ਪੰਜਾਬ ਵਿਚ ਇਸ ਨਾਂ ਦੇ ਦੋ ਗੁਰਦੁਆਰੇ ਹਨ:
1. ਕਰਤਾਰਪੁਰ (ਜਲੰਧਰ) ਦਾ ਸ਼ੀਸ਼ ਮਹਲ ਗੁਰਦੁਆਰਾ: ਇਹ ਗੁਰੂ ਅਰਜਨ ਸਾਹਿਬ ਦਾ ਘਰ ਸੀ। ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਸਾਹਿਬ ਵੀ ਕੁਝ ਸਮਾਂ ਇਥੇ ਰਹਿੰਦੇ ਰਹੇ ਸਨ। 1635 ਤੋਂ ਮਗਰੋਂ ਇਸ ਜਗਹ ਦਾ ਕਬਜ਼ਾ ਧੀਰਮੱਲ ਦੇ ਵਾਰਿਸਾਂ ਕੋਲ ਸੀ। ਵਡਭਾਗ ਸਿੰਘ ਦੀ ਮੌਤ ਮਗਰੋਂ ਇਸ ਖ਼ਾਨਦਾਨ ਦਾ ਕੋਈ ਵਾਰਿਸ ਨਹੀਂ ਰਿਹਾ; ਪਰ ਇਸ ’ਤੇ ਕਾਬਜ਼ ਇਕ ਸੋਢੀ ਪਰਵਾਰ ਆਪਣੇ ਆਪ ਨੂੰ ਇਸ ਪਰਵਾਰ ਵੱਲੋਂ ਮੁਤਬੰਨਾ ਬਣਾਏ ਜਾਣ ਦਾ ਦਾਅਵਾ ਕਰਦਾ ਹੈ। ਭਾਈ ਗੁਰਦਾਸ ਦਾ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਇਥੇ ਹੀ ਰਿਹਾ ਸੀ। 1757 ਵਿਚ ਅਹਿਮਦ ਸ਼ਾਹ ਦੁੱਰਾਨੀ ਦੇ ਪੁੱਤਰ ਤੈਮੂਰ ਨੇ ਇਸ ਨਗਰ ’ਤੇ ਹਮਲਾ ਕਰ ਕੇ ਇਸ ਨੂੰ ਸਾੜ ਦਿੱਤਾ ਸੀ, ਜਿਸ ਨਾਲ ਇਸ ਸਰੂਪ ਵੀ ਸੜ ਗਿਆ ਸੀ। ਮਗਰੋਂ ਧੀਰਮੱਲੀਆਂ ਨੇ ਕੁਝ ਸਰੂਪ ਇਕੱਠੇ ਕਰ ਕੇ ਏਥੇ ਰੱਖ ਲਏ ਸਨ ਅਤੇ ਉਹ ਇਨ੍ਹਾਂ ਨੂੰ ਪਹਿਲਾ ਸਰੂਪ ਕਹਿ ਕੇ ਲੋਕਾਂ ਨੂੰ ਭੁਲੇਖੇ ਵਿਚ ਪਾਉਂਦੇ ਰਹੇ ਸਨ। ਇੱਥੇ ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿਦ ਸਾਹਿਬ, ਗੁਰੂ ਹਰਿ ਰਾਇ ਸਾਹਿਬ ਅਤੇ ਬਾਬਾ ਗੁਰਦਿੱਤਾ ਦੀਆਂ ਕੁਝ ਯਾਦਗਾਰੀ ਚੀਜ਼ਾਂ ਪਈਆਂ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ.
2. ਕੀਰਤਪੁਰ ਸਾਹਿਬ ਦਾ ਸ਼ੀਸ਼ ਮਹਲ ਗੁਰਦੁਆਰਾ: ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿ ਰਾਇ ਸਾਹਿਬ ਇੱਥੇ ਰਹੇ ਸਨ। ਗੁਰੂ ਹਰਿ ਰਾਇ ਸਾਹਿਬ ਦਾ ਜਨਮ ਇਥੇ ਹੀ ਹੋਇਆ ਸੀ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਵੀ ਇੱਥੇ ਹੀ ਹੋਇਆ ਸੀ, ਜਦ ਕਿ ਤਵਾਰੀਖ਼ ਦਸਦੀ ਹੈ ਕਿ ਗੁਰੂ ਹਰ ਰਾਇ ਸਾਹਿਬ 1645 ਤੋਂ 1657 ਤਕ ਹਿਮਾਂਚਲ ਦੀ ਨਾਹਨ ਰਿਆਸਤ ਦੇ ਪਿੰਡ ਥਾਪਲ (ਪੁਰਾਣੀ ਰਿਆਸਤ ਨਾਹਨ ਦਾ ਇਕ ਪਿੰਡ) ਰਹੇ ਸਨ।ਇਸ ਕਰ ਕੇ ਉਨ੍ਹਾਂ ਦਾ ਜਨਮ ਉੱਥੇ ਹੀ ਹੋਇਆ ਹੋਵੇਗਾ.
(ਗੁਰਦੁਆਰਾ ਸ਼ੀਸ਼ ਮਹਲ, ਕੀਰਤਪੁਰ)
(ਡਾ. ਹਰਜਿੰਦਰ ਸਿੰਘ ਦਿਲਗੀਰ)