਮੀਟਰ ਦੂਰ) ਵਿਚ ਇਕ ਗੁਰਦੁਆਰੇ ਦਾ ਨਾਂ। ਆਪਣੀ ਪਹਲੀ ਉਦਾਸੀ ਦੌਰਾਨ, 1509 ਦੀਆਂ ਗਰਮੀਆਂ ਵਿਚ, ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਹਾਜੀਪੁਰ- ਪਟਨਾ ਤੋਂ ਚਲ ਕੇ, ਪਰਾਚੀਨ ਨਗਰਾਂ ਰਾਜ ਗ੍ਰਿਹ (ਹੁਣ ਇਸ ਨੂੰ ਰਾਜ ਗੀਰ ਕਹਿੰਦੇ ਹਨ) ਅਤੇ ਮੁੰਗੇਰ ਵੀ ਗਏ ਸਨ। ਰਾਜਗੀਰ ਮਗਧ/ਮੌਰੀਆ ਰਾਜ ਦੀ ਪਹਿਲੀ ਰਾਜਧਾਨੀ ਸੀ (ਮਗਰੋਂ ਅਜਾਤ ਛਤਰੂ ਨੇ ਪਾਟਲੀਪੁਤਰ/ਪਟਨਾ ਨੂੰ ਰਾਜਧਾਨੀ ਬਣਾ ਲਿਆ ਸੀ)। ਏਥੇ ਰਾਜਿਆਂ ਦੇ ਮਹਿਲ ਹੋਣ ਕਰ ਕੇ ਇਸ ਦਾ ਨਾਂ ਰਾਜ ਗ੍ਰਹਿ ਬਣ ਗਿਆ ਸੀ। ਹੁਣ ਇਹ ਇਕ ਨਿੱਕਾ ਜਿਹਾ ਕਸਬਾ ਹੈ ਪਰ ਇਥੇ ਬਹੁਤ ਸਾਰੀਆਂ ਪ੍ਰਾਚੀਨ ਇਮਾਰਤਾਂ ਮੌਜੂਦ ਹਨ।ਰਾਜਗੀਰ ਵਿਚ ਬਿੰਬਸਾਰ ਰਾਜੇ ਦਾ ਕਿਲ੍ਹਾ, ਅਜਾਤ ਛਤਰੂ ਰਾਜੇ ਦੀ ਜੇਲ੍ਹ (ਜਿਸ ਵਿਚ ਉਸ ਨੇ ਆਪਣੇ ਪਿਤਾ ਬਿੰਬਸਾਰ ਨੂੰ ਕੈਦ ਰੱਖਿਆ ਸੀ) ਤੇ ਬੋਧੀਆਂ ਦਾ ਪ੍ਰਾਚੀਨ ਮੱਠ, ਪਿਪਲੀ ਕਾਵਾ, ਗਿਰਝਾਂ ਦੀ ਚੋਟੀ (ਵਲਚਰਜ਼ ਪੀਕ) ਵਗ਼ੈਰਾ ਵੇਖਣ ਵਾਲੀਆਂ ਥਾਵਾਂ ਹਨ। ਰਾਜਗੀਰ ਵਿਚ ਹਿੰਦੂਆਂ ਦਾ ‘ਤਪੋਬਨ ਤੀਰਥ’ ਹੈ ਜਿੱਥੇ ਇਕ ਗਰਮ ਪਾਣੀ ਦਾ ਚਸ਼ਮਾ ‘ਬ੍ਰਹਮ ਕੁੰਡ’ ਵੀ ਹੈ ਜਿਸ ਵਿਚ ਅਜ-ਕਲ੍ਹ ਮੁਸਲਮਾਨਾਂ ਅਤੇ ਈਸਾਈਆਂ ਦੇ ਜਾਣ ਦੀ ਮਨਾਹੀ ਕੀਤੀ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਇਸ ਕੁੰਡ ਦੇ ਨੇੜੇ ਬੈਠ ਕੇ ਲੋਕਾਂ ਨੂੰ ਸੱਚ ਧਰਮ ਦਾ ਰਸਤਾ ਦੱਸਿਆ ਸੀ। ਰਾਜਗੀਰ ਵਿਚ ਸਿੱਖਾਂ ਨਾਲ ਸਬੰਧਤ ਦੋ ਜਗਹ ਹਨ: ਇਕ ਬ੍ਰਹਮ ਕੁੰਡ ਦੇ ਨੇੜੇ ਸੀਤਲ ਕੁੰਡ ਗੁਰਦੁਆਰਾ ਜੋ ਨਿਰਮਲਿਆਂ ਦੇ ਕਬਜ਼ੇ ਵਿਚ ਹੈ ਅਤੇ ਇਸ ਤੋਂ ਦੋ ਕੂ ਸੌ ਮੀਟਰ ਦੂਰ ਇਕ ਲੋਕਲ ਗੁਰਦੁਆਰਾ ਵੀ ਬਣਿਆ ਹੋਇਆ ਹੈ ਜੋ ਇਕ ਰੀਟਾਈਰਡ ਫ਼ੌਜੀ ਨੇ ਇਕੱਲੇ ਨੇ ਬਣਾਇਆ ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)