ਸੁਲਤਾਨਪੁਰ ਵਿਚ (1504-1507 ਤਕ) ਰਹਿੰਦਿਆਂ ਇਕ ਦਿਨ ਗੁਰੂ ਨਾਨਕ ਸਾਹਿਬ ਵੇਈਂ ਨਦੀ ’ਚ ਨਹਾਉਣ ਗਏ। ਨਹਾਉਣ ਮਗਰੋਂ ਉਹ ਵੇਈਂ ਦੇ ਦੂਜੇ ਕੰਢੇ ਦੂਰ ਸੰਘਣੇ ਦਰਖਤਾਂ ਦੇ ਝੁੰਡ ਹੇਠ ਜਾ ਬੈਠੇ ਤੇ ਰੂਹਾਨੀ ਸੋਚਾਂ ਵਿਚ ਮਗਨ ਹੋ ਗਏ। ਆਪ ਦੇ ਮਨ ਵਿਚ ਖ਼ਿਆਲ ਆਇਆ ਕਿ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਸੱਚੇ ਧਰਮ ਦਾ ਪਰਚਾਰ ਕਰਨ ਦਾ ਸਮਾਂ ਆ ਗਿਆ ਹੈ। ਸੋਚਦਿਆਂ-ਸੋਚਦਿਆਂ ਆਪ ਦੀ ਐਸੀ ਲਿਵ ਲਗੀ ਕਿ ਆਪ ਕਈ ਘੜੀਆਂ ਉੱਥੇ ਹੀ ਬੈਠੇ ਰਹੇ। ਪਿੱਛੋਂ ਲੋਕਾਂ ਨੇ ਇਹ ਸੋਚਿਆ ਕਿ ਗੁਰੂ ਜੀ ਸ਼ਾਇਦ ਡੁੱਬ ਗਏ ਹੋਣਗੇ।
ਪਰ, ਸ਼ਾਮ ਗਏ ਜਦੋਂ ਕੁਝ ਲੋਕ ਉਧਰੋਂ ਲੰਘੇ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਸੋਚਾਂ ਵਿਚ ਲੀਨ ਹੋਏ ਬੈਠੇ ਵੇਖਿਆ। ਉਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਨਾਲ ਬਚਨ ਕੀਤੇ। ਇਸ ਮਗਰੋਂ ਗੁਰੂ ਸਾਹਿਬ ਆਪਣੇ ਘਰ ਮੁੜ ਆਏ ਤੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕਿ ਉਹ ਨਵੇਂ ਪੰਥ ਦਾ ਪਰਚਾਰ ਕਰਨ ਵਾਸਤੇ ਉਦਾਸੀ (ਪ੍ਰਚਾਰ ਦੌਰੇ) ਸ਼ੁਰੂ ਕਰਨ। ਉਨ੍ਹਾਂ ਨੇ ਪਤਨੀ ਅਤੇ ਬੱਚਿਆਂ ਦੇ ਖਰਚੇ ਵਾਸਤੇ ਸਾਰੇ ਪੈਸੇ ਆਪਣੇ ਸਹੁਰੇ ਨੂੰ ਸੰਭਾਲ ਦਿਤੇ ਅਤੇ ਆਪ ਰੱਬ ਦੇ ਪੈਗ਼ਾਮ ਦੇ ਮਿਸ਼ਨਰੀ ਬਣਨ ਵਾਸਤੇ ਤਿਆਰ ਹੋ ਗਏ। ਗੁਰੂ ਜੀ ਨੇ ਉਦਾਸੀ ਪਹਿਰਾਵਾ ਪਹਿਣ ਲਿਆ ਅਤੇ ਭਾਈ ਮਰਦਾਨਾ ਨੂੰ ਵੀ ਇਸੇ ਪਹਿਰਾਵੇ ਵਿਚ ਨਾਲ ਲੈ ਕੇ 20 ਅਗਸਤ 1507 ਦੇ ਦਿਨ ਸੱਚੇ ਧਰਮ ਦੇ ਪਰਚਾਰ ਵਾਸਤੇ ਟੁਰ ਪਏ।
ਮਿਹਰਬਾਨ ਵਾਲੀ ਜਨਮਸਾਖੀ ਤੇ ਵਿਲਾਇਤ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਸਾਹਿਬ ਵੇਈਂ ਨਦੀ ਵਿਚ 3 ਦਿਨ ਰਹੇ ਸਨ ਅਤੇ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ (ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ ਹੋਈ) ਜਨਮਸਾਖੀ ਮੁਤਾਬਿਕ ਆਪ 8 ਦਿਨ ਨਦੀ ਵਿਚ ਵੜੇ ਰਹੇ, ਜੋ ਸਹੀ ਨਹੀਂ ਹੈ। ਇਨ੍ਹਾਂ ਲੇਖਕਾਂ ਮੁਤਾਬਿਕ ਗੁਰੂ ਜੀ ਨਦੀ ਵਿਚ ਵੜਨ ਮਗਰੋਂ ਅਕਾਲ ਪੁਰਖ ਦੇ ਦਰਬਾਰ ਵਿਚ ਜਾ ਪੁੱਜੇ ਸਨ। ਉਨ੍ਹਾਂ ਦੇ ‘ਵਾਹਿਗੁਰੂ’ ਦੇ ਦਰਬਾਰ ਵਿਚ ਜਾ ਕੇ ਵੇਈਂ ਨਦੀ ਵਿਚ ਤਿੰਨ ਜਾਂ ਅੱਠ ਦਿਨ ਬੈਠੇ ਰਹਿਣ ਦੀ ਕਹਾਣੀ ਕਿਸੇ ਪੱਖ ਤੋਂ ਵੀ ਸਹੀ ਨਹੀਂ ਜਾਪਦੀ (ਉਹ ਕਿਹੜੀ ਗੱਲ ਸੀ ਜਿਸ ਬਾਰੇ ਗੁਰੁ ਜੀ ਨੇ ਅਕਾਲ ਪੁਰਖ ਨਾਲ ਤਿੰਨ ਜਾਂ ਅੱਠ ਦਿਨ ਯੋਜਨਾ ਬਣਾਉਣੀ ਸੀ?)। ਇਕ ਪਾਸੇ ਤਾਂ ਇਹ ਲੇਖਕ ਗੁਰੂ ਨਾਨਕ ਸਾਹਿਬ ਨੂੰ ‘ਨਾਰਾਇਣ’ ਅਤੇ’ ਰੱਬ ਦਾ ਅਵਤਾਰ’ (ਯਾਨਿ ਰੱਬ ਆਪ) ਲਿਖਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ‘ਰੱਬ’ ਦੇ ਦਰਬਾਰ ਵਿਚ ਹਾਜ਼ਰ ਵੀ ਕਰ ਦੇਂਦੇ ਹਨ। ਇਸ ਦਾ ਮਤਲਬ ਇਹ ਬਣਦਾ ਹੈ ਕਿ ਰੱਬ ‘ਦੋ’ ਸਨ ਤੇ ਇਕ ‘ਰੱਬ’ (ਗੁਰੂ ਨਾਨਕ) ਦੂਜੇ ‘ਰੱਬ’ (ਅਕਾਲ ਪੁਰਖ) ਦੇ ਦਰਬਾਰ ਵਿਚ ਹਾਜ਼ਰ ਹੋਇਆ ਸੀ (ਤੇ ਰੱਬ ਦਾ ਇਹ ਦਰਬਾਰ ਸ਼ਾਇਦ ‘ਬੇਈਂ’ ਨਦੀ ਦੇ ਹੇਠਾਂ ਕਿਸੇ ਜਗਹ ਸੀ)। ਜਨਮਸਾਖੀਆਂ ਗੁਰੂ ਜੀ ਦੇ ਵੇਈਂ ਵਿਚੋਂ ਬਾਹਰ ਆਉਣ ਵਾਲੀ ਥਾਂ ਵੀ ਵੱਖ ਵੱਖ ਦਸਦੀਆਂ ਹਨ: ਬਾਲੇ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਜੀ ਜਿੱਥੋਂ ਨਿਕਲੇ ਉੱਥੇ ਉਨ੍ਹਾਂ ਨੇ ਦਾਤਨ ਗੱਡੀ ਸੀ (ਹੁਣ ਉਹ ਦਾਤਨ ਵਾਲੀ ਜਗਹ ਦਾ ਨਾਂ ਨਿਸ਼ਾਨ ਬਾਕੀ ਨਹੀਂ ਹੈ)। ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਤੇ ਵਿਲਾਇਤ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਜੀ ਮੌਜੂਦਾ ‘ਗੁਰਦੁਆਰਾ ਸੰਤ ਘਾਟ’ ਵਾਲੀ ਥਾਂ ਤੋਂ ਬਾਹਰ ਨਹੀਂ ਨਿਕਲੇ ਸਨ ਬਲਕਿ ਉੱਥੋਂ ਹੀ ਨਿਕਲੇ ਸਨ ਜਿੱਥੇ ਉਹ ਵੇਈਂ ਵਿਚ ਵੜੇ ਸਨ। ਸੋ ਸਪਸ਼ਟ ਹੈ ਕਿ ਇਹ ਕਹਾਣੀ ਮਗਰੋਂ ਘੜੀ ਗਈ ਸੀ ਤੇ ‘ਗੁਰਦੁਆਰਾ ਸੰਤ ਘਾਟ’ ਵੀ ਮਗਰੋਂ ਬਣਾਇਆ ਗਿਆ ਸੀ। (ਅਜਿਹੇ ਦਰਜਨਾਂ ਨਕਲੀ ਗੁਰਦੁਆਰੇ ਹੋਰ ਜਗਹ ਵੀ ਬਣਾਏ ਗਏ ਸਨ, ਜੋ ਅੱਜ ਵੀ ਕਾਇਮ ਹਨ)। ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਦੇ ਰਹਿਣ ਦਾ ਸਮਾਂ ਵੀ ਵੱਖ-ਵੱਖ ਸਾਖੀਕਾਰਾਂ ਨੇ ਵੱਖ ਵੱਖ ਲਿਖਿਆ ਹੈ। ਬਾਲਾ ਜਨਮਸਾਖੀ ਮੁਤਾਬਿਕ ਗੁਰੂ ਜੀ ਉਥੇ ਮੱਘਰ 1540 (1483) ਤੋਂ ਮਾਘ 1543 (1486) ਤਕ ਮੋਦੀ ਰਹੇ (ਇਸ ਹਿਸਾਬ ਨਾਲ ਗੁਰੂ ਜੀ ਦੀ ਉਮਰ ਉਸ ਸਮੇਂ 14 ਤੋਂ 17 ਸਾਲ ਦੀ ਸੀ)। ਮਿਹਰਬਾਨ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਜੀ ਉੱਥੇ 1507 ਤਕ, ਤਿੰਨ ਸਾਲ ਰਹੇ ਸਨ। ਸ਼੍ਰੋਮਣੀ ਕਮੇਟੀ ਦੇ ਲੱਗੇ ਇਕ ਬੋਰਡ ਮੁਤਾਬਿਕ ਗੁਰੂ ਜੀ ਉੱਥੇ 14 ਸਾਲ ਤੋਂ ਵਧ ਸਮਾਂ ਰਹੇ ਸਨ (ਜੋ ਗ਼ਲਤ ਹੈ ਅਤੇ ਏਨਾ ਸਮਾਂ ਕਿਸੇ ਵੀ ਜਨਮਸਾਖੀ ਵਿਚ ਨਹੀਂ ਲਿਖਿਆ ਹੋਇਆ).
(ਡਾ. ਹਰਜਿੰਦਰ ਸਿੰਘ ਦਿਲਗੀਰ)