ਇਕ ਮੁਲਕ ਜੋ ਫ਼ਾਰਸ ਅਤੇ ਅ਼ਰਬ ਦੇ ਵਿਚਕਾਰ, ਜੈਹੂੰ, ਦਜਲਾ ਤੇ ਫ਼ਰਾਤ ਨਦੀਆਂਦੇ ਕੰਢੇ ‟ਤੇ ਆਬਾਦ ਹੈ। ਇਸ ਮੁਲਕ ਨਾਲ ਟਰਕੀ, ਇਰਾਨ, ਸਾਊਦੀ ਅਰਬ, ਜਾਰਡਨ,ਸੀਰੀਆ ਤੇ ਕੁਵੈਤ ਦੀਆਂ ਹੱਦਾਂ ਲਗਦੀਆਂ ਹਨ। ਇਸ ਦਾ ਪੁਰਾਣਾ ਨਾਂ ਮੈਸੋਪੋਟਾਮੀਆ ਸੀ। ਇਸ ਦੀ ਰਾਜਧਾਨੀ ਬਗ਼ਦਾਦ ਹੈ। ਇਸ ਤੋਂ ਇਲਾਵਾ ਬਸਰਾ, ਮੌਸੂਲ, ਅਰਬੀਲ, ਕਿਰਕੁਕ, ਸੁਲੇਮਾਨੀਆ, ਕਰਬਲਾ ਤੇ ਨਜਫ਼ ਇਸ ਦੇ ਮਸ਼ਹੂਰ ਸ਼ਹਿਰ ਹਨ। ਇਸ ਦੀ ਵਸੋਂ ਦਾ ਬਹੁਤਾ ਹਿੱਸਾ ਅ਼ਰਬ (75 – 80%) ਤੇ ਕੁਰਦ (15%) ਲੋਕਾਂ ਦਾ ਹੈ। ਹੋਰਨਾਂ ਵਿਚ ਅਸੀਰੀਅਨ, ਤੁਰਕਮਨ, ਇਰਾਨੀ, ਅਰਮੀਨੀਅਨ, ਯਜ਼ੀਦੀ ਵੀ ਹਨ। ਮੁਲਕ ਦੀ 95% ਆਬਾਦੀ ਸ਼ੀਆ (65%) ਜਾਂ ਸੁੰਨੀ (30%) ਮੁਸਲਮਾਨਾਂ ਦੀ ਹੈ।ਅ਼ਰਬੀ ਤੇ ਕੁਰਦਿਸ਼ ਇੱਥੋਂ ਦੀਆਂ ਮੁਖ ਬੋਲੀਆਂ ਹਨ। ਇਰਾਕ ਕਦੇ ਅੱਕੇਡੀਅਨ, ਸੁਮੇਰੀਅਨ, ਅਸੀਰੀਅਨ, ਬੈਬੀਲੋਨੀਅਨ ਸਾਮਰਾਜ ਦਾ ਹਿੱਸਾ ਰਿਹਾ ਸੀ। ਫਿਰ ਇਹ ਰੋਮਨ, ਮੰਗੋਲ, ਸਫ਼ਾਵੀਦ ਅਤੇ ਔਟੋਮਨ (ਉਸਮਾਨੀਆ) ਸਾਮਰਾਜ ਦਾ ਹਿੱਸਾ ਵੀ ਰਿਹਾ। 1920 ਵਿਚ ਜਦ ਲੀਗ ਆਫ਼ ਨੇਸ਼ਨਜ਼ ਨੇ ਔਟੋਮਨ (ਉਸਮਾਨੀਆ) ਸਾਮਰਾਜ ਨੂੰ ਵੰਡ ਦਿੱਤਾ ਤਾਂ ਇਸ ਨੂੰ ਬਰਤਾਨੀਆ ਦੇ ਕੰਟਰੋਲ ਹੇਠ ਕਰ ਦਿੱਤਾ ਗਿਆ ਤੇ 1921 ਵਿਚ ਇੱਥੇ ਸ਼ਾਹੀ ਹਕੂਮਤ ਕਾਇਮ ਕਰ ਦਿੱਤੀ ਗਈ। ਇਹ 1932 ਵਿਚ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ। 1958 ਵਿਚ ਬਾਦਸ਼ਾਹ ਨੂੰ ਹਟਾ ਕੇ ਇੱਥੇ ਰੀਪਬਲਿਕ ਕਾਇਮ ਕਰ ਦਿੱਤੀ ਗਈ। 1968 ਤੋਂ 2003 ਤਕ ਇੱਥੇ ਸੱਦਾਮ ਹੁਸੈਨ (28.4.1937 – 30.12.2006) ਦੀ ਬਾਠ ਪਾਰਟੀ ਦੀ ਹਕੂਮਤ ਰਹੀ ਸੀ। ਸੰਨ 2003 ਵਿਚ ਅਮਰੀਕਾ ਨੇ ਇਸ ‟ਤੇ ਹਮਲਾ ਕਰ ਕੇ ਇਸ ਮੁਲਕ ‟ਤੇ ਕਬਜ਼ਾ ਕਰ ਲਿਆ। ਮਗਰੋਂ ਇਸ ਦੇ ਹਾਕਮ ਸੱਦਾਮ ਹੁਸੈਨ ਨੂੰ 13 ਦਸੰਬਰ 2003 ਦੇ ਦਿਨ ਗ੍ਰਿਫ਼ਤਾਰ ਕਰ ਕੇ 30 ਦਸੰਬਰ 2006 ਦੇ ਦਿਨ ਫ਼ਾਂਸੀ ਦੇ ਦਿੱਤੀ ਗਈ। ਅਮਰੀਕਾ ਦਾ ਇਸ ਮੁਲਕ ‟ਤੇ ਸਿੱਧਾ ਤੇ ਅਸਿੱਧਾ ਕਬਜ਼ਾ 18 ਦਸੰਬਰ 2011 ਤਕ ਰਿਹਾ। ਇਸ ਮਗਰੋਂ ਵੀ ਇੱਥੇ ਸਿਆਸੀ ਉਥਲ ਪੁਥਲ ਹੁੰਦੀ ਰਹੀ। ਇਸ ਸਮੇਂ ਵਧੇਰੇ ਤਾਕਤ ਸ਼ੀਆ ਮੁਸਲਮਾਨਾਂ ਕੋਲ ਰਹੀ ਸੀ। ਪਰ, ਕਿਉਂਕਿ ਸੁੰਨੀ ਮੁਸਲਾਮਨਾਂ ਦੀ ਆਬਾਦੀ ਜ਼ਿਆਦਾ ਸੀ, ਉਨ੍ਹਾਂ ਨੇ ਗੜਬੜ ਜਾਰੀ ਰੱਖੀ। ਸੰਨ 2013 ਵਿਚ ਇਹ ਗੜਬੜ ਵਧੇਰੇ ਹੋ ਗਈ ਤੇ 2014 ਵਿਚ „ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਲੈਵੰਟ‟ ਦੇ ਨਾਂ ਦਹਿਸ਼ਤਗਰਦ ਸੁੰਨੀ ਗਰੁੱਪ ਨੇ ਬਹੁਤ ਸਾਰੇ ਇਲਾਕੇ ‟ਤੇ ਕਬਜ਼ਾ ਕਰ ਲਿਆ। ਟਿਕਰਿਤ, ਫ਼ਾੱਲੂਜਾ ਤੇ ਮੌਸੂਲ ਵਗ਼ੈਰਾ ਉਨ੍ਹਾਂ ਦੇ ਕਬਜ਼ੇ ਵਿਚ ਸਨ। ਇਸ ਦੌਰਾਨ ਕੁਰਦਿਸ਼ ਗਰੁੱਪਾਂ ਨੇ ਵੀ ਕੁਝ ਇਲਾਕੇ ‟ਤੇ ਕਬਜ਼ਾ ਕਰ ਲਿਆ। ਇਰਾਕੀ ਫ਼ੌਜਾਂ ਦੀ ਇਸਲਾਮਿਕ ਸਟੇਟ ਦੇ ਦਹਿਸ਼ਤਗਰਦ ਗਰੁੱਪਾਂ ਨਾਲ ਜੰਗ ਅੱਜ (2017 ਵਿਚ) ਵੀ ਜਾਰੀ ਹੈ। ਇਸ ਜੰਗ ਅਤੇ ਦਹਿਸ਼ਤਗਰਦੀ ਵਿਚ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਬਹੁਤ ਸਾਰੇ ਲੋਕਾਂ, ਜਿਨ੍ਹਾਂ ਵਿਚ ਕਈ ਦਰਜਨ ਵਿਦੇਸ਼ੀ ਵੀ ਸਨ, ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ। ਇਰਾਕ ਵਿਚ ਇਸ ਹਾਲਤ ਦਾ ਇਕ ਕਾਰਨ ਇਹ ਵੀ ਹੈ ਕਿ ਇਰਾਕ ਵਿਚ ਪੈਟਰੌਲ ਦਾ ਬਹੁਤ ਵੱਡਾ ਭੰਡਾਰ ਹੈ; ਇਸ ਕਰ ਕੇ ਪੱਛਮੀ ਤਾਕਤਾਂ ਇਸ ‟ਤੇ ਕੰਟਰੋਲ ਰੱਖਣਾ ਚਾਹੁੰਦੀਆਂ ਹਨ।
ਇਰਾਕ ਦਾ ਸਿੱਖਾਂ ਨਾਲ ਵੀ 500 ਸਾਲ ਪੁਰਾਣਾ ਸਬੰਧ ਹੈ। ਦਸੰਬਰ 1518 ਵਿਚ ਜਦ ਗੁਰੂ ਨਾਨਕ ਸਾਹਿਬ ਮੱਕਾ ਤੇ ਮਦੀਨਾ ਗਏ ਸਨ ਤਾਂ ਉਹ ਵਾਪਸੀ ‟ਤੇ ਬਸਰਾ, ਕਰਬਲਾ ਅਤੇ ਬਗ਼ਦਾਦ ਵਿਚ ਰੁਕੇ ਸਨ। ਮਦੀਨਾ ਤੋਂ ਚਲ ਕੇ ਗੁਰੂ ਸਾਹਿਬ ਮੌਜੂਦਾ ਕੁਵੈਤ ਦੇ ਇਲਾਕੇ ਵਿਚੋਂ ਲੰਘਦੇ ਹੋਏ ਗੁਰੂ ਸਾਹਿਬ ਬਗਦਾਦ ਦੇ ਸ਼ਹਿਰ ਬਸਰਾ ਪੁੱਜੇ। ਕੁਝ ਚਿਰ ਬਸਰਾ ਰੁਕਣ ਮਗਰੋਂ ਆਪ ਕਰਬਲਾ ਹੁੰਦੇ ਹੋਏ ਬਗਦਾਦ ਵਲ ਚਲ ਪਏ। ਮੱਕਾ ਤੋਂ ਮਦੀਨਾ ਤਕਰੀਬਨ 480 ਕਿਲੋਮੀਟਰ ਹੈ, ਮਦੀਨਾ ਤੋਂ ਬਸਰਾ ਕੋਈ 1000 ਕਿਲੋਮੀਟਰ ਹੈ ਤੇ ਬਸਰਾ ਤੋਂ ਕਰਬਲਾ 250 ਕਿਲੋਮੀਟਰ ਹੈ। ਕਰਬਲਾ ਤੋਂ ਬਗਦਾਦ ਸਿਰਫ਼ 100 ਕਿਲੋਮੀਟਰ ਰਹਿ ਜਾਂਦਾ ਹੈ। ਬਗਦਾਦ ਵਿਚ ਉਨ੍ਹੀਂ ਦਿਨੀਂ ਈਰਾਨ ਦੇ ਬਾਦਸ਼ਾਹ ਅਬੂ ਅਲ-ਮੁਜ਼ੱਫ਼ਰ ਬਿਨ ਹੈਦਰ ਅਸ-ਸਫ਼ਵੀ (17.7.1487 – 23.5.1524), ਜਿਸ ਨੂੰ ਸ਼ਾਹ ਇਸਮਾਈਲ ਵੀ ਕਹਿੰਦੇ ਹਨ, ਦੀ ਹਕੂਮਤ ਸੀ। ਉਸ ਨੇ ਜੁਲਾਈ 1501 ਵਿਚ ਅਜ਼ਰਬਾਈਜਾਂ ਦੇ ਬਾਦਸ਼ਾਹ ਨੂੰ ਹਰਾਇਆ ਤੇ ਬਾਕੂ ਤੇ ਕਬਜ਼ਾ ਕਰ ਲਿਆ ਤੇ ਆਪ ਬਾਦਸ਼ਾਹ ਬਣ ਬੈਠਾ। ਉਸ ਨੇ ਤਬਰੀਜ਼ ਨੂੰ ਆਪਣੀ ਰਾਜਧਾਨੀ ਬਣਇਆ ਸੀ। 1509 ਤਕ ਉਸ ਨੇ ਸਾਰੇ ਇਰਾਕ ਤੇ ਇਰਾਨ „ਤੇ ਵੀ ਕਬਜ਼ਾ ਕਰ ਲਿਆ ਹੋਇਆ ਸੀ। ਉਹ ਬੜਾ ਧੱਕਾ-ਖੋਰ ਸ਼ੀਆ ਮੁਸਲਮਾਨ ਸੀ; ਲੋਕ ਉਸ ਤੋਂ ਬਹੁਤ ਦੁਖੀ ਸਨ। ਪਰ, ਉਹ ਇਕ ਚੰਗਾ ਅਦੀਬ ਵੀ ਸੀ; ਉਸ ਨੇ 1450 ਨਜ਼ਮਾਂ ਲਿਖੀਆਂ ਸਨ।
ਬਗਦਾਦ ਪਹੁੰਚ ਕੇ ਗੁਰੂ ਸਾਹਿਬ ਸ਼ਹਿਰ ਦੇ ਬਾਹਰ ਉਸ ਜਗਹ ਰੁਕੇ ਜਿਥੇ ਅਜ ਕਲ੍ਹ ਬਗਦਾਦ ਦਾ ਰੇਲਵੇ ਸਟੇਸ਼ਨ ਹੈ। ਇਸ ਦੇ ਨੇੜੇ ਹੀ ਇਕ ਪੁਰਾਣਾ ਕਬਰਿਸਤਾਨ ਵੀ ਹੈ। ਗੁਰੂ ਸਾਹਿਬ ਨੇ ਕੁਝ ਚਿਰ ਅਰਾਮ ਕਰਨ ਮਗਰੋਂ ਕੀਰਤਨ ਸ਼ੁਰੂ ਕਰ ਦਿਤਾ। ਕੀਰਤਨ ਦੀ ਆਵਾਜ਼ ‟ਤੇ ਲੋਕ ਇਕੱਠੇ ਹੋ ਗਏ। ਗੁਰੂ ਸਾਹਿਬ ਨੇ ਸ਼ਬਦ ਗਾਂਵਿਆ: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।… ਕੀਰਤਨ ਦੀ ਆਵਾਜ਼ ਸੁਣ ਕੇ ਕਈ ਲੋਕ ਇਕੱਠੇ ਹੋ ਗਏ। ਇਨ੍ਹਾਂ ਵਿਚ ਇਕ ਸਿਆਣਾ ਮੁਸਲਮਾਨ ਪੀਰ ਦਸਤਗੀਰ ਵੀ ਸੀ। ਗੁਰੂ ਸਾਹਿਬ ਦੇ ਇਸ ਸਲੋਕ ਤੇ ਪੀਰ ਦਸਤਗੀਰ ਨੇ ਗੁਰੂ ਸਾਹਿਬ ਨਾਲ ਚਰਚਾ ਕੀਤੀ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਜਿਵੇਂ ਇਸਲਾਮ ਆਖਦਾ ਹੈ ਕਿ ਰੱਬ ਸਤਵੇਂ ਆਸਮਾਨ ਤੇ ਰਹਿੰਦਾ ਹੈ, ਇਸ ਨਾਲ ਤਾਂ ਰੱਬ ਦੀ ਤਾਕਤ ਦੀ ਹੱਦ ਬੰਨ੍ਹੀ ਜਾਂਦੀ ਹੈ, ਯਾਨਿ ਜੇ ਰੱਬ ਸਤਵੇਂ ਆਸਮਾਨ ‟ਤੇ ਹੈ ਤਾਂ ਉਹ ਹਰ ਥਾਂ ਮੌਜੂਦ ਨਹੀਂ ਹੋ ਸਕਦਾ। ਜਦ ਕਿ ਰੱਬ ਦੀ ਮੌਜੂਦਗੀ ਤੇ ਰੱਬ ਦੀ ਤਾਕਤ ਨੂੰ ਮਿੱਥਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਨੇ ਉਸ ਨੂੰ ਇਹ ਵੀ ਸਮਝਾਇਆ ਕਿ ਸਿਰਫ਼ ਸੱਤ ਆਸਮਾਨ ਨਹੀਂ ਹਨ, ਇਹ ਤਾਂ ਲੱਖਾਂ (ਬੇਅੰਤ) ਆਸਮਾਨ ਤੇ ਪਾਤਾਲ ਹਨ। ਪੀਰ ਦਸਤਗੀਰ ਨੇ ਦੂਜਾ ਨੁਕਤਾ ਸੰਗੀਤ (ਕੀਰਤਨ) ਦਾ ਉਠਾਇਆ। ਉਹ ਆਖਣ ਲਗਾ ਕਿ ਇਸਲਾਮ ਵਿਚ ਸਰੋਦ (ਸੰਗੀਤ) ਮਨ੍ਹਾ ਹੈ। ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ ਰੱਬ ਦੀ ਮਹਿਮਾ ਗਾਉਣ ਵਾਸਤੇ ਤਾਂ ਕੀਰਤਨ ਰੂਹਾਨੀ ਖ਼ੁਰਾਕ ਹੈ। ਇਸਲਾਮ ਸਰੋਦ ਨੂੰ ਇਸ ਕਰ ਕੇ ਮਨ੍ਹਾ ਕਰਦਾ ਹੈ ਕਿ ਇਹ ਸ਼ਹਿਵਤ ਤੇ ਹੋਰ ਬੁਰਾਈਆਂ ਵਲ ਟੋਰਦਾ ਹੈ। ਰੱਬ ਦੀ ਮਹਿਮਾ ਵਾਸਤੇ ਕੀਰਤਨ ਨੂੰ ਆਮ ਸਰੋਦ ਨਾਲ ਨਹੀਂ ਮੇਲਣਾ ਚਾਹੀਦਾ। ਇਸ ‟ਤੇ ਪੀਰ ਦਸਤਗੀਰ ਦੀ ਤਸੱਲੀ ਹੋਈ। ਪੀਰ ਦਸਤਗੀਰ ਨੇ ਗੁਰੂ ਸਾਹਿਬ ਦੀ ਅਜ਼ਮਤ ਅੱਗੇ ਸਿਰ ਝੁਕਾਇਆ। ਉਨ੍ਹਾਂ ਦਿਨਾਂ ਵਿਚ ਬਹਿਲੋਲ ਨਾਂ ਦਾ ਇਕ ਫਕੀਰ ਵੀ ਉੱਥੇ ਰਹਿੰਦਾ ਸੀ। ਉਸ ਨੇ ਗੁਰੂ ਸਾਹਿਬ ਦੀ ਸਿੱਖੀ ਧਾਰਨ ਕੀਤੀ। ਇਕ ਸੋਮੇ ਮੁਤਾਬਿਕ ਬਹਿਲੋਲ, ਉਸ ਮਗਰੋਂ 60 ਸਾਲ ਤਕ ਜਿਊਂਦਾ ਰਿਹਾ ਅਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਤੇ ਉਨ੍ਹਾਂ ਦੀ ਅਜ਼ਮਤ ਦਾ ਪਰਚਾਰ ਕਰਦਾ ਰਿਹਾ। ਉਸ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਇਕ ਥੜ੍ਹਾ ਬਣਾਇਆ ਤੇ ਇਕ ਪੱਥਰ ਉਕਰਵਾ ਕੇ ਉੱਥੇ ਲਾ ਦਿਤਾ। ਹੁਣ ਉੱਥੇ ਮੌਜੂਦ ਨਹੀਂ ਹੈ। ਉਸ ਉੱਤੇ ਤੁਰਕੀ ਜ਼ਬਾਨ ਵਿੱਚ ਉਕਰੀ ਇਬਾਰਤ ਦਾ ਪੰਜਾਬੀ ਤਰਜਮਾ ਇੰਞ ਹੈ:“ਵੇਖੋ ਮਹਾਨ ਰੱਬ ਨੇ ਮੁਰਾਦ ਪੂਰੀ ਕੀਤੀ। ਬਾਬਾ ਨਾਨਕ ਦਰਵੇਸ਼ ਵਾਸਤੇ ਨਵੀਂ ਇਮਾਰਤ ਤਿਆਰ ਹੋਈ। ਇਸ ਦੇ ਬਣਾਉਣ ਵਿੱਚ ਸੱਤ ਰੱਬੀ ਦਰਵੇਸ਼ਾਂ ਨੇ ਮਦਦ ਕੀਤੀ। ਖ਼ੁਸ਼ਨਸੀਬ ਚੇਲੇ ਨੇ ਜ਼ਮੀਨ „ਚੋਂ ਪਾਣੀ ਦਾ ਨਵਾਂ ਪਰਵਾਹ ਚਲਾਇਆ।” ਇਸ ਪੱਥਰ ਤੇ 927 ਹਿਜਰੀ ਦੀ ਤਾਰੀਖ ਉਕਰੀ ਹੋਈ ਹੈ। 927 ਹਿਜਰੀ ਚਾਲੂ ਕੈਲੰਡਰ ਦਾ 1520 ਸੰਨ੍ਹ ਬਣਦਾ ਹੈ। 1518 ਵਿੱਚ ਹੱਜ 20 ਦਸੰਬਰ ਨੂੰ ਸੀ। ਮੱਕਾ ਤੋਂ ਬਗ਼ਦਾਦ ਪੈਦਲ ਜਾਣ ਵਾਸਤੇ ਸਵਾ ਕੁ ਸਾਲ ਲਗ ਜਾਣਾ ਮਾਮੂਲੀ ਗੱਲ ਹੈ। ਇਸ ਕਰ ਕੇ ਗੁਰੂ ਨਾਨਕ ਸਾਹਿਬ ਬਗਦਾਦ ਵਿਚ 1520 ਦੀਆਂ ਗਰਮੀਆਂ ਵਿਚ ਪਹੁੰਚੇ ਹੋਣਗੇ। (ਤਸਵੀਰ: 1. ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਣੇ ਗੁਰਦੁਆਰੇ ਦੀ ਪੁਰਾਣੀ ਇਮਾਰਤ 2. ਗੁਰੂ ਸਾਹਿਬ ਦੀ ਯਾਦ ਵਿੱਚ ਬਣੇ ਥੜ੍ਹੇ ‟ਤੇ ਲੱਗਾ ਪੱਥਰ (ਹੁਣ ਇਹ ਦੋਵੇਂ ਉੱਥੇ ਨਹੀਂ ਹਨ).
(ਡਾ. ਹਰਜਿੰਦਰ ਸਿੰਘ ਦਿਲਗੀਰ)