TheSikhs.org


Sabhraon (& battle)


ਸਭਰਾਓਂ ਅਤੇ ਸਭਰਾਓਂ ਦੀ ਲੜਾਈ

ਸਤਲੁਜ ਦਰਿਆ ਤੋਂ 16 ਕਿਲੋਮੀਟਰ ਦੂਰ ਇਕ ਕਸਬਾ, ਜਿੱਥੇ 10 ਫ਼ਰਵਰੀ 1846 ਦੇ ਦਿਨ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਵਿਚ ਲੜਾਈ ਹੋਈ ਸੀ। ਮੁਦਕੀ ਤੇ ਫੇਰੂਸ਼ਹਿਰ (ਫ਼ੀਰੋਜ਼ਸ਼ਾਹ) ਦੀਆਂ ਲੜਾਈਆਂ ਮਗਰੋਂ, ਅੰਗਰੇਜ਼ਾਂ ਨਾਲ ਬਣੀ ਪਲਾਨ ਮੁਤਾਬਕ, ਗੁਲਾਬ ਸਿੰਹ ਡੋਗਰਾ 27 ਜਨਵਰੀ 1846 ਨੂੰ ਲਾਹੌਰ ਪਹੁੰਚ ਗਿਆ ਅਤੇ ਸਰਕਾਰ ਦੀ ਕਮਾਂਡ ਸੰਭਾਲ ਲਈ, ਪਰ ਉਹ ਅਜੇ ਵੀ ਬੁਰੀ ਤਰ੍ਹਾਂ ਡਰਿਆ ਹੋਇਆ ਸੀ। ਉਸ ਨੂੰ ਸਿੱਖ ਫ਼ੌਜਾਂ ਤੋਂ ਬਹੁਤ ਡਰ ਲਗ ਰਿਹਾ ਸੀ। ਠੀਕ ਇਸੇ ਵੇਲੇ ਲੁਧਿਆਣੇ ‟ਤੇ ਅੰਗਰੇਜ਼ਾਂ ਦੇ ਮੁੜ (28 ਜਨਵਰੀ 1846 ਦੇ ਦਿਨ) ਕਾਬਜ਼ ਹੋਣ ਦੀ ਖ਼ਬਰ ਪੁੱਜੀ। ਗੁਲਾਬ ਸਿੰਹ ਨੇ ਆਪਣਾ ਹੱਥ ਉੱਪਰ ਰੱਖਣ ਵਾਸਤੇ ਸਿੱਖ ਫ਼ੌਜਾਂ ਨੂੰ ਹਾਰਾਂ ਹਾਸਿਲ ਕਰਨ ਦੀਆਂ ਝਿੜਕਾਂ ਮਾਰੀਆਂ ਅਤੇ ਕਿਹਾ ਕਿ ਉਨ੍ਹਾਂ ਨੂੰ ਏਡੇ ਵੱਡੇ ਤੇ ਤਾਕਵਰ ਗੁਆਂਢੀ ਨਾਲ ਕਾਹਲੀ ਤੇ ਗੁੱਸੇ ਵਿਚ ਪੰਙਾ ਨਹੀਂ ਸੀ ਲੈਣਾ ਚਾਹੀਦਾ। ਗੁਲਾਬ ਸਿੰਹ ਨੇ ਕਾਹਲੀ ਵਿਚ ਅੰਗਰੇਜ਼ਾਂ ਨਾਲ „ਸਮਝੌਤੇ‟ ਦੀ ਗਲਬਾਤ ਵੀ ਸ਼ੁਰੂ ਕਰ ਲਈ। ਪਰ ਦਰਅਸਲ ਗਵਰਨਰ ਜਨਰਲ ਇਸ ‟ਤੇ ਖ਼ੁਸ਼ ਨਹੀਂ ਸੀ। ਉਹ ਏਨੀ ਛੇਤੀ ਸਮਝੌਤਾ ਨਹੀਂ ਸੀ ਚਾਹੁੰਦਾ ਬਲਕਿ ਉਹ ਤਾਂ ਪੰਜਾਬ ‟ਤੇ ਕਬਜ਼ਾ ਕਰਨਾ ਚਾਹੁੰਦਾ ਸੀ। (ਕਨਿੰਘਮ, ਹਿਸਟਰੀ ਆਫ਼ ਦ ਸਿੱਖਜ਼, ਸਫ਼ਾ 278)। ਗਵਰਨਰ ਜਨਰਲ ਨੇ ਗੁਲਾਬ ਸਿੰਹ ਨੂੰ ਪੈਗ਼ਾਮ ਭੇਜਿਆ ਕਿ ਉਹ ਲਾਹੌਰ ਵਿਚ ਸਿੱਖਾਂ (ਦਰਅਸਲ ਗੁਲਾਬ ਸਿੰਹ) ਦੀ ਹਕੂਮਤ ਨੂੰ ਮਨਜ਼ੂਰ ਕਰਨ ਵਾਸਤੇ ਰਾਜ਼ੀ ਹੈ ਬਸ਼ਰਤੇ ਕਿ ਸਿੱਖ ਫ਼ੌਜ ਤੋੜ ਦਿੱਤੀ ਜਾਵੇ। ਪਰ ਗੁਲਾਬ ਸਿੰਹ ਨੇ ਇਸ ਵਾਸਤੇ ਆਪਣੀ ਮਜਬੂਰੀ ਜ਼ਾਹਿਰ ਕੀਤੀ ਤੇ ਕਿਹਾ ਕਿ ਉਹ ਸਿੱਖ ਫ਼ੌਜਾਂ ਤੋਂ ਡਰਦਾ ਹੈ। ਕਨਿੰਘਮ ਦਾ ਖ਼ਿਆਲ ਹੈ ਕਿ ਦਰਅਸਲ ਗੁਲਾਬ ਸਿੰਹ ਖ਼ੁਦਗਰਜ਼ੀ ਕਰ ਕੇ ਇਹ ਕਹਿ ਰਿਹਾ ਸੀ। (ਕਨਿੰਘਮ, ਸਫ਼ਾ 279)।

ਇਸ ਹਾਲਤ ਵਿਚ ਅੰਗਰੇਜ਼ ਮਸਲੇ ਨੂੰ ਲਟਕਾਉਣਾ ਵੀ ਨਹੀਂ ਸਨ ਚਾਹੁੰਦੇ। ਇਸ ਕਰ ਕੇ ਉਨ੍ਹਾਂ ਦਾ ਗ਼ਦਾਰਾਂ (ਗੁਲਾਬ ਸਿੰਹ, ਤੇਜਾ ਸਿੰਹ ਤੇ ਲਾਲ ਸਿੰਹ) ਨਾਲ ਇਹ ਸਮਝੌਤਾ ਹੋਇਆ ਕਿ ਲੜਾਈ ਕਰਵਾ ਕੇ ਅੰਗਰੇਜ਼ ਫ਼ੌਜ ਨੂੰ ਸਿੱਖ ਫ਼ੌਜਾਂ ‟ਤੇ ਹਾਵੀ ਕੀਤਾ ਜਾਵੇ ਅਤੇ ਫਿਰ ਹਾਰੀ ਹੋਈ ਸਿੱਖ ਫ਼ੌਜ ਨੂੰ ਲਾਹੌਰ ਦਰਬਾਰ ਵੱਲੋਂ ਤਿਆਗ ਦਿੱਤਾ ਜਾਵੇ। ਇਸ ਤੋਂ ਮਗਰੋਂ ਲਾਹੌਰ ਦਾ ਰਸਤਾ ਅੰਗਰੇਜ਼ਾਂ ਵਾਸਤੇ ਖੁਲ੍ਹਾ ਛੱਡ ਦਿੱਤਾ ਜਾਵੇ। ਕਨਿੰਘਮ ਕਹਿੰਦਾ ਹੈ ਕਿ “ਸਾਜ਼ਿਸ਼ਾਂ ਭਰੇ ਅਤੇ ਇਸ ਸ਼ਰਮਨਾਕ ਗ਼ਦਾਰੀ ਦੇ ਮਾਹੌਲ ਵਿਚ ਸਭਰਾਓਂ ਦੀ ਲੜਾਈ ਲੜੀ ਗਈ।” (ਕਨਿੰਘਮ, ਸਫ਼ਾ 279)। (ਇਹ ਰਾਜ਼ ਖੋਲ੍ਹਣ ਕਰ ਕੇ ਕਨਿੰਘਮ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ)। ਮੱਰੇ ਕਹਿੰਦਾ ਹੈ ਕਿ “ਇਹੋ ਜਿਹੀ (ਗ਼ਦਾਰੀ ਵਾਲੀ) ਲੜਾਈ ਦੀ ਮਿਸਾਲ ਪ੍ਰਾਚੀਨ ਜਾਂ ਅਜੋਕੀ ਤਵਾਰੀਖ਼ ਵਿਚ ਕਿਤੇ ਵੀ ਨਹੀਂ ਮਿਲਦੀ।” „ਕਲਕੱਤਾ ਰਿਵੀਊ‟ ਮੁਤਾਬਿਕ ਗ਼ਦਾਰ ਲਾਲ ਸਿੰਹ ਬ੍ਰਾਹਮਣ ਨੇ ਤਾਂ ਕੈਪਟਨ ਨਿਕੋਲਸਨ ਨੂੰ ਸਭਰਾਓਂ ਦੇ ਹਮਲੇ ਦੀ ਪੂਰੀ ਪਲਾਨ ਲਿਖਤੀ ਰੂਪ ਵਿਚ ਭੇਜੀ ਹੋਈ ਸੀ। ਨਿਕੋਲਸਨ ਕੋਲ ਇਹ ਪਲਾਨ 7 ਫ਼ਰਵਰੀ 1846 ਦੇ ਦਿਨ ਪਹੁੰਚ ਚੁਕੀ ਸੀ (ਕਲਕੱਤਾ ਰੀਵੀਊ, ਜੂਨ 1849, ਸਫ਼ਾ 549)।

ਗ਼ਦਾਰੀਆਂ ਦੇ ਇਸ ਮਾਹੌਲ ਦੇ ਬਾਵਜੂਦ ਸਭਰਾਓਂ ਦੀ ਲੜਾਈ ਵਿਚ ਵੀ ਸਿੱਖਾਂ ਦਾ ਹੱਥ ਉਪਰ ਸੀ। ਅੰਗਰੇਜ਼ੀ ਫ਼ੌਜਾਂ ਦੇ ਤਿੰਨ ਹਮਲੇ ਬੁਰੀ ਤਰ੍ਹਾਂ ਨਾਕਾਮ ਰਹੇ ਸਨ ਤੇ ਅੰਗਰੇਜ਼ ਮਾਰ ਖਾ ਕੇ ਪਿੱਛੇ ਹਟੇ ਸਨ। ਉਨ੍ਹਾਂ ਉੱਤੇ ਮੋੜਵਾਂ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਬਜਾਇ, ਜੇਤੂ ਸਿੱਖ ਫ਼ੌਜਾਂ ਦਾ ਕਮਾਂਡਰ-ਇਨ-ਚੀਫ਼ (ਤੇਜਾ ਸਿੰਹ ਮਿਸਰ ਬ੍ਰਾਹਮਣ) ਮੈਦਾਨ ਛੱਡ ਕੇ ਭੱਜ ਗਿਆ ਤੇ ਜਾਂਦਾ ਹੋਇਆ ਦਰਿਆ ਸਤਲੁਜ ‟ਤੇ ਬਣਿਆ ਬੇੜੀਆਂ ਦਾ ਪੁਲ ਵੀ ਤੋੜ ਗਿਆ (ਕਨਿੰਘਮ, ਸਫ਼ਾ 284)। ਉਸ ਨੇ ਇਸ ਦੀ ਇਤਲਾਹ ਅੰਗਰੇਜ਼ੀ ਫ਼ੌਜ ਨੂੰ ਵੀ ਕਰ ਦਿਤੀ। ਇਸ ‟ਤੇ ਅੰਗਰੇਜ਼ੀ ਫ਼ੌਜ ਨੇ ਸਿੱਖਾਂ ‟ਤੇ ਨਵਾਂ ਹਮਲਾ ਕਰ ਦਿਤਾ।

ਜਰਨੈਲਾਂ ਤੋਂ ਸੱਖਣੀ ਸਿੱਖ ਫ਼ੌਜ ਸ਼ਾਮ ਸਿੰਘ ਅਟਾਰੀਵਾਲਾ ਦੀ ਅਗਵਾਈ ਹੇਠ ਡਟ ਕੇ ਲੜੀ, ਪਰ ਅਖ਼ੀਰ ਬਹੁਤੇ ਸਿੱਖ ਸ਼ਹੀਦ ਹੋ ਗਏ। ਆਗੂ-ਹੀਣ ਸਿੱਖ ਫ਼ੌਜੀ ਘਬਰਾ ਕੇ ਪਿੱਛੇ ਵੱਲ ਦੌੜੇ ਤੇ ਪੁਲ ਟੁੱਟਿਆ ਹੋਣ ਕਰ ਕੇ ਉਨ੍ਹਾਂ ਵਿਚੋਂ ਬਹੁਤ ਸਾਰੇ ਦਰਿਆ ਵਿਚ ਡੁਬ ਕੇ ਮਰ ਗਏ। ਇਸ ਤੋਂ ਇਲਾਵਾ ਗੁਲਾਬ ਸਿੰਹ ਡੋਗਰੇ ਅਤੇ ਤੇਜਾ ਸਿੰਹ ਨੇ ਸਤਲੁਜ ਦੇ ਕੰਢੇ ‟ਤੇ 10 ਤੋਪਾਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨਾਲ ਵਾਪਿਸ ਆਉਂਦੇ ਸਿੱਖ ਫ਼ੌਜੀ ਗ਼ਦਾਰ ਆਖ ਕੇ ਗੋਲੀਆਂ ਨਾਲ ਉਡਾ ਦਿਤੇ ਗਏ। ਸ਼ਾਮ ਸਿੰਘ ਅਟਾਰੀਵਾਲਾ ਅਤੇ ਉਸ ਦੇ ਸਾਥੀ ਆਖ਼ਰੀ ਸਾਹਾਂ ਤਕ ਲੜਦੇ ਰਹੇ। ਸ਼ਾਮ ਸਿੰਘ ਨੂੰ ਅਕੀਦਤ ਪੇਸ਼ ਕਰਦਾ ਹੋਇਆ ਦੁਸ਼ਮਣ ਫ਼ੌਜ ਦਾ ਜਰਨੈਲ ਕਨਿੰਘਮ ਲਿਖਦਾ ਹੈ ਕਿ ਲਾਲ ਸਿੰਹ ਤੇ ਤੇਜਾ ਸਿੰਹ ਦੀ ਗ਼ਦਾਰੀ ਦੇ ਬਾਵਜੂਦ ਸ਼ਾਮ ਸਿੰਘ ਗੁਰੂ ਗੋਬਿੰਦ ਸਿੰਘ ਦੇ ਸੱਚੇ ਪੁੱਤਰ ਵਾਂਗ ਜੂਝਿਆ ਤੇ ਸ਼ਹੀਦ ਹੋਇਆ (ਕਨਿੰਘਮ, ਸਫ਼ਾ 281, 2005 ਦੀ ਐਡੀਸ਼ਨ)। ਕਨਿੰਘਮ ਸ਼ਾਮ ਸਿੰਘ ਨੂੰ 284 ਸਫ਼ੇ ‟ਤੇ ਫੇਰ ਜਜ਼ਬਾਤ ਭਰੀ ਅਕੀਦਤ ਪੇਸ਼ ਕਰਦਾ ਹੋਇਆ ਲਿਖਦਾ ਹੈ ਕਿ “ਗ਼ਦਾਰ ਲਾਲ ਸਿੰਹ ਆਪਣੀਆਂ ਫ਼ੌਜਾਂ ਦਾ ਤਾਜ਼ਾ ਹਮਲਾ ਕਰਵਾਉਣ ਦੀ ਬਜਾਇ, ਪਹਿਲੇ ਹਮਲੇ ਵੇਲੇ ਹੀ ਦੌੜ ਗਿਆ ਤੇ ਜਾਂਦੀ ਵਾਰੀ ਇਕ ਕਿਸ਼ਤੀ ਡੋਬ ਗਿਆ (ਤਾਂ ਜੋ ਫ਼ੌਜਾਂ ਵਾਪਿਸ ਨਾ ਮੁੜ ਸਕਣ)। ਪਰ ਮਹਾਨ ਸ਼ਾਮ ਸਿੰਘ (ਅਟਾਰੀਵਾਲਾ) ਨੂੰ ਆਪਣਾ ਪ੍ਰਣ ਯਾਦ ਸੀ। ਉਸ ਨੇ ਚਿਟੇ ਬਸਤਰ ਪਾਏ ਹੋਏ ਸਨ ਤੇ ਉਹ ਆਪਣਾ ਸਿਰ ਤਲੀ ‟ਤੇ ਰੱਖ ਕੇ ਆਪਣੇ ਸਾਥੀਆਂ ਸਣੇ ਜੂਝ ਰਿਹਾ ਸੀ ਤੇ ਵਾਰ ਵਾਰ ਆਪਣੇ ਸਾਥੀਆਂ ਨੂੰ ਹੱਲਾ-ਸ਼ੇਰੀ ਦੇ ਕੇ ਲੜਾਈ ਕਰ ਰਿਹਾ ਸੀ। ਉਹ ਉਦੋਂ ਤਕ ਲੜਦਾ ਗਿਆ ਜਦ ਤਕ ਸ਼ਹੀਦ ਨਾ ਹੋ ਗਿਆ।” ਗਰਿਫ਼ਨ ਲਿਖਦਾ ਹੈ ਕਿ ਸ਼ਾਮ ਸਿੰਘ ਨੂੰ ਸੱਤ ਗੋਲੀਆਂ ਲੱਗੀਆਂ ਤੇ ਉਹ ਸ਼ਹੀਦ ਹੋ ਗਿਆ ਤੇ ਉਸ ਦੇ ਨਾਲ ਹੀ ਉਸ ਦੇ 50 ਜਾਂਬਾਜ਼ ਸਾਥੀ ਵੀ ਜੋ ਸਿਰਫ਼ ਤਲਵਾਰਾਂ ਨਾਲ ਜੂਝੇ ਸਨ। (ਗਰਿਫ਼ਨ, ਰਣਜੀਤ ਸਿੰਘ, ਸਫ਼ੇ 63-64)।

ਇਸ ਲੜਾਈ ਵਿਚ ਅੰਗਰੇਜ਼ੀ ਫ਼ੌਜ ਦੇ ਯੂਰਪੀਨ ਤੇ ਗੋਰਖੇ ਫ਼ੌਜੀਆਂ ਵਿਚੋਂ 230 ਮਰੇ ਤੇ 2083 ਜ਼ਖ਼ਮੀ ਹੋਏ ਸਨ। ਦੂਜੇ ਪਾਸੇ 8000 ਸਿੱਖ ਫ਼ੌਜੀ ਵੀ ਮਾਰੇ ਗਏ, 6 ਹਜ਼ਾਰ ਜ਼ਖ਼ਮੀ ਹੋਏ ਤੇ 7 ਹਜ਼ਾਰ ਸਤਲੁਜ ਦਰਿਆ ਵਿਚ ਡੁੱਬ ਗਏ। ਲਾਰਡ ਗੱਫ਼ ਮਾਰੇ ਜਾਣ ਵਾਲੇ ਸਿੱਖਾਂ ਦੀ ਗਿਣਤੀ 12 ਤੋਂ 15 ਹਜ਼ਾਰ ਦੇ ਵਿਚਕਾਰ ਦਸਦਾ ਹੈ।

(ਡਾ. ਹਰਜਿੰਦਰ ਸਿੰਘ ਦਿਲਗੀਰ)