ਪਟਿਆਲਾ ਜ਼ਿਲ੍ਹਾ ਵਿਚ (ਪਟਿਆਲਾ ਤੋਂ 33 ਕਿਲੋਮੀਟਰ ਦੂਰ) ਇਕ ਪ੍ਰਾਚੀਨ ਨਗਰ, ਜੋ ਕਦੇ ਰਾਜਾ ਜੈ ਪਾਲ ਦੇ ਰਾਜ ਦਾ ਹਿੱਸਾ ਰਿਹਾ ਸੀ। ਰਾਜਾ ਜੈ ਪਾਲ ਦੀ ਹਕੂਮਤ ਲਘਮਾਨ/ਲਮਘਾਨ (ਅਫ਼ਗ਼ਾਨਿਸਤਾਨ) ਤੋਂ ਪਿਸ਼ਾਵਰ, ਮੁਲਤਾਨ ਕਸ਼ਮੀਰ ਅਤੇ ਇਧਰ ਸਮਾਣਾ ਤੇ ਸਰਹੰਦ ਤਕ ਸੀ। ਉਸ ਦੇ ਪੁੱਤਰ ਜੈ ਪਾਲ ਨੂੰ ਮਹਿਮੂਦ ਗ਼ਜ਼ਨਵੀ ਨੇ ਸੰਨ 1001 ਵਿਚ ਹਰਾ ਕੇ ਭਜਾ ਦਿੱਤਾ ਸੀ। ਇਸ ਮਗਰੋਂ ਇਸ ਇਲਾਕੇ ਵਿਚ ਮੁਸਲਮਾਨਾਂ ਦੀ ਹਕੂਮਤ ਕਾਇਮ ਹੋ ਗਈ ਸੀ। ਇਸ ਮਗਰੋਂ ਸਮਾਣਾ ਮਾਲਵਾ ਤੇ ਬਾਂਗਰ ਦੇਸ ਦੀ ਰਾਜਧਾਨੀ ਰਿਹਾ ਸੀ। 1360 ਵਿਚ ਫ਼ੀਰੋਜ਼ਸ਼ਾਹ ਤੁਗਲਕ ਨੇ ਸਮਾਣਾ ਦੀ ਥਾਂ ਸਰਹੰਦ ਨੂੰ ਰਾਜਧਾਨੀ ਬਣਾ ਦਿਤਾ ਤੇ ਸਮਾਣਾ ਨਗਰ ਦੀ ਅਹਮੀਅਤ ਘਟ ਗਈ। ਫਿਰ ਵੀ, 1709 ਵਿਚ ਵੀ, ਇਸ ਦੇ ਨੌਂ ਪਰਗਨੇ ਸਨ। ਅਜੇ ਵੀ ਬਹੁਤ ਸਾਰੇ ਸਈਅਦ (ਮੁਸਲਮਾਨਾਂ ਵਿਚ ਸਭ ਤੋਂ ਉੱਚਾ ਖ਼ਾਨਦਾਨ) ਅਤੇ ਅਮੀਰ-ਵਜ਼ੀਰ ਏਥੇ ਹੀ ਰਹਿੰਦੇ ਸਨ। ਅਜਿਹੇ ਲੋਕ ਸੈਂਕੜਿਆਂ ਦੀ ਗਿਣਤੀ ਵਿਚ ਸਨ। ਇਨ੍ਹਾਂ ਵਿਚੋਂ 22 ਉਮਰਾ (ਅਮੀਰ ਦਾ ਬਹੁ ਵਚਨ) ਤਾਂ ਉਹ ਸਨ ਜਿਨ੍ਹਾਂ ਨੂੰ ਨਿਜੀ ਪਾਲਕੀਆਂ ਵਿਚ ਆਉਣ-ਜਾਣ ਦਾ ਹੱਕ ਹਾਸਿਲ ਸੀ। ਇਨ੍ਹਾਂ ਸਾਰਿਆਂ ਦੀਆਂ ਹਵੇਲੀਆਂ ਕਿਲ੍ਹਿਆਂ ਵਰਗੀਆਂ ਸਨ। ਇੱਥੋਂ ਦਾ ਮੁਖ ਕਿਲ੍ਹਾ ਵੀ ਬੜਾ ਮਜ਼ਬੂਤ ਸੀ (ਇਸ ਕਿਲ੍ਹੇ ਦੀ ਕੰਧ ਦਾ ਇਕ ਹਿੱਸਾ ਅਜ ਵੀ ਮੌਜੂਦ ਹੈ)। ਪਰ ਸਮਾਣੇ ਦੇ ਇਸ ਵੱਡੇ ਕਿਲ੍ਹੇ ਵਿਚ ਮੁਗ਼ਲ ਫ਼ੌਜਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਸੀ ਕਿਉਂਕਿ ਉੱਥੋਂ ਦੇ ਫ਼ੌਜਦਾਰ ਨੂੰ ਕਦੇ ਵੀ ਕਿਸੇ ਹਮਲੇ ਦੀ ਆਸ ਨਹੀਂ ਸੀ ਤੇ ਸਿੱਖਾਂ ਦਾ ਹਮਲਾ ਤਾਂ ਉਹ ਸੁਫ਼ਨੇ ਵਿਚ ਵੀ ਨਹੀਂ ਸੀ ਸੋਚ ਸਕਦਾ।
ਸਮਾਣਾ ਦਾ ਸਿੱਖ ਤਵਾਰੀਖ਼ ਨਾਲ ਇਕ ਹੋਰ ਸਬੰਧ ਵੀ ਸੀ। 11 ਨਵੰਬਰ 1675 ਦੇ ਦਿਨ ਚਾਂਦਨੀ ਚੌਕ ਦਿੱਲੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਧੜ ਤੋਂ ਜੁਦਾ ਕਰਨ ਵਾਲਾ ਜੱਲਾਦ ਸੱਯਦ ਜਲਾਲੁੱਦੀਨ ਇੱਥੋਂ ਦਾ ਹੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਨੂੰ ਵੀ ਇਸੇ ਸ਼ਹਿਰ ਦੇ ਜੱਲਾਦਾਂ ਸਈਅਦ ਸ਼ਾਸ਼ਲ ਬੇਗ਼ ਤੇ ਬਾਸ਼ਲ ਬੇਗ਼ ਨੇ ਹੀ, 12 ਦਸੰਬਰ 1705 ਦੇ ਦਿਨ, ਕਤਲ ਕੀਤਾ ਸੀ। ਅਨੰਦਪੁਰ ਸਾਹਿਬ ‟ਚ 4 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਨੂੰ ਬਾਦਸ਼ਾਹ ਦੀ ਨਕਲੀ ਚਿੱਠੀ ਪਹੁੰਚਾਉਣ ਵਾਲਾ ਸੱਯਦ ਅਲੀ ਹੁਸੈਨ ਵੀ ਇੱਥੋਂ ਦਾ ਹੀ ਸੀ। ਸਿੱਖ ਇਸ ਨੂੰ “ਜੱਲਾਦਾਂ ਦਾ ਸ਼ਹਿਰ” ਆਖ ਕੇ ਚੇਤੇ ਕਰਦੇ ਸਨ। ਇਸ ਕਰ ਕੇ ਵੀ ਬੰਦਾ ਸਿੰਘ ਨੇ ਸਭ ਤੋਂ ਪਹਿਲਾਂ (ਜੋ ਉਨ੍ਹਾਂ ਦੀ ਪਨਾਹਗਾਹ ਖਾਂਡਾ ਤੋਂ 90 ਕਿਲੋਮੀਟਰ ਦੂਰ ਸੀ) ਇਸੇ ਸ਼ਹਿਰ ਨੂੰ ਸੋਧਣ ਦਾ ਫ਼ੈਸਲਾ ਕੀਤਾ।
26 ਨਵੰਬਰ 1709 ਦੇ ਦਿਨ ਤੜਕਸਾਰ ਹੀ ਬਾਬਾ ਬੰਦਾ ਸਿੰਘ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਨੇ ਅਚਾਣਕ ਹੀ ਸਮਾਣੇ ‟ਤੇ ਹਮਲਾ ਕਰ ਦਿਤਾ। ਸ਼ਹਿਰ ਦੇ ਮੁਗ਼ਲ ਹਾਕਮ ਉਸ ਵੇਲੇ ਬੇਖ਼ਬਰ ਸਨ। ਸਿੱਖਾਂ ਨੇ ਇੱਕੋ ਹੱਲੇ ਵਿਚ ਹੀ ਸ਼ਹਿਰ ਦਾ ਇਕ ਦਰਵਾਜ਼ਾ ਤੋੜ ਦਿਤਾ ਅਤੇ ਮੁਕਾਬਲਾ ਕਰਨ ਵਾਲੇ ਹਰ ਇਕ ਫ਼ੌਜੀ ਨੂੰ ਕਤਲ ਕਰਨਾ ਸ਼ੁਰੂ ਕਰ ਦਿਤਾ। ਮੁਗਲ ਫ਼ੌਜਾਂ ਨੇ ਕਾਫ਼ੀ ਮੁਕਾਬਲਾ ਕੀਤਾ ਪਰ ਕੁਝ ਹੀ ਘੰਟਿਆਂ ਵਿਚ ਨਗਰ ਅਤੇ ਇਸ ਦੇ ਕਿਲ੍ਹੇ ‘ਤੇ ਸਿੱਖਾਂ ਦਾ ਕਬਜ਼ਾ ਹੋ ਚੁਕਾ ਸੀ।
ਸਮਾਣੇ ਉੱਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ ਕਿਸੇ ਵੀ ਨਿਰਦੋਸ਼ ਬੰਦੇ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਸਿਰਫ਼ ਜ਼ਾਲਮ ਹਾਕਮਾਂ ਅਤੇ ਜੱਲਾਦਾਂ ਨੂੰ ਹੀ ਸਜ਼ਾ ਦਿਤੀ ਜਾਵੇਗੀ। ਮੁਕਾਮੀ ਲੋਕਾਂ ਵਿਚ ਬਹੁਤੇ ਆਮ ਮੁਸਲਮਾਨ ਕਿਸਾਨ ਹੀ ਸਨ ਜੋ ਜ਼ਮੀਨਾਂ ਦੇ ਮਾਲਕ ਨਹੀਂ ਸਨ ਬਲਕਿ ਮੁਜ਼ਾਰੇ ਸਨ। ਉਹ ਮੁਗ਼ਲ ਤੇ ਜੱਲਾਦ ਸੱਯਦ ਜਗੀਰਦਾਰਾਂ ਤੋਂ ਬਹੁਤ ਦੁਖੀ ਸਨ। ਇਸ ਕਰ ਕੇ ਉਨ੍ਹਾਂ ਨੂੰ ਜਗੀਰਦਾਰਾਂ ਤੇ ਅਮੀਰਾਂ ਨਾਲ ਕੋਈ ਹਮਦਰਦੀ ਨਹੀਂ ਸੀ। ਇਨ੍ਹਾਂ ਕਿਸਾਨਾਂ ਨੇ ਸਿੱਖ ਫ਼ੌਜਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਨੇ ਸਿੱਖਾਂ ਦਾ ਸਾਥ ਦਿੱਤਾ ਤੇ ਅਮੀਰਾਂ ਤੇ ਜ਼ਾਲਮਾਂ ਬਾਰੇ ਵਾਕਫ਼ੀ ਦਿੱਤੀ। ਇਨ੍ਹਾਂ ਤੋਂ ਵਾਕਫ਼ੀ ਹਾਸਿਲ ਕਰ ਕੇ ਸਿੱਖ ਫ਼ੌਜਾਂ ਨੇ ਅਮੀਰਾਂ, ਵਜ਼ੀਰਾਂ ਅਤੇ ਜੱਲਾਦਾਂ ਦੀਆਂ ਕਿਲ੍ਹਾ-ਨੁਮਾ ਹਵੇਲੀਆਂ ਤੇ ਘਰਾਂ ਦੀ ਨਿਸ਼ਾਨ-ਦੇਹੀ ਕੀਤੀ ਅਤੇ ਇਨ੍ਹਾਂ ਸਾਰਿਆਂ ਨੂੰ ਘੇਰਾ ਪਾ ਲਿਆ। ਉਨ੍ਹਾਂ ਨੇ ਆਪਣੀਆਂ ਹਵੇਲੀਆਂ ਅਤੇ ਕਿਲ੍ਹਿਆਂ ਵਿੱਚੋਂ ਸਿੱਖਾਂ ‟ਤੇ ਗੋਲਾਬਾਰੀ ਕਰਨੀ ਤੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਸਿੱਖ ਇਸ ਖ਼ਤਰਨਾਕ ਹਮਲੇ ਦੇ ਬਾਵਜੂਦ ਡਟੇ ਰਹੇ। ਅਖ਼ੀਰ ਮਜਬੂਰ ਹੋ ਕੇ ਸਿੱਖਾਂ ਨੇ ਇਨ੍ਹਾਂ ਕਿਲ੍ਹਾ-ਨੁਮਾ ਹਵੇਲੀਆਂ ਨੂੰ ਅੱਗ ਲਾ ਦਿੱਤੀ ਜਿਸ ਨਾਲ ਬਹੁਤ ਸਾਰੇ ਸੱਯਦ ਮੁਗ਼ਲ ਅੰਦਰ ਸੜ ਕੇ ਮਰ ਗਏ ਤੇ ਜਿਹੜੇ ਅੱਗ ਤੋਂ ਬਚਣ ਵਾਸਤੇ ਹਥਿਆਰ ਲੈ ਕੇ ਬਾਹਰ ਨਿਕਲੇ ਉਹ ਸਿੱਖ ਫ਼ੌਜਾਂ ਦੀਆਂ ਤਲਵਾਰਾਂ ਤੇ ਨੇਜ਼ਿਆਂ ਦਾ ਸ਼ਿਕਾਰ ਬਣ ਗਏ। ਤੜਕੇ ਤੋਂ ਲੈ ਕੇ ਸ਼ਾਮ ਤਕ ਸਮਾਣਾ ਦੀਆਂ ਗਲੀਆਂ ਵਿਚ ਜ਼ਬਰਦਸਤ ਲੜਾਈ ਚਲਦੀ ਰਹੀ। ਕਈ ਮੁਗ਼ਲ ਤੇ ਸੱਯਦ ਤਾਂ ਜਾਨ ਤੋੜ ਕੇ ਲੜੇ ਪਰ ਅਖ਼ੀਰ ਮਾਰੇ ਗਏ।
ਅਜੇ ਸ਼ਾਮ ਪੂਰੀ ਤਰ੍ਹਾਂ ਢਲੀ ਨਹੀਂ ਸੀ ਕਿ ਸਿੱਖਾਂ ਦਾ ਟਾਕਰਾ ਕਰਨ ਵਾਲੇ ਸਾਰੇ ਮੁਗ਼ਲ ਤੇ ਸੱਯਦ ਖ਼ਤਮ ਹੋ ਚੁਕੇ ਸਨ ਜਾਂ ਸ਼ਹਿਰ ‟ਚੋਂ ਦੌੜ ਚੁਕੇ ਸਨ। ਹੁਣ ਸ਼ਹਿਰ ਵਿਚ ਆਮ ਕਿਸਾਨਾਂ ਤੇ ਮਜ਼ਦੂਰਾਂ ਤੋ ਸਿਵਾ ਹਾਕਮ ਜਮਾਤ ਦੇ ਸਿਰਫ਼ ਬੱਚੇ, ਔਰਤਾਂ ਤੇ ਕੁਝ ਕੂ ਉਹ ਬੁੱਢੇ ਹੀ ਰਹਿ ਗਏ ਸਨ ਜਿਨ੍ਹਾਂ ਨੇ ਸਿੱਖਾਂ ਦਾ ਮੁਕਾਬਲਾ ਨਹੀਂ ਸੀ ਕੀਤਾ। ਸਿੱਖਾਂ ਨੇ ਕਿਸੇ ਵੀ ਔਰਤ, ਬੁੱਢੇ ਤੇ ਬੱਚੇ ਨੂੰ ਕੁਝ ਵੀ ਨਾ ਕਿਹਾ। ਸਿੱਖਾਂ ਨੇ ਤਾਂ ਕਿਸੇ ਮਸੀਤ ‟ਤੇ ਵੀ ਹਮਲਾ ਨਹੀਂ ਸੀ ਕੀਤਾ ਕਿਉਂਕਿ ਸਿੱਖਾਂ ਦੀ ਇਹ ਲੜਾਈ ਇਸਲਾਮ ਦੇ ਖ਼ਿਲਾਫ਼ ਨਹੀਂ ਸੀ ਬਲਕਿ ਜ਼ੁਲਮ ਦੇ ਖ਼ਿਲਾਫ਼ ਸੀ। ਇਸ ਕਰ ਕੇ ਅੱਜ ਵੀ ਸਮਾਣਾ ਵਿਚ ਉਸ ਜ਼ਮਾਨੇ ਦੀਆਂ ਘਟ ਤੋਂ ਘਟ ਦਰਜਨ ਮਸੀਤਾਂ, ਮਕਬਰੇ ਤੇ ਹੋਰ ਈਮਾਰਤਾਂ ਮੌਜੂਦ ਹਨ।
ਰਾਤ ਪੈਣ ਤੋਂ ਪਹਿਲਾਂ ਸਮਾਣਾ ਸਿੱਖਾਂ ਦੇ ਕਬਜ਼ੇ ਵਿਚ ਆ ਚੁਕਾ ਸੀ। ਇਸ ਲੜਾਈ ਦੌਰਾਨ ਮਰਨ ਵਾਲਿਆਂ ਮੁਗ਼ਲਾਂ ਤੇ ਸੱਯਦਾਂ ਦੀ ਗਿਣਤੀ ਵੱਖ-ਵੱਖ ਸੋਮੇ ਪੰਜ ਤੋਂ ਦਸ ਹਜ਼ਾਰ ਤਕ ਲਿਖਦੇ ਹਨ। ਸਿਰਫ਼ ਮੌਤਾਂ ਹੀ ਨਹੀਂ ਬਲਕਿ ਸ਼ਹਿਰ ਦੀਆਂ ਬਹੁਤੀਆਂ ਹਵੇਲੀਆਂ ਸੜ ਕੇ ਸੁਆਹ ਹੋ ਚੁਕੀਆਂ ਸਨ। ਸਮਾਣਾ ਦੇ ਆਮ ਕਿਰਸਾਨ ਸੱਯਦਾਂ ਤੇ ਮੁਗ਼ਲ ਹਾਕਮਾਂ ਦੇ ਜ਼ੁਲਮਾਂ ਦਾ ਸਦੀਆਂ ਤੋਂ ਸ਼ਿਕਾਰ ਚਲੇ ਆ ਰਹੇ ਸਨ। ਇਸ ਕਰ ਕੇ ਇਸ ਮੌਕੇ ‟ਤੇ ਮੁਸਲਮਾਨ ਮੁਜਾਰਿਆਂ ਨੇ ਵੀ ਸੱਯਦਾਂ, ਪਠਾਨਾਂ ਤੇ ਮੁਗ਼ਲਾਂ ਤੋਂ ਆਪਣੇ ਬਦਲੇ ਲਏ ਪਰ ਉਨ੍ਹਾਂ ਦਾ ਬਹੁਤਾ ਗੁੱਸਾ ਲੁੱਟ-ਮਾਰ ਕਰਨ ਤਕ ਹੀ ਸੀਮਤ ਸੀ। ਅਗਜ਼ਨੀ ਦੀਆਂ ਵਾਰਦਾਤਾਂ ਵਧੇਰੇ ਕਰ ਕੇ ਇਨ੍ਹਾਂ ਦੁਖੀ ਲੋਕਾਂ ਨੇ ਹੀ ਕੀਤੀਆਂ ਸਨ।
ਸਮਾਣੇ ‟ਤੇ ਕਬਜ਼ੇ ਦੌਰਾਨ ਸਿੱਖ ਫ਼ੌਜਾਂ ਨੂੰ ਹਥਿਆਰਾਂ ਦਾ ਵੱਡਾ ਖ਼ਜ਼ਾਨਾ, ਬਹੁਤ ਸਾਰਾ ਸੋਨਾ, ਹੀਰੇ, ਚਾਂਦੀ ਤੇ ਰੁਪੈ ਅਤੇ ਸੈਂਕੜੇ ਘੋੜੇ ਹਾਸਿਲ ਹੋਏ। ਹੁਣ ਸਿੱਖ ਫ਼ੌਜ ਕੋਲ ਕਫ਼ੀ ਅਸਲਾ ਤੇ ਘੋੜੇ ਆ ਚੁਕੇ ਸਨ ਅਤੇ ਉਹ ਕਿਸੇ ਵੀ ਵੱਡੇ ਨਗਰ ‟ਤੇ ਹਮਲਾ ਕਰਨ ਦੀ ਹੈਸੀਅਤ ਵਿਚ ਸੀ। ਸਮਾਣੇ ‟ਤੇ ਕਬਜ਼ੇ ਵਿਚ ਸਭ ਤੋਂ ਵਧ ਰੋਲ ਭਾਈ ਫ਼ਤਹਿ ਸਿੰਘ (ਭਾਈ ਭਗਤੂ ਪਰਵਾਰ ‟ਚੋਂ) ਦਾ ਸੀ। ਬਾਬਾ ਬੰਦਾ ਸਿੰਘ ਨੇ ਭਾਈ ਫ਼ਤਹਿ ਸਿੰਘ ਨੂੰ ਸਮਾਣਾ ਦਾ ਫ਼ੌਜਦਾਰ ਤਾਇਨਾਤ ਕੀਤਾ ਅਤੇ ਕੁਝ ਫ਼ੌਜ ਉਸ ਲਈ ਰਾਖਵੀਂ (ਰੀਜ਼ਰਵ) ਕਰ ਕੇ ਅਗਲੇ ਐਕਸ਼ਨ ਦੀ ਤਿਆਰੀ ਸ਼ੁਰੂ ਕਰ ਦਿਤੀ। ਇਸ ਵੇਲੇ ਤਕ ਉਸ ਦੀ ਫ਼ੌਜ ਵਿਚ 10-12 ਹਜ਼ਾਰ ਸਿੱਖ ਸ਼ਾਮਿਲ ਹੋ ਚੁਕੇ ਸਨ। ਖ਼ਾਫ਼ੀ ਖ਼ਾਨ ਮੁਤਾਬਿਕ: “ਦੋ ਤੋਂ ਤਿੰਨ ਮਹੀਨੇ ਵਿਚ ਹੀ ਚਾਰ ਤੋਂ ਪੰਜ ਹਜ਼ਾਰ ਘੌੜਸਵਾਰ ਅਤੇ ਸੱਤ ਤੋਂ ਅੱਠ ਹਜ਼ਾਰ ਪੈਦਲ ਬੰਦੇ ਉਸ ਨਾਲ ਆ ਰਲੇ। ਹਰ ਦਿਨ ਉਨ੍ਹਾਂ ਦੀ ਗਿਣਤੀ ਵਧਦੀ ਗਈ ਅਤੇ ਉਨ੍ਹਾਂ ਨੇ ਚੋਖਾ ਮਾਲ ਲੁੱਟ ਲਿਆ। ਛੇਤੀ ਹੀ ਅਠਾਰਾਂ ਤੋਂ ਉੱਨੀ ਹਜ਼ਾਰ ਬੰਦਿਆਂ ਨੇ ਲੁੱਟ ਦਾ ਦੌਰ ਸ਼ੂਰੁ ਕਰ ਦਿਤਾ।” (ਖ਼ਾਫ਼ੀ ਖ਼ਾਨ, ਮੁੰਤਖ਼ਬੁਲ ਲੁਬਾਬ, ਚੈਪਟਰ 2, ਸਫ਼ਾ 660)। ਸਮਾਣਾ ਵਿਚੋਂ ਕੁਝ ਕੁ ਮੁਸਲਮਾਨ ਅਮੀਰ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ ਸਨ ਤੇ ਉਨ੍ਹਾਂ ਵਿਚੋਂ ਬਹੁਤੇ ਥਾਨੇਸਰ, ਮੁਰਤਜ਼ਾਪੁਰ ਤੇ ਪਿਹੋਵਾ ਚਲੇ ਗਏ ਸਨ। ਸਮਾਣਾ ਕਦੇ ਮਾਲਵੇ ਦਾ ਸਭ ਤੋਂ ਵੱਡਾ ਨਗਰ ਹੁੰਦਾ ਸੀ ਤੇ ਇੱਥੇ ਤਕਰੀਬਨ ਇਕ ਲੱਖ ਮੁਸਲਮਾਨ ਰਹਿੰਦੇ ਸਨ। ਹੁਣ ਇਸ ਦੀ ਅਬਾਦੀ (2017 ਵਿਚ) ਤਕਰੀਬਨ 55 ਹਜ਼ਾਰ ਹੈ (ਇਨ੍ਹਾਂ ਵਿਚੋਂ 35% ਹਿੰਦੂ, 30% ਸਿੱਖ ਤੇ 30% ਦਲਿਤ ਤੇ 5% ਦੂਜੇ ਧਰਮਾਂ ਵਾਲੇ ਹਨ। ਸਮਾਣਾ ਵਿਚ ਇਕ ਵਾਰ ਗੁਰੂ ਤੇਗ਼ ਬਹਾਦਰ ਸਾਹਿਬ ਵੀ ਗਏ ਸਨ ਤੇ ਉਨ੍ਹਾਂ ਦੀ ਯਾਦ ਵਿਚ, ਨਗਰ ਦੀ ਹੱਦ ਤੋਂ ਬਾਹਰ, „ਗੁਰਦੁਆਰਾ ਥੜ੍ਹਾ ਸਾਹਿਬ‟ ਬਣਿਆ ਹੋਇਆ ਹੈ। ਮੁਕਾਮੀ ਰਿਵਾਇਤ ਮੁਤਾਬਿਕ ਇਸ ਥਾਂ ‟ਤੇ ਬੈਠ ਕੇ ਗੁਰੂ ਜੀ ਨੇ ਸਾਈਂ ਇਨਾਇਤ ਅਲੀ ਨਾਲ ਧਰਮ ਚਰਚਾ ਕੀਤੀ ਸੀ.
ਸਮਾਣਾ ਕਿਲ੍ਹਾ ਦੀ ਬਚੀ-ਖੁਚੀ ਕੰਧ ਦਾ ਇਕ ਹਿੱਸਾ
ਗੁਰਦੁਆਰਾ ਥੜ੍ਹਾ ਸਾਹਿਬ
(ਡਾ. ਹਰਜਿੰਦਰ ਸਿੰਘ ਦਿਲਗੀਰ)