ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦਾ ਇਕ ਪ੍ਰਾਚੀਨ ਸ਼ਹਿਰ, ਜਿਸ ਦਾ ਪਹਿਲਾ ਨਾਂ ਸਈਅਦਪੁਰ (ਸੈਦਪੁਰ) ਸੀ। 1521 ਵਿਚ ਜਦ ਬਾਬਰ ਨੇ ਹਮਲਾ ਕੀਤਾ ਤਾਂ ਇਸ ਜਗਹ ਬਹੁਤ ਸਾਰੇ ਅਮੀਰ ਤੇ ਸ਼ਾਹ (ਸਈਅਦ ਖ਼ਾਨਦਾਨ ਦੇ) ਰਹਿੰਦੇ ਸਨ। ਬਾਬਰ ਨੇ ਉਨ੍ਹਾਂ ਨੂੰ ਕਤਲ ਕਰ ਕੇ ਉਨ੍ਹਾਂ ਦੀ ਦੌਲਤ ਲੁੱਟ ਗਈ ਤੇ ਨਾਲ ਹੀ ਸ਼ਹਿਰ ਨੂੰ ਬੁਰੀ ਤਰ੍ਹਾਂ ਤਬਾਹ ਵੀ ਕਰ ਦਿੱਤਾ। ਮਗਰੋਂ ਇਸ ਨੂੰ ਦੋਬਾਰਾ ਵਸਾਇਆ ਗਿਆ। ਮੁਗ਼ਲਾਂ ਵੇਲੇ ਇਸ ਸ਼ਹਿਰ ਨੇ ਫਿਰ ਪਹਿਲਾਂ ਵਾਲੀ ਸ਼ਾਨ ਹਾਸਿਲ ਕਰ ਲਈ ਤੇ ਇੱਥੇ ਬਹੁਤ ਸਾਰੇ ਅਮੀਰ ਰਹਿਣ ਲਗ ਪਏ ਸਨ। 1745 ਵਿਚ ਇੱਥੋਂ ਦਾ ਹਾਕਮ ਜਸਪਤ ਰਾਏ ਸੀ ਜੋ ਜੱਸਾ ਸਿੰਘ ਆਹਲੂਵਾਲੀਆ ਦੀ ਅਗਾਵਈ ਵਾਲੇ ਸਿੱਖਾਂ ਦੇ ਇਕ ਜੱਥੇ ਨਾਲ ਇਕ ਲੜਾਈ ਵਿਚ ਮਾਰਿਆ ਗਿਆ ਸੀ। 1760ਵਿਆਂ ਵਿਚ ਇਸ ਨਗਰ ’ਤੇ ਚੜ੍ਹਤ ਸਿੰਘ ਸੁਕਰਚਕੀਆ ਦਾ ਕਬਜ਼ਾ ਹੋ ਗਿਆ ਸੀ। ਉਦੋਂ ਤਕ ਇੱਥੇ ਸਿਰਫ਼ ਮੁਸਲਮਾਨ ਹੀ ਵਸਦੇ ਸਨ। ਸਿੱਖ ਰਾਜ ਵੇਲੇ ਇੱਥੇ ਬਹੁਤ ਸਾਰੇ ਸਿੱਖ ਤੇ ਹਿੰਦੂ ਵੀ ਵਸਣ ਲਗ ਪਏ ਸਨ। ਪਰ 1947 ਵਿਚ ਸਾਰੇ ਗ਼ੈਰ ਮੁਸਲਮਾਨ ਏਥੋਂ ਪੂਰਬੀ ਪੰਜਾਬ ਵਿਚ ਚਲੇ ਗਏ ਅਤੇ ਪੂਰਬੀ ਪੰਜਾਬ ਤੋਂ (ਕਰਨਾਲ, ਅੰਬਾਲਾ, ਹੁਸ਼ਿਆਰਪੁਰ ਵਗ਼ੈਰਾ ਤੋਂ) ਮੁਸਲਮਾਨ ਏਥੇ ਆ ਕੇ ਵਸ ਗਏ। ਇੱਥੋਂ ਦੀ ਆਬਾਦੀ ਤਕਰੀਬਨ ਬਾਈ ਹਜ਼ਾਰ ਹੈ।
ਏਮਨਾਬਾਦ ਵਿਚ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਦੋ ਵਾਰ ਆਏ ਸਨ: 1507 ਵਿਚ ਅਤੇ 1522 ਵਿਚ। ਇੱਥੇ ਉਹ ਭਾਈ ਲਾਲੋ ਦੇ ਘਰ ਠਹਿਰੇ ਸਨ। ਉਨ੍ਹਾਂ ਦੀ ਯਾਦ ਵਿਚ ‘ਗੁਰਦੁਆਰਾ ਰੋੜੀ ਸਾਹਿਬ’ ਬਣਿਆ ਹੋਇਆ ਹੈ (ਇਸ ਜਗਹ ਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ; ਕਿਸੇ ਨੇ ਇਹ ਵੀ ਲਿਖ ਦਿੱਤਾ ਹੈ ਕਿ ਗੁਰੂ ਜੀ ਰੋੜੀ ਉ¤ਤੇ ਸੌਂਦੇ ਹੁੰਦੇ ਸਨ):
ਇਕ ਹੋਰ ‘ਗੁਰਦੁਆਰਾ ਖੂਹੀ ਭਾਈ ਲਾਲੋ’ ਵੀ ਹੈ (ਸ਼ਾਇਦ ਇਹ ਜਗਹ ਭਾਲੀ ਲਾਲੋ ਦਾ ਘਰ ਸੀ):
ਇੱਥੇ ਇਕ ‘ਗੁਰਦੁਆਰਾ ਚੱਕੀ ਸਾਹਿਬ’ ਵੀ ਹੈ (ਜਿਸ ਬਾਰੇ ਇਹ ਗ਼ਲਤ ਲਿਖਿਆ ਹੈ ਕਿ ਜਦ ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਕੈਦ ਕੀਤਾ ਤਾਂ ਉਹ ਇੱਥੇ ਚੱਕੀ ਚਲਾਉਂਦੇ ਰਹੇ ਸਨ।ਗੁਰੂ ਨਾਨਕ ਸਾਹਿਬ ਨੂੰ ਬਾਬਰ ਨੇ ਕਦੇ ਕੈਦ ਨਹੀਂ ਕੀਤਾ ਸੀ। ਉਹ ਤਾਂ ਬਾਬਰ ਦੇ ਜਾਣ ਤੋਂ ਇਕ ਸਾਲ ਤੋਂ ਵੀ ਵਧ ਸਮਾਂ ਬਾਅਦ ਆਏ ਸਨ)।
ਗੁਰੂ ਜੀ ਦੀ ਯਾਦ ਵਿਚ ਪਹਿਲਾ ਮੰਜੀ ਸਾਹਿਬ ਚੜ੍ਹਤ ਸਿੰਘ ਸੁਕਰਚੱਕੀਆ ਨੇ ਬਣਵਾਇਆ ਸੀ। ਸਿੱਖ ਰਾਜ ਵੇਲੇ ਇਨ੍ਹਾਂ ਗੁਰਦੁਆਰਿਆਂ ’ਤੇ ਉਦਾਸੀਆਂ ਅਤੇ ਨਿਰਮਲਿਆਂ ਨੇ ਕਬਜ਼ੇ ਕਰ ਲਏ ਸਨ। 1920 ਵਿਚ ਜਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ 1922 ਵਿਚ ਸੰਗਤ ਨੇ ਇਨ੍ਹਾਂ ਗੁਰਦੁਆਰਿਆਂ ਦਾ ਇੰਤਜ਼ਾਮ ਆਣੇ ਹੱਥਾਂ ਵਿਚ ਲੈ ਲਿਆ। 1947 ਵਿਚ ਪਾਕਿਸਤਾਨ ਬਣਨ ਮਗਰੋਂ ਇਹ ਗੁਰਦੁਆਰੇ ਫਿਰ ਉਜਾੜ ਹੋ ਗਏ ਸਨ। ਇੱਕੀਵੀਂ ਸਦੀ ਵਿਚ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੇ ਇਨ੍ਹਾਂ ਗੁਰਦੁਆਰਿਆਂ ਦੀ ਸੁਧ ਲਈ। ਹੁਣ ਇਨ੍ਹਾਂ ਵਿਚੋਂ ਰੋੜੀ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)