TheSikhs.org


Sadhaura


ਸਢੌਰਾ

ਅੰਬਾਲਾ ਤੋਂ 54, ਨਾਰਾਇਣਗੜ੍ਹ ਤੋਂ 19 ਕਿਲੋਮੀਟਰ ਦੂਰ, ਜ਼ਿਲ੍ਹਾ (ਯਮਨਾਨਗਰ) ਦਾ ਇਕ ਪ੍ਰਾਚੀਨ ਕਸਬਾ, ਜੋ ਕਿਸੇ ਵਲੇ ਸਰਹੰਦ ਸੂਬੇ ਦੇ 28 ਪਰਗਣਿਆਂ ਵਿਚੋਂ ਇਕ ਪਰਗਨੇ ਦਾ ਮੁੱਖ ਨਗਰ ਸੀ। 1879 ਵਿਚ ਇਸ ਨਗਰ ਵਿਚੋਂ ਅਲੈਗ਼ਜ਼ੈਂਡਰ ਕਨਿੰਘਮ ਨੂੰ ਬਹੁਤ ਪੁਰਾਣੇ ਜ਼ਮਾਨਿਆਂ ਦੇ ਸਿੱਕੇ ਲੱਭੇ ਸਨ। ਇੱਥੇ ਇਕ ਬਹੁਤ ਵੱਡਾ ਕਿਲ੍ਹਾ ਵੀ ਸੀ, ਜਿਸ ਦੇ ਬਣਾਏ ਜਾਣ ਦਾ ਸਾਲ ਤਾਂ ਪਤਾ ਨਹੀਂ ਲਗਦਾ ਪਰ ਇਹ ਕਿਲ੍ਹਾ ਮੁਗ਼ਲਾਂ ਵੇਲੇ ਬਹੁਤ ਅਹਿਮ ਥਾਂ ਰਖਦਾ ਸੀ। 1709 ਵਿਚ ਇਸ ਨਗਰ ਦਾ ਹਾਕਮ ਉਸਮਾਨ ਖ਼ਾਨ ਸੀ। ਉਸਮਾਨ ਖ਼ਾਨ ਨੇ ਗੁਰੂ ਗੋਬਿੰਦ ਸਾਹਿਬ ਦੇ ਇਕ ਮੁਸਲਮਾਨ ਮੁਰੀਦ ਸਈਅਦ ਬਦਰੁੱਦੀਨ (ਪੀਰ ਬੁੱਧੂ ਸ਼ਾਹ) ਅਤੇ ਉਸ ਦੇ ਪਰਵਾਰ ‟ਤੇ ਬੜੇ ਜ਼ੁਲਮ ਢਾਏ ਸਨ ਤੇ ਉਨ੍ਹਾਂ ਨੂੰ ਸਿੱਖਾਂ ਦਾ ਸਾਥੀ ਆਖ ਕੇ ਸ਼ਹੀਦ ਕੀਤਾ ਸੀ। ਉਸਮਾਨ ਖ਼ਾਨ ‟ਤੇ ਇਹ ਵੀ ਇਲਜ਼ਾਮ ਸੀ ਕਿ ਉਹ ਗ਼ੈਰ-ਮੁਸਲਮਾਨਾਂ ਨੂੰ ਸਖ਼ਤ ਨਫ਼ਰਤ ਕਰਦਾ ਸੀ ਅਤੇ ਉਨ੍ਹਾਂ ‟ਤੇ ਜ਼ੁਲਮ ਕਰਨ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਅਜ਼ਮਤ ਲੁੱਟਣ ਦਾ ਕੋਈ ਮੌਕਾ ਨਹੀਂ ਸੀ ਗੁਆਉਂਦਾ। ਇਸ ਕਰ ਕੇ ਕਪੂਰੀ ਦੀ ਜਿੱਤ ਤੋਂ ਮਗਰੋਂ ਬੰਦਾ ਸਿੰਘ ਨੇ ਸਢੌਰਾ ਵਲ ਕੂਚ ਕਰ ਦਿਤਾ। ਇਸ ਵੇਲੇ ਤਕ ਬੰਦਾ ਸਿੰਘ ਦੀਆਂ ਫ਼ੌਜਾਂ ਦੀ ਗਿਣਤੀ 35 ਤੋਂ 40 ਹਜ਼ਾਰ ਤਕ ਹੋ ਚੁਕੀ ਸੀ। ਜੈਪੁਰ ਰਿਆਸਤ ਦੇ ਸ਼ਾਹੀ ਰਿਕਾਰਡ ਵਿਚ ਇਹ ਗਿਣਤੀ 70 ਹਜ਼ਾਰ ਦੇ ਕਰੀਬ ਦੱਸੀ ਗਈ ਹੈ। ਹਿਸਟੋਰੀਅਨ ਹਰੀ ਰਾਮ ਗੁਪਤਾ ਮੁਤਾਬਿਕ ਇਸ ਫ਼ੌਜ ਵਿਚ ਵਿਚ ਸਿੱਖਾਂ ਤੋਂ ਇਲਾਵਾ ਕਈ ਹਿੰਦੂ ਵੀ ਸਨ, ਜਿਨ੍ਹਾਂ ਵਿਚੋਂ ਬਹੁਤੇ ਉਹੀ ਸਨ ਜੋ ਮੁਸਲਮਾਨ ਅਮੀਰਾਂ ਦੇ ਘਰਾਂ ਦੀ ਲੁੱਟ ਦੀ ਸੋਚ ਨਾਲ ਆਏ ਹੋਏ ਸਨ।

ਜਦੋਂ ਬੰਦਾ ਸਿੰਘ ਦੀਆਂ ਫ਼ੌਜਾਂ ਸਢੌਰੇ ਦੇ ਨੇੜੇ ਪਹੁੰਚੀਆਂ ਤਾਂ ਉਸਮਾਨ ਖ਼ਾਨ ਦੀਆਂ ਪਹਿਲਾਂ ਤੋਂ ਹੀ ਤਿਆਰ ਖੜੀਆਂ ਤੋਪਾਂ ਨੇ ਸਿੱਖ ਫ਼ੌਜਾਂ ‟ਤੇ ਗੋਲੇ ਦਾਗਣੇ ਸ਼ੁਰੂ ਕਰ ਦਿਤੇ। ਇਸ ਨਾਲ ਕਈ ਸਿੱਖ ਸ਼ਹੀਦ ਹੋ ਗਏ ਪਰ ਇਸ ਦੇ ਬਾਵਜੂਦ ਸਿੱਖ ਫ਼ੌਜੀ ਅੱਗੇ ਵਧਦੇ ਗਏ ਅਤੇ ਸਾਰਾ ਜ਼ੋਰ ਲਾ ਕੇ ਨਗਰ ਦਾ ਦਰਵਾਜ਼ਾ ਤੋੜ ਦਿਤਾ। ਸ਼ਹਿਰ ਦੇ ਅੰਦਰ ਉਸਮਾਨ ਖ਼ਾਨ ਦੀਆਂ ਫ਼ੌਜਾਂ ਅਤੇ ਸਿੱਖ ਫ਼ੌਜਾਂ ਵਿਚਕਾਰ ਘਮਸਾਣ ਦੀ ਜੰਗ ਹੋਈ। ਇਸ ਮੌਕੇ ‟ਤੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵਿਚੋਂ ਕੁਝ ਸ਼ਖ਼ਸ ਸਿੱਖ ਫ਼ੌਜਾਂ ਦਾ ਸਾਥ ਦੇ ਰਹੇ ਸਨ, ਇਸ ਕਰ ਕੇ ਉਨ੍ਹਾਂ ਨੂੰ ਸ਼ਹਿਰ ‟ਤੇ ਕਬਜ਼ਾ ਕਰਨ ਵਿਚ ਬਹੁਤੀ ਮੁਸ਼ਕਿਲ ਨਹੀਂ ਆਈ। ਸਢੌਰਾ ਦੇ ਕਈ ਨਵਾਬ, ਵਜ਼ੀਰ ਤੇ ਅਮੀਰ ਚਿੱਟਾ ਝੰਡਾ ਲੈ ਕੇ ਅਤੇ ਮੂੰਹ ਵਿਚ ਘਾਹ ਲੈ ਕੇ ਬੰਦਾ ਸਿੰਘ ਕੋਲ ਪੇਸ਼ ਹੋਏ ਅਤੇ ਰਹਿਮ ਦੀ ਭਿੱਖਿਆ ਮੰਗੀ। ਬੰਦਾ ਸਿੰਘ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਪਰ ਉਨ੍ਹਾਂ ਤੋਂ ਇਹ ਵਾਅਦਾ ਲਿਆ ਕਿ ਉਹ ਅੱਗੋਂ ਤੋਂ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ।

ਭਾਵੇਂ ਹੋਰ ਸਾਰਿਆਂ ਨੇ ਹਥਿਆਰ ਸੁਟ ਦਿੱਤੇ ਸਨ ਪਰ ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਆਪਣੇ ਆਪ ਨੂੰ ਕਿਲ੍ਹੇ ਦੇ ਅੰਦਰ ਬੰਦ ਕਰ ਲਿਆ। ਸਢੌਰੇ ਦਾ ਕਿਲ੍ਹਾ ਬੜਾ ਮਜ਼ਬੂਤ ਸੀ ਤੇ ਇਸ ਨੂੰ ਜਿੱਤਣਾ ਇਕ ਬੜੀ ਔਖੀ ਮੁਹਿੰਮ ਸੀ। ਇਸ ਨੂੰ ਜਿੱਤਣ ਵਾਸਤੇ ਲੰਮੇ ਅਰਸੇ ਦਾ ਘੇਰਾ ਅਤੇ ਸ਼ਹੀਦੀਆਂ ਹੋਣੀਆਂ ਸਨ। ਬੰਦਾ ਸਿੰਘ ਇਹ ਨਹੀਂ ਸੀ ਚਾਹੁੰਦਾ ਕਿਉਂ ਕਿ ਉਸ ਦੀ ਮੰਜ਼ਿਲ ਤਾਂ ਸਰਹੰਦ ਅਤੇ ਫਿਰ ਲਾਹੌਰ ਸੀ। ਇਸ ਵਾਰ ਫਿਰ ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਨੇ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਨੇ ਕਿਲ੍ਹੇ ਦੇ ਅੰਦਰ ਰਾਬਤਾ ਬਣਾ ਕੇ ਉਨ੍ਹਾਂ ਤੋਂ ਕਿਲ੍ਹੇ ਦਾ ਦਰਵਾਜ਼ਾ ਖੁਲ੍ਹਵਾ ਲਿਆ ਅਤੇ ਕਿਲ੍ਹੇ ‟ਤੇ ਕਬਜ਼ਾ ਕਰ ਲਿਆ। ਉਸਮਾਨ ਖ਼ਾਨ ਨੂੰ ਗ਼੍ਰਿਫਤਾਰ ਕਰ ਕੇ ਸਜ਼ਾਏ-ਮੌਤ ਦਿਤੀ ਗਈ। ਕਿਲ੍ਹੇ ਵਿਚੋਂ ਸਿੱਖਾਂ ਨੂੰ ਲੱਖਾਂ ਰੁਪੈ ਨਕਦ ਅਤੇ ਬਹੁਤ ਸਾਰਾ ਸੋਨਾ ਤੇ ਹੀਰੇ ਜਵਾਹਰਾਤ ਹੱਥ ਲੱਗੇ। ਇਹ ਘਟਨਾ 5 ਦਸੰਬਰ 1709 ਦੀ ਹੈ। ਹੁਣ ਸਢੌਰੇ ‟ਤੇ ਖਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਫਹਿਰਾ ਦਿਤਾ ਗਿਆ ਅਤੇ ਸ਼ਹਿਰ ਦੇ ਇੰਤਜ਼ਾਮ ਵਾਸਤੇ ਇਕ „ਖਾਲਸਾ ਪੰਚਾਇਤ‟ ਕਾਇਮ ਕਰ ਦਿਤੀ ਗਈ। ਇਨ੍ਹਾਂ ਘਟਨਾਵਾਂ ਦੀ ਖ਼ਬਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਟੋਡਾ ਨਗਰ ਵਿਚ ਮਿਲੀ। ਬਹਾਦਰ ਸ਼ਾਹ ਨੇ ਲਾਹੌਰ ਦੇ ਸੂਬੇਦਾਰ ਤੇ ਸਰਹੰਦ ਦੇ ਫ਼ੌਜਦਾਰ ਨੂੰ ਸਿੱਖਾਂ ਦੇ ਖ਼ਿਲਾਫ਼ ਐਕਸ਼ਨ ਲੈਣ ਵਾਸਤੇ ਖ਼ਤ ਲਿਖੇ।

ਸਢੌਰੇ ‟ਤੇ ਕਬਜ਼ਾ ਕਰਨ ਮਗਰੋਂ ਕੁਝ ਦਿਨ ਤਕ ਸਾਰੀਆਂ ਸਿੱਖ ਫ਼ੌਜਾਂ ਉੱਥੇ ਹੀ ਟਿਕੀਆਂ ਰਹੀਆਂ। ਇਕ ਦਿਨ ਜਦੋਂ ਕੁਝ ਸਿੱਖ ਘੋੜੇ ਚਰਾ ਰਹੇ ਸਨ ਤਾਂ ਇਕ ਊਠ ਦੂਰੋਂ ਭੱਜਦਾ ਆਇਆ ਤੇ ਖੇਤਾਂ ‟ਚ ਵੜ ਗਿਆ। ਉਸ ਨੂੰ ਖੇਤਾਂ ਵਿਚੋਂ ਕੱਢਣ ਵਾਸਤੇ ਇਕ ਫ਼ੌਜੀ ਨੇ ਇਕ ਰਾਹਗੀਰ ਤੋਂ ਇਕ ਬਾਂਸ ਖੋਹ ਕੇ ਊਠ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਬਾਂਸ ਅੰਦਰੋਂ ਖੋਖਲਾ ਹੋਣ ਕਰ ਕੇ ਟੁੱਟ ਗਿਆ ਅਤੇ ਵਿਚੋਂ ਇਕ ਚਿੱਠੀ ਨਿਕਲ ਕੇ ਡਿੱਗ ਪਈ। ਇਹ ਚਿੱਠੀ ਸਢੌਰਾ ਦੇ ਕਿਸੇ ਵਜ਼ੀਰ-ਅਮੀਰ ਨੇ ਵਜ਼ੀਰ ਖ਼ਾਨ (ਫ਼ੌਜਦਾਰ ਸਰਹੰਦ) ਨੂੰ ਲਿਖੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਅਸੀਂ ਬੰਦਾ ਸਿੰਘ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਫਸਾਈ ਰੱਖਾਂਗੇ। ਇਸ ਦੌਰਾਨ ਤੁਸੀਂ ਹਮਲਾ ਕਰ ਦੇਣਾ ਤੇ ਅਸੀਂ ਵੀ ਸ਼ਹਿਰ ਦੇ ਅੰਦਰ ਸਿੱਖਾਂ ‟ਤੇ ਹਮਲਾ ਕਰ ਦੇਵਾਂਗੇ। ਇਸ ਨਾਲ ਜੇ ਬੰਦਾ ਸਿੰਘ ਗ੍ਰਿਫ਼ਤਾਰ ਨਾ ਵੀ ਹੋ ਸਕਿਆ ਤਾਂ ਗੜਬੜ ਵਿਚ ਸ਼ਹਿਰ ਛੱਡ ਕੇ ਜਾਨ ਬਚਾਉਣ ਵਾਸਤੇ ਦੌੜ ਜ਼ਰੂਰ ਜਾਵੇਗਾ। ਇਹ ਚਿੱਠੀ ਪੜ੍ਹ ਕੇ ਬੰਦਾ ਸਿੰਘ ਨੇ ਉਨ੍ਹਾਂ ਸ਼ਹਿਰ ਵਾਸੀਆਂ ਦਾ ਇਕ ਇਕੱਠ ਬੁਲਾਇਆ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ ਕਿ ਉਹ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ। ਇਸ ਇਕੱਠ ਵਿਚ ਬੰਦਾ ਸਿੰਘ ਨੇ ਸਵਾਲ ਕੀਤਾ ਕਿ „ਵਾਅਦਾ ਕਰ ਕੇ ਗ਼ਦਾਰੀ ਕਰਨ ਵਾਲੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ?” ਸਾਰੇ ਲੋਕਾਂ ਨੇ ਜਵਾਬ ਦਿਤਾ “ਮੌਤ”। ਇਸ ਮਗਰੋਂ ਬੰਦਾ ਸਿੰਘ ਨੇ ਰਾਹਗੀਰ ਤੋਂ ਫੜੀ ਚਿੱਠੀ ਦਿਖਾਈ। ਇਹ ਚਿੱਠੀ ਵੇਖ ਕੇ ਸਾਰੇ ਵਜ਼ੀਰ-ਅਮੀਰ ਕੰਬ ਗਏ ਅਤੇ ਗਿੜਗਿੜਾ ਕੇ ਮੁਆਫ਼ੀਆਂ ਮੰਗਣ ਲਗ ਪਏ। ਇਸ ‟ਤੇ ਬੰਦਾ ਸਿੰਘ ਨੇ ਕਿਹਾ ਕਿ “ਤੁਹਾਡੇ ਵਿਚੋਂ ਜਿਹੜਾ ਵੀ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਵੜ ਜਾਏਗਾ ਉਸ ਨੂੰ ਮੁਆਫ਼ ਕਰ ਦਿੱਤਾ ਜਾਏਗਾ।” ਇਸ ‟ਤੇ ਸਾਰੇ ਸੌ-ਡੇਢ ਸੌ ਬੰਦੇ, ਜੋ ਅਸਲ ਮੁਜਰਿਮ ਸਨ, ਪੀਰ ਜੀ ਦੀ ਹਵੇਲੀ ਨੂੰ ਭੱਜੇ। ਇਸ ਮਗਰੋਂ ਬੰਦਾ ਸਿੰਘ ਨੇ ਹਵੇਲੀ ਨੂੰ ਬਾਹਰੋਂ ਜੰਦਰਾ ਲਵਾ ਦਿਤਾ ਅਤੇ ਹਵੇਲੀ ਨੂੰ ਅੱਗ ਲਾਉਣ ਦਾ ਹੁਕਮ ਦੇ ਦਿਤਾ। ਗ਼ਦਾਰੀ ਕਰਨ ਵਾਲੇ ਸਾਰੇ ਬੇਈਮਾਨ ਅੰਦਰ ਸੜ ਕੇ ਮਰ ਗਏ। ਇਸ ਮਗਰੋਂ ਕਿਸੇ ਨੂੰ ਵੀ, ਖ਼ੁਆਬ ਵਿਚ ਵੀ, ਗ਼ਦਾਰੀ ਕਰਨ ਦਾ ਖ਼ਿਆਲ ਨਹੀਂ ਸੀ ਆ ਸਕਦਾ। ਬੰਦਾ ਸਿੰਘ ਨੇ ਆਮ ਲੋਕਾਂ ਨੂੰ ਕਦੇ ਵੀ ਤੰਗ ਨਹੀਂ ਸੀ ਕੀਤਾ ਭਾਵੇਂ ਉਹ ਹਿੰਦੂ ਸਨ ਜਾਂ ਮੁਸਲਮਾਨ। ਉਸ ਨੇ ਤਾਂ ਸਢੌਰੇ ਵਿਚ ਮਸਜਿਦਾਂ ਤੇ ਮਜ਼ਾਰਾਂ ਨੂੰ ਵੀ ਨਹੀਂ ਸੀ ਛੇੜਿਆ। ਅੱਜ ਵੀ ਸਢੌਰਾ ਵਿਚ ਕੁਤਬੁਲ ਅਕਤਾਬ (ਸ਼ਾਹ ਅਬਦੁਲ ਵਹਾਬ) ਦੀ ਖ਼ਾਨਗਾਹ ਤੇ ਗੰਜੇ-ਇਲਮ ਵੀ ਉਵੇਂ ਹੀ ਕਾਇਮ ਹਨ ਜਿਵੇਂ ਉਹ 1709 ਵਿਚ ਖੜ੍ਹੀਆਂ ਸਨ। 1710 ਅਤੇ 1713 ਦੇ ਵਿਚਕਾਰ ਬੰਦਾ ਸਿੰਘ ਬਹਾਦਰ ਅਤੇ ਸਿੱਖ ਫ਼ੌਜਾਂ ਦਾ ਇਸ ਕਿਲ੍ਹੇ ‟ਤੇ ਕਬਜ਼ਾ ਰਿਹਾ ਪਰ ਬੰਦਾ ਸਿੰਘ ਦੀ ਸ਼ਹੀਦੀ ਮਗਰੋਂ ਬਹੁਤ ਵੱਡੀ ਮੁਗ਼ਲ ਫ਼ੌਜ ਨੇ ਇਸ ‟ਤੇ ਕਬਜ਼ਾ ਕਰ ਕੇ ਇਸ ਕਿਲ੍ਹੇ ਨੂੰ ਢਾਹ ਦਿੱਤਾ ਸੀ। ਹੁਣ ਉਸ ਕਿਲ੍ਹੇ ਦਾ ਸਿਰਫ਼ ਥੇਹ ਹੀ ਮੌਜੂਦ ਹੈ। ਇਸ ਨਗਰ ਵਿਚ ਸਿੱਖ ਸ਼ਹੀਦਾਂ ਦੀ ਯਾਦ ਵਿਚ ਇਕ ਗੁਰਦੁਆਰਾ ਸ਼ਹਿਰ ਦੇ ਅੰਦਰ ਬਣਿਆ ਹੋਇਆ ਹੈ. ਹੋਰ ਵੇਖੋ: ਬੁੱਧੂ ਸ਼ਾਹ.


ਗੁਰਦੁਆਰਾ ਪੀਰ ਬੁੱਧੂ ਸ਼ਾਹ


ਸਢੌਰਾ ਕਿਲ੍ਹਾ ਦੀ ਬਚੀ ਇਕ ਕੰਧ ਦੀ ਆਖ਼ਰੀ ਨਿਸ਼ਾਨੀ.

(ਡਾ. ਹਰਜਿੰਦਰ ਸਿੰਘ ਦਿਲਗੀਰ)