TheSikhs.org

Sakhi Sarvar City

ਸਖੀ ਸਰਵਰ (ਨਗਰ)

ਜ਼ਿਲ੍ਹਾ ਤੇ ਤਹਸੀਲ ਡੇਰਾ ਗ਼ਾਜ਼ੀ ਖ਼ਾਨ (ਪਾਕਿਸਤਾਨ) ਵਿਚ ਇਕ ਨਗਰ (ਡੇਰਾ ਗ਼ਾਜ਼ੀ ਖ਼ਾਨ ਤੋਂ 35 ਕਿਲੋਮੀਟਰ ਦੂਰ), ਜਿੱਥੇ ਸਖੀ ਸਰਵਰ ਦਾ ਮਜ਼ਾਰ ਹੈ। ਇਸ ਨਗਰ ਦਾ ਪਹਿਲਾ ਨਾਂ ਮੁਕਾਮ ਸੀ ਪਰ ਸਖੀ ਸਰਵਰ ਦਾ ਮਜ਼ਾਰ ਏਥੇ ਹੋਣ ਕਰ ਇਸ ਦਾ ਇਹ ਨਾਂ ਚਲ ਪਿਆ ਸੀ। ਹਰ ਸਾਲ ਵਿਸਾਖ ਮਹੀਨੇ ਵਿਚ (ਮਾਰਚ-ਅਪਰੈਲ) ਉੱਥੇ ਬਹੁਤ ਜ਼ਬਰਦਸਤ ਇਕੱਠ ਹੁੰਦਾ ਹੈ ਜਿਸ ਵਿਚ ਦੂਰ-ਦੂਰ ਤੋਂ ਮੁਸਲਮਾਨ ਉਸ ਨੂੰ ਅਕੀਦਤ ਪੇਸ਼ ਕਰਨ ਵਾਸਤੇ ਆਉਂਦੇ ਹਨ। 3 ਅਪ੍ਰੈਲ 2011 ਦੇ ਦਿਨ ਉੱਥੇ ਦਹਿਸ਼ਤਗਰਦਾਂ ਨੇ ਇਨਸਾਨੀ ਬੰਬ ਬਣ ਕੇ 112 ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਮੌਕੇ ਤੇ 200 ਦੇ ਕਰੀਬ ਲੋਕ ਜ਼ਖ਼ਮੀ ਵੀ ਹੋਏ। ਗੁਰੂ ਨਾਨਕ ਸਾਹਿਬ ਆਪਣੀ ਇਕ ਯਾਤਰਾ ਦੌਰਾਨ ਇਸ ਨਗਰ ਵਿਚ ਰੁਕੇ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਸੀ। 1947 ਤੋਂ ਬਾਅਦ ਉਹ ਇਕ ਥੇਹ ਬਣ ਚੁਕਾ ਹੈ. (ਤਸਵੀਰ: ਸਖੀ ਸਰਵਰ ਨਗਰ)

(ਡਾ. ਹਰਜਿੰਦਰ ਸਿੰਘ ਦਿਲਗੀਰ)

Sahva (Suheva)

ਸਾਹਵਾ (ਸੁਹੇਵਾ)

ਰਾਜਿਸਥਾਨ ਸੂਬੇ ਵਿਚ ਚੁਰੂ ਜ਼ਿਲ੍ਹੇ ਦੀ ਤਾਰਾਨਗਰ ਤਹਿਸੀਲ ਵਿਚ ਇਕ ਨਗਰ, ਜਿਸ ਨੂੰ ਕੁਝ ਸਿੱਖ ਲੇਖਕਾਂ ਨੇ ਗ਼ਲਤੀ ਨਾਲ ਸੁਹੇਵਾ ਲਿਖਿਆ ਹੈ। ਇਹ ਸਰਸਾ ਤੋਂ 93 ਤੇ ਚੁਰੂ ਤੋਂ 73, ਨੌਹਰ ਤੋਂ 37 ਤੇ ਭਾਦਰਾ ਤੋਂ 40 ਕਿਲੋਮੀਟਰ ਦੂਰ ਹੈ। ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਔਰੰਗਾਬਾਦ ਦੇ ਸਖ਼ਰ ਦੌਰਾਨ, ਸਰਸਾ ਤੇ ਨੋਹਰ ਹੁੰਦੇ ਹੋਏ (ਬਰਸਤਾ ਸੂਰਪੁਰ), ਨਵੰਬਰ 1706 ਵਿਚ ਇੱਥੇ ਰੁਕੇ ਸਨ। ਇੱਥੇ ਇਕ ਪੁਰਾਣਾ ਜੰਡ ਦਾ ਦਰਖ਼ਤ ਸੀ ਜਿਸ ਦੇ ਵਿਚ ਇਕ ਪਿੱਪਲ ਦਾ ਦਰਖ਼ਤ ਉੱਗਿਆ ਹੋਇਆ ਸੀ। ਇਕ ਕਹਾਣੀ ਮੁਤਾਬਿਕ ਗੁਰੂ ਜੀ ਨੇ „ਭਵਿੱਖਬਾਣੀ‟ ਕੀਤੀ ਸੀ ਕਿ ਜਦ ਪਿੱਪਲ ਦਾ ਦਰਖ਼ਤ ਜੰਡ ਨੂੰ ਪੂਰੀ ਤਰ੍ਹਾਂ ਢਕ ਲਵੇਗਾ ਤਾਂ ਖਾਲਸਾ ਖ਼ੁਸ਼ਹਾਲ ਹੋਵੇਗਾ। ਇਕ ਹੋਰ ਸਾਖੀ ਮੁਤਾਬਿਕ ਜਦ ਪਿੱਪਲ ਜੰਡ ਨੂੰ ਪੂਰੀ ਤਰ੍ਹਾਂ ਢਕ ਲਵੇਗਾ ਤਦ ਖਾਲਸਾ ਰਾਜ ਆਵੇਗਾ। ਇਕ ਹੋਰ ਸਾਖੀ ਮੁਤਾਬਿਕ ਜਦ ਪਿੱਪਲ ਜੰਡ ਨੂੰ ਪੂਰੀ ਤਰ੍ਹਾਂ ਢਕ ਲਵੇਗਾ ਤਦ ਦੇਸ਼ ਦਾ ਕਾਲ (ਭੁੱਖ-ਨੰਗ) ਦੂਰ ਹੋ ਜਾਵੇਗੀ। ਗੁਰੂ ਜੀ ਨੇ ਅਜਿਹਾ ਕੋਈ ਵਰ ਨਹੀਂ ਸੀ ਦਿੱਤਾ ਜਾਂ ਭਵਿੱਖਬਾਣੀ ਨਹੀਂ ਕੀਤੀ ਸੀ। ਇਹ ਕਹਾਣੀਆਂ ਮਗਰੋਂ ਘੜੀਆਂ ਗਈਆਂ ਸਨ। ਹੁਣ ਇੱਥੇ ਸਿਰਫ਼ ਪਿੱਪਲ ਦਾ ਦਰਖ਼ਤ ਹੈ। ਇੱਥੇ ਗੁਰੂ ਜੀ ਦੀ ਯਾਦ ਵਿਚ ਪਹਿਲੀ ਯਾਦਗਾਰ ਮੰਜੀ ਸਾਹਿਬ ਦੇ ਰੂਪ ਵਿਚ ਬਣੀ ਹੋਈ ਸੀ। 1873 ਵਿਚ ਇਸ ਥਾਂ ‟ਤੇ ਇਕ ਪੰਜਾਬੀ ਗ੍ਰੰਥੀ ਆ ਕੇ ਰਹਿਣ ਲਗ ਪਿਆ ਤੇ 1882 ਵਿਚ ਇੱਥੇ ਇਕ ਗੁਰਦੁਆਰਾ ਬਣਾ ਦਿੱਤਾ ਗਿਆ (ਇਸ ਮੌਕੇ ‟ਤੇ ਮਹਾਰਾਜਾ ਰਜਿੰਦਰ ਸਿੰਘ ਪਟਿਆਲਾ ਨੇ ਲੰਗਰ ਵਾਸਤੇ 150 ਮਣ ਕਣਕ ਸਾਲਾਨਾ ਦੀ ਗਰਾਂਟ ਦਿੱਤੀ ਸੀ)। 1966 ਵਿਚ ਮੌਜੂਦਾ ਵੱਡੀ ਇਮਾਰਤ ਉਸਾਰਨੀ ਸ਼ੁਰੂ ਹੋਈ ਸੀ।

ਹੁਣ ਸਾਹਵਾ ਤੋਂ 7 ਕਿਲੋਮੀਟਰ ਦੂਰ “ਨਾਨਕ ਟਿਲਾ” ਦੇ ਨਾਂ „ਤੇ ਇਕ ਹੋਰ ਗੁਰਦੁਆਰਾ ਬਣਾਇਆ ਗਿਆ ਹੈ:

(ਡਾ. ਹਰਜਿੰਦਰ ਸਿੰਘ ਦਿਲਗੀਰ)

Sahota Village

ਸਹੋਟਾ ਪਿੰਡ

19 ਜੂਨ 1665 ਦੇ ਦਿਨ ਜਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ ਦਾ ਹਿੱਸਾ) ਦੀ ਨੀਂਹ ਰੱਖੀ ਸੀ ਤਾਂ ਉਨ੍ਹਾਂ ਨੇ ਇਸ ਮਕਸਦ ਵਾਸਤੇ ਚਾਰ ਪਿੰਡਾਂ ਦੇ ਵਿਚਕਾਰ ਦੀ ਜ਼ਮੀਨ ਖ਼ਰੀਦੀ ਸੀ। ਇਹ ਚਾਰ ਸਨ: ਮਾਖੋਆਲ, ਮੀਆਂਪੁਰ, ਲੌਦੀਪੁਰ ਤੇ ਸਹੋਟਾ। ਨਵੇਂ ਨਗਰ ਦੀ ਨੀਂਹ ਸਹੋਟਾ ਪਿੰਡ ਵਾਲੇ ਹਿੱਸੇ ਵਿਚ ਜਿੱਥੇ ਹੁਣ ਗੁਰਦੁਆਰਾ ‘ਗੁਰੂ ਦੇ ਮਹਲ’ ਹੈ, ਵਾਲੀ ਥਾਂ ’ਤੇ ਇਕ ਦਰਖ਼ਤ ਦੀ ਮੋਹੜੀ ਗੱਡ ਕੇ ਰੱਖੀ ਗਈ ਸੀ. ਵੇਖੋ: ਅਨੰਦਪੁਰ ਸਾਹਿਬ.

(ਡਾ. ਹਰਜਿੰਦਰ ਸਿੰਘ ਦਿਲਗੀਰ)

Saho Wala (Sialkot)

ਸਾਹੋਵਾਲਾ

ਜ਼ਿਲ੍ਹਾ ਸਿਆਲਕੋਟ ਦੀ ਸੰਭੜਿਆਲ ਤਹਿਸੀਲ ਵਿਚ 800 ਸਾਲ ਪੁਰਾਣਾ ਇਕ ਪਿੰਡ (ਸਿਆਲਕੋਟ ਤੋਂ 14 ਅਤੇ ਉੱਗੋਕੇ ਤੋਂ 6 ਕਿਲੋਮੀਟਰ ਦੂਰ)। ਗੁਰੂ ਨਾਨਕ ਸਾਹਿਬ ਸਿਆਲਕੋਟ ਫੇਰੀ ਸਮੇਂ ਏਥੇ ਆਏ ਸਨ। ਉਨ੍ਹਾਂ ਦੀ ਯਾਦ ਵਿਚ ਪਿੰਡ ਦੇ ਪੱਛਮ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੀ ਨਵੀਂ ਇਮਾਰਤ ਉਦਾਸੀਆਂ ਦੇ ਕਬਜ਼ੇ ਵੇਲੇ ਬਣੀ ਸੀ ਇਸ ਕਰ ਕੇ ਉਨ੍ਹਾਂ ਇਸ ਨੂੰ ਮੰਦਰ ਦੇ ਡਿਜ਼ਾਈਨ ਵਿਚ ਬਣਾਇਆ ਸੀ ਤੇ ਉਹ ਇਸ ਨੂੰ ਨਾਨਕ ਮੰਦਰ ਕਿਹਾ ਕਰਦੇ ਸੀ।

ਉਦਾਸੀ ਰਿਵਾਇਤ ਮੁਤਾਬਿਕ ਗੁਰੁੂ ਜੀ ਇੱਥੇ ਸੱਤ ਦਿਨ ਰਹੇ ਸਨ। ਕੁਝ ਲਿਖਤਾਂ ਵਿਚ ਇਸ ਦਾ ਨਾਂ ਸਾਹੋਵਾਲ ਲਿਖਿਆ ਹੈ, ਜੋ ਗ਼ਲਤ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sahib Chand Village

ਸਾਹਿਬ ਚੰਦ (ਪਿੰਡ)

ਜ਼ਿਲ੍ਹਾ ਮੁਕਤਸਰ ਦੀ ਤਹਿਸੀਲ ਗਿੱਦੜਬਾਹਾ ਵਿਚ (ਮੁਕਤਸਰ ਤੋਂ 31 ਤੇ ਦੋਦਾ ਤੋਂ 11 ਕਿਲੋਮੀਟਰ ਦੂਰ) ਇਕ ਪਿੰਡ। ਗੁਰੂ ਗੋਬਿੰਦ ਸਿੰਘ ਜਨਵਰੀ 1706 ਵਿਚ ਖਿਦਰਾਣਾ ਦੀ ਡਾਬ (ਹੁਣ ਮੁਕਤਸਰ) ਤੋਂ ਤਲਵੰਡੀ ਸਾਬੋ ਜਾਂਦੇ ਹੋਏ ਇੱਥੇ ਰੁਕੇ ਸਨ। ਉਨ੍ਹਾ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਣਿਆ ਹੋਇਆ ਹੈ:

ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਸਾਹਿਬ ਚੰਦ

(ਡਾ. ਹਰਜਿੰਦਰ ਸਿੰਘ ਦਿਲਗੀਰ)

Samarkand

ਸਮਰਕੰਦ

ਉਜ਼ਬੇਕਿਸਤਾਨ ਵਿਚ ਬੁਖ਼ਾਰਾ ਕੋਲ ਇਕ ਮਸ਼ਹੂਰ ਸ਼ਹਿਰ, ਜੋ ਸਮਰ ਬਾਦਸ਼ਾਹ ਨੇ ਵਸਾਇਆ ਸੀ। ਇਕ ਰਿਵਾਇਤ ਮੁਤਾਬਿਕ ਇਸ ਨੂੰ ਸਮਰ (ਰੁੱਖ ਦਾ ਫਲ, ਮੇਵਾ) ਫਲਾਂ ਦੀ ਨਗਰੀ ਹੋਣ ਕਰ ਕੇ ਸਮਰਕੰਦ ਕਹਿੰਦੇ ਹਨ। ਇਹ ਸੈਂਟਰਲ ਏਸ਼ੀਆ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ। ਇਹ ਸਤਵੀਂ ਤੇ ਅਠਵੀਂ ਸਦੀ (ਪੁਰਾਣਾ ਕਾਲ) ਵਿਚ (ਯਾਨਿ ਅਠਾਈ ਉਨੱਤੀ ਸੌ ਸਾਲ ਪਹਿਲਾਂ) ਵਸਾਇਆ ਗਿਆ ਜਾਪਦਾ ਹੈ। ਚੀਨ ਤੇ ਸ੍ਰੀਲੰਕਾ ਵਿਚਕਾਰ ਸਿਲਕ ਰੋਡ ’ਤੇ ਇਹ ਸਭ ਤੋਂ ਵਡਾ ਸ਼ਹਿਰ ਸੀ। ਸੰਨ 329 (ਪੁਰਾਣਾ ਕਾਲ) ਵਿਚ ਸਿਕੰਦਰ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ। ਇਸ ਮਗਰੋਂ ਇਸ ’ਤੇ ਈਰਾਨੀਆਂ ਤੇ ਤੁਰਕਸਤਾਨੀਆਂ ਦਾ ਕਬਜ਼ਾ ਰਿਹਾ। ਸੰਨ 1220 ਵਿਚ ਇਸ ਨੂੰ ਚੰਗੇਜ਼ ਖ਼ਾਨ ਨੇ ਜਿੱਤ ਲਿਆ ਸੀ। ਤੈਮੂਰ ਵੇਲੇ (1370 ਤੋਂ ਮਗਰੋਂ) ਇਹ ਉਸ ਦੀ ਹਕੂਮਤ ਦੀ ਰਾਜਧਾਨੀ ਰਹੀ ਸੀ। ਸੰਨ 1500 ਵਿਚ ਉਜ਼ਬੇਕਾਂ ਨੇ ਇਸ ’ਤੇ ਕਬਜ਼ਾ ਕਰ ਲਿਆ। ਸੋਲ੍ਹਵੀਂ ਸਦੀ ਵਿਚ ਇਸ ਦੀ ਜਗ੍ਹਾ ਬੁਖ਼ਾਰਾ ਰਾਜਧਾਨੀ ਬਣ ਜਾਣ ਨਾਲ ਇਹ ਸ਼ਹਿਰ ਢਹਿੰਦੀ ਕਲਾਂ ਵਿਚ ਜਾਣ ਲਗ ਪਿਆ। ਅਠਾਰ੍ਹਵੀਂ ਸਦੀ ਵਿਚ (1720 ਦੇ ਨੇੜੇ ਤੇੜੇ) ਨਾਦਰ ਸ਼ਾਹ ਦੇ ਹਮਲੇ ਮਗਰੋਂ ਇਹ ਸ਼ਹਿਰ ਇਕ ਕਿਸਮ ਦਾ ਉਜਾੜ ਬਣ ਗਿਆ ਸੀ। 1868 ਤਕ ਇਸ ’ਤੇ ਮੰਗੋਲਾਂ ਦਾ ਕਬਜ਼ਾ ਰਿਹਾ। ਇਸ ਮਗਰੋਂ ਇਹ ਰੂਸੀਆਂ ਦੇ ਹੱਥ ਆ ਗਿਆ। 1886 ਵਿਚ ਇਹ ਤੁਰਕਿਸਤਾਨ ਦੀ ਰਾਜਧਾਨੀ ਬਣਿਆ। 1925 ਵਿਚ ਰੂਸ ਨੇ ਇਸ ਨੂੰ ਉਜ਼ਬੇਕਿਸਤਾਨ ਦਾ ਹਿੱਸਾ ਬਣਾ ਦਿੱਤਾ ਪਰ 1930 ਵਿਚ ਰਾਜਧਾਨੀ ਤਾਸ਼ਕੰਦ ਵਿਚ ਬਦਲ ਦਿੱਤੀ। ਹੁਣ ਇਹ ਇਕ ਛੋਟਾ ਜਿਹਾ ਸ਼ਹਿਰ ਹੈ ਤੇ ਇਥੋਂ ਦੀ ਅਬਾਦੀ ਤਕਰੀਬਨ 3 ਲੱਖ 65 ਹਜ਼ਾਰ ਹੈ। ਇਸ ਨਗਰ ਵਿਚ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਅਜੇ ਵੀ ਕਾਇਮ ਹਨ। ਇਹ ਤਾਸ਼ਕੰਦ ਤੋਂ 290 ਤੇ ਬੁਖ਼ਾਰਾ ਤੋਂ 270 ਕਿਲੋਮੀਟਰ ਦੁਰ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Samaon (Mansa)

ਸਮਾਓਂ

ਜ਼ਿਲ੍ਹਾ ਮਾਨਸਾ ਦੀ ਮਾਨਸਾ ਤਹਿਸੀਲ ਵਿਚ, ਮਾਨਸਾ-ਸੁਨਾਮ ਰੋਡ ’ਤੇ, ਇਕ ਪਿੰਡ (ਮਾਨਸਾ ਤੋਂ 19 ਅਤੇ ਭਿੱਖੀ ਕਸਬੇ ਤੋਂ 2 ਕਿਲੋਮੀਟਰ ਦੂਰ) ਗੁਰੂ ਤੇਗ਼ ਬਹਾਦਰ ਸਾਹਿਬ ਇਸ ਜਗਹ ਠਹਿਰੇ ਸਨ। ਇਕ ਵਾਰ ਗੁਰੁ ਜੀ ਧਰਮ ਪ੍ਰਚਾਰ ਦੌਰੇ ’ਤੇ ਮਾਲਵੇ ਵਿਚ ਵੱਖ-ਵੱਖ ਪਿੰਡਾਂ ਵਿਚ ਜਾ ਰਹੇ ਸਨ। ਜਦ ਉਹ ਇਸ ਜਗਹ ਪੁੱਜੇ ਤਾਂ ਉਨ੍ਹਾ ਨੂੰ ਖ਼ਬਰ ਮਿਲੀ ਕਿ ਪਿਸ਼ਾਵਰ ਦੇ ਇਲਾਕੇ ਦੀ ਸੰਗਤ, ਜੋ ਉਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ ਦਾ ਹਿੱਸਾ) ਗਈ ਸੀ ਤਾਂ ਉਨ੍ਹਾਂ ਨੂੰ ਗੁਰੂ ਜੀ ਦੇ ਮਾਲਵੇ ਵਿਚ ਹੋਣ ਦਾ ਪਤਾ ਲੱਗਾ ਤੇ ਉਹ ਗੁਰੂ ਜੀ ਨੂੰ ਮਿਲਣ ਵਾਸਤੇ ਅਨੰਦਪੁਰ ਤੋਂ ਇਧਰ ਵੱਲ ਚਲ ਪਏ ਸਨ। ਇਹ ਖ਼ਬਰ ਮਿਲਣ ’ਤੇ ਗੁਰੂ ਜੀ ਇੱਥੇ ਹੀ ਰੁਕ ਗਏ। ਪਿਸ਼ਾਵਰ ਦੀਆਂ ਸੰਗਤਾਂ ਨੇ ਗੁਰੂ ਜੀ ਨੂੰ ਇਲਾਕੇ ਦੇ ਮੇਵੇ ਤੇ ਹੋਰ ਚੀਜ਼ਾਂ ਭੇਟ ਕੀਤੀਆਂ। ਮੁਕਾਮੀ ਰਿਵਾਇਤ ਮੁਤਾਬਿਕ ਇਕ ਕਿਸਾਨ ਜੋ ਦੂਰੋਂ ਸੰਗਤਾਂ ਦਾ ਗੁਰੂ ਜੀ ਵਾਸਤੇ ਪਿਆਰ ਵੇਖ ਰਿਹਾ ਸੀ, ਉਹ ਗੁਰੂ ਜੀ ਵਾਸਤੇ ਪਰਸ਼ਾਦੇ ਅਤੇ ਦੁੱਧ ਲੈ ਕੇ ਆ ਗਿਆ। ਗੁਰੂ ਜੀ ਨੇ ਉਹ ਪਰਸ਼ਾਦੇ ਅਤੇ ਦੁਧ ਸੰਗਤ ਵਿਚ ਵੰਡ ਦਿੱਤਾ ਤੇ ਉਸ ਕਿਸਾਨ ਨੂੰ ਪਿਸ਼ਾਵਰ ਦੇ ਮੇਵੇ ਭੇਟ ਕੀਤੇ।ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਵਾਂ ਦੇ ਜਿਸ ਦਰਖ਼ਤ ਹੇਠ ਗੁਰੂ ਜੀ ਬੈਠੇ ਸਨ ਉਹ ਦਰਖ਼ਤ ਅਜੇ ਵੀ ਮੌਜੂਦ ਹੈ.

(ਤਸਵੀਰ: ਗੁਰਦੁਆਰਾ ਸਮਾਓਂ)

(ਡਾ. ਹਰਜਿੰਦਰ ਸਿੰਘ ਦਿਲਗੀਰ)

Samana City

ਸਮਾਣਾ ਨਗਰ

ਪਟਿਆਲਾ ਜ਼ਿਲ੍ਹਾ ਵਿਚ (ਪਟਿਆਲਾ ਤੋਂ 33 ਕਿਲੋਮੀਟਰ ਦੂਰ) ਇਕ ਪ੍ਰਾਚੀਨ ਨਗਰ, ਜੋ ਕਦੇ ਰਾਜਾ ਜੈ ਪਾਲ ਦੇ ਰਾਜ ਦਾ ਹਿੱਸਾ ਰਿਹਾ ਸੀ। ਰਾਜਾ ਜੈ ਪਾਲ ਦੀ ਹਕੂਮਤ ਲਘਮਾਨ/ਲਮਘਾਨ (ਅਫ਼ਗ਼ਾਨਿਸਤਾਨ) ਤੋਂ ਪਿਸ਼ਾਵਰ, ਮੁਲਤਾਨ ਕਸ਼ਮੀਰ ਅਤੇ ਇਧਰ ਸਮਾਣਾ ਤੇ ਸਰਹੰਦ ਤਕ ਸੀ। ਉਸ ਦੇ ਪੁੱਤਰ ਜੈ ਪਾਲ ਨੂੰ ਮਹਿਮੂਦ ਗ਼ਜ਼ਨਵੀ ਨੇ ਸੰਨ 1001 ਵਿਚ ਹਰਾ ਕੇ ਭਜਾ ਦਿੱਤਾ ਸੀ। ਇਸ ਮਗਰੋਂ ਇਸ ਇਲਾਕੇ ਵਿਚ ਮੁਸਲਮਾਨਾਂ ਦੀ ਹਕੂਮਤ ਕਾਇਮ ਹੋ ਗਈ ਸੀ। ਇਸ ਮਗਰੋਂ ਸਮਾਣਾ ਮਾਲਵਾ ਤੇ ਬਾਂਗਰ ਦੇਸ ਦੀ ਰਾਜਧਾਨੀ ਰਿਹਾ ਸੀ। 1360 ਵਿਚ ਫ਼ੀਰੋਜ਼ਸ਼ਾਹ ਤੁਗਲਕ ਨੇ ਸਮਾਣਾ ਦੀ ਥਾਂ ਸਰਹੰਦ ਨੂੰ ਰਾਜਧਾਨੀ ਬਣਾ ਦਿਤਾ ਤੇ ਸਮਾਣਾ ਨਗਰ ਦੀ ਅਹਮੀਅਤ ਘਟ ਗਈ। ਫਿਰ ਵੀ, 1709 ਵਿਚ ਵੀ, ਇਸ ਦੇ ਨੌਂ ਪਰਗਨੇ ਸਨ। ਅਜੇ ਵੀ ਬਹੁਤ ਸਾਰੇ ਸਈਅਦ (ਮੁਸਲਮਾਨਾਂ ਵਿਚ ਸਭ ਤੋਂ ਉੱਚਾ ਖ਼ਾਨਦਾਨ) ਅਤੇ ਅਮੀਰ-ਵਜ਼ੀਰ ਏਥੇ ਹੀ ਰਹਿੰਦੇ ਸਨ। ਅਜਿਹੇ ਲੋਕ ਸੈਂਕੜਿਆਂ ਦੀ ਗਿਣਤੀ ਵਿਚ ਸਨ। ਇਨ੍ਹਾਂ ਵਿਚੋਂ 22 ਉਮਰਾ (ਅਮੀਰ ਦਾ ਬਹੁ ਵਚਨ) ਤਾਂ ਉਹ ਸਨ ਜਿਨ੍ਹਾਂ ਨੂੰ ਨਿਜੀ ਪਾਲਕੀਆਂ ਵਿਚ ਆਉਣ-ਜਾਣ ਦਾ ਹੱਕ ਹਾਸਿਲ ਸੀ। ਇਨ੍ਹਾਂ ਸਾਰਿਆਂ ਦੀਆਂ ਹਵੇਲੀਆਂ ਕਿਲ੍ਹਿਆਂ ਵਰਗੀਆਂ ਸਨ। ਇੱਥੋਂ ਦਾ ਮੁਖ ਕਿਲ੍ਹਾ ਵੀ ਬੜਾ ਮਜ਼ਬੂਤ ਸੀ (ਇਸ ਕਿਲ੍ਹੇ ਦੀ ਕੰਧ ਦਾ ਇਕ ਹਿੱਸਾ ਅਜ ਵੀ ਮੌਜੂਦ ਹੈ)। ਪਰ ਸਮਾਣੇ ਦੇ ਇਸ ਵੱਡੇ ਕਿਲ੍ਹੇ ਵਿਚ ਮੁਗ਼ਲ ਫ਼ੌਜਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਸੀ ਕਿਉਂਕਿ ਉੱਥੋਂ ਦੇ ਫ਼ੌਜਦਾਰ ਨੂੰ ਕਦੇ ਵੀ ਕਿਸੇ ਹਮਲੇ ਦੀ ਆਸ ਨਹੀਂ ਸੀ ਤੇ ਸਿੱਖਾਂ ਦਾ ਹਮਲਾ ਤਾਂ ਉਹ ਸੁਫ਼ਨੇ ਵਿਚ ਵੀ ਨਹੀਂ ਸੀ ਸੋਚ ਸਕਦਾ।

ਸਮਾਣਾ ਦਾ ਸਿੱਖ ਤਵਾਰੀਖ਼ ਨਾਲ ਇਕ ਹੋਰ ਸਬੰਧ ਵੀ ਸੀ। 11 ਨਵੰਬਰ 1675 ਦੇ ਦਿਨ ਚਾਂਦਨੀ ਚੌਕ ਦਿੱਲੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਧੜ ਤੋਂ ਜੁਦਾ ਕਰਨ ਵਾਲਾ ਜੱਲਾਦ ਸੱਯਦ ਜਲਾਲੁੱਦੀਨ ਇੱਥੋਂ ਦਾ ਹੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਨੂੰ ਵੀ ਇਸੇ ਸ਼ਹਿਰ ਦੇ ਜੱਲਾਦਾਂ ਸਈਅਦ ਸ਼ਾਸ਼ਲ ਬੇਗ਼ ਤੇ ਬਾਸ਼ਲ ਬੇਗ਼ ਨੇ ਹੀ, 12 ਦਸੰਬਰ 1705 ਦੇ ਦਿਨ, ਕਤਲ ਕੀਤਾ ਸੀ। ਅਨੰਦਪੁਰ ਸਾਹਿਬ ‟ਚ 4 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਨੂੰ ਬਾਦਸ਼ਾਹ ਦੀ ਨਕਲੀ ਚਿੱਠੀ ਪਹੁੰਚਾਉਣ ਵਾਲਾ ਸੱਯਦ ਅਲੀ ਹੁਸੈਨ ਵੀ ਇੱਥੋਂ ਦਾ ਹੀ ਸੀ। ਸਿੱਖ ਇਸ ਨੂੰ “ਜੱਲਾਦਾਂ ਦਾ ਸ਼ਹਿਰ” ਆਖ ਕੇ ਚੇਤੇ ਕਰਦੇ ਸਨ। ਇਸ ਕਰ ਕੇ ਵੀ ਬੰਦਾ ਸਿੰਘ ਨੇ ਸਭ ਤੋਂ ਪਹਿਲਾਂ (ਜੋ ਉਨ੍ਹਾਂ ਦੀ ਪਨਾਹਗਾਹ ਖਾਂਡਾ ਤੋਂ 90 ਕਿਲੋਮੀਟਰ ਦੂਰ ਸੀ) ਇਸੇ ਸ਼ਹਿਰ ਨੂੰ ਸੋਧਣ ਦਾ ਫ਼ੈਸਲਾ ਕੀਤਾ।

26 ਨਵੰਬਰ 1709 ਦੇ ਦਿਨ ਤੜਕਸਾਰ ਹੀ ਬਾਬਾ ਬੰਦਾ ਸਿੰਘ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਨੇ ਅਚਾਣਕ ਹੀ ਸਮਾਣੇ ‟ਤੇ ਹਮਲਾ ਕਰ ਦਿਤਾ। ਸ਼ਹਿਰ ਦੇ ਮੁਗ਼ਲ ਹਾਕਮ ਉਸ ਵੇਲੇ ਬੇਖ਼ਬਰ ਸਨ। ਸਿੱਖਾਂ ਨੇ ਇੱਕੋ ਹੱਲੇ ਵਿਚ ਹੀ ਸ਼ਹਿਰ ਦਾ ਇਕ ਦਰਵਾਜ਼ਾ ਤੋੜ ਦਿਤਾ ਅਤੇ ਮੁਕਾਬਲਾ ਕਰਨ ਵਾਲੇ ਹਰ ਇਕ ਫ਼ੌਜੀ ਨੂੰ ਕਤਲ ਕਰਨਾ ਸ਼ੁਰੂ ਕਰ ਦਿਤਾ। ਮੁਗਲ ਫ਼ੌਜਾਂ ਨੇ ਕਾਫ਼ੀ ਮੁਕਾਬਲਾ ਕੀਤਾ ਪਰ ਕੁਝ ਹੀ ਘੰਟਿਆਂ ਵਿਚ ਨਗਰ ਅਤੇ ਇਸ ਦੇ ਕਿਲ੍ਹੇ ‘ਤੇ ਸਿੱਖਾਂ ਦਾ ਕਬਜ਼ਾ ਹੋ ਚੁਕਾ ਸੀ।

ਸਮਾਣੇ ਉੱਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ ਕਿਸੇ ਵੀ ਨਿਰਦੋਸ਼ ਬੰਦੇ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਸਿਰਫ਼ ਜ਼ਾਲਮ ਹਾਕਮਾਂ ਅਤੇ ਜੱਲਾਦਾਂ ਨੂੰ ਹੀ ਸਜ਼ਾ ਦਿਤੀ ਜਾਵੇਗੀ। ਮੁਕਾਮੀ ਲੋਕਾਂ ਵਿਚ ਬਹੁਤੇ ਆਮ ਮੁਸਲਮਾਨ ਕਿਸਾਨ ਹੀ ਸਨ ਜੋ ਜ਼ਮੀਨਾਂ ਦੇ ਮਾਲਕ ਨਹੀਂ ਸਨ ਬਲਕਿ ਮੁਜ਼ਾਰੇ ਸਨ। ਉਹ ਮੁਗ਼ਲ ਤੇ ਜੱਲਾਦ ਸੱਯਦ ਜਗੀਰਦਾਰਾਂ ਤੋਂ ਬਹੁਤ ਦੁਖੀ ਸਨ। ਇਸ ਕਰ ਕੇ ਉਨ੍ਹਾਂ ਨੂੰ ਜਗੀਰਦਾਰਾਂ ਤੇ ਅਮੀਰਾਂ ਨਾਲ ਕੋਈ ਹਮਦਰਦੀ ਨਹੀਂ ਸੀ। ਇਨ੍ਹਾਂ ਕਿਸਾਨਾਂ ਨੇ ਸਿੱਖ ਫ਼ੌਜਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਨੇ ਸਿੱਖਾਂ ਦਾ ਸਾਥ ਦਿੱਤਾ ਤੇ ਅਮੀਰਾਂ ਤੇ ਜ਼ਾਲਮਾਂ ਬਾਰੇ ਵਾਕਫ਼ੀ ਦਿੱਤੀ। ਇਨ੍ਹਾਂ ਤੋਂ ਵਾਕਫ਼ੀ ਹਾਸਿਲ ਕਰ ਕੇ ਸਿੱਖ ਫ਼ੌਜਾਂ ਨੇ ਅਮੀਰਾਂ, ਵਜ਼ੀਰਾਂ ਅਤੇ ਜੱਲਾਦਾਂ ਦੀਆਂ ਕਿਲ੍ਹਾ-ਨੁਮਾ ਹਵੇਲੀਆਂ ਤੇ ਘਰਾਂ ਦੀ ਨਿਸ਼ਾਨ-ਦੇਹੀ ਕੀਤੀ ਅਤੇ ਇਨ੍ਹਾਂ ਸਾਰਿਆਂ ਨੂੰ ਘੇਰਾ ਪਾ ਲਿਆ। ਉਨ੍ਹਾਂ ਨੇ ਆਪਣੀਆਂ ਹਵੇਲੀਆਂ ਅਤੇ ਕਿਲ੍ਹਿਆਂ ਵਿੱਚੋਂ ਸਿੱਖਾਂ ‟ਤੇ ਗੋਲਾਬਾਰੀ ਕਰਨੀ ਤੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਸਿੱਖ ਇਸ ਖ਼ਤਰਨਾਕ ਹਮਲੇ ਦੇ ਬਾਵਜੂਦ ਡਟੇ ਰਹੇ। ਅਖ਼ੀਰ ਮਜਬੂਰ ਹੋ ਕੇ ਸਿੱਖਾਂ ਨੇ ਇਨ੍ਹਾਂ ਕਿਲ੍ਹਾ-ਨੁਮਾ ਹਵੇਲੀਆਂ ਨੂੰ ਅੱਗ ਲਾ ਦਿੱਤੀ ਜਿਸ ਨਾਲ ਬਹੁਤ ਸਾਰੇ ਸੱਯਦ ਮੁਗ਼ਲ ਅੰਦਰ ਸੜ ਕੇ ਮਰ ਗਏ ਤੇ ਜਿਹੜੇ ਅੱਗ ਤੋਂ ਬਚਣ ਵਾਸਤੇ ਹਥਿਆਰ ਲੈ ਕੇ ਬਾਹਰ ਨਿਕਲੇ ਉਹ ਸਿੱਖ ਫ਼ੌਜਾਂ ਦੀਆਂ ਤਲਵਾਰਾਂ ਤੇ ਨੇਜ਼ਿਆਂ ਦਾ ਸ਼ਿਕਾਰ ਬਣ ਗਏ। ਤੜਕੇ ਤੋਂ ਲੈ ਕੇ ਸ਼ਾਮ ਤਕ ਸਮਾਣਾ ਦੀਆਂ ਗਲੀਆਂ ਵਿਚ ਜ਼ਬਰਦਸਤ ਲੜਾਈ ਚਲਦੀ ਰਹੀ। ਕਈ ਮੁਗ਼ਲ ਤੇ ਸੱਯਦ ਤਾਂ ਜਾਨ ਤੋੜ ਕੇ ਲੜੇ ਪਰ ਅਖ਼ੀਰ ਮਾਰੇ ਗਏ।

ਅਜੇ ਸ਼ਾਮ ਪੂਰੀ ਤਰ੍ਹਾਂ ਢਲੀ ਨਹੀਂ ਸੀ ਕਿ ਸਿੱਖਾਂ ਦਾ ਟਾਕਰਾ ਕਰਨ ਵਾਲੇ ਸਾਰੇ ਮੁਗ਼ਲ ਤੇ ਸੱਯਦ ਖ਼ਤਮ ਹੋ ਚੁਕੇ ਸਨ ਜਾਂ ਸ਼ਹਿਰ ‟ਚੋਂ ਦੌੜ ਚੁਕੇ ਸਨ। ਹੁਣ ਸ਼ਹਿਰ ਵਿਚ ਆਮ ਕਿਸਾਨਾਂ ਤੇ ਮਜ਼ਦੂਰਾਂ ਤੋ ਸਿਵਾ ਹਾਕਮ ਜਮਾਤ ਦੇ ਸਿਰਫ਼ ਬੱਚੇ, ਔਰਤਾਂ ਤੇ ਕੁਝ ਕੂ ਉਹ ਬੁੱਢੇ ਹੀ ਰਹਿ ਗਏ ਸਨ ਜਿਨ੍ਹਾਂ ਨੇ ਸਿੱਖਾਂ ਦਾ ਮੁਕਾਬਲਾ ਨਹੀਂ ਸੀ ਕੀਤਾ। ਸਿੱਖਾਂ ਨੇ ਕਿਸੇ ਵੀ ਔਰਤ, ਬੁੱਢੇ ਤੇ ਬੱਚੇ ਨੂੰ ਕੁਝ ਵੀ ਨਾ ਕਿਹਾ। ਸਿੱਖਾਂ ਨੇ ਤਾਂ ਕਿਸੇ ਮਸੀਤ ‟ਤੇ ਵੀ ਹਮਲਾ ਨਹੀਂ ਸੀ ਕੀਤਾ ਕਿਉਂਕਿ ਸਿੱਖਾਂ ਦੀ ਇਹ ਲੜਾਈ ਇਸਲਾਮ ਦੇ ਖ਼ਿਲਾਫ਼ ਨਹੀਂ ਸੀ ਬਲਕਿ ਜ਼ੁਲਮ ਦੇ ਖ਼ਿਲਾਫ਼ ਸੀ। ਇਸ ਕਰ ਕੇ ਅੱਜ ਵੀ ਸਮਾਣਾ ਵਿਚ ਉਸ ਜ਼ਮਾਨੇ ਦੀਆਂ ਘਟ ਤੋਂ ਘਟ ਦਰਜਨ ਮਸੀਤਾਂ, ਮਕਬਰੇ ਤੇ ਹੋਰ ਈਮਾਰਤਾਂ ਮੌਜੂਦ ਹਨ।

ਰਾਤ ਪੈਣ ਤੋਂ ਪਹਿਲਾਂ ਸਮਾਣਾ ਸਿੱਖਾਂ ਦੇ ਕਬਜ਼ੇ ਵਿਚ ਆ ਚੁਕਾ ਸੀ। ਇਸ ਲੜਾਈ ਦੌਰਾਨ ਮਰਨ ਵਾਲਿਆਂ ਮੁਗ਼ਲਾਂ ਤੇ ਸੱਯਦਾਂ ਦੀ ਗਿਣਤੀ ਵੱਖ-ਵੱਖ ਸੋਮੇ ਪੰਜ ਤੋਂ ਦਸ ਹਜ਼ਾਰ ਤਕ ਲਿਖਦੇ ਹਨ। ਸਿਰਫ਼ ਮੌਤਾਂ ਹੀ ਨਹੀਂ ਬਲਕਿ ਸ਼ਹਿਰ ਦੀਆਂ ਬਹੁਤੀਆਂ ਹਵੇਲੀਆਂ ਸੜ ਕੇ ਸੁਆਹ ਹੋ ਚੁਕੀਆਂ ਸਨ। ਸਮਾਣਾ ਦੇ ਆਮ ਕਿਰਸਾਨ ਸੱਯਦਾਂ ਤੇ ਮੁਗ਼ਲ ਹਾਕਮਾਂ ਦੇ ਜ਼ੁਲਮਾਂ ਦਾ ਸਦੀਆਂ ਤੋਂ ਸ਼ਿਕਾਰ ਚਲੇ ਆ ਰਹੇ ਸਨ। ਇਸ ਕਰ ਕੇ ਇਸ ਮੌਕੇ ‟ਤੇ ਮੁਸਲਮਾਨ ਮੁਜਾਰਿਆਂ ਨੇ ਵੀ ਸੱਯਦਾਂ, ਪਠਾਨਾਂ ਤੇ ਮੁਗ਼ਲਾਂ ਤੋਂ ਆਪਣੇ ਬਦਲੇ ਲਏ ਪਰ ਉਨ੍ਹਾਂ ਦਾ ਬਹੁਤਾ ਗੁੱਸਾ ਲੁੱਟ-ਮਾਰ ਕਰਨ ਤਕ ਹੀ ਸੀਮਤ ਸੀ। ਅਗਜ਼ਨੀ ਦੀਆਂ ਵਾਰਦਾਤਾਂ ਵਧੇਰੇ ਕਰ ਕੇ ਇਨ੍ਹਾਂ ਦੁਖੀ ਲੋਕਾਂ ਨੇ ਹੀ ਕੀਤੀਆਂ ਸਨ।

ਸਮਾਣੇ ‟ਤੇ ਕਬਜ਼ੇ ਦੌਰਾਨ ਸਿੱਖ ਫ਼ੌਜਾਂ ਨੂੰ ਹਥਿਆਰਾਂ ਦਾ ਵੱਡਾ ਖ਼ਜ਼ਾਨਾ, ਬਹੁਤ ਸਾਰਾ ਸੋਨਾ, ਹੀਰੇ, ਚਾਂਦੀ ਤੇ ਰੁਪੈ ਅਤੇ ਸੈਂਕੜੇ ਘੋੜੇ ਹਾਸਿਲ ਹੋਏ। ਹੁਣ ਸਿੱਖ ਫ਼ੌਜ ਕੋਲ ਕਫ਼ੀ ਅਸਲਾ ਤੇ ਘੋੜੇ ਆ ਚੁਕੇ ਸਨ ਅਤੇ ਉਹ ਕਿਸੇ ਵੀ ਵੱਡੇ ਨਗਰ ‟ਤੇ ਹਮਲਾ ਕਰਨ ਦੀ ਹੈਸੀਅਤ ਵਿਚ ਸੀ। ਸਮਾਣੇ ‟ਤੇ ਕਬਜ਼ੇ ਵਿਚ ਸਭ ਤੋਂ ਵਧ ਰੋਲ ਭਾਈ ਫ਼ਤਹਿ ਸਿੰਘ (ਭਾਈ ਭਗਤੂ ਪਰਵਾਰ ‟ਚੋਂ) ਦਾ ਸੀ। ਬਾਬਾ ਬੰਦਾ ਸਿੰਘ ਨੇ ਭਾਈ ਫ਼ਤਹਿ ਸਿੰਘ ਨੂੰ ਸਮਾਣਾ ਦਾ ਫ਼ੌਜਦਾਰ ਤਾਇਨਾਤ ਕੀਤਾ ਅਤੇ ਕੁਝ ਫ਼ੌਜ ਉਸ ਲਈ ਰਾਖਵੀਂ (ਰੀਜ਼ਰਵ) ਕਰ ਕੇ ਅਗਲੇ ਐਕਸ਼ਨ ਦੀ ਤਿਆਰੀ ਸ਼ੁਰੂ ਕਰ ਦਿਤੀ। ਇਸ ਵੇਲੇ ਤਕ ਉਸ ਦੀ ਫ਼ੌਜ ਵਿਚ 10-12 ਹਜ਼ਾਰ ਸਿੱਖ ਸ਼ਾਮਿਲ ਹੋ ਚੁਕੇ ਸਨ। ਖ਼ਾਫ਼ੀ ਖ਼ਾਨ ਮੁਤਾਬਿਕ: “ਦੋ ਤੋਂ ਤਿੰਨ ਮਹੀਨੇ ਵਿਚ ਹੀ ਚਾਰ ਤੋਂ ਪੰਜ ਹਜ਼ਾਰ ਘੌੜਸਵਾਰ ਅਤੇ ਸੱਤ ਤੋਂ ਅੱਠ ਹਜ਼ਾਰ ਪੈਦਲ ਬੰਦੇ ਉਸ ਨਾਲ ਆ ਰਲੇ। ਹਰ ਦਿਨ ਉਨ੍ਹਾਂ ਦੀ ਗਿਣਤੀ ਵਧਦੀ ਗਈ ਅਤੇ ਉਨ੍ਹਾਂ ਨੇ ਚੋਖਾ ਮਾਲ ਲੁੱਟ ਲਿਆ। ਛੇਤੀ ਹੀ ਅਠਾਰਾਂ ਤੋਂ ਉੱਨੀ ਹਜ਼ਾਰ ਬੰਦਿਆਂ ਨੇ ਲੁੱਟ ਦਾ ਦੌਰ ਸ਼ੂਰੁ ਕਰ ਦਿਤਾ।” (ਖ਼ਾਫ਼ੀ ਖ਼ਾਨ, ਮੁੰਤਖ਼ਬੁਲ ਲੁਬਾਬ, ਚੈਪਟਰ 2, ਸਫ਼ਾ 660)। ਸਮਾਣਾ ਵਿਚੋਂ ਕੁਝ ਕੁ ਮੁਸਲਮਾਨ ਅਮੀਰ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ ਸਨ ਤੇ ਉਨ੍ਹਾਂ ਵਿਚੋਂ ਬਹੁਤੇ ਥਾਨੇਸਰ, ਮੁਰਤਜ਼ਾਪੁਰ ਤੇ ਪਿਹੋਵਾ ਚਲੇ ਗਏ ਸਨ। ਸਮਾਣਾ ਕਦੇ ਮਾਲਵੇ ਦਾ ਸਭ ਤੋਂ ਵੱਡਾ ਨਗਰ ਹੁੰਦਾ ਸੀ ਤੇ ਇੱਥੇ ਤਕਰੀਬਨ ਇਕ ਲੱਖ ਮੁਸਲਮਾਨ ਰਹਿੰਦੇ ਸਨ। ਹੁਣ ਇਸ ਦੀ ਅਬਾਦੀ (2017 ਵਿਚ) ਤਕਰੀਬਨ 55 ਹਜ਼ਾਰ ਹੈ (ਇਨ੍ਹਾਂ ਵਿਚੋਂ 35% ਹਿੰਦੂ, 30% ਸਿੱਖ ਤੇ 30% ਦਲਿਤ ਤੇ 5% ਦੂਜੇ ਧਰਮਾਂ ਵਾਲੇ ਹਨ। ਸਮਾਣਾ ਵਿਚ ਇਕ ਵਾਰ ਗੁਰੂ ਤੇਗ਼ ਬਹਾਦਰ ਸਾਹਿਬ ਵੀ ਗਏ ਸਨ ਤੇ ਉਨ੍ਹਾਂ ਦੀ ਯਾਦ ਵਿਚ, ਨਗਰ ਦੀ ਹੱਦ ਤੋਂ ਬਾਹਰ, „ਗੁਰਦੁਆਰਾ ਥੜ੍ਹਾ ਸਾਹਿਬ‟ ਬਣਿਆ ਹੋਇਆ ਹੈ। ਮੁਕਾਮੀ ਰਿਵਾਇਤ ਮੁਤਾਬਿਕ ਇਸ ਥਾਂ ‟ਤੇ ਬੈਠ ਕੇ ਗੁਰੂ ਜੀ ਨੇ ਸਾਈਂ ਇਨਾਇਤ ਅਲੀ ਨਾਲ ਧਰਮ ਚਰਚਾ ਕੀਤੀ ਸੀ.


ਸਮਾਣਾ ਕਿਲ੍ਹਾ ਦੀ ਬਚੀ-ਖੁਚੀ ਕੰਧ ਦਾ ਇਕ ਹਿੱਸਾ

ਗੁਰਦੁਆਰਾ ਥੜ੍ਹਾ ਸਾਹਿਬ

(ਡਾ. ਹਰਜਿੰਦਰ ਸਿੰਘ ਦਿਲਗੀਰ)

Samadh Bhai (Bhai Rupa)

ਸਮਾਧ ਭਾਈ (ਭਾਈ ਰੂਪਾ)

ਜ਼ਿਲ੍ਹਾ ਮੋਗਾ ਦੀ ਬਾਘਾਪੁਰਾਨਾ ਤਹਿਸੀਲ ਵਿਚ ਇਕ ਪਿੰਡ (ਫ਼ਰੀਦਕੋਟ ਤੋਂ 39 ਅਤੇ ਮੋਗਾ ਤੋਂ 28 ਤੇ ਬਾਘਾਪੁਰਾਨਾ ਤੋਂ 12 ਕਿਲੋਮੀਟਰ ਦੂਰ)। ਇੱਥੋਂ ਦੀ ਅਬਾਦੀ (2017 ਵਿਚ) ਤਕਰੀਬਨ ਯਾਰ੍ਹਾਂ ਹਜ਼ਾਰ ਹੈ। ਭਾਈ ਰੂਪ ਚੰਦ (1613-1709) ਦੀ ਇੱਥੇ ਸਮਾਧ ਹੋਣ ਕਰ ਕੇ ਇਸ ਪਿੰਡ ਦਾ ਨਾਂ ਭਾਈ ਦੀ ਸਮਾਧ ਤੇ ਫਿਰ ਸਮਾਧ ਭਾਈ ਜਾਣਿਆ ਜਾਣ ਲਗ ਪਿਆ। ਇਸ ਜਗ੍ਹਾ ਗੁਰੂ ਹਰਗੋਬਿੰਦ ਸਾਹਿਬ (ਸ਼ਾਇਦ ਇਕ ਤੋਂ ਵਧ ਵਾਰ) ਆਏ ਸਨ ਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ। ਜਦੋਂ ਗੁਰੂ ਜੀ ਇੱਥੇ ਆਏ ਸਨ ਉਦੋਂ ਇੱਥੇ ਆਬਾਦੀ ਨਹੀਂ ਸੀ। ਇਹ ਪਿੰਡ ਮਗਰੋਂ ਵੱਸਿਆ ਸੀ.

ਗੁਰਦੁਆਰਾ ਸਮਾਧ ਭਾਈ

(ਡਾ. ਹਰਜਿੰਦਰ ਸਿੰਘ ਦਿਲਗੀਰ)

Santokhsar Sarovar Amritsar

ਸੰਤੋਖ ਸਰ (ਸਰੋਵਰ)

ਭਾਈ ਜੇਠਾ (ਗੁਰੂ ਰਾਮਦਾਸ ਸਾਹਿਬ) ਦੇ ਅਹਿਦ ਦਾ ਇਕ ਬੜਾ ਵੱਡਾ ਕਦਮ ਗੁਰੂ ਦਾ ਚੱਕ (ਹੁਣ ਅੰਮ੍ਰਿਤਸਰ) ਨਗਰ ਨੂੰ ਕਾਇਮ ਕਰਨਾ ਸੀ। ਗੁਰੂ ਦਾ ਚੱਕ ਵਸਾਉਣ ਦਾ ਫ਼ੈਸਲਾ ਗੁਰੂ ਰਾਮਦਾਸ ਅਤੇ ਗੁਰੂ ਅਮਰ ਦਾਸ ਸਾਹਿਬ ਦਾ ਸਾਂਝਾ ਸੀ। ਗੁਰੂ ਅਮਰ ਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਇਹ ਨਗਰ ਵਸਾਉਣ ਵਾਸਤੇ ਆਪ ਭੇਜਿਆ ਸੀ। ਇਸ ਨਗਰ ਵਾਸਤੇ ਭਾਈ ਜੇਠਾ (ਗੁਰੂ ਰਾਮਦਾਸ ਸਾਹਿਬ) ਨੇ 1564 ਵਿਚ ਤੁੰਗ, ਸੁਲਤਾਨਵਿੰਡ ਤੇ ਗੁਮਟਾਲੀ ਪਿੰਡਾਂ ਦੀ ਜ਼ਮੀਨ 700 ਅਕਬਰੀ ਰੁਪੈ ਦੇ ਕੇ ਖ਼ਰੀਦੀ ਅਤੇ ਸਭ ਤੋਂ ਪਹਿਲਾਂ ਸੰਤੋਖਸਰ ਸਰੋਵਰ ਦੀ ਪੁਟਾਈ ਸ਼ੁਰੂ ਕੀਤੀ। ਪਰ, ਇਸ ਦੀ ਪੁਟਾਈ ਅਜੇ ਪੂਰੀ ਤਰ੍ਹਾਂ ਨਹੀਂ ਸੀ ਹੋਈ ਕਿ ਗੁਰੂ ਅਮਰ ਦਾਸ ਸਾਹਿਬ ਨੇ ਭਾਈ ਜੇਠਾ ਨੂੰ ਵਾਪਿਸ ਗੋਇੰਦਵਾਲ ਬੁਲਾ ਲਿਆ ਕਿਉਂ ਕਿ ਗੁਰੂ ਦਰਬਾਰ ਅਤੇ ਨਗਰ ਦਾ ਇੰਤਜ਼ਾਮ ਉਨ੍ਹਾਂ ਕੋਲੋਂ ਇਕੱਲਿਆਂ ਨਹੀਂ ਸੀ ਹੋ ਰਿਹਾ। ਇਸ ਕਰ ਕੇ 1564 ਵਿਚ ਗੁਰੂ ਦਾ ਚੱਕ ਨਗਰ ਦੀ ਕਾਇਮੀ ਅੱਧ-ਵਿਚਕਾਰ ਹੀ ਰੁਕ ਗਈ ਅਤੇ ਅਗਲੇ ਦਸ ਸਾਲ ਤਕ ਇਹ ਨਗਰ ਵੱਸ ਨਾ ਸਕਿਆ। 1574 ਵਿਚ ਗੁਰੂ ਅਮਰ ਦਾਸ ਸਾਹਿਬ ਜੋਤੀ-ਜੋਤਿ ਸਮਾ ਗਏ ਤੇ ਭਾਈ ਜੇਠਾ ਚੌਥੇ ਗੁਰਗੱਦੀ ਸੰਭਾਲੀ। ਗੁਰੂ ਅਮਰ ਦਾਸ ਸਾਹਿਬ ਦੇ ਬਿੰਦੀ ਪੁੱਤਰਾਂ ਮੋਹਨ ਤੇ ਮੋਹਰੀ ਨੂੰ ਗੋਇੰਦਵਾਲ ਦੀ ਜਾਇਦਾਦ ਸੰਭਾਲ ਕੇ ਗੁਰੂ ਰਾਮ ਦਾਸ ਸਾਹਿਬ ਗੁਰੂ ਦਾ ਚੱਕ ਵਾਲੀ ਜਗਹ ’ਤੇ ਆ ਗਏ ਅਤੇ ਇੱਥੇ ਅਜੋਕੇ ਗੁਰਦੁਆਰਾ ‘ਗੁਰੂ ਦੇ ਮਹਿਲ’ ਵਾਲੀ ਥਾਂ ’ਤੇ ਘਰ ਬਣਾ ਕੇ ਰਹਿਣ ਲਗ ਪਏ। ਹਾਲਾਂ ਕਿ 10 ਸਾਲ ਪਹਿਲਾਂ ਉਨ੍ਹਾਂ ਨੇ ਸੰਤੋਖਸਰ ਸਰੋਵਰ ਦੀ ਪੁਟਾਈ ਸ਼ੁਰੂ ਕਰ ਦਿਤੀ ਸੀ ਪਰ ਨਿਵਾਣ ਦੀ ਜਗ੍ਹਾ ਨੂੰ ਮੁਖ ਰਖ ਕੇ ਉਨ੍ਹਾਂ ਨੇ ਪਹਿਲਾਂ ‘ਅੰਮ੍ਰਿਤਸਰ’ (ਦਰਬਾਰ ਸਾਹਿਬ ਵਾਲਾ ਸਰੋਵਰ) ਦੀ ਪੁਟਾਈ ਸ਼ੁਰੂ ਕਰ ਦਿਤੀ ਤਿੰਨ ਸਾਲ ਵਿਚ ਹੀ (1577 ਵਿਚ) ਸਰੋਵਰ ਤਿਆਰ ਹੋ ਗਿਆ। ਕਿਸੇ ਵੀ ਨਵੇਂ ਨਗਰ ਦੀ ਸਭ ਤੋਂ ਪਹਿਲੀ ਜ਼ਰੂਰਤ ਪਾਣੀ ਦੀ ਹੁੰਦੀ ਹੈ ਇਸ ਕਰ ਕੇ ਗੁਰੂ ਸਾਹਿਬ ਨੇ ਅੰਮ੍ਰਿਤਸਰ ਦੇ ਨਾਲ-ਨਾਲ ਦੂਜਾ ਸਰੋਵਰ ਇਹ ‘ਸੰਤੋਖਸਰ’ ਵੀ 1578 ਵਿਚ ਤਿਆਰ ਕਰਵਾ ਲਿਆ.


(ਤਸਵੀਰ ਸੰਤੋਖਸਰ ਸਰੋਵਰ ਤੇ ਗੁਰਦੁਆਰਾ)

(ਡਾ. ਹਰਜਿੰਦਰ ਸਿੰਘ ਦਿਲਗੀਰ)

Santokhpura (Haryana)

ਸੰਤੋਖਪੁਰਾ

ਹਰਿਆਣਾ ਵਿਚ ਜ਼ਿਲ੍ਹਾ ਯਮੁਨਾਨਗਰ ਦੇ ਨਗਰ ਛਛਰੌਲੀ (ਜਗਾਧਰੀ ਤੋਂ ਤਕਰੀਬਨ 12 ਕਿਲੋਮੀਟਰ) ਤੋਂ ਤਕਰੀਬਨ ਅੱਧਾ ਕਿਲੋਮੀਟਰ ਦੂਰ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਿਆ ਗੁਰਦੁਆਰਾ, ਜਿਸ ਨੂੰ 1920 ਵਿਚ ਮਸਤੂਆਣਾ ਦੇ ਹਰਨਾਮ ਸਿੰਘ ਨੇ ‘ਖੋਜਿਆ’ ਸੀ ਅਤੇ ਇਸ ਦੀ ਪਹਿਲੀ ਇਮਾਰਤ 1924 ਵਿਚ ਕਲਸੀਆ ਰਿਆਸਤ ਦੀ ਰਾਣੀ ਰਣਬੀਰ ਕੌਰ ਨੇ ਬਣਵਾਈ ਸੀ। ਹੁਣ ਇਸ ਜਗਹ ਬਹੁਤ ਵੱਡਾ ਗੁਰਦੂਆਰਾ ਕਾਇਮ ਹੈ ਅਤੇ ਇਸ ਦਾ ਇੰਤਜ਼ਾਮ ਸਿੰਘ ਸਭਾ ਛਛਰੌਲੀ ਕੋਲ ਹੈ। ਛਛਰੌਲੀ ਦੇ ਕਿਲ੍ਹੇ ਵਿਚ ਵੀ ਇਕ ਗੁਰਦੁਆਰਾ ਹੈ ਅਤੇ ਜਗਾਧਰੀ ਰੋਡ ’ਤੇ ਬਲਾਚੌਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ‘ਅਗਮਪੁਰਾ ਗੁਰਦੁਆਰਾ’ ਵੀ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sant Ghat Gurdwara Sultanpur Lodhi

ਸੰਤ ਘਾਟ (ਗੁਰਦੁਆਰਾ)

ਸੁਲਤਾਨਪੁਰ ਵਿਚ (1504-1507 ਤਕ) ਰਹਿੰਦਿਆਂ ਇਕ ਦਿਨ ਗੁਰੂ ਨਾਨਕ ਸਾਹਿਬ ਵੇਈਂ ਨਦੀ ’ਚ ਨਹਾਉਣ ਗਏ। ਨਹਾਉਣ ਮਗਰੋਂ ਉਹ ਵੇਈਂ ਦੇ ਦੂਜੇ ਕੰਢੇ ਦੂਰ ਸੰਘਣੇ ਦਰਖਤਾਂ ਦੇ ਝੁੰਡ ਹੇਠ ਜਾ ਬੈਠੇ ਤੇ ਰੂਹਾਨੀ ਸੋਚਾਂ ਵਿਚ ਮਗਨ ਹੋ ਗਏ। ਆਪ ਦੇ ਮਨ ਵਿਚ ਖ਼ਿਆਲ ਆਇਆ ਕਿ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਸੱਚੇ ਧਰਮ ਦਾ ਪਰਚਾਰ ਕਰਨ ਦਾ ਸਮਾਂ ਆ ਗਿਆ ਹੈ। ਸੋਚਦਿਆਂ-ਸੋਚਦਿਆਂ ਆਪ ਦੀ ਐਸੀ ਲਿਵ ਲਗੀ ਕਿ ਆਪ ਕਈ ਘੜੀਆਂ ਉੱਥੇ ਹੀ ਬੈਠੇ ਰਹੇ। ਪਿੱਛੋਂ ਲੋਕਾਂ ਨੇ ਇਹ ਸੋਚਿਆ ਕਿ ਗੁਰੂ ਜੀ ਸ਼ਾਇਦ ਡੁੱਬ ਗਏ ਹੋਣਗੇ।

ਪਰ, ਸ਼ਾਮ ਗਏ ਜਦੋਂ ਕੁਝ ਲੋਕ ਉਧਰੋਂ ਲੰਘੇ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਸੋਚਾਂ ਵਿਚ ਲੀਨ ਹੋਏ ਬੈਠੇ ਵੇਖਿਆ। ਉਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਨਾਲ ਬਚਨ ਕੀਤੇ। ਇਸ ਮਗਰੋਂ ਗੁਰੂ ਸਾਹਿਬ ਆਪਣੇ ਘਰ ਮੁੜ ਆਏ ਤੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕਿ ਉਹ ਨਵੇਂ ਪੰਥ ਦਾ ਪਰਚਾਰ ਕਰਨ ਵਾਸਤੇ ਉਦਾਸੀ (ਪ੍ਰਚਾਰ ਦੌਰੇ) ਸ਼ੁਰੂ ਕਰਨ। ਉਨ੍ਹਾਂ ਨੇ ਪਤਨੀ ਅਤੇ ਬੱਚਿਆਂ ਦੇ ਖਰਚੇ ਵਾਸਤੇ ਸਾਰੇ ਪੈਸੇ ਆਪਣੇ ਸਹੁਰੇ ਨੂੰ ਸੰਭਾਲ ਦਿਤੇ ਅਤੇ ਆਪ ਰੱਬ ਦੇ ਪੈਗ਼ਾਮ ਦੇ ਮਿਸ਼ਨਰੀ ਬਣਨ ਵਾਸਤੇ ਤਿਆਰ ਹੋ ਗਏ। ਗੁਰੂ ਜੀ ਨੇ ਉਦਾਸੀ ਪਹਿਰਾਵਾ ਪਹਿਣ ਲਿਆ ਅਤੇ ਭਾਈ ਮਰਦਾਨਾ ਨੂੰ ਵੀ ਇਸੇ ਪਹਿਰਾਵੇ ਵਿਚ ਨਾਲ ਲੈ ਕੇ 20 ਅਗਸਤ 1507 ਦੇ ਦਿਨ ਸੱਚੇ ਧਰਮ ਦੇ ਪਰਚਾਰ ਵਾਸਤੇ ਟੁਰ ਪਏ।

ਮਿਹਰਬਾਨ ਵਾਲੀ ਜਨਮਸਾਖੀ ਤੇ ਵਿਲਾਇਤ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਸਾਹਿਬ ਵੇਈਂ ਨਦੀ ਵਿਚ 3 ਦਿਨ ਰਹੇ ਸਨ ਅਤੇ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ (ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ ਹੋਈ) ਜਨਮਸਾਖੀ ਮੁਤਾਬਿਕ ਆਪ 8 ਦਿਨ ਨਦੀ ਵਿਚ ਵੜੇ ਰਹੇ, ਜੋ ਸਹੀ ਨਹੀਂ ਹੈ। ਇਨ੍ਹਾਂ ਲੇਖਕਾਂ ਮੁਤਾਬਿਕ ਗੁਰੂ ਜੀ ਨਦੀ ਵਿਚ ਵੜਨ ਮਗਰੋਂ ਅਕਾਲ ਪੁਰਖ ਦੇ ਦਰਬਾਰ ਵਿਚ ਜਾ ਪੁੱਜੇ ਸਨ। ਉਨ੍ਹਾਂ ਦੇ ‘ਵਾਹਿਗੁਰੂ’ ਦੇ ਦਰਬਾਰ ਵਿਚ ਜਾ ਕੇ ਵੇਈਂ ਨਦੀ ਵਿਚ ਤਿੰਨ ਜਾਂ ਅੱਠ ਦਿਨ ਬੈਠੇ ਰਹਿਣ ਦੀ ਕਹਾਣੀ ਕਿਸੇ ਪੱਖ ਤੋਂ ਵੀ ਸਹੀ ਨਹੀਂ ਜਾਪਦੀ (ਉਹ ਕਿਹੜੀ ਗੱਲ ਸੀ ਜਿਸ ਬਾਰੇ ਗੁਰੁ ਜੀ ਨੇ ਅਕਾਲ ਪੁਰਖ ਨਾਲ ਤਿੰਨ ਜਾਂ ਅੱਠ ਦਿਨ ਯੋਜਨਾ ਬਣਾਉਣੀ ਸੀ?)। ਇਕ ਪਾਸੇ ਤਾਂ ਇਹ ਲੇਖਕ ਗੁਰੂ ਨਾਨਕ ਸਾਹਿਬ ਨੂੰ ‘ਨਾਰਾਇਣ’ ਅਤੇ’ ਰੱਬ ਦਾ ਅਵਤਾਰ’ (ਯਾਨਿ ਰੱਬ ਆਪ) ਲਿਖਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ‘ਰੱਬ’ ਦੇ ਦਰਬਾਰ ਵਿਚ ਹਾਜ਼ਰ ਵੀ ਕਰ ਦੇਂਦੇ ਹਨ। ਇਸ ਦਾ ਮਤਲਬ ਇਹ ਬਣਦਾ ਹੈ ਕਿ ਰੱਬ ‘ਦੋ’ ਸਨ ਤੇ ਇਕ ‘ਰੱਬ’ (ਗੁਰੂ ਨਾਨਕ) ਦੂਜੇ ‘ਰੱਬ’ (ਅਕਾਲ ਪੁਰਖ) ਦੇ ਦਰਬਾਰ ਵਿਚ ਹਾਜ਼ਰ ਹੋਇਆ ਸੀ (ਤੇ ਰੱਬ ਦਾ ਇਹ ਦਰਬਾਰ ਸ਼ਾਇਦ ‘ਬੇਈਂ’ ਨਦੀ ਦੇ ਹੇਠਾਂ ਕਿਸੇ ਜਗਹ ਸੀ)। ਜਨਮਸਾਖੀਆਂ ਗੁਰੂ ਜੀ ਦੇ ਵੇਈਂ ਵਿਚੋਂ ਬਾਹਰ ਆਉਣ ਵਾਲੀ ਥਾਂ ਵੀ ਵੱਖ ਵੱਖ ਦਸਦੀਆਂ ਹਨ: ਬਾਲੇ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਜੀ ਜਿੱਥੋਂ ਨਿਕਲੇ ਉੱਥੇ ਉਨ੍ਹਾਂ ਨੇ ਦਾਤਨ ਗੱਡੀ ਸੀ (ਹੁਣ ਉਹ ਦਾਤਨ ਵਾਲੀ ਜਗਹ ਦਾ ਨਾਂ ਨਿਸ਼ਾਨ ਬਾਕੀ ਨਹੀਂ ਹੈ)। ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਤੇ ਵਿਲਾਇਤ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਜੀ ਮੌਜੂਦਾ ‘ਗੁਰਦੁਆਰਾ ਸੰਤ ਘਾਟ’ ਵਾਲੀ ਥਾਂ ਤੋਂ ਬਾਹਰ ਨਹੀਂ ਨਿਕਲੇ ਸਨ ਬਲਕਿ ਉੱਥੋਂ ਹੀ ਨਿਕਲੇ ਸਨ ਜਿੱਥੇ ਉਹ ਵੇਈਂ ਵਿਚ ਵੜੇ ਸਨ। ਸੋ ਸਪਸ਼ਟ ਹੈ ਕਿ ਇਹ ਕਹਾਣੀ ਮਗਰੋਂ ਘੜੀ ਗਈ ਸੀ ਤੇ ‘ਗੁਰਦੁਆਰਾ ਸੰਤ ਘਾਟ’ ਵੀ ਮਗਰੋਂ ਬਣਾਇਆ ਗਿਆ ਸੀ। (ਅਜਿਹੇ ਦਰਜਨਾਂ ਨਕਲੀ ਗੁਰਦੁਆਰੇ ਹੋਰ ਜਗਹ ਵੀ ਬਣਾਏ ਗਏ ਸਨ, ਜੋ ਅੱਜ ਵੀ ਕਾਇਮ ਹਨ)। ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਦੇ ਰਹਿਣ ਦਾ ਸਮਾਂ ਵੀ ਵੱਖ-ਵੱਖ ਸਾਖੀਕਾਰਾਂ ਨੇ ਵੱਖ ਵੱਖ ਲਿਖਿਆ ਹੈ। ਬਾਲਾ ਜਨਮਸਾਖੀ ਮੁਤਾਬਿਕ ਗੁਰੂ ਜੀ ਉਥੇ ਮੱਘਰ 1540 (1483) ਤੋਂ ਮਾਘ 1543 (1486) ਤਕ ਮੋਦੀ ਰਹੇ (ਇਸ ਹਿਸਾਬ ਨਾਲ ਗੁਰੂ ਜੀ ਦੀ ਉਮਰ ਉਸ ਸਮੇਂ 14 ਤੋਂ 17 ਸਾਲ ਦੀ ਸੀ)। ਮਿਹਰਬਾਨ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਜੀ ਉੱਥੇ 1507 ਤਕ, ਤਿੰਨ ਸਾਲ ਰਹੇ ਸਨ। ਸ਼੍ਰੋਮਣੀ ਕਮੇਟੀ ਦੇ ਲੱਗੇ ਇਕ ਬੋਰਡ ਮੁਤਾਬਿਕ ਗੁਰੂ ਜੀ ਉੱਥੇ 14 ਸਾਲ ਤੋਂ ਵਧ ਸਮਾਂ ਰਹੇ ਸਨ (ਜੋ ਗ਼ਲਤ ਹੈ ਅਤੇ ਏਨਾ ਸਮਾਂ ਕਿਸੇ ਵੀ ਜਨਮਸਾਖੀ ਵਿਚ ਨਹੀਂ ਲਿਖਿਆ ਹੋਇਆ).

(ਡਾ. ਹਰਜਿੰਦਰ ਸਿੰਘ ਦਿਲਗੀਰ)

Sanhit Sarovar (Kurukashetra)

ਸੰਨਿਹਿਤ ਸਰੋਵਰ

(ਸੰਸਕ੍ਰਿਤ ਸਨ੍‍ਨਿਹਿਤ) ਥਾਨੇਸਰ (ਕੁਰੂਕਸ਼ੇਤਰ ਦੇ ਨੇੜੇ) ਵਿਚ ਵਿਸ਼ਨੂ ਦੇ ਅਸਥਾਨ ਦੇ ਨੇੜੇ ਇਕ ਸਰੋਵਰ। ਇਸ ਨੂੰ ਸੱਤ ਸਰਸਵਤੀਆਂ ਦੇ ਮੇਲ ਦੀ ਜਗਹ ਮੰਨਿਆ ਜਾਂਦਾ ਹੈ। ਸੂਰਜ ਗ੍ਰਹਿਣ ਦੇ ਦਿਨ ਜਾਂ ਮੱਸਿਆ ਦੇ ਦਿਨ ਇਸ ਸਰੋਵਰ ਦਾ ਇਸ਼ਨਾਨ ਅਸ਼ਵਮੇਧ ਯੱਗ ਕਰਨ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਥਾਂ ਗੁਰੂ ਹਰਿਗੋਬੰਦ ਸਾਹਿਬ ਜੀ ਆਏ ਸਨ ਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਵੀ ਬਣਿਆ ਹੋਇਆ ਹੈ:

ਪਹਿਲੋਂ ਇਹ ਖੁਲ੍ਹੀ ਥਾਂ ’ਤੇ ਸੀ, ਪਰ ਹੁਣ ਇਸ ਦੇ ਦੁਆਲੇ ਵਿਸ਼ਨੂ ਮੰਦਰ ਤੋਂ ਇਲਾਵਾ ਵਿਸ਼ਨੂ, ਧਰੁਵ ਨਾਰਾਇਣ, ਲਕਸ਼ਮੀ ਨਾਰਾਇਣ, ਧਰੁਵ ਭਗਤ, ਹਨੂਮਾਨ, ਦੁਰਗਾ ਦੇ ਮੰਦਰ ਵੀ ਬਣ ਚੁਕੇ ਹਨ ਅਤੇ ਨਾਲ-ਨਾਲ ਬਹੁਤ ਸਾਰੀਆਂ ਕਲੋਨੀਆਂ ਬਣ ਚੁਕੀਆਂ ਹਨ। ਇਸ ਦੇ ਇਕ ਪਾਸੇ ਥੀਮ ਪਾਰਕ, ਦੂਜੇ ਪਾਸੇ ਗੀਤਾ ਕਲੋਨੀ, ਤੀਜੇ ਪਾਸੇ ਪੈਨੋਰਾਮਾ ਮਿਊਜ਼ਿਅਮ ਤੇ ਚੌਥੇ ਪਾਸੇ ਵਿਸ਼ਨੂ ਕਲੋਨੀ ਬਣੇ ਹੋਏ ਹਨ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sanh Sahib Gurdwara

ਸੰਨ੍ਹ ਸਾਹਿਬ ਗੁਰਦੁਆਰਾ

ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੂਰ, ਪਿੰਡ ਬਾਸਰਕੇ (ਹੁਣ ਬਾਸਰਕੇ ਗਿੱਲਾਂ) ਵਿਚ, ਗੁਰੂ ਅਮਰਦਾਸ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ। ਇਕ ਪ੍ਰਚਲਤ ਕਹਾਣੀ ਮੁਤਾਬਿਕ ਗੋਇੰਦਵਾਲ ਰਹਿੰਦਿਆਂ ਇਕ ਵਾਰ ਗੁਰੂ ਅੰਗਦ ਸਾਹਿਬ ਦੇ ਵੱਡੇ ਪੁੱਤਰ ਦਾਸੂ (ਜਿਸ ਨੂੰ ਗੁਰੂ ਜੀ ਨੇ ਗੱਦੀ ਨਹੀਂ ਦਿੱਤੀ ਸੀ) ਨੇ ਈਰਖਾ ਵਸ ਹੋ ਕੇ ਗੁਰੂ ਜੀ ਦਾ ਨਿਰਦਾਰ ਕੀਤਾ ਸੀ ਤੇ ਕਿਹਾ ਸੀ ਕਿ ਤੁਸੀਂ ਗੋਇੰਦਵਾਲ ਛੱਡ ਕੇ ਚਲੇ ਜਾਓ।ਗੁਰੂ ਜੀ ਨੇ ਉਸ ਨੂੰ ਸ਼ਾਂਤ ਕਰਨ ਵਾਸਤੇ ਪਿੰਡ ਛੱਡ ਦਿੱਤਾ ਅਤੇ ਆਪਣੇ ਪਿੰਡ ਬਾਸਰਕੇ ਚਲੇ ਗਏ ਤੇ ਇਕਾਂਤਵਾਸ ਇਖ਼ਤਿਆਰ ਕਰ ਲਿਆ। ਕਹਾਣੀ ਮੁਤਾਬਿਕ ਉਨ੍ਹਾਂ ਨੇ ਦਰਵਾਜ਼ੇ ਦਾ ਬਾਹਰ ਲਿਖ ਕੇ ਹਦਾਇਤ ਲਾ ਦਿੱਤੀ ਕਿ ਕੋਈ ਇਸ ਕੋਠੜੀ ਦਾ ਦਰਵਾਜ਼ਾ ਨਾ ਖੋਲ੍ਹੇ। ਜਦ ਬਾਬਾ ਬੁੱਢਾ ਨੂੰ ਪਤਾ ਲੱਗਾ ਤਾਂ ਉਹ ਸੰਗਤਾਂ ਨੂੰ ਲੈ ਕੇ ਬਾਸਰਕੇ ਗਏ। ਦਰਵਾਜ਼ੇ ’ਤੇ ਲਿਖੀ ਹਦਾਇਤ ਦੀ ਉਲੰਘਣਾ ਨਾ ਕਰਨ ਦਾ ਫ਼ੈਸਲਾ ਕਰ ਕੇ ਉਨ੍ਹਾਂ ਨੇ ਕੰਧ ਵਿਚ ਸੰਨ੍ਹ ਲਾਈ ਅਤੇ ਗੁਰੂ ਅਮਰ ਦਾਸ ਜੀ ਨੂੰ ਸੰਗਤਾਂ ਨੂੰ ਦਰਸ਼ਨ ਦੇਣ ਅਤੇ ਗੋਇੰਦਵਾਲ ਪਰਤ ਜਾਣ ਵਾਸਤੇ ਮਨਾਇਆ। ਹੁਣ ਇੱਥੇ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਇਕ ਗੁਰਦੁਆਰਾ ਗੁਰੂ ਅਮਰ ਦਾਸ ਜੀ ਦੇ ਜਨਮ ਅਸਥਾਨ ’ਤੇ ਵੀ ਬਣਿਆ ਹੋਇਆ ਹੈ।

ਇਸੇ ਪਿੰਡ ਵਿਚ ਹੀ ਗੁਰੂ ਅੰਗਦ ਜੀ ਦੀ ਬੇਟੀ ਅਮਰੋ ਦੀ ਵੀ ਯਾਦਗਾਰ ਬਣੀ ਹੋਈ ਹੈ (ਬੀਬੀ ਅਮਰੋ ਗੁਰੂ ਅਮਰ ਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ).

(ਤਸਵੀਰ: ਗੁਰਦੁਆਰਾ ਸੰਨ੍ਹ ਸਾਹਿਬ)

(ਡਾ. ਹਰਜਿੰਦਰ ਸਿੰਘ ਦਿਲਗੀਰ)

Sangrur

ਸੰਗਰੂਰ

ਪੰਜਾਬ ਦਾ ਇਕ ਸ਼ਹਿਰ (ਲੁਧਿਆਣਾ ਤੋਂ 80 ਅਤੇ ਪਟਆਲਾ ਤੋਂ 60 ਕਿਲੋਮੀਟਰ ਦੂਰ) ਜੋ ਪਹਿਲਾਂ ਨਾਭਾ ਰਿਆਸਤ ਦੇ ਰਾਜੇ ਹਮੀਰ ਸਿੰਘ ਦੇ ਕਬਜ਼ੇ ਵਿਚ ਸੀ ਪਰ 1774 ਵਿਚ ਜੀਂਦ ਦੇ ਰਾਜੇ ਗਜਪਤ ਸਿੰਘ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ।ਪਹਿਲਾਂ ਇਹ ਇਕ ਨਿੱਕਾ ਜਿਹਾ ਪਿੰਡ ਸੀ, ਪਰ 1827 ਜਦ ਰਾਜਾ ਸੰਗਤ ਸਿੰਘ ਨੇ ਜੀਂਦ ਦੀ ਥਾਂ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਇਹ ਨਗਰ ਫੈਲਣਾ ਸ਼ੁਰੂ ਹੋ ਗਿਆ। ਹੁਣ ਇਹ 88 ਹਜ਼ਾਰ ਤੋਂ ਵਧ ਆਬਾਦੀ ਵਾਲਾ ਸ਼ਹਿਰ ਹੈ।
ਇਕ ਕ੍ਰਿਪਾਨ ਅਤੇ ਇਕ ਪੇਸ਼ਕਬਜ਼ ਪਏ ਹੋਏ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਜਾਂਦੇ ਹਨ। (ਤਸਵੀਰ: ਬਨਾਸਰ ਬਾਗ਼ ਸੰਗਰੂਰ):

(ਡਾ. ਹਰਜਿੰਦਰ ਸਿੰਘ ਦਿਲਗੀਰ)

Sangrana Sahib (Ludhiana)

ਸੰਗਰਾਣਾ ਸਾਹਿਬ

ਲੁਧਿਆਣਾ ਜ਼ਿਲ੍ਹਾ ਦੇ ਪਿੰਡ ਚਮਿੰਡਾ (ਗੁਜਰਵਾਲ ਤੋਂ 5 ਅਤੇ ਲੁਧਿਆਣਾ ਤੋਂ 23 ਕਿਲੋਮੀਟਰ) ਵਿਚ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ ਇਕ ਗੁਰਦੁਆਰੇ ਦਾ ਨਾਂ ਵੀ ਸੰਗਰਾਣਾ ਸਾਹਿਬ ਹੈ। ਸੰਨ 1631 ਵਿਚ ਗੁਰੂ ਜੀ ਆਪਣੇ ਮਾਲਵੇ ਦੇ ਸਫ਼ਰ ਦੌਰਾਨ ਗੁਜਰਵਾਲ ਤੋਂ ਚਲ ਕੇ ਇਸ ਥਾਂ ਰੁਕੇ ਸਨ।

(ਡਾ. ਹਰਜਿੰਦਰ ਸਿੰਘ ਦਿਲਗੀਰ)

Sangrana Sahib (Amritsar)

ਸੰਗਰਾਣਾ ਸਾਹਿਬ

ਅੰਮ੍ਰਿਤਸਰ-ਤਰਨਤਾਰਨ ਮਾਰਗ ’ਤੇ (ਦੋਹਾਂ ਨਗਰਾਂ ਤੋਂ 12 ਕਿਲੋਮੀਟਰ ਦੂਰ), ਚੱਬਾ ਪਿੰਡ ਵਿਚ, ਇਕ ਗੁਰਦੁਆਰਾ, ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਗਏ ਸਨ। ਇਕ ਮੁਕਾਮੀ ਰਿਵਾਇਤ ਮੁਤਾਬਿਕ ਗੁਰੂ ਹਰਗੋਬਿੰਦ ਸਾਹਿਬ ਤੇ ਮੁਗ਼ਲ ਫ਼ੌਜਾ ਵਿਚਕਾਰ 1634 ਵਿਚ ਹੋਈ ਲੜਾਈ ਦਾ ਇਕ ਹਿੱਸਾ ਏਥੇ ਵੀ ਲੜਿਆ ਗਿਆ ਸੀ। ਇਸ ਕਰ ਕੇ ਇਸ ਗੁਰਦੁਆਰੇ ਦਾ ਨਾਂ ਸੰਗ੍ਰਾਮ ਤੋਂ ਸੰਗਰਾਣਾ ਸਾਹਿਬ ਰੱਖਿਆ ਗਿਆ ਸੀ। ਇਸ ਜਗਹ (ਬਾਬਾ) ਦੀਪ ਸਿੰਘ ਦਾ ਵੀ ਇਕ ਗੁਰਦੁਆਰਾ ਹੈ (ਨਵੰਬਰ 1757 ਵਿਚ ਅਫ਼ਗ਼ਾਨਾਂ ਹੱਥੋਂ ਦਰਬਾਰ ਸਾਹਿਬ ਦੀ ਬੇਹੁਰਮਤੀ ਦੀ ਖ਼ਬਰ ਸੁਣ ਕੇ ਉਹ ਜੱਥਾ ਲੈ ਕੇ ਅੰਮ੍ਰਿਤਸਰ ਜਾਂਦਾ ਹੋਇਆ ਇੱਥੋਂ ਲੰਘਿਆ ਸੀ)। ਚੱਬਾ ਪਿੰਡ ਨਾਲ ਇਕ ਕਾਲਪਨਿਕ ਕਹਾਣੀ ਜੁੜੀ ਹੋਈ ਹੈ ਕਿ ਗੁਰੂ ਜੀ ਨੇ ਮਾਈ ਸੁਲੱਖਣੀ ਨਾਂ ਦੀ ਇਕ ਔਰਤ ਨੂੰ ਇਕ “ਕਾਗ਼ਜ਼ ’ਤੇ ਲਿਖ ਕੇ” ਪੁੱਤਰ ਦੀ ਦਾਤ ਬਖ਼ਸ਼ੀ। ਜਦ ਉਹ ਲਿਖ ਰਹੇ ਸਨ ਤਾਂ ਘੋੜਾ ਹਿਲ ਪਿਆ ਜਿਸ ਨਾਲ 1 (ਇਕ) ਦੀ ਜਗਹ 7 (ਸੱਤ) ਲਿਖਿਆ ਗਿਆ ਅਤੇ ਉਸ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ। ਹੁਣ ਸਾਰਾ ਪਿੰਡ ਹੀ ਉਸ ਮਾਈ ਦੀ ਔਲਾਦ ਅਖਵਾਉਂਦਾ ਹੈ। ਇਹੋ ਜਿਹੀਆਂ ਕਈ ਕਾਲਪਨਿਕ ਕਹਾਣੀਆਂ ਹੋਰ ਗੁਰੂ ਸਾਹਿਬਾਨ ਨਾਲ ਵੀ ਜੁੜੀਆਂ ਹੋਈਆਂ ਹਨ. (ਤਸਵੀਰ: ਗੁਰਦੁਆਰਾ ਸੰਗਰਾਣਾ ਸਾਹਿਬ):

(ਡਾ. ਹਰਜਿੰਦਰ ਸਿੰਘ ਦਿਲਗੀਰ)

Sangladeep, Sri Lanka

ਸੰਗਲਾਦੀਪ, ਸ੍ਰੀਲੰਕਾ

ਭਾਰਤ ਦੇ ਦੱਖਣ ਵਲ ਇਕ ਟਾਪੂ ਅਤੇ ਮੁਲਕ ਸ੍ਰੀਲੰਕਾ, ਜਿਸ ਨੂੰ ਪੁਰਤਗਾਲੀਆਂ ਨੇ 1509 ਵਿਚ ਸਿਲੋਨ ਦਾ ਨਾਂ ਦਿੱਤਾ ਸੀ, ਤੇ 1972 ਵਿਚ ਇਸ ਦਾ ਨਾਂ ਦੋਬਾਰਾ ਸ੍ਰੀਲੰਕਾ ਰਖ ਦਿੱਤਾ ਗਿਆ ਸੀ। ਇਸ ਮੁਲਕ ਵਿਚ ਪ੍ਰਾਚੀਨ ਸਭਿਅਤਾ ਦੀਆਂ ਸਵਾ ਲੱਖ ਸਾਲ ਪੁਰਾਣੀਆਂ ਨਿਸ਼ਾਨੀਆਂ ਮਿਲਦੀਆਂ ਹਨ।

ਦੁਨੀਆਂ ਦੇ ਦੋ ਮਸ਼ਹੂਰ ਥਾਂ ਐਡਮਜ਼ ਹਿਲ ਅਤੇ ਐਡਮਜ਼ ਬਰਿੱਜ ਇੱਥੇ ਹੀ ਹਨ। ਇੱਥੋਂ ਦੇ ਮੁਖ ਸ਼ਹਿਰ ਕੋਲੰਬੋ, ਦੇਹੀਵਾਲਾ-ਮਾਊਂਟ, ਮੋਰਾਟਵੂਆ, ਸ੍ਰੀ ਜੈਵਰਧਨਪੁਰਾ ਕੋਟੀ, ਕੈਂਡੀ, ਤ੍ਰਿਨਕੋਮਲੀ, ਬੈਟੀਕਲੋਆ, ਜਾਫ਼ਨਾ, ਅਨੁਰਾਧਾਪੁਰਾ ਆਦਿ ਹਨ। ਇੱਥੋਂ ਦੀ ਆਬਾਦੀ 2 ਕਰੋੜ 2 ਲੱਖ 77 ਹਜ਼ਾਰ ਅਤੇ
ਰਕਬਾ 65610 ਵਰਗ ਕਿਲੋਮੀਟਰ ਹੈ।

ਇਸ ਜਗਹ ਗੁਰੂ ਨਾਨਕ ਸਾਹਿਬ 1511 ਵਿਚ ਆਏ ਸਨ।ਨਾਗਾਪਟਨਮ ਤੋਂ ਗੁਰੂ ਨਾਨਕ ਸਾਹਿਬ ਬੇੜੀ ਰਾਹੀਂ ਸ੍ਰੀਲੰਕਾ ਗਏ (ਸ੍ਰੀਲੰਕਾ ਦਾ ਨਾਂ ਜਨਮਸਾਖੀਆਂ ਵਿਚ „ਸਿੰਘਲਾਦੀਪ‟ ਲਿਖਿਆ ਮਿਲਦਾ ਹੈ, ਕਿਉਂਕਿ ਇਹ ਸਿਨਹਾਲੀ/ਸਿੰਘਾਲੀ ਲੋਕਾਂ ਦਾ ਮੁਲਕ ਹੈ, ਇਸ ਕਰ ਕੇ ਇਸ ਨੂੰ „ਸਿਨਹਾਲੀ ਦੀਪ‟ ਜਾਂ ਸਿੰਘਲਾਦੀਪ ਵੀ ਆਖਦੇ ਸਨ)। ਗੁਰੂ ਨਾਨਕ ਸਾਹਿਬ 5 ਮਾਰਚ 1511 ਦੇ ਦਿਨ ਸ੍ਰੀਲੰਕਾ ਵਿਚ ਮੌਜੂਦ ਸਨ।

ਸ੍ਰੀਲੰਕਾ ਵਿਚ ਗੁਰੂ ਸਾਹਿਬ ਦਾ ਪਹਿਲਾ ਪੜਾਅ ਇਸ ਦੀ ਬੰਦਰਗਾਹ ਜਾਫ਼ਨਾ (ਨਾਗਾਪਟਨਮ ਤੋਂ 150 ਕਿਲੋਮੀਟਰ) ਸੀ। ਜਾਫ਼ਨਾ ਤੋਂ ਮਗਰੋਂ ਆਪ ਦਾ ਪੜਾਅ ਤ੍ਰਿਨਕੋਮਲੀ (230 ਕਿਲੋਮੀਟਰ ਦੂਰ) ਸੀ। ਇਥੋਂ ਆਪ (140 ਕਿਲੋਮੀਟਰ ਦੂਰ) ਪੂਰਬੀ ਲੰਕਾ ਦੇ ਸਭ ਤੋਂ ਵੱਡੇ ਸ਼ਹਿਰ ਮਟੀਆਕੁਲਮ (ਜਿਸ ਨੂੰ ਅਜ ਕਲ੍ਹ ਬੈਟੀਕੁਲੋਆ ਆਖਦੇ ਹਨ) ਪਹੁੰਚੇ। ਉਦੋਂ ਇਹ ਸ੍ਰੀਲੰਕਾ ਦੀ ਸਭ ਤੋਂ ਵੱਡੀ ਰਿਆਸਤ ਦੀ ਰਾਜਧਾਨੀ ਸੀ। ਬੈਟੀਕੁਲੋਆ ਦਾ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਬਾਰੇ ਪਹਿਲੋਂ ਹੀ ਜਾਣਦਾ ਸੀ। ਲਾਹੌਰ ਦਾ ਭਾਈ ਮਨਸੁਖ ਇਕ ਵਾਰ ਵਪਾਰ ਦੇ ਸਿਲਸਿਲੇ ਵਿਚ ਏਥੇ ਆਇਆ ਸੀ ਅਤੇ ਉਸ ਨੇ ਰਾਜੇ ਨੂੰ ਗੁਰੂ ਸਾਹਿਬ ਦੇ ਫ਼ਲਸਫ਼ੇ ਬਾਰੇ ਦਸਿਆ ਸੀ। ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਖ਼ਾਹਿਸ਼ ਦਾ ਇਜ਼ਹਾਰ ਕੀਤਾ ਤਾਂ ਭਾਈ ਮਨਸੁਖ ਨੇ ਉਸ ਨੂੰ ਆਖਿਆ ਸੀ ਕਿ ਕੀ ਪਤਾ ਕਦੇ ਗੁਰੂ ਸਾਹਿਬ ਤੇਰੇ ਕੋਲ ਆਪ ਹਾਜ਼ਿਰ ਹੋ ਜਾਣ। (ਇਹ ਵੀ ਹੋ ਸਕਦਾ ਹੈ ਕਿ ਭਾਈ ਮਨਸੁਖ ਨੇ ਹੀ ਗੁਰੂ ਜੀ ਨੂੰ ਰਾਜੇ ਦੀ ਸ਼ਰਧਾ ਦਸ ਕੇ ਸ੍ਰੀਲੰਕਾ ਜਾਣ ਬਾਰੇ ਅਰਜ਼ ਕੀਤੀ ਹੋਵੇ)। ਹੁਣ ਜਦੋਂ ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਈ। ਉਹ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਨੂੰ ਆਪਣੇ ਮਹਿਲ ਵਿਚ ਲੈ ਗਿਆ। ਰਾਜੇ ਕੋਲ ਇਕ ਦਿਨ ਰਹਿ ਕੇ ਗੁਰੂ ਸਾਹਿਬ ਬੈਟੀਕੁਲੋਆ ਤੋਂ ਚਲੇ ਗਏ। ਇਥੋਂ ਟੁਰ ਕੇ ਉਨ੍ਹਾਂ ਨੇ ਪਹਿਲਾ ਪੜਾਅ ਤਕਰੀਬਨ 20 ਕਿਲੋਮੀਟਰ ਦੂਰ ਕੀਤਾ। ਜਿੱਥੇ ਗੁਰੂ ਸਾਹਿਬ ਠਹਿਰੇ ਸੀ, ਉੱਥੇ ਇਕ ਨਿੱਕਾ ਜਿਹਾ ਪਿੰਡ ਸੀ, ਜੋ ਵਕਤ ਬੀਤਣ ਨਾਲ ਇਕ ਕਸਬਾ ਬਣ ਗਿਆ। ਉਸ ਦਾ ਨਾਂ ਅਜ ਕਲ੍ਹ ਕੁਰੂਕਲ ਮੰਡਮ ਹੈ। 2019 ਵਿਚ ਇਸ ਨਗਰ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਇਕ ਨਿੱਕਾ-ਜਿਹਾ ਗੁਰਦੁਅਰਾ ਬਣਾਇਆ ਗਿਆ ਹੈ:

ਕੁਰੂਕਲ ਮੰਡਮ ਤੋਂ ਟੁਰ ਕੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਕਰਤਰਗਾਮਾ ਨੂੰ ਚਲ ਪਏ। ਪਹਾੜੀਆਂ ਪਾਰ ਕਰਦੇ ਹੋਏ ਗੁਰੂ ਸਾਹਿਬ „ਕੋਟੀ‟ ਨਾਂ ਦੀ ਰਿਆਸਤ ਵਿਚ ਦਾਖ਼ਿਲ ਹੋ ਗਏ। ਕੋਟੀ ਵਿਚ ਉਸ ਵੇਲੇ ਰਾਜਾ ਧਰਮਾ ਪ੍ਰਕਰਮਾ ਬਾਹੂ ਦੀ ਹਕੂਮਤ ਸੀ। ਉਸ ਰਿਆਸਤ ਵਿਚ ਉਸ ਵੇਲੇ ਬੋਧੀਆਂ ਦਾ ਵਧੇਰੇ ਅਸਰ ਸੀ। ਰਾਜੇ ਦੇ ਦਰਬਾਰ ਵਿਚ ਬੋਧੀਆਂ ਦੇ ਮੁਖੀ ਅਤੇ ਗੁਰੂ ਸਾਹਿਬ ਵਿਚ, ਰੂਹਾਨੀਅਤ ਦੇ ਨੁਕਤਿਆਂ ਬਾਰੇ ਚਰਚਾ ਹੋਈ। ਬੋਧੀਆਂ ਦਾ ਪਾਸਾ ਕਮਜ਼ੋਰ ਵੇਖ ਕੇ ਪਾਂਡੇ (ਹਿੰਦੂ) ਵੀ ਬੋਧੀਆਂ ਦੇ ਨਾਲ ਰਲ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਚਿਆਰ ਦੀ ਜ਼ਿੰਦਗੀ ਜੀਣ ਦਾ ਸਬਕ ਦਿਤਾ। ਗੁਰੂ ਸਾਹਿਬ ਕੁਝ ਦਿਨ ਕੋਟੀ ਰਹੇ ਤੇ ਫੇਰ ਅਗੇ ਚਲ ਪਏ। ਕੋਟੀ ‟ਚ ਗੁਰੂ ਸਾਹਿਬ ਦੇ ਆਉਣ ਬਾਰੇ ਇਕ ਪੁਰਾਣੇ ਸ਼ਿਲਾਲੇਖ ਵਿਚ ਵੀ ਜ਼ਿਕਰ ਆਉਂਦਾ ਹੈ। ਇਹ ਪੱਥਰ ਦੀ ਸ਼ਿਲਾਲੇਖ ਸ੍ਰੀਲੰਕਾ ਦੇ ਸ਼ਹਿਰ ਅਨਰਾਧਾਪੁਰਮ ਦੇ ਇਕ ਅਜਾਇਬ ਘਰ ਵਿਚ ਪਈ ਕਹੀ ਜਾਂਦੀ ਹੈ। ਇਸ ਦਾ ਨੰ: 111 ਹੈ। ਇਸ ਵਿਚ ਗੁਰੂ ਸਾਹਿਬ ਦਾ ਨਾਂ “ਨਾਨਕ ਅਚਾਰਿਆ” ਲਿਖਿਆ ਹੋਇਆ ਹੈ। ਸ੍ਰੀਲੰਕਾ ਉਦੋਂ 7-8 ਰਿਆਸਤਾਂ ਵਿੱਚ ਵੰਡਿਆ ਹੋਇਆ ਸੀ ਤੇ ਹਰ ਰਿਆਸਤ ਦੇ ਵਖਰੇ-ਵਖਰੇ ਰਾਜੇ ਸਨ।(ਕੋਲੰਬੋ ਤੋਂ ਅਨੁਰਾਧਾਪੁਰਾ 210 ਕਿਲੋਮੀਟਰ, ਬੈਟੀਕਲੋਆ ਤੋਂ ਕੋਟੀਆ ਗਲਾ 181 ਕਿਲੋਮੀਟਰ, ਬੈਟੀਕਲੋਆ ਤੋਂ ਅਵਿਸਵੇਲਾ 275 ਕਿਲੋਮੀਟਰ ਹੈ)।

ਕੋਟੀ ਤੋਂ ਚਲ ਕੇ ਗੁਰੂ ਸਾਹਿਬ ਸੀਤਾਵਾਕਾ ਪੁਜੇ। ਅਜ ਕਲ੍ਹ ਇਸ ਨਗਰ ਨੂੰ ਅਵਿਸਵੇਲਾ ਆਖਦੇ ਹਨ। ਇਥੋਂ ਆਪਅਨਰਾਧਾਪੁਰਾ  (ਅਨਰਾਥਾਪੁਰਮ) ਪੁਜੇ। ਅਨਰਾਥਾਪੁਰਮ, ਉਨ੍ਹਾਂ ਦਿਨਾਂ ਵਿਚ ਸ੍ਰੀਲੰਕਾ ਦੀ ਇਕ ਰਿਆਸਤ ਦੀ ਰਾਜਧਾਨੀ ਸੀ। ਕੁਝ ਚਿਰ ਏਥੇ ਠਹਿਰ ਕੇ ਆਪ ਮੰਨਾਰ ਕਸਬੇ (ਟਾਪੂ, ਮੰਨਾਰ ਦੀ ਖਾੜੀ) ਵਿਚ ਪੁਜੇ। ਇਸ ਦੌਰਾਨ ਆਪ ਦੇ ਦਰਸ਼ਨ ਭਾਈ ਚੰਗਾ ਭਾਟੜਾ ਨੇ ਵੀ ਕੀਤੇ। ਚੰਗਾ ਭਾਟੜਾ ਕਿਸ ਨਗਰ ਦਾ ਸੀ, ਇਹ ਤਾਂ ਪਤਾ ਨਹੀਂ ਲਗਦਾ, ਪਰ ਸ੍ਰੀਲੰਕਾ ਦਾ ਵਾਸੀ ਹੋਣ ਦਾ ਜ਼ਿਕਰ ਜ਼ਰੂਰ ਮਿਲਦਾ ਹੈ। ਮੈਨਰ ‟ਚ ਸਿੱਖੀ ਦੀ ਸਿਖਿਆ ਦੇਣ ਮਗਰੋਂ ਆਪ ਫਿਰ ਵਾਪਿਸ ਦਰਾਵਿੜ ਦੇਸ਼ (ਹੁਣ ਦੱਖਣੀ ਭਾਰਤ) ਵਲ ਚਲ ਪਏ। ਗੁਰੂ ਸਾਹਿਬ ਦੀ ਯਾਦ ਵਿਚ ਸ੍ਰੀਲੰਕਾ ਵਿਚ ਕੋਈ ਗੁਰਦੁਆਰਾ ਨਹੀਂ ਹੈ। ਆਪ ਸ੍ਰੀਲੰਕਾ ਦੇ ਨਗਰ ਮੰਨਾਰ ਤੋਂ ਤਲਾਏਮੰਨਾਰ (ਬੰਦਰਗਾਹ) ਪੁੱਜੇ ਤੇ ਏਥੋਂ, ਬੇੜੀ ਵਿਚ ਸਵਾਰ ਹੋ ਕੇ, 30 ਕਿਲੋਮੀਟਰ ਦੂਰ, ਦਰਾਵੜ ਦੇਸ (ਤਾਮਿਲਨਾਡੂ) ਦੇ ਪਿੰਡ ਧਨੁਸਕੋਡੀ ਪੁੱਜੇ। ਧਨੁਸਕੋਡੀ ਵਿਚ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਸੀ। (ਇਹ ਨਗਰ 23 ਦਸੰਬਰ 1964 ਦੇ ਇਕ ਬਹੁਤ ਜ਼ਬਰਦਸਤ ਸਮੁੰਦਰੀ ਤੁਫ਼ਾਨ ਵਿਚ ਤਬਾਹ ਹੋ ਗਿਆ ਸੀ ਤੇ ਇਕ ਰੇਲ ਗੱਡੀ ਸਣੇ, ਹਜ਼ਾਰਾਂ ਲੋਕ ਸਮੁੰਦਰ ਵਿਚ ਰੁੜ੍ਹ ਗਏ ਸਨ; ਹੁਣ ਵੀ ਇਹ ਸਿਰਫ਼ ਦਲਦਲ ਹੀ ਹੈ; ਲੋਕ ਇਸ ਨੂੰ ਭੂਤਾਂ ਦਾ ਨਗਰ ਕਹਿੰਦੇ ਹਨ).

(ਡਾ. ਹਰਜਿੰਦਰ ਸਿੰਘ ਦਿਲਗੀਰ)

Sangla Hill

ਸਾਂਗਲਾ/ ਸਾਂਗਲਾ ਹਿਲ

ਲਾਹੌਰ ਤੋਂ 103, ਸ਼ੇਖ਼ੂਪੁਰਾ ਤੋਂ 35, ਨਾਨਕਾਣਾ ਸਾਹਿਬ ਤੋਂ 50 ਕਿਲੋਮੀਟਰ ਦੂਰ, ਸਾਂਦਲ ਬਾਰ ਦੇ ਉੱਤਰ ਵਿਚ (ਜ਼ਿਲ੍ਹਾ ਨਾਨਕਾਣਾ ਸਾਹਿਬ ਪਾਕਿਸਤਾਨ ਵਿਚ) ਇਕ ਉੱਚੀ ਪਹਾੜੀ। ਇਸ ਦਾ ਨਾਂ ਅੰਗਰੇਜ਼ਾਂ ਵੇਲੇ ‘ਸਾਂਗਲਾ ਹਿਲ’ ਚਲ ਪਿਆ ਸੀ। ਇੱਥੇ ਇਕ ਪ੍ਰਾਚੀਨ ਖੂਹ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਯੂਨਾਨ ਦੇ ਬਾਦਸ਼ਾਹ ਸਿਕੰਦਰ ਨੇ ਇਸ ਜਗਹ ਰਹਿ ਕੇ ਇਸ ਦਾ ਪਾਣੀ ਪੀਤਾ ਸੀ। ਕਦੇ ਸਾਂਗਲਾ ਹਿਲ ਦੇ ਹੇਠਾਂ ਛੋਟਾ ਜਿਹਾ ਪਿੰਡ ਸੀ, ਪਰ ਹੁਣ ਇਸ ਦਾ ਆਲਾ ਦੁਆਲਾ ਖ਼ੂਬ ਫੈਲ ਚੁਕਾ ਹੈ ਅਤੇ ਇਸ ਦੀ ਅਬਾਦੀ ਦੋ ਲੱਖ ਤੋਂ ਵਧ ਚੁਕੀ ਹੈ, ਜਿਸ ਵਿਚੋਂ ਦਸ ਹਜ਼ਾਰ ਈਸਾਈ ਤੇ ਅਹਿਮਦੀਏ ਵੀ ਹਨ। ਇੱਥੋਂ ਦੇ ਬਹੁਤੇ ਲੋਕ 1865 ਤੋਂ ਬਾਅਦ ਏਥੇ ਵਸੇ ਸਨ। ਇਸ ਦੇ ਆਲੇ ਦੁਆਲੇ 109 ਪਿੰਡ ਹਨ, ਜਿੱਥੋਂ ਲੋਕ ਏਥੇ ਆਉਂਦੇ ਰਹਿਦੇ ਹਨ.

ਸਾਂਗਲਾ ਪਹਾੜੀ

ਸਾਂਗਲਾ ਪਹਾੜੀ ਤੋਂ ਨਗਰ ਦਾ ਨਜ਼ਾਰਾ

(ਡਾ. ਹਰਜਿੰਦਰ ਸਿੰਘ ਦਿਲਗੀਰ)

Sanghreri (Mansa)

ਸੰਘਰੇੜੀ/ ਸੰਘ੍ਰੇੜੀ

ਜ਼ਿਲ੍ਹਾ ਮਾਨਸਾ ਵਿਚ ਬੁਢਲਾਡਾ ਤਹਿਸੀਲ ਵਿਚ 1000 ਦੇ ਕਰੀਬ ਆਬਾਦੀ ਵਾਲਾ, ਇਕ ਨਿੱਕਾ ਜਿਹਾ ਪਿੰਡ (ਬੁਢਲਾਡਾ ਤੋਂ 15 ਤੇ ਮਾਨਸਾ ਤੋਂ 32 ਤੇ ਬਰੇਟਾ ਤੋਂ 5 ਕਿਲੋਮੀਟਰ ਦੂਰ), ਜਿੱਥੇ ਗੁਰੂ ਤੇਗ਼ ਬਹਾਦਰ ਸਾਹਿਬ ਗਏ ਸਨ। ਪਿੰਡ ਦੇ ਬਾਹਰਵਾਰ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sanghol

ਸੰਘੋਲ

ਚੰਡੀਗੜ੍ਹ ਤੋਂ 64, ਫ਼ਤਹਿਗੜ੍ਹ ਸਾਹਿਬ ਤੋਂ 13, ਮੋਰਿੰਡਾ ਤੋਂ 11 ਤੇ ਸਮਰਾਲਾ ਤੋਂ 20 ਕਿਲੋਮੀਟਰ ਦੂਰ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ) ਹੜੱਪਾ ਕਾਲ (1700 ਤੋਂ 1300 ਪੁਰਾਣਾ ਕਾਲ) ਤੋਂ ਲੈ ਕੇ ਸੰਨ 600 (ਮੌਜੂਦਾ ਕਾਲ) ਦੇ ਵੇਲਿਆਂ ਦਾ ਇਕ ਪ੍ਰਾਚੀਨ ਪਿੰਡ, ਜੋ ਕਈ ਸਦੀਆਂ ਪਹਿਲਾਂ ਥੇਹ ਬਣ ਗਿਆ ਸੀ। ਥੇਹ (ਟਿੱਬਾ) ਹੋਣ ਕਰ ਕੇ ਇਸ ਨੂੰ ਉੱਚਾ ਪਿੰਡ ਵੀ ਕਿਹਾ ਜਾਂਦਾ ਹੈ। ਇਹ ਪਿੰਡ ਮਹਾਰਾਜਾ ਅਸ਼ੋਕ ਦੇ ਵੇਲੇ ਦਾ ਹੈ ਅਤੇ ਕਿਸੇ ਵੇਲੇ ਇਹ ਬੁੱਧ ਧਰਮ ਦਾ ਇਕ ਵੱਡਾ ਕੇਂਦਰ ਸੀ। ਬੁੱਧ ਧਰਮ ਦੀ ਇਕ ਵੱਡੀ ਕੌਮਾਂਤਰੀ ਸਭਾ ਇਸ ਜਗਹ ਹੋਈ ਸੀ। ਇਸ ਪਿੰਡ ਦਾ ਨਾਂ ਸੰਘ (ਸਭਾ) ਤੋਂ ਹੀ ਸੰਘੋਲ ਬਣਿਆ ਮੰਨਿਆ ਜਾਂਦਾ ਹੈ। ਇਸ ਪਿੰਡ ਦੀ ਖੁਦਾਈ ਵਿਚੋਂ ਬੁੱਧ ਸਤੂਪ ਤੋਂ ਇਲਾਵਾ ਪੱਥਰ ਦੀਆਂ 117 ਸਲੈਬ ਜਿਨ੍ਹਾਂ ’ਤੇ ਖੁਦਾਈ ਕੀਤੀ ਹੋਈ ਹੈ, ਮਿਲੀਆਂ ਹਨ। ਇਸ ਪਿੰਡ ਦੀ ਥੇਹ ਵਿਚੋਂ ਮਿਲੀਆਂ ਕੁਝ ਨਿਸ਼ਾਨੀਆਂ ਏਥੇ ਵਿਚ ਇਕ ਅਜਾਇਬ ਘਰ ਵਿਚ ਰੱਖੀਆਂ ਹੋਈਆਂ ਹਨ। ਗੁਰੂ ਨਾਨਕ ਸਾਹਿਬ ਆਪਣੀ ਇਕ ਉਦਾਸੀ ਦੌਰਾਨ ਇਸ ਜਗ੍ਹਾ ਆਏ ਸਨ। ਮਗਰੋਂ ਗੁਰੂ ਗੋਬਿੰਦ ਸਿੰਘ ਜੀ ਵੀ ਕੁਰੂਕਸ਼ੇਤਰ ਜਾਂਦੇ ਹੋਏ ਇੱਥੇ ਰੁਕੇ ਸਨ, ਪਰ ਦੋਹਾਂ ਗੁਰੂ ਸਾਹਿਬਾਨ ਦੀ ਯਾਦ ਵਿਚ ਕੋਈ ਗੁਰਦੁਆਰਾ ਨਹੀਂ ਹੈ.

(ਤਵਸੀਰ: ਸੰਘੋਲ ਵਿਚ ਬੁੱਧ ਸਤੂਪ ਦਟ ਥੇਹ ਦੀਆਂ ਨਿਸ਼ਾਨੀਆਂ)

(ਡਾ. ਹਰਜਿੰਦਰ ਸਿੰਘ ਦਿਲਗੀਰ)

Sangat Sahib Gurdwara Nanded

ਸੰਗਤ ਸਾਹਿਬ (ਗੁਰਦੁਆਰਾ)

ਨੰਦੇੜ (ਮਹਾਂਰਾਸ਼ਟਰ) ਦਾ ਇਕ ਗੁਰਦੁਆਰਾ। ਇਕ ਕਹਾਣੀ ਮੁਤਾਬਿਕ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਅਗਸਤ 1708 ਵਿਚ ਨੰਦੇੜ ਪੁੱਜੇ ਤਾਂ ਉਨ੍ਹਾ ਨੂੰ ਗੁਰਦੁਆਰਾ ਮਾਲ ਟੇਕਰੀ ਵਾਲੀ ਥਾਂ ’ਤੇ ਇਕ ਦੱਬਿਆ ਖ਼ਜ਼ਾਨਾ ਲੱਭਿਆ ਜੋ ਉਨ੍ਹਾਂ ਨੇ ਇਸ ਜਗਹ ਲਿਆਂਦਾ ਅਤੇ ਸਿੱਖ ਫ਼ੌਜੀਆਂ (ਜਿਨ੍ਹਾਂ ਦੀ ਗਿਣਤੀ ਤਿੰਨ ਸੌ ਦੇ ਕਰੀਬ ਸੀ) ਨੂੰ, ਢਾਲ ਭਰ-ਭਰ ਕੇ, ਵੰਡ ਦਿੱਤਾ (ਇੱਥੇ ਇਕ ਪੁਰਾਣੀ ਢਾਲ ਪਈ ਹੋਈ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਉਹੀ ਢਾਲ ਹੈ ਜਿਸ ਨਾਲ ਗੁਰੂ ਜੀ ਨੇ ਖ਼ਜ਼ਾਨਾ ਵੰਡਿਆ ਸੀ)। ਇਹ ਵੀ ਰਿਵਾਇਤ ਹੈ ਕਿ ਕਦੇ ਗੁਰੂ ਨਾਨਕ ਸਾਹਿਬ ਵੀ ਏਥੇ ਆਏ ਸਨ ਤੇ ਉਨ੍ਹਾਂ ਕਰ ਕੇ ਏਥੇ ਸਿੱਖ ਸੰਗਤ ਸੀ ਤੇ ਇਸ ਗੁਰਦੁਆਰੇ ਦਾ ਨਾਂ ਉਸੇ ਕਰ ਕੇ ਪਿਆ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sangal Wala Akhara (Amritsar)

ਸੰਗਲ ਵਾਲਾ ਅਖਾੜਾ

ਇਹ ਅਖਾੜਾ (ਡੇਰਾ) ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਲਕੁਲ ਨਾਲ ਹੈ। ਜਦ 1765 ਵਿਚ ਪੰਜਾਬ ਵਿਚ ਸਿੱਖ ਮਿਸਲਾਂ ਦਾ ਕਬਜ਼ਾ ਹੋ ਗਿਆ ਤਾਂ ਬਹੁਤ ਸਾਰੇ ਸਰਦਾਰਾਂ ਅਤੇ ਸੇਵਾ ਜੱਥਿਆਂ ਨੇ ਆਪਣੇ ਬੁੰਗੇ ਤੇ ਡੇਰੇ ਦਰਬਾਰ ਸਾਹਿਬ ਦੇ ਦੁਆਲੇ ਬਣਾ ਲਏ। ਇਨ੍ਹਾਂ ਵਿਚੋਂ ਇਕ 1786 ਵਿਚ ਭਾਈ ਫੇਰੂ ਦੇ ਚੇਲਿਆਂ ਨੇ ਵੀ ਬਣਾਇਆ ਸੀ। ਇਸ ਦੇ ਗੇਟ ’ਤੇ ਇਕ ਸੰਗਲ ਲਾਇਆ ਹੋਇਆ ਸੀ ਤਾਂ ਜੋ ਆਵਾਰਾ ਡੰਗਰ ਅੰਦਰ ਨਾ ਆ ਵੜਣ। ਇਸ ਕਰ ਕੇ ਇਹ ਸੰਗਲ ਵਾਲਾ ਅਖਾੜਾ ਵਜੋਂ ਜਾਣਿਆ ਜਾਣ ਲਗ ਪਿਆ ਸੀ। ਪਹਿਲਾਂ ਪਹਿਲ ਤਾਂ ਇਹ ਅੰਮ੍ਰਿਤਸਰ ਆਉਣ ਵਾਲੇ ਲੋਕਾਂ ਦੀ ਸੇਵਾ ਕਰਦੇ ਹੁੰਦੇ ਸਨ ਪਰ ਮਗਰੋਂ ਇਸ ਦੇ ਉਦਾਸੀ ਪ੍ਰਬੰਧਕ ਅੱਯਾਸ਼ ਹੋ ਗਏ ਤੇ ਉਹਨ੍ਹਾਂ ਨੇ ਇਸ ਨੂੰ ਨਿਜੀ ਮਲਕੀਅਤ ਬਣਾ ਲਿਆ। 1920 ਵਿਚ ਜਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਮਹੰਤਾਂ ਨੇ ਇਸ ਥਾਂ ’ਤੇ ਬਹੁਤ ਮੀਟਿੰਗਾਂ ਕਰ ਕੇ ਅਕਾਲੀਆਂ ਨਾਲ ਟੱਕਰ ਲੈਣ ਵਾਸਤੇ ਯੋਜਨਾਵਾਂ ਬਣਾਈਆਂ ਸਨ। ਸਭ ਤੋਂ ਅਹਿਮ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਤਿੰਨ ਦਿਨ ਪਹਿਲਾਂ, 12 ਨਵੰਬਰ 1920 ਦੇ ਦਿਨ ਇਸ ਅਖਾੜੇ ਵਿਚ ਹੋਈ ਸੀ, ਜਿਸ ਵਿਚ 53 ਮਹੰਤ ਤੇ ਕੂਕੇ ਇਕੱਠੇ ਹੋਏ ਸਨ। ਇਸ ਮੀਟਿੰਗ ਵਿਚ ਅਕਾਲੀਆਂ ਦੇ ਖ਼ਿਲਾਫ਼ ਵੱਡੀ ਮੁਹਿੰਮ ਚਲਾਉਣ ਵਾਸਤੇ ਇਕ ਅਖ਼ਬਾਰ (ਸੰਤ ਸੇਵਕ) ਕੱਢਣ ਵਾਸਤੇ 60000 ਰੁਪੈ ਵੀ ਇਕੱਠੇ ਕੀਤੇ ਗਏ ਸਨ.

(ਡਾ. ਹਰਜਿੰਦਰ ਸਿੰਘ ਦਿਲਗੀਰ)

Samman Burj Lahore

ਸੰਮਨ ਬੁਰਜ

(ਅ਼ਰਬੀ ਮੁਸੰਮਨ ਬੁਰਜ) {ਮੁਸਮੰਨ= ਅੱਠ ਦਿਸ਼ਾਂ/ਨੁੱਕਰਾਂ ਵਾਲਾ} ਇਹ ਨਾਂ ਲਾਹੌਰ ਕਿਲ੍ਹੇ ਵਿਚ ਇਕ ਇਮਾਰਤ ਦਾ ਨਾਂ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਲਾਇਆ ਕਰਦਾ ਸੀ। ਪਰ ‘ਸੰਮਨ ਬੁਰਜ’ ਵਜੋਂ ਵਧੇਰੇ ਮਸ਼ਹੂਰ ਵਜ਼ੀਰਾਬਾਦ ਨਗਰ ਦੇ ਇਕ ਹਿੱਸੇ ਦਾ ਨਾਂ ਹੈ, ਜਿਸ ਨੂੰ 1601 ਵਿਚ ਇਕ ਸਰਾਂ ਵਜੋਂ ਬਣਾਇਆ ਗਿਆ ਸੀ।ਮੁਗ਼ਲ ਬਾਦਸ਼ਾਹ ਜਹਾਂਗੀਰ ਕਦੇ-ਕਦੇ ਇੱਥੇ ਆਪਣੀ ਬੇਗ਼ਮ ਨੂਰਜਹਾਂ ਨਾਲ ਰਿਹਾ ਕਰਦਾ ਸੀ। 1752 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਚੜ੍ਹਤ ਸਿੰਘ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sambhal City

ਸੰਭਲ

ਉੱਤਰ ਪ੍ਰਦੇਸ਼ ਦਾ ਇਕ ਨਗਰ (ਦਿੱਲੀ ਤੋਂ 158, ਮੁਰਾਦਾਬਾਦ ਤੋਂ 37 ਕਿਲੋਮੀਟਰ)। ਮਿਥਹਾਸ ਮੁਤਾਬਿਕ ਇਸ ਦਾ ਨਾਂ ਸਤਯੁਗ ਵਿਚ ਸਤਯਵਰਤ, ਤਰੇਤੇ ਵਿਚ ਮਹਦਗਿਰੀ, ਦੁਆਪਰ ਵਿਚ ਪਿੰਗਲ ਤੇ ਕਲਯੁਗ ਵਿਚ ਸੰਭਲ ਹੈ। ਇੱਥੇ 68 ਤੀਰਥ ਅਤੇ 19 ਖੂਹ ਹਨ। ਇੱਥੋਂ ਦੇ ਤਿੰਨ ਸ਼ਿਵਲਿੰਗ (ਚੰਦਰਸ਼ੇਖ਼ਰ, ਭੁਵਨੇਸ਼ਵਰ ਤੇ ਸੰਭਲੇਸ਼ਵਰ) ਮਸ਼ਹੂਰ ਹਨ। ਕੱਤਕ ਦੇ ਮਹੀਨੇ ਵਿਚ ਏਥੇ 24 ਕੋਹ (ਤਕਰੀਬਨ 76 ਕਿਲੋਮੀਟਰ) ਦੀ ਪਰਕਰਮਾ ਹੁੰਦੀ ਹੈ। ਮਿਥਹਾਸ (ਮਦਭਾਗਵਤ ਪੁਰਾਣ*) ਮੁਤਾਬਿਕ ਕਲਯੁਗ ਦੇ ਅੰਤ ਵਿਚ ਵਿਸ਼ਨੂ ਦਾ ਅਵਤਾਰ (ਕਲਕੀ ਅਵਤਾਰ) ਇੱਥੇ ਵਿਸ਼ਨੂਯਸ਼ ਨਾਂ ਦੇ ਬ੍ਰਾਹਮਣ ਦੇ ਘਰ ਦੋਬਾਰਾ ਹੋਵੇਗਾ: {*ਸੰਭਲਗਰਾਮਮੁਖਯਸਯ ਬਰਾਹਮਣਸਯ ਮਹਾਤਮਨ:। ਭਵਨੇ ਵਸ਼ਿਣੁਯਸ਼ਸ: ਕਲਕਿ: ਪਰਾਦੁਰਭਵਸ਼ਿਯਤਿ॥}. (ਕੁਝ ਬੇਸਮਝ ਸਿੱਖ ਅਖੌਤੀ ਦਸਮਗ੍ਰੰਥ ਦੇ ਚੌਬੀਸ ਅਵਤਾਰ ਵਿਚ ਕਲਕੀ ਅਵਤਾਰ ਨਾਲ ਸਬੰਧਤ ਕਵਿਤਾ ‘ਭਲ ਭਾਗ ਭਯਾ ਇਹ ਸੰਭਲ ਕੇ, ਹਰਿਜੂ ਹਰਿਮੰਦਿਰ ਆਵਹਿਂਗੇ’ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਜੋੜ ਕੇ ਗਾਉਂਦੇ ਹਨ; ਹਾਲਾਂ ਕਿ ਇੱਥੇ ਮੰਦਰ ਲਫ਼ਜ਼ ਸੰਭਲ ਨਗਰ ਦੇ ਮੰਦਰ ਵਾਸਤੇ ਵਰਤਿਆ ਗਿਆ ਹੈ)।

ਅਜ-ਕਲ੍ਹ ਸੰਭਲ ਇਕ ਮੁਸਲਿਮ ਸ਼ਹਿਰ ਬਣ ਚੁਕਾ ਹੈ। ਇੱਥੋਂ ਦੀ ਅਬਾਦੀ (2011 ਦੀ ਮਰਦਮਸ਼ੁਮਾਰੀ ਮੁਤਾਬਿਕ 2 ਲੱਖ 21 ਹਜ਼ਾਰ 334) ਦਾ 70% ਮੁਸਲਮਾਨ ਤੇ 29% ਹਿੰਦੂ ਹਨ। ਪੰਜਵੀਂ ਸਦੀ (ਪੁਰਾਣਾ ਕਾਲ) ਵਿਚ ਇੱਥੇ ਪੰਚਾਲ ਰਾਜਿਆਂ (ਮਹਾਂਭਾਰਤ ਦੀ ਦਰੋਪਦੀ ਦੇ ਪੇਕੇ), ਫਿਰ ਦੂਜੀ ਸਦੀ (ਪੁਰਾਣਾ ਕਾਲ) ਵਿਚ ਮੌਰੀਆ ਰਾਜੇ (ਮਹਾਰਾਜਾ ਅਸ਼ੋਕ) ਤੋਂ, 12ਵੀਂ ਸਦੀ ਤਕ ਹਿੰਦੂ ਰਾਜਿਆਂ (ਪ੍ਰਿਥਵੀਰਾਜ ਚੌਹਾਨ ਆਖ਼ਰੀ) ਦੀ ਹਕੂਮਤ ਰਹੀ ਸੀ। ਫਿਰ ਇਸ ’ਤੇ ਮੁਸਲਮਾਨਾਂ ਨੇ ਕਬਜ਼ਾ ਕਰ ਲਿਆ ਅਤੇ ਕੁਤਬਦੀਨ ਐਬਕ, ਫ਼ੀਰੋਜ਼ਸ਼ਾਹ ਤੁਗ਼ਲਕ, ਸਿਕੰਦਰ ਲੋਧੀ, ਹਮਾਯੂੰ, ਅਕਬਰ, ਸ਼ਾਹਜਹਾਨ ਤੇ ਔਰੰਗਜ਼ੇਬ ਦੀ ਹਕੂਮਤ ਰਹੀ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shah Sangram (Sango Shah)

ਸ਼ਾਹ ਸੰਗ੍ਰਾਮ

ਸੰਗਰਾਮ ਸ਼ਾਹ (ਇਕ ਹੋਰ ਨਾਂ ਸੰਗੋਸ਼ਾਹ) ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਅਤੇ ਭਾਈ ਸਾਧੂ ਖੋਸਲਾ-ਖੱਤਰੀ ਦਾ ਬੇਟਾ ਤੇ ਭਾਈ ਧਰਮਾ ਦਾ ਪੋਤਾ ਸੀ।ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਭੂਆ ਦਾ ਪੁੱਤਰ ਸੀ।ਉਹ ਮੱਲ੍ਹਾ ਪਿੰਡ (ਜ਼ਿਲ੍ਹਾ ਲੁਧਿਆਣਾ) ਦਾ ਵਾਸੀ ਸੀ।

ਸੰਗਰਾਮ ਬੜਾ ਬਹਾਦਰ ਅਤੇ ਸੂਰਬੀਰ ਸਨ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫ਼ੌਜ ਬਣਾਈ ਤਾਂ ਉਹ ਵੀ ਉਸ ਵਿਚ ਸ਼ਾਮਿਲ ਹੋਇਆ। ਉਹ ਗੁਰੂ ਸਾਹਿਬ ਨਾਲ ਚੱਕ ਨਾਨਕੀ ਵਿਚ ਵੀ ਰਹਿੰਦਾ ਰਿਹਾ ਸੀ। ਜਦੋਂ ਗੁਰੂ ਜੀ ਨੇ ਅਪ੍ਰੈਲ 1685 ਵਿਚ ਪਾਉਂਟਾ ਵਸਾਇਆ ਤਾਂ ਉਹ ਵੀ ਉਨ੍ਹਾਂ ਦੇ ਨਾਲ ਉਥੇ ਚਲਾ ਗਿਆ। 18 ਸਤੰਬਰ 1688 ਦੇ ਦਿਨ ਜਦੋਂ ਗੜ੍ਹਵਾਲ ਦੇ ਰਾਜਾ ਫਤੇਸ਼ਾਹ ਨੇ ਗੁਰੂ ਜੀ ‟ਤੇ ਹਮਲਾ ਕੀਤਾ, ਭੰਗਾਣੀ ਵਿਚ ਬੜੀ ਜ਼ਬਰਦਸਤ ਲੜਾਈ ਹੋਈ। ਸੰਗੋਸ਼ਾਹ ਨੇ ਇਸ ਲੜਾਈ ਵਿਚ ਦਿਲੋ-ਜਾਨ ਤੋਂ ਹਿੱਸਾ ਲਿਆ ਅਤੇ ਦੁਸ਼ਮਣਾਂ ਦੇ ਖ਼ੂਬ ਆਹੂ ਲਾਹੇ। ਉਸ ਦੀ ਬਹਾਦਰੀ ਦਾ ਜ਼ਿਕਰ ਕਈ ਕਿਤਾਬਾਂ ਵਿਚ ਬੜੇ ਖ਼ੂਬਸੂਰਤ ਲਫ਼ਜ਼ਾਂ ਵਿਚ ਕੀਤਾ ਮਿਲਦਾ ਹੈ।

ਬਚਿੱਤਰ ਨਾਟਕ ਨਾਂ ਦੀ ਰਚਨਾ (ਇਸ ਦੇ ਲੇਖਕ ਗੁਰੂ ਗੋਬਿੰਦ ਸਿੰਘ ਨਹੀਂ ਹਨ) ਵਿਚ ਸੰਗਰਾਮ ਸ਼ਾਹ ਨੂੰ „ਸੰਗੋ ਸ਼ਾਹ‟, „ਸ਼ਾਹ ਸੰਗ੍ਰਾਹ‟ ਅਤੇ „ਸ਼ਾਹ ਸੰਗਰਾਮ‟ ਆਖ ਕੇ ਯਾਦ ਕੀਤਾ ਗਿਆ ਹੈ:ਤਹਾ ਸਾਹ ਸ੍ਰੀ ਸਾਹ ਸੰਗ੍ਰਾਮ ਕੋਪੇ। ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ। ਹਠੀ ਜੀਤ ਮੱਲੰ ਸੁ ਗਾਜੀ ਗੁਲਾਬੰ। ਰਣੰ ਦੇਖੀਐ ਰੰਗ ਰੂਪੰ ਸਹਾਬੰ॥4॥ ਤਹਾ ਸ਼ਾਹ ਸੰਗ੍ਰਾਮ ਕੀਨੇ ਅਖਾਰੇ।ਘਨੇ ਖੇਤੂ ਮੋ ਖਾਨ ਖੂਨੀ ਲਤਾਰੇ। ਨ੍ਰਿਪੰ ਗੋਪਾਲਯੰ ਖਰੋ ਖੇਤ ਗਾਜੈ। ਮ੍ਰਿਗ ਝੁੰਡ ਮਧਿਯੰ ਮਨੋ ਸਿੰਘ ਗਾਜੈ॥11॥ ਤਹਾ ਖਾਨ ਨੈਜਬਤੋ ਆਨ ਕੈ ਕੈ।ਹਨਿਓ ਸਾਹ ਸੰਗ੍ਰਾਮ ਕੌ ਸ਼ਸਤਰ ਲੈ ਕੈ। ਕਿਤੈ ਖਾਨ ਬਾਨੀਨ ਹੂੰ ਅਸਤ ਝਾਰੇ।ਤਹੀ ਸਾਹ ਸੰਗ੍ਰਾਹ ਸੁਰਗੰ ਸਿਧਾਰੇ॥22॥

ਇਸ ਤਰ੍ਹਾਂ ਇਸ ਲੜਾਈ ਵਿਚ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸੰਗੋਸ਼ਾਹ ਸ਼ਹੀਦੀ ਜਾਮ ਪੀ ਗਿਆ। “ਭੱਟ ਵਹੀ ਮੁਲਤਾਨੀ ਸਿੰਧੀ” ਵਿਚ ਸੰਗੋਸ਼ਾਹ ਦੀ ਸ਼ਹੀਦੀ ਦਾ ਜ਼ਿਕਰ ਇੰਞ ਮਿਲਦਾ ਹੈ:

“ਉਦੀਆ ਬੇਟਾ ਖੇਮੇ ਚੰਦਨੀਏ ਕਾ….ਰਮਾਨਾਂ, ਗੁਰੂ ਕੀ ਬੂਆ ਕੇ ਬੇਟੇ ਸੰਗੋਸ਼ਾਹ, ਜੀਤ ਮੱਲ ਬੇਟੇ ਸਾਧੂ ਕੇ, ਪੋਤੇ ਧਰਮੇ ਖੋਸਲੇ ਖਤਰੀ ਕੇ ਗੈਲ ਰਨ ਭੂਮੀ ਮੇਂ ਆਏ। ਸਾਲ ਸਤਰਾਂ ਸੈ ਪੈਂਤਾਲੀਸ ਅਸੁਜ ਪ੍ਰਵਿਸ਼ਟੇ ਅਠਾਰਾਂ ਭੰਗਾਨੀ ਕੇ ਮਲ੍ਹਾਨ ਜਮਨਾਂ ਗਿਰੀ ਕੇ ਮਧਿਆਨ ਰਾਜ ਨਾਹਨ ਏਕ ਘਰੀ ਦਿਹੁੰ ਖਲੇ ਜੂਝੰਤੇ ਸੂਰਿਓਂ ਗੈਲ ਸਾਮ੍ਹੇਂ ਮਾਥੇ ਜੂਝ ਕਰ ਮਰੇ।

(ਡਾ. ਹਰਜਿੰਦਰ ਸਿੰਘ ਦਿਲਗੀਰ)

Seuki (Sialkot)

ਸੇਉਕੀ

ਪੱਛਮੀ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਵਿਚ (ਡਸਕਾ ਤੋਂ 10 ਕਿਲੋਮੀਟਰ ਦੂਰ) ਇਕ ਪਿੰਡ ਵਿਚ ਵਿਚ ਗੁਰੂ ਨਾਨਕ ਸਾਹਿਬ ਗਏ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਛੋਟਾ ਨਾਨਕਿਆਣਾ ਸਾਹਿਬ ਬਣਿਆ ਸੀ। 1947 ਤੋਂ ਬਾਅਦ ਉਸ ਦੀ ਸੰਭਾਲ ਨਾ ਹੋ ਸਕਣ ਕਾਰਨ ਹਾਲਤ ਖ਼ਸਤਾ ਹੋ ਗਈ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)

Setbandh

ਸੇਤਬੰਧ

ਤਾਮਿਲਨਾਡੂ ਵਿਚ ਸਮੁੰਦਰ ਵਿਚ ਦੀ ਦੱਖਣੀ ਹੱਦ (ਪਾਮਬਨ, ਰਾਮੇਸ਼ਵਰਮ) ਵਿਚ ਧਨੁਸਕੋਡੀ ਤੋਂ ਸ਼੍ਰੀਲੰਕਾ ਦੇ ਤਲਾਏ ਮੰਨਰ ਟਾਪੂ ਤਕ ਫੈਲੀ ਹੋਈ ਚੂਨੇ ਦੀਆਂ ਚਟਾਨਾਂ ਦੀ ਕਤਾਰ (ਜਿਸ ਨੂੰ ਰਾਮ ਵੱਲੋਂ ਬਣਾਇਆ ਗਿਆ ਪੁਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ); ਈਸਾਈ ਇਸ ਨੂੰ ਆਦਮ ਦਾ ਪੁਲ ਕਹਿੰਦੇ ਹਨ। ਇਹ ਤਕਰੀਬਨ 50 ਕਿਲੋਮੀਟਰ ਲੰਮਾ ਹੈ।

ਕਿਹਾ ਜਾਂਦਾ ਹੈ ਕਿ ਸੰਨ 1480 ਦੇ ਸਮੁੰਦਰੀ ਤੂਫ਼ਾਨ ਤੋਂ ਪਹਿਲਾਂ ਇਸ ’ਤੇ ਟੁਰਿਆ ਜਾ ਸਕਦਾ ਸੀ। ਫਿਰ 1964 ਦੇ ਸਮੁੰਦਰੀ ਤੂਫ਼ਾਨ ਨੇ ਤਾਂ ਧਨੁਸਕੋਡੀ ਨਗਰ ਨੂੰ ਵੀ ਖ਼ਤਮ ਕਰ ਦਿੱਤਾ ਸੀ 4. ਰਾਮੇਸ਼ਵਰਮ ਨਗਰ ਨੂੰ ਸੇਤੁਬੰਦ ਲਿਖਿਆ ਵੀ ਮਿਲਦਾ ਹੈ.


(ਸੇਤਬੰਧੁ ਪੁਲ ਦੀ ਇਕ ਕਲਪਿਤ ਤਸਵੀਰ)

(ਡਾ. ਹਰਜਿੰਦਰ ਸਿੰਘ ਦਿਲਗੀਰ)

DIWAN

Diwan (literally: minister) was a designation given by Guru Sahib to the person who would perform significant jobs like a senior minister in the court of an emperor. As per available sources this designation can be traced from the time of Guru Hargobind Sahib. Bhai Paraga Chhibber (son of Bhai Gautam), resident of village Kariala (district Jhelum, Pakistan) was the first Sikh known as Diwan. He embraced martyrdom in the battle of Ruhila, in September-October 1621. Bhai Paraga was succeeded by Bhai Jetha. Bhai Jetha embraced martyrdom in the battle of Mehraj, in December 1634. Bhai Dargah Mall, son of Bhai Dawarka Das and grandson of Bhai Paraga Chhibber was the next to be appointed as Diwan. Bhai Dargah Mall served during the time of Guru Har Rai Sahib, Guru Harkrishan Sahib, Guru Tegh Bahadur Sahib and Guru Gobind Singh Sahib. Bhai Dargah Mall was succeeded by his nephew Bhai Mati Das (son of Bhai Hira Mall Chhibber) in 1664. After the martyrdom of Bhai Mati Das, on November 11, 1675, Bhai Dargah Mall had to perform his duty again. On March 29, 1676, Bhai Dharam Chand (son of Bhai Dargah Mall) was appointed Diwan (for household affairs) by Guru Gobind Singh Sahib. Later, Guru Sahib appointed Bhai Nand Chand Sangha of Darauli as Diwan for the affairs of the Darbar (court). The duties of the Diwan for the affairs of the court included writing of letters, making arrangements for initiation, duty as chamberlain, dealing with royal visitors and the Sangat, the affairs of the army etc. Bhai Nand Chand Sangha remained in the service of Guru Sahib up to the third week of March 1691. After committing an act of breach of faith, Nand Chand fled Aanandpur Sahib. On March 29, 1691, Bhai Mani Ram (later Bhai Mani Singh) was appointed Diwan for the affairs of the court. In April 1698, Bhai Mani Singh was sent to Amritsar. In the place of Bhai Mani Singh, Bhai Sahib Singh Chhibber (son of Shaheed Bhai Mati Das) was appointed as Diwan for the affairs of court. Bhai Sahib Singh embraced martyrdom in the battle of Nirmohgarh, on October 7, 1700. After the selection of Punj Piaray, it seems, Guru Sahib did not appoint a new Diwan. Bhai Dharam Singh Chhibber, however, remained Diwan for household affairs. Though there is no reference to appointment of Diwan after the martyrdom of Bhai Sahib Singh, but the duties of a Diwan (writings of letters, performing of ceremony of initiation, duties as chamberlain etc.) were being performed by Bhai Man Singh (brother of Bhai Mani Singh). Bhai Man Singh remained with Guru Sahib on latter’s way to Nander, up to Chittaur (April 1708).

 

 (Dr Harjinder Singh Dilgeer)

Sekha (Barnala)

ਸੇਖਾ

ਜ਼ਿਲ੍ਹਾ ਬਰਨਾਲਾ ਵਿਚ (ਬਰਨਾਲਾ ਤੋਂ ਧੂਰੀ ਵੱਲ 7 ਕਿਲੋਮੀਟਰ ਦੂਰ) ਹੁਣ ਅੱਠ ਕੁ ਹਜ਼ਾਰ ਆਬਾਦੀ ਵਾਲਾ ਇਕ ਦਰਮਿਆਨੇ ਦਰਜੇ ਦਾ ਪਿੰਡ (ਇਹ ਪਿੰਡ ‘ਬਾਹੀਆ’ ਦੇ 22 ਪਿੰਡਾਂ ਵਿਚੋਂ ਇਕ ਹੈ)। ਗੁਰੂ ਤੇਗ਼ ਬਹਾਦਰ ਸਾਹਿਬ ਆਪਣੀ ਮਾਲਵਾ ਫੇਰੀ ਸਮੇਂ ਇਸ ਪਿੰਡ ਵਿਚ ਰੁਕੇ ਸਨ। ਮੁਕਾਮੀ ਰਿਵਾਇਤ ਮੁਤਾਬਿਕ ਦੁਰਗੂ ਨਾਂ ਦੇ ਇਕ ਸਿੱਖ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ। ਇਸ ਪਿੰਡ ਦੇ ਲੋਕ ਦੁਰਗਾ ਦਾਸ ਬੈਰਾਗੀ ਦੇ ਚੇਲੇ ਸਨ। ਉਸ ਦੇ ਇਕ ਚੇਲੇ ਤਿਲੋਕਾ (ਜੋ ਬਾਈ ਪਿੰਡਾਂ ਦਾ ਮਾਲਿਕ ਸੀ) ਨੇ ਆਪਣੀ ਆਕੜ ਦਿਖਾਈ ਤੇ ਗੁਰੂ ਜੀ ਦੀ ਪਰਵਾਹ ਨਾ ਕੀਤੀ। ਗੁਰੂ ਜੀ ਇੱਥੋਂ ਕੱਟੂ ਪਿੰਡ ਗਏ ਸਨ। ਮਗਰੋਂ ਤਿਲੋਕਾ ਨੂੰ ਆਪਣੀ ਗ਼ਲਤੀ ਦਾ ਇਹਸਾਸ ਹੋਇਆ ਤੇ ਉਸ ਨੇ ਕੱਟੂ ਪਿੰਡ ਵਿਚ ਜਾ ਕੇ ਆਪਣੀ ਭੈਣ ਰਾਹੀਂ ਮੁਆਫ਼ੀ ਮੰਗੀ ਸੀ। ਇਸ ਪਿੰਡ ਵਿਚ ਗੁਰੂ ਜੀ ਦਾ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ: ਇਕ ਪਿੰਡ ਦੇ ਪੱਛਮ ਵੱਲ ਅਤੇ ਦੂਜਾ ਰੇਲਵੇ ਸਟੇਸ਼ਨ ਦੇ ਨੇੜੇ.

(ਤਸਵੀਰ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਸੇਖਾ)

(ਡਾ. ਹਰਜਿੰਦਰ ਸਿੰਘ ਦਿਲਗੀਰ)

Sehwan Sharif

ਸੇਹਵਾਨ ਸ਼ਰੀਫ਼

ਪਾਕਿਸਤਾਨ ਦੇ ਸੂਬੇ ਸਿੰਧ ਦੇ ਜ਼ਿਲ੍ਹਾ ਜਮਸ਼ੋਰੋ ਵਿਚ (ਹੈਦਰਾਬਾਦ ਤੋਂ 130 ਕਿਲੋਮੀਟਰ ਦੂਰ) ਇਕ ਨਗਰ, ਜਿਸ ਦਾ ਪੁਰਾਣਾ ਨਾਂ ਸ਼ਿਚਿਸਤਾਨ ਸੀ ਤੇ ਇਹ 712 ਵਿਚ (ਮੁਹੰਮਦ ਇਬਨ ਕਾਸਿਮ ਵੱਲੋਂ ਜਿੱਤੇ ਜਾਣ ਤਕ) ਰਾਜਾ ਦਾਹਿਰ ਦੀ ਰਾਜਧਾਨੀ ਸੀ। ਇਹ ਨਗਰ 13ਵੀਂ ਸਦੀ ਦੇ ਸੂਫ਼ੀ ਲਾਲ ਸ਼ਾਹਬਾਜ਼ ਕਲੰਦਰ ਦੀ ਯਾਦ ਨਾਲ ਵੀ ਜੁੜਿਆ ਹੋਇਆ ਹੈ। 16 ਫ਼ਰਵਰੀ 2017 ਦੇ ਦਿਨ ਇਕ ਆਤਮਘਾਤੀ ਬੰਬ ਨਾਲ ਇਸ ਜਗਹ 83 ਲੋਕ ਮਾਰੇ ਗਏ ਤੇ 250 ਜ਼ਖ਼ਮੀ ਹੋਏ ਸਨ।(ਤਸਵੀਰ: ਸਹਿਵਾਨ ਦੇ ਪ੍ਰਾਚੀਨ ਕਿਲ੍ਹੇ ਦੇ ਖੰਡਰ):

ਗੁਰੂ ਨਾਨਕ ਸਾਹਿਬ ਆਪਣੀ ਚੌਥੀ ਉਦਾਸੀ ਦੌਰਾਨ ਮੱਕੇ ਦੀ ਯਾਤਰਾ ਕਰਨ ਗਏ ਇਸ ਨਗਰ ਵਿਚ ਆਏ ਸਨ (ਤੇ ਇੱਥੋਂ ਕੋਟ ਲਖਪਤ ਦੀ ਬੰਦਰਗਾਹ ਵੱਲ ਗਏ ਸਨ)। ਪੁਰਾਣੇ ਕਿਲ੍ਹੇ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਨਾਨਕਬਾੜਾ ਗੁਰਦੁਆਰਾ ਬਣਾਇਆ ਗਿਆ ਸੀ ਸੀ। ਇਸ ਦਾ ਜ਼ਿਕਰ ਕਰਨਲ ਟਾੱਡ ਨੇ ‘ਐਨਲਜ਼ ਆਖ਼ ਰਾਜਸਥਾਨ’ ਵਿਚ ਵੀ ਕੀਤਾ ਹੈ। ਗੁਰੂ ਨਾਨਕ ਸਾਹਿਬ ਦਾਦੂ ਨਗਰ ਤੋਂ 95 ਕਿਲੋਮੀਟਰ ਦੂਰ, (ਹੁਣ ਦਾਦੂ ਜ਼ਿਲ੍ਹਾ ਵਿਚ) ਗੋਰਖ ਪਹਾੜੀ (5689 ਫੁੱਟ ਉਚਾਈ ’ਤੇ) ’ਤੇ ਵੀ ਗਏ ਸਨ ਤੇ ਜੋਗੀਆਂ ਨਾਲ ਚਰਚਾ ਕੀਤੀ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)

Saurhian (Amritsar)

ਸੌੜੀਆਂ

ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ (ਅਜਨਾਲਾ-ਚੋਗਾਵਾਂ ਮਾਰਗ ’ਤੇ) ਇਕ ਨਿੱਕਾ ਜਿਹਾ ਪਿੰਡ। ਕਦੇ ਦਰਿਆ ਰਾਵੀ ਇਸ ਦੇ ਨੇੜਿਓਂ ਵਹਿੰਦਾ ਸੀ ਤੇ ਹੁਣ 7-8 ਕਿਲੋਮੀਟਰ ਦੂਰ ਚਲਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਹ ਪਿੰਡ ਇਬਰਾਹੀਮ ਲੋਧੀ ਦੇ ਸਮੇਂ ਆਬਾਦ ਹੋਇਆ ਸੀ। ਮੁਗ਼ਲ ਕਾਲ ਸਮੇਂ ਇਹ ਇਕ ਵੱਡਾ ਪਿੰਡ ਸੀ। ਇਸ ਪਿੰਡ ਵਿਚ ਇਕ ਵੱਡਾ ਬਾਜ਼ਾਰ ਸੀ ਤੇ ਇੱਥੇ ਮੁਖ ਤੌਰ ’ਤੇ ਪਠਾਣ ਅਤੇ ਮੁਗ਼ਲ ਵਸਦੇ ਸਨ। ਇੱਥੇ, ਉਸ ਸਮੇਂ ਦੇ ਪੰਜ ਮਕਬਰੇ, ਮਸੀਤਾਂ ਤੇ ਮੁਸਲਮਾਨ ਪੀਰਾਂ-ਫ਼ਕੀਰਾਂ ਦੇ ਤਕੀਏ ਤੇ ਮਜ਼ਾਰ ਅੱਜ ਵੀ ਮੌਜੂਦ ਹਨ। ਗੁਰੂ ਨਾਨਕ ਸਾਹਿਬ ਚੌਥੀ ਉਦਾਸੀ ਸਮੇਂ ਇਸ ਪਿੰਡ ਵਿਚ ਹੋ ਕੇ ਗਏ ਸਨ।ਗੁਰੂ ਨਾਨਕ ਸਾਹਿਬ ਦਰਿਆ ਰਾਵੀ ਪਾਰ ਕਰ ਕੇ ਬਟਾਲਾ ਜਾਂਦਿਆਂ ਏਥੇ ਰੁਕੇ ਸਨ। ਜਨਮਸਾਖੀਆਂ ਵਿਚ ਇਸ ਪਿੰਡ ਦਾ ਨਾਂ ਜੌੜੀਆਂ ਲਿਖਿਆ ਮਿਲਦਾ ਹੈ। ਇਕ ਸਾਖੀ ਮੁਤਾਬਿਕ ਗੁਰੂ ਜੀ ਦੀ ਉਸ ਸਮੇਂ ਇਕ ਪਠਾਣ ਉਬਾਰੇ ਖ਼ਾਨ ਅਤੇ ਅਬਦੁਰ ਰਹਿਮਾਨ ਖ਼ਾਨ ਨਾਲ ਧਰਮ ਚਰਚਾ ਹੋਈ ਸੀ। ਉਬਾਰੇ ਖ਼ਾਨ ਨਾਂ ਦਾ ਇਕ ਪਠਾਣ ਗੁਰੂ ਸਾਹਿਬ ਨੂੰ ਮਿਲਿਆ। ਉਹ ਪੁੱਛਣ ਲਗਾ, ਬਾਬਾ ਜੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਗੁਰੂ ਸਾਹਿਬ ਨੇ ਦਸਿਆ ਕਿ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ। ਸਾਰੀ ਦੁਨੀਆਂ ਰੱਬ ਦੀ ਬਣਾਈ ਹੋਈ ਹੈ। ਸਾਨੂੰ ਸਿਰਫ਼ ਉਸ “ਰੱਬ ਦੇ ਬੰਦੇ” ਹੀ ਬਣਨਾ ਚਾਹੀਦਾ ਹੈ। ਚੰਗੇ ਇਨਸਾਨ ਬਣਨਾ ਸਾਡਾ ਪਹਿਲਾ ਫ਼ਰਜ਼ ਹੈ ਅਤੇ ਇਹੀ ਸੱਚਾ ਧਰਮ ਹੈ। ਭਾਈ ਉਬਾਰੇ ਖ਼ਾਨ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ। ਉਹ ਜਿਥੇ ਵੀ ਜਾਂਦਾ ਗੁਰੂ ਸਾਹਿਬ ਦੀ ਸੋਭਾ ਕਰਦਾ। ਇਸੇ ਪਿੰਡ ਵਿੱਚ ਅਬਦੁਲ ਰਹਿਮਾਨ ਨਾਂ ਦਾ ਇਕ ਹੋਰ ਮੁਸਲਮਾਨ ਵੀ ਰਹਿੰਦਾ ਸੀ। ਉਹ ਇਕ ਵੱਡਾ ਜ਼ਮੀਂਦਾਰ ਸੀ। ਉਸ ਨੂੰ ਪਸੰਦ ਨਹੀਂ ਸੀ ਕਿ ਉਬਾਰੇ ਖ਼ਾਨ ਕਿਸੇ ਗ਼ੈਰ-ਮੁਸਲਮਾਨ ਦੀ ਸਿਫ਼ਤ ਕਰੇ। ਇਕ ਦਿਨ ਅਬਦੁਲ ਰਹਿਮਾਨ ਵੀ ਗੁਰੂ ਸਾਹਿਬ ਕੋਲ ਆਇਆ ਅਤੇ ਉਸ ਨੇ ਵੀ ਉਹੀ ਸਵਾਲ ਕੀਤਾ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਗੁਰੂ ਸਾਹਿਬ ਨੇ ਉਸ ਨੂੰ ਦਸਿਆ ਕਿ ਅਸੀਂ ਨਾ ਹਿੰਦੂ ਹਾਂ ਤੇ ਨਾ ਮੁਸਲਮਾਨ। ਅਸੀਂ ਸਿਰਫ਼ ਇੱਕ ਰੱਬ ਦੀ ਇਬਾਦਤ ਕਰਨ ਵਾਲੇ ਹਾਂ। ਉਸ ਵਾਹਿਗੁਰੂ ਨੇ ਸਾਰੀ ਦੁਨੀਆਂ ਆਪਣੇ ਨੂਰ ਨਾਲ ਬਣਾਈ ਹੈ। ਸਾਨੂੰ ਤਾਂ ਹਰ ਸ਼ਖ਼ਸ ਵਿਚ ਵਾਹਿਗੁਰੂ ਦਾ ਨੂਰ ਹੀ ਨਜ਼ਰ ਆਉਂਦਾ ਹੈ। ਗੁਰੂ ਸਾਹਿਬ ਦੀ ਸੰਗਤ ਵਿਚ ਬੈਠਣ ਮਗਰੋਂ ਭਾਈ ਅਬਦੁਲ ਰਹਿਮਾਨ ਵੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਸਿੱਖ ਮਿਸਲਾਂ ਦੇ ਕਾਲ ਵਿਚ ਇਸ ਪਿੰਡ ’ਤੇ ਭੰਗੀ ਮਿਸਲ ਦਾ ਕਬਜ਼ਾ ਹੋ ਗਿਆ ਸੀ; ਗੁਰਬਖ਼ਸ਼ ਸਿੰਘ ਭੰਗੀ ਦਾ ਪੁੱਤਰ ਜੋਧ ਸਿੰਘ ਏਥੋਂ ਦਾ ਹਾਕਮ ਸੀ। ਇਸ ਪਿੰਡ ਦੇ ਜੋਧ ਸਿੰਘ ਸੌੜੀਆਂਵਾਲਾ ਅਤੇ ਉਸ ਦਾ ਪੁੱਤਰ ਅਮੀਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਜਰਨੈਲ ਸਨ। ਜੋਧ ਸਿੰਘ ਕੋਲ ਤਿਮਨ ਸੌ ਘੋੜਸਵਾਰ ਸਨ ਅਤੇ ਉਸ ਕੋਲ ਡੇਢ ਲੱਖ ਰੁਪੈ ਸਾਲਾਨਾ ਦੀ ਜਾਗੀਰ ਸੀ। ਸਿੱਖ ਮਿਸਲਾਂ ਵੇਲੇ ਏਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਮੰਜੀ ਸਾਹਿਬ ਬਣਾਇਆ ਗਿਆ ਸੀ। ਮੌਜੂਦਾ ਗੁਰਦੁਆਰਾ ਨਾਨਕਸਰ ਦੀ ਇਮਾਰਤ 1986 ਵਿਚ ਬਣਾਈ ਗਈ ਸੀ.

ਸੌੜੀਆਂ ਪਿੰਡ ਵਿਚ ਪੁਰਾਨਾ ਮੰਜੀ ਸਾਹਿਬ

ਸੌੜੀਆਂ ਪਿੰਡ ਵਿਚ ਗੁਰਦੁਆਰੇ ਦੀ ਨਵੀਂ ਇਮਾਰਤ

(ਗੁਰਦੁਆਰਾ ਤਸਵੀਰ ਵਾਸਤੇ ਧੰਨਵਾਦ
ਕਿਰਤਪ੍ਰੀਤ ਸਿੰਘ, ਚੌਧਰੀਵਾਲਾ, ਤਰਨਤਾਰਨ).

(ਡਾ. ਹਰਜਿੰਦਰ ਸਿੰਘ ਦਿਲਗੀਰ)

Saunti (Fatehgarh)

ਸੌਂਟੀ

ਫ਼ਤਹਿਗੜ੍ਹ ਜ਼ਿਲ੍ਹਾ ਵਿਚ ਅਮਲੋਹ ਤਹਿਸੀਲ ਦਾ ਇਕ ਪਿੰਡ (ਅਮਲੋਹ ਤੋਂ ਡੇਢ ਤੇ ਮੰਡੀ ਗੋਬਿੰਦਗੜ੍ਹ ਤੋਂ 8 ਕਿਲੋਮੀਟਰ ਦੂਰ) ਜਿੱਥੇ ਗੁਰੂ ਹਰਗੋਬਿੰਦ ਸਾਹਿਬ ਇਕ ਵਾਰ ਆਏ ਸਨ।

ਇਕ ਪ੍ਰਚਲਤ ਕਹਾਣੀ ਮੁਤਾਬਿਕ ਜਦ ਗੁਰੂ ਜੀ ਇਧਰ ਸ਼ਿਕਾਰ ਕਰਨ ਆਏ ਸਨ ਤਾਂ ਉਨ੍ਹਾਂ ਦੇ ਇਕ ਕੁੱਤੇ ਦਾ ਟਕਰਾਅ ਇਕ ਜੰਗਲੀ ਸੂਰ ਨਾਲ ਹੋ ਗਿਆ ਤੇ ਕੁੱਤੇ ਨੇ ਸੂਰ ਨੂੰ ਮਾਰ ਦਿਤਾ ਸੀ ਤੇ ਆਪ ਵੀ ਮਰ ਗਿਆ ਸੀ (ਇਸ ਕਹਾਣੀ ਮੁਤਾਬਿਕ ਇਹ ਸਿੱਖ ਪਿਛਲੇ ਜਨਮ ਵਿਚ ਗੁਰੂ ਦੇ ਲੰਗਰ ਵਿਚ ਲਾਂਗਰੀ ਸਨ ਤੇ ਆਪਸ ਵਿਚ ਲੜੇ ਸਨ)। ਉਂਞ ਇਹ ਸਾਰੀ ਕਹਾਣੀ ਕਾਲਪਨਿਕ ਹੈ ਕਿਉਂ ਕਿ ਗੁਰੂ ਜੀ ਕੀਰਤਪੁਰ ਰਹਿੰਦੇ ਸਨ ਤੇ ਉਥੋਂ ਇਧਰ ਸ਼ਿਕਾਰ ਕਰਨ ਆਉਣ ਦਾ ਕੋਈ ਮਤਲੱਬ ਨਹੀਂ ਸੀ। ਅਜਿਹਾ ਜਾਪਦਾ ਹੈ ਕਿ ਗੁਰੂ ਜੀ ਮਾਲਵੇ ਤੋਂ ਆਉਂਦੇ ਹੋਏ ਏਥੇ ਰੁਕੇ ਹੋਣਗੇ। ਇੱਥੇ 22 ਵਿਸਾਖ 1688 ਦੇ ਦਿਨ ਆਉਣ ਅਤੇ 45 ਦਿਨ ਠਹਿਰਨ ਦੀ ਗੱਲ ਵੀ ਗ਼ਲਤ ਹੈ (ਜੁਲਾਈ 1631 ਤਕ ਗੁਰੂ ਜੀ ਡਰੋਲੀ ਭਾਈ ਵਿਚ ਸਨ).

(ਡਾ. ਹਰਜਿੰਦਰ ਸਿੰਘ ਦਿਲਗੀਰ)

Sathiala (Amritsar)

ਸਠਿਆਲਾ

ਜ਼ਿਲ੍ਹਾ ਅੰਮ੍ਰਿਤਸਰ ਦੀ ਰਈਆ ਤਹਿਸੀਲ ਵਿਚ, ਅੰਮ੍ਰਿਤਸਰ ਤੋਂ 46, ਬਿਆਸ ਤੋਂ 5, ਬਾਬਾ ਬਕਾਲਾ ਤੋਂ 4 ਤੇ ਜਲੰਧਰ ਤੋਂ 48 ਕਿਲੋਮੀਟਰ ਦੂਰ ਇਕ ਪਿੰਡ। ਇਸ ਪਿੰਡ ਵਿਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਆਏ ਸਨ। ਉਨ੍ਹਾਂ ਦੀ ਯਾਦ ਵਿਚ ‘ਗੁਰਦੁਆਰਾ ਨਾਨਕਸਰ ਪਹਿਲੀ ਪਾਤਸਾਹੀ’ ਅਤੇ ‘ਗੁਰਦੁਆਰਾ ਡੇਰਾ ਸਾਹਿਬ ਪਾਤਸਾਹੀ ਨੌਵੀਂ’ ਬਣੇ ਹੋਏ ਹਨ। ਲੋਕਾਂ ਨੇ ਗੁਰੂ ਨਾਨਕ ਸਾਹਿਬ ਨਾਲ ਇਕ ਕਾਲਪਨਿਕ ਕਹਾਣੀ ਜੋੜੀ ਹੋਈ ਹੈ ਕਿ ਗੁਰੂ ਜੀ ਜਦ ਉੱਥੇ ਛੱਪੜ ਕੋਲ ਬੈਠੇ ਸਨ ਤਾਂ ਕੁਝ ਮੁਕਾਮੀ ਮੁਸਲਮਾਨ ਔਰਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀ ਜਿਲਦ (ਚਮੜੀ) ਦੀ ਬੀਮਾਰੀ ਨਹੀਂ ਹਟਦੀ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਉਸ ਛੱਪੜ ਵਿਚ ਬੱਚਿਆਂ ਨੂੰ ਲਗਾਤਾਰ ਨੁਹਾਉਣ ਵਾਸਤੇ ਕਿਹਾ ਸੀ ਤੇ ਉਹ ਨੌ-ਬਰ-ਨੌ ਹੋ ਗਏ ਸਨ। ਅਜਿਹੀ ਕਹਾਣੀ ਗੁਰੂ ਨਾਨਕ ਸਾਹਿਬ ਦੇ ਆਗਰਾ ਜਾਣ ਸਬੰਧੀ ਵੀ ਬਣਾਈ ਹੋਈ ਹੈ (ਵੇਖੋ: ਆਗਰਾ).

(ਤਸਵੀਰ: ਸਠਿਆਲਾ ਦਾ ਗੁਰਦੁਆਰਾ)

(ਡਾ. ਹਰਜਿੰਦਰ ਸਿੰਘ ਦਿਲਗੀਰ)

Sasaram (Bihar)

ਸਾਸਾਰਾਮ

ਭਾਰਤ ਦੇ ਬਿਹਾਰ ਸੂਬੇ ਵਿਚ ਇਕ ਪ੍ਰਾਚੀਨ ਨਗਰ (ਪਟਨਾ ਤੋਂ 153, ਵਾਰਾਨਸੀ ਤੋਂ 128 ਤੇ ਦਿੱਲੀ ਤੋਂ 1083 ਕਿਲੋਮੀਟਰ ਦੂਰ), ਜਿੱਥੇ ਸੂਰੀ ਖ਼ਾਨਦਾਨ (ਪਠਾਣਾਂ ਦੇ ਸੂਰ ਕਬੀਲੇ ਨਾਲ ਸਬੰਧਤ) ਦੀ ਹਕੂਮਤ ਕਾਇਮ ਕਰਨ ਵਾਲੇ ਸ਼ੇਰਸ਼ਾਹ ਸੂਰੀ (1486 – 22.5.1545) ਦਾ ਜਨਮ ਹੋਇਆ ਸੀ (ਤੇ ਜਿੱਥੇ ਉਸ ਦੀ ਯਾਦ ਵਿਚ ਇਕ 122 ਫੁੱਟ ਉ¤ਚਾ ਆਲੀਸ਼ਾਨ ਮਕਬਰਾ ਬਣਿਆ ਹੋਇਆ ਹੈ)।ਇਸ ਨਗਰ ਵਿਚ ਇਕ ਪੁਰਾਣਾ ਕਿਲ੍ਹਾ ਰੋਹਤਾਸਗੜ੍ਹ ਵੀ ਮੌਜੂਦ ਹੈ (ਮੁਕਾਮੀ ਰਿਵਾਇਤ ਮੁਤਾਬਿਕ ਇਸ ਕਿਲ੍ਹੇ ਨੂੰ ਸਤਵੀਂ ਸਦੀ ਵਿਚ ਰਾਜਾ ਹਰਿਸ਼ਚੰਦਰ ਨੇ ਆਪਣੇ ਪੁੱਤਰ ਰੋਹਿਤੇਸ਼ਵਰ ਦੇ ਨਾਂ ’ਤੇ ਬਣਾਇਆ ਸੀ)। ਇਸ ਨਗਰ ਦੇ ਨੇੜੇ, ਕਾਇਮੂਰ ਪਹਾੜ ’ਤੇ, ਮਹਾਰਾਜਾ ਅਸ਼ੋਕ ਦਾ ਇਕ ਥੰਮ੍ਹ ਵੀ ਮੌਜੂਦ ਹੈ। ਸਾਸਾਰਾਮ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਬਨਾਰਸ ਤੋਂ ਪਟਨਾ ਜਾਂਦੇ ਚਾਚਾ ਫੱਗੋ ਨਾਂ ਦੇ ਇਕ ਸ਼ਖ਼ਸ ਦੇ ਘਰ ਵਿਚ ਠਹਿਰੇ ਸਨ। ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬੜੀ ਸੰਗਤ (ਗੁਰਦੁਆਰਾ ਟਕਸਾਲ ਸੰਗਤ) ਅਤੇ ਗੁਰੂ ਦਾ ਬਾਗ਼ ਬਣੇ ਹੋਏ ਹਨ। ਚਾਚਾ ਫੱਗੋ ਦਾ ਘਰ ਵੀ ‘ਗੁਰਦੁਆਰਾ ਚਾਚਾ ਫੱਗੋ ਮੱਲ’ ਵਿਚ ਤਬਦੀਲ ਹੋ ਚੁਕਾ ਹੈ। ਸਾਸਾਰਾਮ ਵਿਚ ਗੁਰਦਆਰਾ ਪੁਰਾਣਾ ਬਾਗ਼ ਅਤੇ ਛੇ ਹੋਰ ਵੀ ਗੁਰਦੁਆਰੇ ਹਨ, ਜੋ ਤਕਰੀਬਨ ਬੰਦ ਹੀ ਪਏ ਹਨ। ਗੁਰੂ ਨਾਨਕ ਸਾਹਿਬ ਵੀ ਇਸ ਨਗਰ ਵਿਚ ਆਏ ਸਨ, ਪਰ ਉਨ੍ਹਾਂ ਦੀ ਯਾਦ ਵਿਚ ਕੋਈ ਗੁਰਦੁਆਰਾ ਨਹੀਂ ਹੈ.

ਗੁਰਦੁਆਰਾ ਟਕਸਾਲ ਸੰਗਤ

ਗੁਰਦੁਆਰਾ ਚਾਚਾ ਫੱਗੋ):

(ਡਾ. ਹਰਜਿੰਦਰ ਸਿੰਘ ਦਿਲਗੀਰ)

Sarsa Vity

ਸਰਸਾ ਨਗਰ

ਹਰਿਆਣਾ ਦਾ ਇਕ ਪ੍ਰਾਚੀਨ ਨਗਰ, ਜੋ ਪੰਜਾਬ ਅਤੇ ਹਰਿਆਣਾ ਦੀ ਹੱਦ ਦੇ ਨੇੜੇ ਹੈ (ਬਠਿੰਡਾ ਤੋਂ 95, ਡਬਵਾਲੀ ਤੋਂ 60, ਮਾਨਸਾ ਤੋਂ 76, ਹਿਸਾਰ ਤੋਂ 92 ਕਿਲੋਮੀਟਰ ਦੂਰ ਹੈ)। ਕੁਝ ਲੇਖਕਾਂ ਮੁਤਾਬਿਕ ਜਿਸ ਸੈਰਿਸ਼ਕਾ ਨਗਰ ਦਾ ਜ਼ਿਕਰ ਮਿਥਹਾਸਕ ਰਚਨਾ ਮਹਾਂਭਾਰਤ ਵਿਚ ਆਉਂਦਾ ਹੈ, ਉਹ ਇਹੀ ਹੈ। ਪਰ, ਇਕ ਗੱਲ ਯਕੀਨੀ ਹੈ ਕਿ ਇਹ ਨਗਰ ਘਟੋ-ਘਟ ਸਤਵੀਂ ਸਦੀ ਵਿਚ ਮੌਜੂਦ ਜ਼ਰੂਰ ਸੀ। ਇੱਥੇ ਇਕ ਵਿਸ਼ਾਲ ਕਿਲ੍ਹੇ ਦਾ ਥੇਹ ਮੌਜੂਦ ਹੈ (ਜੋ ਤਕਰੀਬਨ 5 ਕਿਲੋਮੀਟਰ ਰਕਬੇ ਵਿਚ ਹੈ) । ਇਹ ਸਤਵੀਂ ਸਦੀ ਵਿਚ ਬਣਿਆ ਸੀ। ਇਕ ਰਿਵਾਇਤ ਮੁਤਾਬਿਕ ਸਰਸਵਤੀ ਦਰਿਆ, ਜੋ ਹੁਣ ਅਲੋਪ ਹੋ ਚੁਕਾ ਹੈ, ਕਦੇ ਭਟਨੇਰ (ਹੁਣ ਹਨੁਮਾਨਗੜ੍ਹ) ਤੋਂ ਹੁੰਦਾ ਹੋਇਆ ਇਸ ਨਗਰ ਤਕ ਆਉਂਦਾ ਸੀ ਤੇ ਇਸੇ ਕਰ ਕੇ ਇਸ ਦਾ ਨਾਂ ਸਰਸਾ ਪੈ ਗਿਆ ਸੀ। ਸਰਸਾ 1884 ਤਕ ਇਕ ਜ਼ਿਲ੍ਹਾ ਸੀ। ਇਸ ਵਿਚ ਸਰਸਾ, ਡਬਵਾਲੀ ਤੇ ਫ਼ਾਜ਼ਿਲਕਾ ਤਹਸੀਲਾਂ ਸ਼ਾਮਿਲ ਸਨ। ਉਦੋਂ ਸਰਸਾ ਤੇ ਡਬਵਾਲੀ ਤਹਿਸੀਲਾਂ ਨੂੰ ਇਕ ਤਹਿਸੀਲ ਬਣਾ ਕੇ ਹਿਸਾਰ ਵਿਚ ਅਤੇ ਫ਼ਾਜ਼ਿਲਕਾ ਨੂੰ ਫ਼ੀਰੋਜ਼ਪੁਰ ਵਿਚ ਸ਼ਾਮਿਲ ਕਰ ਕੇ ਇਹ ਜ਼ਿਲ੍ਹਾ ਤੋੜ ਦਿੱਤਾ ਗਿਆ ਸੀ। ਪਹਿਲੀ ਨਵੰਬਰ 1966 ਨੂੰ ਹਰਿਆਣਾ ਸੂਬਾ ਬਣਨ ਮਗਰੋਂ ਵੀ ਇਹ ਹਿਸਾਰ ਜ਼ਿਲ੍ਹੇ ਦਾ ਹਿੱਸਾ ਰਿਹਾ ਸੀ। ਪਹਿਲੀ ਸਤੰਬਰ 1975 ਦੇ ਦਿਨ ਇਸ ਨੂੰ ਫਿਰ ਇਕ ਜ਼ਿਲ੍ਹਾ ਬਣਾ ਦਿੱਤਾ ਗਿਆ ਸੀ। ਸਰਸਾ ਨਗਰ ਦੀ ਅਬਾਦੀ (2017 ਵਿਚ) ਤਕਰੀਬਨ 1 ਲੱਖ 85 ਹਜ਼ਾਰ ਹੈ। ਇਸ ਵਿਚੋਂ 89% ਹਿੰਦੂ ਤੇ ਦਲਿਤ, 9% ਸਿੱਖ ਹਨ ਤੇ 2% ਬਾਕੀ ਧਰਮਾਂ ਦੇ ਲੋਕ ਹਨ। ਇੱਥੋਂ ਦੀਆਂ ਮੁਖ ਜ਼ਬਾਨਾਂ ਬਾਗੜੀ, ਹਰਿਆਣਵੀ, ਪੰਜਾਬੀ ਤੇ ਹਿੰਦੀ ਹਨ।

ਸਰਸਾ ਨਗਰ ਦਾ ਸਿੱਖ ਤਵਾਰੀਖ਼ ਨਾਲ ਸਬੰਧ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੈ। ਉਹ ਇੱਥੇ ਫ਼ਰਵਰੀ 1508 ਦੇ ਅੱਧ ਵਿਚ ਭਟਨੇਰ, ਹੁਣ ਹਨੂਮਾਨਗੜ੍ਹ, ਤੋਂ ਆਏ ਸਨ।ਇੱਥੇ ਦੋ ਮੁਸਲਮਾਨ ਫਕੀਰਾਂ ਪੀਰ ਬਹਾਵਲ ਅਤੇ ਪੀਰ ਅਬਦੁਲ ਸ਼ਕੂਰ ਦਾ ਬੜਾ ਅਸਰ ਸੀ; ਆਪ ਨੇ ਦੋਹਾਂ ਨਾਲ ਧਾਰਮਿਕ ਚਰਚਾ ਕਰ ਕੇ ਅਸਲ ਧਰਮ ਦਾ ਪ੍ਰਚਾਰ ਕੀਤਾ ਸੀ। ਇੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ। ਇਸ ਗੁਰਦੁਆਰੇ ’ਤੇ ਜਾਦੂ-ਕਹਾਣੀਆਂ/ ਕਰਾਮਾਤਾਂ ਦਾ ਇਕ ਬੋਰਡ ਲੱਗਾ ਹੋਇਆ ਹੈ ਜਿਸ ਵਿਚ ਗੁਰੂ ਜੀ ਵੱਲੋਂ ਮੁਰਦਿਆਂ ਨੂੰ ਜਿਊਂਦਾ ਕਰਨ ਦੀ ਕਹਾਣੀ ਅਤੇ ਕਰਾਮਾਤ ਵਾਲੀਆਂ ਗੱਪਾਂ ਦਾ ਜ਼ਿਕਰ ਕੀਤਾ ਹੋਇਆ ਹੈ। ਗੁਰੂ ਸਾਹਿਬ ਤਾਂ ਸਗੋਂ ਅਜਿਹੀ ਅਖੌਤੀ ਕਰਾਮਾਤ ਨੂੰ ਰੱਦ ਕਰਦੇ ਹਨ। ਇਹ ਗੁਰਦੁਆਰਾ ਇਕ ਨਿਰਮਲਾ-ਉਦਾਸੀ ਗਰੁੱਪ ਕੋਲ ਹੋਣ ਕਰ ਕੇ ਇੱਥੇ ਪੰਥਕ ਮਰਿਆਦਾ ਨਹੀਂ ਚਲਦੀ। (ਹੋਰ ਤਾਂ ਹੋਰ ਇਸ ਗੁਰਦੁਆਰੇ ਵਿਚ ਦਲਿਤਾਂ ਨਾਲ ਵਿਤਕਰਾ ਵੀ ਕੀਤਾ ਜਾਂਦਾ ਹੈ। ਗੁਰੂ ਸਾਹਿਬ ਪਹਿਲੀ ਉਦਾਸੀ ਤੋਂ ਪੰਜਾਬ ਵਾਪਸੀ ਸਮੇਂ, 1512 ਵਿਚ ਵੀ ਇੱਥੇ ਰੁਕੇ ਸਨ। ਉਹ ਪੁਸ਼ਕਰ ਤੋਂ ਚਲ ਕੇ ਗੁਰੂ ਜੀ ਸਰਸਾ ਹੁੰਦੇ ਹੋਏ, ਤਖ਼ਤੂਪੁਰਾ ਗਏ ਸਨ। ਗੁਰੂ ਨਾਨਕ ਸਾਹਿਬ ਇੱਥੇ ਤੀਜੀ ਵਾਰ 1530 ਤੋਂ ਮਗਰੋਂ ਫਿਰ ਆਏ ਸਨ। ਇਸ ਵਾਰ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਬੀਕਾਨੇਰ ਗਏ ਸਨ। ਆਪ ਕਰਤਾਰਪੁਰ ਤੋਂ ਸੁਲਤਾਨਪੁਰ ਹੁੰਦੇ ਹੋਏ “ਮੱਤੇ-ਦੀ-ਸਰਾਂ” ਹੁੰਦੇ ਹੋਏ ਸਰਸਾ ਕਸਬੇ ਵਿਚ ਆਏ ਸਨ। ਸਰਸਾ ਤੋਂ ਆਪ ਬੀਕਾਨੇਰ ਗਏ ਸਨ।

ਗੁਰੂ ਗੋਬਿੰਦ ਸਿੰਘ ਜੀ ਵੀ ਸਰਸਾ ਨਗਰ ਵਿਚ ਆਏ ਸਨ। ਦਸੰਬਰ 1705 ਵਿਚ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ, ਗੁਰੂ ਸਾਹਿਬ ਦਾ ਔਰੰਗਜ਼ੇਬ ਨੂੰ ਲਿਖਿਆ ਖ਼ਤ ਲੈ ਕੇ ਗਏ ਸਨ, ਪਰ, ਅਕਤੂਬਰ 1706 ਤਕ ਉਨ੍ਹਾਂ ਦੀ ਕੋਈ ਖ਼ਬਰ ਨਾ ਮਲ ਸਕੀ ਤਾਂ ਉਹ ਖ਼ੁਦ ਇਨ੍ਹਾਂ ਦੋਹਾਂ ਸਿੰਘਾਂ ਦੀ ਭਾਲ ਵਿਚ 30 ਅਕਤੂਬਰ 1706 ਦੇ ਦਿਨ ਤਲਵੰਡੀ ਸਾਬੋ ਤੋਂ ਦੱਖਣ ਵਲ ਚਲ ਪਏ। ਗੁਰੂ ਜੀ ਨੇ ਪਹਿਲਾ ਪੜਾਅ ਸਰਸਾ ਵਿਚ ਕੀਤਾ ਸੀ ਤੇ ਇਕ ਰਾਤ ਇੱਥੇ ਰੁਕਣ ਮਗਰੋਂ ਉਹ ਨੌਹਰ ਵਲ ਚਲ ਪਏ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਵੀ ਇੱਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ.

ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਅਰਾ

ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਵਿਚ ਗੁਰਦੁਆਰਾ

(ਡਾ. ਹਰਜਿੰਦਰ ਸਿੰਘ ਦਿਲਗੀਰ)

Sarsa Nadi (rivulet)

ਸਰਸਾ ਨਦੀ

ਇਹ ਇਕ ਛੋਟੀ ਜਿਹੀ ਨਦੀ ਹੈ ਜੋ ਕਸੌਲੀ (ਹਿਮਾਂਚਲ) ਦੇ ਕੁਝ ਹੇਠਾਂ ਤੋਂ ਪਹਾੜਾਂ ਵਿਚੋਂ ਨਿਕਲਦੀ ਹੈ ਤੇ ਉਥੋਂ ਤਿੰਨ ਕਿਲੋਮੀਟਰ ਦੂਰ ਬਸਾਵਲ ਪਿੰਡ ਤੋਂ ਉਤਰ ਪੱਛਮ ਵਲ ਮੁੜ ਜਾਂਦੀ ਹੈ ਇਸ ਵਿਚ ਕਈ ਹੋਰ ਚੋਅ ਅਤੇ ਨਾਲੇ ਵੀ ਡਿਗਦੇ ਹਨ। ਧਾਰ ਕੋਲੀਆਂ, ਭਟੌਲੀ ਕਲਾਂ, ਧਕੜੂ ਮਾਜਰਾ, ਹਰੀਪੁਰ, ਬੱਦੀ, ਚੱਕਜੰਗੀ, ਕੈਂਦੁਵਾਲਾ, ਮਲਕੂ ਮਾਜਰਾ, ਹਰਰਾਇਪੁਰ, ਨਾਨੋਵਾਲ, ਖੇੜੀ, ਮੰਡਿਆਰਪੁਰ, ਪਾਲਸੀ ਕਲਾਂ, ਦਿਵਾੜੀ, ਕੀਰਤਪੁਰ-ਰੋਪੜ ਰੋਡ, ਮਾਜਰੀ, ਕੋਟਬਾਲਾ ਵਿਚੋਂ ਲੰਘਦੀ ਹੋਈ, ਤਕਰੀਬਨ 38 ਕਿਲੋਮੀਟਰ ਵਗਣ ਮਗਰੋਂ, ਅਖ਼ੀਰ ਇਹ ਤਰਫ਼ ਪਿੰਡ ਦੇ ਨੇੜੇ ਸਤਲੁਜ ਦਰਿਆ ਵਿਚ ਜਾ ਡਿਗਦੀ ਹੈ।

ਸਿੱਖ ਤਵਾਰੀਖ਼ ਵਿਚ ਸਰਸਾ ਨਦੀ ਦਾ ਖ਼ਾਸ ਜ਼ਿਕਰ ਆਉਂਦਾ ਹੈ। 5 ਤੇ 6 ਦਸੰਬਰ 1705 ਦੀ ਅੱਧੀ ਰਾਤ ਨੂੰ ਅਨੰਦਪੁਰ ਛੱਡਣ ਮਗਰੋਂ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਪਰਵਾਰ ਅਤੇ ਤਕਰੀਬਨ 400 ਸਿੱਖਾਂ ਨੇ ਇਸ ਨਦੀ ਨੂੰ ਪਾਰ ਕੀਤਾ ਸੀ। ਮਗਰੋਂ ਅਣਜਾਣ ਲਿਖਾਰੀਆਂ ਨੇ ਇਹ ਕਹਾਣੀ ਬਣਾ ਦਿੱਤੀ ਕਿ ਇਸ ਨਦੀ ਵਿਚ ਉਦੋਂ ਹੜ੍ਹ ਆਇਆ ਹੋਇਆ ਸੀ ਅਤੇ ਇਸ ਨੂੰ ਪਾਰ ਕਰਨ ਲੱਗਿਆਂ ਗੁਰੂ ਜੀ ਤੇ ਉਨ੍ਹਾਂ ਦਾ ਪਰਵਾਰ ਵਿਛੜ ਗਿਆ ਅਤੇ ਬਹੁਤ ਸਾਰਾ ਜੰਗ ਦਾ ਸਮਾਨ ਵੀ ਰੁੜ੍ਹ ਗਿਆ। ਕਈਆਂ ਨੇ ਤਾਂ ਇਹ ਗੱਪ ਵੀ ਘੜ ਲਈ ਕਿ ਗੁਰੂ ਜੀ ਦੇ ਕਈ ਮਣ ਭਾਰ ਦੇ ਗ੍ਰੰਥ ਵੀ ਇਸ ਵਿਚ ਰੁੜ੍ਹ ਗਏ। ਇਹ ਕਹਾਣੀ ਬਣਾਉਣ ਵਾਲੇ ਨੇ ਇਹ ਵੀ ਨਹੀਂ ਸੋਚਿਆ ਕਿ ਸਰਦੀਆਂ ਦੇ ਉਸ ਮਹੀਨੇ ਦਰਿਆ ਵਿਚ ਸਗੋਂ ਬਹੁਤ ਹੀ ਘਟ ਪਾਣੀ ਹੁੰਦਾ ਹੈ। ਹਕੀਕਤ ਇਹ ਹੈ ਕਿ ਗੁਰੂ ਜੀ ਤੇ ਸਿੱਖਾਂ ਕੋਲ ਕੋਈ ਸਾਮਾਨ ਨਹੀਂ ਸੀ ਅਤੇ ਇੱਥੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਸਿੱਧਾ ਚਮਕੌਰ ਜਾਣਾ ਸੀ ਅਤੇ ਗੁਰੂ ਜੀ ਨੇ ਕੋਟਲਾ ਨਿਹੰਗ ਵਿਚ ਨਿਹੰਗ ਖ਼ਾਨ ਨੂੰ ਮਿਲਣ ਮਗਰੋਂ ਚਮਕੌਰ ਜਾਣਾ ਸੀ.

ਗੁਰਦੁਆਰਾ ਪਰਵਾਰ ਵਿਛੋੜਾ

(ਡਾ. ਹਰਜਿੰਦਰ ਸਿੰਘ ਦਿਲਗੀਰ)

Sarhind Fatehgarh

ਸਰਹੰਦ/ ਸਰਹਿੰਦ/ ਸਰੰਦ/ ਸੀਰੰਦ

ਚੰਡੀਗੜ੍ਹ ਤੋਂ 43, ਅੰਬਾਲਾ ਤੋਂ 62, ਲੁਧਿਆਣਾ ਤੋਂ 148 ਤੇ ਦਿੱਲੀ ਤੋਂ 271 ਕਿਲੋਮੀਟਰ ਦੂਰ, ਸਰਹੰਦ ਇਕ ਪ੍ਰਾਚੀਨ ਨਗਰ ਹੈ। ਇਸ ਦਾ ਜ਼ਿਕਰ ਵਰਾਹਮਿਹਰ (505-587) ਦੀ ਕਿਤਾਬ ‘ਬ੍ਰਹਿਤ ਸਹਿਤਾ’ ਵਿਚ ਮਿਲਦਾ ਹੈ, ਕਿ ਇਸ ਨਗਰ ’ਤੇ ਸੈਰਿੰਦੀ ਕੌਮ ਦੀ ਹਕੂਮਤ ਸੀ। ਇਕ ਹੋਰ ਰਿਵਾਇਤ ਮੁਤਾਬਿਕ ਇਸ ਨਗਰ ਦੀ ਨੀਂਹ 474 ਵਿਚ ਲਾਹੌਰ ਦੇ ਹਾਕਮ ਸਾਹਰੰਦ ਰਾਓ ਦੇ ਪੁੱਤਰ ਲੋਮਨ ਰਾਓ ਨੇ ਰੱਖੀ ਸੀ। (ਚੀਨੀ ਯਾਤਰੀ ਹਿਊਨ ਸਾਂਗ (ਜੋ ਸਤਵੀਂ ਸਦੀ ਵਿਚ ਇਧਰ ਆਇਆ ਸੀ) ਨੇ ਇਸ ਨੂੰ ਸਤਲੁਜ ਦੇ ਦੁਆਲੇ ਦੇ ਇਲਾਕੇ ਦੀ ਰਿਆਸਤ ਦੀ ਰਾਜਧਾਨੀ ਲਿਖਿਆ ਸੀ। ਉਸ ਮੁਤਾਬਿਕ ਇਸ ਰਿਆਸਤ ਦਾ ਰਕਬਾ 533 ਵਰਗ ਕਿਲੋਮੀਟਰ ਸੀ। ਮਗਰੋਂ ਇਹ ਤ੍ਰਿਗਰਤ ਸੂਬੇ ਦਾ ਹਿੱਸਾ ਬਣ ਗਿਆ ਸੀ, ਜਿਸ ਦੀ ਰਾਜਧਾਨੀ ਜਲੰਧਰ ਸੀ।

ਮੁਸਲਮਾਨ ਹਮਲਾਵਰਾਂ ਗ਼ੌਰੀਆਂ ਵੇਲੇ, 12ਵੀਂ ਸਦੀ ਵਿਚ, ਇਸ ’ਤੇ ਪ੍ਰਿਥਵੀ ਰਾਜ ਚੌਹਾਨ (1168-1192) ਦਾ ਕਬਜ਼ਾ ਸੀ। ਫ਼ੀਰੋਜ਼ਸ਼ਾਹ ਤੁਗ਼ਲਕ ਵੇਲੇ ਇਸ ਇਲਾਕੇ ਦੀ ਰਾਜਧਾਨੀ ਸਮਾਣਾ ਸੀ ਤੇ ਇਹ ਨਗਰ ਸਮਾਣਾ ਦੇ ਹੇਠ ਸੀ।1360 ਵਿਚ ਫ਼ਿਰੋਜ਼ਸ਼ਾਹ ਤੁਗਲਕ ਨੇ ਸਮਾਣਾ ਦੀ ਥਾਂ ਸਰਹੰਦ ਨੂੰ ਰਾਜਧਾਨੀ ਬਣਾ ਦਿਤਾ ਤੇ ਸਮਾਣਾ ਨਗਰ ਦੀ ਅਹਮੀਅਤ ਘਟ ਗਈ। ਉਸ ਨੇ ਇੱਥੋਂ ਦੇ ਕਿਲ੍ਹੇ ਨੂੰ ਮਜ਼ਬੂਤ ਕੀਤਾ। ਉਸ ਨੇ ਰੋਪੜ ਤੋਂ ਸਤਲੁਜ ਦਰਿਆ ਵਿਚੋਂ ਇਕ ਨਹਿਰ ਕਢਵਾ ਕੇ ਇਸ ਇਲਾਕੇ ਵਾਸਤੇ ਪਾਣੀ ਦਾ ਇੰਤਜ਼ਾਮ ਵੀ ਕੀਤਾ। ਉਸ ਵੇਲੇ ਸਰਹੰਦ ਨਗਰ ਦਾ ਰਕਬਾ ਤਕਰੀਬਨ 10 ਵਰਗ ਕਿਲੋਮੀਟਰ ਸੀ। ਉਦੋਂ ਇਸ ਦਾ ਨਾਂ ਸਹਿਰੰਦ ਤੇ ਸੀਹਰੰਦ ਚਲਦਾ ਸੀ; ਹੌਲੀ ਹੌਲੀ ਵਿਗੜ ਕੇ ਇਸ ਨੂੰ ਸੀਰੰਦ ਤੇ ਫਿਰ ਸਰਹੰਦ ਕਿਹਾ ਜਾਣ ਲਗ ਪਿਆ। ਮਗਰੋਂ ਇਸ ਨਾਂ ਨਾਂ ਸਰਹਿੰਦ ਚਲ ਪਿਆ ਜਿਸ ਨਾਲ ਇਹ ਭੁਲੇਖਾ ਲੱਗਣ ਲਗ ਪਿਆ ਕਿ ਇਹ ਹਿੰਦ (ਮੁਲਕ) ਦੀ ਸਰਹੱਦ ਸੀ। ਸਰਹੰਦ ਇਕ ਬੜਾ ਵੱਡਾ ਸੂਬਾ ਸੀ। ਇਸ ਦੇ 28 ਪਰਗਨੇ ਸਨ ਤੇ ਇਸ ਦੀ ਆਮਦਨ 52 ਲੱਖ ਰੁਪੈ ਸਾਲਾਨਾ ਸੀ। ਇਸ ਕਰ ਕੇ ਇਸ ਨੂੰ ‘ਬਾਵਨੀ ਸਰਹੰਦ ‘ ਵੀ ਆਖਦੇ ਸਨ। ਦਰਿਆ ਯਮਨਾ ਤੇ ਸਤਲੁਜ ਵਿਚਕਾਰਲਾ ਇਲਾਕਾ ਸਰਹੰਦ ਦੇ ਫ਼ੌਜਦਾਰ ਦੀ ਹਕੂਮਤ ਹੇਠ ਸੀ। ਤੁਗ਼ਲਕਾਂ ਤੋਂ ਮਗਰੋਂ ਮੁਗ਼ਲ ਬਾਦਸ਼ਾਹਾਂ ਨੇ ਇਸ ਨਗਰ ਦੀ ਸਾਰ ਲਈ। ਕਿਉਂ ਕਿ ਇਹ ਨਗਰ ਉਦੋਂ ਲਾਹੌਰ-ਦਿੱਲੀ ਸ਼ਹਰਾਹ (ਜੀ.ਟੀ. ਰੋਡ) ’ਤੇ ਪੈਂਦਾ ਸੀ, ਇਸ ਕਰ ਕੇ ਸ਼ਾਹੀ ਫ਼ੌਜਾਂ ਇਧਰੋਂ ਲੰਘਦੀਆਂ ਹੁੰਦੀਆਂ ਸਨ। ਮੁਗ਼ਲ ਬਾਦਸ਼ਾਹਾਂ ਜਹਾਂਗੀਰ, ਸ਼ਾਹਜਹਾਨ ਤੇ ਔਰੰਗਜ਼ੇਬ ਨੇ ਇਸ ਦਾ ਬਹੁਤ ਖ਼ਿਆਲ ਕੀਤਾ; ਖ਼ਾਸ ਕਰ ਕੇ ਸ਼ਾਹਜਹਾਨ ਦੋ ਤਿੰਨ ਵਾਰ ਇੱਥੇ ਕਈ-ਕਈ ਦਿਨ ਠਹਿਰਿਆ ਸੀ, ਇਸ ਕਰ ਕੇ ਉਸ ਨੇ ਆਮ ਖ਼ਾਸ ਬਾਗ਼ ਦੀ ਬਹੁਤ ਸੰਭਾਲ ਕਰਵਾਈ ਸੀ। ਮਈ 1710 ਵਿਚ ਬੰਦਾ ਸਿੰਘ ਬਹਾਦਰ ਨੇ ਹਮਲਾ ਕਰ ਕੇ ਇਸ ਨੂੰ ਜਿੱਤ ਲਿਆ ਸੀ। ਇਸ ਮਗਰੋਂ 1764 ਤਕ ਇਹ ਨਗਰ ਮੁਸਮਾਨ ਹਾਕਮਾਂ ਅਤੇ ਸਿੱਖਾਂ ਵਿਚਕਾਰ ਜੰਗ ਦਾ ਖੇਤਰ ਬਣਿਆ ਇਹਾ। ਇਸ ਕਰ ਕੇ ਇੱਥੋਂ ਦੀ ਬਹੁਤ ਤਬਾਹੀ ਹੋਈ ਸੀ ਤੇ ਇਹ ਨਗਰ ਇਕ ਕਿਸਮ ਦਾ ਉਜਾੜ ਬਣ ਕੇ ਰਹਿ ਗਿਆ ਸੀ। 1764 ਤੋਂ 1850 ਤਕ ਇਹ ਨਗਰ ਉਜੜਿਆ ਹੀ ਰਿਹਾ। ਪਟਿਆਲੇ ਦੇ ਰਾਜੇ ਕਰਮ ਸਿੰਘ ਵੇਲੇ ਇਹ ਕੁਝ ਵੱਸਣਾ ਸ਼ੁਰੂ ਹੋਇਆ ਸੀ। ਉਸ ਨੇ ਸਰਹੰਦ ਦਾ ਨਾਂ ਵੀ ਫ਼ਤਹਿਗੜ੍ਹ ਰੱਖ ਦਿੱਤਾ, ਪਰ ਫਿਰ ਵੀ ਪੁਰਾਣਾ ਨਾਂ ਹੀ ਚਲਦਾ ਰਿਹਾ। ਮਗਰੋਂ ਨਵਾਂ ਸਰਹੰਦ ਵੱਸ ਗਿਆ ਤੇ ਇਸ ਦਾ ਨਾਂ ਗੁਰਦੁਆਰੇ ਦੇ ਨਾਂ ਕਰ ਕੇ ਫਿਰ ਫ਼ਤਹਿਗੜ੍ਹ ਸਹਿਬ ਜਾਣਿਆ ਜਾਣ ਲਗ ਪਿਆ ਗਿਆ ਤੇ 13 ਅਪ੍ਰੈਲ 1992 ਦੇ ਦਿਨ ਇਹ ਜ਼ਿਲ੍ਹਾ ਵੀ ਬਣ ਗਿਆ।ਮੌਜੂਦਾ ਫ਼ਤਹਿਗੜ੍ਹ ਸਾਹਿਬ ਪੁਰਾਣਾ ਸਰਹੰਦ ਹੈ ਅਤੇ ਹੁਣ ਵਾਲਾ ਸਰਹੰਦ (5 ਕਿਲੋਮੀਟਰ ਦੂਰ) ਮਗਰੋਂ ਵੀਹਵੀਂ ਸਦੀ ਵਿਚ ਵਸਣਾ ਸ਼ੁਰੂ ਹੋਇਆ ਸੀ.

ਸਰਹੰਦ ਦਾ ਸਿੱਖ ਤਵਰੀਖ਼ ਨਾਲ ਸਬੰਧ: ਸਰਹੰਦ ਦਾ ਸਿੱਖਾਂ ਨਾਲ ਪਹਿਲਾ ਵਾਸਤਾ 1675 ਵਿਚ ਪਿਆ ਸੀ। 12 ਜੁਲਾਈ 1675 ਦੇ ਦਿਨ ਜਦ ਔਰੰਗਜ਼ੇਬ ਦੇ ਹੁਕਮਾਂ ਹੇਠ, ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਦਿੱਲੀ ਲਿਜਾਣ ਤੋਂ ਪਹਿਲਾਂ ਇੱਥੋਂ ਦੇ ਫ਼ੌਜਦਾਰ ਕੋਲ ਪੇਸ਼ ਕੀਤਾ ਗਿਆ ਸੀ। ਉਸ ਨੇ ਗੁਰੂ ਜੀ ਨੂੰ ਬੱਸੀ ਪਠਾਣਾਂ ਦੇ ਕਿਲ੍ਹੇ ਵਿਚ ਬੰਦ ਕਰ ਕੇ ਔਰੰਗਜ਼ੇਬ ਨੂੰ ਇਤਲਾਹ ਕਰ ਦਿੱਤੀ ਸੀ। ਸੰਨ 1700 ਵਿਚ ਇੱਥੋਂ ਦਾ ਫ਼ੌਜਦਾਰ ਵਜ਼ੀਰ ਖ਼ਾਨ ਸੀ। ਉਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਚ ਸਨ। ਉਨ੍ਹੀਂ ਦਿਨੀਂ ਪਹਾੜੀ ਰਿਆਸਤਾਂ (ਖ਼ਾਸ ਕਰ ਕੇ ਬਿਲਾਸਪੁਰ ਤੇ ਹੰਡੂਰ) ਸਿੱਖਾਂ ਨਾਲ ਖਾਰ ਖਾਣ ਲਗ ਪਈਆਂ ਸਨ। ਉਨ੍ਹਾਂ ਨੇ ਸਿੱਖਾਂ ਤੇ ਕਈ ਵਾਰ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਵਿਚ ਵਜ਼ੀਰ ਖ਼ਾਨ ਨੇ ਪੂਰਾ ਸਾਥ ਦਿੱਤਾ ਸੀ। ਇਸ ਹਾਲਤ ਵਿਚ 5 ਤੇ 6 ਦਸੰਬਰ 1705 ਦੀ ਰਾਤ ਨੂੰ ਗੁਰੂ ਜੀ ਨੇ ਅਨੰਦਪੁਰ ਸਾਹਿਬ ਨਗਰ ਛੱਡ ਦਿੱਤਾ। ਉਨ੍ਹਾਂ ਨੇ ਦੋ ਨਿੱਕੇ ਬੇਟੇ (9 ਤੇ 7 ਸਾਲ ਉਮਰ ਦੇ) ਤੇ (83 ਸਾਲ ਦੇ) ਮਾਤਾ ਗੁਜਰੀ ਜੀ 6 ਦਸੰਬਰ ਦੇ ਦਿਨ ਚਮਕੌਰ ਭੇਜ ਦਿੱਤਾ। 7 ਦਸੰਬਰ ਨੂੰ ਉਨ੍ਹਾਂ ਨੂੰ ਇੱਥੋਂ ਧੁੰਮਾ ਤੇ ਦਰਬਾਰੀ ਨਾਂ ਦੇ ਮਸੰਦ ਆਪਣੇ ਘਰ ਪਿੰਡ ਸਹੇੜੀ ਲੈ ਗਏ। ਅਗਲੇ ਦਿਨ ਉਨ੍ਹਾ ਨੇ ਇਨ੍ਹਾਂ ਦਾ ਮਾਲ ਮੱਤਾ ਚੋਰੀ ਕਰ ਲਿਆ ਅਤੇ ਮੋਰਿੰਡਾ ਥਾਣੇ ਖ਼ਬਰ ਦੇ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੋਰਿੰਡਾ ਤੋਂ ਉਨ੍ਹਾਂ ਨੂੰ ਸਰਹੰਦ ਲਿਜਾ ਕੇ ਵਜ਼ੀਰ ਖ਼ਾਨ ਕੋਲ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਮੁਸਲਮਾਨ ਬਣ ਜਾਣ ਜਾਂ ਮਰਨ ਵਾਸਤੇ ਤਿਆਰ ਰਹਿਣ ਵਾਸਤੇ ਕਿਹਾ। ਜਦ ਬੱਚਿਆਂ ਨੇ ਮੁਸਲਮਾਨ ਬਣਨਾ ਕਬੂਲ ਨਾ ਕੀਤਾ ਤਾਂ ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਪਹਿਲਾਂ ਨੀਹਾਂ ਵਿਚ ਚਿਣਵਾਇਆ ਤੇ ਦੀਵਾਰ ਡਿੱਗ ਪੈਣ ’ਤੇ ਕਤਲ ਕਰਵਾ ਦਿੱਤਾ। ਇਸ ਦੇ ਨਾਲ ਹੀ ਮਾਤਾ ਜੀ ਨੂੰ ਬੁਰਜ ਤੋਂ ਧੱਕਾ ਦੇ ਕੇ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ।

1707 ਵਿਚ ਔਰੰਗਜ਼ੇਬ ਦੀ ਮੌਤ ਹੋ ਗਈ। ਇਸ ਹਾਲਤ ਵਿਚ ਗੁਰੂ ਜੀ ਤੇ ਨਵੇਂ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦਾ ਆਪਣੇ ਵਿਚ ਮੇਲ ਹੋਇਆ। ਉਸ ਨੇ ਵਜ਼ੀਰ ਖ਼ਾਨ ਦੇ ਜ਼ੁਲਮਾਂ ਦੀ ਦਾਸਤਾਂ ਸੁਣ ਕੇ ਗੁਰੂ ਜੀ ਨਾਲ ਵਾਅਦਾ ਕੀਤਾ ਕਿ ਉਹ ਉਸ ਨੂੰ ਸਜ਼ਾ ਦੇਣਗੇ। ਪਰ ਇਸ ਦੌਰਾਨ ਬਾਦਸ਼ਾਹ ਨੂੰ ਦਖਣ ਦੀ ਮੁਹਿੰਮ ’ਤੇ ਜਾਣਾ ਪਿਆ। ਉਸ ਨੇ ਗੁਰੂ ਜੀ ਨੂੰ ਵੀ ਨਾਲ ਲੈ ਲਿਆ। ਉਧਰ ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੀ ਨੇੜਤਾ ਦਾ ਸਰਹੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨੂੰ ਵੀ ਪਤਾ ਲਗ ਗਿਆ ਸੀ। ਉਸ ਨੇ ਚੋਖੀ ਰਕਮ (10 ਲੱਖ ਟਕਾ) ਦੇ ਕੇ ਆਪਣੇ ਨੁਮਾਇੰਦੇ ਤੇ ਸੂਹੀਏ (ਪਠਾਣ ਸਿਪਾਹੀ) ਦੱਖਣ ਵਲ ਤੋਰ ਦਿਤੇ ਸਨ। ਇਨ੍ਹਾਂ ਦਾ ਮੇਲ ਬਾਦਸ਼ਾਹ ਨਾਲ ਬੁਰਹਾਨਪੁਰ ਵਿਚ ਜਾਂ ਇਸ ਤੋਂ ਕੁਝ ਚਿਰ ਮਗਰੋਂ ਹੀ ਹੋਇਆ ਹੋਵੇਗਾ ਕਿਉਂ ਕਿ ਨਰਮਦਾ ਦਰਿਆ ਵਿਚ ਹੜ੍ਹ ਆਏ ਹੋਣ ਕਾਰਨ, ਬਹਾਦਰ ਸ਼ਾਹ ਮਈ 1708 ਦੇ ਪਹਿਲੇ ਦੋ ਹਫ਼ਤੇ ਬੁਰਹਾਨਪੁਰ ਰੁਕਿਆ ਰਿਹਾ ਸੀ। ਵਜ਼ੀਰ ਖ਼ਾਨ ਦੇ ਏਲਚੀਆਂ ਤੋਂ ਮਿਲੀ ਰਕਮ ਕਾਰਨ ਹੁਣ ਬਹਾਦਰ ਸ਼ਾਹ ਦੀ ਨੀਅਤ ਬਦਲ ਗਈ; ਅਤੇ, ਇਸ ਤੋਂ ਬਾਅਦ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ। ਦਰਅਸਲ ਹੁਣ ਉਹ ਵਜ਼ੀਰ ਖ਼ਾਨ ਦੀ ਭੇਜੀ ਰਕਮ ਕਾਰਨ ਉਸ ਦੇ ਖ਼ਿਲਾਫ਼ ਐਕਸ਼ਨ ਨਹੀਂ ਸੀ ਲੈਣਾ ਚਾਹੁੰਦਾ।ਗੁਰੂ ਸਾਹਿਬ ਤੇ ਬਹਾਦਰ ਸ਼ਾਹ 16-17 ਮਈ 1708 ਨੂੰ ਬੁਰਹਾਨਪੁਰ ਤੋਂ ਚੱਲੇ ਸਨ ਤੇ ਉਨ੍ਹਾਂ ਦੋਹਾਂ ਵਿਚਕਾਰ ਆਖ਼ਰੀ ਮੁਲਾਕਾਤ ਤਾਪਤੀ ਦਰਿਆ ਪਾਰ ਕਰਨ (25 ਜੂਨ 1708) ਤੋਂ ਕੁਝ ਦਿਨ ਮਗਰੋਂ ਬਾਲਾਪੁਰ ਵਿਚ, ਅਗਸਤ 1708 ਵਿਚ, ਹੋਈ ਸੀ। ਇਸ ਮੁਲਾਕਾਤ ਵਿਚ ਗੁਰੂ ਸਾਹਿਬ ਨੇ ਜਾਣ ਲਿਆ ਕਿ ਬਹਾਦਰ ਸ਼ਾਹ ਆਪਣੇ ਕੌਲਾਂ ਤੋਂ ਮੁਕਰ ਗਿਆ ਹੈ। ਇਸ ਕਰ ਕੇ ਗੁਰੂ ਸਾਹਿਬ ਨੇ ਬਾਦਸ਼ਾਹ ਦਾ ਸਾਥ ਛੱਡ ਦਿਤਾ। ਬਹਾਦਰ ਸ਼ਾਹ 24 ਅਗਸਤ 1708 ਨੂੰ ਦਰਿਆ ਬਾਣ ਗੰਗਾ (ਗੋਦਾਵਰੀ ਦੀ ਸਹਾਇਕ ਨਦੀ) ਪਾਰ ਕਰ ਕੇ ਅੱਗੇ ਨਿਕਲ ਗਿਆ ਅਤੇ ਗੁਰੂ ਸਾਹਿਬ ਨੰਦੇੜ ਵਿਚ ਰੁਕ ਗਏ। ਗੁਰੂ ਸਾਹਿਬ ਨੇ ਫ਼ੈਸਲਾ ਕੀਤਾ ਕਿ ਬਾਦਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ਼ ਕਾਇਮ ਕੀਤਾ ਜਾਵੇ। ਗੁਰੂ ਜੀ ਨੂੰ ਪਤਾ ਸੀ ਕਿ ਮਾਧੋ ਦਾਸ ਬੈਰਾਗੀ ਨੇ ਨੰਦੇੜ ਵਿਚ ਡੇਰਾ ਬਣਾਇਆ ਹੋਇਆ ਹੈ। ਉਨ੍ਹਾਂ ਨੇ ਉਸ ਦਾ ਪਤਾ ਕਰ ਲਿਆ ਤੇ ਉਨ੍ਹਾਂ ਦਾ ਮੇਲ ਮਾਧੋ ਦਾਸ ਬੈਰਾਗੀ (ਮਗਰੋਂ ਬਾਬਾ ਬੰਦਾ ਸਿੰਘ ਬਹਾਦਰ) ਨਾਲ ਹੋ ਗਿਆ। ਪੰਜਾਬ ਦੀ ਹਾਲਤ ਸੁਣ ਕੇ ਅਤੇ ਮੁਗ਼ਲ ਹਾਕਮਾਂ ਦੀਆਂ ਕਰਤੂਤਾਂ ਜਾਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਦੁਸ਼ਟਾਂ ਨੂੰ ਸੋਧਣ ਦੀ ਇਜਾਜ਼ਤ ਮੰਗੀ।

ਗੁਰੂ ਜੀ ਨੇ ਬੰਦਾ ਸਿੰਘ ਨੂੰ 4 ਸਤੰਬਰ 1708 ਦੇ ਦਿਨ ਖੰਡੇ ਦੀ ਪਾਹੁਲ ਦਿੱਤੀ। ਗੁਰੂ ਸਾਹਿਬ ਨੇ ਪੂਰਾ ਇਕ ਮਹੀਨਾ ਬੰਦਾ ਸਿੰਘ ਨੂੰ ਪੂਰੀ ਸਿਖਲਾਈ ਦਿੱਤੀ। ਅਕਤੂਬਰ ਚੜ੍ਹਦਿਆਂ ਹੀ ਗੁਰੂ ਸਹਿਬ ਨੇ ਬੰਦਾ ਸਿੰਘ ਨੂੰ ਸਿੱਖਾਂ ਵਾਸਤੇ ਹੁਕਮਨਾਮੇ ਲਿਖ ਕੇ ਦੇ ਦਿੱਤੇ ਜਿਸ ਵਿਚ ਉਨ੍ਹਾਂ ਨੇ ਸਿੱਖਾਂ ਨੂੰ ਉਸ ਦਾ ਸਾਥ ਦੇਣ ਵਾਸਤੇ ਲਿਖਿਆ ਹੋਇਆ ਸੀ। ਗੁਰੂ ਸਾਹਿਬ ਬਾਬਾ ਬੰਦਾ ਸਿੰਘ ਨੂੰ ਭੇਜਣ ਸਮੇਂ ਇਹ ਵੀ ਕਿਹਾ ਸੀ ਕਿ ਉਹ ਆਪ ਵੀ ਛੇਤੀ ਪੰਜਾਬ ਪਰਤ ਆਉਣਗੇ। 5 ਅਕਤੂਬਰ 1708 ਦੇ ਦਿਨ ਬੰਦਾ ਸਿੰਘ ਪੰਜਾਬ ਵਾਸਤੇ ਚਲ ਪਿਆ। ਇਸੇ ਦਿਨ ਵਜ਼ੀਰ ਖ਼ਾਨ ਤੇ ਬਹਾਦਰ ਸ਼ਾਹ ਬਾਦਸ਼ਾਹ ਦੇ ਭੇਜੇ ਦੋ ਪਠਾਣਾਂ ਨੇ ਗੁਰੂ ਜੀ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਉਹ ਅਗਲੇ ਦਿਨ ਜੋਤੀ-ਜੋਤਿ ਸਮਾ ਗਏ। ਭਾਵੇ ਬੰਦਾ ਸਿੰਘ ਨੂੰ ਰਸਤੇ ਵਿਚ ਹੀ ਪਤਾ ਲਗ ਗਿਆ ਸੀ ਕਿ ਗੁਰੂ ਜੀ ਸ਼ਹੀਦ ਹੋ ਗਏ ਹਨ ਪਰ ਉਸ ਨੇ ਵਜ਼ੀਰ ਖ਼ਾਨ ਤੇ ਹੋਰ ਜ਼ਾਲਮਾਂ ਨੂੰ ਸਜ਼ਾ ਦੇਣ ਵਾਸਤੇ ਕਾਰਵਾਈ ਕਰਨ ਦਾ ਫ਼ੈਸਲਾ ਕਾਇਮ ਰੱਖਿਆ। ਉਸ ਨੇ ਪੰਜਾਬ ਆ ਕੇ ਫ਼ੌਜ ਇਕੱਠੀ ਕੀਤੀ ਅਤੇ ਸਰਹੰਦ ’ਤੇ ਹਮਲਾ ਕਰਨ ਤੋਂ ਪਹਿਲਾਂ ਇਸ ਦੇ ਆਲੇ-ਦੁਆਲੇ ਦੇ ਸਾਰੇ ਕਿਲ਼੍ਹਿਆਂ ’ਤੇ ਕਬਜ਼ਾ ਕਰਨ ਦੀ ਪਲਾਨ ਬਣਾਈ। ਉਸ ਨੇ ਸਭ ਤੋਂ ਪਹਿਲਾਂ, 26 ਨਵੰਬਰ 1709 ਦੇ ਦਿਨ, ਸਮਾਣਾ ’ਤੇ ਕਬਜ਼ਾ ਕਰ ਲਿਆ। ਇਸ ਮਗਰੋਂ ਘੁੜਾਮ, ਠਸਕਾ, ਥਾਨੇਸਰ, ਸ਼ਾਹਬਾਦ, ਮੁਸਤਫ਼ਾਬਾਦ, ਕੁੰਜਪੁਰਾ, ਕਪੂਰੀ, ਸਢੌਰਾ ਆਦਿ ’ਤੇ ਵੀ ਕਬਜ਼ਾ ਕਰ ਲਿਆ। ਹੁਣ ਸਰਹੰਦ ਤੇ ਦਿੱਲੀ ਵਿਚਕਾਰ ਇਕ ਪਾਸੇ ਅਤੇ ਸਰਹੰਦ ਤੋਂ ਸਤਲੁਜ ਤਕ ਦੁਜੇ ਪਾਸੇ, ਸਿੱਖ ਰਾਜ ਕਾਇਮ ਹੋ ਚੁਕਾ ਸੀ। ਹੁਣ ਬੰਦਾ ਸਿੰਘ ਦਾ ਅਗਲਾ ਅਤੇ ਵੱਡਾ ਐਕਸ਼ਨ ਸੀ ਸਰਹੰਦ ਦੇ ਜ਼ਾਲਮ ਹਾਕਮਾਂ ਵਜ਼ੀਰ ਖ਼ਾਨ ਅਤੇ ਸੁੱਚਾ ਨੰਦ ਨੂੰ ਉਨ੍ਹਾਂ ਦੇ ਜ਼ੁਲਮਾਂ ਦੀ ਸਜ਼ਾ ਦੇਣਾ। ਇਧਰ ਵਜ਼ੀਰ ਖ਼ਾਨ ਵੀ ਬੰਦਾ ਸਿੰਘ ਦੀਆਂ ਜਿੱਤਾਂ ਤੋਂ ਘਬਰਾ ਗਿਆ ਸੀ। ਉਸ ਨੂੰ ਬੰਦਾ ਸਿੰਘ ਵੱਲੋਂ ਕੁੰਜਪੁਰਾ ’ਤੇ ਕਬਜ਼ਾ ਕਰਨ ਦਾ ਗੁੱਸਾ ਵੀ ਸੀ। ਉਹ ਚਾਹੁੰਦਾ ਸੀ ਕਿ ਸਰਹੰਦ ’ਤੇ ਹਮਲਾ ਹੋਣ ਤੋਂ ਪਹਿਲਾਂ ਹੀ ਬੰਦਾ ਸਿੰਘ ’ਤੇ ਹਮਲਾ ਕਰ ਦੇਵੇ। ਬੰਦਾ ਸਿੰਘ ਇਸ ਵੇਲੇ ਛੱਤ-ਬਨੂੜ ਦੇ ਇਲਾਕੇ ਵਿਚ ਸੀ। ਵਜ਼ੀਰ ਖ਼ਾਨ ਕੋਲ ਇਸ ਵੇਲੇ ਇਕ ਵੱਡੀ ਫ਼ੌਜ ਸੀ ਕਿਉਂਕਿ ਵਜ਼ੀਰ ਖ਼ਾਨ ਨੇ ਜਹਾਦ ਦਾ ਨਾਅਰਾ ਲਾ ਕੇ ਮੁਸਲਮਾਨਾਂ ਨੂੰ (ਖ਼ਾਸ ਕਰ ਕੇ ਆਪਣੇ ਪਠਾਨ ਭਰਾਵਾਂ, ਰੰਘੜਾਂ ਅਤੇ ਬਲੋਚਾਂ ਨੂੰ) ਫ਼ੌਜ ’ਚ ਭਰਤੀ ਕਰ ਲਿਆ ਸੀ। ਬਹੁਤ ਸਾਰੇ ਮੁਸਲਿਮ ਚੌਧਰੀ ਤੇ ਜਾਗੀਰਦਾਰ ਵੀ ਉਸ ਦੀ ਫ਼ੌਜ ਵਿਚ ਸ਼ਾਮਿਲ ਹੋ ਗਏ ਸਨ। ਉਸ ਦੀ ਸਭ ਤੋਂ ਵੱਡੀ ਮਦਦ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਕੀਤੀ। ਉਹ ਆਪ, ਆਪਣੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਅਤੇ ਸਾਰੀ ਫ਼ੌਜ ਸਣੇ ਇਸ ਜਹਾਦ ਵਿਚ ਸ਼ਾਮਿਲ ਹੋ ਗਿਆ। ਇਸ ਵੇਲੇ ਤਕ ਵਜ਼ੀਰ ਖ਼ਾਨ ਨੇ ਦਿੱਲੀ ਅਤੇ ਲਾਹੌਰ ਤੋਂ ਹੋਰ ਫ਼ੌਜ ਅਤੇ ਹਥਿਆਰ ਮੰਗਵਾ ਲਏ ਹੋਏ ਸਨ। ਹੁਣ ਵਜ਼ੀਰ ਖ਼ਾਨ ਕੋਲ ਬੇਪਨਾਹ ਗੋਲਾ ਬਾਰੂਦ, ਹਥਿਆਰ, ਘੋੜੇ ਤੇ ਹਾਥੀ ਵੀ ਸਨ। ਉਸ ਦੀ ਫ਼ੌਜ ਦੀ ਗਿਣਤੀ ਵੀ ਬਹੁਤ ਸੀ। ਪਰ ਉਹ ਬੰਦਾ ਸਿੰਘ ਦਾ ਹਮਲਾ ਉਡੀਕਣਾ ਨਹੀਂ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਸਿੱਖਾਂ ’ਤੇ ਅਚਾਣਕ ਹੀ ਹਮਲਾ ਕਰ ਦਿੱਤਾ ਜਾਵੇ; ਦੂਜਾ ਉਹ ਬੰਦਾ ਸਿੰਘ ਨੂੰ ਸਰਹੰਦ ਤੋਂ ਬਾਹਰ ਹੀ ਟੱਕਰਨਾ ਚਾਹੁੰਦਾ ਸੀ।

ਉਧਰ ਸਾਰੇ ਸਿੱਖ ਚੱਪੜ-ਚਿੜੀ ਦੀ ਜੂਹ ਵਿਚ ਇਕੱਠੇ ਹੋ ਗਏ। (ਅਜਿਹਾ ਜਾਪਦਾ ਹੈ ਕਿ ਕਦੇ ਇਸ ਥਾਂ ’ਤੇ ਇਕ ਵੱਡਾ ਛੱਪੜ ਅਤੇ ਨੇੜੇ ਹੀ ਇਕ ਝਿੜੀ ਹੋਵੇਗੀ, ਜਿਸ ਦਾ ਨਾਂ ਮਗਰੋਂ ‘ਛੱਪੜ-ਝਿੜੀ’ ਤੋਂ ਵਿਗੜ ਕੇ ਚੱਪੜ-ਚਿੜੀ ਬਣ ਗਿਆ ਹੋਵੇਗਾ)। ਬੰਦਾ ਸਿੰਘ ਨੇ ਜੂਹ ਵਿਚ ਇਕੱਠੇ ਹੋ ਕੇ ਸਰਹੰਦ ’ਤੇ ਹਮਲੇ ਦੀ ਤਿਆਰੀ ਕਰ ਲਈ। ਇੱਥੋਂ ਸਰਹੰਦ ਤਕਰੀਬਨ 20 ਕਿਲੋਮੀਟਰ ਦੂਰ ਸੀ। ਪਰ ਇਸ ਤੋਂ ਪਹਿਲਾਂ ਕਿ ਸਿੱਖ ਫ਼ੌਜਾਂ ਸਰਹੰਦ ਵਲ ਕੂਚ ਕਰ ਸਕਦੀਆਂ, ਉਨ੍ਹਾਂ ਨੂੰ ਖ਼ਬਰ ਮਿਲ ਗਈ ਕਿ ਵਜ਼ੀਰ ਖ਼ਾਨ ਵੀ ਇਕ ਵੱਡੀ ਫ਼ੌਜ ਨੂੰ ਲੈ ਕੇ ਉਧਰ ਵਲ ਟੁਰ ਚੁਕਾ ਹੈ। ਇਸ ’ਤੇ ਬੰਦਾ ਸਿੰਘ ਨੇ ਸਾਰੀਆਂ ਫ਼ੌਜਾਂ ਨੂੰ ਚਾਰ ਹਿੱਸਿਆਂ ਵਿਚ ਵੰਡ ਦਿਤਾ। ਸਿੱਖਾਂ ਕੋਲ ਹੁਣ ਤਕ ਛੇ ਤੋਪਾਂ ਵੀ ਆ ਚੁਕੀਆਂ ਸਨ। ਮਸ਼ਹੂਰ ਤੋਪਚੀ ਭਾਈ ਸ਼ਾਹਬਾਜ਼ ਸਿੰਘ ਨੂੰ ਇਨ੍ਹਾਂ ਦਾ ਚਾਰਜ ਸੰਭਾਲ ਦਿਤਾ ਗਿਆ। ਫ਼ੌਜਾਂ ਦੀ ਕਮਾਂਡ ਫ਼ਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ ਅਤੇ ਆਲੀ ਸਿੰਘ ਨੂੰ ਸੌਂਪ ਦਿੱਤੀ ਗਈ। ਬੰਦਾ ਸਿੰਘ ਨੇ ਆਪ ਇਕ ਟਿੱਬੇ ’ਤੇ ਮੋਰਚੇ ਲਾ ਲਏ ਅਤੇ ਸਾਰੀ ਹਾਲਤ ਤੇ ਨਿਗਾਹ ਰਖਣ ਲਗ ਪਿਆ। ਖ਼ਾਫ਼ੀ ਖ਼ਾਨ ਮੁਤਾਬਿਕ ਸਿੱਖ ਫ਼ੌਜਾਂ ਦੀ ਗਿਣਤੀ ਤੀਹ ਤੋਂ ਚਾਲ੍ਹੀ ਹਜ਼ਾਰ ਸੀ। ਉਨ੍ਹਾਂ ਕੋਲ ਵਧੀਆ ਹਥਿਆਰ ਨਹੀਂ ਸਨ ਤੇ ਸਿਰਫ਼ ਤਲਵਾਰਾਂ, ਨੇਜ਼ੇ, ਤੀਰ ਕਮਾਨ ਤੇ ਕੁਝ ਕੂ ਬੰਦੂਕਾਂ ਸਨ।

12 ਮਈ 1710 ਦੀ ਸਵੇਰ ਤਕ ਵਜ਼ੀਰ ਖ਼ਾਨ ਦੀ ਫ਼ੌਜ ਵੀ ਪਹੁੰਚ ਚੁਕੀ ਸੀ। ਭਾਵੇਂ ਢਾਢੀ ਲੋਕ ਵਜ਼ੀਰ ਖ਼ਾਨ ਦੀ ਫ਼ੌਜ ਇਕ ਲੱਖ ਦੇ ਕਰੀਬ ਦਸਦੇ ਹਨ ਪਰ ਵਜ਼ੀਰ ਖ਼ਾਨ ਕੋਲ ਕੁਲ 5-6 ਹਜ਼ਾਰ ਘੋੜਸਵਾਰ, 7-8 ਹਜ਼ਾਰ ਬੰਦੂਕਚੀ, 8 ਹਜ਼ਾਰ ਗ਼ਾਜ਼ੀ (ਜਹਾਦ ਵਾਲੇ) ਅਤੇ ਕੁਝ ਪੈਦਲ ਫ਼ੌਜ ਵੀ ਸੀ (ਯਾਨਿ ਕੁਲ ਵੀਹ ਹਜ਼ਾਰ)। ਉਸ ਦੀ ਫ਼ੌਜ ਵਿਚ ਸਭ ਤੋਂ ਅੱਗੇ ਹਾਥੀ ਸਨ। ਲੜਾਈ ਸ਼ੁਰੂ ਹੁੰਦਿਆਂ ਹੀ ਹਾਥੀ ਸਿੱਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਿਚ ਆ ਗਏ ਤਾਂ ਸਿੱਖਾਂ ਨੇ ਇਕ ਦਮ ਗੋਲੇ ਬਰਸਾ ਕੇ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਵਜ਼ੀਰ ਖ਼ਾਨ ਦੀ ਫ਼ੌਜ ਦੇ ਕੁਝ ਹਾਥੀ ਜ਼ਖ਼ਮੀ ਹੋ ਕੇ ਚਿੰਘਾੜਦੇ ਹੋਏ ਪਿੱਛੇ ਨੂੰ ਦੌੜੇ ਅਤੇ ਆਪਣੇ ਹੀ ਫ਼ੌਜੀਆਂ ਨੂੰ ਹੀ ਜ਼ਖ਼ਮੀ ਕਰ ਗਏ।

ਇਸ ਦੇ ਜਵਾਬ ਵਜੋਂ ਸਰਹੰਦ ਦੀ ਫ਼ੌਜ ਦੀਆਂ ਤੋਪਾਂ ਵੀ ਵਰ੍ਹਨ ਲਗ ਪਈਆਂ। ਸਿੱਖ ਫ਼ੌਜਾਂ ਕਿਉਂ ਕਿ ਝਿੜੀ ਵਾਲੇ ਪਾਸੇ ਸਨ ਇਸ ਕਰ ਕੇ ਉਨਾਂ ਨੂੰ ਦਰਖਤਾਂ ਦੀ ਓਟ ਮਿਲ ਗਈ। ਉਧਰ ਸਿੱਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਆਪਣੀ ਮਾਰ ਹੇਠ ਲੈ ਆਂਦਾ। ਇਨ੍ਹਾਂ ਤੋਪਚੀਆਂ ਦੇ ਮਾਰੇ ਜਾਣ ਮਗਰੋਂ ਸਰਹੰਦੀ ਫ਼ੌਜ ਵੱਲੋਂ ਤੋਪਾਂ ਦੀ ਗੋਲਾਬਾਰੀ ਬੰਦ ਹੋ ਗਈ। ਹੁਣ ਕਈ ਸਿੱਖ ਘੋੜਸਵਾਰ ਸਰਹੰਦੀ ਫ਼ੌਜਾਂ ਵਿਚ ਜਾ ਵੜੇ ਅਤੇ ਵੱਢ-ਟੁੱਕ ਸ਼ੁਰੂ ਹੋ ਗਈ। ਸਿੱਖਾਂ ਨੂੰ ਸਰਹੰਦ ’ਤੇ ਬਹੁਤ ਗੁੱਸਾ ਸੀ ਅਤੇ ਉਹ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ; ਇਸ ਕਰ ਕੇ ਉਹ ਸਿਰ ਤਲੀ ’ਤੇ ਰਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗ਼ਲ ਅਤੇ ਪਠਾਨ ਫ਼ੌਜੀ ਤਾਂ ਸਿਰਫ਼ ਤਨਖ਼ਾਹਦਾਰ ਸਨ। ਜਦੋਂ ਬਹੁਤ ਮਾਰੋ-ਮਾਰੀ ਹੋ ਚੁਕੀ ਸੀ ਤਾਂ ਬਹੁਤ ਸਾਰੇ ਭਾੜੇ ਦੇ ਸਰਹੰਦੀ ਫ਼ੌਜੀਆਂ ਨੇ ਜਾਨ ਬਚਾਉਣ ਵਾਸਤੇ ਖਿਸਕਣਾ ਸ਼ੁਰੂ ਕਰ ਦਿਤਾ। ‘ਜਹਾਦ’ ਦੇ ਨਾਂ ’ਤੇ ਇਕੱਠੇ ਕੀਤੇ ਪਠਾਨ ਤੇ ਮੁਗ਼ਲ ਵੀ, ਜੰਗ ਦੇ ਤੌਰ-ਤਰੀਕਿਆਂ ਤੋਂ ਅਣਜਾਣ ਹੋਣ ਕਰ ਕੇ, ਬਹੁਤੀ ਦੇਰ ਲੜਾਈ ਨਾ ਕਰ ਸਕੇ। ਉਨ੍ਹਾਂ ਵਿਚੋਂ ਬਹੁਤੇ ਮਾਰੇ ਗਏ ਜਾਂ ਮੈਦਾਨ ਛੱਡ ਕੇ ਭੱਜ ਗਏ।

ਇਸ ਮੌਕੇ ’ਤੇ ਗੰਡਾ ਮੱਲ (ਭਤੀਜਾ ਦੀਵਾਨ ਸੁੱਚਾ ਨੰਦ) ਵੀ ਆਪਣੇ ਜਾਸੂਸ ਹਿੰਦੂ ਫ਼ੌਜੀ ਲੈ ਕੇ ਭੱਜਣ ਲਗ ਪਿਆ। ਇਸ ਨਾਲ ਸਿੱਖਾਂ ਦੇ ਖੇਮੇ ਵਿਚ ਵੀ ਕੁਝ ਘਬਰਾਹਟ ਫੈਲ ਗਈ। ਇਸ ਨੂੰ ਵੇਖ ਕੇ ਬੰਦਾ ਸਿੰਘ ਟਿੱਲੇ ਤੋਂ ਉਤਰ ਕੇ ਆਪ ਮੈਦਾਨੇ-ਜੰਗ ਵਿਚ ਆ ਗਿਆ। ਬੰਦਾ ਸਿੰਘ ਨੂੰ ਆਪਣੇ ਵਿਚ ਖੜਾ ਵੇਖ ਕੇ ਸਿੱਖਾਂ ਦੇ ਹੌਸਲੇ ਦੂਣੇ-ਚੌਣੇ ਹੋ ਗਏ ਤੇ ਉਹ ਨਵੇਂ ਜੋਸ਼ ਨਾਲ ਸਰਹੰਦੀ ਫ਼ੌਜਾਂ ’ਤੇ ਟੁੱਟ ਪਏ। ਇਸ ਨਾਲ ਸਰਹੰਦੀ ਫ਼ੌਜਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿਤਾ। ਇਹ ਵੇਖ ਕੇ ਵਜ਼ੀਰ ਖ਼ਾਨ ਤੇ ਉਸ ਦਾ ਵਜ਼ੀਰ ਸੁੱਚਾ ਨੰਦ ਆਪ ਅਗਲੀਆਂ ਸਫ਼ਾਂ ਵਿਚ ਆ ਗਏ ਅਤੇ ਸਰਹੰਦੀ ਫ਼ੌਜਾਂ ਨੂੰ ਹੱਲਾਸ਼ੇਰੀ ਦੇਣ ਲਗ ਪਏ। ਸਭ ਤੋਂ ਪਹਿਲੀ ਟੱਕਰ ਬਾਜ਼ ਸਿੰਘ ਅਤੇ ਸੁੱਚਾ ਨੰਦ ਵਿਚ ਹੋਈ। ਬਾਜ਼ ਸਿੰਘ ਜਦ ਸੁੱਚਾ ਨੰਦ ਵੱਲ ਵਧਿਆ ਤਾਂ ਬੁਜ਼ਦਿਲ ਸੁੱਚਾ ਨੰਦ ਖ਼ੌਫ਼ ਨਾਲ ਦਹਿਲ ਗਿਆ ਤੇ ਪਿੱਛੇ ਨੂੰ ਭੱਜ ਪਿਆ। (ਮੈਦਾਨ ਵਿੱਚੋਂ ਭੱਜੇ ਸੁੱਚਾ ਨੰਦ ਨੇ ਸਰਹੰਦ ਪੁੱਜ ਕੇ ਹੀ ਸਾਹ ਲਿਆ)। ਇਸ ਮਗਰੋਂ ਜਦ ਬਾਜ਼ ਸਿੰਘ ਤੇ ਫ਼ਤਹਿ ਸਿੰਘ ਦੀ ਨਿਗਾਹ ਵਜ਼ੀਰ ਖ਼ਾਨ ’ਤੇ ਪਈ ਤਾਂ ਉਹ ਘੋੜੇ ਦੌੜਾ ਕੇ ਉਸ ਵਲ ਆ ਗਏ ਤੇ ਉਸ ਦੇ ਹਾਥੀ ਨੂੰ ਘੇਰ ਲਿਆ। ਹੁਣ ਹੱਥੋ-ਹੱਥ ਲੜਾਈ ਹੋਈ ਜਿਸ ਵਿਚ ਵਜ਼ੀਰ ਖ਼ਾਨ ਮਾਰਿਆ ਗਿਆ। ਏਨੇ ਵਿਚ ਹੀ ਉਨ੍ਹਾਂ ਨੂੰ ਸ਼ੇਰ ਮੁਹੰਮਦ ਖ਼ਾਨ (ਮਲੇਰਕੋਟਲਾ ਵਾਲਾ, ਜੋ ਬਹਿਲੋਲਪੁਰ ਵਿਚ ਮਝੈਲਾਂ ਹਥੋਂ ਹਾਰ ਖਾ ਕੇ ਫਿਰ ਇੱਥੇ ਚੱਪੜ-ਚਿੜੀ ਵਿਚ ਆ ਲੜਿਆ ਸੀ) ਵੀ ਨਜ਼ਰ ਆ ਗਿਆ। ਸਿੱਖਾਂ ਨੇ ਉਸ ਨੂੰ ਵੀ ਪਾਰ ਬੁਲਾ ਦਿਤਾ। ਉਸ ਦਾ ਭਰਾ ਖਵਾਜਾ ਅਲੀ ਵੀ ਮਾਰਿਆ ਗਿਆ ਇਨ੍ਹਾਂ ਦੀ ਮੌਤ ਮਗਰੋਂ ਇਕ ਵੀ ਮੁਗ਼ਲ ਫ਼ੌਜੀ ਮੈਦਾਨ ਵਿਚ ਨਾ ਠਹਿਰਿਆ। ਸਾਰੇ ਮੁਗ਼ਲ ਫ਼ੌਜੀ ਸਭ ਕੁਝ ਛੱਡ ਕੇ ਖ਼ਾਲੀ ਹੱਥ ਸਿਰਫ਼ ਜਾਨ ਬਣਾ ਕੇ ਭੱਜ ਗਏ।

ਇਹ ਲੜਾਈ 12 ਮਈ ਦੀ ਸਵੇਰ ਤੋਂ ਦੁਪਹਿਰ ਤਕ, ਸਿਰਫ਼ ਕੁਝ ਘੰਟੇ, ਹੀ ਚੱਲੀ ਸੀ।ਲੜਾਈ ਖ਼ਤਮ ਹੋਣ ਮਗਰੋਂ ਜ਼ਖ਼ਮੀ ਸਿੱਖਾਂ ਦੀ ਮਰਹਮ ਪੱਟੀ ਕੀਤੀ ਗਈ ਪਰ ਸਿੱਖਾਂ ਕੋਲ ਏਨੀ ਮਰਹਮ ਨਹੀਂ ਸੀ ਹਰ ਇਕ ਨੂੰ ਮੁਹੱਈਆ ਕੀਤੀ ਜਾ ਸਕੇ। ਸ਼ਹੀਦ ਸਿੱਖਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਸਸਕਾਰ ਕਰਨ ਮਗਰੋਂ ਬਾਕੀ ਸਿਖ ਫ਼ੌਜਾਂ ਸਰਹੰਦ ਵਲ ਚਲ ਪਈਆਂ। ਵੀਹ ਕਿਲੋਮੀਟਰ ਦਾ ਫ਼ਾਸਲਾ ਤੈਅ ਕਰ ਕੇ ਸਿੱਖ ਅੱਧੀ ਰਾਤ ਵੇਲੇ ਸਰਹੰਦ ਪਹੁੰਚ ਗਏ। ਇਸ ਵੇਲੇ ਸ਼ਹਿਰ ਦੇ ਦਰਵਾਜ਼ੇ ਬੰਦ ਸਨ। ਸਿੱਖ ਫ਼ੌਜਾਂ ਨੇ ਸਰਹੰਦ ਨਗਰ ਨੂੰ ਘੇਰਾ ਪਾ ਲਿਆ। ਅਗਲੇ ਦਿਨ ਇਕ ਨਿੱਕੀ ਜਹੀ ਝੜਪ ਮਗਰੋਂ ਸਿੱਖ ਸ਼ਹਿਰ ਵਿਚ ਦਾਖ਼ਿਲ ਹੋ ਗਏ। ਉਨ੍ਹਾਂ ਨੇ ਵਜ਼ੀਰ ਖ਼ਾਨ ਦੀ ਲਾਸ਼ ਦਾ ਜਲੂਸ ਕੱਢਿਆ ਅਤੇ ਕਿਲ੍ਹੇ ਦੇ ਕੋਲ ਲੈ ਆਏ। ਉਨ੍ਹਾਂ ਨੇ ਇਸ ਲਾਸ਼ ਨੂੰ ਇਕ ਦਰਖ਼ਤ ਨਾਲ ਪੁੱਠਾ ਲਟਕਾ ਦਿਤਾ। ਇਸ ਵੇਲੇ ਤਕ ਲਾਸ਼ ਵਿਚੋਂ ਬੋਅ ਆਉਣੀ ਸ਼ੁਰੂ ਹੋ ਚੁਕੀ ਸੀ। ਛੇਤੀ ਹੀ ਗਿਰਝਾਂ ਅਤੇ ਹੋਰ ਪੰਖੀਆਂ ਨੇ ਉਸ ਦੀ ਲਾਸ਼ ਨੂੰ ਨੋਚਣਾ ਸ਼ੁਰੂ ਕਰ ਦਿਤਾ। ਇਹ ਦੇਖ ਕੇ ਸ਼ਹਿਰ ਦੇ ਲੋਕ ਬੁਰੀ ਤਰ੍ਹਾਂ ਦਹਿਲ ਗਏ। ਉਨ੍ਹਾਂ ਵਿਚੋਂ ਕਈਆਂ ਨੇ ਸਿੱਖ ਫ਼ੌਜਾਂ ਤੋਂ ਰਹਿਮ ਦੀ ਮੰਗ ਕੀਤੀ। ਇਸ ਵੇਲੇ ਤਕ ਸ਼ਹਿਰ ਵਿਚ ਖ਼ਾਮੋਸ਼ੀ ਅਤੇ ਡਰ ਦਾ ਮਾਹੌਲ ਬਣ ਚੁਕਾ ਸੀ। ਸਿੱਖਾਂ ਨੇ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਕੋਈ ਵੀ ਸਿੱਖ ਕਿਸੇ ਬੇਗੁਨਾਹ ਦਾ ਵਾਲ ਵੀ ਵਿੰਗਾ ਨਹੀਂ ਕਰੇਗਾ। ਹੁਣ ਸਿੱਖਾਂ ਨੇ ਕਿਲ੍ਹੇ ਵਲ ਮੂੰਹ ਕੀਤਾ। ਇੱਥੇ ਜ਼ਬਰਦਸਤ ਲੜਾਈ ਹੋਈ। ਕਿਲ੍ਹੇ ਦੀਆਂ ਤੋਪਾਂ ਦੇ ਗੋਲਿਆਂ ਨਾਲ 500 ਦੇ ਕਰੀਬ ਸਿੱਖ ਸ਼ਹੀਦ ਹੋ ਗਏ। ਇਸ ’ਤੇ ਕੁਝ ਸਿੱਖ ਕਿਲ੍ਹੇ ਦੇ ਨੇੜਲੇ ਇਕ ਭੱਠੇ ’ਤੇ ਚੜ੍ਹ ਗਏ ਤੇ ਉਥੋਂ ਉਨ੍ਹਾਂ ਨੇ ਕਿਲ੍ਹੇ ’ਚੋਂ ਗੋਲੇ ਬਰਸਾਉਂਦੀਆਂ ਤੋਪਾਂ ਦੇ ਤੋਪਚੀ ਮਾਰ ਦਿੱਤੇ। ਹੁਣ ਸਿੱਖ ਫ਼ੌਜ ਨੇ ਚੱਪੜ-ਚਿੜੀ ਵਿਚ ਸਰਹੰਦੀ ਫ਼ੌਜ ਤੋਂ ਖੋਹੀਆਂ ਤੋਪਾਂ ਨਾਲ ਕਿਲ੍ਹੇ ’ਤੇ ਗੋਲਾਬਾਰੀ ਕਰ ਕੇ ਅੰਦਰ ਜਾਣ ਦਾ ਰਸਤਾ ਬਣਾ ਲਿਆ। ਕਿਲ੍ਹੇ ਦੇ ਅੰਦਰ ਬਚੀ-ਖੁਚੀ ਸਰਹੰਦੀ ਫ਼ੌਜ, ਜੋ ਅਜੇ ਆਕੀ ਹੋਈ ਬੈਠੀ ਸੀ, ਨੇ ਵੀ ਥੋੜ੍ਹੇ ਹੀ ਸਮੇਂ ਵਿਚ ਹਥਿਆਰ ਸੁਟ ਦਿੱਤੇ। ਬੰਦਾ ਸਿੰਘ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿਤਾ। ਹੁਣ ਪੂਰੇ ਸਰਹੰਦ ਸ਼ਹਿਰ ਉੱਤੇ ਸਿੱਖਾਂ ਦਾ ਮੁਕੰਮਲ ਕਬਜ਼ਾ ਹੋ ਚੁਕਾ ਸੀ।

ਸਰਹੰਦ (ਫ਼ਤਹਿਗੜ੍ਹ ਸਾਹਿਬ) ਵਿਚ ਸਿੱਖ ਤਵਾਰੀਖ਼ ਨਾਲ ਸਬੰਧਤ ਗੁਰਦੁਆਰੇ: ਜਿਸ ਥਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਿਆ ਗਿਆ ਸੀ। ਇੱਥੇ ਬੰਦਾ ਸਿੰਘ ਨੇ ਹੀ ਸਭ ਤੋਂ ਪਹਿਲੀ ਯਾਦਗਾਰ ਬਣਾਈ ਸੀ ਤੇ ਇਸ ਦਾ ਨਾਂ ਫ਼ਤਹਿਗੜ੍ਹ ਸਾਹਿਬ ਰਖਿਆ ਸੀ। ਅਜੋਕੀ ਇਮਾਰਤ 1765 ਵਿਚ ਬਣਨੀ ਸ਼ੁਰੂ ਹੋਈ ਸੀ ਅਤੇ 1813, 1944 ਤੇ 1955 ਵਿਚ ਮੁਰੰਮਤ ਕੀਤੀ ਗਈ ਸੀ ਤੇ ਮਗਰੋਂ ਨਵੀਂ ਉਸਾਰੀ ਵੀ ਹੋਈ ਸੀ। ਇਥੋਂ ਦੀ ਮੁਖ ਜਗ੍ਹਾ ਭੋਰਾ ਸਾਹਿਬ ਹੈ। ਇਹ ਉਹ ਜਗਹ ਹੈ, ਜਿਥੇ ਸਾਹਿਬਜ਼ਾਦੇ ਦੀਵਾਰ ਵਿਚ ਚਿਣੇ ਗਏ ਸਨ। ਇਸ ਤੋਂ ਇਲਾਵਾ ਇਥੇ ਹੋਰ ਵੀ ਗੁਰਦੁਆਰੇ ਹਨ: (1) ਬੁਰਜ ਮਾਤਾ ਗੁਜਰੀ: ਇਥੇ ਸਰਹੰਦ ਦੇ ਵਿਸ਼ਾਲ ਕਿਲ੍ਹੇ ਦਾ ਬੁਰਜ ਸੀ ਜਿਸ ਨੂੰ ਪਿੱਛੇ ਜਿਹੇ ਢਾਹ ਕੇ ਸੰਗਮਰਮਰ ਦੀ ਇਮਾਰਤ ਖੜ੍ਹੀ ਕਰ ਦਿੱਤੀ ਗਈ ਹੈ ਤੇ ਇਕ ਨਕਲੀ ਬੁਰਜ ਬਣਾ ਦਿੱਤਾ ਗਿਆ ਹੈ। ਮਾਤਾ ਜੀ ਤੇ ਬੱਚਿਆਂ ਨੂੰ ਇੱਥੇ ਹੀ ਕੈਦ ਰੱਖਿਆ ਗਿਆ ਸੀ। ਮਾਤਾ ਜੀ ਇੱਥੇ ਹੀ ਬੁਰਜ ਤੋਂ ਸੁੱਟ ਕੇ ਸ਼ਹੀਦ ਕੀਤੇ ਗਏ ਸਨ (2) ਬਿਮਾਨਗੜ੍ਹ: ਦੋਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀਆਂ ਦੇਹਾਂ ਸਸਕਾਰ ਤੋਂ ਪਹਿਲਾਂ ਇਥੇ ਰੱਖੀਆਂ ਗਈਆਂ ਸਨ (3) ਜੋਤੀ ਸਰੂਪ-ਇਹ ਗੁਰਦੁਆਰਾ ਮੁਖ ਜਗ੍ਹਾ ਤੋਂ ਡੇਢ ਕੁ ਕਿਲੋਮੀਟਰ ਦੂਰ ਹੈ ਇਥੇ ਤਿੰਨਾਂ ਦੀਆਂ ਦੇਹਾਂ ਦਾ ਸਸਕਾਰ ਕੀਤਾ ਗਿਆ ਸੀ (4) ਸ਼ਹੀਦ ਗੰਜ ਪਹਿਲਾ: ਮਈ 1710 ਵਿਚ ਜਦ ਸਿੱਖਾਂ ਨੇ ਸਰਹੰਦ ਤੇ ਕਬਜ਼ਾ ਕੀਤਾ ਤਾਂ ਇਸ ਲੜਾਈ ਵਿਚ ਬਹੁਤ ਸਾਰੇ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦਾ ਸਸਕਾਰ ਇੱਥੇ ਕੀਤਾ ਗਿਆ ਸੀ (5) ਸ਼ਹੀਦ ਗੰਜ ਦੂਜਾ: 5 ਫ਼ਰਵਰੀ 1762 ਦੇ ਘੱਲੂਘਾਰੇ ਵਿਚ ਸ਼ਹੀਦ ਹੋਏ ਸਿੰਘਾਂ ਦੇ ਸਿਰ ਕੱਟ ਕੇ ਅਹਿਮਦ ਸ਼ਾਹ ਦੁੱਰਾਨੀੇ 18 ਗੱਡਿਆਂ ਵਿਚ ਭਰ ਕੇ ਲਿਜਾ ਰਿਹਾ ਸੀ। ਸਿੱਖਾਂ ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਸਿਰਾਂ ਨੂੰ ਖੋਹ ਕੇ ਉਨ੍ਹਾਂ ਦਾ ਸਸਕਾਰ ਪਿੰਡ ਅਲੀ ਮਾਜਰਾ ਵਿਚ ਕੀਤਾ ਸੀ (ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਿਰ ਇਸ ਤੋਂ ਮਗਰੋਂ ਦੇ ਸਨ ਤੇ ਇਨ੍ਹਾਂ ਦਾ ਸਸਕਾਰ 23 ਮਈ 1767 ਦੇ ਦਿਨ ਕੀਤਾ ਗਿਆ ਸੀ)। (6) ਸ਼ਹੀਦ ਗੰਜ ਜਥੇਦਾਰ ਸੁੱਖਾ ਸਿੰਘ: ਨਵੰਬਰ 1710 ਦੇ ਦਿਨ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਸਸਕਾਰ ਇਥੇ ਹੋਏ ਸਨ (7) ਸ਼ਹੀਦ ਗੰਜ ਮੱਲਾ ਸਿੰਘ: ਇਹ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਹੈ। ਇੱਥੇ ਵੀ ਜਨਵਰੀ 1764 ਦੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ (8) ਥੜ੍ਹਾ ਪਾਤਿਸ਼ਾਹੀ ਛੇਵੀਂ-ਗੁਰੂ ਹਰਿਗੋਬਿੰਦ ਸਿੰਘ ਇਕ ਵਾਰ ਇਥੇ ਰੁਕੇ ਸਨ।

ਸਰਹੰਦ ਵਿਚ ਗੁਰਦੁਆਰਿਆਂ ਤੋਂ ਇਲਾਵਾ ਮੁਸਲਮਾਨਾਂ ਦਾ ਰੌਜ਼ਾ ਸਰੀਫ਼, ਸਧਨਾ ਕਸਾਈ ਦੀ ਮਸੀਤ, ਔਰੰਗਜ਼ੇਬ ਦੀ ਬਣਾਈ ਮਸਜਿਦ, ਆਮ ਖ਼ਾਸ ਬਾਗ਼, ਨੇੜੇ ਦੇ ਪਿੰਡ ਮੀਰਾਂ ਮੀਰ ਵਿਚ ਬਹਿਲੋਲ ਖ਼ਾਨ ਲੋਦੀ (ਪੰਦਰਵੀਂ ਸਦੀ ਦਾ) ਦੀ ਧੀ ਤੇ ਜੁਆਈ ਦਾ ਮਕਬਰਾ, ਤਲਾਣੀਆਂ ਪਿੰਡ ਵਿਚ (ਸਤਾਰਵੀਂ ਸਦੀ ਦੇ) ਉਸਤਾਦ ਤੇ ਸ਼ਾਗਿਰਦ ਦੇ ਮਕਬਰੇ ਵੀ ਮੌਜੂਦ ਹਨ.

(ਡਾ. ਹਰਜਿੰਦਰ ਸਿੰਘ ਦਿਲਗੀਰ)


ਪੁਰਾਣੀ ਸਰਹੰਦ (ਹੁਣ ਫ਼ਤਹਿਗੜ੍ਹ ਸਾਹਿਬ): (ਜਿਸ ਥਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਿਆ ਗਿਆ ਸੀ, ਉਹ ਥਾਂ ਹੇਠਾਂ ਭੋਰਾ ਸਾਹਿਬ ਹੈ)


ਗੁਰਦੁਆਰਾ ਜੋਤੀ ਸਰੂਪ (ਜਿੱਥੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਦਾ ਸਸਕਾਰ ਕੀਤਾ ਗਿਆ ਸੀ)


ਠੰਡਾ ਬੁਰਜ (1705 ਵਿਚ ਇਸ ਥਾਂ ਕਿਲ੍ਹੇ ਦਾ ਬੁਰਜ ਸੀ ਜਿੱਥੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਸੀ


ਸ਼ਹੀਦ ਗੰਜ ਪਹਿਲਾ: ਮਈ 1710 ਵਿਚ ਜਦ ਸਿੱਖਾਂ ਨੇ ਸਰਹੰਦ ਤੇ ਕਬਜ਼ਾ ਕੀਤਾ ਤਾਂ ਇਸ ਲੜਾਈ ਵਿਚ ਬਹੁਤ ਸਾਰੇ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦਾ ਸਸਕਾਰ ਇੱਥੇ ਕੀਤਾ ਗਿਆ ਸੀ


ਸ਼ਹੀਦ ਗੰਜ ਦੂਜਾ: 5 ਫ਼ਰਵਰੀ 1762 ਦੇ ਘੱਲੂਘਾਰੇ ਵਿਚ ਸ਼ਹੀਦ ਹੋਏ ਸਿੰਘਾਂ ਦੇ ਸਿਰ ਕੱਟ ਕੇ ਅਹਿਮਦ ਸ਼ਾਹ ਦੁੱਰਾਨੀੇ 18 ਗੱਡਿਆਂ ਵਿਚ ਭਰ ਕੇ ਲਿਜਾ ਰਿਹਾ ਸੀ। ਸਿੱਖਾਂ ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਸਿਰਾਂ ਨੂੰ ਖੋਹ ਕੇ ਉਨ੍ਹਾਂ ਦਾ ਸਸਕਾਰ ਪਿੰਡ ਅਲੀ ਮਾਜਰਾ ਵਿਚ ਕੀਤਾ ਸੀ (ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਿਰ ਇਸ ਤੋਂ ਮਗਰੋਂ ਦੇ ਸਨ ਤੇ ਇਨ੍ਹਾਂ ਦਾ ਸਸਕਾਰ 23 ਮਈ 1767 ਦੇ ਦਿਨ ਕੀਤਾ ਗਿਆ ਸੀ)।


ਸ਼ਹੀਦ ਗੰਜ ਜਥੇਦਾਰ ਸੁੱਖਾ ਸਿੰਘ: ਨਵੰਬਰ 1710 ਦੇ ਦਿਨ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਸਸਕਾਰ ਇਥੇ ਹੋਏ ਸਨ


ਸਧਨਾ ਕਸਾਈ ਦੀ ਮਸੀਤ


ਰੌਜ਼ਾ ਸਰੀਫ਼


ਆਮ ਖ਼ਾਸ ਬਾਗ਼

Saragarhi

ਸਾਰਾਗੜ੍ਹੀ

ਕੋਹਾਟ ਜ਼ਿਲ੍ਹਾ (ਪਾਕਿਸਤਾਨ) ਦਾ ਇਕ ਸਰਹੱਦੀ ਪਿੰਡ (ਕੋਹਾਟ ਤੋਂ ਤਕਰੀਬਨ 70 ਕਿਲੋਮੀਟਰ ਦੂਰ, ਜੋ ਕਿਲ੍ਹਾ ਗੁਲਿਸਤਾਂ ਅਤੇ ਲਾਕਹਾਰਟ ਦੇ ਵਿਚਕਾਰ ਹੈ) ਦੀ ਚੌਕੀ ’ਤੇ, 12 ਸਤੰਬਰ 1897 ਦੇ ਦਿਨ, ਪਖ਼ਤੂਨ ਓਰਕਜ਼ਈ ਤੇ ਅਫ਼ਰੀਦੀ ਕਬੀਲੇ ਦੇ ਦਸ ਤੋਂ ਚੌਦਾਂ ਹਜ਼ਾਰ ਦੇ ਵਿਚਕਾਰ ਪਠਾਣਾਂ ਨੇ ਹਮਲਾ ਕਰ ਦਿੱਤਾ। ਉਸ ਚੌਕੀ ਵਿਚ ਤਾਈਨਾਤ ਫ਼ੌਜੀਆਂ ਵਿਚੋਂ ਗੁਰਮੁਖ ਸਿੰਘ ਨੇ ਕਰਨਲ ਹਾਊਟਨ (ਜੋ ਨੇੜੇ ਦੇ ਲਾੱਕਹਾਰਟ ਕਿਲ੍ਹੇ ਵਿਚ ਬੈਠਾ ਸੀ) ਨੂੰ ਹਾਲਾਤ ਦਸ ਕੇ ਹੋਰ ਫ਼ੌਜ ਭੇਜਣ ਵਾਸਤੇ ਕਿਹਾ। ਪਰ ਉਸ ਨੇ ਇਕ ਦਮ ਫ਼ੌਜ ਭੇਜਣ ਤੋਂ ਅਸਮਰਥਾ ਦੱਸੀ। ਉਸ ਵੇਲੇ ਚੌਕੀ ਵਿਚ ਸਿਰਫ਼ 21 ਸਿੱਖ ਫ਼ੌਜੀ ਸਨ (ਉਦੋਂ 36ਵੀਂ ਸਿੱਖ ਰੈਜਮੰਟ ਦੇ, ਹੁਣ ਸਿੱਖ ਰਜਮੈਂਟ ਦੀ ਚੌਥੀ ਬਟਾਲੀਅਨ)। ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ ਉਨ੍ਹਾਂ ਸਾਰਿਆਂ ਨੇ ਸੈਂਕੜੇ ਪਠਾਣ ਮਾਰ ਕੇ ਜਾਨ ਵਾਰੀ। ਇਸ ਲੜਾਈ ਵਿਚ ਪਠਾਣਾਂ ਨੇ 180 ਸਾਥੀਆਂ ਦੇ ਮਾਰੇ ਜਾਣਾ ਮੰਨਿਆ ਪਰ ਅਗਲੇ ਦਿਨ ਜਦ ਅੰਗਰੇਜ਼ੀ ਫ਼ੌਜ ਉਥੇ ਪੁੱਜੀ ਤਾਂ ਉਨ੍ਹਾਂ ਨੇ 600 ਪਠਾਣਾਂ ਦੀਆਂ ਲਾਸ਼ਾਂ ਪਈਆਂ ਵੇਖੀਆਂ। ਅੰਗਰੇਜ਼ੀ ਫ਼ੌਜ ਦੇ ਹਮਲੇ ਨਾਲ ਵੀ ਬਹੁਤ ਸਾਰੇ ਪਠਾਣ ਮਾਰੇ ਗਏ। ਕੁਲ 4800 ਪਠਾਣ ਮਾਰੇ ਗਏ ਸਨ। ਇਨ੍ਹਾਂ ਸਿੱਖ ਫ਼ੌਜੀਆਂ ਨੂੰ ਬਰਤਾਨੀਆ ਦੀ ਰਾਣੀ ਵੱਲੋਂ ‘ਇੰਡੀਅਨ ਆਰਡਰ ਆਫ਼ ਮੈਰਿਟ’ ਦਾ ਐਵਾਰਡ (ਹੁਣ ਇਸ ਐਵਾਰਡ ਦਾ ਨਾਂ ‘ਵਿਕਟੋਰੀਆ ਕਰਾਸ’ ਹੈ) ਦਿੱਤਾ ਗਿਆ।

ਇਨ੍ਹਾਂ ਦੀ ਯਾਦ ਵਿਚ ਸਾਰਾਗੜ੍ਹੀ ਕਿਲ੍ਹੇ ਵਿਚ ਇਕ ਯਾਦਗਾਰੀ ਤਖ਼ਤੀ ਲਾਈ ਗਈ। ਕਿਉਂਕਿ ਇਹ ਸਾਰੇ ਜਵਾਨ ਫ਼ੀਰੋਜ਼ਪੁਰ ਜ਼ਿਲ੍ਹੇ ਦੇ ਸਨ ਇਸ ਕਰ ਕੇ ਉਨ੍ਹਾਂ ਦੀ ਯਾਦ ਵਿਚ ਸਰਕਾਰ ਨੇ ਫ਼ੀਰੋਜ਼ਪੁਰ ਛਾਵਣੀ ਵਿਚ ਇਕ ਗੁਰਦੁਆਰਾ ਕਾਇਮ ਕੀਤਾ। ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਅੰਮ੍ਰਿਤਸਰ ਵਿਚ ਵੀ ਕਾਇਮ ਕੀਤਾ ਗਿਆ (ਜੋ ਅੱਜ ਵੀ ਮੌਜੂਦ ਹਨ)। ਸਿੱਖ ਰੈਜਮੰਟ ਵੱਲੋਂ ਉਨ੍ਹਾਂ ਦੀ ਯਾਦ ਵਿਚ ਹਰ ਸਾਲ 12 ਸਤੰਬਰ ਦਾ ਦਿਨ ‘ਰੈਜਮੈਂਟਲ ਬੈਟਲ ਆੱਨਰਜ਼ ਡੇਅ’ ਵਜੋਂ ਮਨਾਇਆ ਜਾਂਦਾ ਹੈ.

(ਤਸਵੀਰ: ਸਾਰਾਗੜ੍ਹੀ ਗੁਰਦੁਆਰਾ, ਫ਼ੀਰੋਜ਼ਪੁਰ):

(ਡਾ. ਹਰਜਿੰਦਰ ਸਿੰਘ ਦਿਲਗੀਰ)

Sapt Srang, Sapt Sring

ਸਪਤ ਸ਼੍ਰਿੰਗ

ਉਤਰਾਖੰਡ ਵਿਚ, ਰਿਸ਼ੀਕੇਸ਼ ਤੋਂ 275 ਕਿਲੋਮੀਟਰ ਦੂਰ, ਚਮੋਲੀ ਜ਼ਿਲ੍ਹੇ ਵਿਚ, ਜੋਸ਼ੀਮੱਠ ਅਤੇ ਬਦਰੀਨਾਥ ਦੇ ਵਿਚਕਾਰ ਪਾਂਡੁਕੇਸ਼ਵਰ ਦੇ ਨਾਲ, ਅਲਕਨੰਦਾ ਦਰਿਆ ’ਤੇ ਬਣੇ ਪੁਲ ਦੇ ਨੇੜੇ ਦੀ ਥਾਂ (ਜਿਸ ਨੂੰ ਗੋਬਿੰਦ ਘਾਟ ਦਾ ਨਾਂ ਦੇ ਦਿੱਤਾ ਗਿਆ ਹੈ) ਤੋਂ, ਸੱਜੇ ਪਾਸੇ ਵੱਲ, 13 ਕਿਲੋਮੀਟਰ ਦੀ ਚੜ੍ਹਾਈ ਮਗਰੋਂ ਘੰਗਰੀਆ ਪਿੰਡ (ਜਿਸ ਨੂੰ ਹੁਣ ਗੋਬਿੰਦ ਧਾਮ ਵੀ ਕਹਿੰਦੇ ਹਨ), ਤੋਂ 6 ਕਿਲੋਮੀਟਰ ਦੂਰ, ਇਕ ਸੱਤ ਚੋਟੀਆਂ ਵਾਲੀ ਥਾਂ (ਜੋ ਤਕਰੀਬਨ 4633 ਮੀਟਰ, ਯਾਨਿ 14200 ਫ਼ੁੱਟ ਦੀ ਉਚਾਈ ’ਤੇ ਹੈ) ਨੂੰ, ਕਿਸੇ ਗੁੰਮਨਾਮ ਲੇਖਕ ਦੀ ਰਚਨਾ ਬਚਿਤਰ ਨਾਟਕ ਵਿਚਲੀ ਤੁਕ (ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ਼੍ਰਿੰਗ ਸੋਭਤ ਹੈ ਤਹਾਂ) ਦੇ ਪਿਛੋਕੜ ਵਿਚ, ਗੁਰੂ ਗੋਬਿੰਦ ਸਿੰਘ ਜੀ ਦੇ ਅਖੌਤੀ ਪੂਰਬ ਜਨਮ ਨਾਲ ਜੋੜ ਕੇ ਇਸ ਨੂੰ ਹੇਮਕੁੰਟ ਦਾ ਨਾਂ ਦੇ ਕੇ ਸਿੱਖਾਂ ਦਾ ਇਕ ਨਕਲੀ ਤੀਰਥ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨੂੰ ਸਭ ਤੋਂ ਪਹਿਲਾਂ 1934 ਵਿਚ ਇਕ ਸਾਬਕਾ ਫ਼ੌਜੀ ਗ੍ਰੰਥੀ ਸੋਹਨ ਸਿੰਘ ਨੇ, ਨਿਰਮਲਾ ਲੇਖਕ ਭਾਈ ਵੀਰ ਸਿੰਘ ਰਾਹੀਂ ਪ੍ਰਚਾਰ ਕਰਵਾ ਕੇ ਮਸ਼ਹੂਰ ਕੀਤਾ ਸੀ। 1937 ਵਿਚ ਮੋਦਨ ਸਿੰਘ ਨਾਂ ਦੇ ਇਕ ਰੀਟਾਇਰਡ ਹਵਾਲਦਾਰ ਨੇ ਇੱਥੇ ਇਕ ਝੌਂਪੜੀ ਬਣਾ ਕੇ ਇਕ ਗੁਰਦੁਆਰਾ ਬਣਾ ਦਿੱਤਾ ਸੀ। 1951 ਵਿਚ ਚੀਫ਼ ਖਾਲਸਾ ਦੀਵਾਨ ਨੇ ਇਸ ਦਾ ਚਾਰਜ ਸੰਭਾਲ ਲਿਆ। 1960 ਵਿਚ ਇਸ ਦਾ ਇਕ ਟਰਸਟ ਬਣ ਗਿਆ। 1968 ਵਿਚ ਜੋਸ਼ੀਮੱਠ ਤੋਂ ਬਦਰੀ ਨਾਥ ਤਕ ਨਵੀਂ ਸੜਕ ਬਣ ਜਾਣ ਮਗਰੋਂ ਕੁਝ ਲੋਕ ਇੱਥੇ ਜਾਣ ਲਗ ਪਏ ਸਨ। 1980 ਵਿਚ ਤਕਰੀਬਨ ਛੇ ਹਜ਼ਾਰ ਲੋਕ ਇੱਥੇ ਪੁੱਜੇ ਸਨ। ਪਰ 1990ਵਿਆਂ ਵਿਚ ਇਹ ਗਿਣਤੀ ਬਹੁਤ ਵਧਣ ਲਗ ਪਈ ਸੀ। ਹੁਣ ਹਰ ਸਾਲ ਡੇਢ ਤੋਂ ਪੌਣੇ ਦੋ ਲੱਖ ਤਕ ਗਿਣਤੀ ਵਿਚ ਲੋਕ ਇੱਥੇ ਆਉਂਦੇ ਹਨ, ਜਿਨ੍ਹਾਂ ਵਿਚੋਂ ਕਈ ਪਹਾੜ ਡਿੱਗਣ ਜਾਂ ਹੋਰ ਹਾਦਸਿਆਂ ਵਿਚ ਮਾਰੇ ਵੀ ਜਾਂਦੇ ਹਨ। ਪਹਿਲੋਂ 1960 ਵਿਚ ਇੱਥੇ ਇਕ ਨਿੱਕੀ ਜਿਹੀ ਛਪੜੀ ਬਣਾਈ ਗਈ ਸੀ, ਪਰ ਹੁਣ ਇੱਥੇ ਵੱਡੀ ਇਮਾਰਤ ਬਣਾਈ ਜਾ ਚੁਕੀ ਹੈ। ਸੰਨ 2013 ਦੇ ਹੜ੍ਹ ਨਾਲ ਗੋਬਿੰਦ ਘਾਟ ਦਾ ਕਾਫ਼ੀ ਹਿੱਸਾ ਰੁੜ੍ਹ ਗਿਆ ਸੀ ਤੇ ਦਰਿਆ ’ਤੇ ਬਣਿਆ ਪੁਲ ਵੀ ਟੁੱਟ ਗਿਆ ਸੀ. ਹੋਰ ਵੇਖੋ: ਸਪਤ ਸ਼੍ਰੰਗ

(ਡਾ. ਹਰਜਿੰਦਰ ਸਿੰਘ ਦਿਲਗੀਰ)

Sapt Sindhu

ਸਪਤ ਸਿੰਧਵ/ ਸਪਤ ਸਿੰਧੁ/ ਸਪਤ ਸਿੰਧੂ ਸੱਤ ਸਾਗਰ, ਸੱਤ ਸਮੁੰਦਰ

1. ਪੁਰਾਨਾਂ ਵਿਚ ਦੱਸੀਆਂ ਗੰਗਾ ਦਰਿਆ ਦੀਆਂ ਸੱਤ ਧਾਰਾਵਾਂ (ਨਲਿਨੀ, ਹਲਾਦਿਨੀ, ਪਾਵਨੀ, ਚਕਸ਼ੂ, ਸੀਤਾ, ਸਿੰਧੂ, ਭਗੀਰਥੀ) 2. ਮਹਾਂਭਾਰਤ ਵਿਚ ਦੱਸੀਆਂ ਸਤ ਨਦੀਆਂ (ਗੰਗਾ, ਜਮਨਾ, ਸਰਯੂ, ਗੋਮਤੀ, ਗੰਡਕ, ਪਲਕਸ਼ਗਾ, ਰਥਸਯਾ; ਇਨ੍ਹਾਂ ਆਖ਼ਰੀ ਦੋ ਨਦੀਆਂ ਬਾਰੇ ਕੁਝ ਵੀ ਪਤਾ ਨਹੀਂ ਲਗਦਾ) 3. ਸਿੰਧ ਅਤੇ ਘੱਗਰ ਦਰਿਆ ਦੇ ਵਿਚਕਾਰਲਾ ਇਲਾਕਾ, ਜਿਸ ਨੂੰ ਸੱਤ ਨਦੀਆਂ ਦਾ ਦੇਸ਼ ਕਿਹਾ ਜਾਂਦਾ ਸੀ (ਸਿੰਧ, ਝਨਾਂ, ਜਿਹਲਮ, ਰਾਵੀ, ਬਿਆਸ, ਸਤਲੁਜ, ਘੱਗਰ), ਯਾਨਿ ਕਦੇ ਪੰਜਾਬ ਦਾ ਇਹ ਨਾਂ ਵੀ ਹੁੰਦਾ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shalimar Bagh

ਸ਼ਾਲੀਮਾਰ ਬਾਗ਼

ਇਹ ਤੁਰਕੀ ਦਾ ਲਫ਼ਜ਼ ਹੈ: ਸ਼ਾਲਾ (ਘਰ)+ ਮਾਰ (ਅਨੰਦ), ਅਨੰਦ ਦਾ ਘਰ। ਸਹੀ ਪਫ਼ਜ਼ ਸ਼ਾਲਾਮਾਰ ਹੈ; ਗ਼ਲਤੀ ਨਾਲ ਇਸ ਨੂੰ ਸ਼ਾਲੀਮਾਰ ਕਿਹਾ ਜਾਣ ਲਗ ਪਿਆ ਹੈ.

ਸ਼ਾਲੀਮਾਰ ਬਾਗ਼ ਸ੍ਰੀਨਗਰ

ਸ੍ਰੀਨਗਰ (ਕਸ਼ਮੀਰ) ਵਿਚ ਨਗਰ ਦੇ ਬਾਹਰਵਾਰ, ਡੱਲ ਝੀਲ ਦੇ ਕਿਨਾਰੇ ’ਤੇ ਇਕ ਬਾਗ਼। ਇਸ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ ਬੇਗ਼ਮ ਨੂਰਜਹਾਂ ਵਾਸਤੇ 1619 ਵਿਚ ਬਣਵਾਇਆ ਸੀ। ਇਹ ਬਾਗ਼ 31 ਏਕੜ ਵਿਚ ਬਣਿਆ ਹੋਇਆ ਹੈ। ਇਸ ਦੀ ਲੰਬਾਈ 587 ਮੀਟਰ ਤੇ ਚੌੜਾਈ 251 ਮੀਟਰ ਹੈ। ਇਸ ਵਿਚ ਪਾਣੀ ਡੱਲ ਝੀਲ ਤੋਂ ਕੱਢੀ ਗਈ ਡੇਢ ਕਿਲੋਮੀਟਰ ਲੰਮੀ ਤੇ 11 ਮੀਟਰ ਚੌੜੀ ਨਹਿਰ ਰਾਹੀਂ ਆਉਂਦਾ ਹੈ। ਇਸ ਵਿਚ 410 ਫੁਹਾਰੇ ਬਣੇ ਹੋਏ ਹਨ। ਸਾਰਾ ਬਾਗ਼ ਕੁਦਰਤੀ ਉੱਚੇ ਨੀਵੇਂ ਬਗੀਚਿਆਂ ਦਾ ਸਮੂਹ ਹੈ। ਇਕ ਪਾਸੇ ਕੁਦਰਤੀ ਪਹਾੜ ਤੇ ਦੂਜੇ ਪਾਸੇ ਇਕ ਵੱਡੀ ਝੀਲ ਇਸ ਦੀ ਸ਼ਾਨ ਵਿਚ ਵਾਧਾ ਕਰਦੇ ਹਨ। ਬਾਗ਼ ਵਿਚ ਫੁੱਲਾਂ ਦੇ ਨਾਲ-ਨਾਲ, ਚਾਰੇ ਪਾਸੇ ਦੋ-ਦੋ ਫੁੱਟ ਦੇ ਫ਼ਾਸਲੇ ’ਤੇ ਚਿਨਾਰ ਦੇ ਦਰਖ਼ਤਾਂ ਦੀਆਂ ਕਤਾਰਾਂ ਹਨ.

ਸ਼ਾਲੀਮਾਰ ਬਾਗ਼ ਸ੍ਰੀਨਗਰ ਦੇ ਦੋ ਦ੍ਰਿਸ਼

ਸ਼ਾਲੀਮਾਰ ਬਾਗ਼ ਲਾਹੌਰ

ਇਹ ਲਾਹੌਰ ਤੋਂ 5 ਕਿਲੋਮੀਟਰ ਉੱਤਰ-ਪੂਰਬ ਵਿਚ, 16 ਏਕੜ ਜਗ੍ਹਾ ਵਿਚ (658 ਮੀਟਰ ਲੰਮਾ ਤੇ 258 ਮੀਟਰ ਚੌੜਾ) ਬਣਿਆ ਹੋਇਆ ਹੈ। ਇਸ ਵਿਚ ਤਿੰਨ ਉੱਚੇ ਨੀਵੇਂ ਦਰਜੇ ਰੱਖ ਕੇ, ਘਾਹ ਅਤੇ ਬੂਟੇ ਲਾਏ ਹੋਏ ਹਨ। ਇਸ ਨੂੰ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨੇ 1637-1641 ਵਿਚ ਆਪਣੇ ਅਹਿਲਕਾਰ ਖ਼ਲੀਲਉਲਾ ਖ਼ਾਨ ਦੀ ਨਿਗਰਾਨੀ ਹੇਠ, ਅਲੀ ਮਰਦਾਨ ਖ਼ਾਨ ਤੇ ਮੁੱਲਾ ਅਲਾਲੁਲ ਮਉਲਕ ਤੂਨੀ ਰਾਹੀਂ ਤਿਆਰ ਕਰਵਾਇਆ ਸੀ। ‘ਬਾਦਸ਼ਾਹਨਾਮਾ’ ਦੇ ਲੇਖਕ ਅਬਦੁਲ ਹਮੀਦ ਮੁਤਾਬਿਕ ਇਸ ’ਤੇ ਉਦੋਂ ਦੇ 6 ਲੱਖ ਰੁਪੈ ਖ਼ਰਚ ਆਏ ਸਨ। ਇਸ ਬਾਗ਼ ਵਾਸਤੇ ਮਾਧੋਪੁਰ ਤੋਂ ਰਾਵੀ ਦਰਿਆ ਦੀ ਹੰਸਲੀ ਬਣਾਉਣ ਵਾਸਤੇ 2 ਲੱਖ ਰੁਪੈ ਖ਼ਰਚ ਆਏ ਸਨ। ਇਸ ਬਾਗ਼ ਵਿਚ, ਸ੍ਰੀਨਗਰ ਵਾਂਙ, 410 ਖ਼ੂਬਸੂਰਤ ਫੁਹਾਰੇ ਬਣੇ ਹੋਏ ਹਨ। ਇਸ ਬਾਗ਼ ਦੇ ਵਿਚਕਾਰ ਇਕ ਵੱਡਾ ਸਾਰਾ ਤਾਲ ਹੈ, ਜਿਸ ਦੇ ਵਿਚਕਾਰ ਚਬੂਤਰਾ ਹੈ ਅਤੇ ਕਿਨਾਰਿਆਂ ’ਤੇ ਬੈਠਣ ਵਾਸਤੇ ਨਿੱਕੇ ਕਮਰੇ (ਕੈਬਿਨ) ਬਣੇ ਹੋਏ ਹਨ। ਸਾਰਾ ਬਾਗ਼ ਫੁੱਲਾਂ ਵਾਲੇ ਬੂਟਿਆਂ ਅਤੇ ਫਲਦਾਰ ਰੁੱਖਾਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਵਿਚ ਬਦਾਮ, ਸੇਬ, ਆੜੂ, ਚੈਰੀ, ਅੰਬ, ਸ਼ਹਤੂਤ, ਆਲੂ ਬੁਖ਼ਾਰਾ, ਸੰਤਰਾ ਆਦਿ ਮੁਖ ਸਨ। ਸ਼ਾਹਜਹਾਨ ਤੇ ਔਰਗਜ਼ੇਬ ਇਸ ਵਿਚ ਆਰਾਮ ਕਰਦੇ ਰਹੇ ਸਨ। 11 ਅਪ੍ਰੈਲ 1758 ਦੇ ਦਿਨ ਜਦ ਮਰਹੱਟਿਆਂ, ਅਦੀਨਾ ਬੇਗ਼ ਅਤੇ ਸਿੱਖ ਫ਼ੌਜਾਂ ਨੇ ਮਿਲ ਕੇ ਅਫ਼ਗ਼ਾਨਾਂ ਤੋਂ ਲਾਹੌਰ ਖੋਹਿਆ ਸੀ ਤਾਂ ਇਸ ਬਾਗ਼ ਵਿਚ ਮਰਹੱਟਾ ਚੀਫ਼ ਰਾਘੋ ਨਾਥ ਦਾ ਸ਼ਾਹਾਨਾ ਸੁਆਗਤ ਕੀਤਾ ਗਿਆ ਸੀ। ਇਸ ਵਾਸਤੇ ਕੀਤੇ ਗਏ ਜਲਸੇ ਵਾਸਤੇ ਇਕ ਖ਼ਾਸ ਸ਼ਾਹੀ ਸਟੇਜ ਬਣਾਈ ਗਈ ਜਿਸ ਦੇ ਬਣਾਉਣ ’ਤੇ ਇਕ ਲੱਖ (ਉਦੋਂ ਦੇ) ਰੁਪੈ ਖ਼ਰਚ ਆਏ ਸਨ। ਸ਼ਾਲੀਮਾਰ ਬਾਗ਼ ਦੇ ਫ਼ੁਹਾਰਿਆਂ ਵਿਚ ਗ਼ੁਲਾਬ ਦਾ ਅਰਕ ਭਰ ਕੇ ਉਨ੍ਹਾਂ ਨੂੰ ਚਲਾਇਆ ਗਿਆ ਸੀ। ਸ਼ਹਿਰ ਵਿਚ ਹਰ ਪਾਸੇ ਦੀਵੇ ਜਗਾ ਕੇ ਰੌਸ਼ਨੀ ਕੀਤੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਏਥੇ ਆਪਣੀ ਸ਼ਾਹਲਾ (ਮਾਸ਼ੂਕ) ਮੋਰਾਂ ਨਾਲ ਅਕਸਰ ਅਨੰਦ ਲਿਆ ਕਰਦਾ ਸੀ। ਉਹ ਇਸ ਨੂੰ ‘ਸ਼ਾਹਲਾ ਬਾਗ਼’ (ਮਾਸ਼ੂਕ ਦਾ ਬਾਗ਼) ਕਿਹਾ ਕਰਦਾ ਸੀ। ਰਣਜੀਤ ਸਿੰਘ ਨੇ ਬਾਗ਼ ਦੀ ਅੰਦਰੂਨੀ ਇਮਾਰਤ ਵਿਚ ਇਕ ਤਿਦਰੀ ਬਣਾਈ ਸੀ, ਜਿਸ ਦਾ ਤਹਿਖ਼ਾਨਾ ਗਰਮੀਆਂ ਵਿਚ ਠੰਢਕ ਤੇ ਸਰਦੀਆਂ ਵਿਚ ਨਿੱਘ ਦਿਆ ਕਰਦਾ ਸੀ.

ਸ਼ਾਲੀਮਾਰ ਬਾਗ਼ ਲਾਹੌਰ ਦੇ ਦੋ ਦ੍ਰਿਸ਼

(ਡਾ. ਹਰਜਿੰਦਰ ਸਿੰਘ ਦਿਲਗੀਰ)

Shajahanabad

ਸ਼ਾਹਜਹਾਨਾਬਾਦ

ਦਿੱਲੀ ਵਿਚ, ਪੁਰਾਣੀ ਦਿੱਲੀ ਦੇ ਦੱਖਣ ਵਿਚ, ਜਮਨਾ ਦਰਿਆ ਦੇ ਕੰਢੇ ’ਤੇ ਲਾਲ ਕਿਲ੍ਹਾ, ਦਰੀਬਾ ਕਲਾਂ, ਜਾਮਾ ਮਸਜਿਦ, ਫ਼ਤਹਪੁਰੀ, ਚਾਂਦਨੀ ਚੌਕ ਵਗ਼ੈਰਾ ਦਾ ਇਲਾਕਾ ਸ਼ਾਹਜਹਾਨ ਨੇ 1638 ਵਿਚ ਵਸਾਉਣੀ ਸ਼ੁਰੂ ਕਰ ਕੇ 1649 ਤਕ ਉਸ ਦੀ ਚਾਰਦੀਵਾਰੀ ਵੀ ਕਰ ਦਿੱਤੀ ਸੀ। ਇਸ ਦੇ 14 ਗੇਟ ਸਨ, ਜਿਨ੍ਹਾਂ ਵਿਚੋਂ ਮੁਖ ਸਨ: ਦਿੱਲੀ ਗੇਟ, ਕਸ਼ਮੀਰੀ ਗੇਟ, ਕਾਬੁਲੀ ਗੇਟ, ਅਜਮੇਰੀ ਗੇਟ, ਤੁਰਕਮਾਨ ਗੇਟ ਆਦਿ। ਉਸ ਨੇ ਇਸ ਦਾ ਨਾਂ ਸ਼ਾਹਜਹਾਨਾਬਾਦ ਰੱਖਿਆ ਸੀ, ਜੋ ਬਹੁਤ ਦੇਰ ਤਕ (ਅਠਾਰਵੀਂ ਸਦੀ ਤਕ) ਚਲਦਾ ਰਿਹਾ। ਦਿੱਲੀ ਵਿਚ ਕਦੇ ਦਰਅਸਲ 8 ‘ਸ਼ਹਿਰ’ ਸਨ (ਲਾਲ ਕੋਟ ਜਾਂ ਕਿਲਾ ਰਾਏ ਪਥੌਰਾ, ਮਹਿਰੌਲੀ, ਸੀਰੀ, ਤੁਗ਼ਲਕਾਬਾਦ, ਫ਼ੀਰੋਜ਼ਾਬਾਦ, ਸ਼ੇਰਗੜ੍ਹ, ਸ਼ਾਹਜਾਹਾਬਾਦ, ਨਵੀਂ ਦਿੱਲੀ)। ਪਰ ਦਿੱਲੀ ਦਾ ਰਕਬਾ ਵਧਣ ਦੇ ਨਾਲ ਸਾਰੇ ਇਲਾਕੇ ਨੂੰ ਦਿੱਲੀ ਹੀ ਕਿਹਾ ਜਾਣ ਲਗ ਪਿਆ।

ਸ਼ਾਹ ਜਹਾਨ ਨੇ ਪੰਜਾਬ ਵਿਚ ਫਗਵਾੜਾ ਦਾ ਨਾਂ ਵੀ ਸ਼ਾਹਜਾਹਾਨਾਬਾਦ ਰੱਖਿਆ ਸੀ, ਪਰ ਫਗਵਾੜਾ ਨਾਂ ਦੇ ਦਰਖ਼ਤ ਬਹੁਤ ਹੋਣ ਕਰ ਕੇ ਇਸ ਦਾ ਨਾਂ ਫਗਵਾੜਾ ਹੀ ਚਲਦਾ ਰਿਹਾ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shahpur

ਸ਼ਾਹਪੁਰ

ਪਾਕਿਸਤਾਨ ਦੇ ਸੂਬਾ ਪੰਜਾਬ ਵਿਚ, ਜਿਹਲਮ ਦਰਿਆ ਦੇ ਖੱਬੇ ਕਿਨਾਰੇ ’ਤੇ, ਸਰਗੋਧਾ ਜ਼ਿਲ੍ਹਾ ਦੀ ਇਕ ਤਹਿਸੀਲ (ਜੋ 1893 ਤੋਂ 1960 ਤਕ ਇਕ ਜ਼ਿਲ੍ਹਾ ਵੀ ਰਿਹਾ ਸੀ)। ਸ਼ਾਹਪੁਰ ਨਾਂ ਦੇ ਦੁਨੀਆਂ ਭਰ ਵਿਚ ਦਰਜਨਾਂ ਪਿੰਡ ਤੇ ਨਗਰ ਹਨ। ਇਕੱਲੇ ਭਾਰਤ ਵਿਚ 32 ਥਾਂਵਾਂ ਦਾ ਨਾਂ ਸ਼ਾਹਪੁਰ ਹੈ (ਬਿਹਾਰ ਵਿਚ 4, ਮਹਾਂਰਾਸ਼ਟਰ ਵਿਚ 6, ਗੁਜਰਾਤ ਵਿਚ 4, ਉੱਤਰ ਪ੍ਰਦੇਸ਼ ਵਿਚ 2, ਮੱਧ ਪ੍ਰਦੇਸ਼ ਵਿਚ 4 ਜਗ੍ਹਾ ਦਾ ਨਾਂ ਸ਼ਾਹਪੁਰ ਹੈ)।

ਪੰਜਾਬ ਵਿਚ ਫ਼ਿਲੌਰ ਤਹਿਸੀਲ ਵਿਚ, ਕਪੂਰਥਲਾ ਜ਼ਿਲ੍ਹਾ ਵਿਚ (ਸ਼ਾਹਪੁਰ ਡੋਗਰਾਂ), ਸੰਗਰੂਰ ਵਿਚ ਵੀ ਇਸ (ਸ਼ਾਹਪੁਰ ਕਲਾਂ) ਨਾਂ ਦੇ ਪਿੰਡ/ਨਗਰ ਹਨ। ਹਰਿਆਣਾ ਵਿਚ ਤਹਿਸੀਲ ਇੰਦਰੀ ਤੇ ਤਹਿਸੀਲ ਨਿਸਿੰਗ (ਜ਼ਿਲ੍ਹਾ ਕਰਨਾਲ) ਵਿਚ ਦੋ ਪਿੰਡਾਂ ਦਾ ਨਾਂ ਸ਼ਾਹਪੁਰ ਹੈ। ਪਾਕਿਸਤਾਨ ਵਿਚ 4 ਥਾਂਵਾਂ (ਜ਼ਿਲ੍ਹਾ ਸਰਗੋਧਾ, ਜ਼ਿਲ੍ਹਾ ਸੰਘਰ, ਜ਼ਿਲ੍ਹਾ ਅਟਕ ਤੇ ਸਿੰਧ ਵਿਚ ਜਹਾਨੀਆਂ ਵਿਚ ਸ਼ਾਹਪੁਰ ਨਾਂ ਦੇ ਪਿੰਡ/ਨਗਰ ਹਨ। ਈਰਾਨ ਵਿਚ 6 ਥਾਂਵਾਂ ਦੇ ਨਾਂ ਸ਼ਾਹਪੁਰ ਹਨ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shahpur Kalan (Sangrur)

ਸ਼ਾਹਪੁਰ ਕਲਾਂ

ਜ਼ਿਲ੍ਹਾ ਸੰਗਰੂਰ ਦੀ ਸੁਨਾਮ ਤਹਿਸੀਲ ਵਿਚ (ਸੁਨਾਮ ਤੋਂ 13 ਕਿਲੋਮੀਟਰ ਦੂਰ) ਇਕ ਪਿੰਡ, ਜਿੱਥੇ 1665 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਆਪਣੀ ਮਾਲਵਾ ਯਾਤਰਾ ਦੌਰਾਨ (ਤਲਵੰਡੀ ਸਾਬੋ ਤੋਂ ਧਮਤਾਨ ਜਾਂਦੇ ਹੋਏ) ਰੁਕੇ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ.


(ਤਸਵੀਰ: ਗੁਰਦੁਆਰਾ ਸ਼ਾਹਪੁਰ ਕਲਾਂ):

(ਡਾ. ਹਰਜਿੰਦਰ ਸਿੰਘ ਦਿਲਗੀਰ)

Shahjahanpur

ਸ਼ਾਹਜਹਾਨਪੁਰ

ਉੱਤਰ ਪ੍ਰਦੇਸ਼ ਵਿਚ ਕੰਨੌਤ ਅਤੇ ਗੱਰਾ ਦਰਿਆਵਾਂ ਦੇ ਸੰਗਮ ’ਤੇ ਇਕ ਨਗਰ, ਜਿਸ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਫ਼ੌਜ ਦੇ ਜਰਨੈਲ ਦਰਿਆ ਖ਼ਾਨ ਦੇ ਪੁੱਤਰਾਂ ਦਿਲੇਰ ਖ਼ਾਨ ਅਤੇ ਬਹਾਦਰ ਖ਼ਾਨ ਨੇ 1647 ਵਿਚ ਵਸਾਇਆ ਸੀ। ਇਹ ਦੋਵੇਂ ਸ਼ਾਹਜਹਾਨ ਦੇ ਚਹੇਤੇ ਸਨ ਤੇ ਬਾਦਸ਼ਾਹ ਨੇ ਇਨ੍ਹਾਂ ਨੂੰ ਇਕ ਕਿਲ੍ਹਾ ਬਣਾਉਣ ਵਾਸਤੇ 17 ਪਿੰਡ ਦਿੱਤੇ ਸਨ। ਕਿਲ੍ਹਾ ਬਣਨ ਮਗਰੋਂ ਇਸ ਦਾ ਆਲਾ ਦੁਆਲਾ ਇਕ ਕਸਬੇ ਦਾ ਰੂਪ ਧਾਰਨ ਕਰ ਗਿਆ, ਜਿਸ ਦਾ ਨਾਂ ਸ਼ਾਹਜਹਾਨਪੁਰਾ ਦੇ ਨਾਂ ਨਾਲ ਜਾਣਿਆ ਜਾਣ ਲਗ ਪਿਆ। ਅੱਜ ਇਹ ਸਾਢੇ ਤਿੰਨ ਲੱਖ ਦੀ ਅਬਾਦੀ ਵਾਲਾ ਨਗਰ ਹੈ। ਇਹ ਦਿੱਲੀ ਤੋਂ 360, ਲਖਨਊ ਤੋਂ 170, ਬਰੇਲੀ ਤੋਂ 80 ਕਿਲੋਮੀਟਰ ਦੂਰ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shahi Tibbi

ਸ਼ਾਹੀ ਟਿੱਬੀ

ਕੀਰਤਪੁਰ ਤੋਂ ਰੋਪੜ ਵੱਲ, ਤਕਰੀਬਨ 6 ਕਿਲੋਮੀਟਰ ਦੂਰ, ਸੜਕ ਦੇ ਖੱਬੇ ਪਾਸੇ (ਪਹਾੜ ਵਾਲੇ ਪਾਸੇ) ਇਕ ਨੀਵੀਂ ਟਿੱਬੀ, ਜਿਸ ਦਾ ਜ਼ਿਕਰ ਸਿੱਖ ਤਵਾਰੀਖ਼ ਵਿਚ ਦੋ ਜਗਹ ਮਿਲਦਾ ਹੈ। ਇਸ ਦਾ ਪਹਿਲਾ ਜ਼ਿਕਰ 4 ਅਕਤੂਬਰ 1700 ਦਾ ਹੈ ਜਦ ਬਿਲਾਸਪੁਰ ਦੇ ਰਾਜੇ ਵੱਲੋਂ ਮਿੰਨਤਾਂ ਕਰਨ ਗੁਰੂ ਗੋਬਿੰਦ ਸਿੰਘ ਜੀ ਅਨੰਪੁਰ ਸਾਹਿਬ ਛੱਡ ਕੇ ਹਰਦੋ-ਨਿਰਮੋਹ ਪਿੰਡ ਵਿਚਕਾਰ ਇਕ ਟਿੱਬੀ ‟ਤੇ ਚਲੇ ਗਏ ਸਨ। ਦੂਜੇ ਪਾਸੇ ਇਹਸਾਨ-ਫ਼ਰਾਮੋਸ਼ ਰਾਜੇ ਨੇ ਏਥੇ ਵੀ ਗੁਰੂ ਜੀ ‟ਤੇ ਹਮਲਾ ਕਰ ਦਿੱਤਾ ਸੀ। ਪਰ ਏਥੇ ਵੀ ਦੋ ਦਿਨ ਦੇ ਹਮਲਿਆਂ ਵਿਚ ਉਸ ਨੂੰ ਬੁਰੀ ਤਰ੍ਹਾਂ ਹਾਰ ਹੋਈ।ਨਿਰਮੋਹਗੜ੍ਹ ‟ਚ ਬੁਰੀ ਤਰ੍ਹਾਂ ਹਾਰ ਖਾਣ ਮਗਰੋਂ ਅਜਮੇਰ ਚੰਦ ਨੇ ਸਰਹੰਦ ਦੇ ਸੂਬੇਦਾਰ ਨੂੰ ਗੁਰੂ ਸਾਹਿਬ ਦੇ ਖ਼ਿਲਾਫ਼ ਵਰਤਣ ਦੀ ਤਰਕੀਬ ਬਣਾਈ। ਉਸ ਨੇ ਆਪਣੇ ਵਜ਼ੀਰ ਪੰਡਿਤ ਪਰਮਾਨੰਦ ਨੂੰ ਸਰਹੰਦ ਭੇਜਿਆ। ਉਸ ਨੇ ਸੂਬਾ ਸਰਹੰਦ ਨੂੰ ਖ਼ਬਰ ਦਿੱਤੀ ਕਿ ਇਸ ਵਕਤ ਗੁਰੂ ਗੋਬਿੰਦ ਸਿੰਘ ਇਕ ਪਹਾੜੀ ‟ਤੇ ਤੰਬੂ ਗੱਡ ਕੇ ਬੈਠੇ ਹਨ ਤੇ ਉਹ ਵੀ ਥੋੜ੍ਹੇ ਜਿਹੇ ਸਿੱਖਾਂ ਨਾਲ। ਇਸ ਹਾਲਾਤ ਵਿਚ ਉਨ੍ਹਾਂ ‟ਤੇ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਵਜ਼ੀਰ ਨੇ ਅਜਮੇਰ ਚੰਦ ਵੱਲੋਂ ਭੇਜੀ ਕੁਝ ਰਕਮ ਵੀ ਸੂਬੇਦਾਰ ਨੂੰ ਭੇਂਟ ਕੀਤੀ। ਇਸ ‟ਤੇ ਸੂਬਾ ਸਰਹੰਦ ਨੇ ਆਪਣੇ ਇਕ ਜਰਨੈਲ ਰੁਸਤਮ ਖ਼ਾਨ ਨੂੰ ਫ਼ੌਜ ਦੇ ਕੇ ਨਿਰਮੋਹਗੜ੍ਹ ਵੱਲ ਜਾਣ ਵਾਸਤੇ ਆਖ ਦਿੱਤਾ। ਉਧਰ ਜਦੋਂ ਭਾਈ ਚਿਤਰ ਸਿੰਘ ਤੇ ਭਾਈ ਬਚਿਤਰ ਸਿੰਘ (ਦੋਵੇਂ ਪੁੱਤਰ ਭਾਈ ਮਨੀ ਸਿੰਘ) ਨੂੰ ਪਤਾ ਲੱਗਾ ਕਿ ਰੁਸਤਮ ਖ਼ਾਨ ਨਿਰਮੋਹਗੜ੍ਹ ਵੱਲ ਚੜ੍ਹਾਈ ਕਰਨ ਟੁਰ ਪਿਆ ਹੈ ਤਾਂ ਉਨ੍ਹਾਂ ਨੇ ਤਲਵਾਰ ਦੀ ਮੁੱਠ ‟ਤੇ ਹੱਥ ਰੱਖ ਕੇ ਐਲਾਨ ਕੀਤਾ ਕਿ ਉਹ ਮੂਹਰੇ ਜਾ ਕੇ ਉਸ ਪਠਾਣ ਜਰਨੈਲ ਨਾਲ ਆਹਮੋ-ਸਾਹਮਣੇ ਹੋ ਕੇ ਹੱਥੋ-ਹੱਥ ਲੜਾਈ ਕਰਨਗੇ। 13 ਅਕਤੂਬਰ 1700 ਦੇ ਦਿਨ ਬਿਲਾਸਪੁਰ ਦੁ ਰਾਜੇ ਅਜਮੇਰ ਚੰਦ ਨੇ ਰੁਸਤਮ ਖ਼ਾਨ ਤੇ ਉਸ ਦਾ ਭਰਾ ਨਾਸਰ ਖ਼ਾਨ ਅਲੀ ਦੀਆਂ ਫ਼ੌਜਾਂ ਨੂੰ ਚਾੜ੍ਹ ਲਿਆਂਦਾ। ਉਨ੍ਹਾਂ ਨੇ ਆਉਂਦਿਆਂ ਹੀ ਨਿਰਮੋਹਗੜ੍ਹ ਦੀ ਟਿੱਬੀ ਤੋਂ ਥੋੜੀ ਦੂਰ ਇਕ ਹੋਰ ਟਿੱਬੀ (ਸ਼ਾਹੀ ਟਿੱਬੀ) ‟ਤੇ ਮੋਰਚੇ ਕਾਇਮ ਕਰ ਲਏ। ਪਲਾਂ ਵਿਚ ਹੀ ਨਾਸਰ ਖ਼ਾਨ ਨੇ ਗੁਰੂ ਜੀ ਵੱਲ ਤੋਪ ਦਾ ਗੋਲਾ ਮਾਰਿਆ। ਉਸ ਗੋਲੇ ਨਾਲ ਗੁਰੂ ਜੀ ਦਾ ਚੌਰ-ਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਸ਼ਹੀਦੀ ਪਾ ਗਿਆ। ਗੁਰੂ ਸਾਹਿਬ ਨੇ ਉਸੇ ਵੇਲੇ ਸ਼ਿਸਤ ਬੰਨ੍ਹ ਕੇ ਐਸਾ ਤੀਰ ਮਾਰਿਆ ਕਿ ਰੁਸਤਮ ਖ਼ਾਨ ਥਾਂ ‟ਤੇ ਹੀ ਮਰ ਗਿਆ। ਇਸੇ ਮਗਰੋਂ ਭਾਈ ਉਦੈ ਸਿੰਘ ਦੇ ਤੀਰ ਨਾਲ ਨਾਸਰ ਖ਼ਾਨ ਵੀ ਮਾਰਿਆ ਗਿਆ। ਦੋਹਾਂ ਭਰਾਵਾਂ ਦੇ ਮਰਨ ਮਗਰੋਂ ਵੀ ਮੁਗ਼ਲ ਫ਼ੌਜਾਂ ਪਿੱਛੇ ਨਾ ਹਟੀਆਂ ਤੇ ਆਹਮੋ-ਸਾਹਮਣੀ ਲੜਾਈ ਹੋਈ। ਸ਼ਾਮ ਤਕ ਜ਼ਬਰਦਸਤ ਜੰਗ ਹੁੰਦੀ ਰਹੀ। ਅਖ਼ੀਰ ਹੰਭ ਕੇ ਮੁਗ਼ਲ ਫ਼ੌਜਾਂ ਸਰਹੰਦ ਨੂੰ ਵਾਪਿਸ ਮੁੜ ਗਈਆਂ।

ਇਸ ਟਿੱਬੀ ਦਾ ਦੂਜਾ ਜ਼ਿਕਰ 6 ਦਸੰਬਰ 1705 ਦੀ ਤੜਕੇ ਵੇਲੇ ਦੀ ਲੜਾਈ ਦਾ ਮਿਲਦਾ ਹੈ। 3 ਮਈ 1705 ਤੋਂ 5 ਦਸੰਬਰ 1705 ਤਕ 7 ਮਹੀਨੇ ਦੇ ਬਿਲਾਸਪੁਰ ਦੇ ਰਾਜੇ ਵੱਲੋਂ ਅਨੰਦਪੁਰ ਸਾਹਿਬ ਦੇ ਘੇਰੇ ਮਗਰੋਂ ਗੁਰੁ ਜੀ ਨੇ ਅਨੰਦਪੁਰ ਛੱਡਣ ਦਾ ਫ਼ੈਸਲਾ ਕਰ ਲਿਆ।5-6 ਦਸੰਬਰ ਦੀ ਅੱਧੀ ਰਾਤ ਨੂੰ ਗੁਰੂ ਸਾਹਿਬ ਸਾਰੇ 500 ਸਿੱਖਾਂ ਦੇ ਪੰਜ ਜੱਥੇ ਬਣਾ ਕੇ ਅਨੰਦਪੁਰ ਤੋਂ ਚਲ ਪਏ। ਅਜੇ ਗੁਰੂ ਸਾਹਿਬ ਕੀਰਤਪੁਰ ਲੰਘੇ ਹੀ ਸਨ ਕਿ ਪਿੱਛੋਂ ਪਹਾੜੀ ਫ਼ੌਜਾਂ ਨੇ ਤੀਰਾਂ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਨੂੰ ਇਸ ਸ਼ਾਹੀ ਟਿੱਬੀ ਤੇ ਤਾਇਨਾਤ ਕੀਤਾ ਤੇ ਉਸ ਨਾਲ ਪੰਜਾਹ ਸਿੰਘ ਲੜਨ ਵਾਸਤੇ ਦਿੱਤੇ। ਪਿੱਛੇ ਆ ਰਹੀ ਪਹਾੜੀ ਫ਼ੌਜ ਦੀ ਧਾੜ ਨੇ ਸ਼ਾਹੀ ਟਿੱਬੀ ‟ਤੇ ਹਮਲਾ ਕਰ ਦਿੱਤਾ। ਉਦੈ ਸਿੰਘ ਅਤੇ ਉਨ੍ਹਾਂ ਦੇ ਪੰਜਾਹ ਦੇ ਪੰਜਾਹ ਸਾਥੀ ਸ਼ਹੀਦ ਹੋ ਗਏ। ਇਸ ਲੜਾਈ ਨੂੰ „ਭੱਟ ਵਹੀ ਕਰਸਿੰਧੂ‟ ਇੰਞ ਬਿਆਨ ਕਰਦੀ ਹੈ:“ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ…ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ ”. ਇਸ ਥਾਂ ‟ਤੇ ਹੁਣ ਇਕ ਗੁਰਦੁਆਰਾ ਬਣਿਆ ਹੋਇਆ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shaheed Ganj Gurdwaras

ਸ਼ਹੀਦ ਗੰਜ ਗੁਰਦੁਆਰੇ

ਸ਼ਹੀਦੀ ਅਸਥਾਨ। ਉਹ ਥਾਂ ਜਿੱਥੇ ਕਿਸੇ ਸਿੱਖ ਦੀ ਸ਼ਹੀਦੀ ਹੋਈ ਹੋਵੇ। ਅਨੰਤ ਸਿੱਖਾਂ ਦੇ ਸ਼ਹੀਦੀ ਥਾਂਵਾਂ ’ਤੇ ਸ਼ਹੀਦ ਗੰਜ, ਯਾਦਗਾਰਾਂ, ਮੰਜੀ ਸਾਹਿਬ, ਗੁਰਦੁਆਰੇ ਆਦਿ ਬਣੇ ਹੋਏ ਹਨ। ਇਨ੍ਹਾਂ ਵਿਚੋਂ ਕੁਝ ਇਹ ਹਨ: ਸਿੱਖ ਸ਼ਹੀਦਾਂ ਦੇ: (ੳ). ਅੰਮ੍ਰਿਤਸਰ: 1. ਦਰਬਾਰ ਸਾਹਿਬ ਦੇ ਸਰੋਵਰ ਦੇ ਦੱਖਣ ਵਲ ਅਨੇਕ ਸੂਰਬੀਰਾਂ ਦਾ (ਜੋ 11 ਨਵੰਬਰ 1757 ਦੇ ਦਿਨ ਸ਼ਹੀਦ ਹੋਏ ਸੀ) ਜਿਸ ਨੂੰ ਮਗਰੋਂ ਬਾਬਾ ਦੀਪ ਸਿੰਘ ਦਾ ਸ਼ਹੀਦੀ ਅਸਥਾਨ ਬਣਾ ਦਿੱਤਾ ਗਿਆ 2. ਅਕਾਲ ਬੁੰਗਾ ਦੇ ਨਾਲ ਬਾਬਾ ਗੁਰਬਖ਼ਸ਼ ਸਿੰਘ ਲੀਲ੍ਹ ਅਤੇ 30 ਸਾਥੀ ਸਿੱਖਾਂ (ਜੋ 1 ਦਸੰਬਰ 1764 ਦੇ ਦਿਨ ਸ਼ਹੀਦ ਹੋਏ ਸੀ) ਦਾ ਸ਼ਹੀਦੀ ਅਸਥਾਨ 3. ਗੁਰਦੁਆਰਾ ਰਾਮਸਰ ਦੇ ਕੋਲ ਬਾਬਾ ਦੀਪ ਸਿੰਘ ਦਾ ਸ਼ਹੀਦਗੰਜ 4. ਦਰਬਾਰ ਸਾਹਿਬ ਵਿਚ ਗੁਰੂ ਦਾ ਬਾਗ਼ ਵਿਚ ਬਾਬਾ ਬਸੰਤ ਸਿੰਘ ਤੇ ਬਾਬਾ ਹੀਰਾ ਸਿੰਘ ਦਾ (ਜੋ ਹੁਣ ਮੌਜੂਦ ਨਹੀਂ ਹੈ) 5. ਰਾਮਗੜ੍ਹੀਆ ਕਟੜਾ ਵਿਚ ਅਨੇਕ ਸਿੰਘਾਂ ਦਾ ਸ਼ਹੀਦ ਗੰਜ 6. ਜਮਾਂਦਾਰ ਖ਼ੁਸ਼ਹਾਲ ਚੰਦ ਦੀ ਹਵੇਲੀ ਕੋਲ, ਖੋਸਲਾ ਖਤਰੀਆਂ ਦੀ ਗਲੀ ਵਿਚ, ਅੰਮ੍ਰਿਤਸਰ ਦੀ ਲੜਾਈ (13 ਅਪ੍ਰੈਲ 1634) ਵਿਚ ਸ਼ਹੀਦ ਹੋਣ ਵਾਲੇ ਭਾਈ ਸਿੰਘਾ ਤੇ ਹੋਰਾਂ ਦਾ ਸ਼ਹੀਦ ਗੰਜ 7. ਅੰਮ੍ਰਿਤਸਰ-ਤਰਨਤਾਰਨ ਰੋਡ ’ਤੇ ਬਾਬਾ ਨੌਧ ਸਿੰਘ ਦਾ ਸ਼ਹੀਦ ਗੰਜ। ਇਸ ਸਾਰੇ ਰਸਤੇ ’ਤੇ 11 ਨਵੰਬਰ 1757 ਦੇ ਦਿਨ ਹਜ਼ਾਰਾਂ ਸਿੱਖ ਸ਼ਹੀਦ ਹੋਏ ਸਨ. (ਅ) ਨੂਰਦੀਨ ਪਿੰਡ ਵਿਚ: (ਗੋਇੰਦਵਾਲ-ਤਰਤਨਾਰਨ ਸੜਕ ’ਤੇ) ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਸ਼ਹੀਦ ਗੰਜ. (ੲ) ਅਨੰਦਪੁਰ ਸਾਹਿਬ ਵਿਚ: 1. ਤਾਰਾਗੜ੍ਹ (29 ਅਗਸਤ 1700) 2. ਫ਼ਤਹਿਗੜ੍ਹ (30 ਅਗਸਤ 1700) 3. ਅਗੰਮਗੜ੍ਹ (31 ਅਗਸਤ 1700) 4. ਲੋਹਗੜ੍ਹ (ਪਹਿਲੀ ਸਤੰਬਰ 1700) ਦੇ ਸ਼ਹੀਦਾਂ ਦੇ ਸ਼ਹੀਦਗੰਜ (ਜੋ ਹੁਣ ਮੌਜੂਦ ਨਹੀਂ ਹਨ). (ਸ) ਨਿਰਮੋਹਗੜ੍ਹ ਦਾ ਸ਼ਹੀਦ ਗੰਜ (8 ਤੋਂ 13 ਅਕਤੂਬਰ 1700 ਦੇ ਸ਼ਹੀਦਾਂ ਦਾ ਸ਼ਹੀਦ ਗੰਜ). (ਹ) ਸ਼ਾਹੀ ਟਿੱਬੀ ’ਤੇ (ਨੇੜੇ ਕੀਰਤਪੁਰ) ਭਾਈ ਉਦੈ ਸਿੰਘ ਤੇ 50 ਸਿੱਖਾਂ ਦਾ ਸ਼ਹੀਦਗੰਜ (ਸ਼ਹੀਦੀਆਂ 6 ਦਸੰਬਰ 1705). (ਕ) ਝੱਖੀਆਂ ਪਿੰਡ ਵਿਚ (ਨੇੜੇ ਕੀਰਤਪੁਰ) ਭਾਈ ਜੀਵਨ ਸਿੰਘ ਰੰਗਰੇਟਾ, ਬੀਬੀ ਭਿੱਖਾਂ ਤੇ 100 ਸਿੰਘਾਂ ਦਾ ਸ਼ਹੀਦਗੰਜ (ਜੋ ਅਜੇ ਤਕ ਬਣਾਇਆ ਨਹੀਂ ਗਿਆ) (ਸ਼ਹੀਦੀਆਂ 6 ਦਸੰਬਰ 1705). (ਖ) ਮਲਕਪੁਰ ਵਿਚ (ਕੀਰਤਪੁਰ-ਰੋਪੜ ਰੋਡ ’ਤੇ ਭਾਈ ਬਚਿਤਰ ਸਿੰਘ ਦੇ ਸਾਥੀ 50 ਸਿੰਘਾਂ ਦਾ ਸ਼ਹੀਦ ਗੰਜ (ਸ਼ਹੀਦੀਆਂ 6 ਦਸੰਬਰ 1705). (ਗ) ਚਮਕੌਰ ਦੀ ਗੜ੍ਹੀ ਵਿਚ ਤਿੰਨ ਪਿਆਰਿਆਂ, ਦੋ ਸਾਹਿਬਜ਼ਾਦਿਆਂ ਤੇ 40 ਮੁਕਤਿਆਂ ਦਾ ਸ਼ਹੀਦ ਗੰਜ. (ਘ) ਮੁਕਤਸਰ ਵਿਚ: ਖਿਦਰਾਣੇ ਦੀ ਢਾਬ ’ਤੇ 29 ਦਸੰਬਰ 1705 ਦੇ 40 ਮੁਕਤਿਆਂ ਦਾ ਸ਼ਹੀਦ ਗੰਜ. (ਙ) ਚੱਪੜਚਿੜੀ ਵਿਚ: 12 ਮਈ 1710 ਦੇ ਸ਼ਹੀਦਾਂ ਦਾ ਸ਼ਹੀਦਗੰਜ. (ਚ) ਸਰਹੰਦ ਵਿਚ: 1. ਭਾਈ ਸੁੱਖਾ ਸਿੰਘ ਦਾ ਸ਼ਹੀਦ ਗੰਜ, ਪੁਰਾਣੇ ਪੁਲ ਦੇ ਕੋਲ 2. ਕਈ ਸਿੰਘਾਂ ਦਾ ਸ਼ਹੀਦ ਗੰਜ ਸ਼ਾਹਬੂ ਅਲੀ ਦੇ ਮਕਬਰੇ ਕੋਲ (ਨਵੰਬਰ 1710 ਦੀਆਂ ਸ਼ਹੀਦੀਆਂ). (ਛ) ਲਾਹੌਰ ਵਿਚ: 1. ਭਾਈ ਮਨੀ ਸਿੰਘ ਦਾ ਸ਼ਹੀਦ ਗੰਜ 2. ਸਿੰਘਣੀਆਂ ਦਾ ਸ਼ਹੀਦ ਗੰਜ 3. ਭਾਈ ਤਾਰੂ ਸਿੰਘ ਦਾ ਸ਼ਹੀਦ ਗੰਜ ਤੇ ਹੋਰ ਕਈ ਜਗਹ ਸ਼ਹੀਦ ਸਿੰਘਾਂ ਦੇ ਸ਼ਹੀਦ ਗੰਜ। ਇਨ੍ਹਾਂ ਵਿਚੋਂ ਕਈ ਅਜੇ ਤਕ ਮੌਜੂਦ ਹਨ, ਪਰ ਕਈ ਢਹਿ ਚੁਕੇ ਹਨ ਜਾਂ ਖ਼ਤਮ ਕੀਤੇ ਜਾ ਚੁਕੇ ਹਨ. ਹੋਰ ਵੇਖੋ: ਸ਼ਹੀਦ ਅਸਥਾਨ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shahdara

ਸ਼ਾਹਦਰਾ

ਸ਼ਾਹਦਰਾ (ਫ਼ਾਰਸੀ) ਦਾ ਅਰਥ ਹੈ: ਸ਼ਾਹ (ਬਾਦਸ਼ਾਹ) ਦਾ ਦਰ (ਦਰਵਾਜ਼ਾ), ਸ਼ਾਹੀ ਦਰਵਾਜ਼ਾ (ਕਿਸੇ ਵੱਡੇ ਸ਼ਹਿਰ ਵਿਚ ਬਾਦਸ਼ਾਹ ਦੇ ਦਾਖ਼ਲ ਹੋਣ ਤੋਂ ਪਹਿਲਾਂ ਦਾ ਪੜਾਅ), ਯਾਨਿ ਸ਼ਾਹੀ ਰਸਤਾ। ਇਹ ਪੜਾਅ ਦਰਿਆ ਪਾਰ ਕਰਨ ਤੋਂ ਪਹਿਲਾਂ ਦਾ ਹੁੰਦਾ ਸੀ.

ਤਵਾਰੀਖ਼ ਵਿਚ ਇਹ ਨਾਂ ਮੁਖ ਤੌਰ ’ਤੇ ਦੋ ਨਗਰਾਂ (ਮੁਗ਼ਲਾਂ ਦੀਆਂ ਰਾਜਧਾਨੀਆਂ) ਦੇ ਪੜਾਵਾਂ (ਲਾਹੌਰ ਅਤੇ ਦਿੱਲੀ) ਵਾਸਤੇ ਵਰਤਿਆ ਗਿਆ ਮਿਲਦਾ ਹੈ: ਲਾਹੌਰ ਦਾ ਸ਼ਾਹਦਰਾ ਰਾਵੀ ਦਰਿਆ ਦੇ ਕੰਢੇ ਦਾ ਇਲਾਕਾ ਸੀ। ਇੱਥੇ ਸ਼ਾਹਜਹਾਨ ਨੇ ਜਹਾਂਗੀਰ (ਬਾਦਸ਼ਾਹਤ 1605-1627) ਦਾ ਮਕਬਰਾ ਬਣਵਾਇਆ ਸੀ (ਮਗਰੋਂ ਉਸ ਦੀ ਬੇਗ਼ਮ ਨੂਰ ਜਹਾਂ ਦਾ ਮਕਬਰਾ ਵੀ ਏਥੇ ਹੀ ਬਣਾਇਆ ਗਿਆ ਸੀ)। ਵਕਤ ਬੀਤਣ ਨਾਲ ਇਸ ਦੇ ਦੁਆਲੇ ਵਸੋਂ ਹੋਣ ਲਗ ਪਈ। ਫਿਰ ਇੱਥੇ ਸ਼ਾਹਦਰਾ ਬਾਗ਼, ਅਕਬਰੀ ਸਰਾਂ ਬਣੇ। ਹੌਲੀ ਹੌਲੀ ਇਹ ਵੱਡੀ ਬਸਤੀ ਬਣ ਗਿਆ। ਦਿੱਲੀ ਦਾ ਸ਼ਾਹਦਰਾ 16ਵੀਂ ਸਦੀ ਵਿਚ ਮੇਰਠ ਅਤੇ ਦਿੱਲੀ ਦੇ ਰਸਤੇ ਵਿਚ, ਜਮਨਾ ਦਰਿਆ ਦੇ ਕੰਢੇ ਤੇ ਇਕ ਬਾਜ਼ਾਰ ਵਜੋਂ ਸ਼ੁਰੂ ਹੋਇਆ ਸੀ। ਹੁਣ ਇਹ ਬਹੁਤ ਵੱਡੀ ਮੰਡੀ ਬਣ ਚੁਕਾ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shahbad Markanda

ਸ਼ਾਹਬਾਦ ਮਾਰਕੰਡਾ

ਹਰਿਆਣਾ ਵਿਚ ਜ਼ਿਲ੍ਹਾ ਕੁਰੂਕਸ਼ੇਤਰ ਵਿਚ, ਮਾਰਕੰਡਾ ਦਰਿਆ ਦੇ ਕੰਢੇ (ਅੰਬਾਲਾ ਤੋਂ 20 ਅਤੇ ਕੁਰੂਕਸ਼ੇਤਰ ਤੋਂ 22 ਕਿਲੋਮੀਟਰ ਦੂਰ) ਇਕ ਨਗਰ। ਇਕ ਰਿਵਾਇਤ ਮੁਤਾਬਿਕ 1192 ਵਿਚ ਸ਼ਹਾਬੁੱਦੀਨ ਮੁਹੰਮਦ ਗ਼ੌਰੀ ਨੇ ਤਰਾਇਨ (ਤਰਾਵੜੀ) ਦੀ ਲੜਾਈ ਜਿੱਤਣ ਮਗਰੋਂ ਕੁਤਬਦੀਨ ਐਬਕ ਰਾਹੀਂ ਇਹ ਨਗਰ ਵਸਾਇਆ ਸੀ। ਇਸ ਨਗਰ ਵਿਚ ਇਕ ਸਰਾਂ ਵੀ ਕਾਇਮ ਕੀਤੀ ਗਈ ਸੀ, ਜਿਸ ਵਿਚ ਬਾਦਸ਼ਾਹ ਤੇ ਜਰਨੈਲ ਠਹਿਰਿਆ ਕਰਦੇ ਸੀ। ਜਦੋਂ ਬਾਬਰ ਨੇ ਹਿੰਦ ’ਤੇ ਹਮਲਾ ਕੀਤਾ ਤਾਂ ਇੱਥੋਂ ਦੇ ਲੋਕਾਂ ਨੇ ਇਬਰਾਹੀਮ ਲੋਧੀ ਦੀ ਮਦਦ ਕੀਤੀ। ਬਾਬਰ ਨੇ ਗੁੱਸੇ ਵਿਚ ਆ ਕੇ ਇਸ ਨਗਰ ਦੀ ਬਹੁਤ ਤਬਾਹੀ ਕੀਤੀ ਸੀ। 1710 ਵਿਚ ਬੰਦਾ ਸਿੰਘ ਬਹਾਦਰ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਮਗਰੋਂ ਇਸ ’ਤੇ ਫਿਰ ਮੁਗ਼ਲ ਕਾਬਜ਼ ਹੋ ਗਏ ਸਨ। 1757 ਵਿਚ ਦਸੌਂਧਾ ਸਿੰਘ ਤੇ ਸੰਗਤ ਸਿੰਘ (ਨਿਸ਼ਾਨਵਾਲੀਆ ਮਿਸਲ) ਨੇ ਇਸ ’ਤੇ ਕਬਜ਼ਾ ਕਰ ਲਿਆ। ਮਗਰੋਂ 22 ਮਈ 1791 ਦੇ ਦਿਨ ਬਘੇਲ ਸਿੰਘ ਤੇ ਕਰਮ ਸਿੰਘ (ਨਿਸ਼ਾਨਵਾਲੀਆ ਮਿਸਲ) ਨੇ ਇਸ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਇੱਥੋਂ ਦੀ ਸ਼ਾਹੀ ਮਸਜਿਦ (ਕਿਹਾ ਜਾਂਦਾ ਹੈ ਕਿ ਇਸ ਮਸਜਿਦ ਨੂੰ ਸ਼ਾਹਜਹਾਨ ਨੇ 1630 ਵਿਚ ਬਣਵਾਇਆ ਸੀ) ਨੂੰ ਗੁਰਦੁਆਰੇ ਵਿਚ ਬਦਲ ਦਿੱਤਾ ਸੀ ਤੇ ਇਸ ਦਾ ਨਾਂ ਗੁਰਦੁਆਰਾ ਮਸਤਗੜ੍ਹ ਰਖ ਦਿੱਤਾ ਸੀ। 1823 ਵਿਚ ਇਹ ਛੋਟੀ ਜਹੀ ਰਿਆਸਤ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਈ ਸੀ.

ਗੁਰਦੁਆਰਾ ਸ਼ਾਹਬਾਦ ਮਾਰਕੰਡਾ

(ਡਾ. ਹਰਜਿੰਦਰ ਸਿੰਘ ਦਿਲਗੀਰ)

Shah Sharaf

ਸ਼ਾਹ ਸ਼ਰਫ਼ (ਪਾਨੀਪਤ)

ਗਿਆਨੀ ਗਿਆਨ ਸਿੰਘ ਮੁਤਾਬਿਕ ਸ਼ਾਹ ਸ਼ਰਫ਼ ਇਕ ਫਕੀਰ ਸੀ ਜੋ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ; ਗੁਰੂ ਜੀ ਨੇ ਉਸ ਨਾਲ ਫ਼ਾਰਸੀ ਵਿਚ ਗਲਬਾਤ ਕਰ ਕੇ ਉਸ ਦੀ ਨਿਸ਼ਾ ਕੀਤੀ ਸੀ। ਗੁਰੂ ਨਾਨਕ ਸਾਹਿਬ ਵੇਲੇ ਇਸ ਨਾਂ ਦਾ ਕੋਈ ਵੀ ਸੂਫ਼ੀ ਨਹੀਂ ਸੀ। ਹਾਂ ਪਾਨੀਪਤ (ਹਰਿਆਣਾ) ਵਿਚ ਕਦੇ ਇਸ ਨਾਂ ਦਾ ਇਕ ਫ਼ਕੀਰ (ਸ਼ੇਖ਼ ਸ਼ਰਫ਼ਉਦੀਨ, 1209-1324) ਜ਼ਰੂਰ ਪੈਦਾ ਹੋਇਆ ਸੀ । ਉਸ ਦਾ ਮਜ਼ਾਰ ਪਾਨੀਪਤ ਦੇ ਕਲੰਦਰ ਚੌਕ ਵਿਚ ਬਣਿਆ ਹੋਇਆ ਹੈ। ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਉਸ ਦੇ ਕਿਸੇ ਗੱਦੀਦਾਰ ਨਾਲ ਧਰਮ ਚਰਚਾ ਕੀਤੀ ਹੋਵੇ. (ਤਸਵੀਰ: ਸ਼ੇਖ਼ ਸ਼ਰਫ਼ਉਦੀਨ ਦਾ ਨਜ਼ਾਰ):

ਸ਼ਾਹ ਸ਼ਰਫ਼ (ਬਟਾਲਾ)
ਸ਼ਾਹ ਸ਼ਰਫ਼ (1640-1724) ਇਕ ਸੂਫ਼ੀ ਕਵੀ ਸੀ, ਜੋ ਬਟਾਲਾ (ਗੁਰਦਾਸਪੁਰ) ਦਾ ਰਹਿਣ ਵਾਲਾ ਸੀ। ਉਸ ਦੇ ਦਾਦਾ ਇਕ ਸਰਕਾਰੀ ਕਾਨੂੰਨਗੋ ਸਨ, ਜੋ ਹਿੰਦੂ ਤੋਂ ਮੁਸਲਮਾਨ ਬਣੇ ਸਨ। ਲਾਹੌਰ ਵਾਸੀ ਸ਼ੇਖ਼ ਮੁਹੰਮਦ ਫ਼ਾਜ਼ਿਲ, ਜੋ ਕਾਦਰੀ ਸੱਤਾਰੀ ਫ਼ਿਰਕੇ ਦੇ ਸਨ, ਉਸ ਨੂੰ ਸੂਫ਼ੀ ਧਾਰਾ ਵਿਚ ਲੈ ਕੇ ਆਏ ਸਨ। ਉਸ ਨੇ ਬਹੁਤ ਸਾਰੇ ਦੋਹੜੇ ਤੇ ਕਾਫ਼ੀਆਂ ਦੀ ਰਚਨਾ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਜਿਵੇਂ ਬੀਜ ਬੂਟਾ ਬਣਨ ਵਾਸਤੇ ਆਪਣੇ ਆਪ ਨੂੰ ਖ਼ਤਮ ਕਰ ਲੈਂਦਾ ਹੈ, ਉਵੇਂ ਹੀ ਬੰਦੇ ਨੂੰ ਖ਼ੁਦ ਨੂੰ ਖ਼ਤਮ ਕਰ ਕੇ ਰੱਬ ਵਿਚ ਲੀਨ ਹੋ ਜਾਣਾ ਚਾਹੀਦਾ ਹੈ। ਇਹੀ ਅਸਲ ਰੂਹਾਨੀਅਤ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Siaharh village (Ludhiana)

ਸਿਆਹੜ

ਜ਼ਿਲ੍ਹਾ ਲੁਧਿਆਣਾ ਵਿਚ (ਮੰਡੀ ਅਹਿਮਦਗੜ੍ਹ ਤੋਂ 11 ਕਿਲੋਮੀਟਰ ਦੂਰ) ਇਕ ਪਿੰਡ, ਜਿੱਥੇ ਗੁਰੁੂ ਹਰਗੋਬਿੰਦ ਸਾਹਿਬ ਰਾੜਾ ਤੋਂ ਜਗੇੜ੍ਹਾ ਜਾਂਦੇ ਰੁਕੇ ਸਨ। ਮੁਕਾਮੀ ਰਿਵਾਇਤ ਮੁਤਾਬਿਕ ਏਥੇ ਗੁਰੂ ਜੀ ਦਾ ਘੋੜਾ ਬੀਮਾਰ ਹੋ ਗਿਆ ਤੇ ਗੁਰੂ ਜੀ ਨੂੰ ਰੁਕਣਾ ਪੈ ਗਿਆ, ਪਰ ਘੋੜੇ ਦੀ ਮੌਤ ਹੋ ਗਈ ਤੇ ਉਸ ਨੂੰ ਏਥੇ ਹੀ ਜ਼ਮੀਨ ਵਿਚ ਦਬਾ ਦਿੱਤਾ ਗਿਆ। ਪਿੰਡ ਦੇ ਬਾਹਰਵਾਰ ਗੁਰੂ ਜੀ ਦੀ ਯਾਦ ਵਿਚ ‘ਗੁਰਦੁਆਰਾ ਪਾਤਸ਼ਾਹੀ ਛੇਵੀਂ’ ਬਣਿਆ ਹੋਇਆ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shital Kund Gurdwara (Rajgir, Bihar)

ਸੀਤਲ ਕੁੰਡ ਗੁਰਦੁਆਰਾ

ਬਿਹਾਰ ਦੇ ਨਗਰ ਰਾਜਗੀਰ (ਪਟਨਾ ਤੋਂ 93 ਕਿਲੋਮੀਟਰ ਦੂਰ) ਵਿਚ ਇਕ ਗੁਰਦੁਆਰੇ ਦਾ ਨਾਂ। ਆਪਣੀ ਪਹਲੀ ਉਦਾਸੀ ਦੌਰਾਨ, 1509 ਦੀਆਂ ਗਰਮੀਆਂ ਵਿਚ, ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਹਾਜੀਪੁਰ- ਪਟਨਾ ਤੋਂ ਚਲ ਕੇ, ਪਰਾਚੀਨ ਨਗਰਾਂ ਰਾਜ ਗ੍ਰਿਹ (ਹੁਣ ਇਸ ਨੂੰ ਰਾਜ ਗੀਰ ਕਹਿੰਦੇ ਹਨ) ਅਤੇ ਮੁੰਗੇਰ ਵੀ ਗਏ ਸਨ। ਰਾਜਗੀਰ ਮਗਧ/ਮੌਰੀਆ ਰਾਜ ਦੀ ਪਹਿਲੀ ਰਾਜਧਾਨੀ ਸੀ (ਮਗਰੋਂ ਅਜਾਤ ਛਤਰੂ ਨੇ ਪਾਟਲੀਪੁਤਰ/ਪਟਨਾ ਨੂੰ ਰਾਜਧਾਨੀ ਬਣਾ ਲਿਆ ਸੀ)। ਏਥੇ ਰਾਜਿਆਂ ਦੇ ਮਹਿਲ ਹੋਣ ਕਰ ਕੇ ਇਸ ਦਾ ਨਾਂ ਰਾਜ ਗ੍ਰਹਿ ਬਣ ਗਿਆ ਸੀ। ਹੁਣ ਇਹ ਇਕ ਨਿੱਕਾ ਜਿਹਾ ਕਸਬਾ ਹੈ ਪਰ ਇਥੇ ਬਹੁਤ ਸਾਰੀਆਂ ਪ੍ਰਾਚੀਨ ਇਮਾਰਤਾਂ ਮੌਜੂਦ ਹਨ।ਰਾਜਗੀਰ ਵਿਚ ਬਿੰਬਸਾਰ ਰਾਜੇ ਦਾ ਕਿਲ੍ਹਾ, ਅਜਾਤ ਛਤਰੂ ਰਾਜੇ ਦੀ ਜੇਲ੍ਹ (ਜਿਸ ਵਿਚ ਉਸ ਨੇ ਆਪਣੇ ਪਿਤਾ ਬਿੰਬਸਾਰ ਨੂੰ ਕੈਦ ਰੱਖਿਆ ਸੀ) ਤੇ ਬੋਧੀਆਂ ਦਾ ਪ੍ਰਾਚੀਨ ਮੱਠ, ਪਿਪਲੀ ਕਾਵਾ, ਗਿਰਝਾਂ ਦੀ ਚੋਟੀ (ਵਲਚਰਜ਼ ਪੀਕ) ਵਗ਼ੈਰਾ ਵੇਖਣ ਵਾਲੀਆਂ ਥਾਵਾਂ ਹਨ। ਰਾਜਗੀਰ ਵਿਚ ਹਿੰਦੂਆਂ ਦਾ ‘ਤਪੋਬਨ ਤੀਰਥ’ ਹੈ ਜਿੱਥੇ ਇਕ ਗਰਮ ਪਾਣੀ ਦਾ ਚਸ਼ਮਾ ‘ਬ੍ਰਹਮ ਕੁੰਡ’ ਵੀ ਹੈ ਜਿਸ ਵਿਚ ਅਜ-ਕਲ੍ਹ ਮੁਸਲਮਾਨਾਂ ਅਤੇ ਈਸਾਈਆਂ ਦੇ ਜਾਣ ਦੀ ਮਨਾਹੀ ਕੀਤੀ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਇਸ ਕੁੰਡ ਦੇ ਨੇੜੇ ਬੈਠ ਕੇ ਲੋਕਾਂ ਨੂੰ ਸੱਚ ਧਰਮ ਦਾ ਰਸਤਾ ਦੱਸਿਆ ਸੀ। ਰਾਜਗੀਰ ਵਿਚ ਸਿੱਖਾਂ ਨਾਲ ਸਬੰਧਤ ਦੋ ਜਗਹ ਹਨ: ਇਕ ਬ੍ਰਹਮ ਕੁੰਡ ਦੇ ਨੇੜੇ ਸੀਤਲ ਕੁੰਡ ਗੁਰਦੁਆਰਾ ਜੋ ਨਿਰਮਲਿਆਂ ਦੇ ਕਬਜ਼ੇ ਵਿਚ ਹੈ ਅਤੇ ਇਸ ਤੋਂ ਦੋ ਕੂ ਸੌ ਮੀਟਰ ਦੂਰ ਇਕ ਲੋਕਲ ਗੁਰਦੁਆਰਾ ਵੀ ਬਣਿਆ ਹੋਇਆ ਹੈ ਜੋ ਇਕ ਰੀਟਾਈਰਡ ਫ਼ੌਜੀ ਨੇ ਇਕੱਲੇ ਨੇ ਬਣਾਇਆ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shish Mahal

ਸ਼ੀਸ਼ ਮਹਲ

ਇਸ ਦਾ ਅਰਥ ਹੈ: ਵੱਡਾ ਅਤੇ ਖ਼ੂਬਸੂਰਤ ਮਹਲ (ਮਕਾਨ) ਜਿਸ ਵਿਚ ਕੰਧਾਂ ਅਤੇ ਛੱਤ ਆਦਿ ਵਿਚ ਸ਼ੀਸੇ ਜੜੇ ਹੋਣ.

1. ਲਾਹੌਰ ਦੇ ਸਾਹੀ ਕਿਲ੍ਹੇ ਵਿਚ ਬਾਦਸ਼ਾਹ ਦੇ ਨਿਜ ਵਾਸਤੇ ਰਹਿਣ ਦੀ ਥਾਂ, ਜਿਸ ਨੂੰ ਸ਼ਾਹ ਜਹਾਨ ਨੇ 1631-32 ਵਿਚ ਬਣਵਾਇਆ ਸੀ। 1975 ਤੋਂ ਇਹ ਯੂਨੈਸਕੋ ਦੇ ‘ਵਰਲਡ ਹੈਰੀਟੇਜ ਸਾਈਟਜ਼’ ਵਿਚ ਸ਼ਾਮਿਲ ਹੈ

2. ਪਟਿਆਲਾ ਵਿਚ ਮੋਤੀ ਮਹਿਲ ਦੇ ਪਿੱਛੇ ਮਹਾਰਾਜਾ ਨਰਿੰਦਰ ਸਿੰਘ ਨੇ ਇਹ ਖ਼ੂਬਸੂਰਤ ਇਮਾਰਤ 1847 ਵਿਚ ਬਣਵਾਈ ਸੀ। ਇਸ ਵਿਚ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਪਈਆਂ ਹੋਈਆਂ ਹਨ ਜਿਨ੍ਹਾਂ ਵਿਚ 12ਵੀਂ ਤੋਂ 20ਵੀਂ ਸਦੀ ਤਕ ਦੇ, ਦੁਨੀਆਂ ਭਰ ਦੇ ਵੱਖ-ਵੱਖ ਮੁਲਕਾਂ ਦੇ 3200 ਕੀਮਤੀ ਮੈਡਲ ਵੀ ਹਨ। ਇਨ੍ਹਾਂ ਨੂੰ ਰਾਜਿਆਂ ਭੂਪਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਇਕਠਾ ਕਤਿਾ ਸੀ। ਇੱਥੇ ਬਹੁਤ ਸਾਰੇ ਪ੍ਰਾਚੀਨ ਸਿੱਕੇ, ਹਾਥੀ ਦੰਦ ਦੀਆਂ ਵਸਤਾਂ ਤੇ ਹਰ ਬਹੁਤ ਕੀਮਤੀ ਚੀਜ਼ਾਂ ਵੀ ਸਾਂਭੀਆਂ ਪਈਆਂ ਹਨ। ਇਸ ਵਿਚ ਇਕ ਨਿੱਕੀ ਜਹੀ ਨਕਲੀ ਝੀਲ ਤੇ ਉਸ ’ਤੇ ਬਣਿਆ ਇਕ ਝੂਲਾ ਪੁਲ ਵੀ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Shish Mahal Gurdwara

ਸ਼ੀਸ਼ ਮਹਿਲ ਗੁਰਦੁਆਰਾ

ਪੰਜਾਬ ਵਿਚ ਇਸ ਨਾਂ ਦੇ ਦੋ ਗੁਰਦੁਆਰੇ ਹਨ:

1. ਕਰਤਾਰਪੁਰ (ਜਲੰਧਰ) ਦਾ ਸ਼ੀਸ਼ ਮਹਲ ਗੁਰਦੁਆਰਾ: ਇਹ ਗੁਰੂ ਅਰਜਨ ਸਾਹਿਬ ਦਾ ਘਰ ਸੀ। ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਸਾਹਿਬ ਵੀ ਕੁਝ ਸਮਾਂ ਇਥੇ ਰਹਿੰਦੇ ਰਹੇ ਸਨ। 1635 ਤੋਂ ਮਗਰੋਂ ਇਸ ਜਗਹ ਦਾ ਕਬਜ਼ਾ ਧੀਰਮੱਲ ਦੇ ਵਾਰਿਸਾਂ ਕੋਲ ਸੀ। ਵਡਭਾਗ ਸਿੰਘ ਦੀ ਮੌਤ ਮਗਰੋਂ ਇਸ ਖ਼ਾਨਦਾਨ ਦਾ ਕੋਈ ਵਾਰਿਸ ਨਹੀਂ ਰਿਹਾ; ਪਰ ਇਸ ’ਤੇ ਕਾਬਜ਼ ਇਕ ਸੋਢੀ ਪਰਵਾਰ ਆਪਣੇ ਆਪ ਨੂੰ ਇਸ ਪਰਵਾਰ ਵੱਲੋਂ ਮੁਤਬੰਨਾ ਬਣਾਏ ਜਾਣ ਦਾ ਦਾਅਵਾ ਕਰਦਾ ਹੈ। ਭਾਈ ਗੁਰਦਾਸ ਦਾ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਇਥੇ ਹੀ ਰਿਹਾ ਸੀ। 1757 ਵਿਚ ਅਹਿਮਦ ਸ਼ਾਹ ਦੁੱਰਾਨੀ ਦੇ ਪੁੱਤਰ ਤੈਮੂਰ ਨੇ ਇਸ ਨਗਰ ’ਤੇ ਹਮਲਾ ਕਰ ਕੇ ਇਸ ਨੂੰ ਸਾੜ ਦਿੱਤਾ ਸੀ, ਜਿਸ ਨਾਲ ਇਸ ਸਰੂਪ ਵੀ ਸੜ ਗਿਆ ਸੀ। ਮਗਰੋਂ ਧੀਰਮੱਲੀਆਂ ਨੇ ਕੁਝ ਸਰੂਪ ਇਕੱਠੇ ਕਰ ਕੇ ਏਥੇ ਰੱਖ ਲਏ ਸਨ ਅਤੇ ਉਹ ਇਨ੍ਹਾਂ ਨੂੰ ਪਹਿਲਾ ਸਰੂਪ ਕਹਿ ਕੇ ਲੋਕਾਂ ਨੂੰ ਭੁਲੇਖੇ ਵਿਚ ਪਾਉਂਦੇ ਰਹੇ ਸਨ। ਇੱਥੇ ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿਦ ਸਾਹਿਬ, ਗੁਰੂ ਹਰਿ ਰਾਇ ਸਾਹਿਬ ਅਤੇ ਬਾਬਾ ਗੁਰਦਿੱਤਾ ਦੀਆਂ ਕੁਝ ਯਾਦਗਾਰੀ ਚੀਜ਼ਾਂ ਪਈਆਂ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ.

2. ਕੀਰਤਪੁਰ ਸਾਹਿਬ ਦਾ ਸ਼ੀਸ਼ ਮਹਲ ਗੁਰਦੁਆਰਾ: ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿ ਰਾਇ ਸਾਹਿਬ ਇੱਥੇ ਰਹੇ ਸਨ। ਗੁਰੂ ਹਰਿ ਰਾਇ ਸਾਹਿਬ ਦਾ ਜਨਮ ਇਥੇ ਹੀ ਹੋਇਆ ਸੀ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਵੀ ਇੱਥੇ ਹੀ ਹੋਇਆ ਸੀ, ਜਦ ਕਿ ਤਵਾਰੀਖ਼ ਦਸਦੀ ਹੈ ਕਿ ਗੁਰੂ ਹਰ ਰਾਇ ਸਾਹਿਬ 1645 ਤੋਂ 1657 ਤਕ ਹਿਮਾਂਚਲ ਦੀ ਨਾਹਨ ਰਿਆਸਤ ਦੇ ਪਿੰਡ ਥਾਪਲ (ਪੁਰਾਣੀ ਰਿਆਸਤ ਨਾਹਨ ਦਾ ਇਕ ਪਿੰਡ) ਰਹੇ ਸਨ।ਇਸ ਕਰ ਕੇ ਉਨ੍ਹਾਂ ਦਾ ਜਨਮ ਉੱਥੇ ਹੀ ਹੋਇਆ ਹੋਵੇਗਾ.

(ਗੁਰਦੁਆਰਾ ਸ਼ੀਸ਼ ਮਹਲ, ਕੀਰਤਪੁਰ)

(ਡਾ. ਹਰਜਿੰਦਰ ਸਿੰਘ ਦਿਲਗੀਰ)

Shergarh (Firozpur)

ਸ਼ੇਰਗੜ੍ਹ

ਫ਼ੀਰੋਜ਼ਪੁਰ-ਫ਼ਾਜ਼ਿਲਕਾ ਰੋਡ ’ਤੇ, ਜਲਾਲਾਬਾਦ ਤੋਂ ਤਕਰੀਬਨ 10 ਕੁ ਕਿਲੋਮੀਟਰ ਦੂਰ ਇਕ ਪਿੰਡ। ਇਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਸੰਬਰ 1705 ਵਿਚ ਦੀਨਾ ਕਾਂਗੜ ਤੋਂ ਤਲਵੰਡੀ ਸਾਬੋ ਜਾਂਦਿਆਂ ਇੱਥੇ ਰੁਕੇ ਸਨ। ਇੱਥੇ ਫੱਤੂ ਤੇ ਸੰਮੂ ਨਾਂ ਦੇ ਦੋ ਡੋਗਰ ਭਰਾਵਾਂ ਦੀ ਜ਼ਮੀਨ ਉੱਤੇ ਦੋ ਟਾਹਲੀਆਂ ਸਨ ਜਿਨ੍ਹਾਂ ਹੇਠ ਗੁਰੁ ਜੀ ਬੈਠੇ ਸਨ। ਡੋਗਰ ਭਰਾਵਾਂ ਨੇ ਗੁਰੁ ਜੀ ਨੂੰ ਲੁੰਗੀ ਤੇ ਖੇਸ ਭੇਟ ਕੀਤਾ ਸੀ, ਜੋ ਇਲਾਕੇ ਦੀ ਸੁਗਾਤ ਮੰਨੇ ਜਾਂਦੇ ਸਨ। ਪਹਿਲਾਂ ਇਸ ਜਗਹ ਨਿੱਕਾ ਜਿਹਾ ਮੰਜੀ ਸਾਹਿਬ ਸੀ, ਪਰ ਹੁਣ ਇੱਥੇ ਬਹੁਤ ਵੱਡਾ ਗੁਰਦੁਆਰਾ ਉਸਰ ਚੁਕਾ ਹੈ। ਗੁਰੂ ਜੀ ਦੇ ਇਸ ਜਗਹ ਆਉਣ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਜਗਹ ਦੀਨਾ ਕਾਂਗੜ ਤੋਂ ਤਲਵੰਡੀ ਸਾਬੋ ਦੇ ਰਸਤੇ ਤੋਂ ਬਹੁਤ ਦੂਰ ਪੈਂਦੀ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Singhpura Village

ਸਿੰਘਪੁਰਾ

ਅੰਮ੍ਰਿਤਸਰ-ਖੇਮਕਰਨ ਮਾਰਗ ’ਤੇ (ਪੱਟੀ ਤੋਂ 22, ਅੰਮ੍ਰਿਤਸਰ ਤੋਂ 33 ਕਿਲੋਮੀਟਰ ਦੂਰ), ਜ਼ਿਲ੍ਹਾ ਤਰਨਤਾਰਨ ਦੀ ਪੱਟੀ ਤਹਿਸੀਲ ਦਾ ਇਕ ਨਿੱਕਾ ਜਿਹਾ ਪਿੰਡ। ਸਤਾਰ੍ਹਵੀਂ ਸਦੀ ਵਿਚ ਇਸ ਦਾ ਨਾਂ ਇਸ ਦੇ ਮਾਲਕ ਫ਼ੈਜ਼ੁਲਾ ਬੇਗ਼ ਦੇ ਨਾਂ ’ਤੇ ਫ਼ੈਜ਼ਲਾਪੁਰ ਜਾਣਿਆ ਜਾਂਦਾ ਸੀ। ਗੁਜਰਾਂਵਾਲਾ ਜ਼ਿਲ੍ਹੇ ਦੇ ਪਿਂੰਡ ਠਾਕਰੋਂ ਦੇ ਨੀਲੂ ਸਿੰਘ ਵਿਰਕ (ਪੁਤਰ ਮੱਲ ਸਿੰਘ) ਨੇ ਇਹ ਜਗਹ ਫ਼ੈਜ਼ੁਲਾ ਬੇਗ਼ ਤੋਂ ਉਦੋਂ ਦੇ ਛੇ ਸੌ ਰੁਪੈ ਦੇ ਕੇ ਖ਼ਰੀਦ ਲਈ ਤੇ ਏਥੇ ਵਸ ਗਿਆ। 1730ਵਿਆਂ ਵਿਚ ਸ਼ੇਖ਼ੂਪੁਰਾ ਜ਼ਿਲ੍ਹਾ ਦੇ ਪਿੰਡ ਕਾਲੇਕੇ ਦੇ ਦਲੀਪ ਸਿੰਘ ਵਿਰਕ ਦੇ ਪੁੱਤਰ ਨਵਾਬ ਕਪੂਰ ਸਿੰਘ ਨੇ ਇਸ ’ਤੇ ਕਬਜ਼ਾ ਕਰ ਲਿਆ ਅਤੇ ਇਸ ਦਾ ਨਾਂ ਸਿੰਘਪੁਰਾ ਰਖ ਦਿੱਤਾ। ਕਪੂਰ ਸਿੰਘ ਦੀ ਮੌਤ ਅੱਸੂ ਸੁਦੀ 11 ਸੰਮਤ 1810 (7 ਅਕਤੂਬਰ 1753) ਦੇ ਦਿਨ ਹੋਈ ਸੀ। ਪਿੰਡ ਵਿਚ ਉਸ ਦੀ ਯਾਦਗਾਰ ਬਣੀ ਹੋਈ ਹੈ। ਪਿੰਡ ਵਿਚ ਉਸ ਦੀ ਯਾਦ ਵਿਚ ਹਰ ਸਾਲ ਅੱਸੂ ਸੁਦੀ 9 ਤੋਂ 11 ਤਾਰੀਖ਼ ਤਕ ਭਾਰੀ ਮੇਲਾ ਲਗਦਾ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Simla

ਸ਼ਿਮਲਾ

ਕਾਲਕਾ ਤੋਂ 88 (ਚੰਡੀਗੜ੍ਹ ਤੋਂ 116 ਤੇ ਦਿੱਲੀ ਤੋਂ 350) ਕਿਲੋਮੀਟਰ ਦੂਰ, ਸਮੁੰਦਰ ਦੇ ਤਲ ਤੋਂ 7238 ਫੁੱਟ ਦੀ ਉਚਾਈ ’ਤੇ (ਜਾਖੂ ਦੀ ਉਚਾਈ 8051 ਫੁੱਟ), ਹਿਮਾਂਚਲ ਦੀ ਰਾਜਧਾਨੀ ਸ਼ਿਮਲਾ ਦੋ ਸੌ ਸਾਲ ਪਹਿਲਾਂ ਇਕ ਨਿੱਕਾ ਜਿਹਾ ਪਿੰਡ ਸੀ।(ਇਕ ਰਿਵਾਇਤ ਅਨੁਸਾਰ ਇਸ ਦਾ ਨਾਂ ਮਿਥਹਾਸਕ ਦੇਵੀ ਕਾਲੀ ਦੀ ਅਵਤਾਰ ਸ਼ਿਆਮਲਾ ਦੇਵੀ ਦੇ ਨਾਂ ਤੋਂ ਬਣਿਆ ਸੀ)। 1806 ਵਿਚ ਇਸ ਇਲਾਕੇ ’ਤੇ ਨੈਪਾਲ ਦੇ ਗੋਰਖਾ ਜਰਨੈਲ ਭੀਮ ਸੈਨ ਥਾਪਾ ਨੇ ਕਬਜ਼ਾ ਕਰ ਲਿਆ ਸੀ। ਮਈ 1815 ਵਿਚ ਅੰਗਰੇਜ਼ਾਂ ਨੇ ਡੇਵਿਡ ਆਕਤਰਲੋਨੀ ਦੀ ਅਗਵਾਈ ਵਿਚ ਇਸ ’ਤੇ ਕਬਜ਼ਾ ਕਰ ਲਿਆ। ਅੰਗਰੇਜ਼ਾਂ ਨੂੰ ਇੱਥੋਂ ਦਾ ਮੌਸਮ ਇੰਗਲੈਂਡ ਵਰਗਾ ਲੱਗਿਆ ਇਸ ਕਰ ਕੇ ਉਨ੍ਹਾਂ ਨੇ ਇਸ ਜਗ੍ਹਾ ਨੂੰ ਵਸਾਉਣ ਦਾ ਫ਼ੈਸਲਾ ਕੀਤਾ। 1815 ਵਿਚ ਸਕਾਟਲੈਂਡ ਦੇ ਚਾਰਲਸ ਪਰੱਟ ਕੈਨੇਡੀ ਨੇ ਇੱਥੇ ਪਹਿਲੀ ਪੱਕੀ ਇਮਾਰਤ ਬਣਾਈ ਸੀ (ਜੋ ਹੁਣ ਅਸੈਂਬਲੀ ਦੀ ਇਮਾਰਤ ਹੈ)। 1826 ਤੋਂ ਕੋਈ-ਕੋਈ ਅੰਗਰੇਜ਼ ਅਫ਼ਸਰ ਇੱਥੇ ਆ ਕੇ ਠਹਿਰਣ ਲਗ ਪਿਆ ਸੀ। ਉਸ ਵੇਲੇ ਇੱਥੇ ਸਿਰਫ਼ 30 ਘਰ ਸਨ ਪਰ ਇਸ ਮਗਰੋਂ ਇਹ ਲਗਾਤਾਰ ਵਧਣਾ ਸ਼ੁਰੂ ਹੋ ਗਿਆ; 1881 ਤਕ ਇੱਥੇ 1141 ਘਰ ਬਣ ਚੁਕੇ ਸਨ। 1832 ਵਿਚ ਗਵਰਨਰ ਜਨਰਲ ਲਾਰਡ ਡਲਹੌਜ਼ੀ ਵੀ ਏਥੇ ਆਇਆ ਸੀ। 1863 ਵਿਚ ਵਾਇਸਰਾਏ ਜਾੱਨ ਲਾਰੰਸ ਨੇ ਸ਼ਿਮਲਾ ਨੂੰ ਅੰਗਰੇਜ਼ੀ ਸਰਕਾਰ ਦੀ ਗਰਮੀਆਂ ਦੀ ਰਾਜਧਾਨੀ ਬਣਾਉਣ ਦਾ ਫ਼ੈਸਲਾ ਕਰ ਲਿਆ। 1903 ਵਿਚ ਕਾਲਕਾ ਸ਼ਿਮਲਾ ਰੇਲਵੇ ਲਾਈਨ ਬਣਾਈ ਗਈ (ਇਸ ਵਾਸਤੇ 806 ਪੁਲ ਅਤੇ 103 ਸੁਰੰਗਾਂ ਬਣਾਉਣੀਆਂ ਪਈਆਂ ਸਨ। ਹੁਣ ਇੱਥੇ ਪਹੁੰਚਣਾ ਬਹੁਤ ਆਸਾਨ ਹੋ ਗਿਆ। ਉਸ ਵੇਲੇ ਤਕ ਸ਼ਿਮਲਾ ਵਿਚ ਕੋਈ ਬਾਜ਼ਾਰ ਨਹੀਂ ਸੀ। 1905 ਵਿਚ ਪਹਿਲਾ ਬਾਜ਼ਾਰ (ਲੋਅਰ ਮਾਲ) ਜੋ ਸਿਰਫ਼ 500 ਫੁੱਟਾ ਸੀ ਬਣਾਇਆ ਗਿਆ ਸੀ (ਮਗਰੋਂ ਮਾਲ ਰੋਡ ਅਤੇ ਰਿਜ ਬਾਜ਼ਾਰ ਵੀ ਬਣ ਗਏ ਸਨ)। ਹੁਣ ਸ਼ਿਮਲਾ ਬਹੁਤ ਫੈਲ ਚੁਕਾ ਹੈ। ਪੂਰਬ ਤੋਂ ਪੱਛਮ ਤਕ ਇਹ 9.2 ਕਿਲੋਮੀਟਰ ਲੰਮਾ ਹੈ। ਇਸ ਦਾ ਕੁਲ ਰਕਬਾ 35.34 ਮੁਰੱਬਾ ਕਿਲੋਮੀਟਰ ਹੈ। ਇੱਥੋਂ ਦੀ ਆਬਾਦੀ (2011 ਦੀ ਮਰਦਮਸ਼ੁਮਾਰੀ ਮੁਤਾਬਿਕ) 1 ਲੱਖ 70 ਹਜ਼ਾਰ ਦੇ ਕਰੀਬ ਹੈ। ਇਨ੍ਹਾਂ ਵਿਚੋਂ 93% ਹਿੰਦੂ ਤੇ ਦਲਿਤ ਹਨ, 2,2 % ਸਿੱਖ ਤੇ ਮੁਸਲਮਾਨ, 1.33% ਬੋਧੀ ਤੇ ਕੁਝ ਇਸਾਈ ਵੀ ਹਨ।

(ਸ਼ਿਮਲਾ ਦਾ ਮੁਖ ਚੌਕ: ਰਿੱਜ)

ਸ਼ਿਮਲਾ ਸਿੱਖ ਇਤਿਹਾਸ ਵਿਚ ਦੋ ਘਟਨਾਵਾਂ ਕਰ ਕੇ ਜਾਣਿਆ ਜਾਂਦਾ ਹੈ: 1832 ਵਿਚ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਫ਼ੀਰ ਅਤੇ ਅੰਗਰੇਜ਼ ਸਰਕਾਰ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਗ ਵਿਚਕਾਰ ਮੁਲਕਾਤ ਹੋਈ ਸੀ (ਇਹ ਸ਼ਿਮਲਾ ਦੀ ਤਵਾਰੀਖ਼ ਵਿਚ ਪਹਿਲੀ ਸਿਆਸੀ ਮੀਟਿੰਗ ਸੀ)।

ਫਿਰ 1946 ਵਿਚ ਸ਼ਿਮਲਾ ਕਾਨਫ਼ਰੰਸ ਹੋਈ ਸੀ ਜਿਸ ਵਿਚ ਮਾਸਟਰ ਤਾਰਾ ਸਿੰਘ ਤੇ ਹੋਰ ਆਗੂ ਪੁੱਜੇ ਸਨ.

(ਤਸਵੀਰ: ਮਾਸਟਰ ਤਾਰਾ ਸਿੰਘ 1946 ਵਿਚ ਸ਼ਿਮਲਾ ਵਿਚ):

(ਡਾ. ਹਰਜਿੰਦਰ ਸਿੰਘ ਦਿਲਗੀਰ)

Siloana (Siloani)

ਸੀਲੋਆਣਾ/ ਸੀਲੋਆਣੀ

ਜ਼ਿਲ੍ਹਾ ਲੁਧਿਆਣਾ ਦੀ ਰਾਏਕੋਟ ਤਹਿਸੀਲ ਵਿਚ ਰਾਏਕੋਟ ਅਤੇ ਲੰਮੇ ਜੱਟਪੁਰਾ ਦੇ ਵਿਚਕਾਰ (ਰਾਏਕੋਟ ਤੋਂ 9 ਤੇ ਲੁਧਿਆਣਾ ਤੋਂ 56 ਕਿਲੋਮੀਟਰ ਦੂਰ), 1200 ਦੀ ਅਬਾਦੀ ਵਾਲਾ, ਇਕ ਨਿੱਕਾ ਜਿਹਾ ਪਿੰਡ। ਇਸ ਪਿੰਡ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ 17 ਦਸੰਬਰ 1705 ਦੇ ਦਿਨ ਆਏ ਸਨ।ਗੁਰੂ ਜੀ ਮਾਛੀਵਾੜਾ ਤੋਂ ਚਲ ਕੇ ਅਜਨੇਰ, ਰਾਮਪੁਰ, ਦੋਰਾਹਾ, ਆਲਮਗੀਰ, ਲੰਮੇ ਜੱਟਪੁਰਾ ਤੋਂ ਹੁੰਦੇ ਹੋਏ ਏਥੇ ਪੁੱਜੇ ਸਨ। ਉਹ ਅਜੇ ਨੀਲ ਬਸਤਰ (ਮੁਸਲਮਾਨੀ ਲਿਬਾਸ, ਹਰੇ ਰੰਗ ਦੇ ਕਪੜਿਆਂ) ਵਿਚ ਸਨ। ਇੱਥੇ ਆਪ ਨੂੰ ਰਾਏਕੋਟ ਦਾ ਚੌਧਰੀ ਰਾਏ ਕਲ੍ਹਾ ਮਿਲਿਆ ਸੀ ਤੇ ਆਪਣੇ ਘਰ ਲੈ ਗਿਆ ਸੀ।ਗੁਰੂ ਜੀ ਜਿਸ ਬੇਰੀ ਹੇਠ ਬੈਠੇ ਸਨ, ਉਸ ਜਗਹ ’ਤੇ ਗੁਰਦੁਆਰਾ ਬੇਰੀ ਸਾਹਿਬ ਬਣਿਆ ਹੋਇਆ ਹੈ। ਇੱਥੇ ਇਕ ਬੇਰੀ ਦਾ ਦਰਖ਼ਤ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਬੇਰੀ ਹੇਠ ਗੁਰੂ ਜੀ ਬੈਠੇ ਸਨ, ਇਹ ਉਸੇ ਬੇਰੀਆਂ ਦੀਆਂ ਸ਼ਾਖ਼ਾਂ ਤੋਂ ਉੱਗਿਆ ਹੋਇਆ ਰੁੱਖ ਹੈ.

ਗੁਰਦੁਆਰਾ ਬੇਰੀ ਸਾਹਿਬ ਸੀਲੋਆਣੀ

(ਡਾ. ਹਰਜਿੰਦਰ ਸਿੰਘ ਦਿਲਗੀਰ)

Sikkim & Gurdwaras Chungthang and Daangmaar

ਸਿਕਮ ਅਤੇ ਗੁਰਦੁਆਰੇ ਚੁੰਗਥੰਗ ਤੇ ਡੋਂਗਮਾਰ

ਹਿਮਾਲਾ ਦੇ ਪੂਰਬ ਵੱਲ ਇਕ ਨਿੱਕਾ ਜਿਹਾ ਮੁਲਕ ਜੋ ਹੁਣ ਭਾਰਤ ਦਾ ਇਕ ਸੂਬਾ ਹੈ। ਇਸ ਦੇ ਇਕ ਪਾਸੇ ਚੀਨ ਤੇ ਦੂਜੇ ਪਾਸੇ ਭੂਟਾਨ ਦੀ ਸਰਹਦ ਹੈ। ਇਸ ਮੁਲਕ ਦੀ ਨੀਂਹ 17ਵੀਂ ਸਦੀ ਵਿਚ ਨਮਗਿਆਲ ਖ਼ਾਨਦਾਨ ਨੇ ਰੱਖੀ ਸੀ। ਬੋਧੀ ਭਿਕਸ਼ੂ-ਰਾਜਾ ਚੋਗਿਆਲ ਇਸ ’ਤੇ ਰਾਜ ਕਰਦਾ ਸੀ। 1890 ਵਿਚ ਇਹ ਬਰਤਾਨਵੀ ਭਾਰਤ ਦਾ ਹਿੱਸਾ ਬਣ ਗਈ ਸੀ। 1947 ਵਿਚ ਜਦ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕਰ ਦਿੱਤਾ ਤਾਂ ਸਿਕਮ ਵੀ ਆਜ਼ਾਦ ਹੋ ਗਿਆ। ਉਦੋਂ ਏਥੇ ਹੋਈ ਇਕ ਰਾਏਸ਼ੁਮਾਰੀ ਨੇ ਇਸ ਦੇ ਭਾਰਤ ਵਿਚ ਸ਼ਾਮਿਲ ਹੋਣ ਦਾ ਵਿਰੋਧ ਕੀਤਾ। 1951 ਵਿਚ ਜਦ ਚੀਨ ਨੇ ਤਿੱਬਤ ’ਤੇ ਕਬਜ਼ਾ ਕਰ ਲਿਆ ਤਾਂ ਇਸ ਨੇ ਭਾਰਤ ਤੋਂ ਸੁਰੱਖਿਆ ਮੰਗ ਲਈ। 1975 ਦੇ ਸ਼ੁਰੂ ਵਿਚ, ਸਿਕਮ ਦੇ ਰਾਜੇ ਚੋਗਿਆਲ ਦੇ ਖ਼ਿਲਾਫ਼ ਹੋਈ ਬਗ਼ਾਵਤ ਮਗਰੋਂ, ਰਾਜੇ ਦੇ ਕਹਿਣ ’ਤੇ, ਭਾਰਤੀ ਫ਼ੌਜ ਨੇ ਗੰਗਟੋਕ ’ਤੇ ਕੰਟਰੋਲ ਕਾਇਮ ਕਰ ਲਿਆ। ਇਕ (97.5% ਵੋਟਾਂ ਦੀ ਹਿਮਾਇਤ ਦੀ) ਰਾਏਸ਼ੁਮਾਰੀ ਮਗਰੋਂ 16 ਮਈ 1975 ਤੋਂ ਇਹ ਭਾਰਤ ਦਾ ਹਿੱਸਾ ਬਣ ਗਿਆ। ਇਸ ਦਾ ਰਕਬਾ 7096 ਮੁਰੱਬਾ ਕਿਲੋਮੀਟਰ ਅਤੇ ਆਬਾਦੀ (2018 ਵਿਚ) 6 ਲੱਖ 45 ਹਜ਼ਾਰ ਦੇ ਕਰੀਬ ਹੈ। ਇੱਥੋਂ ਦੀ ਰਾਜਧਾਨੀ ਗੰਗਟੋਕ ਹੈ। ਇੱਥੋਂ ਦੇ ਲੋਕਾਂ ਵਿਚੋਂ ਬਹੁਤੇ ਨੈਪਾਲੀ ਮੂਲ ਦੇ ਹਨ; ਹਾਲਾਂ ਕਿ ਇੱਥੋਂ ਦੇ ਮੂਲ ਲੋਕ ਸਿੱਕਮੀ (ਭੂਟੀਆ) ਹਨ, ਜੋ 14ਵੀਂ ਸਦੀ ਵਿਚ ਤਿਬਤ ਤੋਂ ਆਏ ਸਨ। ਇੱਥੋਂ ਦੀਆਂ ਦਫ਼ਤਰੀ ਬੋਲੀਆਂ ਨੈਪਾਲੀ ਤੇ ਅੰਗਰੇਜ਼ੀ ਹਨ, ਪਰ ਭੂਟੀਆ (ਸਿੱਕਮੀ) ਤੇ ਲੇਪਚਾ ਦੀ ਵਰਤੋ ਵੀ ਬਹੁਤ ਹੁੰਦੀ ਹੈ। ਇਸ ਤੋਂ ਇਲਾਵਾ ਲਿੰਬੂ, ਸ਼ੇਰਪਾ, ਤਮੰਗ ਤੇ ਹਿੰਦੀ ਵੀ ਬੋਲੀਆਂ ਜਾਂਦੀਆਂ ਹਨ। ਇਲਾਇਚੀ ਪੈਦਾ ਕਰਨ ਵਿਚ ਦੁਨੀਆਂ ਵਿਚ ਇਸ ਦਾ ਦੂਜਾ ਨੰਬਰ ਹੈ (ਪਹਿਲਾ ਨੰਬਰ ਗੁਆਟੇਮਾਲਾ ਦਾ ਹੈ)। ਲੋਕਾਂ ਦੇ ਮੁਖ ਧਰਮ ਹਿੰਦੂ, ਬੁੱਧ ਤੇ ਈਸਾਈ ਧਰਮ ਹਨ। ਪੰਜਾਬ ਤੇ ਹਰਿਆਣਾ ਤੋਂ ਮਗਰੋਂ ਸ਼ਰਾਬ ਦੀ ਵਰਤੋਂ ਵਿਚ ਇਹ ਸੂਬਾ ਸਭ ਤੋਂ ਅੱਗੇ ਹੈ। ਸਿਕਮ ਵਿਚ ਗੁਰੂ ਨਾਨਕ ਸਾਹਿਬ ਵੀ ਗਏ ਸਨ।ਗੁਰੂ ਜੀ ਅਪ੍ਰੈਲ-ਮਈ 1509 ਵਿਚ ਕਠਮੰਡੂ ਗਏ ਸਨ ਤੇ ਇੱਥੋਂ ਆਪ ਸਿਕਮ ਗਏ ਸਨ। ਸਿਕਮ ਵਿਚ ਆਪ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ: ਗੁਰਦੁਆਰਾ ਨਾਨਕਲਾਮਾ ਸਾਹਿਬ ਚੁੰਗਥੰਗ ਪਿੰਡ ਵਿਚ (ਸਮੁੰਦਰ ਤੋਂ 5870 ਫੁੱਟ ਦੀ ਉਚਾਈ ’ਤੇ) ਅਤੇ ਗੁਰਦੁਆਰਾ ਡੋਂਗਮਾਰ ਸਾਹਿਬ (ਇਸ ਨੂੰ ਗੁਰਦੁਆਰਾ ਰਿਮਪੋਚੇ ਗੁਰੂ ਨਾਨਕ ਲਾਮਾ ਵੀ ਕਹਿੰਦੇ ਹਨ), ਡੋਂਗਮਾਰ ਝੀਲ ਕੋਲ (ਸਮੁੰਦਰ ਤੋਂ 17800 ਫੁੱਟ ਦੀ ਉਚਾਈ ’ਤੇ)। (ਗੁਰਦੁਆਰਾ ਡੋਂਗਮਾਰ ਦੀ ਮੌਜੂਦਾ ਇਮਾਰਤ 1997 ਵਿਚ ਬਣੀ ਸੀ ਅਤੇ 2001 ਤੋਂ ਇਸ ਦੀ ਸੇਵਾ ਸੰਭਾਲ ਸਿੱਖ ਫ਼ੌਜੀ ਕਰਿਆ ਕਰਦੇ ਸੀ। ਸਿੱਕਮ ਸਰਕਾਰ ਨੇ 16 ਅਗਸਤ 2017 ਦੇ ਦਿਨ ਇਸ ਗੁਰਦੁਆਰੇ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਤੇ ਇਸ ਨੂੰ ਬੋਧੀ ਮੰਦਰ ਬਣਾ ਦਿੱਤਾ ਅਤੇ ਗੁਰਦੁਆਰੇ ਦਾ ਸਾਰਾ ਸਾਮਾਨ ਲਿਜਾ ਕੇ ਇਕ ਹੋਰ ਗੁਰਦੁਆਰੇ ਦੇ ਬਾਹਰ ਰੱਖ ਦਿੱਤਾ। ਇਸ ਕੇਸ ਸਬੰਧੀ ਸੁਪਰੀਮ ਕੋਰਟ ਨੇ 30 ਅਗਸਤ ਨੂੰ ਸਟੇਅ ਦੇ ਦਿੱਤਾ ਸੀ). (ਕਠਮੰਡੂ ਤੋਂ ਚੁੰਗਥੰਗ ਸਿੱਧਾ 731 ਕਿਲੋਮੀਟਰ ਹੈ; ਚੁੰਗਥੰਗ ਜਾਣ ਵਾਸਤੇ ਕਠਮੰਡੂ ਤੋਂ ਸਿਲੀਗੁੜੀ 580 ਤੇ ਸਿਲੀਗੁੜੀ ਤੋਂ ਚੁੰਗਥੰਗ 165 ਕਿਲੋਮੀਟਰ ਦਾ ਸਫ਼ਰ ਹੈ; ਅਤੇ ਸਿਕਮ ਦੀ ਰਾਜਧਾਨੀ ਗੰਗਟੋਕ ਤੋਂ ਇਹ ਸਿਰਫ਼ 95 ਕਿਲੋਮੀਟਰ ਹੈ; ਡੋਂਗਮਾਰ ਝੀਲ ਗੰਗਟੋਕ ਤੋਂ 190 ਕਿਲੋਮੀਟਰ ਦੂਰ ਹੈ).

ਗੁਰਦੁਆਰਾ ਚੁੰਗਥੰਗ

ਗੁਰਦੁਆਰਾ ਡੋਂਗਮਾਰ ਦਾ ਸਾਮਾਨ ਇਕ ਲੋਕਲ ਗੁਰਦੁਆਰੇ ਅੱਗੇ ਰੱਖਿਆ ਪਿਆ

(ਡਾ. ਹਰਜਿੰਦਰ ਸਿੰਘ ਦਿਲਗੀਰ)

Sidhwan Kalan

ਸਿਧਵਾਂ ਕਲਾਂ

(ਲੁਧਿਆਣਾ ਤੋਂ ਤਕਰੀਬਨ 37 ਕਿਲੋਮੀਟਰ ਦੂਰ) ਲੁਧਿਆਣਾ ਦੀ ਤਹਿਸੀਲ ਰਾਏਕੋਟ ਦਾ ਇਕ ਪਿੰਡ। ਇੱਥੇ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਭਾਈ ਤੋਂ ਆਏ ਸਨ। ਉਨ੍ਹਾਂ ਦੀ ਯਾਦ ਵਿਚ ‘ਗੁਰਦੁਆਰਾ ਮੰਜੀ ਸਾਹਿਬ’ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਿਸ ਪਿੱਪਲ ਨਾਲ ਉਨ੍ਹਾਂ ਨੇ ਆਪਣਾ ਘੋੜਾ ਬੰਨ੍ਹਿਆ ਸੀ ਉਹ (ਜਾਂ ਉਸ ਦੀਆਂ ਸ਼ਾਖਾਵਾਂ ਤੋਂ ਉੱਗਿਆ) ਦਰਖ਼ਤ ਅਜੇ ਮੌਜੂਦ ਹੈ। ਇੱਥੋਂ ਦੇ ਲੋਕ ਗੁਰੂ ਜੀ ਦੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਸੰਭਾਲੇ ਜਾਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ।

ਇਸ ਪਿੰਡ ਦੇ ਇਕ ਪਰਵਾਰ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਦੇ ਵੱਡੇ-ਵਡੇਰੇ, ਅਛਰਾ ਸਿੰਘ (ਸਿੱਖਾਂ ਦੇ ਨਾਂ ਨਾਲ ਸਿੰਘ ਗੁਰੁ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਲਗਣਾ ਸ਼ੁਰੂ ਹੋਇਆ ਸੀ) ਨਾਂ ਦੇ ਇਕ ਪਿੰਡ ਵਾਸੀ ਨੇ ਗੁਰੂ ਜੀ ਨੂੰ ਆਪਣੇ ਘਰ ਬੁਲਾਇਆ। ਉਸ ਘਰ ਦੀ ਥਾਂ ’ਤੇ ਹੁਣ ‘ਗੁਰਦੁਆਰਾ ਲੰਗਰ ਸਾਹਿਬ’ ਬਣਿਆ ਹੋਇਆ ਹੈ।

ਗੁਰਦੁਆਰਾ ਲੰਗਰ ਸਾਹਿਬ ਵਿਚ ਲੱਗੇ ਇਕ ਬੋਰਡ ਮੁਤਾਬਿਕ ਗੁਰੂ ਜੀ ਇੱਥੇ 18 ਸਾਵਣ 1688 (2 ਅਗਸਤ 1631) ਐਤਵਾਰ ਦੇ ਦਿਨ ਆਏ ਸਨ। ਇਹ ਤਾਰੀਖ਼ਾਂ ਸਹੀ ਨਹੀਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ 18 ਸਾਵਣ 1688 ਦੀ ਤਾਰੀਖ਼ ਗਰੈਗੋਰੀਅਨ (ਕੌਮਾਂਤਰੀ) ਕੈਲੰਡਰ ਮੁਤਾਬਿਕ 18 ਜੁਲਾਈ 1631 ਬਣਦੀ ਹੈ ਤੇ ਉਸ ਦਿਨ ਸੋਮਵਾਰ ਸੀ (2 ਅਗਸਤ 1631 ਦੇ ਦਿਨ 2 ਭਾਦੋਂ ਸੀ ਤੇ ਉਸ ਦਿਨ ਮੰਗਲਵਾਰ ਸੀ)। ਦੂਜਾ, ਗੁਰੂ ਜੀ 18 ਸਾਵਣ ਦੇ ਦਿਨ ਆ ਨਹੀਂ ਸਕਦੇ ਸਨ।13 ਜੁਲਾਈ 1631 ਦੇ ਦਿਨ (ਆਪ ਦੀ ਪਹਿਲੀ ਪਤਨੀ) ਮਾਤਾ ਦਮੋਦਰੀ ਦੀ ਮੌਤ ਹੋ ਗਈ। ਅਕਾਲ ਪੁਰਖ ਦਾ ਭਾਣਾ ਕਿ ਉਨ੍ਹੀਂ ਦਿਨੀਂ ਹੀ ਆਪ ਦੀ ਸਾਲੀ ਤੇ ਸਾਂਢੂ (ਤੇ ਕੁਝ ਦਿਨ ਮਗਰੋਂ ਇਸੇ ਹੀ ਥਾਂ ਆਪ ਦੀ ਸੱਸ, ਸਹੁਰਾ ਵੀ) ਚੜ੍ਹਾਈ ਕਰ ਗਏ। ਉਨ੍ਹਾਂ ਦਾ ਸਸਕਾਰ ਗੁਰੂ ਜੀ ਨੇ ਆਪਣੇ ਹੱਥੀਂ ਕੀਤਾ ਸੀ। ਇਸ ਕਰ ਕੇ ਗੁਰੂ ਜੀ ਇੱਥੇ ਭਾਦੋਂ ਵਿਚ ਆਏ ਹੋ ਸਕਦੇ ਹਨ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sidhbati Gurdwara, Kurukashetra

ਸਿਧਬਟੀ ਗੁਰਦੁਆਰਾ

ਥਾਨੇਸਰ/ ਕੁਰੂਕਸ਼ੇਤਰ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਣਿਆ ਇਕ ਗੁਰਦੁਆਰਾ। ਇਸ ਗੁਰਦੁਆਰਾ ਦੀ ਇਮਾਰਤ ਉਦੈ ਸਿੰਘ ਰਾਜਾ ਕੈਥਲ ਨੇ ਬਣਵਾਈ ਸੀ। ਆਪਣੀ ਪਹਿਲੀ ਉਦਾਸੀ ਦੌਰਾਨ, ਮਾਰਚ 1508 ਦੇ ਅਖ਼ੀਰ ਵਿਚ, ਗੁਰੂ ਨਾਨਕ ਸਾਹਿਬ ਕੁਰੂਕਸ਼ੇਤਰ ਵੀ ਗਏ ਸਨ। ਉਨ੍ਹਾਂ ਦਿਨ੍ਹਾਂ ਵਿਚ ਉੱਥੇ ਮੇਲਾ ਲਗਾ ਹੋਇਆ ਸੀ। ਇਸ ਦਿਨ ਕੁਰਖੇਤਰ ਵਿਚ ਚੋਖੀ ਗਿਣਤੀ ਵਿਚ ਹਿੰਦੂ ਇਕੱਠੇ ਹੋਏ ਸਨ। ਗੁਰੂ ਸਾਹਿਬ ਇਕ ਉੱਚੇ ਟਿੱਬੇ ’ਤੇ (ਇਸੇ ਗੁਰਦੁਆਰੇ ਵਾਲੀ ਜਗਹ) ਬੈਠ ਗਏ ਤੇ ਕੀਰਤਨ ਸ਼ੁਰੂ ਕਰ ਦਿਤਾ। ਬਹੁਤ ਸਾਰੇ ਲੋਕ ਸੁਣਨ ਵਾਸਤੇ ਗੁਰੂ ਸਾਹਿਬ ਦੇ ਕੋਲ ਬੈਠ ਗਏ। ਕੁਝ ਚਿਰ ਮਗਰੋਂ ਇਕ ਰਾਜ ਕੁਮਾਰ ਅਤੇ ਉਸ ਦੀ ਮਾਂ ਉੱਥੇ ਆ ਗਏ। ਉਸ ਰਾਜਕੁਮਾਰ ਨੇ ਕੁਰਖੇਤਰ ਵਲ ਆਉਂਦਿਆਂ ਰਾਹ ਵਿਚ ਇਕ ਹਿਰਨ ਦਾ ਸ਼ਿਕਾਰ ਕੀਤਾ ਸੀ। ਪਰ ਕੁਰਖੇਤਰ ਵਿਚ ਉਸ ਨੂੰ ਕਿਸੇ ਪਾਂਡੇ ਨੇ ਆਖ ਦਿੱਤਾ ਸੀ ਕਿ ਮੇਲੇ ਦੇ ਮੌਕੇ ’ਤੇ ਮਾਸ ਖਾਣ ਦੀ ਮਨਾਹੀ ਹੈ। ਇਸ ਕਰ ਕੇ ਉਸ ਰਾਜ ਕੁਮਾਰ ਨੇ ਉਹ ਹਿਰਨ ਗੁਰੂ ਸਾਹਿਬ ਨੂੰ ਭੇਂਟ ਕਰ ਦਿੱਤਾ। ਥੋੜੀ ਦੇਰ ਮਗਰੋਂ ਗੁਰੂ ਸਾਹਿਬ ਨੇ ਉਹ ਹਿਰਨ ਇਕ ਮਟਕੇ ਵਿਚ ਪਾ ਕੇ ਰਿੱਝਣ ਵਾਸਤੇ ਅੱਗ ਤੇ ਰੱਖ ਦਿੱਤਾ। ਜਦੋਂ ਮਾਸ ਦੇ ਰਿੱਝਣ ਦੀ ਖ਼ੁਸ਼ਬੂ ਖਿਲਰਣ ਲਗੀ ਤਾਂ ਪਾਂਡੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਕੋਲ ਆ ਗਏ। ਉਨ੍ਹਾਂ ਨੇ ਗੁਰੂ ਸਾਹਿਬ ਵੱਲੋਂ ਮਾਸ ਰਿੰਨ੍ਹਣ ਦੇ ਸਵਾਲ ’ਤੇ ਝਗੜਨਾ ਸ਼ੁਰੂ ਕਰ ਦਿਤਾ। ਗੁਰੂ ਸਾਹਿਬ ਨੇ ਉਨ੍ਹਾਂ ਕੋਲੋਂ ਪੁਛਿਆ ਕਿ ਕੀ ਹਿੰਦੂ ਮਰਿਆਦਾ ਮੁਤਾਬਿਕ ਧਾਰਮਿਕ ਮੇਲੇ ਸਮੇਂ ਝਗੜਾ ਕੀਤਾ ਜਾ ਸਕਦਾ ਹੈ? ਇਸ ’ਤੇ ਪਾਂਡੇ ਚੁਪ ਹੋ ਗਏ। ਉਨ੍ਹਾਂ ਪਾਂਡਿਆਂ ਵਿਚ ਇਕ ਨਾਨੂੰ ਨਾਂ ਦਾ ਵਿਦਵਾਨ ਸੀ। ਉਹ ਆਪਣੇ ਆਪ ਨੂੰ ਸਭ ਤੋਂ ਵਧ ਸਿਆਣਾ ਸਮਝਦਾ ਸੀ। ਉਸ ਨੇ ਗੁਰੂ ਸਾਹਿਬ ਨੂੰ ਆਖਿਆ ਕਿ ‘ਇਹ ਠੀਕ ਹੈ ਕਿ ਮੇਲੇ ਵੇਲੇ ਝਗੜਾ ਨਹੀਂ ਹੋ ਸਕਦਾ ਪਰ ਵਿਚਾਰ ਅਤੇ ਦਲੀਲ ਦੀ ਗੱਲ ਤਾਂ ਹੋ ਸਕਦੀ ਹੈ’। ਉਹ ਗੁਰੂ ਸਾਹਿਬ ਨੂੰ ਕਹਿਣ ਲਗਾ ਕਿ ਸੂਰਜ ਗ੍ਰਹਿਣ ਵੇਲੇ ਮਾਸ ਖਾਣਾ ਗ਼ਲਤ ਹੈ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਸੂਰਜ-ਗ੍ਰਹਿਣ ਦਾ ਮਾਸ ਖਾਣ ਜਾਂ ਨਾ ਖਾਣ ਨਾਲ ਕੋਈ ਸਬੰਧ ਨਹੀਂ। ਮਾਸ ਤੇ ਸਾਗ, ਦੋਵੇਂ, ਵਾਹਿਗੁਰੂ ਨੇ ਖਾਣ ਵਾਸਤੇ ਬਣਾਏ ਹਨ। ਮਾਸ ਦਾ ਝਗੜਾ ਮੂਰਖਾਂ ਦੀ ਖੇਡ ਹੈ। ਇਨਸਾਨ ਦਾ ਤਾਂ ਜਨਮ ਹੀ ਮਾਸ ਤੋਂ ਹੁੰਦਾ ਹੈ। ਇਨਸਾਨ ਕਈ ਤਰੀਕਿਆਂ ਨਾਲ ਮਾਸ ਦੀ ਵਰਤੋਂ ਕਰਦਾ ਹੈ। ਗੁਰੂ ਸਾਹਿਬ ਨੇ ਬ੍ਰਾਹਮਣਾਂ ਨੂੰ ਮਾਸ ਬਾਰੇ ਇਕ ਸ਼ਬਦ ਸੁਣਾਇਆ:

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥ ਮਾਸੁ ਪੁਰਾਣੀ ਮਾਸੁ ਕਤੇਬˆØੀ ਚਹੁ ਜੁਗਿ ਮਾਸੁ ਕਮਾਣਾ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍‍ ਕਾ ਦਾਨੁ ਨ ਲੈਣਾ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥ (ਇਹ ਸ਼ਬਦ ਮਲ੍ਹਾਰ ਦੀ ਵਾਰ ਦੀ 25 ਵੀਂ ਪਉੜੀ ਵਿਚ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਫ਼ਾ 1289-90 ਤੇ ਦਰਜ ਹੈ)।

ਗੁਰੂ ਸਾਹਿਬ ਦੇ ਵਿਚਾਰ ਸੁਣ ਕੇ ਪਾਂਡਾ ਨਾਨੂੰ ਅਤੇ ਉਸ ਦੇ ਸਾਥੀ ਲਾਜਵਾਬ ਹੋ ਗਏ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਸਿਰ ਝੁਕਾਇਆ ਅਤੇ ਚਲੇ ਗਏ। ਇਨ੍ਹਾਂ ਪਾਂਡਿਆਂ ਵਿਚੋਂ ਕਈ ਗੁਰੂ ਸਾਹਿਬ ਦੇ ਚੇਲੇ ਵੀ ਬਣ ਗਏ। ਗੁਰੂ ਸਾਹਿਬ ਕੁਝ ਦਿਨ ਕੁਰੂਕਸ਼ੇਤਰ ਰਹੇ ਅਤੇ ਫਿਰ ਹਰਦੁਆਰ ਵਾਲੇ ਪਾਸੇ ਨੂੰ ਚਲ ਪਏ। (ਕੁਰੂਕਸ਼ੇਤਰ ਵਿਚ ਕਿਸੇ ਵੇਲੇ ਇਸ ਨਗਰ ਵਿਚ ਇਕ ਪੁਰਾਣੀਆਂ ਇੱਟਾਂ ਦਾ ਪ੍ਰਾਚੀਨ ਤਲਾਅ ਹੁੰਦਾ ਸੀ ਜਿਹੜਾ ਲੋਕਾਂ ਦੇ ਨਹਾਉਣ, ਕਪੜੇ ਧੋਣ ਅਤੇ ਖੇਤਾਂ ਨੂੰ ਪਾਣੀ ਦੇਣ ਦੇ ਕੰਮ ਆਉਂਦਾ ਸੀ। ਪਰ ਮਗਰੋਂ ਹਿੰਦੂਆਂ ਨੇ ਇਸ ਨੂੰ ਬ੍ਰਹਮਸਰੋਵਰ ਦਾ ਨਾਂ ਦੇ ਕੇ ਧਾਰਮਿਕ ਸਰੋਵਰ ਬਣਾ ਲਿਆ। 15 ਫੁੱਟ ਡੂੰਘੇ, 1800 ਫੁਟ ਚੌੜੇ ਤੇ 1500 ਫੁਟ ਲੰਮੇ ਇਸ ਸਰੋਵਰ ਨੂੰ 1968 ਤੋਂ 1990 ਵਿਚਕਾਰ, ਤਕਰੀਬਨ 22 ਸਾਲ ਵਿਚ ਬਣਇਆ ਗਿਆ ਸੀ। ‘ਗੁਰਦੁਆਰਾ ਸਿੱਧ ਬਟੀ’ ਇਸ ਸਰੋਵਰ ਦੇ ਨੇੜੇ ਹੀ, ਪਿਛਲੇ ਪਾਸੇ ਵੱਲ, ਬਣਿਆ ਹੋਇਆ ਹੈ.

ਗੁਰਦੁਆਰਾ ਸਿੱਧ ਬਟੀ, ਕੁਰੂਕਸ਼ੇਤਰ

(ਡਾ. ਹਰਜਿੰਦਰ ਸਿੰਘ ਦਿਲਗੀਰ)

Sialkot (Pakistan)

ਸਿਆਲਕੋਟ

ਪਾਕਿਸਤਾਨ ਦਾ 12ਵਾਂ ਸਭ ਤੋਂ ਵਧ ਆਬਾਦੀ ਵਾਲਾ ਨਗਰ (ਲਾਹੌਰ ਤੋਂ 125 ਤੇ ਗੁਜਰਾਂਵਾਲਾ ਤੋਂ ਤਕਰੀਬਨ 55 ਕਿਲੋਮੀਟਰ ਦੂਰ)। ਇਕ ਰਿਵਾਇਤ ਮੁਤਾਬਿਕ ਇਸ ਨੂੰ ਰਾਜਾ ਸਾਲਿਬਾਹਨ/ ਸਾਲਿਵਾਹਨ ਨੇ ਵਸਾਇਆ ਸੀ। ਇਕ ਹੋਰ ਰਿਵਾਇਤ ਮੁਤਾਬਿਕ ਰਾਜਾ ਸ਼ਾਲਵ ਨੇ ਸ਼ਾਲਵਕੋਟ ਦੇ ਨਾਂ ਹੇਠ ਵਸਾਇਆ ਸੀ। ਪੁਰਾਣੀਆਂ ਲਿਖਤਾਂ ਵਿਚ ਇਸ ਦਾ ਨਾਂ ਸਾਗਲਾ ਵੀ ਮਿਲਦਾ ਹੈ।ਸੰਨ 326 (ਪੁਰਾਣਾ ਕਾਲ) ਵਿਚ ਯੂਨਾਨ ਦੇ ਸਿਕੰਦਰ ਦੇ ਹਮਲੇ ਵੇਲੇ ਇਹ ਬਹੁਤ ਖ਼ੁਸ਼ਹਾਲ ਨਗਰ ਸੀ, ਪਰ ਉਸ ਨੇ ਇਸ ’ਤੇ ਹਮਲਾ ਕਰ ਕੇ ਇਸ ਨੂੰ ਤਬਾਹ ਕਰ ਦਿੱਤਾ ਸੀ। ਇਸ ਮਗਰੋਂ ਦੂਜੀ ਸਦੀ ਵਿਚ ਬੋਧੀਆਂ ਦੀ ਹਕੂਮਤ ਵੇਲੇ ਇਹ ਨਗਰ ਫਿਰ ਪ੍ਰਫੁੱਲਤ ਹੋਇਆ ਤੇ ਇਕ ਸਿਲਕ ਦੇ ਵਪਾਰ ਦਾ ਬਹੁਤ ਵੱਡਾ ਕੇਂਦਰ ਬਣ ਗਿਆ। 1185 ਵਿਚ ਗ਼ੌਰੀਆਂ ਨੇ ਇਸ ’ਤੇ ਕਬਜ਼ਾ ਕਰ ਲਿਆ। 1520 ਵਿਚ ਇਸ ’ਤੇ ਮੁਗ਼ਲਾਂ ਦੀ ਹਕੂਮਤ ਕਾਇਮ ਹੋਈ। 1748 ਵਿਚ ਇਹ ਅਹਿਮਦ ਸ਼ਾਹ ਦੁੱਰਾਨੀ ਦੇ ਕਬਜ਼ੇ ਵਿਚ ਆ ਗਿਆ। ਫਿਰ ਇਸ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਤੇ 1849 ਵਿਚ ਇਹ ਅੰਗਰੇਜ਼ੀ ਰਾਜ ਦਾ ਹਿੱਸਾ ਬਣ ਗਿਆ। 2000 ਸੰਨ ਤਕ ਇਹ ਕਪੜੇ ਅਤੇ ਖੇਡਾਂ ਦੇ ਸਾਮਾਨ ਦਾ ਮੁਖ ਕੇਂਦਰ ਸੀ। ਅੱਜ ਵੀ ਦੁਨੀਆਂ ਦੇ 70% ਫ਼ੁੱਟਬਾਲ (4 ਤੋਂ 6 ਕਰੋੜ ਤਕ) ਇਸ ਨਗਰ ਤੋਂ ਹੀ ਭੇਜੇ ਜਾਂਦੇ ਹਨ। ਸਿਆਲਕੋਟ ਦੀ ਧਰਤੀ ਨੇ ਕਈ ਮਸ਼ਹੂਰ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਵਿਚ ਸ਼ਾਇਰ ਅੱਲਾਮਾ ਇਕਬਾਲ, ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਤੇ ਗਾਇਕ ਗ਼ੁਲਾਮ ਅਲੀ ਆਦਿ ਦਾ ਨਾਂ ਮੁਖ ਹੈ।

ਸਿਆਲਕੋਟ ਦਾ ਸਬੰਧ ਸਿੱਖ ਤਵਾਰੀਖ਼ ਨਾਲ ਵੀ ਹੈ। ਗੁਰੂ ਨਾਨਕ ਸਾਹਿਬ ਇਸ ਨਗਰ ਵਿਚ ਦੋ ਵਾਰ ਆਏ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦਆਰਾ ਬੇਰ ਸਹਿਬ (ਜਦ ਗੁਰੂ ਜੀ ਪਹਿਲੀ ਵਾਰ ਇੱਥੇ ਆਏ ਸਨ ਤਾਂ ਇਸ ਬੇਰ ਹੇਠਾਂ ਬੈਠੇ ਸਨ) ਅਤੇ ਗੁਰਦੁਆਰਾ ਬਾਉਲੀ ਸਾਹਿਬ (ਇਹ ਭਾਈ ਮੂਲਾ ਦਾ ਘਰ ਸੀ) ਬਣੇ ਹੋਏ ਹਨ। (ਅਕਤੂਬਰ 1920 ਵਿਚ ਇਸ ਗੁਰਦੁਆਰੇ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਇਕ ਮੋਰਚਾ ਵੀ ਲਾਉਣਾ ਪਿਆ ਸੀ).

ਗੁਰਦਆਰਾ ਬੇਰ ਸਹਿਬ

ਗੁਰਦਆਰਾ ਬਾਉਲੀ ਸਾਹਿਬ (ਨੇੜੇ ਦਾ ਦ੍ਰਿਸ਼)

ਗੁਰਦਆਰਾ ਬਾਉਲੀ ਸਾਹਿਬ (ਦੂਰ ਦਾ ਦ੍ਰਿਸ਼)

(ਡਾ. ਹਰਜਿੰਦਰ ਸਿੰਘ ਦਿਲਗੀਰ)

Somnath Temple

ਸੋਮਨਾਥ

ਗੁਜਰਾਤ ਸੂਬੇ ਵਿਚ (ਪੁਰਾਣੇ ਸੌਰਾਸ਼ਟਰ ਦੇ) ਵੇਰਾਵਲ/ਪ੍ਰਭਾਸ ਇਲਾਕੇ ਵਿਚ, ਸਮੁੰਦਰ ਦੇ ਕੰਢੇ ਇਕ ਪ੍ਰਾਚੀਨ ਨਗਰ ਜਿੱਥੇ ਇਹ ਸ਼ਿਵਲਿੰਗ ਮੌਜੂਦ ਸੀ ਜਿਸ ਨੂੰ ਮਹਿਮੂਦ ਗ਼ਜ਼ਨਵੀ ਨੇ ਰਾਜਾ ਭੀਮ ਪਹਿਲੇ ਦੀ ਹਕੂਮਤ ਦੌਰਾਨ, 1024 (1026) ਵਿਚ, ਯਾਰ੍ਹਵੇਂ ਹਮਲੇ ਦੌਰਾਨ, ਢਾਹ ਕੇ ਨਸ਼ਟ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਇਸ ਮੰਦਰ ਨੂੰ ਸਤ ਵਾਰ ਬਣਾਇਆ ਤੇ ਢਾਹਿਆ ਗਿਆ ਸੀ। ਸੋਮਨਾਥ ਦਾ ਮੰਦਰ ਪਹਿਲਾਂ ਇਕ ਨਿੱਕਾ ਜਿਹਾ ਮੰਦਰ ਹੁੰਦਾ ਸੀ।

ਸੰਨ 649 ਵਿਚ ਵੱਲਭੀ ਦੇ ਯਾਦਵ ਰਾਜਿਆਂ ਨੇ ਇੱਥੇ ਵੱਡੀ ਇਮਾਰਤ ਬਣਾਈ ਸੀ। ਇਕ ਰਿਵਾਇਤ ਮੁਤਾਬਿਕ ਇਸ ਨੂੰ 725 ਵਿਚ ਅਲ ਜੁਨੈਦ ਦੇ ਹਮਲੇ ਵਿਚ ਲੁਟਿਆ ਗਿਆ ਸੀ ਤੇ ਉਦੋਂ ਇਸ ਦਾ ਕੁਝ ਹਿੱਸਾ ਢਾਹਿਆ ਵੀ ਗਿਆ ਸੀ (ਪਰ ਇਸ ਦਾ ਕੋਈ ਸਬੂਤ ਨਹੀਂ ਮਿਲਦਾ)। ਸੰਨ 815 ਵਿਚ ਗੁਰਜਾਰ-ਪ੍ਰਤੀਹਾਰ ਰਾਜੇ ਨਾਗਭਰਤ ਦੂਜਾ ਨੇ ਇਸ ਨੂੰ ਮੁੜ ਬਣਵਾ ਦਿੱਤਾ ਸੀ। ਇਕ ਹੋਰ ਰਿਵਾਇਤ ਮੁਤਾਬਿਕ 997 ਵਿਚ ਚਾਲੂਕਿਆ (ਸੋਲੰਕੀ) ਰਾਜਪੂਤ ਰਾਜੇ ਮੂਲਰਾਜ ਨੇ ਇਸ ਦੀ ਵੱਡੀ ਇਮਾਰਤ ਬਣਾਈ ਸੀ; ਪਰ ਕੁਝ ਲੋਕ ਇਹ ਮੰਨਦੇ ਹਨ ਕਿ ਮੂਲਰਾਜ ਨੇ ਇਸ ਨੂੰ ਨਵਾਂ ਨਹੀਂ ਸੀ ਬਣਾਇਆ ਬਲਕਿ ਮੁਰੰਮਤ ਕਰਵਾ ਕੇ ਸਜਾਇਆ ਸੀ। ਜਦ ਮਹਿਮੂਦ ਗ਼ਜ਼ਨਵੀ ਨੇ ਇਸ ਨੂੰ ਲੁੱਟਿਆ ਤੇ ਢਾਹਿਆ ਤਾਂ ਇਸ ਵਿਚ ਦੋ ਸੌ ਮਣ ਸੋਨੇ ਦੀ ਜੰਜ਼ੀਰ ਲਟਕਦੀ ਹੁੰਦੀ ਸੀ, ਜਿਸ ਨੂੰ ਖਿੱਚ ਕੇ ਪੂਜਾ ਦੀਆਂ ਘੰਟੀਆਂ ਵਜਾਈਆਂ ਜਾਂਦੀਆਂ ਸਨ। ਇਸ ਮੰਦਰ ਵਿਚ ਵਿਚ ਰਤਨਾਂ ਦਾ ਬਹੁਤ ਵੱਡਾ ਭੰਡਾਰ ਸੀ। ਇੱਥੇ ਸ਼ਿਵ ਦੀ ਪੰਦਰਾਂ ਫੁੱਟ ਉੱਚੀ ਸੋਨੇ ਦੀ ਮੂਰਤੀ ਬਣੀ ਹੋਈ ਸੀ ਤੇ ਪ੍ਰਾਚੀਨ ਸਮੇਂ ਦਾ ਸ਼ਿਵਲਿੰਗ ਵੀ ਸੀ। ਇਸ ਮੰਦਰ ਦੇ 56 ਥੰਮ੍ਹਲੇ ਸਨ ਤੇ ਦੋ ਹਜ਼ਾਰ ਪੁਜਾਰੀ ਪੂਜਾ ਕਰਿਆ ਕਰਦੇ ਸਨ। ਗ਼ਜ਼ਨਵੀ ਨੇ 2 ਹਜ਼ਾਰ ਪੁਜਾਰੀ ਅਤੇ 50 ਹਜ਼ਾਰ ਯਾਤਰੂਆਂ ਦਾ ਕਤਲ ਕੀਤਾ ਸੀ। ਉਸ ਨੇ ਸ਼ਿਵ ਲਿੰਗ ਅਤੇ ਮੂਰਤੀ ਤੋੜ ਦਿੱਤੀ ਤੇ ਸਾਰੇ ਰਤਨ, ਜਵਾਹਰਾਤ, ਹੀਰੇ ਅਤੇ ਸੋਨਾ ਲੁੱਟ ਲਿਆ ਅਤੇ ਸਭ ਕੁਝ ਗ਼ਜ਼ਨੀ ਲੈ ਗਿਆ ਸੀ। ਯਗਨੀਕ ਤੇ ਸ਼ੇਠ (ਸ਼ੇਪਿੰਗ ਆਫ਼ ਮਾਡਰਨ ਗੁਜਰਾਤ) ਅਤੇ ਰੋਮੀਲਾ ਥਾਪਰ (ਸੋਮਨਾਥ: ਦ ਮੈਨੀ ਵੌਇਸਿਜ਼ ਆਫ਼ ਏ ਹਿਸਟਰੀ) ਮੁਤਾਬਿਕ ਮਹਿਮੂਦ ਇੱਥੋਂ ਉਦੋਂ ਦੇ ਦੋ ਕਰੋੜ ਦੀਨਾਰ ਦੀ ਕੀਮਤ ਦੀ ਦੌਲਤ ਲੁੱਟ ਕੇ ਲੈ ਗਿਆ ਸੀ।

ਇਸ ਮਗਰੋਂ ਇਸ ਦੀ ਨਵੀਨ ਬਣੀ ਇਮਾਰਤ ਨੂੰ 1299 ਵਿਚ ਵਘੇਲਾ ਰਾਜੇ ਕਰਨ ਦੇ ਕਾਲ ਵਿਚ, ਅਲਾਉਦੀਨ ਖਲਜੀ ਦੀ ਫ਼ੌਜ ਨੇ, ਉਲਗ਼ ਖ਼ਾਨ ਦੀ ਕਮਾਂਡ ਹੇਠ ਲੁੱਟਿਆ ਤੇ ਤਬਾਹ ਕੀਤਾ ਸੀ। 1395 ਵਿਚ ਜ਼ਫ਼ਰ ਖ਼ਾਨ, 1451 ਵਿਚ ਮਹਿਮੂਦ ਬੇਗਦਾ, 1546 ਵਿਚ ਪੁਰਤਗਾਲੀਆਂ ਨੇ, 1665 ਵਿਚ ਔਰੰਗਜ਼ੇਬ ਕਾਲ ਵਿਚ ਇਸ ਨੂੰ ਲੁੱਟਿਆ ਅਤੇ ਢਾਹਿਆ ਗਿਆ ਸੀ।ਇਸ ਮੰਦਰ ਦੀ ਹੁਣ ਵਾਲੀ ਇਮਾਰਤ 1951 ਵਿਚ ਤਿਆਰ ਹੋਈ ਸੀ.

ਸੋਮਨਾਥ ਦੇ ਖੰਡਰ 1869 ਵਿਚ

ਸੋਮਨਾਥ ਮੰਦਰ 2013 ਵਿਚ ਦੂਰ ਦਾ ਦ੍ਰਿਸ਼

ਸੋਮਨਾਥ ਮੰਦਰ ਅਜ-ਕਲ੍ਹ ਦਾ ਨੇੜੇ ਦਾ ਦ੍ਰਿਸ਼

(ਡਾ. ਹਰਜਿੰਦਰ ਸਿੰਘ ਦਿਲਗੀਰ)

Sohiana Sahib, Sohiwal

ਸੋਹੀਆਣਾ ਸਾਹਿਬ/ ਸੋਹੀਵਾਲ

ਬਰਨਾਲਾ ਜ਼ਿਲ੍ਹਾ ਵਿਚ ਪਿੰਡ ਧੌਲਾ ਦੇ ਨੇੜੇ ਸੋਹੀਵਾਲ ਪਿੰਡ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ ਬਣਿਆ ਗੁਰਦੁਆਰਾ। ਇਕ ਰਿਵਾਇਤ ਮੁਤਾਬਿਕ ਗੁਰੂ ਜੀ ਹਡਿਆਇਆ ਤੋਂ ਧੌਲਾ ਵਲ ਜਾ ਰਹੇ ਸਨ ਤਾਂ ਉਨ੍ਹਾ ਦਾ ਘੋੜਾ ਧੌਲਾ ਪਿੰਡ ਦੀ ਹੱਦ ’ਤੇ ਆ ਕੇ ਅਚਾਣਕ ਰੁਕ ਗਿਆ ਅਤੇ ਅੱਗੇ ਨਾ ਜਾਣ ਦੀ ਅੜੀ ਕਰ ਬੈਠਾ (ਇਸ ਥਾਂ ਹੁਣ ਗੁਰਦੁਆਰਾ ਅੜੀਸਰ ਬਣਿਆ ਹੋਇਆ ਹੈ)। ਜਦ ਬਹੁਤ ਕੋਸ਼ਿਸ਼ ਦੇ ਬਾਵਜੂਦ ਅੱਗੇ ਨਾ ਵਧਿਆ ਤਾਂ ਗੁਰੂ ਜੀ ਨੇ ਕਿਹਾ ਕਿ ਘੋੜੇ ਦਾ ਇਸ਼ਾਰਾ ਹੈ ਕਿ ਅਜੇ ਧੌਲਾ ਪਿੰਡ ਦੇ ਲੋਕ ਉਨ੍ਹਾਂ ਨੂੰ ਜੀ ਆਇਆਂ ਆਖਣ ਵਾਸਤੇ ਰਾਜ਼ੀ ਨਹੀਂ ਹਨ।ਇਕ ਹੋਰ ਕਹਾਣੀ ਮੁਤਾਬਿਕ ਉੱਥੇ ਤੰਮਾਕੂ ਦਾ ਖੇਤ ਹੋਣ ਕਰ ਕੇ ਘੋੜਾ ਰੁਕ ਗਿਆ ਸੀ)। ਇਸ ਕਰ ਕੇ ਉਨ੍ਹਾਂ ਨੇ ਸੋਹੀਵਾਲ ਵਲ ਰੁਖ਼ ਕਰ ਲਿਆ ਸੀ ਤੇ ਉੱਥੇ (ਧੌਲਾ ਤੋਂ ਤਕਰੀਬਨ 4 ਕਿਲੋਮੀਟਰ ਦੂਰ) ਇਕ ਢਾਬ ’ਤੇ ਰੁਕ ਗਏ ਸਨ। ਜਿਸ ਜਗਹ ਗੁਰੂ ਜੀ ਰੁਕੇ ਸਨ ਉੱਥੇ ‘ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ’ (ਜਿਸ ਨੂੰ ਪਿੰਡ ਦੇ ਨਾਂ ’ਤੇ ‘ਸੋਹੀਆਣਾ ਸਾਹਿਬ’ ਵੀ ਕਹਿੰਦੇ ਹਨ) ਬਣਿਆ ਹੋਇਆ ਹੈ।

ਮੁਕਾਮੀ ਰਿਵਾਇਤ ਮੁਤਾਬਿਕ ਗੁਰੂ ਜੀ ਨੇ ਜਿਨ੍ਹਾਂ ਕਰੀਰ ਤੇ ਜੰਡ ਦੇ ਦਰਖ਼ਤਾਂ ਨਾਲ ਘੋੜਾ ਬੰਨ੍ਹਿਆ ਸੀ, ਉਹ ਕਰੀਰ ਦਾ ਦਰਖ਼ਤ (ਸ਼ਾਇਦ ਉਸ ਦੀ ਸ਼ਾਖ਼ਾ ਤੋਂ ਉੱਗਿਆ ਦਰਖ਼ਤ) ਅਜੇ ਵੀ ਮੌਜੂਦ ਹੈ.

ਇਕ ਕਲਪਿਤ ਕਹਾਣੀ ਮੁਤਾਬਿਕ ਗੁਰੂ ਜੀ ਨੇ ‘ਸਰਾਪ’ ਦਿੱਤਾ ਕਿ ਕਿਸੇ ਦਿਨ ਇਹ ਪਿੰਡ ਥੇਹ ਬਣ ਜਾਏਗਾ। (ਸਿੱਖੀ ਵਿਚ ‘ਸਰਾਪ’ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ)।

(ਡਾ. ਹਰਜਿੰਦਰ ਸਿੰਘ ਦਿਲਗੀਰ)

Skardu

ਸਕਰਦੂ/ ਸਿਕਰਦੂ

ਪਾਕਿਸਤਾਨ ਦੇ ਕੰਟਰੋਲ ਹੇਠਲੇ ਕਸ਼ਮੀਰ ਦੇ ਗਿਲਗਿਤ ਇਲਾਕੇ ਵਿਚ ਇਕ ਨਗਰ ਜੋ ਕਦੇ ਬੁੱਧ ਧਰਮ ਦਾ ਇਕ ਅਹਿਮ ਕੇਂਦਰ ਹੁੰਦਾ ਸੀ। ਗੁਰੂ ਨਾਨਕ ਸਾਹਿਬ ਵੀ ਇਸ ਨਗਰ ਵਿਚ ਗਏ ਸਨ। ਕਾਰਗਿਲ ਤੋਂ ਚਲ ਕੇ ਗੁਰੂ ਸਾਹਿਬ ਸਕਰਦੂ ਵਲ ਗਏ। ਸਕਰਦੂ ਵਿਚ ਸਕਰਦੂ ਕਿਲ੍ਹੇ ਤੋਂ ਦੋ ਕੁ ਕਿਲੋਮੀਟਰ ਦੂਰ ਗੁਰੂ ਜੀ ਦੀ ਯਾਦ ਵਿਚ ਪਹਾੜੀ ’ਤੇ ਗੁਰਦੁਆਰਾ ਬਣਿਆ ਹੋਇਆ ਸੀ। ਗੁਰਦੁਆਰੇ ਦੇ ਨਾਲ ਕਈ ਦੁਕਾਨਾਂ ਵੀ ਸਨ ਜਿਨ੍ਹਾ ਦਾ ਕਿਰਾਇਆ ਗੁਰਦੁਆਰੇ ਦੀਆਂ ਲੋੜਾਂ ਵਾਸਤੇ ਖ਼ਰਚ ਹੁੰਦਾ ਸੀ।(ਹੁਣ ਇਸ ਦੀ ਇਮਾਰਤ ਬਹੁਤਾ ਹਿੱਸਾ ਢਹਿ ਚੁਕਾ ਹੈ).

(ਤਸਵੀਰ: ਸਕਰਦੂ ਗੁਰਦੁਆਰਾ):

(ਡਾ. ਹਰਜਿੰਦਰ ਸਿੰਘ ਦਿਲਗੀਰ)

Siyana Sayyadan (Haryana)

ਸਿਆਣਾ ਸਯਦਾਂ

ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਵਿਚ, ਪਿਹੋਵਾ ਤੋਂ 5 ਕਿਲੋਮੀਟਰ ਦੂਰ, ਇਕ ਪਿੰਡ, ਜਿੱਥੇ ਗੁਰੂ ਗੋਬਿੰਦ ਸਿੰਘ ਜਨਵਰੀ 1703 ਵਿਚ, ਕੁਰੁਕਸ਼ੇਤਰ ਤੋਂ ਅਨੰਦਪੁਰ ਸਾਹਿਬ ਮੁੜਦੇ, ਰੁਕੇ ਸਨ। ਇੱਥੋਂ ਦਾ ਮੁਸਲਮਾਨ ਪੀਰ ਭੀਖਨ ਸ਼ਾਹ ਗੁਰੂ ਜੀ ਦਾ ਸਾਦਿਕ ਸੀ (ਉਹ 1670 ਵਿਚ ਗੁਰੂ ਜੀ ਨੂੰ, ਉਨ੍ਹਾਂ ਦੇ ਮਾਮੇ ਦੇ ਘਰ, ਲਖਨੌਰ ਪਿੰਡ ਵਿਚ ਮਿਲਿਆ ਸੀ, ਪਰ ਆਪਣੀ ਉਮਰ ਦੇ ਆਖ਼ਰੀ ਸਮੇਂ ਉਹ ਠਸਕਾ ਪਿੰਡ ਵਿਚ ਜਾ ਵਸਿਆ ਸੀ ਤੇ ਉਦੋਂ ਚੜ੍ਹਾਈ ਕਰ ਚੁਕਾ ਸੀ)। ਇਸੇ ਪਿੰਡ ਵਿਚ ਇਕ ਤਰਖਾਣ ਵੀ ਰਹਿੰਦਾ ਸੀ (ਉਸ ਦੇ ਵੱਡੇ-ਵਡੇਰੇ ਭਾਈ ਝੰਡਾ ਗੁਰੂ ਨਾਨਕ ਜੀ ਦੇ ਸਮੇਂ ਸਿੱਖੀ ਵਿਚ ਸ਼ਾਮਿਲ ਹੋਏ ਸਨ; ਇਸ ਦਾ ਅਰਥ ਇਹ ਵੀ ਹੈ ਕਿ ਗੁਰੂ ਨਾਨਕ ਸਾਹਿਬ ਵੀ ਇਸ ਪਿੰਡ ਗਏ ਸਨ)। ਗੁਰੂ ਗੋਬਿੰਦ ਸਿੰਘ ਉਸ ਤਰਖਾਣ ਨੂੰ ਮਿਲਣ ਉਸ ਦੇ ਘਰ ਗਏ ਸੀ, ਜਿੱਥੇ ਉਸ ਨੇ ਗੁਰੂ ਜੀ ਨੂੰ ਲਕੜੀ ਦਾ ਬਣਿਆ ਜੋੜਾ ਭੇਟ ਕੀਤਾ ਸੀ। ਰਿਵਾਇਤ ਮੁਤਾਬਿਕ ਗੁਰੂ ਜੀ ਆਪਣਾ ਪਹਿਲਾਂ ਪਾਇਆ ਹੋਇਆ ਜੋੜਾ ਉੱਥੇ ਛੱਡ ਆਏ ਸਨ। ਭਾਵੇਂ ਉਸ ਪਰਵਾਰ ਦਾ ਕੋਈ ਵਾਰਿਸ ਪਿੰਡ ਵਿਚ ਨਹੀਂ ਰਹਿੰਦਾ, ਪਰ ਇਕ ਜੋੜਾ ਗੁਰਦੁਆਰੇ ਵਿਚ ਸੰਭਾਲਿਆ ਪਿਆ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਉਹੀ ਹੈ ਜਿਹੜਾ ਗੁਰੂ ਜੀ ਉੱਥੇ ਛੱਡ ਗਏ ਸਨ। ਇਸ ਜੋੜੇ ’ਤੇ ਲਾਲ ਤੇ ਚਿੱਟੀ ਕਢਾਈ ਕੀਤੀ ਹੋਈ ਹੈ। ਗੁਰੂ ਜੀ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ: ਦਮਦਮਾ ਸਾਹਿਬ (ਇਕ ਪਿੰਡ ਦੇ ਅੰਦਰ) ਤੇ ਗੁਰਦੁਆਰਾ ਜੋੜਾ ਸਾਹਿਬ (ਪਿੰਡ ਦੇ ਬਾਹਰਵਾਰ)। ਮੁਕਾਮੀ ਰਿਵਾਇਤ ਮੁਤਾਬਿਕ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਵੀ ਇਸ ਪਿੰਡ ਵਿਚ ਗਏ ਸਨ। ਇਸ ਪਿੰਡ ਦਾ ਨਾਂ ‘ਸਿਆਣਾ’ ਸੀ ਪਰ ਸੱਯਦਾਂ ਦੇ ਘਰ ਬਹੁਤੇ ਹੋਣ ਕਰ ਕੇ ਇਹ ‘ਸਿਆਣਾ ਸੱਯਦਾਂ’ ਵਜੋਂ ਜਾਣਿਆ ਜਾਣ ਲਗ ਪਿਆ ਸੀ। ਭਾਈ ਕਾਨ੍ਹ ਸਿੰਘ ਨੇ ਭੁਲੇਖੇ ਵਿਚ ਇਨ੍ਹਾਂ ਦੋਹਾਂ ਨੂੰ ਵੱਖ-ਵੱਖ ਪਿੰਡ ਲਿਖਿਆ ਹੈ.

(ਤਸਵੀਰਾਂ: 1. ਦਮਦਮਾ ਸਾਹਿਬ 2. ਜੋੜਾ ਸਾਹਿਬ 3. ਉੱਥੇ ਰੱਖਿਆ ਜੋੜਾ):

(ਡਾ. ਹਰਜਿੰਦਰ ਸਿੰਘ ਦਿਲਗੀਰ)

Sistan (Balochistan, Iran & Afghanistan)

ਸੀਸਤਾਨ

ਮੌਜੂਦਾ ਪੂਰਬੀ ਇਰਾਨ (ਮੌਜੂਦਾ ਸੀਸਤਾਨ ਤੇ ਬਲੋਚਿਸਤਾਨ ਸੂਬਾ), ਦੱਖਣੀ ਅਫ਼ਗ਼ਾਨਿਸਤਾਨ (ਨਿਮਰੂਜ਼, ਕੰਧਾਰ) ਅਤੇ ਬਲੋਚਿਸਤਾਨ ਦੇ ਨੋਕ ਕੁੰਡੀ ਦੇ ਕੁਝ ਇਲਾਕੇ ਦਾ ਨਾਂ ਕਿਸੇ ਵੇਲੇ ਸੀਸਤਾਨ ਸੀ। ਇਸ ਦਾ ਪੁਰਾਨਾ ਨਾਂ ਸ਼ਕਸਤਾਨ ਸੀ ਕਿਉਂ ਕਿ ਏਥੇ ਸ਼ਕ ਕੌਮ ਦੀ ਹਕੂਮਤ ਸੀ। ਇਹ ਰਿਆਸਤ ਸੰਨ 240 ਵਿਚ ਬਣੀ ਸੀ ਤੇ ਅਹਿਮਦ ਸ਼ਾਹ ਦੁੱਰਾਨੀ ਤਕ ਇਹ ਮੁਗ਼ਲ ਅਤੇ ਅਫ਼ਗ਼ਾਨ ਹਾਕਮਾਂ ਦੇ ਕਬਜ਼ੇ ਵਿਚ ਰਹੀ ਸੀ। 1747 ਤੋਂ 1872 ਤਕ ਇਹ ਰਿਆਸਤ ਈਰਾਨ ਅਤੇ ਅਫ਼ਗ਼ਾਨਿਸਤਾਨ ਵਿਚ ਝਗੜੇ ਦਾ ਕਾਰਨ ਬਣੀ ਰਹੀ। ਅਖ਼ੀਰ ਇਸ ਦਾ ਬਹੁਤਾ ਹਿੱਸਾ ਈਰਾਨ ਨੂੰ ਮਿਲ ਗਿਆ। ਪਰ ਇਸ ਦੀਆਂ ਸਰਹਦਾਂ ਦਾ ਆਖ਼ਰੀ ਫ਼ੈਸਲਾ ਬਾਊਂਡਰੀ ਕਮਿਸ਼ਨ ਨੇ 1905 ਵਿਚ ਕੀਤਾ। ਸੀਸਤਾਨ ਵਿਚ ਕਿਸੇ ਵੇਲੇ ਕਾਫ਼ੀ ਸਿੱਖ ਵੀ ਰਹਿੰਦੇ ਸਨ। ਇੱਥੋਂ ਦਾ ਹਰਬੰਸ ਸਿੰਘ ਸੀਸਤਾਨੀ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਦਾ ਮੈਂਬਰ ਸੀ ਸੀ ਤੇ ਜਦ ਅਕਤੂਬਰ 1923 ਵਿਚ ਸ਼੍ਰੋਮਣੀ ਕਮੇਟੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ ਤਾਂ ਉਸ ਨੂੰ ਸੀਸਤਾਨ ਤੋਂ ਹੀ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sis Ganj (Delhi, Ambala, Anandpur)

ਸੀਸ ਗੰਜ

ਜਿਹੜੀ ਥਾਂ (ਗੁਰੂ ਤੇਗ਼ ਬਹਾਦਰ ਜੀ ਦੇ) ਸੀਸ ਨਾਲ ਸਬੰਧਤ ਹੈ: ਜਿੱਥੇ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਕੱਟਿਆ ਗਿਆ ਸੀ ਜਾਂ ਜਿੱਥੇ ਉਨ੍ਹਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ ਆਦਿ। ਸੀਸ ਗੰਜ ਨਾਂ ਹੇਠ ਚਾਰ (ਤਿੰਨ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ’ਤੇ) ਗੁਰਦੁਆਰੇ ਬਣੇ ਹੋਏ ਸਨ: 1. ਦਿੱਲੀ ਦੇ ਚਾਂਦਨੀ ਚੌਕ ਵਿਚ ਜਿੱਥੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ 11 ਨਵੰਬਰ 1675 ਦੇ ਦਿਨ ਸ਼ਹੀਦ ਕੀਤਾ ਗਿਆ ਸੀ। ਇਸੇ ਹੀ ਦਿਨ ਭਾਈ ਦਿਆਲ ਦਾਸ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਸਾਹਮਣੇ ਫੁਹਾਰੇ ਕੋਲ ਸ਼ਹੀਦ ਕੀਤਾ ਗਿਆ ਸੀ। ਮਾਰਚ 1716 ਵਿਚ ਇਸੇ ਥਾਂ ’ਤੇ ਹੀ ਬੰਦਾ ਸਿੰਘ ਬਹਾਦਰ ਦੇ 700 ਤੋਂ ਵਧ ਸਾਥੀ ਸ਼ਹੀਦ ਕੀਤੇ ਗਏ ਸਨ। ਇਹ ਥਾਂ ਦਿੱਲੀ ਦੀ ਕੋਤਵਾਲੀ ਸੀ ਤੇ ਨਾਲ ਹੀ ਇਕ ਮਸਜਿਦ ਵੀ ਸੀ। 1783 ਵਿਚ ਜਦ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ’ਤੇ ਕਬਜ਼ਾ ਕੀਤਾ ਅਤੇ ਲਾਲ ਕਿਲ੍ਹੇ ਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ ਤਾਂ ਮੁਗ਼ਲ ਹਕੂਮਤ ਨੇ ਉਨ੍ਹਾਂ ਨਾਲ ਸਮਝੌਤਾ ਕਰ ਲਿਆ। ਇਸ ਸਮੇਂ ਬਘੇਲ ਸਿੰਘ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਉਸ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਥਾਂ ’ਤੇ ਗੁਰਦੁਆਰਾ ਸੀਸ ਗੰਜ ਬਣਾਇਆ। ਇਸ ਮਕਸਦ ਵਾਸਤੇ ਉਸ ਨੂੰ ਇਸ ਜਗਹ ਦੇ ਨਾਲ ਦੀ ਇਕ ਆਮ ਮਸੀਤ ਵੀ ਢਾਹੁਣੀ ਪਈ। ਕੁਝ ਸਾਲ ਮਗਰੋਂ ਸਿੱਖਾਂ ਨੇ ਦਿੱਲੀ ’ਤੇ ਆਪਣਾ ਹੱਕ ਜਮਾਉਣਾ ਬੰਦ ਕਰ ਦਿੱਤਾ ਤਾਂ ਮੁਸਲਮਾਨਾਂ ਨੇ ਇਹ ਗੁਰਦੁਆਰਾ ਢਾਹ ਕੇ ਮਸੀਤ ਬਣਾ ਲਈ। 1857 ਦੇ ਗ਼ਦਰ ਸਮੇਂ ਜੀਂਦ ਦੇ ਰਾਜਾ ਸਰੂਪ ਸਿੰਘ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਸ ਮਦਦ ਤੋਂ ਖ਼ੁਸ਼ ਹੋ ਕੇ ਅੰਗਰੇਜ਼ਾਂ ਨੇ ਰਾਜਾ ਸਰੂਪ ਸਿੰਘ ਨੂੰ ਉਹ ਮਸਜਿਦ ਢਾਹ ਕੇ ਦੋਬਾਰਾ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਕੁਝ ਮੁਸਲਮਾਨਾਂ ਨੇ ਇਸ ਦੀ ਮੁਖ਼ਾਲਫ਼ਤ ਕੀਤੀ ਤੇ ਇਹ ਕੇਸ ਅਦਾਲਤ ਵਿਚ ਲੈ ਗਏ। ਇਹ ਕੇਸ ਬਰਤਾਨਵੀ ਪ੍ਰਿਵੀ ਕੌਂਸਲ ਤਕ ਗਿਆ ਤੇ ਉਸ ਨੇ ਵੀ ਸਿੱਖਾਂ ਦੇ ਹੱਕ ਵਿਚ ਫ਼ੈਸਲਾ ਕੀਤਾ। 1930 ਵਿਚ ਇਕ ਸਿਆਸੀ ਗੜਬੜ ਦੌਰਾਨ ਪੁਲੀਸ ਨੇ ਨਾਲ ਦੀ ਕੋਤਵਾਲੀ ਤੋਂ ਇਸ ਥਾਂ ’ਤੇ ਗੋਲੀਆਂ ਚਲਾਈਆਂ। 12 ਜੂਨ 1960 ਦੇ ਦਿਨ ਪੰਜਾਬੀ ਸੂਬਾ ਦੇ ਹੱਕ ਵਿਚ ਕੱਢੇ ਜਾਣ ਵਾਲੇ ਜਲੂਸ ਨੂੰ ਰੋਕਣ ਵਾਸਤੇ ਏਥੇ ਪੁਲੀਸ ਨੇ ਵਹਿਸ਼ਤ ਦਾ ਮੁਜ਼ਾਹਰਾ ਕੀਤਾ ਅਤੇ ਸੈਂਕੜੇ ਸਿੱਖਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ, ਕਈ ਸਿੱਖ ਸ਼ਹੀਦ ਵੀ ਹੋਏ। ਇਸ ਜਗਹ ਦੇ ਦੁਆਲੇ ਸਾਰਾ ਦਿਨ ਕਰਫ਼ਿਊ ਲਗਾ ਰਿਹਾ। ਫਿਰ 5 ਨਵੰਬਰ 1978 ਦੇ ਦਿਨ ਜਦ ਸਿੱਖਾਂ ਨੇ ਨਕਲੀ ਨਿਰੰਕਾਰੀਆਂ ਦੇ ਖ਼ਿਲਾਫ਼ ਜਲੂਸ ਕੱਢਿਆ ਤਾਂ ਪੁਲੀਸ ਨੇ ਗੋਲੀ ਚਲਾ ਕੇ 4 ਸਿੱਖ ਸ਼ਹੀਦ ਕੀਤੇ ਤੇ ਦਰਜਨਾਂ ਜ਼ਖ਼ਮੀ ਕਰ ਦਿੱਤੇ ਤੇ ਇਸ ਦੇ ਨਾਲ ਹੀ ਫ਼ਿਰਕੂ ਪ੍ਰਾਈਮ ਮਨਿਸਟਰ ਮੋਰਾਰਜੀ ਡੇਸਾਈ ਦੀ ਸਰਕਾਰ ਨੇ ਤਿੰਨ ਗੁਰਦੁਆਰੇ (ਸੀਸ ਗੰਜ, ਰਕਾਬ ਗੰਜ ਤੇ ਬੰਗਲਾ ਸਾਹਿਬ) ਸੀਲ ਕਰ ਦਿੱਤੇ ਤੇ ਕਰਫ਼ਿਊ ਲਾ ਦਿੱਤਾ। ਤੀਜੇ ਦਿਨ ਜਦ ਅਕਾਲੀ ਵਜ਼ੀਰਾਂ ਨੇ ਕਰਫ਼ਿਊ ਤੋੜਨ ਅਤੇ ਗ੍ਰਿਫ਼ਤਾਰੀਆਂ ਦੇਣ ਦਾ ਫ਼ੈਸਲਾ ਕੀਤਾ ਤਾਂ ਇਹ ਕਰਫ਼ਿਊ ਹਟਾਇਆ ਗਿਆ। ਮੌਜੂਦਾ ਇਮਾਰਤ ਦਾ ਬਹੁਤਾ ਹਿੱਸਾ 1930 ਵਿਚ ਬਣਾਇਆ ਗਿਆ ਸੀ। 1971 ਵਿਚ ਜਥੇਦਾਰ ਸੰਤੋਖ ਸਿੰਘ ਨੇ ਸਰਕਾਰ ਨੂੰ 16 ਲੱਖ 25 ਹਜ਼ਾਰ ਰੁਪੈ ਕੀਮਤਾ ਦੇ ਕੇ ਨਾਲ ਦੀ ਕੋਤਵਾਲੀ ਵਾਲੀ ਬਾਕੀ ਇਮਾਰਤ ਵੀ ਖ਼ਰੀਦ ਲਈ (ਜਿਸ ਥਾਂ ’ਤੇ ਹੁਣ ਲੰਗਰ ਬਣਿਆ ਹੋਇਆ ਹੈ)। ਗੁਰਦੁਆਰੇ ਦੇ ਮੁਖ ਹਾਲ ਦੇ ਹੇਠਾਂ ਭੋਰਾ ਸਾਹਿਬ ਨਾਂ ਦੀ ਥਾਂ ਉਹ ਜਗ੍ਹਾ ਹੈ ਜਿੱਥੇ ਗੁਰੂ ਜੀ ਦਾ ਸੀਸ ਧੜ ਤੋਂ ਜੁਦਾ ਕੀਤਾ ਗਿਆ ਸੀ 2. ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ ਦਾ ਇਕ ਹਿੱਸਾ) ਵਿਚ ਗੁਰਦੁਆਰਾ ਸੀਸ ਗੰਜ।ਗੁਰੂ ਤੇਗ਼ ਬਹਾਦਰ ਜੀ ਦਾ ਕੱਟਿਆ ਹੋਇਆ ਸੀਸ ਭਾਈ ਜੈਤਾ (ਜੀਵਨ ਸਿੰਘ) ਭਾਈ ਊਦਾ ਤੇ ਭਾਈ ਨਾਨੂ ਦਿੱਲੀ ਤੋਂ ਲੈ ਕੇ 16 ਨਵੰਬਰ 1675 ਦੇ ਦਿਨ ਚੱਕ ਨਾਨਕੀ ਪੁੱਜੇ ਸਨ ਤੇ ਉਸ ਸੀਸ ਦਾ ਸਸਕਾਰ ਇਸ ਥਾਂ ’ਤੇ 17 ਨਵੰਬਰ ਦੇ ਦਿਨ ਕੀਤਾ ਗਿਆ ਸੀ 3. ਭਾਈ ਜੈਤਾ ਤੇ ਉਨ੍ਹਾਂ ਦੇ ਸਾਥੀਆਂ ਨੇ, ਗੁਰੂ ਜੀ ਦਾ ਸੀ ਦਿੱਲੀ ਤੋਂ ਚੱਕ ਨਾਨਕੀ ਲਿਜਾਂਦੇ ਸਮੇਂ, ਅੰਬਾਲਾ ਵਿਚ ਪੜਾਅ ਕੀਤਾ ਸੀ; ਉਸ ਜਗਹ ’ਤੇ ਵੀ ਸੀਸ ਗੰਜ ਦੇ ਨਾਂ ’ਤੇ ਗੁਰਦੁਆਰਾ ਬਣਿਆ ਹੋਇਆ ਹੈ 4. ਲਾਹੌਰ ਵਿਚ ਜਿਸ ਥਾਂ ’ਤੇ ਅਹਿਮਦ ਸ਼ਾਹ ਦੁੱਰਾਨੀ ਨੇ ਸ਼ਹੀਦ ਸਿੰਘਾਂ ਦੇ ਸਿਰਾਂ ਦਾ ਮੀਨਾਰ ਉਸਾਰਿਆ ਸੀ, ਉਸ ਥਾਂ ’ਤੇ ਬਣੇ ਗੁਰਦੁਆਰੇ ਨੂੰ ਵੀ ਸੀਸ ਗੰਜ ਕਿਹਾ ਜਾਂਦਾ ਸੀ.

ਸੀਸ ਗੰਜ ਦਿੱਲੀ

ਸੀਸ ਗੰਜ ਅੰਬਾਲਾ

ਸੀਸ ਗੰਜ ਅਨੰਦਪੁਰ ਸਾਹਿਬ

(ਡਾ. ਹਰਜਿੰਦਰ ਸਿੰਘ ਦਿਲਗੀਰ)

Sioke Village

ਸਿਓਕੇ ਪਿੰਡ

ਵੇਖੋ: ਸੇਉਕੀ ਪਿੰਡ

Sunam

ਸੁਨਾਮ ਨਗਰ

ਜ਼ਿਲ੍ਹਾ ਸੰਗਰੂਰ ਵਿਚ ਇਕ ਪੁਰਾਣਾ ਨਗਰ। ਹੁਣ ਇਸ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਸੁਨਾਮ ਊਧਮ ਸਿੰਘ ਵਾਲਾ ਰਖ ਦਿੱਤਾ ਗਿਆ ਹੈ (ਵੇਖੋ: ਊਧਮ ਸਿੰਘ)। ਸੰਨ 1500 ਵਿਚ ਇਸ ਨੂੰ ‘ਪੀਰਾਂ ਵਾਲਾ ਨਗਰ’ ਕਿਹਾ ਜਾਂਦਾ ਸੀ ਕਿਉਂ ਕਿ ਇਸ ਨਗਰ ਵਿਚ 100 ਪੀਰ ਰਹਿੰਦੇ ਸਨ। ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਮੂਨਕ ਤੋਂ ਚਲ ਕੇ ਆਏ ਸਨ ਅਤੇ ਇਸ ਨਗਰ ਵਿਚ ਰੁਕੇ ਸਨ। ਗੁਰੂ ਸਾਹਿਬ ਸ਼ਹਿਰ ਤੋਂ ਬਾਹਰ ਹੰਸਨਾ ਨਾਂ ਦੀ ਨਦੀ ਦੇ ਕੰਢੇ ਰੁਕੇ ਸਨ। (ਉਦੋਂ ਇਹ ਇਕ ਛੋਟਾ ਜਿਹਾ ਨਗਰ ਸੀ ਪਰ ਹੁਣ ਇਕ ਵੱਡਾ ਨਗਰ ਹੈ ਜਿਸ ਦੀ ਆਬਾਦੀ ਸਾਢੇ ਤਿੰਨ ਲੱਖ ਦੇ ਕਰੀਬ ਹੈ)। ਇੱਥੋਂ ਇਕ ਲਾਹੜਾ ਗੋਤ ਦੇ ਬ੍ਰਾਹਮਣ ਪਰਵਾਰ ਗੁਰੂ ਜੀ ਨੂੰ ਆਪਣੇ ਘਰ ਵਿਚ ਲੈ ਆਏ, ਜਿੱਥੇ ਇਸ ਪਰਵਾਰ ਦੀ ਇਕ ਬਜ਼ੁਰਗ ਮਾਤਾ ਨੇ ਗੁਰੂ ਜੀ ਦੀ ਬੜੇ ਪਿਆਰ ਨਾਲ ਸੇਵਾ ਕੀਤੀ ਸੀ। ਗੁਰੂ ਜੀ ਇੱਥੇ ਇਕ ਰਾਤ ਰਹੇ ਤੇ ਫਿਰ ਸੁਲਤਾਨਪੁਰ ਨੂੰ ਜਾਣ ਵਾਸਤੇ ਸੰਗਰੂਰ ਵੱਲ ਚਲੇ ਗਏ। ਉਨ੍ਹਾਂ ਲਾਹੜੇ ਖਤਰੀਆਂ ਦੇ ਘਰ ਵਾਲੀ ਜਗਹ ’ਤੇ 1918 ਵਿਚ ‘ਗੁਰਦੁਆਰਾ ਪਹਿਲੀ ਪਾਤਸ਼ਾਹੀ’ ਬਣਾਇਆ ਸੀ, ਜਿਸ ਨੂੰ ਵੱਡਾ ਗੁਰਦੁਆਰਾ ਕਿਹਾ ਜਾਂਦਾ ਹੈ। ਇਸ ਗੁਰਦੁਆਰੇ ਦੀ ਉਸਾਰੀ ਵਿਚ ਕਪਤਾਨ ਰਾਮ ਸਿੰਘ ਨੇ ਬਹੁਤ ਸੇਵਾ ਕੀਤੀ ਸੀ। ਹੁਣ ਇਸ ਜਗਹ ’ਤੇ ਬਹੁਤ ਵੱਡੀ ਇਮਾਰਤ ਬਣ ਚੁਕੀ ਹੈ।ਜਿੱਥੇ ਗੁਰੂ ਜੀ ਨਦੀ ਦੇ ਕੰਢੇ ਠਹਿਰੇ ਸਨ ਉੱਥੇ ਕੋਈ ਯਾਦਗਾਰ ਨਹੀਂ ਹੈ। ਗੁਰੂ ਗੋਬਿੰਦ ਸਿੰਘ ਵੀ ਸੁਨਾਮ ਵਿਚ ਘਏ ਸਨ। ਉਹ ਜੂਨ 1693 ਵਿਚ ਧਮਤਾਨ ਤੋਂ ਕੀਰਤਪੁਰ ਜਾਂਦੇ ਸਮੇਂ ਇੱਥੇ ਕੰਬੋਆਂ ਦੇ ਮੁਹੱਲੇ ਵਿਚ ਭਾਈ ਹੀਰਾ ਦੇ ਘਰ ਠਹਿਰੇ ਸਨ; ਪਰ ਉਨ੍ਹਾਂ ਦੀ ਯਾਦ ਵਿਚ ਕੋਈ ਗੁਰਦੁਆਰਾ ਨਹੀਂ ਹੈ। ਲੰਡਨ ਜਾ ਕੇ ਉਡਵਾਇਰ ਨੂੰ ਮਾਰਨ ਵਾਲੇ ਊਧਮ ਸਿੰਘ ਸ਼ਹੀਦ ਦਾ ਜਨਮ ਵੀ ਇਸ ਨਗਰ ਵਿਚ ਹੋਇਆ ਸੀ (ਊਧਮ ਸਿੰਘ ਵੀ ਕੰਬੋਜ ਸੀ ਤੇ ਹੋ ਸਕਦਾ ਹੈ ਕਿ ਉਹ ਗੁਰੁ ਜੀ ਦੇ ਸਾਦਕ ਪਰਵਾਰਾਂ ਵਿਚੋਂ ਹੀ ਹੋਵੇ)। ਉਸ ਦੀ ਯਾਦਗਾਰ ਵੀ ਇੱਥੇ ਬਣੀ ਹੋਈ ਹੈ. ਹੋਰ ਵੇਖੋ: ਊਧਮ ਸਿੰਘ.

ਗੁਰਦੁਆਰਾ ਗੁਰੂ ਨਾਨਕ ਸਾਹਿਬ, ਸੁਨਾਮ
(ਪੁਰਾਣੀ ਇਮਾਰਤ)

ਗੁਰਦੁਆਰਾ ਗੁਰੂ ਨਾਨਕ ਸਾਹਿਬ, ਸੁਨਾਮ
(ਨਵੀਂ ਇਮਾਰਤ)

(ਡਾ. ਹਰਜਿੰਦਰ ਸਿੰਘ ਦਿਲਗੀਰ)

Sumer Parbat, Kailash Parbat (Mountain)

ਸੁਮੇਰ/ ਸੁਮੇਰੁ

ਹਿਮਾਲਾ ਵਿਚ ਤਿਬਤ ਮੁਲਕ ਦੀ ਹੱਦ ਵਿਚ ਇਕ ਪਹਾੜ। ‘ਸੁਮੇਰ’ ਨੂੰ ਕੈਲਾਸ਼ ਪਹਾੜ ਵੀ ਆਖਦੇ ਹਨ। ਸੁਮੇਰੁ/ ਕੈਲਾਸ਼ ਪਹਾੜ ਵਿਚ ਦੋ ਬਹੁਤ ਵੱਡੀਆਂ ਝੀਲਾਂ ਮਾਨਸਰੋਵਰ (88 ਵਰਗ ਮੀਲ ਰਕਬਾ) ਤੇ ਰਕਸ਼ਸਤਲ (320 ਵਰਗ ਕਿਲੋਮੀਟਰ ਰਕਬਾ) ਹਨ; ਦੋਹਾਂ ਝੀਲ਼ਾਂ ਵਿਚ 3.7 ਕਿਲੋਮੀਟਰ ਦਾ ਫ਼ਾਸਲਾ ਹੈ।

ਗੁਰੂੁ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਸੁਮੇਰ ਪਰਬਤ ’ਤੇ ਗਏ ਸਨ। ਉਨ੍ਹਾਂ ਦੇ ਸੁਮੇਰ ਜਾਣ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 28ਵੀਂ ਪਉੜੀ ਵਿਚ ਕੀਤਾ ਹੈ। ਏਥੇ ਗੁਰੂ ਸਾਹਿਬ ਨੇ ਸਿਧ ਜੋਗੀਆਂ ਨੂੰ ਸਿਖਿਆ ਦਿਤੀ ਸੀ। ਮਾਨਸਰੋਵਰ ਝੀਲ ਦੇ ਕੰਢੇ ’ਤੇ ਤਿਬਤੀਆਂ ਦੇ ਕੁਝ ਮੰਦਰ ਹਨ।

ਮਾਨਸਰੋਵਰ ਝੀਲ ਤੇ ਕੈਲਾਸ਼ ਪਹਾੜ, ਤਿਬਤ, ਚੀਨ, ਦੇ ਸ਼ਹਿਰ ਲ੍ਹਾਸਾ ਤੋਂ 940 ਕਿਲੋਮੀਟਰ ਦੂਰ ਹੈ। ਸੁਮੇਰੁ/ ਕੈਲਾਸ਼ ਜਾਣ ਵਾਸਤੇ ਚੀਨ ਤੋਂ ਪਰਮਿਟ ਲੈਣੇ ਪੈਂਦੇ ਹਨ ਤੇ ਇਸ ਜਗਹ ਤਕ ਸਫ਼ਰ ਨੂੰ ਘਟ ਤੋਂ ਘਟ 6 ਦਿਨ ਲਗਦੇ ਹਨ। ਭਾਰਤ ਤੋਂ ਬਹੁਤ ਥੋੜ੍ਹੀ ਜਹੀ ਗਿਣਤੀ ਦੇ ਯਾਤਰੀਆਂ ਨੂੰ, ਲਾਟਰੀ ਸਿਸਟਮ ਵਿਚ, ਮਾਨਸਰੋਵਰ ਜਾਣ ਦੀ ਇਜਾਜ਼ਤ ਮਿਲਦੀ ਹੈ ਤੇ ਉਹ ਉਤਰਕਾਸ਼ੀ ਤੋਂ ਦਾਖ਼ਿਲ ਹੋ ਸਕਦੇ ਹਨ (ਗੁਰੂ ਨਾਨਕ ਸਾਹਿਬ ਇਸੇ ਰਸਤੇ ਤੋਂ ਗਏ ਸਨ)। ਇਕ ਰਸਤਾ ਕਠਮੰਡੂ ਅਤੇ ਲ੍ਹਾਸਾ (ਤਿਬਤ) ਵੱਲੋਂ, ਬਰਾਸਤਾ ਡਾਰਚਨ, ਵੀ ਜਾਂਦਾ ਹੈ।

ਡਾਰਚਨ ਤੋਂ ਕੈਲਾਸ਼ ਪਹਾੜ ਸਾਫ਼ ਨਜ਼ਰ ਆਉਂਦਾ ਹੈ; ਇਸ ਤੋਂ ਅੱਗੇ ਦਾ ਰਸਤਾ ਪੈਦਲ ਤੈਅ ਕਰਨਾ ਪੈਂਦਾ ਹੈ। ਸੁਮੇਰੁ ਪਹਾੜ ਦੇ ਨੇੜੇ ਸਿੰਧ, ਸਤਲੁਜ, ਬ੍ਰਹਮਪੁੱਤਰ ਅਤੇ ਘਗਰ ਦਰਿਆਵਾਂ ਦਾ ਸੋਮਾ ਵੀ ਹੈ। ਕਿਸੇ ਜ਼ਮਾਨੇ ਵਿਚ ਇਹ ਬੋਧੀਆਂ, ਜੈਨੀਆਂ ਅਤੇ ਸਿੱਧ ਯੋਗੀਆਂ ਦਾ ਸੈਂਟਰ ਰਿਹਾ ਸੀ। ਇਕ ਰਿਵਾਇਤ ਮੁਤਾਬਿਕ ਇਸ ਦੀਆਂ ਪੰਜ ਚੋਟੀਆਂ ਹਨ (ਰੁਦ੍ਰ ਹਿਮਾਲਾ, ਵਿਸ਼ਨੂਪੁਰੀ, ਬ੍ਰਹਮ ਪੁਰੀ, ਉਦਗਾਰੀਕੰਠ ਤੇ ਸਵਰਗਆਰੋਹਣ)। ਮਿਥਹਾਸ ਵਿਚ ਸੁਮੇਰੁ ਦੀ ਬੁਲੰਦੀ (ਉਚਾਈ) ਚੌਰਾਸੀ ਹਜ਼ਾਰ ਯੋਜਨ ਲਿਖੀ ਹੋਈ ਹੈ ਤੇ ਇਸ ਤੋਂ ਇਲਾਵਾ ਇਹ ਸੋਲ੍ਹਾਂ ਹਜ਼ਾਰ ਯੋਜਨ ਜ਼ਮੀਨ ਵਿਚ ਵੀ ਗੱਡਿਆ ਹੋਇਆ ਹੈ। ਇਸ ਦੀ ਚੋਟੀ ’ਤੇ ਇਕ ਮੈਦਾਨ ਹੈ ਜਿਸ ਦਾ ਰਕਬਾ ਬੱਤੀ ਹਜ਼ਾਰ ਯੋਜਨ ਹੈ। ਜਦ ਸੂਰਜ ਦੀਆਂ ਕਿਰਨਾਂ ਸੁਮੇਰੁ ਪਹਾੜ ’ਤੇ ਪੈਂਦੀਆਂ ਹਨ ਤਾਂ ਇਹ ਸੋਨੇ ਵਾਂਙ ਚਮਕਦਾ ਹੈ; ਇਸ ਕਰ ਕੇ ਇਸ ਨੂੰ ਸੋਨ ਪਰਬਤ, ਸੋਨੇ ਦਾ ਪਹਾੜ ਵੀ ਕਹਿੰਦੇ ਹਨ.

ਗੁਰੂ ਗ੍ਰੰਥ ਸਹਿਬ ਵਿਚ ਸੁਮੇਰ (ਸੁ=ਸ਼੍ਰੇਸ਼ਟ+ ਮੇਰੁ=ਪਹਾੜ) ਦਾ ਜ਼ਿਕਰ ਇਕ ਉੱਚੇ ਪਹਾੜ ਵਜੋਂ ਆਇਆ ਹੈ: ਦਾਝਿ ਗਏ ਤ੍ਰਿਣ ਪਾਪ ਸੁਮੇਰ (899), ਮੇਰ ਸੁਮੇਰ ਮੋਰੁ ਬਹੁ ਨਾਚੈ, ਜਬ ਉਨਵੈ ਘਨ ਘਨਹਾਰੇ (983)। ਕਿਉਂਕਿ ਸੁਮੇਰ ਨੂੰ ‘ਸੋਨ ਪਰਬਤ’ ਵੀ ਕਿਹਾ ਜਾਂਦਾ ਹੈ, ਇਸ ਕਰ ਕੇ ਇਸ ਨੂੰ ‘ਸੁਇਨੇ ਦਾ ਪਰਬਤ’ ਵੀ ਲਿਖਿਆ ਹੈ: ਸੁਇਨੇ ਕੈ ਪਰਬਤਿ ਗੁਫਾ ਕਰੀ, ਕੈ ਪਾਣੀ ਪਇ ਆਲਿ (139), ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ (276).

(ਡਾ. ਹਰਜਿੰਦਰ ਸਿੰਘ ਦਿਲਗੀਰ)

Sultanpur Lodhi

ਸੁਲਤਾਨਪੁਰ

ਇਹ ਕਪੂਰਥਲਾ ਜ਼ਿਲ੍ਹਾ ਵਿਚ, ਕਾਲੀ ਬੇਈਂ ਨਦੀ ਦੇ ਕੰਢੇ ’ਤੇ, ਇਕ ਬਹੁਤ ਪੁਰਾਣਾ ਕਸਬਾ ਹੈ। ਇਕ ਰਿਵਾਇਤ ਮੁਤਾਬਿਕ ਇਹ ਕਸਬਾ ਮਹਿਮੂਦ ਗ਼ਜ਼ਨਵੀ ਵੱਲੋਂ ਲਾਏ ਗਏ ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖ਼ਾਨ ਦੇ ਪੁੱਤਰ ਸੁਲਤਾਨ ਖ਼ਾਨ ਲੋਦੀ ਨੇ 1103 ਵਿਚ ਵਸਾਇਆ ਸੀ। ਪਰ ਇਹ ਨਗਰ ਇਸ ਤੋਂ ਵੀ ਬਹੁਤ ਵਧ ਪੁਰਾਣਾ ਹੈ। ਇਸ ਜਗਹ ਘਟੋ-ਘਟ ਦੋ ਹਜ਼ਾਰ ਸਾਲ ਪੁਰਾਣੀਆਂ ਨਿਸ਼ਾਨੀਆਂ ਮਿਲਦੀਆਂ ਹਨ (ਉਦੋਂ ਇਹ ਬੁੱਧ ਧਰਮ ਦਾ ਵੱਡਾ ਕੇਂਦਰ ਸੀ)। ਮੁਗ਼ਲ ਬਾਦਸ਼ਾਹ ਅਕਬਰ ਦੇ ਜ਼ਮਾਨੇ ਵਿਚ ਸੁਲਤਾਨਪੁਰ ਇਕ ਆਲੀਸ਼ਾਨ ਕਸਬਾ ਹੁੰਦਾ ਸੀ। ਇਸ ਨਗਰ ਵਿਚ 32 ਤੋਂ ਵਧ ਮਾਰਕੀਟਾਂ ਅਤੇ 5600 ਤੋਂ ਵਧ ਦੁਕਾਨਾਂ ਹੁੰਦੀਆਂ ਸਨ। ਇਹ ਵਪਾਰ ਦਾ ਬਹੁਤ ਵੱਡਾ ਸੈਂਟਰ ਸੀ। ਇਸ ਦੇ ਆਲੇ-ਦੁਆਲੇ ਦੇ ਕਈ ਪਿੰਡ (ਤਕਰੀਬਨ 8 ਮੀਲ, ਯਾਨਿ 13 ਕਿਲੋਮੀਟਰ ਦਾ ਰਕਬਾ) ਇਸ ਨਗਰ ਦਾ ਹਿੱਸਾ ਹੁੰਦੇ ਸਨ (ਹੁਣ ਤਾਂ ਇੱਥੋਂ ਦੀ ਆਬਾਦੀ ਸਿਰਫ਼ 16-17 ਹਜ਼ਾਰ ਹੀ ਹੈ)। ਇਸ ਵਿਚ ਬਹੁਤ ਸਾਰੇ ਬਾਗ਼ ਹੁੰਦੇ ਸਨ। ਇੱਥੇ ਮੁਸਲਮਾਨਾਂ ਦੇ ਕਈ ਆਲਮ-ਫ਼ਾਜ਼ਲ ਵੀ ਰਿਹਾ ਕਰਦੇ ਸਨ। ਇਨ੍ਹਾਂ ਤੋਂ ਔਰੰਗਜ਼ੇਬ ਤੇ ਦਾਰਾ ਸ਼ਿਕੋਹ ਵੀ ਕੁਝ ਚਿਰ ਇੱਥੇ ਪੜ੍ਹਦੇ ਰਹੇ ਸਨ। ਮੁਗ਼ਲ ਬਾਦਸ਼ਾਹਾਂ, ਜਹਾਂਗੀਰ ਅਤੇ ਔਰੰਗਜ਼ੇਬ, ਦੇ ਜ਼ਮਾਨੇ ਦੇ, ਬੇਈਂ ਨਦੀ ’ਤੇ ਬਣੇ, ਦੋ ਟੁੱਟੇ ਹੋਏ ਪੁਲਾਂ ਦੀਆਂ ਨਿਸ਼ਾਨੀਆਂ ਅਜੇ ਵੀ ਮੌਜੂਦ ਹਨ।

ਸੋਲ੍ਹਵੀਂ ਸਦੀ ਵਿਚ ਇਹ ਜਲੰਧਰ-ਦੋਆਬ ਦੇ ਫ਼ੌਜਦਾਰ ਦੌਲਤ ਖ਼ਾਨ ਲੋਧੀ ਦਾ ਹੈੱਡਕੁਆਰਟਰ ਸੀ। ਗੁਰੂ ਨਾਨਕ ਸਾਹਿਬ ਅਕਤੂਬਰ 1504 ਤੋਂ ਅਗਸਤ 1507 ਤਕ ਏਥੇ ਨਵਾਬ ਦੌਲਤ ਖ਼ਾਨ ਦੇ ਮੋਦੀਖ਼ਾਨੇ ਵਿਚ ਮੋਦੀ ਵਜੋਂ ਸੇਵਾ ਕਰਦੇ ਰਹੇ ਸਨ। ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਇਕ ਵਾਰ ਏਸ ਨਗਰ ਵਿਚੋਂ ਲੰਘਦਿਆਂ ਰੁਕੇ ਸਨ।1739 ਵਿਚ ਨਾਦਰ ਸ਼ਾਹ ਦੇ ਹਮਲੇ ਵੇਲੇ ਇਸ ਦਾ ਕਾਫ਼ੀ ਹਿੱਸਾ ਤਬਾਹ ਹੋ ਗਿਆ। ਨਵੰਬਰ 1753 ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਨਗਰ ’ਤੇ ਇਸ ਨਗਰ ’ਤੇ ਕਬਜ਼ਾ ਕਰ ਲਿਆ ਸੀ।

ਮੁਗ਼ਲ ਬਾਦਸ਼ਾਹਾਂ ਦੇ ਬਣਾਏ ਪੁਲਾਂ ਵਿਚੋਂ ਇਕ ਦਾ ਬਚਿਆ-ਖੁਚਿਆ ਹਿੱਸਾ

ਮੁਗ਼ਲ ਬਾਦਸ਼ਾਹਾਂ ਦਾ ਰੰਗ ਮਹਿਲ

ਸਰਾਏ ਕਿਲ੍ਹਾ (ਜਿਸ ਨੂੰ ਪੁਲੀਸ ਥਾਣਾ ਵਜੋਂ ਵਰਤਿਆ ਜਾ ਰਿਹਾ ਹੈ)

ਸੁਲਤਾਨਪੁਰ ’ਚ ਕਈ ਗੁਰਦੁਆਰੇ ਹਨ: (1) ਗੁਰਦੁਆਰਾ ਬੇਰ ਸਾਹਿਬ: ਵੇਈਂ ਨਦੀ ਦੇ ਕੰਢੇ ਇਸ ਬੇਰ ਦੇ ਹੇਠਾਂ ਗੁਰੂ ਸਾਹਿਬ ਅਕਸਰ ਬੈਠਿਆ, ਇਸ਼ਨਾਨ ਕਰਿਆ ਤੇ ਦੀਵਾਨ ਸਜਾਇਆ ਕਰਦੇ ਸਨ। (2) ਗੁਰਦੁਆਰਾ ਹੱਟ ਸਾਹਿਬ: ਇਹ ਮੋਦੀਖ਼ਾਨਾ ਸੀ, ਜਿੱਥੇ ਗੁਰੂ ਸਾਹਿਬ ਡਿਊਟੀ ਕਰਿਆ ਕਰਦੇ ਸਨ (ਇੱਥੇ ਕੁਝ ਪੱਥਰ ਰਖ ਕੇ ਉਨ੍ਹਾਂ ਨੂੰ ਗੁਰੂ ਜੀ ਦੇ ਵੇਲੇ ਦੇ ਪੱਥਰ ਦੱਸਿਆ ਜਾ ਰਿਹਾ ਹੈ) (3) ਗੁਰਦੁਆਰਾ ਸੰਤ ਘਾਟ: ਇਕ ਰਿਵਾਇਤ ਮੁਤਾਬਿਕ ਗੁਰੂ ਨਾਨਕ ਸਾਹਿਬ ਵੇਈਂ ਨਦੀ ਵਿਚ ਤਿੰਨ ਦਿਨ (ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ; ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ ਹੋਈ ਜਨਮਸਾਖੀ ਮੁਤਾਬਿਕ 8 ਦਿਨ) ਰਹਿਣ ਮਗਰੋਂ ਇੱਥੋਂ ਬਾਹਰ ਨਿਕਲੇ ਸਨ। ਜਨਮਸਾਖੀਆਂ ਗੁਰੂ ਜੀ ਦੇ ਵੇਈਂ ਵਿਚੋਂ ਬਾਹਰ ਆਉਣ ਵਾਲੀ ਥਾਂ ਵੀ ਵੱਖ-ਵੱਖ ਦਸਦੀਆਂ ਹਨ: ਬਾਲੇ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਜੀ ਜਿੱਥੋਂ ਨਿਕਲੇ ਉੱਥੇ ਉਨ੍ਹਾਂ ਨੇ ਦਾਤਨ ਗੱਡੀ ਸੀ (ਹੁਣ ਉਹ ਦਾਤਨ ਵਾਲੀ ਜਗਹ ਦਾ ਨਾਂ ਨਿਸ਼ਾਨ ਬਾਕੀ ਨਹੀਂ ਹੈ)। ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਤੇ ਵਿਲਾਇਤ ਵਾਲੀ ਜਨਮਸਾਖੀ ਮੁਤਾਬਿਕ ਗੁਰੂ ਜੀ ਮੌਜੂਦਾ ‘ਗੁਰਦੁਆਰਾ ਸੰਤ ਘਾਟ’ ਵਾਲੀ ਥਾਂ ਤੋਂ ਬਾਹਰ ਨਹੀਂ ਨਿਕਲੇ ਸਨ ਬਲਕਿ ਉਥੋਂ ਨਿਕਲੇ ਸਨ ਜਿੱਥੇ ਉਹ ਵੇਈਂ ਵਿਚ ਵੜੇ ਸਨ। ਸੋ ਇਹ ਕਹਾਣੀ ਵੀ ਮਗਰੋਂ ਘੜੀ ਗਈ ਸੀ ਤੇ ‘ਗੁਰਦੁਆਰਾ ਸੰਤ ਘਾਟ’ ਵੀ ਮਗਰੋਂ ਬਣਾਇਆ ਗਿਆ ਸੀ। (ਅਜਿਹੇ ਦਰਜਨਾਂ ਨਕਲੀ ਗੁਰਦੁਆਰੇ ਹੋਰ ਜਗਹ ਵੀ ਬਣਾਏ ਗਏ ਸਨ, ਜੋ ਅੱਜ ਵੀ ਕਾਇਮ ਹਨ)। (4) ਗੁਰਦੁਆਰਾ ਕੋਠੜੀ ਸਾਹਿਬ: ਇਕ ਕਾਲਪਨਿਕ ਕਹਾਣੀ ਮੁਤਾਬਿਕ ਇੱਥੇ ਗੁਰੂ ਸਾਹਿਬ ਨੇ ਮੋਦੀਖ਼ਾਨੇ ਦਾ ਹਿਸਾਬ ਕਿਤਾਬ ਦਿੱਤਾ ਸੀ (5) ਗੁਰਦੁਆਰਾ ਗੁਰੂ ਦਾ ਬਾਗ਼: ਗੁਰੂ ਨਾਨਕ ਸਾਹਿਬ ਇੱਥੇ ਰਿਹਾ ਕਰਦੇ ਸਨ। (6) ਗੁਰਦੁਆਰਾ ਬੇਬੇ ਨਾਨਕੀ: ਮੁਹੱਲਾ ਛੀਂਬਿਆਂ ਵਿਚ ਇਹ ਬੇਬੇ ਨਾਨਕੀ ਦਾ ਘਰ ਸੀ; ਇਸ ਵਿਚ ਇਕ ਪੁਰਾਣਾ ਖੂਹ ਵੀ ਹੈ (7) ਧਰਮਸਾਲਾ ਗੁਰੂ ਅਰਜਨ ਸਾਹਿਬ: ਗੁਰੂ ਅਰਜਨ ਸਾਹਿਬ, ਆਪਣੇ ਬੇਟੇ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਕਰਨ ਵਾਸਤੇ ਗੋਇੰਦਵਾਲ ਤੋਂ ਪਿੰਡ ਡੱਲਾ ਜਾਂਦੇ ਹੋਏ, ਇੱਥੇ ਰੁਕੇ ਸਨ (ਇਹ ਮੁਹੱਲਾ ਧੀਰਾਂ ਵਿਚ ਹੈ)। ਹੁਣ ਇਸ ਨੂੰ ਗੁਰਦੁਆਰਾ ਸਿਹਰਾ ਸਾਹਿਬ ਵੀ ਕਹਿੰਦੇ ਹਨ (8) ਗੁਰਦੁਆਰਾ ਅੰਤਰਯਾਤਮਾ ਸਾਹਿਬ: ਇਕ ਰਿਵਇਤ ਮੁਤਾਬਿਕ ਇਹ ਇਕ ਮਸਜਿਦ ਸੀ ਜਿੱਥੇ ਗੁਰੂ ਜੀ ਨੂੰ ਨਮਾਜ਼ ਪੜ੍ਹਨ ਵਾਸਤੇ ਬੁਲਾਇਆ ਗਿਆ ਸੀ। ਸੁਲਤਾਨਪੁਰ, ਜਲੰਧਰ ਤੋਂ 45, ਕਪੂਰਥਲਾ ਤੋਂ 27 ਤੇ ਗੋਇੰਦਵਾਲ ਤੋਂ 25 ਕਿਲੋਮੀਟਰ ਦੂਰ ਹੈ.

ਗੁਰਦੁਆਰਾ ਬੇਰ ਸਾਹਿਬ
(ਜਿੱਥੇ ਗੁਰੂ ਜੀ ਨਦੀ ’ਤੇ ਨਹਾਉਣ ਜਾਂਦੇ ਹੁੰਦੇ ਸੀ)

ਗੁਰਦੁਆਰਾ ਬੇਬੇ ਨਾਨਕੀ (ਬੇਬੇ ਨਾਨਕੀ ਦਾ ਘਰ)

ਗੁਰੂ ਦਾ ਬਾਗ਼ (ਗੁਰੂ ਨਾਨਕ ਸਾਹਿਬ ਦਾ ਘਰ) ਇਹ ਝੂਠ ਹੈ ਕਿ ਗੁਰੂ ਜੀ ਦੇ ਬੱਚਿਆ ਦਾ ਜਨਮ ਏਥੇ ਹੋਇਆ ਸੀ

ਗੁਰਦੁਆਰਾ ਅੰਤਰਯਾਤਮਾ ਸਾਹਿਬ
(ਜਿੱਥੇ ਇਕ ਸਾਖੀ ਮੁਤਾਬਿਕ ਗੁਰੂ ਜੀ ਨੂੰ ਨਵਾਬ ਨੇ ਨਜ਼ਮਾਜ਼ ਪੜ੍ਹਨ ਵਾਸਤੇ ਸੱਦਿਆ ਸੀ)

ਗੁਰਦੁਆਰਾ ਹੱਟ ਸਾਹਿਬ (ਇਕ ਕਾਲਪਨਿਕ ਕਹਾਣੀ ਮੁਤਾਬਿਕ ਗੁਰੂ ਨਾਨਕ ਸਾਹਿਬ ਨੂੰ ਏਥੇ ‘ਹੱਟੀ ਚਲਾਉਂਦਾ’ ਦੱਸਿਆ ਹੋਇਆ ਹੈ)

ਗੁਰਦੁਆਰਾ ਕੋਠੜੀ ਸਾਹਿਬ
(ਇਕ ਕਾਲਪਨਿਕ ਕਹਾਣੀ ਮੁਤਾਬਿਕ ਏਥੇ ਗੁਰੂ ਨਾਨਕ ਸਾਹਿਬ ਨੂੰ ਕੈਦ ਕੀਤਾ ਸੀ ਤਾਂ ਜੋ ਉਨ੍ਹਾਂ ਦੀ ‘ਹੱਟੀ’ ਦਾ ਹਿਸਾਬ-ਕਿਤਾਬ ਪੜਤਾਲਿਆ ਜਾ ਸਕੇ)

ਗੁਰਦੁਆਰਾ ਸੰਤ ਘਾਟ (ਜਿੱਥੋਂ ਗੁਰੂ ਜੀ ਦੇ ਤਿੰਨ ਦਿਨ ਨਦੀ ਵਿਚ ਰਹਿਣ ਮਗਰੋਂ ਪਰਗਟ ਹੋਣ ਦੀ ਕਹਾਣੀ ਬਣਾਈ ਹੋਈ ਹੈ)

ਧਰਮਸਾਲਾ ਗੁਰੂ ਅਰਜਨ ਸਾਹਿਬ: ਗੁਰੂ ਅਰਜਨ ਸਾਹਿਬ, ਆਪਣੇ ਬੇਟੇ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਕਰਨ ਵਾਸਤੇ ਗੋਇੰਦਵਾਲ ਤੋਂ ਪਿੰਡ ਡੱਲਾ ਜਾਂਦੇ ਹੋਏ, ਇੱਥੇ ਰੁਕੇ ਸਨ। ਹੁਣ ਇਸ ਨੂੰ ‘ਗੁਰਦੁਆਰਾ ਸਿਹਰਾ ਸਾਹਿਬ’ ਵੀ ਕਹਿੰਦੇ ਹਨ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sukhchaina Sahib (Phagwara)

ਸੁਖਚੈਨ/ ਸੁਖਚੈਨਆਣਾ ਸਾਹਿਬ ਗੁਰਦੁਆਰਾ

ਫਗਵਾੜਾ ਤੋਂ ਤਿੰਨ ਕਿਲੋਮੀਟਰ ਦੂਰ ਬੰਗਾ ਰੋਡ ’ਤੇ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਸਾਹਿਬ ਦੀ ਯਾਦ ਵਿਚ ਬਣਿਆ ਗੁਰਦੁਆਰਾ। ਗੁਰੂ ਹਰਿਗੋਬਿੰਦ ਸਾਹਿਬ ਅਪ੍ਰੈਲ 1635 ਵਿਚ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਜਾਂਦਿਆਂ ਅਤੇ ਗੁਰੂ ਹਰਿ ਰਾਇ ਸਾਹਿਬ 1657 ਵਿਚ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਜਾਂਦਿਆਂ ਏਥੇ ਰੁਕੇ ਸਨ। ਪਹਿਲਾਂ ਇਹ ਇਕ ਨਿੱਕਾ ਜਿਹਾ ਮੰਜੀ ਸਹਿਬ ਸੀ, ਪਰ ਹੁਣ ਬਹੁਤ ਵੱਡਾ ਗੁਰਦੁਆਰਾ ਹੈ ਤੇ ਹੁਣ ਇੱਥੇ ਗੁਰੂ ਨਾਨਕ ਕਾਲਜ ਵੀ ਬਣਿਆ ਹੋਇਆ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

Sotran (Nawanshahar)

ਸੋਤਰ/ ਸੋਤਰਾਂ

ਬੰਗਾ (ਜ਼ਿਲ੍ਹਾ ਨਵਾਂਸ਼ਹਿਰ) ਦੇ ਉਤਰ ਵੱਲ ਤਕਰੀਬਨ ਇਕ ਕਿਲੋਮੀਟਰ ਦੂਰ ਇਕ ਪਿੰਡ ਜਿੱਥੇ 30 ਅਪ੍ਰੈਲ 1635 ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਫਗਵਾੜਾ ਤੋਂ ਕੀਰਤਪੁਰ ਜਾਂਦਿਆਂ ਇਕ ਪਲਾਹ ਦੇ ਬੂਟੇ ਹੇਠਾਂ ਕੁਝ ਸਮਾਂ ਰੁਕੇ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਗੁਰਪਲਾਹ ਬਣਿਆ ਹੋਇਆ ਹੈ। ਇਸ ਜਗਹ ਇਕ ਬਹੁਤ ਪੁਰਾਣਾ ਖੂਹ ਵੀ ਹੈ ਜਿੱਥੋਂ ਗੁਰੂ ਜੀ ਨੇ ਪਾਣੀ ਪੀਤਾ ਸੀ.

(ਗੁਰਦੁਆਰਾ ਗੁਰਪਲਾਹ, ਸੋਤਰਾਂ).

(ਡਾ. ਹਰਜਿੰਦਰ ਸਿੰਘ ਦਿਲਗੀਰ)

Ugani

ਉਗਾਣੀ

ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਰਾਜਪੁਰਾ ਦਾ ਇਕ ਪਿੰਡ (ਰਾਜਪੁਰਾ ਤੋਂ 10 ਕਿਲੋਮੀਟਰ,ਸਰਾਇ ਬਣਜਾਰਾ ਤੋਂ ਡੇਢ ਕਿਲੋਮੀਟਰ ਦੂਰ)।

ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਪਿੰਡ ਵਿਚ ਆਏ ਸਨ। ਉਨ੍ਹਾਂ ਦੀ ਯਾਦ ਵਿਚ ਇੱਥੇ ਇੱਕੋ ਵਲਗਣ ਵਿਚ ਦੋ ਗੁਰਦੁਆਰੇ (ਮੰਜੀ ਸਾਹਿਬ) ਬਣੇ ਹੋਏ ਹਨ।ਇਸ ਦੀ ਪਹਿਲੀ ਇਮਾਰਤ ਪਟਿਆਲੇ ਦੇ ਰਾਜੇ ਕਰਮ ਸਿੰਘ ਨੇ 1830ਵਿਆਂ ਵਿਚ ਬਣਾਈ ਸੀ.

Udoke (Amritsar)

ਊਦੋਕੇ/ਊਧੋਕੇ

ਜ਼ਿਲ੍ਹਾ ਅੰਮ੍ਰਿਤਸਰ ਵਿਚ (ਬਟਾਲਾ ਤੋਂ 11 ਕਿਲੋਮੀਟਰ ਤੇ ਅੰਮ੍ਰਿਤਸਰ ਤੋਂ 39 ਕਿਲੋਮੀਟਰ) ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀ ਹੱਦ ’ਤੇ ਇਕ ਪਿੰਡ। ਇਕ ਰਿਵਾਇਤ ਮੁਤਾਬਿਕ ਗੁਰੂ ਨਾਨਕ ਸਾਹਿਬ ਰਾਏ ਭੋਇ ਦੀ ਤਲਵੰਡੀ (ਹੁਣ ਨਾਨਕਾਣਾ ਸਾਹਿਬ) ਤੋਂ ਬਟਾਲਾ ਜਾਂਦੇ ਆਪਣੇ ਸਫ਼ਰ ਦੌਰਾਨ ਇਸ ਪਿੰਡ ਵਿਚ ਕੁਝ ਸਮਾਂ ਰੁਕੇ ਸਨ। ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਥੰਮ ਸਾਹਿਬ ਬਣਿਆ ਹੋਇਆ ਹੈ। ਕੁਝ ਮੁਕਾਮੀ ਲੋਕਾਂ ਨੇ ਉਨ੍ਹਾਂ ਦੇ ਇੱਥੇ ਕਈ ਮਹੀਨੇ ਰਹਿਣ ਅਤੇ ਇਕ ਸੱਪ ਦਾ ‘ਸੁਧਾਰ’ ਕਰਨ ਦੀ ਕਹਾਣੀ ਘੜੀ ਹੋਈ ਹੈ ਤੇ ਇਸੇ ਕਹਾਣੀ ਵਾਸਤੇ ਇਕ ਹੋਰ ਗੁਰਦੁਆਰਾ ਨਾਗਿਆਣਾ ਸਾਹਿਬ ਬਣਾਇਆ ਹੋਇਆ ਹੈ। 1624 ਵਿਚ ਗੁਰੂ ਹਰਿਗੋਬਿੰਦ ਸਾਹਿਬ, ਆਪਣੇ ਪੁੱਤਰ ਗੁਰਦਿੱਤਾ ਦੇ ਵਿਆਹ (17 ਅਪ੍ਰੈਲ 1624) ਸਮੇਂ ਇਸ ਪਿੰਡ ਵਿਚੋਂ ਲੰਘੇ ਸਨ। ਪਿੰਡ ਵਿਚ ਇਕ ਗੁਰਦੁਆਰਾ ਥੰਮ ਸਾਹਿਬ ਵੀ ਬਣਿਆ ਹੋਇਆ ਹੈ.

ਗੁਰਦੁਆਰਾ ਥੰਮ ਸਾਹਿਬ

ਗੁਰਦੁਆਰਾ ਨਾਗਿਆਣਾ ਸਾਹਿਬ

(ਡਾ ਹਰਜਿੰਦਰ ਸਿੰਘ ਦਿਲਗੀਰ)

Uchch

ਉ¤ਚ ਨਗਰ (ਹੁਣ ਉ¤ਚ ਸ਼ਰੀਫ਼)

ਬਹਾਵਲਪੁਰ (ਪਾਕਿਸਤਾਨ) ਤੋਂ 73 ਕਿਲੋਮੀਟਰ ਦੂਰ, ਸਤਲੁਜ ਦਰਿਆ ਦੇ ਦੱਖਣੀ ਕੰਢੇ ਤੇ, ਇਕ ਨਗਰ। ਇਕ ਰਿਵਾਇਤ ਮੁਤਾਬਿਕ ਇਸ ਨਗਰ ਦੀ ਨੀਂਹ ਯੂਨਾਨੀ ਹਮਲਾਵਰ ਸਿਕੰਦਰ ਨੇ 325 ਪੁਰਾਣਾ ਕਾਲ ਵਿਚ ਰੱਖੀ ਸੀ। ਇਕ ਹੋਰ ਰਿਵਾਇਤ ਮੁਤਾਬਿਕ ਇਸ ਨਗਰ ਨੂੰ ਬੋਧੀਆਂ ਨੇ ਵਸਾਇਆ ਸੀ ਤੇ 712 ਵਿਚ ਇਬਨ ਕਾਸਿਮ ਨੇ ਜਿੱਤ ਲਿਆ ਸੀ। ਇਹ ਮੁਸਲਮਾਨ ਪੀਰਾਂ ਫਕੀਰਾਂ ਦਾ ਇਕ ਵੱਡਾ ਸੈਂਟਰ ਰਿਹਾ ਹੈ; ਇੱਥੇ ਸੁਹਰਾਵਰਦੀ ਸੁਫ਼ੀ ਫ਼ਿਰਕੇ ਦੇ ਜਲਾਲੁੱਦੀਨ ਬੁਖ਼ਾਰੀ ‘ਸੁਰਖ਼ ਪੋਸ਼’ (1199-1291) ਦੀ ਗੱਦੀ ਸੀ। ਇੱਥੇ 14ਵੀਂ ਤੇ 15ਵੀਂ ਸਦੀ ਦੇ ਬਣੇ ਤਿੰਨ ਵੱਡੇ ਮਜ਼ਾਰ ਹੁੰਦੇ ਸਨ ਪਰ ਉ¤ਨੀਵੀਂ ਸਦੀ ਦੇ ਸ਼ੁਰੂ ਵਿਚ ਹੜ੍ਹਾਂ ਨੇ ਇਸ ਨਗਰ (ਤੇ ਮਜ਼ਾਰਾਂ) ਨੂੰ ਤਬਾਹ ਕਰ ਦਿੱਤਾ ਸੀ। ਇਸ ਨਗਰ ਵਿਚ (ਸ਼ਾਇਦ 1518 ਵਿਚ) ਗੁਰੂ ਨਾਨਕ ਸਾਹਿਬ ਵੀ ਆਏ ਸਨ ਤੇ ਕਦੇ ਉਨ੍ਹਾ ਦੀਆਂ ਨਿਸ਼ਾਨੀਆਂ (ਖੜਾਵਾਂ, ਬੈਰਾਗਨ, ਗੁਰਜ ਤੇ ਲੱਕੜ ਦੀ ਬੇੜੀ ਵਗ਼ੈਰਾ) ਪਈਆਂ ਕਹੀਆਂ ਜਾਂਦੀਆਂ ਸਨ। ਹੁਣ ਕੋਈ ਨਿਸ਼ਾਨੀ ਕਾਇਮ ਨਹੀਂ.

ਉ¤ਚ ਨਗਰ ਦੇ ਤਬਾਹ ਹਪੲੁ ਮਜ਼ਾਰ ਦਾ ਇਕ ਦ੍ਰਿਸ਼

(ਡਾ. ਹਰਜਿੰਦਰ ਸਿੰਘ ਦਿਲਗੀਰ)

Sylhet (Bangla Desh)

ਸਿਲਹਟ

ਬੰਗਲਾ ਦੇਸ਼ ਵਿਚ, ਸੁਰਮਾ ਨਦੀ ਦੇ ਕੰਢੇ ਇਕ ਨਗਰ। ਢਾਕਾ ਤੇ ਚਿਟਾਗਾਂਗ ਤੋਂ ਬਾਅਦ ਇਹ ਬੰਗਲਾ ਦੇਸ਼ ਦਾ ਸਭ ਤੋਂ ਅਹਿਮ ਨਗਰ ਹੈ। ਇਹ ਉੱਤਰ ਵਿਚ ਮੇਘਾਲਿਆ, ਦੱਖਣ ਵਿਚ ਤ੍ਰਿਪੁਰਾ ਅਤੇ ਪੂਰਬ ਵਿਚ ਅਸਾਮ ਵਿਚ ਘਿਰਿਆ ਹੋਇਆ ਹੈ। 1303 ਤਕ ਇਸ ’ਤੇ ਹਿੰਦੂ ਰਾਜਿਆਂ (ਆਖ਼ਰੀ ਰਾਜਾ ਗੌੜ ਗੋਵਿੰਦਾ) ਦੀ ਹਕੂਮਤ ਰਹੀ ਸੀ। ਉਸ ਮਗਰੋਂ ਮੁਸਲਮਾਨਾਂ ਨੇ ਕਬਜ਼ਾ ਕਰ ਲਿਆ ਸੀ ਤੇ 18ਵੀਂ ਸਦੀ ਵਿਚ ਇਹ ਅੰਗਰੇਜ਼ਾਂ ਦੇ ਕਬਜ਼ੇ ਹੇਠ ਆ ਗਿਆ ਸੀ। ਹੁਣ ਇਸ ਦੀ ਅਬਾਦੀ 8 ਲੱਖ ਦੇ ਕਰੀਬ ਹੈ।1345 ਵਿਚ ਇੱਥੇ ਮਰਾਕੋ ਦਾ ਯਾਤਰੂ ਇਬਨ ਬਤੂਤਾ ਆਇਆ ਸੀ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਦੌਰਾਨ (1509 ਵਿਚ) ਇਸ ਨਗਰ ਵਿਚੋਂ ਲੰਘਦੇ ਹੋਏ ਕੁਝ ਸਮਾਂ ਵਾਸਤੇ ਰੁਕੇ ਸਨ। ਉਦੋਂ ਬਹੁਤ ਸਾਰੇ ਲੋਕ ਸਿੱਖੀ ਵਿਚ ਸ਼ਾਮਿਲ ਹੋਏ ਸਨ।ਗੁਰੂ ਤੇਗ਼ ਬਹਾਦਰ ਸਾਹਿਬ ਵੀ ਆਪਣੀ ਪੂਰਬ ਫੇਰੀ ਦੌਰਾਨ (1658-1663 ਅਤੇ 1667-1670 ਵਿਚ) ਦੋ ਵਾਰ ਇਸ ਨਗਰ ਵਿਚ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਇੱਥੇ ਬਹੁਤ ਸਾਰੇ ਲੋਕ ਸਿੱਖੀ ਜੀਵਨ ਜਿਊਂਦੇ ਸਨ, ਪਰ ਮਗਰੋਂ ਉਨ੍ਹਾਂ ਦੀਆਂ ਨਸਲਾਂ ਸਿੱਖੀ ਤੋਂ ਦੂਰ ਹੁੰਦੀਆਂ ਗਈਆਂ। ਪਹਿਲਾਂ ਇੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਸੀ ਜਿਹੜਾ 1897 ਦੇ ਭੂਚਾਲ ਦੌਰਾਨ ਢਹਿ ਗਿਆ ਸੀ। 1947 ਤੋਂ ਮਗਰੋਂ ਇਸ ਜਗਹ ’ਤੇ ਸਰਕਾਰ ਨੇ ਕਬਜ਼ਾ ਕਰ ਲਿਆ ਸੀ। ਹੁਣ ਇਸ ਥਾਂ ’ਤੇ ਜ਼ਿਲ੍ਹਾ ਕੌਂਸਲ ਦਾ ਦਫ਼ਤਰ ਅਤੇ ਕੁਝ ਰਿਹਾਇਸ਼ਾਂ ਬਣੀਆਂ ਹੋਈਆਂ ਹਨ.

(ਡਾ. ਹਰਜਿੰਦਰ ਸਿੰਘ ਦਿਲਗੀਰ)

Suraj Kund

ਸੂਰਜਕੁੰਡ

ਮਿਥਹਾਸਕ ਦੇਵਤੇ ਸੂਰਹ ਦੇ ਨਾਂ ’ਤੇ ਬਣੇ ਕੁੰਡ (ਤਲਾਅ)। ਕਿਸੇ ਜ਼ਮਾਨੇ ਵਿਚ ਸੂਰਜ ਦੇਵਤੇ ਦੇ ਨਾਂ ’ਤੇ ਹਜ਼ਾਰਾਂ ਮੰਦਰ ਤੇ ਕਈ ਕੁੰਡ ਹੁੰਦੇ ਸਨ ਪਰ ਸੂਰਜ ਦੇਵਤੇ ਦੀ ਮਸ਼ਹੂਰੀ ਘਟ ਜਾਣ ਕਾਰਨ ਹੁਣ ਬਹੁਤ ਥੋੜ੍ਹੇ ਹੀ ਬਚੇ ਹਨ। ਹਰਿਆਣਾ ਵਿਚ ਫ਼ਰੀਦਾਬਾਦ ਦਾ ਸੂਰਜਕੁੰਡ (ਸਾਊਥ ਦਿੱਲੀ ਤੋਂ 10 ਕਿਲੋਮੀਟਰ ਦੂਰ) ਸਭ ਤੋਂ ਵਧ ਮਸ਼ਹੂਰ ਹੈ, ਜੋ ਦਸਵੀਂ ਸਦੀ ਦਾ ਹੈ (ਵੇਖੋ ਤਸਵੀਰ):

ਸਿੱਖ ਤਵਾਰੀਖ਼ ਨਾਲ ਵੀ ਸਬੰਧਤ ਦੋ ਸੂਰਜਕੁੰਡ ਹਨ: 1. ਬੂੜੀਆ ਕੋਲ 2. ਮਥੁਰਾ ਕੋਲ ਜਮਨਾ ਦਰਿਆ ਦੇ ਕੰਢੇ।ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਇਨ੍ਹਾਂ ਦੋਹਾਂ ਜਗਹ ’ਤੇ ਆਏ ਸਨ। ਬੂੜੀਆਂ ਵਿਚ ਗੁਰੁ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਮਥਰਾ ਵਿਚ ਵੀ ਗੁਰਦੁਆਰਾ ਸੀ ਜਿਸ ’ਤੇ ਖ਼ੂਨੀ ਨਵੰਬਰ 1984 ਵਿਚ ਹਿੰਦੂਆਂ ਵੱਲੋਂ ਸਿੱਖਾਂ ਦੇ ਕਤਲੇਆਮ ਦੌਰਾਨ ਕਬਜ਼ਾ ਕਰ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਰਿਆ ਵਿਚ ਸੁੱਟ ਦਿੱਤਾ ਸੀ.

(ਤਸਵੀਰ: ਮਥਰਾ ਦੇ ਪੁਰਾਣੇ ਗੁਰਦੁਆਰੇ ਵਾਲੀ ਇਮਾਰਤ)

(ਡਾ. ਹਰਜਿੰਦਰ ਸਿੰਘ ਦਿਲਗੀਰ)

Ujjain

ਉਜੈਨ

(ਇੰਦੌਰ ਤੋਂ 56 ਤੇ ਮੰਦਸੌਰ ਤੋਂ 150 ਕਿਲੋਮੀਟਰ ਦੂਰ) ਮੱਧ ਪ੍ਰਦੇਸ਼ ਵਿਚ, ਸ਼ਿਪਰਾ ਨਦੀ ਦੇ ਦੱਖਣੀ ਕਿਨਾਰੇ ਇਕ ਨਗਰ, ਜਿੱਥੇ ਵਿਕਰਮਾਦਿਤਯ ਨੇ ਰਾਜ ਕੀਤਾ ਸੀ। ਇੱਥੇ ਮਿਥਹਾਸਕ ਦੇਵਤੇ ਮਹਾਂਕਾਲ ਦਾ ਬਹੁਤ ਪੁਰਾਣਾ ਮੰਦਰ ਹੈ (ਇੱਥੇ ਬਹੁਤ ਸਾਰੇ ਮੰਦਰ ਹੋਣ ਕਰ ਕੇ ਇਹ ਮੰਦਰਾਂ ਦਾ ਸ਼ਹਿਰ ਵੀ ਅਖਵਾਉਂਦਾ ਹੈ)। ਇੱਥੇ ਰਾਜਾ ਵਿਕਰਮਾਦਿਤਯ ਦੇ ਭਰਾ ਜੋਗੀ ਭਰਥਰੀ ਹਰੀ ਦੀਆਂ ਗੁਫ਼ਾਵਾਂ ਵੀ ਹਨ (ਗੁਫ਼ਾਵਾਂ ਦੀ ਤਸਵੀਰ):

ਗੁਰੂ ਨਾਨਕ ਸਾਹਿਬ ਵੀ ਏਥੇ ਆਏ ਸਨ ਤੇ ਜੋਗੀਆਂ ਨਾਲ ਚਰਚਾ ਕੀਤੀ ਸੀ। ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਵੀ ਬਣਿਆ ਹੋਇਆ ਹੈ:

(ਡਾ ਹਰਜਿੰਦਰ ਸਿੰਘ ਦਿਲਗੀਰ)

URI (Kashmir)

ਉੜੀ

ਕਸ਼ਮੀਰ ਵਿਚ ਇਕ ਕਸਬਾ (ਸ੍ਰੀਨਗਰ ਤੋਂ 87 ਤੇ ਬਾਰਾਮੂਲਾ ਤੋਂ 35 ਕਿਲੋਮੀਟਰ ਦੂਰ)। ਗੁਰੂ ਨਾਨਕ ਸਾਹਿਬ ਆਪਣੀ ਤੀਜੀ ਉਦਾਸੀ ਦੌਰਾਨ ਸੁਮੇਰ ਪਰਬਤ ਤੋਂ ਮੁੜਦੇ ਸਮੇਂ ਲੇਹ, ਕਾਰਗਿਲ, ਅਮਰਨਾਥ, ਪਹਿਲਗਾਮ, ਮੱਟਨ, ਅਨੰਤਨਾਗ, ਬੀਜ ਬਿਹਾੜਾ, ਸ੍ਰੀਨਗਰ ਤੇ ਬਾਰਾਮੂਲਾ ਹੁੰਦੇ ਹੋਏ ਅਗਲਾ ਪੜਾਅ ਉੜੀ ਕਸਬੇ ਵਿਚ ਕੀਤਾ ਸੀ। ਗੁਰੂ ਨਾਨਕ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਸੀ, ਪਰ 1948 ਦੀ ਲੜਾਈ ਮਗਰੋਂ ਇਹ ਪਾਕਿਸਤਾਨ ਦੇ ਅਧਿਕਾਰ ਹੇਠਲੇ ਇਲਾਕੇ ਵਿਚ ਆ ਗਿਆ ਹੈ। ਉੜੀ ਵਿਚ ਇਕ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ ਹੋਇਆ ਹੈ (ਤਸਵੀਰ); ਪਰ ਇੱਥੇ ਜਾਣ ਵਾਸਤੇ ਸਰਕਾਰੀ ਅਫ਼ਸਰਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ.

(ਤਸਵੀਰ: ਉੜੀ ਦਾ ਗੁਰਦੁਆਰਾ, ਦੂਰ ਪਹਾੜਾਂ ਤੋਂ ਦਾ ਦ੍ਰਿਸ਼):

(ਡਾ ਹਰਜਿੰਦਰ ਸਿੰਘ ਦਿਲਗੀਰ)