ਭਾਈ ਜੇਠਾ (ਗੁਰੂ ਰਾਮਦਾਸ ਸਾਹਿਬ) ਦੇ ਅਹਿਦ ਦਾ ਇਕ ਬੜਾ ਵੱਡਾ ਕਦਮ ਗੁਰੂ ਦਾ ਚੱਕ (ਹੁਣ ਅੰਮ੍ਰਿਤਸਰ) ਨਗਰ ਨੂੰ ਕਾਇਮ ਕਰਨਾ ਸੀ। ਗੁਰੂ ਦਾ ਚੱਕ ਵਸਾਉਣ ਦਾ ਫ਼ੈਸਲਾ ਗੁਰੂ ਰਾਮਦਾਸ ਅਤੇ ਗੁਰੂ ਅਮਰ ਦਾਸ ਸਾਹਿਬ ਦਾ ਸਾਂਝਾ ਸੀ। ਗੁਰੂ ਅਮਰ ਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਇਹ ਨਗਰ ਵਸਾਉਣ ਵਾਸਤੇ ਆਪ ਭੇਜਿਆ ਸੀ। ਇਸ ਨਗਰ ਵਾਸਤੇ ਭਾਈ ਜੇਠਾ (ਗੁਰੂ ਰਾਮਦਾਸ ਸਾਹਿਬ) ਨੇ 1564 ਵਿਚ ਤੁੰਗ, ਸੁਲਤਾਨਵਿੰਡ ਤੇ ਗੁਮਟਾਲੀ ਪਿੰਡਾਂ ਦੀ ਜ਼ਮੀਨ 700 ਅਕਬਰੀ ਰੁਪੈ ਦੇ ਕੇ ਖ਼ਰੀਦੀ ਅਤੇ ਸਭ ਤੋਂ ਪਹਿਲਾਂ ਸੰਤੋਖਸਰ ਸਰੋਵਰ ਦੀ ਪੁਟਾਈ ਸ਼ੁਰੂ ਕੀਤੀ। ਪਰ, ਇਸ ਦੀ ਪੁਟਾਈ ਅਜੇ ਪੂਰੀ ਤਰ੍ਹਾਂ ਨਹੀਂ ਸੀ ਹੋਈ ਕਿ ਗੁਰੂ ਅਮਰ ਦਾਸ ਸਾਹਿਬ ਨੇ ਭਾਈ ਜੇਠਾ ਨੂੰ ਵਾਪਿਸ ਗੋਇੰਦਵਾਲ ਬੁਲਾ ਲਿਆ ਕਿਉਂ ਕਿ ਗੁਰੂ ਦਰਬਾਰ ਅਤੇ ਨਗਰ ਦਾ ਇੰਤਜ਼ਾਮ ਉਨ੍ਹਾਂ ਕੋਲੋਂ ਇਕੱਲਿਆਂ ਨਹੀਂ ਸੀ ਹੋ ਰਿਹਾ। ਇਸ ਕਰ ਕੇ 1564 ਵਿਚ ਗੁਰੂ ਦਾ ਚੱਕ ਨਗਰ ਦੀ ਕਾਇਮੀ ਅੱਧ-ਵਿਚਕਾਰ ਹੀ ਰੁਕ ਗਈ ਅਤੇ ਅਗਲੇ ਦਸ ਸਾਲ ਤਕ ਇਹ ਨਗਰ ਵੱਸ ਨਾ ਸਕਿਆ। 1574 ਵਿਚ ਗੁਰੂ ਅਮਰ ਦਾਸ ਸਾਹਿਬ ਜੋਤੀ-ਜੋਤਿ ਸਮਾ ਗਏ ਤੇ ਭਾਈ ਜੇਠਾ ਚੌਥੇ ਗੁਰਗੱਦੀ ਸੰਭਾਲੀ। ਗੁਰੂ ਅਮਰ ਦਾਸ ਸਾਹਿਬ ਦੇ ਬਿੰਦੀ ਪੁੱਤਰਾਂ ਮੋਹਨ ਤੇ ਮੋਹਰੀ ਨੂੰ ਗੋਇੰਦਵਾਲ ਦੀ ਜਾਇਦਾਦ ਸੰਭਾਲ ਕੇ ਗੁਰੂ ਰਾਮ ਦਾਸ ਸਾਹਿਬ ਗੁਰੂ ਦਾ ਚੱਕ ਵਾਲੀ ਜਗਹ ’ਤੇ ਆ ਗਏ ਅਤੇ ਇੱਥੇ ਅਜੋਕੇ ਗੁਰਦੁਆਰਾ ‘ਗੁਰੂ ਦੇ ਮਹਿਲ’ ਵਾਲੀ ਥਾਂ ’ਤੇ ਘਰ ਬਣਾ ਕੇ ਰਹਿਣ ਲਗ ਪਏ। ਹਾਲਾਂ ਕਿ 10 ਸਾਲ ਪਹਿਲਾਂ ਉਨ੍ਹਾਂ ਨੇ ਸੰਤੋਖਸਰ ਸਰੋਵਰ ਦੀ ਪੁਟਾਈ ਸ਼ੁਰੂ ਕਰ ਦਿਤੀ ਸੀ ਪਰ ਨਿਵਾਣ ਦੀ ਜਗ੍ਹਾ ਨੂੰ ਮੁਖ ਰਖ ਕੇ ਉਨ੍ਹਾਂ ਨੇ ਪਹਿਲਾਂ ‘ਅੰਮ੍ਰਿਤਸਰ’ (ਦਰਬਾਰ ਸਾਹਿਬ ਵਾਲਾ ਸਰੋਵਰ) ਦੀ ਪੁਟਾਈ ਸ਼ੁਰੂ ਕਰ ਦਿਤੀ ਤਿੰਨ ਸਾਲ ਵਿਚ ਹੀ (1577 ਵਿਚ) ਸਰੋਵਰ ਤਿਆਰ ਹੋ ਗਿਆ। ਕਿਸੇ ਵੀ ਨਵੇਂ ਨਗਰ ਦੀ ਸਭ ਤੋਂ ਪਹਿਲੀ ਜ਼ਰੂਰਤ ਪਾਣੀ ਦੀ ਹੁੰਦੀ ਹੈ ਇਸ ਕਰ ਕੇ ਗੁਰੂ ਸਾਹਿਬ ਨੇ ਅੰਮ੍ਰਿਤਸਰ ਦੇ ਨਾਲ-ਨਾਲ ਦੂਜਾ ਸਰੋਵਰ ਇਹ ‘ਸੰਤੋਖਸਰ’ ਵੀ 1578 ਵਿਚ ਤਿਆਰ ਕਰਵਾ ਲਿਆ.
(ਤਸਵੀਰ ਸੰਤੋਖਸਰ ਸਰੋਵਰ ਤੇ ਗੁਰਦੁਆਰਾ)
(ਡਾ. ਹਰਜਿੰਦਰ ਸਿੰਘ ਦਿਲਗੀਰ)