TheSikhs.org


Shalimar Bagh


ਸ਼ਾਲੀਮਾਰ ਬਾਗ਼

ਇਹ ਤੁਰਕੀ ਦਾ ਲਫ਼ਜ਼ ਹੈ: ਸ਼ਾਲਾ (ਘਰ)+ ਮਾਰ (ਅਨੰਦ), ਅਨੰਦ ਦਾ ਘਰ। ਸਹੀ ਪਫ਼ਜ਼ ਸ਼ਾਲਾਮਾਰ ਹੈ; ਗ਼ਲਤੀ ਨਾਲ ਇਸ ਨੂੰ ਸ਼ਾਲੀਮਾਰ ਕਿਹਾ ਜਾਣ ਲਗ ਪਿਆ ਹੈ.

ਸ਼ਾਲੀਮਾਰ ਬਾਗ਼ ਸ੍ਰੀਨਗਰ

ਸ੍ਰੀਨਗਰ (ਕਸ਼ਮੀਰ) ਵਿਚ ਨਗਰ ਦੇ ਬਾਹਰਵਾਰ, ਡੱਲ ਝੀਲ ਦੇ ਕਿਨਾਰੇ ’ਤੇ ਇਕ ਬਾਗ਼। ਇਸ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ ਬੇਗ਼ਮ ਨੂਰਜਹਾਂ ਵਾਸਤੇ 1619 ਵਿਚ ਬਣਵਾਇਆ ਸੀ। ਇਹ ਬਾਗ਼ 31 ਏਕੜ ਵਿਚ ਬਣਿਆ ਹੋਇਆ ਹੈ। ਇਸ ਦੀ ਲੰਬਾਈ 587 ਮੀਟਰ ਤੇ ਚੌੜਾਈ 251 ਮੀਟਰ ਹੈ। ਇਸ ਵਿਚ ਪਾਣੀ ਡੱਲ ਝੀਲ ਤੋਂ ਕੱਢੀ ਗਈ ਡੇਢ ਕਿਲੋਮੀਟਰ ਲੰਮੀ ਤੇ 11 ਮੀਟਰ ਚੌੜੀ ਨਹਿਰ ਰਾਹੀਂ ਆਉਂਦਾ ਹੈ। ਇਸ ਵਿਚ 410 ਫੁਹਾਰੇ ਬਣੇ ਹੋਏ ਹਨ। ਸਾਰਾ ਬਾਗ਼ ਕੁਦਰਤੀ ਉੱਚੇ ਨੀਵੇਂ ਬਗੀਚਿਆਂ ਦਾ ਸਮੂਹ ਹੈ। ਇਕ ਪਾਸੇ ਕੁਦਰਤੀ ਪਹਾੜ ਤੇ ਦੂਜੇ ਪਾਸੇ ਇਕ ਵੱਡੀ ਝੀਲ ਇਸ ਦੀ ਸ਼ਾਨ ਵਿਚ ਵਾਧਾ ਕਰਦੇ ਹਨ। ਬਾਗ਼ ਵਿਚ ਫੁੱਲਾਂ ਦੇ ਨਾਲ-ਨਾਲ, ਚਾਰੇ ਪਾਸੇ ਦੋ-ਦੋ ਫੁੱਟ ਦੇ ਫ਼ਾਸਲੇ ’ਤੇ ਚਿਨਾਰ ਦੇ ਦਰਖ਼ਤਾਂ ਦੀਆਂ ਕਤਾਰਾਂ ਹਨ.

ਸ਼ਾਲੀਮਾਰ ਬਾਗ਼ ਸ੍ਰੀਨਗਰ ਦੇ ਦੋ ਦ੍ਰਿਸ਼

ਸ਼ਾਲੀਮਾਰ ਬਾਗ਼ ਲਾਹੌਰ

ਇਹ ਲਾਹੌਰ ਤੋਂ 5 ਕਿਲੋਮੀਟਰ ਉੱਤਰ-ਪੂਰਬ ਵਿਚ, 16 ਏਕੜ ਜਗ੍ਹਾ ਵਿਚ (658 ਮੀਟਰ ਲੰਮਾ ਤੇ 258 ਮੀਟਰ ਚੌੜਾ) ਬਣਿਆ ਹੋਇਆ ਹੈ। ਇਸ ਵਿਚ ਤਿੰਨ ਉੱਚੇ ਨੀਵੇਂ ਦਰਜੇ ਰੱਖ ਕੇ, ਘਾਹ ਅਤੇ ਬੂਟੇ ਲਾਏ ਹੋਏ ਹਨ। ਇਸ ਨੂੰ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨੇ 1637-1641 ਵਿਚ ਆਪਣੇ ਅਹਿਲਕਾਰ ਖ਼ਲੀਲਉਲਾ ਖ਼ਾਨ ਦੀ ਨਿਗਰਾਨੀ ਹੇਠ, ਅਲੀ ਮਰਦਾਨ ਖ਼ਾਨ ਤੇ ਮੁੱਲਾ ਅਲਾਲੁਲ ਮਉਲਕ ਤੂਨੀ ਰਾਹੀਂ ਤਿਆਰ ਕਰਵਾਇਆ ਸੀ। ‘ਬਾਦਸ਼ਾਹਨਾਮਾ’ ਦੇ ਲੇਖਕ ਅਬਦੁਲ ਹਮੀਦ ਮੁਤਾਬਿਕ ਇਸ ’ਤੇ ਉਦੋਂ ਦੇ 6 ਲੱਖ ਰੁਪੈ ਖ਼ਰਚ ਆਏ ਸਨ। ਇਸ ਬਾਗ਼ ਵਾਸਤੇ ਮਾਧੋਪੁਰ ਤੋਂ ਰਾਵੀ ਦਰਿਆ ਦੀ ਹੰਸਲੀ ਬਣਾਉਣ ਵਾਸਤੇ 2 ਲੱਖ ਰੁਪੈ ਖ਼ਰਚ ਆਏ ਸਨ। ਇਸ ਬਾਗ਼ ਵਿਚ, ਸ੍ਰੀਨਗਰ ਵਾਂਙ, 410 ਖ਼ੂਬਸੂਰਤ ਫੁਹਾਰੇ ਬਣੇ ਹੋਏ ਹਨ। ਇਸ ਬਾਗ਼ ਦੇ ਵਿਚਕਾਰ ਇਕ ਵੱਡਾ ਸਾਰਾ ਤਾਲ ਹੈ, ਜਿਸ ਦੇ ਵਿਚਕਾਰ ਚਬੂਤਰਾ ਹੈ ਅਤੇ ਕਿਨਾਰਿਆਂ ’ਤੇ ਬੈਠਣ ਵਾਸਤੇ ਨਿੱਕੇ ਕਮਰੇ (ਕੈਬਿਨ) ਬਣੇ ਹੋਏ ਹਨ। ਸਾਰਾ ਬਾਗ਼ ਫੁੱਲਾਂ ਵਾਲੇ ਬੂਟਿਆਂ ਅਤੇ ਫਲਦਾਰ ਰੁੱਖਾਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਵਿਚ ਬਦਾਮ, ਸੇਬ, ਆੜੂ, ਚੈਰੀ, ਅੰਬ, ਸ਼ਹਤੂਤ, ਆਲੂ ਬੁਖ਼ਾਰਾ, ਸੰਤਰਾ ਆਦਿ ਮੁਖ ਸਨ। ਸ਼ਾਹਜਹਾਨ ਤੇ ਔਰਗਜ਼ੇਬ ਇਸ ਵਿਚ ਆਰਾਮ ਕਰਦੇ ਰਹੇ ਸਨ। 11 ਅਪ੍ਰੈਲ 1758 ਦੇ ਦਿਨ ਜਦ ਮਰਹੱਟਿਆਂ, ਅਦੀਨਾ ਬੇਗ਼ ਅਤੇ ਸਿੱਖ ਫ਼ੌਜਾਂ ਨੇ ਮਿਲ ਕੇ ਅਫ਼ਗ਼ਾਨਾਂ ਤੋਂ ਲਾਹੌਰ ਖੋਹਿਆ ਸੀ ਤਾਂ ਇਸ ਬਾਗ਼ ਵਿਚ ਮਰਹੱਟਾ ਚੀਫ਼ ਰਾਘੋ ਨਾਥ ਦਾ ਸ਼ਾਹਾਨਾ ਸੁਆਗਤ ਕੀਤਾ ਗਿਆ ਸੀ। ਇਸ ਵਾਸਤੇ ਕੀਤੇ ਗਏ ਜਲਸੇ ਵਾਸਤੇ ਇਕ ਖ਼ਾਸ ਸ਼ਾਹੀ ਸਟੇਜ ਬਣਾਈ ਗਈ ਜਿਸ ਦੇ ਬਣਾਉਣ ’ਤੇ ਇਕ ਲੱਖ (ਉਦੋਂ ਦੇ) ਰੁਪੈ ਖ਼ਰਚ ਆਏ ਸਨ। ਸ਼ਾਲੀਮਾਰ ਬਾਗ਼ ਦੇ ਫ਼ੁਹਾਰਿਆਂ ਵਿਚ ਗ਼ੁਲਾਬ ਦਾ ਅਰਕ ਭਰ ਕੇ ਉਨ੍ਹਾਂ ਨੂੰ ਚਲਾਇਆ ਗਿਆ ਸੀ। ਸ਼ਹਿਰ ਵਿਚ ਹਰ ਪਾਸੇ ਦੀਵੇ ਜਗਾ ਕੇ ਰੌਸ਼ਨੀ ਕੀਤੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਏਥੇ ਆਪਣੀ ਸ਼ਾਹਲਾ (ਮਾਸ਼ੂਕ) ਮੋਰਾਂ ਨਾਲ ਅਕਸਰ ਅਨੰਦ ਲਿਆ ਕਰਦਾ ਸੀ। ਉਹ ਇਸ ਨੂੰ ‘ਸ਼ਾਹਲਾ ਬਾਗ਼’ (ਮਾਸ਼ੂਕ ਦਾ ਬਾਗ਼) ਕਿਹਾ ਕਰਦਾ ਸੀ। ਰਣਜੀਤ ਸਿੰਘ ਨੇ ਬਾਗ਼ ਦੀ ਅੰਦਰੂਨੀ ਇਮਾਰਤ ਵਿਚ ਇਕ ਤਿਦਰੀ ਬਣਾਈ ਸੀ, ਜਿਸ ਦਾ ਤਹਿਖ਼ਾਨਾ ਗਰਮੀਆਂ ਵਿਚ ਠੰਢਕ ਤੇ ਸਰਦੀਆਂ ਵਿਚ ਨਿੱਘ ਦਿਆ ਕਰਦਾ ਸੀ.

ਸ਼ਾਲੀਮਾਰ ਬਾਗ਼ ਲਾਹੌਰ ਦੇ ਦੋ ਦ੍ਰਿਸ਼

(ਡਾ. ਹਰਜਿੰਦਰ ਸਿੰਘ ਦਿਲਗੀਰ)