TheSikhs.org


Saharanpur


ਸਹਾਰਨਪੁਰ

ਭਾਰਤ ਦੇ ਸੂਬੇ ਉ¤ਤਰ ਪਦੇਸ਼ ਦਾ ਇਕ ਅਹਮ ਨਗਰ, ਜੋ ਦਿੱਲੀ ਤੋਂ 164 ਕਿਲੋਮੀਟਰ ਦੂਰ ਹੈ। ਇਸ ਦੀਆਂ ਹੱਦਾਂ ਉਤਰਾਖੰਡ ਤੇ ਹਰਿਆਣਾ ਸੂਬਿਆਂ ਨਾਲ ਮਿਲਦੀਆਂ ਹਨ।ਮੁਕਾਮੀ ਰਿਵਾਇਤ ਮੁਤਾਬਿਕ ਇਸ ਨਗਰ ਦੀ ਨੀਂਹ ਇਕ ਜੈਨੀ ਅਮੀਰ ਸ਼ਾਹ ਰਣਬੀਰ ਸਿੰਹ (ਜੋ ਮੁਗ਼ਲ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ਖ਼ਜ਼ਾਨਚੀ ਸੀ) ਨੇ ਰੱਖੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨਗਰ ਨੂੰ ਸੂਫ਼ੀ ਫਕੀਰ ਸ਼ਾਹ ਹਰੂਨ ਚਿਸ਼ਤੀ ਨੇ ਵਸਾਇਆ ਸੀ। ਇਸ ਦਾ ਅਸਲ ਨਾਂ ਸੀਰੰਦ ਸੀ; ਜੋ ਵਿਗੜ ਕੇ ਸੀਰਹੰਦ ਅਤੇ ਫਿਰ ਸਿਹਰੰਦ ਤੇ ਹੁਣ ਸਰਹੰਦ/ ਸਰਹਿੰਦ ਬਣ ਚੁਕਾ ਹੈ)। ਸਰਹੰਦ ਸੂਬਾ ਨਹੀਂ ਸੀ। ਇਹ ਦਿੱਲੀ ਸੂਬੇ ਦਾ ਹਿੱਸਾ ਸੀ। ਅਕਬਰ ਵੇਲੇ ਕੁਲ 12 ਸੂਬੇ ਸਨ: ਕਾਬੁਲ, ਮੁਲਤਾਨ, ਲਾਹੌਰ, ਦਿੱਲੀ, ਆਗਰਾ, ਮਾਲਵਾ, ਅਲਾਹਾਬਾਦ, ਅਵਧ, ਅਜਮੇਰ, ਗੁਜਰਾਤ, ਬਿਹਾਰ ਤੇ ਬੰਗਾਲ ਸੂਬੇ ਸਨ। ਇਹ ਸਰਕਾਰ (ਇਕ ਕਿਸਮ ਦਾ ਉਪ-ਸੂਬਾ, ਜਿਸ ਵਿਚ ਕਈ ਪਰਗਣੇ ਤੇ ਮਹਲ ਸ਼ਾਮਿਲ ਹੁੰਦੇ ਹਨ) ਸੀ (ਅਕਬਰ ਵੱਲੋਂ ਹੋਰ ਇਲਾਕੇ ਜਿੱਤਣ ਮਗਰੋਂ 12 ਤੋਂ 15 ਸੂਬੇ ਹੋ ਗਏ ਸਨ)। ਸਰਹੰਦ ਦਾ ਸੂਬੇਦਾਰ ਨਹੀਂ ਫ਼ੌਜਦਾਰ ਹੁੰਦਾ ਸੀ। 1675 ਵਿਚ (ਗੁਰੂ ਤੇਗ਼ ਬਹਾਦਰ ਸਾਹਿਬ ਦੀ ਗ੍ਰਿਫ਼ਤਾਰੀ ਸਮੇਂ) ਸਰਹੰਦ ਦਾ ਫ਼ੌਜਦਾਰ ਅਬਦੁਲ ਅਜ਼ੀਜ਼ ਦਿਲਾਵਰ ਖ਼ਾਨ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ, 1705 ਵਿਚ, ਵਜ਼ੀਰ ਖ਼ਾਨ ਵੀ ਸਰਹੰਦ ਦਾ ਫ਼ੌਜਦਾਰ ਸੀ, ਸੂਬਾ (ਸੂਬੇਦਾਰ) ਨਹੀਂ।

1710 ਦੇ ਅਖ਼ੀਰ ਵਿਚ ਬੰਦਾ ਸਿੰਘ ਬਹਾਦਰ ਨੇ ਇਸ ਨਗਰ ’ਤੇ ਹਮਲਾ ਕਰ ਕੇ ਜਿੱਤ ਲਿਆ ਸੀ। ਸਹਾਰਨਪੁਰ ਵੀ ਉਸ ਵੇਲੇ ਦਿੱਲੀ, ਸਰਹੰਦ ਤੇ ਹਿਸਾਰ-ਫ਼ੀਰੋਜ਼ਾ ਵਾਂਗ ਇਕ ਵੱਡਾ ਸੂਬਾ ਸੀ। ਇਸ ਦੇ 28 ਪਰਗਨੇ ਸਨ। ਸਹਾਰਨਪੁਰ ਦਾ ਫ਼ੌਜਦਾਰ ਸਈਅਦ ਅਲੀ ਮੁਹੰਮਦ ਖ਼ਾਨ ਕਨੌਜੀ ਸੀ। ਪਹਿਲਾਂ ਤਾਂ ਬੰਦਾ ਸਿੰਘ ਨੇ ਉਸ ਨੂੰ ਪੈਗ਼ਾਮ ਭੇਜਿਆ ਕਿ ਉਹ ਸਿੱਖ ਫ਼ੌਜਾਂ ਦੀ ਸਿਰਦਾਰੀ ਮੰਨ ਲਵੇ। ਪਰ ਉਹ ਸਿੱਖਾਂ ਤੋਂ ਬੁਰੀ ਤਰ੍ਹਾਂ ਡਰ ਗਿਆ ਤੇ ਸ਼ਹਿਰ ਤੋਂ ਦੌੜ ਜਾਣ ਦੀ ਤਿਆਰੀ ਕਰਨ ਲਗ ਪਿਆ। ਸ਼ਹਿਰ ਦੇ ਅਮੀਰਾਂ-ਵਜ਼ੀਰਾਂ ਨੇ ਉਸ ਨੂੰ ਵੱਡੀ ਮਦਦ ਦਾ ਯਕੀਨ ਦਿਵਾਇਆ ਪਰ ਉਹ ਏਨਾ ਦਹਿਲ ਗਿਆ ਸੀ ਕਿ ਉਹ ਡਰਦਾ ਹੋਇਆ ਆਪਣੇ ਪੁੱਤਰ ਦੀਨਦਾਰ ਅਲੀ ਖ਼ਾਨ (ਜੋ ਆਪ ਵੀ ਫ਼ੌਜ ਦਾ ਵੱਡਾ ਅਫ਼ਸਰ ਸੀ) ਅਤੇ ਆਪਣੇ ਟੱਬਰ ਅਤੇ ਧਨ-ਦੌਲਤ ਲੈ ਕੇ ਦਿੱਲੀ ਨੂੰ ਦੌੜ ਗਿਆ। ਉਸ ਦੇ ਜਾਣ ਪਿੱਛੋਂ ਅਮੀਰਾਂ-ਵਜ਼ੀਰਾਂ ਤੇ ਕੁਝ ਮੁਤੱਸਬੀ ਮੁਸਲਮਾਨਾਂ ਨੇ ਕੁਝ ਫ਼ੌਜ ਇਕੱਠੀ ਕਰ ਕੇ ਸਿੱਖਾਂ ਦਾ ਟਾਕਰਾ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਸ਼ਹਿਰ ਦੀ ਚਾਰਦੀਵਾਰੀ ਨੂੰ ਵੀ ਤਗੜਿਆਂ ਕਰ ਲਿਆ। ਜਦੋਂ ਸਿੱਖ ਫ਼ੌਜਾਂ ਨੇ ਹਮਲਾ ਕੀਤਾ ਤਾਂ ਇਨ੍ਹਾਂ ਨੇ ਸ਼ਹਿਰ ਦੀਆਂ ਦੀਵਾਰਾਂ ਤੋਂ ਖ਼ੂਬ ਗੋਲਾਬਾਰੀ ਕੀਤੀ ਅਤੇ ਤੀਰਾਂ ਦਾ ਮੀਂਹ ਵਰ੍ਹਾਇਆ। ਪਰ ਉਹ ਸਾਰੇ ਮਿਲ ਕੇ ਵੀ ਸਿੱਖਾਂ ਦਾ ਮੁਕਬਲਾ ਨਾ ਕਰ ਸਕੇ ਤੇ ਸਿੱਖਾਂ ਨੇ ਛੇਤੀ ਹੀ ਸਹਾਰਨਪੁਰ ’ਤੇ ਵੀ ਕਬਜ਼ਾ ਕਰ ਲਿਆ। ਇਸ ਵੇਲੇ ਉਨ੍ਹਾਂ ਹਿੰਦੂਆਂ, ਜੋ ਬੰਦਾ ਸਿੰਘ ਨਾਲ ਲੁੱਟ-ਮਾਰ ਦੀ ਸੋਚ ਨਾਲ ਰਲੇ ਸਨ, ਨੇ ਖ਼ੂਬ ਲੁੱਟ-ਮਾਰ ਕੀਤੀ। ਜਦ ਬੰਦਾ ਸਿੰਘ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਇਨ੍ਹਾਂ ਨੂੰ ਖ਼ੂਬ ਲਾਅਨਤਾਂ ਪਾਈਆਂ ਤੇ ਉੱਥੋਂ ਦੌੜਾ ਦਿੱਤਾ। ਮਗਰੋਂ ਇਹ ਹਿੰਦੂ ਸਹਾਰਨਪੁਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੁੱਟਮਾਰ ਕਰਨ ਲਗ ਪਏ।

ਇਸ ਸ਼ਹਿਰ ਵਿਚ ਬਹੁਤੀ ਆਬਾਦੀ ਮੁਸਲਮਾਨਾਂ ਦੀ ਸੀ ਤੇ ਉਹ ਗ਼ੈਰ-ਮੁਸਲਮਾਨਾਂ ਨਾਲ ਧੱਕਾ ਕਰਦੇ ਰਹਿੰਦੇ ਸਨ, ਇਸ ਕਰ ਕੇ ਇਸ ’ਤੇ ਸਿੱਖਾਂ ਦਾ ਕਬਜ਼ਾ ਹੋਣ ਮਗਰੋਂ ਗ਼ੈਰ-ਮੁਸਲਮਾਨਾਂ ਨੇ ਬੜੀ ਰਾਹਤ ਮਹਿਸੂਸ ਕੀਤੀ (ਹੁਣ, 2018 ਵਿਚ, ਸਹਾਰਨਪੁਰ ਦੀ ਸੱਤ ਲੱਖ ਦੇ ਕਰੀਬ ਆਬਾਦੀ ਵਿਚੋਂ ਹਿੰਦੂ 50.9% ਤੇ ਮੁਸਲਮਾਨ 45.9% ਹਨ)। ਸਿੱਖਾਂ ਦੀ ਜਿੱਤ ਮਗਰੋਂ ਤੇ ਗੁੱਜਰਾਂ ਵੱਲੋਂ ਲੁੱਟਮਾਰ ਕਰਨ ਕਾਰਨ ਬਹੁਤ ਸਾਰੇ ਅਮੀਰ ਮੁਸਲਮਾਨ ਆਪਣਾ ਮਾਲ-ਮੱਤਾ ਘੋੜਿਆਂ ’ਤੇ ਲੱਦ ਕੇ ਸਹਾਰਨਪੁਰ ਛੱਡ ਕੇ ਦਿੱਲੀ ਚਲੇ ਗਏ। ਛੇਤੀ ਹੀ ਸਹਾਰਨਪੁਰ ਦਾ ਕਾਫ਼ੀ ਇਲਾਕਾ ਖ਼ਾਲੀ ਹੋ ਗਿਆ। ਬੰਦਾ ਸਿੰਘ ਨੇ ਸਹਾਰਨਪੁਰ ਦਾ ਨਾਂ ਬਦਲ ਕੇ ਭਾਗਨਗਰ (ਭਾਗਾਂਵਾਲਾ ਨਗਰ) ਰਖ ਦਿੱਤਾ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)