ਜ਼ਿਲ੍ਹਾ ਸ਼ੇਖ਼ੂਪੁਰਾ ਦਾ ਪਿੰਡ ਚੂਹੜਕਾਨਾ (ਸ਼ੇਖ਼ੂਪੁਰਾ ਤੋਂ 35 ਤੇ ਨਾਨਕਾਣਾ ਸਾਹਿਬ ਤੋਂ 43 ਕਿਲੋਮੀਟਰ ਦੂਰ), ਜੋ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਣੇ „ਗੁਰਦੁਆਰਾ ਸੱਚਾ (ਖਰਾ) ਸੌਦਾ‟ ਕਰ ਕੇ ਜਾਣਿਆ ਜਾਂਦਾ ਹੈ। ਇਸ ਪਿੰਡ ਦਾ ਨਾਂ ਪਾਕਿਸਤਾਨ ਸਰਕਾਰ ਨੇ ਹੁਣ ਫ਼ਰੂਖ਼ਾਬਾਦ ਰੱਖ ਦਿੱਤਾ ਹੈ।
ਗੁਰੂ ਨਾਨਕ ਸਾਹਿਬ ਬਾਰੇ ਪ੍ਰਚਲਤ ਇਕ ਕਹਾਣੀ ਮੁਤਾਬਿਕ, ਇਕ ਵਾਰ ਆਪ ਦੇ ਪਿਤਾ ਨੇ ਆਪ ਨੂੰ ਵਪਾਰ ਵਿਚ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਸਾਖੀ ਮੁਤਾਬਿਕ ਆਪ ਦੇ ਪਿਤਾ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਸ਼ੁਰੂ ਕਰਵਾ ਦਿਤਾ। ਸਾਖੀ ਮੁਤਾਬਿਕ ਗੁਰੂ ਸਾਹਿਬ ਨੇ ਉਹ 20 ਰੁਪਏ ਭੁੱਖੇ ਸਾਧੂਆਂ ਨੂੰ ਰੋਟੀ ਖੁਆਉਣ ‟ਤੇ ਖਰਚ ਕਰ ਦਿੱਤੇ। ਇਹ ਕਹਾਣੀ ਸਹੀ ਨਹੀਂ ਹੋ ਸਕਦੀ ਕਿਉਂ ਕਿ ਉਨ੍ਹਾਂ ਦਿਨਾਂ ਵਿਚ 20 ਰੁਪਈਆਂ ਨਾਲ ਕੁਝ ਕੁ ਸਾਧੂ ਨਹੀਂ ਬਲਕਿ ਹਜ਼ਾਰਾਂ ਬੰਦੇ ਰੋਟੀ ਖਾ ਸਕਦੇ ਸਨ; ਦੂਜਾ, ਗੁਰੂ ਸਾਹਿਬ ਵਿਹਲੜਾਂ ਵਾਸਤੇ ਪੈਸੇ ਖ਼ਰਚ ਕਰਨ ਦਾ ਫ਼ਲਸਫ਼ਾ ਨਹੀਂ ਸਨ ਪਰਚਾਰ ਸਕਦੇ। ਹਾਂ ਇਹ ਤਾਂ ਹੋ ਸਕਦਾ ਹੈ ਕਿ ਆਪ ਆਪਣੀ ਕਾਮਈ ਦੇ ਦਸਵੰਧ ਨੂੰ ਦਰਵੇਸ਼ਾਂ ਅਤੇ ਵਿਦਵਾਨਾਂ ਨੂੰ ਖਾਣਾ ਖੁਆਉਣ „ਤੇ ਖ਼ਰਚ ਕਰਦੇ ਰਹਿੰਦੇ ਹੋਣਗੇ ਕਿਉਂ ਕਿ ਉਹ ਆਲਮ-ਫ਼ਾਜ਼ਲਾਂ ਨਾਲ ਅਕਸਰ ਫ਼ਲਸਫ਼ੇ ਦੇ ਨੁਕਤਿਆਂ ‟ਤੇ ਵਿਚਾਰਾਂ ਕਰਦੇ ਰਹਿੰਦੇ ਸਨ। ਗੁਰੂ ਸਾਹਿਬਾਨ ਨੇ ਆਪਣੀ ਆਮਦਨ ਦੇ ਦਸਵੰਧ ਚੋਂ ਕਈ ਵਾਰ ਉਨ੍ਹਾਂ ਨੂੰ ਰੋਟੀ ਖੁਆਈ ਹੋਵੇਗੀ, ਅਤੇ ਉਨ੍ਹਾਂ ਨਾਲ ਧਰਮ ਤੇ ਫ਼ਲਸਫ਼ੇ ਦੀ ਚਰਚਾ ਕੀਤੀ ਹੋਵੇਗੀ।
ਇਹ ਸਾਖੀ ਮਿਹਰਬਾਨ ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ (ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ) ਤੇ ਵਿਲਾਇਤ ਵਾਲੀ ਜਨਮਸਾਖੀ ਜਾਂ ਕਿਸੇ ਵੀ ਪੁਰਾਣੇ ਸੋਮੇ ਵਿਚ ਨਹੀਂ ਹੈ। ਇਹ ਕਹਾਣੀ ਸਿਰਫ਼ ਬਾਲੇ ਵਾਲੀ ਜਨਮਸਾਖੀ ਵਿਚ ਮਿਲਦੀ ਹੈ ਤੇ ਇਸ ਵਿਚ ਗੁਰੂ ਜੀ ਨੂੰ ਆਪਣੀ ਗੜਵੀ ਅਤੇ ਮੁੰਦਰੀ ਦਾਨ ਕਰਦੇ ਵੀ ਦਿਖਾਇਆ ਗਿਆ ਹੈ।
ਅਸਲ ਸਾਖੀ ਇਹ ਹੈ: ਇਕ ਵਾਰ ਗੁਰੂ ਨਾਨਕ ਸਾਹਿਬ ਆਪਣੇ ਇਕ ਪੁਰਾਣੇ ਸਾਥੀ ਦੇ ਸੱਦੇ „ਤੇ ਚੂਹੜਕਾਣਾ ਗਏ। ਉਹ ਸ਼ਖ਼ਸ ਸੁਲਤਾਨਪੁਰ ਲੋਧੀ ਵਿਚ ਦੌਲਤ ਰਾਏ ਦੇ ਮੋਦੀਖਾਨੇ ਵਿਚ ਗੁਰੂ ਸਾਹਿਬ ਨਾਲ ਸੇਵਾ ਕਰਿਆ ਕਰਦਾ ਸੀ। ਉਹ ਗੁਰੂ ਸਾਹਿਬ ਨੂੰ ਮਿਲ ਕੇ ਬੜਾ ਖ਼ੁਸ਼ ਹੋਇਆ। ਦੋਵੇਂ ਹੀ ਸੁਲਤਾਨਪੁਰ ‟ਚ ਬਿਤਾਏ ਦਿਨਾਂ ਅਤੇ ਉਥੋਂ ਦੇ ਸਾਥੀਆਂ ਬਾਰੇ ਗੱਲਾਂ ਕਰਦੇ ਰਹੇ। ਗੱਲਾਂ ਹੀ ਗੱਲਾਂ ਵਿਚ ਉਸ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਜਦੋਂ ਕੋਈ ਵਪਾਰੀ ਘਰੋਂ ਨਿਕਲਦਾ ਹੈ ਅਤੇ ਕਮਾਈ ਕਰ ਕੇ ਘਰ ਮੁੜਦਾ ਹੈ ਤਾਂ ਉਹ ਆਪਣੇ ਸੱਜਣਾਂ ਨੂੰ ਦਸਦਾ ਹੈ ਕਿ ਉਸ ਨੇ ਕਿੰਞ, ਕਿੱਥੋਂ ਤੇ ਕੀ-ਕੀ ਮਾਲ ਖਰੀਦਿਆ ਅਤੇ ਇਸ ਸੌਦੇ ਵਿਚੋਂ ਉਸ ਨੂੰ ਕਿੰਞ ਤੇ ਕਿੰਨਾ ਮੁਨਾਫ਼ਾ ਹੋਇਆ। ਉਸ ਨੇ ਗੁਰੂ ਸਾਹਿਬ ਤੋਂ ਪੁਛਿਆ ਕਿ “ਗੁਰੂ ਸਾਹਿਬ ਤੁਹਾਡਾ ਦੁਨੀਆਂ ਵਿਚ ਏਨਾ ਨਾਂ ਹੈ। ਤੁਸੀਂ ਕਿਹੜਾ ਵਪਾਰ ਤੇ ਸੌਦਾ ਕੀਤਾ ਜਿਸ ਨਾਲ ਤੁਸੀਂ ਏਨੀ ਮਹਿਮਾ ਖੱਟੀ ਹੈ?” ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ “ਮੇਰਾ ਵਣਜ ਤਾਂ ਵਾਹਿਗੁਰੂ ਨਾਲ ਪਿਆਰ ਸੀ ਤੇ ਵਾਹਿਗੁਰੂ ਦੀ ਮਿਹਰ ਨਾਲ ਹੀ ਮੇਰੀ ਪਛਾਣ ਹੈ। ਮੇਰਾ ਆਪਣਾ ਨਾਂ ਤਾਂ ਕੁਝ ਵੀ ਨਹੀਂ। ਵਾਹਿਗੁਰੂ ਦਾ ਨਾਂ ਜਪਣਾ ਹੀ ਅਸਲ ਵਪਾਰ ਹੈ ਤੇ ਇਹੀ „ਸੱਚਾ ਸੌਦਾ‟ ਹੈ। „ਸਚਿਆਰ‟ ਦੀ ਜ਼ਿੰਦਗੀ ਜੀਣਾ ਹੀ ਇਨਸਾਨ ਦੀ ਜ਼ਿੰਦਗੀ ਦਾ ਅਸਲ ਮਕਸਦ ਹੈ।” ਜਿਸ ਜਗਹ ਗੁਰੂ ਨਾਨਕ ਸਾਹਿਬ ਨੇ ਇਸ “ਸੱਚਾ ਸੌਦਾ” ਦਾ ਸੱਚ ਦੱਸਿਆ ਸੀ, ਉੱਥੇ ਅਜ ਕਲ੍ਹ ਗੁਰਦੁਆਰਾ ਸੱਚਾ ਸੌਦਾ” ਬਣਿਆ ਹੋਇਆ ਹੈ. ਹੋਰ ਦੇਖੋ: ਸੰਤ ਰੇਣੁ. (ਤਸਵੀਰ ਗੁਰਦੁਆਰਾ ਸੱਚਾ ਸੌਦਾ):
(ਡਾ. ਹਰਜਿੰਦਰ ਸਿੰਘ ਦਿਲਗੀਰ)