ਜ਼ਿਲ੍ਹਾ ਰੋਪੜ ਦੀ ਮੋਰਿੰਡਾ ਤਹਿਸੀਲ ਵਿਚ (ਚਮਕੌਰ ਤੋਂ 18 ਅਤੇ ਮੁਰਿੰਡਾ ਤੋਂ 3 ਕਿਲੋਮੀਟਰ ਦੂਰ) ਇਕ ਪਿੰਡ, ਜਿੱਥੋਂ ਮਾਤਾ ਗੁਜਰੀ ਤੇ ਦੋ ਨਿੱਕੇ ਸਾਹਿਬਜ਼ਾਦੇ 8 ਦਸੰਬਰ 1705 ਦੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਨ। ਜਦ 5-6 ਦਸੰਬਰ 1705 ਦੀ ਅੱਧੀ ਰਾਤ ਨੂੰ ਗੁਰੁ ਗੋਬਿੰਦ ਸਿੰਘ ਜੀ ਤੇ ਸਿੱਖਾਂ ਨੇ ਅਨੰਦਪੁਰ ਛੱਡਿਆ ਤਾਂ ਸਾਰਿਆਂ ਨੇ ਚਮਕੌਰ ਵਿਚ ਇਕੱਠੇ ਹੋਣ ਦਾ ਫ਼ੈਸਲਾ ਕੀਤਾ ਸੀ। ਇਸ ਕਰ ਕੇ ਮਾਤਾ ਗੁਜਰੀ ਤੇ ਦੋ ਨਿੱਕੇ ਸਾਹਿਬਜ਼ਾਦੇ, ਭਾਈ ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਨਾਲ, ਸਰਸਾ ਨਦੀ ਤੋਂ ਚਲ ਕੇ ਸਿੱਧੇ ਚਮਕੌਰ ਪਹੁੰਚ ਗਏ। ਚਮਕੌਰ ਵਿਚ ਮਾਤਾ ਜੀ ਤੇ ਦੋ ਸਾਹਿਬਜ਼ਾਦਿਆਂ ਨੂੰ ਸਹੇੜੀ ਪਿੰਡ ਦੇ ਧੁੰਮਾ ਤੇ ਦਰਬਾਰੀ, ਜੋ ਕਦੇ ਇਸ ਇਲਾਕੇ ਦੇ ਮਸੰਦ ਹੁੰਦੇ ਹਨ, ਆਪਣੇ ਨਾਲ ਆਪਣੇ ਪਿੰਡ ਲੈ ਗਏ ਤੇ ਭਾਈ ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਆਪਣੇ ਘਰੀਂ ਚਲੇ ਗਏ (ਚਮਕੌਰ ਤੋਂ ਸਹੇੜੀ ਤਕਰੀਬਨ 18 ਕਿਲੋਮੀਟਰ ਹੈ)। ਰਾਤ ਵੇਲੇ ਮਸੰਦਾਂ ਨੇ ਮਾਤਾ ਜੀ ਦੀ ਸੋਨੇ ਦੀਆਂ ਮੁਹਰਾਂ ਵਾਲੀ ਥੈਲੀ ਚੋਰੀ ਕਰ ਲਈ। ਅਗਲੀ ਸਵੇਰ 8 ਦਸੰਬਰ ਦੇ ਦਿਨ ਜਦ ਮਾਤਾ ਜੀ ਨੇ ਸਵੇਰੇ ਉਠ ਕੇ ਥੈਲੀ ਚੋਰੀ ਹੋਣ ਦੀ ਗੱਲ ਕੀਤੀ ਤਾਂ ਮਸੰਦ ਉਲਟਾ ਔਖੇ ਹੋ ਪਏ ਤੇ ਉਨ੍ਹਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਉ¤ਥੇ ਹੋਣ ਬਾਰੇ ਇਤਲਾਹ ਮੋਰਿੰਡਾ ਥਾਣੇ ਭੇਜ ਦਿੱਤੀ। {ਇਕ ਰਿਵਾਇਤ ਮੁਤਾਬਿਕ ਗੰਗੂ ਨੇ ਸਾਹਿਬਜ਼ਾਦਿਆਂ ਨੂੰ ਫੜਵਾਇਆ ਕਿਹਾ ਜਾਂਦਾ ਹੈ (ਪਰ ਕਿਸੇ ਇਕ ਵੀ ਇਤਿਹਾਸਕ ਸੋਮੇ ਵਿਚ ਉਸ ਦਾ ਨਾਂ ਨਹੀਂ ਮਿਲਦਾ), ਹੋ ਸਕਦਾ ਹੈ ਕਿ ਗੰਗੂ ਬ੍ਰਾਹਮਣ ਮਸੰਦਾਂ ਦਾ ਰਸੋਈਆ ਹੋਵੇ}। ਉਸੇ ਦਿਨ ਮੋਰਿੰਡਾ ਤੋਂ ਸਿਪਾਹੀ ਸਹੇੜੀ ਪੁੱਜ ਗਏ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ। 8 ਦਸੰਬਰ ਦੀ ਰਾਤ ਉਨ੍ਹਾਂ ਨੇ ਮੋਰਿੰਡਾ ਥਾਣੇ ਵਿਚਲੇ ਕੈਦਖਾਨੇ ਵਿਚ ਕੱਟੀ। ਅਗਲੀ ਸਵੇਰ ਉਨ੍ਹਾਂ ਨੂੰ ਸਰਹੰਦ ਲਿਜਾਇਆ ਗਿਆ ਤੇ ਇਥੋਂ ਦੇ ਫ਼ੌਜਦਾਰ ਵਜ਼ੀਰ ਖ਼ਾਨ ਕੋਲ ਪੇਸ਼ ਕੀਤਾ ਗਿਆ। ਮਗਰੋਂ ਬੰਦਾ ਸਿੰਘ ਬਹਾਦਰ ਵੇਲੇ ਸਿੱਖ ਫ਼ੌਜਾਂ ਨੇ ਸਹੇੜੀ ’ਤੇ ਹਮਲਾ ਕਰ ਕੇ, ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਦੇ ਜ਼ਿੰਮੇਦਾਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ ਅਤੇ ਧੁੰਮਾ ਤੇ ਦਰਬਾਰੀ ਮਸੰਦਾਂ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ’ਤੇ ਜ਼ੁਲਮ ਕਰਨ ਤੋਂ ਨਾ ਰੋਕਣ ਕਰ ਕੇ ਇਸ ਪਿੰਡ ਨੂੰ ਤਬਾਹ ਕਰ ਦਿੱਤਾ ਸੀ। ਇਹ ਪਿੰਡ ਤਕਰੀਬਨ ਇਕ ਪੂਰੀ ਸਦੀ ਬੇਅਬਾਦ ਰਿਹਾ ਸੀ, ਪਰ ਹੌਲੀ-ਹੌਲੀ ਇਸ ਵਿਚ ਵਸੋਂ ਹੋਣੀ ਸ਼ੁਰੂ ਹੋ ਗਈ ਸੀ। ਸਹੇੜੀ ਵਿਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ: ਇਕ ਪਿੰਡ ਦੇ ਅੰਦਰ (ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਥਾਂ ’ਤੇ ਮਸੰਦਾਂ ਦਾ ਘਰ ਸੀ ਤੇ ਉੱਥੋਂ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ) ਤੇ ਇਕ ਗੁਰਦੁਆਰਾ ਪਿੰਡ ਦੇ ਬਾਹਰ ਮੁਖ ਸੜਕ ’ਤੇ ਬਣਾਇਆ ਗਿਆ ਹੈ.
ਪਿੰਡ ਦੇ ਅੰਦਰ ਦਾ ਗੁਰਦੁਆਰਾ
ਮੁਖ ਸੜਕ ’ਤੇ ਬਣਾਇਆ ਹੋਇਆ ਗੁਰਦੁਆਰਾ
(ਡਾ. ਹਰਜਿੰਦਰ ਸਿੰਘ ਦਿਲਗੀਰ)