ਭਾਰਤ ਦੇ ਦੱਖਣ ਵਲ ਇਕ ਟਾਪੂ ਅਤੇ ਮੁਲਕ ਸ੍ਰੀਲੰਕਾ, ਜਿਸ ਨੂੰ ਪੁਰਤਗਾਲੀਆਂ ਨੇ 1509 ਵਿਚ ਸਿਲੋਨ ਦਾ ਨਾਂ ਦਿੱਤਾ ਸੀ, ਤੇ 1972 ਵਿਚ ਇਸ ਦਾ ਨਾਂ ਦੋਬਾਰਾ ਸ੍ਰੀਲੰਕਾ ਰਖ ਦਿੱਤਾ ਗਿਆ ਸੀ। ਇਸ ਮੁਲਕ ਵਿਚ ਪ੍ਰਾਚੀਨ ਸਭਿਅਤਾ ਦੀਆਂ ਸਵਾ ਲੱਖ ਸਾਲ ਪੁਰਾਣੀਆਂ ਨਿਸ਼ਾਨੀਆਂ ਮਿਲਦੀਆਂ ਹਨ।
ਦੁਨੀਆਂ ਦੇ ਦੋ ਮਸ਼ਹੂਰ ਥਾਂ ਐਡਮਜ਼ ਹਿਲ ਅਤੇ ਐਡਮਜ਼ ਬਰਿੱਜ ਇੱਥੇ ਹੀ ਹਨ। ਇੱਥੋਂ ਦੇ ਮੁਖ ਸ਼ਹਿਰ ਕੋਲੰਬੋ, ਦੇਹੀਵਾਲਾ-ਮਾਊਂਟ, ਮੋਰਾਟਵੂਆ, ਸ੍ਰੀ ਜੈਵਰਧਨਪੁਰਾ ਕੋਟੀ, ਕੈਂਡੀ, ਤ੍ਰਿਨਕੋਮਲੀ, ਬੈਟੀਕਲੋਆ, ਜਾਫ਼ਨਾ, ਅਨੁਰਾਧਾਪੁਰਾ ਆਦਿ ਹਨ। ਇੱਥੋਂ ਦੀ ਆਬਾਦੀ 2 ਕਰੋੜ 2 ਲੱਖ 77 ਹਜ਼ਾਰ ਅਤੇ
ਰਕਬਾ 65610 ਵਰਗ ਕਿਲੋਮੀਟਰ ਹੈ।
ਇਸ ਜਗਹ ਗੁਰੂ ਨਾਨਕ ਸਾਹਿਬ 1511 ਵਿਚ ਆਏ ਸਨ।ਨਾਗਾਪਟਨਮ ਤੋਂ ਗੁਰੂ ਨਾਨਕ ਸਾਹਿਬ ਬੇੜੀ ਰਾਹੀਂ ਸ੍ਰੀਲੰਕਾ ਗਏ (ਸ੍ਰੀਲੰਕਾ ਦਾ ਨਾਂ ਜਨਮਸਾਖੀਆਂ ਵਿਚ „ਸਿੰਘਲਾਦੀਪ‟ ਲਿਖਿਆ ਮਿਲਦਾ ਹੈ, ਕਿਉਂਕਿ ਇਹ ਸਿਨਹਾਲੀ/ਸਿੰਘਾਲੀ ਲੋਕਾਂ ਦਾ ਮੁਲਕ ਹੈ, ਇਸ ਕਰ ਕੇ ਇਸ ਨੂੰ „ਸਿਨਹਾਲੀ ਦੀਪ‟ ਜਾਂ ਸਿੰਘਲਾਦੀਪ ਵੀ ਆਖਦੇ ਸਨ)। ਗੁਰੂ ਨਾਨਕ ਸਾਹਿਬ 5 ਮਾਰਚ 1511 ਦੇ ਦਿਨ ਸ੍ਰੀਲੰਕਾ ਵਿਚ ਮੌਜੂਦ ਸਨ।
ਸ੍ਰੀਲੰਕਾ ਵਿਚ ਗੁਰੂ ਸਾਹਿਬ ਦਾ ਪਹਿਲਾ ਪੜਾਅ ਇਸ ਦੀ ਬੰਦਰਗਾਹ ਜਾਫ਼ਨਾ (ਨਾਗਾਪਟਨਮ ਤੋਂ 150 ਕਿਲੋਮੀਟਰ) ਸੀ। ਜਾਫ਼ਨਾ ਤੋਂ ਮਗਰੋਂ ਆਪ ਦਾ ਪੜਾਅ ਤ੍ਰਿਨਕੋਮਲੀ (230 ਕਿਲੋਮੀਟਰ ਦੂਰ) ਸੀ। ਇਥੋਂ ਆਪ (140 ਕਿਲੋਮੀਟਰ ਦੂਰ) ਪੂਰਬੀ ਲੰਕਾ ਦੇ ਸਭ ਤੋਂ ਵੱਡੇ ਸ਼ਹਿਰ ਮਟੀਆਕੁਲਮ (ਜਿਸ ਨੂੰ ਅਜ ਕਲ੍ਹ ਬੈਟੀਕੁਲੋਆ ਆਖਦੇ ਹਨ) ਪਹੁੰਚੇ। ਉਦੋਂ ਇਹ ਸ੍ਰੀਲੰਕਾ ਦੀ ਸਭ ਤੋਂ ਵੱਡੀ ਰਿਆਸਤ ਦੀ ਰਾਜਧਾਨੀ ਸੀ। ਬੈਟੀਕੁਲੋਆ ਦਾ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਬਾਰੇ ਪਹਿਲੋਂ ਹੀ ਜਾਣਦਾ ਸੀ। ਲਾਹੌਰ ਦਾ ਭਾਈ ਮਨਸੁਖ ਇਕ ਵਾਰ ਵਪਾਰ ਦੇ ਸਿਲਸਿਲੇ ਵਿਚ ਏਥੇ ਆਇਆ ਸੀ ਅਤੇ ਉਸ ਨੇ ਰਾਜੇ ਨੂੰ ਗੁਰੂ ਸਾਹਿਬ ਦੇ ਫ਼ਲਸਫ਼ੇ ਬਾਰੇ ਦਸਿਆ ਸੀ। ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਖ਼ਾਹਿਸ਼ ਦਾ ਇਜ਼ਹਾਰ ਕੀਤਾ ਤਾਂ ਭਾਈ ਮਨਸੁਖ ਨੇ ਉਸ ਨੂੰ ਆਖਿਆ ਸੀ ਕਿ ਕੀ ਪਤਾ ਕਦੇ ਗੁਰੂ ਸਾਹਿਬ ਤੇਰੇ ਕੋਲ ਆਪ ਹਾਜ਼ਿਰ ਹੋ ਜਾਣ। (ਇਹ ਵੀ ਹੋ ਸਕਦਾ ਹੈ ਕਿ ਭਾਈ ਮਨਸੁਖ ਨੇ ਹੀ ਗੁਰੂ ਜੀ ਨੂੰ ਰਾਜੇ ਦੀ ਸ਼ਰਧਾ ਦਸ ਕੇ ਸ੍ਰੀਲੰਕਾ ਜਾਣ ਬਾਰੇ ਅਰਜ਼ ਕੀਤੀ ਹੋਵੇ)। ਹੁਣ ਜਦੋਂ ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਈ। ਉਹ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਨੂੰ ਆਪਣੇ ਮਹਿਲ ਵਿਚ ਲੈ ਗਿਆ। ਰਾਜੇ ਕੋਲ ਇਕ ਦਿਨ ਰਹਿ ਕੇ ਗੁਰੂ ਸਾਹਿਬ ਬੈਟੀਕੁਲੋਆ ਤੋਂ ਚਲੇ ਗਏ। ਇਥੋਂ ਟੁਰ ਕੇ ਉਨ੍ਹਾਂ ਨੇ ਪਹਿਲਾ ਪੜਾਅ ਤਕਰੀਬਨ 20 ਕਿਲੋਮੀਟਰ ਦੂਰ ਕੀਤਾ। ਜਿੱਥੇ ਗੁਰੂ ਸਾਹਿਬ ਠਹਿਰੇ ਸੀ, ਉੱਥੇ ਇਕ ਨਿੱਕਾ ਜਿਹਾ ਪਿੰਡ ਸੀ, ਜੋ ਵਕਤ ਬੀਤਣ ਨਾਲ ਇਕ ਕਸਬਾ ਬਣ ਗਿਆ। ਉਸ ਦਾ ਨਾਂ ਅਜ ਕਲ੍ਹ ਕੁਰੂਕਲ ਮੰਡਮ ਹੈ। 2019 ਵਿਚ ਇਸ ਨਗਰ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਇਕ ਨਿੱਕਾ-ਜਿਹਾ ਗੁਰਦੁਅਰਾ ਬਣਾਇਆ ਗਿਆ ਹੈ:
ਕੁਰੂਕਲ ਮੰਡਮ ਤੋਂ ਟੁਰ ਕੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਕਰਤਰਗਾਮਾ ਨੂੰ ਚਲ ਪਏ। ਪਹਾੜੀਆਂ ਪਾਰ ਕਰਦੇ ਹੋਏ ਗੁਰੂ ਸਾਹਿਬ „ਕੋਟੀ‟ ਨਾਂ ਦੀ ਰਿਆਸਤ ਵਿਚ ਦਾਖ਼ਿਲ ਹੋ ਗਏ। ਕੋਟੀ ਵਿਚ ਉਸ ਵੇਲੇ ਰਾਜਾ ਧਰਮਾ ਪ੍ਰਕਰਮਾ ਬਾਹੂ ਦੀ ਹਕੂਮਤ ਸੀ। ਉਸ ਰਿਆਸਤ ਵਿਚ ਉਸ ਵੇਲੇ ਬੋਧੀਆਂ ਦਾ ਵਧੇਰੇ ਅਸਰ ਸੀ। ਰਾਜੇ ਦੇ ਦਰਬਾਰ ਵਿਚ ਬੋਧੀਆਂ ਦੇ ਮੁਖੀ ਅਤੇ ਗੁਰੂ ਸਾਹਿਬ ਵਿਚ, ਰੂਹਾਨੀਅਤ ਦੇ ਨੁਕਤਿਆਂ ਬਾਰੇ ਚਰਚਾ ਹੋਈ। ਬੋਧੀਆਂ ਦਾ ਪਾਸਾ ਕਮਜ਼ੋਰ ਵੇਖ ਕੇ ਪਾਂਡੇ (ਹਿੰਦੂ) ਵੀ ਬੋਧੀਆਂ ਦੇ ਨਾਲ ਰਲ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਚਿਆਰ ਦੀ ਜ਼ਿੰਦਗੀ ਜੀਣ ਦਾ ਸਬਕ ਦਿਤਾ। ਗੁਰੂ ਸਾਹਿਬ ਕੁਝ ਦਿਨ ਕੋਟੀ ਰਹੇ ਤੇ ਫੇਰ ਅਗੇ ਚਲ ਪਏ। ਕੋਟੀ ‟ਚ ਗੁਰੂ ਸਾਹਿਬ ਦੇ ਆਉਣ ਬਾਰੇ ਇਕ ਪੁਰਾਣੇ ਸ਼ਿਲਾਲੇਖ ਵਿਚ ਵੀ ਜ਼ਿਕਰ ਆਉਂਦਾ ਹੈ। ਇਹ ਪੱਥਰ ਦੀ ਸ਼ਿਲਾਲੇਖ ਸ੍ਰੀਲੰਕਾ ਦੇ ਸ਼ਹਿਰ ਅਨਰਾਧਾਪੁਰਮ ਦੇ ਇਕ ਅਜਾਇਬ ਘਰ ਵਿਚ ਪਈ ਕਹੀ ਜਾਂਦੀ ਹੈ। ਇਸ ਦਾ ਨੰ: 111 ਹੈ। ਇਸ ਵਿਚ ਗੁਰੂ ਸਾਹਿਬ ਦਾ ਨਾਂ “ਨਾਨਕ ਅਚਾਰਿਆ” ਲਿਖਿਆ ਹੋਇਆ ਹੈ। ਸ੍ਰੀਲੰਕਾ ਉਦੋਂ 7-8 ਰਿਆਸਤਾਂ ਵਿੱਚ ਵੰਡਿਆ ਹੋਇਆ ਸੀ ਤੇ ਹਰ ਰਿਆਸਤ ਦੇ ਵਖਰੇ-ਵਖਰੇ ਰਾਜੇ ਸਨ।(ਕੋਲੰਬੋ ਤੋਂ ਅਨੁਰਾਧਾਪੁਰਾ 210 ਕਿਲੋਮੀਟਰ, ਬੈਟੀਕਲੋਆ ਤੋਂ ਕੋਟੀਆ ਗਲਾ 181 ਕਿਲੋਮੀਟਰ, ਬੈਟੀਕਲੋਆ ਤੋਂ ਅਵਿਸਵੇਲਾ 275 ਕਿਲੋਮੀਟਰ ਹੈ)।
ਕੋਟੀ ਤੋਂ ਚਲ ਕੇ ਗੁਰੂ ਸਾਹਿਬ ਸੀਤਾਵਾਕਾ ਪੁਜੇ। ਅਜ ਕਲ੍ਹ ਇਸ ਨਗਰ ਨੂੰ ਅਵਿਸਵੇਲਾ ਆਖਦੇ ਹਨ। ਇਥੋਂ ਆਪਅਨਰਾਧਾਪੁਰਾ (ਅਨਰਾਥਾਪੁਰਮ) ਪੁਜੇ। ਅਨਰਾਥਾਪੁਰਮ, ਉਨ੍ਹਾਂ ਦਿਨਾਂ ਵਿਚ ਸ੍ਰੀਲੰਕਾ ਦੀ ਇਕ ਰਿਆਸਤ ਦੀ ਰਾਜਧਾਨੀ ਸੀ। ਕੁਝ ਚਿਰ ਏਥੇ ਠਹਿਰ ਕੇ ਆਪ ਮੰਨਾਰ ਕਸਬੇ (ਟਾਪੂ, ਮੰਨਾਰ ਦੀ ਖਾੜੀ) ਵਿਚ ਪੁਜੇ। ਇਸ ਦੌਰਾਨ ਆਪ ਦੇ ਦਰਸ਼ਨ ਭਾਈ ਚੰਗਾ ਭਾਟੜਾ ਨੇ ਵੀ ਕੀਤੇ। ਚੰਗਾ ਭਾਟੜਾ ਕਿਸ ਨਗਰ ਦਾ ਸੀ, ਇਹ ਤਾਂ ਪਤਾ ਨਹੀਂ ਲਗਦਾ, ਪਰ ਸ੍ਰੀਲੰਕਾ ਦਾ ਵਾਸੀ ਹੋਣ ਦਾ ਜ਼ਿਕਰ ਜ਼ਰੂਰ ਮਿਲਦਾ ਹੈ। ਮੈਨਰ ‟ਚ ਸਿੱਖੀ ਦੀ ਸਿਖਿਆ ਦੇਣ ਮਗਰੋਂ ਆਪ ਫਿਰ ਵਾਪਿਸ ਦਰਾਵਿੜ ਦੇਸ਼ (ਹੁਣ ਦੱਖਣੀ ਭਾਰਤ) ਵਲ ਚਲ ਪਏ। ਗੁਰੂ ਸਾਹਿਬ ਦੀ ਯਾਦ ਵਿਚ ਸ੍ਰੀਲੰਕਾ ਵਿਚ ਕੋਈ ਗੁਰਦੁਆਰਾ ਨਹੀਂ ਹੈ। ਆਪ ਸ੍ਰੀਲੰਕਾ ਦੇ ਨਗਰ ਮੰਨਾਰ ਤੋਂ ਤਲਾਏਮੰਨਾਰ (ਬੰਦਰਗਾਹ) ਪੁੱਜੇ ਤੇ ਏਥੋਂ, ਬੇੜੀ ਵਿਚ ਸਵਾਰ ਹੋ ਕੇ, 30 ਕਿਲੋਮੀਟਰ ਦੂਰ, ਦਰਾਵੜ ਦੇਸ (ਤਾਮਿਲਨਾਡੂ) ਦੇ ਪਿੰਡ ਧਨੁਸਕੋਡੀ ਪੁੱਜੇ। ਧਨੁਸਕੋਡੀ ਵਿਚ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਸੀ। (ਇਹ ਨਗਰ 23 ਦਸੰਬਰ 1964 ਦੇ ਇਕ ਬਹੁਤ ਜ਼ਬਰਦਸਤ ਸਮੁੰਦਰੀ ਤੁਫ਼ਾਨ ਵਿਚ ਤਬਾਹ ਹੋ ਗਿਆ ਸੀ ਤੇ ਇਕ ਰੇਲ ਗੱਡੀ ਸਣੇ, ਹਜ਼ਾਰਾਂ ਲੋਕ ਸਮੁੰਦਰ ਵਿਚ ਰੁੜ੍ਹ ਗਏ ਸਨ; ਹੁਣ ਵੀ ਇਹ ਸਿਰਫ਼ ਦਲਦਲ ਹੀ ਹੈ; ਲੋਕ ਇਸ ਨੂੰ ਭੂਤਾਂ ਦਾ ਨਗਰ ਕਹਿੰਦੇ ਹਨ).
(ਡਾ. ਹਰਜਿੰਦਰ ਸਿੰਘ ਦਿਲਗੀਰ)