ਹਰਿਆਣਾ ਦਾ ਇਕ ਪ੍ਰਾਚੀਨ ਨਗਰ, ਜੋ ਪੰਜਾਬ ਅਤੇ ਹਰਿਆਣਾ ਦੀ ਹੱਦ ਦੇ ਨੇੜੇ ਹੈ (ਬਠਿੰਡਾ ਤੋਂ 95, ਡਬਵਾਲੀ ਤੋਂ 60, ਮਾਨਸਾ ਤੋਂ 76, ਹਿਸਾਰ ਤੋਂ 92 ਕਿਲੋਮੀਟਰ ਦੂਰ ਹੈ)। ਕੁਝ ਲੇਖਕਾਂ ਮੁਤਾਬਿਕ ਜਿਸ ਸੈਰਿਸ਼ਕਾ ਨਗਰ ਦਾ ਜ਼ਿਕਰ ਮਿਥਹਾਸਕ ਰਚਨਾ ਮਹਾਂਭਾਰਤ ਵਿਚ ਆਉਂਦਾ ਹੈ, ਉਹ ਇਹੀ ਹੈ। ਪਰ, ਇਕ ਗੱਲ ਯਕੀਨੀ ਹੈ ਕਿ ਇਹ ਨਗਰ ਘਟੋ-ਘਟ ਸਤਵੀਂ ਸਦੀ ਵਿਚ ਮੌਜੂਦ ਜ਼ਰੂਰ ਸੀ। ਇੱਥੇ ਇਕ ਵਿਸ਼ਾਲ ਕਿਲ੍ਹੇ ਦਾ ਥੇਹ ਮੌਜੂਦ ਹੈ (ਜੋ ਤਕਰੀਬਨ 5 ਕਿਲੋਮੀਟਰ ਰਕਬੇ ਵਿਚ ਹੈ) । ਇਹ ਸਤਵੀਂ ਸਦੀ ਵਿਚ ਬਣਿਆ ਸੀ। ਇਕ ਰਿਵਾਇਤ ਮੁਤਾਬਿਕ ਸਰਸਵਤੀ ਦਰਿਆ, ਜੋ ਹੁਣ ਅਲੋਪ ਹੋ ਚੁਕਾ ਹੈ, ਕਦੇ ਭਟਨੇਰ (ਹੁਣ ਹਨੁਮਾਨਗੜ੍ਹ) ਤੋਂ ਹੁੰਦਾ ਹੋਇਆ ਇਸ ਨਗਰ ਤਕ ਆਉਂਦਾ ਸੀ ਤੇ ਇਸੇ ਕਰ ਕੇ ਇਸ ਦਾ ਨਾਂ ਸਰਸਾ ਪੈ ਗਿਆ ਸੀ। ਸਰਸਾ 1884 ਤਕ ਇਕ ਜ਼ਿਲ੍ਹਾ ਸੀ। ਇਸ ਵਿਚ ਸਰਸਾ, ਡਬਵਾਲੀ ਤੇ ਫ਼ਾਜ਼ਿਲਕਾ ਤਹਸੀਲਾਂ ਸ਼ਾਮਿਲ ਸਨ। ਉਦੋਂ ਸਰਸਾ ਤੇ ਡਬਵਾਲੀ ਤਹਿਸੀਲਾਂ ਨੂੰ ਇਕ ਤਹਿਸੀਲ ਬਣਾ ਕੇ ਹਿਸਾਰ ਵਿਚ ਅਤੇ ਫ਼ਾਜ਼ਿਲਕਾ ਨੂੰ ਫ਼ੀਰੋਜ਼ਪੁਰ ਵਿਚ ਸ਼ਾਮਿਲ ਕਰ ਕੇ ਇਹ ਜ਼ਿਲ੍ਹਾ ਤੋੜ ਦਿੱਤਾ ਗਿਆ ਸੀ। ਪਹਿਲੀ ਨਵੰਬਰ 1966 ਨੂੰ ਹਰਿਆਣਾ ਸੂਬਾ ਬਣਨ ਮਗਰੋਂ ਵੀ ਇਹ ਹਿਸਾਰ ਜ਼ਿਲ੍ਹੇ ਦਾ ਹਿੱਸਾ ਰਿਹਾ ਸੀ। ਪਹਿਲੀ ਸਤੰਬਰ 1975 ਦੇ ਦਿਨ ਇਸ ਨੂੰ ਫਿਰ ਇਕ ਜ਼ਿਲ੍ਹਾ ਬਣਾ ਦਿੱਤਾ ਗਿਆ ਸੀ। ਸਰਸਾ ਨਗਰ ਦੀ ਅਬਾਦੀ (2017 ਵਿਚ) ਤਕਰੀਬਨ 1 ਲੱਖ 85 ਹਜ਼ਾਰ ਹੈ। ਇਸ ਵਿਚੋਂ 89% ਹਿੰਦੂ ਤੇ ਦਲਿਤ, 9% ਸਿੱਖ ਹਨ ਤੇ 2% ਬਾਕੀ ਧਰਮਾਂ ਦੇ ਲੋਕ ਹਨ। ਇੱਥੋਂ ਦੀਆਂ ਮੁਖ ਜ਼ਬਾਨਾਂ ਬਾਗੜੀ, ਹਰਿਆਣਵੀ, ਪੰਜਾਬੀ ਤੇ ਹਿੰਦੀ ਹਨ।
ਸਰਸਾ ਨਗਰ ਦਾ ਸਿੱਖ ਤਵਾਰੀਖ਼ ਨਾਲ ਸਬੰਧ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੈ। ਉਹ ਇੱਥੇ ਫ਼ਰਵਰੀ 1508 ਦੇ ਅੱਧ ਵਿਚ ਭਟਨੇਰ, ਹੁਣ ਹਨੂਮਾਨਗੜ੍ਹ, ਤੋਂ ਆਏ ਸਨ।ਇੱਥੇ ਦੋ ਮੁਸਲਮਾਨ ਫਕੀਰਾਂ ਪੀਰ ਬਹਾਵਲ ਅਤੇ ਪੀਰ ਅਬਦੁਲ ਸ਼ਕੂਰ ਦਾ ਬੜਾ ਅਸਰ ਸੀ; ਆਪ ਨੇ ਦੋਹਾਂ ਨਾਲ ਧਾਰਮਿਕ ਚਰਚਾ ਕਰ ਕੇ ਅਸਲ ਧਰਮ ਦਾ ਪ੍ਰਚਾਰ ਕੀਤਾ ਸੀ। ਇੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ। ਇਸ ਗੁਰਦੁਆਰੇ ’ਤੇ ਜਾਦੂ-ਕਹਾਣੀਆਂ/ ਕਰਾਮਾਤਾਂ ਦਾ ਇਕ ਬੋਰਡ ਲੱਗਾ ਹੋਇਆ ਹੈ ਜਿਸ ਵਿਚ ਗੁਰੂ ਜੀ ਵੱਲੋਂ ਮੁਰਦਿਆਂ ਨੂੰ ਜਿਊਂਦਾ ਕਰਨ ਦੀ ਕਹਾਣੀ ਅਤੇ ਕਰਾਮਾਤ ਵਾਲੀਆਂ ਗੱਪਾਂ ਦਾ ਜ਼ਿਕਰ ਕੀਤਾ ਹੋਇਆ ਹੈ। ਗੁਰੂ ਸਾਹਿਬ ਤਾਂ ਸਗੋਂ ਅਜਿਹੀ ਅਖੌਤੀ ਕਰਾਮਾਤ ਨੂੰ ਰੱਦ ਕਰਦੇ ਹਨ। ਇਹ ਗੁਰਦੁਆਰਾ ਇਕ ਨਿਰਮਲਾ-ਉਦਾਸੀ ਗਰੁੱਪ ਕੋਲ ਹੋਣ ਕਰ ਕੇ ਇੱਥੇ ਪੰਥਕ ਮਰਿਆਦਾ ਨਹੀਂ ਚਲਦੀ। (ਹੋਰ ਤਾਂ ਹੋਰ ਇਸ ਗੁਰਦੁਆਰੇ ਵਿਚ ਦਲਿਤਾਂ ਨਾਲ ਵਿਤਕਰਾ ਵੀ ਕੀਤਾ ਜਾਂਦਾ ਹੈ। ਗੁਰੂ ਸਾਹਿਬ ਪਹਿਲੀ ਉਦਾਸੀ ਤੋਂ ਪੰਜਾਬ ਵਾਪਸੀ ਸਮੇਂ, 1512 ਵਿਚ ਵੀ ਇੱਥੇ ਰੁਕੇ ਸਨ। ਉਹ ਪੁਸ਼ਕਰ ਤੋਂ ਚਲ ਕੇ ਗੁਰੂ ਜੀ ਸਰਸਾ ਹੁੰਦੇ ਹੋਏ, ਤਖ਼ਤੂਪੁਰਾ ਗਏ ਸਨ। ਗੁਰੂ ਨਾਨਕ ਸਾਹਿਬ ਇੱਥੇ ਤੀਜੀ ਵਾਰ 1530 ਤੋਂ ਮਗਰੋਂ ਫਿਰ ਆਏ ਸਨ। ਇਸ ਵਾਰ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਬੀਕਾਨੇਰ ਗਏ ਸਨ। ਆਪ ਕਰਤਾਰਪੁਰ ਤੋਂ ਸੁਲਤਾਨਪੁਰ ਹੁੰਦੇ ਹੋਏ “ਮੱਤੇ-ਦੀ-ਸਰਾਂ” ਹੁੰਦੇ ਹੋਏ ਸਰਸਾ ਕਸਬੇ ਵਿਚ ਆਏ ਸਨ। ਸਰਸਾ ਤੋਂ ਆਪ ਬੀਕਾਨੇਰ ਗਏ ਸਨ।
ਗੁਰੂ ਗੋਬਿੰਦ ਸਿੰਘ ਜੀ ਵੀ ਸਰਸਾ ਨਗਰ ਵਿਚ ਆਏ ਸਨ। ਦਸੰਬਰ 1705 ਵਿਚ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ, ਗੁਰੂ ਸਾਹਿਬ ਦਾ ਔਰੰਗਜ਼ੇਬ ਨੂੰ ਲਿਖਿਆ ਖ਼ਤ ਲੈ ਕੇ ਗਏ ਸਨ, ਪਰ, ਅਕਤੂਬਰ 1706 ਤਕ ਉਨ੍ਹਾਂ ਦੀ ਕੋਈ ਖ਼ਬਰ ਨਾ ਮਲ ਸਕੀ ਤਾਂ ਉਹ ਖ਼ੁਦ ਇਨ੍ਹਾਂ ਦੋਹਾਂ ਸਿੰਘਾਂ ਦੀ ਭਾਲ ਵਿਚ 30 ਅਕਤੂਬਰ 1706 ਦੇ ਦਿਨ ਤਲਵੰਡੀ ਸਾਬੋ ਤੋਂ ਦੱਖਣ ਵਲ ਚਲ ਪਏ। ਗੁਰੂ ਜੀ ਨੇ ਪਹਿਲਾ ਪੜਾਅ ਸਰਸਾ ਵਿਚ ਕੀਤਾ ਸੀ ਤੇ ਇਕ ਰਾਤ ਇੱਥੇ ਰੁਕਣ ਮਗਰੋਂ ਉਹ ਨੌਹਰ ਵਲ ਚਲ ਪਏ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਵੀ ਇੱਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ.
ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਅਰਾ
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਵਿਚ ਗੁਰਦੁਆਰਾ
(ਡਾ. ਹਰਜਿੰਦਰ ਸਿੰਘ ਦਿਲਗੀਰ)