TheSikhs.org


Saurhian (Amritsar)


ਸੌੜੀਆਂ

ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ (ਅਜਨਾਲਾ-ਚੋਗਾਵਾਂ ਮਾਰਗ ’ਤੇ) ਇਕ ਨਿੱਕਾ ਜਿਹਾ ਪਿੰਡ। ਕਦੇ ਦਰਿਆ ਰਾਵੀ ਇਸ ਦੇ ਨੇੜਿਓਂ ਵਹਿੰਦਾ ਸੀ ਤੇ ਹੁਣ 7-8 ਕਿਲੋਮੀਟਰ ਦੂਰ ਚਲਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਹ ਪਿੰਡ ਇਬਰਾਹੀਮ ਲੋਧੀ ਦੇ ਸਮੇਂ ਆਬਾਦ ਹੋਇਆ ਸੀ। ਮੁਗ਼ਲ ਕਾਲ ਸਮੇਂ ਇਹ ਇਕ ਵੱਡਾ ਪਿੰਡ ਸੀ। ਇਸ ਪਿੰਡ ਵਿਚ ਇਕ ਵੱਡਾ ਬਾਜ਼ਾਰ ਸੀ ਤੇ ਇੱਥੇ ਮੁਖ ਤੌਰ ’ਤੇ ਪਠਾਣ ਅਤੇ ਮੁਗ਼ਲ ਵਸਦੇ ਸਨ। ਇੱਥੇ, ਉਸ ਸਮੇਂ ਦੇ ਪੰਜ ਮਕਬਰੇ, ਮਸੀਤਾਂ ਤੇ ਮੁਸਲਮਾਨ ਪੀਰਾਂ-ਫ਼ਕੀਰਾਂ ਦੇ ਤਕੀਏ ਤੇ ਮਜ਼ਾਰ ਅੱਜ ਵੀ ਮੌਜੂਦ ਹਨ। ਗੁਰੂ ਨਾਨਕ ਸਾਹਿਬ ਚੌਥੀ ਉਦਾਸੀ ਸਮੇਂ ਇਸ ਪਿੰਡ ਵਿਚ ਹੋ ਕੇ ਗਏ ਸਨ।ਗੁਰੂ ਨਾਨਕ ਸਾਹਿਬ ਦਰਿਆ ਰਾਵੀ ਪਾਰ ਕਰ ਕੇ ਬਟਾਲਾ ਜਾਂਦਿਆਂ ਏਥੇ ਰੁਕੇ ਸਨ। ਜਨਮਸਾਖੀਆਂ ਵਿਚ ਇਸ ਪਿੰਡ ਦਾ ਨਾਂ ਜੌੜੀਆਂ ਲਿਖਿਆ ਮਿਲਦਾ ਹੈ। ਇਕ ਸਾਖੀ ਮੁਤਾਬਿਕ ਗੁਰੂ ਜੀ ਦੀ ਉਸ ਸਮੇਂ ਇਕ ਪਠਾਣ ਉਬਾਰੇ ਖ਼ਾਨ ਅਤੇ ਅਬਦੁਰ ਰਹਿਮਾਨ ਖ਼ਾਨ ਨਾਲ ਧਰਮ ਚਰਚਾ ਹੋਈ ਸੀ। ਉਬਾਰੇ ਖ਼ਾਨ ਨਾਂ ਦਾ ਇਕ ਪਠਾਣ ਗੁਰੂ ਸਾਹਿਬ ਨੂੰ ਮਿਲਿਆ। ਉਹ ਪੁੱਛਣ ਲਗਾ, ਬਾਬਾ ਜੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਗੁਰੂ ਸਾਹਿਬ ਨੇ ਦਸਿਆ ਕਿ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ। ਸਾਰੀ ਦੁਨੀਆਂ ਰੱਬ ਦੀ ਬਣਾਈ ਹੋਈ ਹੈ। ਸਾਨੂੰ ਸਿਰਫ਼ ਉਸ “ਰੱਬ ਦੇ ਬੰਦੇ” ਹੀ ਬਣਨਾ ਚਾਹੀਦਾ ਹੈ। ਚੰਗੇ ਇਨਸਾਨ ਬਣਨਾ ਸਾਡਾ ਪਹਿਲਾ ਫ਼ਰਜ਼ ਹੈ ਅਤੇ ਇਹੀ ਸੱਚਾ ਧਰਮ ਹੈ। ਭਾਈ ਉਬਾਰੇ ਖ਼ਾਨ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ। ਉਹ ਜਿਥੇ ਵੀ ਜਾਂਦਾ ਗੁਰੂ ਸਾਹਿਬ ਦੀ ਸੋਭਾ ਕਰਦਾ। ਇਸੇ ਪਿੰਡ ਵਿੱਚ ਅਬਦੁਲ ਰਹਿਮਾਨ ਨਾਂ ਦਾ ਇਕ ਹੋਰ ਮੁਸਲਮਾਨ ਵੀ ਰਹਿੰਦਾ ਸੀ। ਉਹ ਇਕ ਵੱਡਾ ਜ਼ਮੀਂਦਾਰ ਸੀ। ਉਸ ਨੂੰ ਪਸੰਦ ਨਹੀਂ ਸੀ ਕਿ ਉਬਾਰੇ ਖ਼ਾਨ ਕਿਸੇ ਗ਼ੈਰ-ਮੁਸਲਮਾਨ ਦੀ ਸਿਫ਼ਤ ਕਰੇ। ਇਕ ਦਿਨ ਅਬਦੁਲ ਰਹਿਮਾਨ ਵੀ ਗੁਰੂ ਸਾਹਿਬ ਕੋਲ ਆਇਆ ਅਤੇ ਉਸ ਨੇ ਵੀ ਉਹੀ ਸਵਾਲ ਕੀਤਾ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਗੁਰੂ ਸਾਹਿਬ ਨੇ ਉਸ ਨੂੰ ਦਸਿਆ ਕਿ ਅਸੀਂ ਨਾ ਹਿੰਦੂ ਹਾਂ ਤੇ ਨਾ ਮੁਸਲਮਾਨ। ਅਸੀਂ ਸਿਰਫ਼ ਇੱਕ ਰੱਬ ਦੀ ਇਬਾਦਤ ਕਰਨ ਵਾਲੇ ਹਾਂ। ਉਸ ਵਾਹਿਗੁਰੂ ਨੇ ਸਾਰੀ ਦੁਨੀਆਂ ਆਪਣੇ ਨੂਰ ਨਾਲ ਬਣਾਈ ਹੈ। ਸਾਨੂੰ ਤਾਂ ਹਰ ਸ਼ਖ਼ਸ ਵਿਚ ਵਾਹਿਗੁਰੂ ਦਾ ਨੂਰ ਹੀ ਨਜ਼ਰ ਆਉਂਦਾ ਹੈ। ਗੁਰੂ ਸਾਹਿਬ ਦੀ ਸੰਗਤ ਵਿਚ ਬੈਠਣ ਮਗਰੋਂ ਭਾਈ ਅਬਦੁਲ ਰਹਿਮਾਨ ਵੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਸਿੱਖ ਮਿਸਲਾਂ ਦੇ ਕਾਲ ਵਿਚ ਇਸ ਪਿੰਡ ’ਤੇ ਭੰਗੀ ਮਿਸਲ ਦਾ ਕਬਜ਼ਾ ਹੋ ਗਿਆ ਸੀ; ਗੁਰਬਖ਼ਸ਼ ਸਿੰਘ ਭੰਗੀ ਦਾ ਪੁੱਤਰ ਜੋਧ ਸਿੰਘ ਏਥੋਂ ਦਾ ਹਾਕਮ ਸੀ। ਇਸ ਪਿੰਡ ਦੇ ਜੋਧ ਸਿੰਘ ਸੌੜੀਆਂਵਾਲਾ ਅਤੇ ਉਸ ਦਾ ਪੁੱਤਰ ਅਮੀਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਜਰਨੈਲ ਸਨ। ਜੋਧ ਸਿੰਘ ਕੋਲ ਤਿਮਨ ਸੌ ਘੋੜਸਵਾਰ ਸਨ ਅਤੇ ਉਸ ਕੋਲ ਡੇਢ ਲੱਖ ਰੁਪੈ ਸਾਲਾਨਾ ਦੀ ਜਾਗੀਰ ਸੀ। ਸਿੱਖ ਮਿਸਲਾਂ ਵੇਲੇ ਏਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਮੰਜੀ ਸਾਹਿਬ ਬਣਾਇਆ ਗਿਆ ਸੀ। ਮੌਜੂਦਾ ਗੁਰਦੁਆਰਾ ਨਾਨਕਸਰ ਦੀ ਇਮਾਰਤ 1986 ਵਿਚ ਬਣਾਈ ਗਈ ਸੀ.

ਸੌੜੀਆਂ ਪਿੰਡ ਵਿਚ ਪੁਰਾਨਾ ਮੰਜੀ ਸਾਹਿਬ

ਸੌੜੀਆਂ ਪਿੰਡ ਵਿਚ ਗੁਰਦੁਆਰੇ ਦੀ ਨਵੀਂ ਇਮਾਰਤ

(ਗੁਰਦੁਆਰਾ ਤਸਵੀਰ ਵਾਸਤੇ ਧੰਨਵਾਦ
ਕਿਰਤਪ੍ਰੀਤ ਸਿੰਘ, ਚੌਧਰੀਵਾਲਾ, ਤਰਨਤਾਰਨ).

(ਡਾ. ਹਰਜਿੰਦਰ ਸਿੰਘ ਦਿਲਗੀਰ)