ਅੰਮ੍ਰਿਤਸਰ
ਅੰਮ੍ਰਿਤਸਰ ਸ਼ਹਿਰ ਅੱਜ ਸਿੱਖ ਕੌਮ ਦਾ ਸਭ ਤੋਂ ਵੱਡਾ ਸੈਂਟਰ ਹੈ। ਇਹ ਸ਼ਹਿਰ ਲਾਹੋਰ ਤੋਂ 50 ਕਿਲੋਮੀਟਰ, ਚੰਡੀਗੜ੍ਹ ਤੋਂ 215 ਕਿਲੋਮੀਟਰ, ਦਿੱਲੀ ਤੋਂ 450 ਕਿਲੋਮੀਟਰ, ਬੰਬੇ/ ਮੁੰਬਈ ਤੋਂ 1750 ਕਿਲੋਮੀਟਰ, ਕਲਕੱਤਾ/ ਕੋਲਕਾਤਾ ਤੋਂ 1900 ਕਿਲੋਮੀਟਰ ਦੂਰ ਹੈ। ਇਹ ਪਹਿਲਾ ਨਗਰ ਹੈ, ਜੋ ਗੁਰੂ ਸਾਹਿਬ ਨੇ ਸਿੱਖ ਮਾਡਲ ਨਗਰ ਵਜੋਂ ਵਸਾਇਆ ਸੀ। ਅੰਮ੍ਰਿਤਸਰ ਦਾ ਪਹਿਲਾ ਨਾਂ “ਚੱਕ ਗੁਰੂ ਦਾ” ਸੀ। (ਸੰਨ 1800 ਦੇ ਕਰੀਬ, ਇਸ ਵਿਚਲੇ ਸਰੋਵਰ „ਅੰਮ੍ਰਿਤਸਰ‟ ਤੋਂ ਇਸ ਦਾ ਨਾਂ ਅੰਮ੍ਰਿਤਸਰ ਬਣ ਗਿਆ)। ਅੰਮ੍ਰਿਤਸਰ (ਅੰਮ੍ਰਿਤ ਸਰੋਵਰ) ਦੀ ਲੰਬਾਈ 500 ਫੁੱਟ, ਚੌੜਾਈ 490 ਫੁੱਟ, ਡੂੰਘਾਈ 17 ਫੁੱਟ ਹੈ। ਦਰਸ਼ਨੀ ਡਿਉਢੀ ਤੋਂ ਦਰਬਾਰ ਸਾਹਿਬ ਤਕ ਪੁਲ 240 ਫੁੱਟ ਲੰਮਾ ਤੇ 21 ਫੁੱਟ ਚੌੜਾ ਹੈ। ਇਸ ਦੇ ਹੇਠਾਂ 38 ਥੰਮ੍ਹ (ਪਿੱਲਰ) ਹਨ। ਦਰਬਾਰ ਸਾਹਿਬ ਦੀ ਪਰਿਕ੍ਰਮਾ 13 ਫੁੱਟ ਚੌੜੀ ਹੈ। {ਅੰਮ੍ਰਿਤਸਰ (ਸਰੋਵਰ) ਦਾ ਪਾਣੀ ਇਕ ਹੰਸਲੀ ਰਾਹੀਂ ਆਉਂਦਾ ਹੈ ਜਿਸ ਨੂੰ ਪ੍ਰੀਤਮ ਦਾਸ ਤੇ ਸੰਤੋਖ ਦਾਸ ਨੇ 1781 ਵਿਚ ਖੁਦਵਾਇਆ ਸੀ।ਪਹਿਲਾਂ ਇਹ ਪਾਣੀ ਰਾਵੀ ਦਰਿਆ ਤੋਂ ਆਉਂਦਾ ਸੀ ਪਰ ਫਿਰ 1866 ਵਿਚ ਇਹ ਪਾਣੀ ਬਾਰੀ ਦੁਆਬ ਨਹਿਰ ਤੋਂ ਆਉਣ ਲਗ ਪਿਆ ਸੀ}। ਇਸ ਨਗਰ ਨੂੰ ਵਸਾਉਣ ਵਾਸਤੇ ਗੁਰੂ ਰਾਮਦਾਸ ਸਾਹਿਬ ਨੇ 1564 ਵਿਚ ਸੁਲਤਾਨਵਿੰਡ, ਤੁੰਗ ਤੇ ਗਿਲਵਾਲੀ ਪਿੰਡਾਂ ਦੇ ਜ਼ਿੰਮੀਦਾਰਾਂ ਤੋਂ ਉਸ ਵੇਲੇ ਦੇ 700 ਅਕਬਰੀ ਰੁਪਏ ਦੇ ਕੇ ਜ਼ਮੀਨ ਖ਼ਰੀਦੀ ਸੀ। ਉਦੋਂ ਸੰਤੋਖਸਰ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਗਈ ਸੀ, ਜੋ ਪੂਰੀ ਤਰ੍ਹਾਂ ਤਿਆਰ ਨਾ ਹੋ ਸਕਿਆ। ਫਿਰ 1574 ਵਿਚ ਗੁਰੂ ਅਮਰ ਦਾਸ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਕੁਝ ਚਿਰ ਮਗਰੋਂ ਗੁਰੂ ਰਾਮਦਾਸ ਸਾਹਿਬ ਏਥੇ ਆ ਕੇ ਰਹਿਣ ਲੱਗ ਪਏ। 1577 ਵਿਚ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਸ਼ੁਰੂ ਹੋ ਗਈ। 1581 ਤਕ ਇਹ ਸਰੋਵਰ ਤਿਆਰ ਹੋ ਗਿਆ ਸੀ। ਇਸੇ ਸਾਲ ਗੁਰੂ ਰਾਮਦਾਸ ਸਾਹਿਬ ਜੋਤੀ-ਜੋਤਿ ਸਮਾ ਗਏ। ਗੁਰੂ ਅਰਜਨ ਸਾਹਿਬ ਨੇ ਇਸ ਸਰੋਵਰ ਨੂੰ ਪੱਕਿਆਂ ਕੀਤਾ ਤੇ ਇਸ ਦੇ ਨਾਲ ਹੀ ਸੰਤੋਖਸਰ ਸਰੋਵਰ ਵੀ ਤਿਆਰ ਕਰਵਾ ਲਿਆ। 1587 ਵਿਚ ਦੋਵੇਂ ਸਰੋਵਰ ਤਿਆਰ ਹੋ ਚੁੱਕੇ ਸਨ। 3 ਜਨਵਰੀ 1588 ਦੇ ਦਿਨ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਦੀ ਨੀਂਹ ਰੱਖੀ। (ਮਗਰੋਂ ਇਕ ਮੁਸਲਮਾਨ ਲਿਖਾਰੀ ਬੂਟੇ ਸ਼ਾਹ ਨੇ ਆਪਣੀ ਕਿਤਾਬ ਵਿਚ ਇਹ ਪ੍ਰਚਾਰ ਕੀਤਾ ਕਿ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ। (ਕੁਝ ਭੋਲੇ ਸਿੱਖ ਲੇਖਕਾਂ ਨੇ ਇਸ ਸ਼ਰਾਰਤੀ ਪ੍ਰਚਾਰ ਨੂੰ ਸੱਚ ਮੰਨ ਲਿਆ)। ਇਸੇ ਨਗਰ ਵਿਚ ਸਰੋਵਰ ਰਾਮਸਰ ਦੇ ਮੁਕਾਮ ‟ਤੇ 1603-04 ਵਿਚ ਗੁਰੂਆਂ , ਭਗਤਾਂ ਤੇ ਸੂਫ਼ੀ ਫ਼ਕੀਰਾਂ ਦੀ ਬਾਣੀ ਇਕ ਜਿਲਦ ਵਿਚ ਬੰਨ੍ਹ ਕੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ 31 ਜੁਲਾਈ 1604 ਦੇ ਦਿਨ ਮੁਕੰਮਲ ਹੋਇਆ ਅਤੇ 16 ਅਗਸਤ 1604 ਦੇ ਦਿਨ ਇਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕੀਤਾ ਗਿਆ ਸੀ।
ਜੁਲਾਈ 1609 ਵਿਚ ਗੁਰੂ ਹਰਿਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਬੁੰਗੇ ਦੇ ਥੜ੍ਹੇ ਦੀ ਨੀਂਹ ਰੱਖੀ (ਉਹ ਇਸ ਨੂੰ ਅਕਾਲ ਤਖ਼ਤ ਕਿਹਾ ਕਰਦੇ ਸਨ)। ਗੁਰੂ ਹਰਿਗੋਬਿੰਦ ਸਾਹਿਬ ਇੱਥੇ 1612 ਤੱਕ ਰਹੇ। 1634 ਵਿਚ ਗੁਰੂ ਜੀ ਇੱਥੇ ਦੋਬਾਰਾ ਰਹਿਣ ਦਾ ਜ਼ਿਕਰ ਮਿਲਦਾ ਹੈ। 14 ਅਪਰੈਲ, 1634 ਦੇ ਦਿਨ ਮੁਰਤਜ਼ਾ ਖ਼ਾਨ ਦੀ ਅਗਵਾਈ ਹੇਠ ਮੁਗ਼ਲਾਂ ਨੇ ਇਥੇ ਹਮਲਾ ਕਰ ਦਿੱਤਾ ਪੁਰ ਬੁਰੀ ਤਰ੍ਹਾਂ ਹਾਰ ਖਾਧੀ। 1635 ਤੋਂ 1696 ਤਕ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਮਿਹਰਬਾਨ (ਪੁੱਤਰ ਪ੍ਰਿਥੀ ਚੰਦ ਮੀਣਾ) ਤੇ ਉਸ ਦੇ ਟੱਬਰ ਕੋਲ ਰਹੀ। ਮਈ 1698 ਵਿਚ ਭਾਈ ਮਨੀ ਸਿੰਘ ਏਥੋਂ ਦੇ ਮੁਖ ਸੇਵਾਦਾਰ ਬਣ ਕੇ ਆਏ ਤੇ ਕੁਝ ਵਕਫ਼ੇ ਤੋਂ ਬਿਨਾਂ 1734 ਤਕ ਸੇਵਾ ਕਰਦੇ ਰਹੇ। ਇਸ ਦੌਰਾਨ ਅਪਰੈਲ 1709 ਵਿਚ ਮੁਗ਼ਲਾਂ ਨੇ ਅੰਮ੍ਰਿਤਸਰ ‟ਤੇ ਦੋ ਹਮਲੇ ਕੀਤੇ ਪਰ ਬੁਰੀ ਤਰ੍ਹਾਂ ਪਛਾੜੇ ਗਏ। ਬੰਦਾ ਸਿੰਘ ਬਹਾਦਰ ਦੀ ਚੜ੍ਹਤ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਨੇ ਅਜੀਤ ਸਿੰਘ ਪਾਲਿਤ ਨੂੰ ਬੰਦਾ ਸਿੰਘ ਦੇ ਖ਼ਿਲਾਫ਼ ਵਰਤਣ ਵਾਸਤੇ 30 ਦਸੰਬਰ 1711 ਦੇ ਦਿਨ ਅੰਮ੍ਰਿਤਸਰ ਦਾ ਕਬਜ਼ਾ ਉਸ ਨੂੰ ਦੇ ਦਿੱਤਾ। 28 ਫ਼ਰਵਰੀ 1712 ਨੂੰ ਬਹਾਦਰ ਸ਼ਾਹ ਦੀ ਮੌਤ ਮਗਰੋਂ ਅਜੀਤ ਸਿੰਘ ਪਾਲਿਤ ਫੇਰ ਦਿੱਲੀ ਚਲਾ ਗਿਆ। ਇਸ ਤੋਂ ਬਾਅਦ ਫੇਰ ਫ਼ਰੁਖ਼ਸੀਅਰ ਦੇ ਜ਼ੁਲਮ ਦਾ ਦੌਰ ਚੱਲ ਪਿਆ। ਜਦੋਂ ਕੁਝ ਠਲ੍ਹ ਪਈ ਤੋਂ 1721 ਵਿਚ ਭਾਈ ਮਨੀ ਸਿੰਘ ਫੇਰ ਅੰਮ੍ਰਿਤਸਰ ਆ ਗਏ। ਇਸ ਮਗਰੋਂ ਕੁਝ ਚਿਰ ਚੁੱਪ ਰਹੀ, ਪਰ 1726 ਤੋਂ ਮਗਰੋਂ ਫੇਰ ਜ਼ੁਲਮ ਦਾ ਦੌਰ ਚੱਲ ਪਿਆ। 29 ਮਾਰਚ, 1733 ਦੇ ਦਿਨ ਅਕਾਲ ਬੁੰਗੇ ਦੇ ਸਾਹਮਣੇ ਮੁਗ਼ਲ ਗਵਰਨਰ ਜ਼ਕਰੀਆ ਖ਼ਾਨ ਦੇ ਨੁਮਾਇੰਦੇ ਵੱਲੋਂ ਸਿੱਖਾਂ ਨੂੰ ਜਗੀਰ ਦੀ ਪੇਸ਼ਕਸ਼ ਕੀਤੀ। ਸੰਗਤ ਨੇ ਵਕਤੀ ਤੌਰ ‟ਤੇ ਇਸ ਜਗੀਰ ਦੀ ਪੇਸ਼ਕਸ਼ ਨੂੰ ਕਬੂਲ ਕਰ ਲਿਆ ਗਿਆ। ਇਹ ਮਾਹੌਲ ਦੋ-ਤਿੰਨ ਮਹੀਨੇ ਹੀ ਕਾਇਮ ਰਿਹਾ।
ਅਕਤੂਬਰ 1733 ਵਿਚ ਭਾਈ ਮਨੀ ਸਿੰਘ ਨੇ ਮੁਗ਼ਲ ਗਵਰਨਰ ਤੋਂ ਦੀਵਾਲੀ ਦੇ ਮੌਕੇ ‟ਤੇ ਇਕੱਠ ਕਰਨ ਦੀ ਇਜਾਜ਼ਤ ਮੰਗੀ। ਕੁਝ ਹਜ਼ਾਰ ਰੁਪਏ ਦੇ ਤਾਵਾਨ ਦੀ ਅਦਾਇਗੀ ਦੀ ਸ਼ਰਤ ‟ਤੇ ਇਸ ਦੀ ਇਜਾਜ਼ਤ ਦੇ ਦਿੱਤੀ ਗਈ। ਦੂਜੇ ਪਾਸੇ ਸਰਕਾਰ ਨੇ ਇਸ ਮੌਕੇ ‟ਤੇ ਸਿੱਖਾਂ ਦਾ ਕਤਲੇਆਮ ਕਰਨ ਦੀ ਅਫ਼ਵਾਹ ਫੈਲਾ ਕੇ ਸਿੱਖਾਂ ਦੇ ਇਕੱਠ ਵਿਚ ਰੁਕਾਵਟਾਂ ਪਾਈਆਂ, ਜਿਸ ਨਾਲ ਭਾਈ ਮਨੀ ਸਿੰਘ ਤਾਵਾਨ ਨਾ ਦੇ ਸਕੇ ਤੇ ਵਿਸਾਖ ਤਕ ਦੀ ਮੁਹਲਤ ਲੈ ਲਈ। ਪਹਿਲੀ ਵਿਸਾਖ ਦੇ ਦਿਨ ਵੀ ਚੜ੍ਹਾਵਾ ਕਾਫ਼ੀ ਨਾ ਹੋ ਸਕਣ ਕਰ ਕੇ ਭਾਈ ਮਨੀ ਸਿੰਘ ਅਜੇ ਵੀ ਰਕਮ ਨਾ ਦੇ ਸਕੇ। ਮੁਗ਼ਲ ਗਵਰਨਰ ਤਾਂ ਪਹਿਲੋਂ ਹੀ ਬਹਾਨਾ ਲੱਭ ਰਿਹਾ ਸੀ। ਉਸ ਨੇ ਭਾਈ ਮਨੀ ਸਿੰਘ ਅਤੇ ਉਨ੍ਹਾਂ ਦੇ ਦਰਜਨ ਦੇ ਕਰੀਬ ਰਿਸ਼ਤੇਦਾਰ ਤੇ ਸਾਥੀ ਗ੍ਰਿਫ਼ਤਾਰ ਕਰ ਕੇ 24 ਜੂਨ 1734 ਦੇ ਦਿਨ ਲਾਹੌਰ ਵਿਚ ਤਸੀਹੇ ਦੇ-ਦੇ ਕੇ ਸ਼ਹੀਦ ਕਰ ਦਿੱਤੇ।
1740 ਵਿਚ ਮੁਗ਼ਲ ਬਾਦਸ਼ਾਹ ਨੇ ਅੰਮ੍ਰਿਤਸਰ ‟ਤੇ ਕਬਜ਼ਾ ਕਰ ਕੇ, ਮੰਡਿਆਲਾ ਪਿੰਡ ਦੇ, ਇਕ ਧੱਕੜ ਤੇ ਅੱਯਾਸ਼ ਮੱਸਾ ਰੰਘੜ ਨੂੰ ਇਥੇ ਬਿਠਾ ਦਿੱਤਾ। ਉਸ ਨੇ ਇਸ ਜਗ੍ਹਾ ‟ਤੇ ਬੇਹੁਰਮਤੀ ਦੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। 11 ਅਗਸਤ 1740 ਦੇ ਦਿਨ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਬੀਕਾਨੇਰ ਤੋਂ ਆ ਕੇ ਮੱਸਾ ਰੰਘੜ ਦਾ ਸਿਰ ਵੱਢਿਆ ਅਤੇ ਇਕ ਵਾਰ ਤਾਂ ਗੁਰਦੁਆਰੇ ਦੀ ਬੇਅਦਬੀ ਰੋਕ ਦਿੱਤੀ। ਅਪਰੈਲ-ਮਈ 1757 ਵਿਚ ਅਫ਼ਗਾਨ ਫ਼ੌਜ ਨੇ ਅੰਮ੍ਰਿਤਸਰ ‟ਤੇ ਕਬਜ਼ਾ ਕਰ ਕੇ ਇੱਥੇ ਬੇਹੁਰਮਤੀ ਕੀਤੀ ਤੇ ਦਰਬਾਰ ਸਾਹਿਬ ਢਾਹ ਦਿੱਤਾ। ਖ਼ਬਰ ਮਿਲਣ ਮਗਰੋਂ ਬਾਬਾ ਦੀਪ ਸਿੰਘ ਦੀ ਅਗਵਾਈ ਵਿਚ ਸਿੰਘਾਂ ਨੇ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। 11 ਨਵੰਬਰ 1757 ਦੇ ਦਿਨ ਗਹਿਗੱਚ ਲੜਾਈ ਵਿਚ ਬਾਬਾ ਦੀਪ ਸਿੰਘ ਤੇ ਹਜ਼ਾਰਾਂ ਸਿੱਖ ਸ਼ਹੀਦ ਹੋਏ। ਇਸ ਮਗਰੋਂ ਸਿੱਖਾਂ ਨੇ ਫੇਰ ਗੁਰਦੁਆਰਾ ਬਣਾ ਲਿਆ। 1762 ਵਿਚ ਅਹਿਮਦ ਸ਼ਾਹ ਦੁਰਾਨੀ ਨੇ ਫੇਰ ਦਰਬਾਰ ਸਾਹਿਬ ‟ਤੇ ਹਮਲਾ ਕੀਤਾ ਅਤੇ ਇਸ ਨੂੰ ਬਾਰੂਦ ਨਾਲ ਉਡਵਾ ਦਿੱਤਾ। 17 ਅਕਤੂਬਰ 1762 ਦੇ ਦਿਨ ਅੰਮ੍ਰਿਤਸਰ ਦੇ ਬਾਹਰ ਸਿੱਖਾਂ ਨੇ ਅਹਿਮਦ ਸ਼ਾਹ ਦੁਰਾਨੀ ਦੀ ਵੱਡੀ ਫ਼ੌਜ ਨੂੰ ਬੁਰੀ ਤਰ੍ਹਾਂ ਹਰਾਇਆ। ਪਹਿਲੀ ਦਸੰਬਰ 1764 ਦੇ ਦਿਨ ਫੇਰ ਅਬਦਾਲੀ ਦੀਆਂ ਫ਼ੌਜਾਂ ਇੱਥੇ ਹਮਲਾਵਰ ਹੋਈਆਂ। ਜਥੇਦਾਰ ਗੁਰਬਖ਼ਸ਼ ਸਿੰਘ ਦੀ ਅਗਵਾਈ ਵਿਚ 30 ਸਿੰਘਾਂ ਨੇ ਸੈਂਕੜੇ ਅਫ਼ਗਾਨ ਮਾਰ ਕੇ ਸ਼ਹੀਦੀਆਂ ਹਾਸਲ ਕੀਤੀਆਂ।
1765 ਵਿਚ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਦਰਬਾਰ ਸਾਹਿਬ ਦੀ ਮੁੜ ਉਸਾਰੀ ਸ਼ੁਰੂ ਕਰਵਾਈ ਗਈ। 1776 ਤਕ ਇਸ ਦਾ ਸੈਂਟਰਲ ਹਿੱਸਾ ਤਿਆਰ ਹੋ ਚੁੱਕਾ ਸੀ। ਇਸ ਮਗਰੋਂ ਭੰਗੀ ਮਿਸਲ ਦੇ ਸਿਰਦਾਰਾਂ, ਰਣਜੀਤ ਸਿੰਘ ਤੇ ਹੋਰ ਸਿੱਖਾਂ ਨੇ ਦਰਬਾਰ ਸਾਹਿਬ ‟ਤੇ ਸੋਨੇ ਦਾ ਪਤਰਾ ਚੜ੍ਹਵਾਇਆ (ਇਸ ਦਾ ਇਕ ਨੁਕਸਾਨ ਇਹ ਹੋਇਆ ਕਿ ਦਰਬਾਰ ਸਾਹਿਬ ਨੂੰ “ਗੋਲਡਨ ਟੈਂਪਲ” ਯਾਨਿ “ਸੋਨੇ ਦਾ ਮੰਦਿਰ” ਆਖਿਆ ਜਾਣਾ ਸ਼ੁਰੂ ਹੋ ਗਿਆ)।
1845-46 ਦੀ ਲੜਾਈ ਤੋਂ ਬਾਅਦ ਲਾਹੌਰ ‟ਚ ਬ੍ਰਿਟਿਸ਼ ਰੈਜ਼ੀਡੈਂਟ ਰਹਿਣ ਲੱਗ ਪਿਆ ਤੇ ਉਹ ਅੰਮ੍ਰਿਤਸਰ ਵੀ ਅਕਸਰ ਆਉਣ ਲੱਗ ਪਿਆ।1849 ਵਿਚ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੀ ਹਕੂਮਤ ਵਿਚ ਪੂਰੀ ਤਰ੍ਹਾਂ ਸ਼ਾਮਿਲ ਕਰ ਲਿਆ। 1858 ਵਿਚ ਅੰਮ੍ਰਿਤਸਰ ਵਿਚ ਮਿਉੂਂਸਪਲ ਕਮੇਟੀ ਕਾਇਮ ਕਰ ਦਿੱਤੀ ਗਈ। 1862 ਵਿਚ ਅੰਮ੍ਰਿਤਸਰ ਤੇ ਲਾਹੌਰ ਵਿਚਕਾਰ ਰੇਲ-ਗੱਡੀ ਚੱਲਣ ਲੱਗ ਪਈ। ਇਸ ਦੇ ਨਾਲ ਹੀ ਬਹੁਤ ਸਾਰੇ ਅੰਗਰੇਜ਼ੀ ਅਫ਼ਸਰ ਤੇ ਫ਼ੌਜੀ ਜਰਨੈਲ ਵੀ ਅੰਮ੍ਰਿਤਸਰ ਆਉਣ ਲਗ ਪਏ। ਇਸ ਕਰ ਕੇ 24 ਮਾਰਚ 1887 ਦੇ ਦਿਨ ਰੈਜ਼ੀਡੈਂਟ ਨੇ ਇਕ ਚਿੱਠੀ ਜਾਰੀ ਕਰ ਕੇ ਬਰਤਾਨਵੀ ਅਫ਼ਸਰਾਂ ਨੂੰ ਹਿਦਾਇਤ ਕੀਤੀ ਕਿ ਅੰਮ੍ਰਿਤਸਰ ਸ਼ਹਿਰ ‟ਚ ਦਾਖ਼ਲ ਹੋਣ ਸਮੇਂ ਇਸ ਪਵਿੱਤਰ ਸ਼ਹਿਰ ਦੀ ਮਰਿਆਦਾ ‟ਤੇ ਅਮਲ ਕੀਤਾ ਜਾਏ। 1892 ਵਿਚ ਇਥੇ ਖਾਲਸਾ ਕਾਲਜ ਬਣ ਗਿਆ। ਇਸ ਕਾਲਜ ਦੀ ਨੀਂਹ 5 ਮਾਰਚ 1892 ਦੇ ਦਿਨ ਗਵਰਨਰ ਸਰ ਜੇਮਜ਼ ਲਾਇਲ ਨੇ ਰੱਖੀ ਸੀ। 1969 ਵਿਚ ਇੱਥੇ ਗੁਰੂ ਨਾਨਕ ਸਾਹਿਬ ਦੇ ਨਾਂ ‟ਤੇ ਯੂਨੀਵਰਸਿਟੀ ਵੀ ਬਣ ਗਈ।
1873 ਵਿਚ ਇਸੇ ਨਗਰ ਵਿਚ ਸਿੰਘ ਸਭਾ ਕਾਇਮ ਦੀ ਕਇਮੀ ਹੋਈ ਸੀ। 1902 ਵਿਚ ਇੱਥੇ ਹੀ ਚੀਫ਼ ਖਾਲਸਾ ਦੀਵਾਨ ਵੀ ਬਣਿਆ ਸੀ। 1919 ਦੀ 13 ਅਪ੍ਰੈਲ ਨੂੰ ਜਲ੍ਹਿਆਂ ਵਾਲੇ ਬਾਗ਼ ਵਿਚ ਜਨਰਲ ਡਾਇਰ ਨੇ ਗੋਲੀ ਚਲਾ ਕੇ 379 ਬੰਦੇ ਮਾਰ ਦਿੱਤੇ ਸਨ। ਇਸੇ ਸਾਲ ਦੇ ਅਖ਼ੀਰ ਵਿਚ ਏਥੇ ਸਿੱਖ ਲੀਗ ਕਾਇਮ ਹੋਈ। 12 ਅਕਤੂਬਰ 1920 ਦੇ ਦਿਨ ਸਿੱਖਾਂ ਨੇ ਅਕਾਲ ਬੁੰਗਾ ਅਤੇ ਦਰਬਾਰ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਲਿਆ। 15-16 ਨਵੰਬਰ 1920 ਦੇ ਦਿਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 14 ਦਸੰਬਰ 1920 ਦੇ ਦਿਨ ਸ਼ਿਰੋਮਣੀ ਅਕਾਲੀ ਦਲ ਵੀ ਇਥੇ ਹੀ ਕਾਇਮ ਹੋਏ ਸਨ। ਅੰਮ੍ਰਿਤਸਰ ਵਿਚੋਂ ਬਹੁਤ ਸਾਰੇ ਪੰਥਕ ਮੋਰਚੇ ਵੀ ਚਲਾਏ ਗਏ: 1920-25 ਤਕ ਗੁਰਦੁਆਰਾ ਸੁਧਾਰ ਲਹਿਰ (ਚਾਬੀਆਂ ਦਾ ਮੋਰਚਾ, ਗੁਰੂ ਦਾ ਬਾਗ਼ ਮੋਰਚਾ, ਜੈਤੋ ਮੋਰਚਾ ਵਗੈਰਾ), ਪੰਜਾਬੀ ਸੂਬਾ ਮੋਰਚਾ (1955 ਅਤੇ 1960), ਜ: ਦਰਸ਼ਨ ਸਿੰਘ ਫੇਰੂਮਾਨ ਦੇ ਮਰਨ ਵਰਤ (1969), ਧਰਮ ਯੁੱਧ ਮੋਰਚਾ (1982-84)। 13 ਅਪ੍ਰੈਲ 1978 ਦੇ ਦਿਨ ਨਿਰੰਕਾਰੀਆਂ ਨੇ ਇੱਥੇ ਭਾਈ ਫ਼ੌਜਾ ਸਿੰਘ ਅਤੇ 12 ਹੋਰ ਸਿੰਘ ਸ਼ਹੀਦ ਕਰ ਦਿੱਤੇ। ਇਸ ਮਗਰੋਂ ਪੰਜਾਬ ‟ਚ ਖ਼ਾਲਿਸਤਾਨ ਲਹਿਰ ਦਾ ਦੌਰ ਸ਼ੁਰੂ ਹੋ ਗਿਆ। ਕੁਝ ਕਤਲਾਂ, ਜਲੂਸਾਂ, ਜਲਸਿਆਂ ਤੇ ਬੰਬ ਧਮਾਕਿਆਂ ਮਗਰੋਂ ਪੰਜਾਬ ‟ਚ ਅਣ-ਐਲਾਨੀ ਸਿੱਖ-ਹਕੂਮਤ ਜਿਹੀ ਕਾਇਮ ਹੋ ਗਈ ਸੀ। 4 ਜੂਨ 1984 ਦੇ ਦਿਨ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਤੇ ਦਰਜਨਾਂ ਹੋਰ ਗੁਰਦੁਆਰਿਆਂ ‟ਤੇ ਹਮਲਾ ਕਰ ਕੇ ਹਜ਼ਾਰਾਂ ਸਿੰਘ ਦਾ ਕਤਲੇਆਮ ਕੀਤਾ। ਇਸ ਹਮਲੇ ਵਿਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਤੇ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ। ਫ਼ੌਜੀ ਹਮਲੇ ‟ਚ ਅਕਾਲ ਤਖ਼ਤ ਸਾਹਿਬ ਬੁਰੀ ਤਰ੍ਹਾਂ ਤਬਾਹ ਹੋ ਗਿਆ। ਬਾਕੀ ਕੰਪਲੈਕਸ ਦਾ ਵੀ ਗੋਲਬਾਰੀ ‟ਚ ਬਹੁਤ ਹੀ ਨੁਕਸਾਨ ਹੋਇਆ। ਆਰਕਾਈਵਜ਼ ਤੇ
ਦਫ਼ਤਰ ਸਾੜ ਦਿੱਤੇ ਗਏ ਤੇ ਖ਼ਜ਼ਾਨੇ ਲੁੱਟ ਲਏ ਗਏ। ਗੁਰਧਾਮਾਂ ‟ਤੇ ਫ਼ੌਜ ਦਾ ਕਬਜ਼ਾ ਹੋ ਗਿਆ। ਸਤੰਬਰ 84 ਮਗਰੋਂ ਭਾਵੇਂ ਫ਼ੌਜ ਪਰਕਰਮਾਂ ‟ਚੋਂ ਬਾਹਰ ਹੋ ਗਈ, ਪਰ ਅਮਲੀ ਤੌਰ ‟ਤੇ ਅਜੇ ਵੀ ਉਸ ਦਾ ਹੀ ਕਬਜ਼ਾ ਸੀ। ਇਸ ਦੌਰਾਨ ਭਾਰਤ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਕਰਵਾਈ। ਪਰ 26 ਜਨਵਰੀ 1986 ਨੂੰ ਭਿੰਡਰਾ-ਮਹਿਤਾ ਜੱਥੇ ਨਾਲ ਸਬੰਧਤ ਸਿੱਖ ਨੌਜਵਾਨਾਂ ਨੇ ਸਰਕਾਰ ਵੱਲੋਂ ਬਣਾਈ ਇਮਾਰਤ ਢਾਹ ਕੇ ਨਵੀਂ ਉਸਾਰੀ ਸ਼ੁਰੂ ਕਰਵਾਈ। ਇਸ ਦੌਰਾਨ 29 ਅਪਰੈਲ 1986 ਨੂੰ ਇਥੋਂ „ਖ਼ਾਲਿਸਤਾਨ ਸਰਕਾਰ‟ ਦਾ ਐਲਾਨ ਹੋ ਗਿਆ। ਚੀਫ਼ ਮਨਿਸਟਰ ਸੁਰਜੀਤ ਬਰਨਾਲੇ ਨੇ 30 ਅਪਰੈਲ ਨੂੰ ਦਰਬਾਰ ਸਾਹਿਬ ‟ਚ ਪੁਲਿਸ ਭੇਜ ਕੇ ਕਬਜ਼ਾ ਕਰ ਲਿਆ। ਫਿਰ 9 ਮਈ 1988 ਨੂੰ ਰਾਜੀਵ ਗਾਂਧੀ ਦੀ ਹਦਾਇਤ ‟ਤੇ ਪੁਲੀਸ ਅਤੇ ਫ਼ੌਜ ਨੇ ਹਮਲਾ ਕਰ ਕੇ ਦਰਬਾਰ ਸਾਹਿਬ ‟ਤੇ ਫੇਰ ਕਬਜ਼ਾ ਕੀਤਾ।
ਅੰਮ੍ਰਿਤਸਰ ਨੂੰ ਗੁਰੂ ਸਾਹਿਬ ਨੇ ਆਪਣੀ ਹੱਥੀਂ ਬਣਾਇਆ ਸੀ। ਇਸ ਸ਼ਹਿਰ ਦਾ ਜ਼ੱਰਰਾ-ਜ਼ੱਰਰਾ ਸਿੱਖ ਸ਼ਹੀਦਾਂ ਦੇ ਖ਼ੂਨ ਵਿਚ ਸਿੰਜਿਆ ਹੋਇਆ ਹੈ। ਘੱਟ ਤੋਂ ਘੱਟ ਇਕ ਲੱਖ ਸਿੱਖ ਇੱਕਲੇ ਅੰਮ੍ਰਿਤਸਰ ਵਿਚ ਸ਼ਹੀਦ ਹੋ ਚੁੱਕੇ ਹਨ। ਗੁਰੂ ਸਾਹਿਬ ਤੇ ਸਿੰਘਾਂ ਦੀ ਹੱਥੀਂ ਕੀਤੀ (ਕਾਰ) ਸੇਵਾ ਨਾਲ ਬਣੇ ਇਸ ਸ਼ਹਿਰ ਵਿਚ ਬਹੁਤ ਸਾਰੇ ਗੁਰਦੁਆਰੇ ਅਤੇ ਯਾਦਗਾਰਾਂ ਹਨ:
ਪੰਜ ਸਰੋਵਰ: (1) ਅੰਮ੍ਰਿਤਸਰ (1574-87) (2) ਸੰਤੋਖਸਰ (1564-1587) (3) ਰਾਮਸਰ (1601) (4) ਕੌਲਸਰ (1627) (5) ਬਿਬੇਕਸਰ (1628)।
ਗੁਰਦੁਆਰੇ: (1) ਦਰਬਾਰ ਸਾਹਿਬ (1588) (2) ਗੁਰੂ ਦੇ ਮਹਲ: ਇਥੇ ਗੁਰੂ ਰਾਮ ਦਾਸ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਰਹੇ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਨਮ ਇਥੇ ਹੀ ਹੋਇਆ ਸੀ (3) ਦਰਸ਼ਨੀ ਡਿਉਢੀ: ਗੁਰੂ ਬਜ਼ਾਰ ਦੇ ਨੇੜੇ, ਗੁਰੂ ਅਰਜਨ ਸਾਹਿਬ ਦੀ ਯਾਦ ਵਿਚ (4) ਥੜ੍ਹਾ ਸਾਹਿਬ: ਦਰਬਾਰ ਸਾਹਿਬ ਦੇ ਪੁਰਾਣੇ ਮੁਖ ਦਰਵਾਜ਼ੇ ਦੇ ਨਾਲ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ। ਗੁਰੂ ਸਾਹਿਬ ਇਥੇ 23 ਨਵੰਬਰ 1664 ਦੇ ਦਿਨ ਆਏ ਸਨ (5) ਦਮਦਮਾ ਸਾਹਿਬ: ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ (6) ਪਿਪਲੀ ਸਾਹਿਬ: ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਪੁਤਲੀ ਘਰ ਚੌਕ ਕੋਲ (7) ਗੁਰਦੁਆਰਾ ਟਾਹਲੀ ਸਾਹਿਬ: ਗੁਰੂ ਰਾਮ ਦਾਸ ਸਾਹਿਬ ਦੀ ਯਾਦ ਵਿਚ, ਸੰਤੋਖਸਰ ਦੇ ਕੰਢੇ ‘ਤੇ। (8) ਚੁਰਸਤੀ ਅਟਾਰੀ: ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ, ਅਕਾਲ ਬੁੰਗਾ ਤੋਂ ਗੁਰੂ ਦੇ ਮਹਿਲ ਦੇ ਰਸਤੇ ਵਿਚ। (9) ਲੋਹਗੜ੍ਹ ਕਿਲ੍ਹਾ: 1609 ਵਿਚ ਇੱਥੇ ਗੁਰੂ ਹਰਿਗੋਬਿੰਦ ਸਿੰਘ ਨੇ ਕਿਲ੍ਹਾ ਤਿਆਰ ਕਰਵਾਇਆ ਸੀ। (10) ਸ਼ਹੀਦ ਬਾਬਾ ਦੀਪ ਸਿੰਘ: 11 ਨਵੰਬਰ 1757 ਦੇ ਦਿਨ ਬਾਬਾ ਦੀਪ ਸਿੰਘ ਦੇ ਹਜ਼ਾਰਾਂ ਸਾਥੀ ਇਸ ਥਾਂ ‘ਤੇ ਅਫ਼ਗ਼ਾਨਾਂ ਨਾਲ ਲੜੇ ਤੇ ਸ਼ਹੀਦ ਹੋਏ ਸਨ। ਬਾਬਾ ਦੀਪ ਸਿੰਘ ਆਪ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਸ਼ਹੀਦ ਹੋਏ ਸਨ (11) ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ: ਅਕਾਲ ਬੁੰਗੇ ਦੇ ਨਾਲ, ਦਰਬਾਰ ਸਾਹਿਬ ਦੇ ਅਸਲ ਗੇਟ ‟ਤੇ। ਇੱਥੇ ਬਾਬਾ ਗੁਰਬਖ਼ਸ਼ ਸਿੰਘ ਤੇ 30 ਹੋਰ ਸਿੰਘ 1 ਦਸੰਬਰ 1764 ਦੇ ਦਿਨ ਸ਼ਹੀਦ ਹੋਏ ਸਨ (12) ਬਾਬਾ ਅਟੱਲ: ਬਾਬਾ ਅਟੱਲ ਦੀ ਯਾਦ ਵਿਚ। ਇਸ ਥਾਂ ‘ਤੇ ਬਾਬਾ ਅਟਲ ਦਾ ਸਸਕਾਰ ਹੋਇਆ ਸੀ। ਦਰਅਸਲ ਇਹ ਸ਼ਹਿਰ ਦਾ ਸ਼ਮਸ਼ਾਨ ਘਾਟ ਸੀ। ਸਾਰੇ ਸਿੱਖਾਂ ਦੇ ਸਸਕਾਰ ਇਸ ਥਾਂ ਹੀ ਹੋਏ ਸਨ। ਇਸ ਤੋਂ ਇਲਾਵਾ ਸ਼ਹਿਰ ਵਿਚ ਕਿਸੇ ਵੇਲੇ ਘੱਟ ਤੋਂ ਘੱਟ 69 ਬੁੰਗੇ ਵੀ ਸਨ। ਇਨ੍ਹਾਂ ਵਿਚੋਂ ਕਝ ਤਾਂ ਅਜੇ ਵੀ ਕਾਇਮ ਹਨ। ਸ਼ਿਰੋਮਣੀ ਅਕਾਲੀ ਦਲ, ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਚੀਫ਼ ਖਾਲਸਾ ਦੀਵਾਨ ਦੇ ਦਫ਼ਤਰ ਵੀ ਇਥੇ ਹਨ। ਸਿੱਖ ਰੈਫ਼ਰੈਂਸ ਲਾਇਬ੍ਰੇਰੀ, ਜਿਸ ਨੂੰ 7 ਜੂਨ 1984 ਦੇ ਦਿਨ ਭਾਰਤੀ ਫ਼ੌਜ ਚੁੱਕ ਕੇ ਲੈ ਗਈ ਸੀ, ਵੀ ਇਥੇ ਸੀ। ਸਿੱਖ ਅਜਾਇਬ ਘਰ (ਜੋ ਹੁਣ ਫ਼ੋਟੋ ਗੈਲਰੀ ਬਣ ਚੁਕੀ ਹੈ) ਵੀ ਇਥੇ ਹੀ ਹੈ। ਦਰਬਾਰ ਸਾਹਿਬ ਦੇ ਨਾਲ ਹੁਣ ਪੰਜ ਸਰਾਵਾਂ ਵੀ ਹਨ, ਜਿਨ੍ਹਾਂ ਵਿਚ ਹਜ਼ਾਰਾਂ ਯਾਤਰੂ ਇਕੋ ਵੇਲੇ ਠਹਿਰ ਸਕਦੇ ਹਨ। 2011 ਦੀ ਮਰਦਮਸ਼ੁਮਾਰੀ ਮੁਤਾਬਿਕ ਅੰਮ੍ਰਿਤਸਰ ਦੀ ਆਬਾਦੀ 11,32,761 (ਮੈਟਰੋ ਇਲਾਕੇ ਦੀ 11,83,705) ਹੈ। ਸ਼ਹਿਰ ਵਿਚ ਹਿੰਦੂ 49.36% (ਇਸ ਵਿਚ ਆਦਧਰਮੀ ਵੀ ਸ਼ਾਮਿਲ ਹਨ) ਤੇ ਸਿੱਖ 48% ਹਨ। ਮੈਟਰੋ ਸਣੇ ਸਿੱਖ ਆਬਾਦੀ 51% ਤੇ ਹਿੰਦੂ ਆਬਾਦੀ 47% ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਸਿੱਖ ਆਬਾਦੀ 17,16,935 (68.94%), ਹਿੰਦੂ ਅਬਾਦੀ 6.90,939 (27.74%) ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)
ਅੰਮ੍ਰਿਤਸਰ ਦੇ ਗੁਰਦੁਆਰੇ
ਦਰਬਾਰ ਸਾਹਿਬ ਅਤੇ ਆਲਾ ਦੁਆਲਾ
ਬੁੰਗਾ ਅਕਾਲ ਤਖ਼ਤ
ਬਾਬਾ ਅਟਲ
ਗੁਰੂ ਦੇ ਮਹਲ
ਸੰਤੋਖ ਸਰ (ਟਾਹਲੀ ਸਾਹਿਬ)
ਰਾਮ ਸਰ
ਬਿਬੇਕ ਸਰ
ਗੁਰਦੁਆਰਾ ਕੌਲਸਰ
ਗੁਰਦੁਆਰਾ ਕਿਲ੍ਹਾ ਲੋਹਗੜ੍ਹ
ਗੁਰਦੁਆਰਾ ਪਿਪਲੀ ਸਾਹਿਬ
ਸ਼ਹੀਦ ਗੰਜ ਬਾਬਾ ਦੀਪ ਸਿੰਘ
ਬੁਰਜ ਅਕਾਲੀ ਫੂਲਾ ਸਿੰਘ