ਉ¤ਤਰ ਪ੍ਰਦੇਸ਼ ਵਿਚ ਜਮਨਾ ਦਰਿਆ ਕਿਨਾਰੇ, ਦਿੱਲੀ-ਕਾਨਪੁਰ ਰੂਟ ’ਤੇ (ਦਿੱਲੀ ਤੋਂ 335 ਤੇ ਆਗਰਾ ਤੋਂ 120 ਕਿਲੋਮੀਟਰ ਦੂਰ ਤੇ ਕਾਨਪੁਰ ਤੋਂ 160 ਕਿਲੋਮੀਟਰ ਪਹਿਲਾਂ), ਇਕ ਪ੍ਰਾਚੀਨ ਸ਼ਹਿਰ। ਕਿਸੇ ਵੇਲੇ ਇਹ ਗੁਪਤ, ਮੌਰਿਆ, ਕਨਿਸ਼ਕ, ਨਾਗ ਰਾਜਿਆਂ ਤੇ ਗੁਰਜਾਰ-ਪ੍ਰਤਿਹਾਰ ਹਕੂਮਤਾਂ ਦਾ ਕੇਂਦਰ ਰਿਹਾ ਸੀ। ਸੰਨ 1244 ਵਿਚ ਗ਼ਿਆਸ-ਉਦ-ਦੀਨ ਬਲਬਨ ਨੇ ਇਸ ’ਤੇ ਹਮਲਾ ਕਰ ਕੇ ਜਿੱਤ ਲਿਆ ਸੀ। ਅੰਗਰੇਜ਼ਾਂ ਵੇਲੇ 1857 ਵਿਚ ਇਹ ਗ਼ਦਰ ਦਾ ਇਕ ਵੱਡਾ ਕੇਂਦਰ ਰਿਹਾ ਸੀ। ਅੰਗਰੇਜ਼ ਇਸ ਨੂੰ ਛੇ ਸੱਤ ਮਹੀਨੇ ਦੀ ਲੜਾਈ ਤੋਂ ਬਾਅਦ ਹੀ ਕਬਜ਼ਾ ਕਰ ਸਕੇ ਸਨ। ਸਿੱਖ ਤਵਾਰੀਖ਼ ਨਾਲ ਇਸ ਦਾ ਸਬੰਧ ਗੁਰੂ ਤੇਗ਼ ਬਹਾਦਰ ਸਾਹਿਬ ਦੇ ਇਸ ਜਗਹ ਆਉਣ ਕਰ ਕੇ ਬਣਿਆ ਸੀ।ਗੁਰੂ ਜੀ 1666 ਵਿਚ ਦਿੱਲੀ ਤੋਂ ਪਟਨਾ ਜਾਂਦੇ ਹੋਏ ਏਥੇ ਰੁਕੇ ਸਨ। ਉਨ੍ਹਾਂ ਦੀ ਯਾਦ ਵਿਚ ਕਚਹਿਰੀਆਂ ਦੇ ਨੇੜੇ ਉਦਾਸੀਆਂ ਦੇ ਇਕ ਆਸ਼ਰਮ ਦੇ ਇਕ ਹਿੱਸੇ ਦਾ ਨਾਂ ‘ਗੁਰਦੁਆਰਾ ਪੂਰਬੀ ਟੋਲਾ’ ਹੈ (ਇਸ ਨੂੰ ‘ਗੁਰਦੁਆਰਾ ਬੜੀ ਸੰਗਤ’ ਵੀ ਕਹਿੰਦੇ ਹਨ)। ਭਾਵੇਂ ਇੱਥੇ ਇਕ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕੀਤਾ ਜਾਂਦਾ ਹੈ, ਪਰ ਇੱਥੇ ਸਿੱਖ ਰਹਿਤ ਮਰਿਆਦਾ ਦਾ ਪਾਲਨ ਨਹੀਂ ਹੁੰਦਾ. (ਤਸਵੀਰ: ਇਟਾਵਾ ਵਿਚ ਗੁਰਦੁਆਰਾ ਬੜੀ ਸੰਗਤ):
(ਡਾ. ਹਰਜਿੰਦਰ ਸਿੰਘ ਦਿਲਗੀਰ)