TheSikhs.org


Ayodhya


ਅਯੋਧ੍ਯਾ/ਅਯੋਧਿਆ/ਅਯੋਧਿਯਾ

ਉ¤ਤਰ ਪ੍ਰਦੇਸ਼ ਵਿਚ, ਜ਼ਿਲ੍ਹਾ ਫ਼ੈਜ਼ਾਬਾਦ ਵਿਚ (ਫ਼ੈਜ਼ਾਬਾਦ ਤੋਂ 8 ਕਿਲੋਮੀਟਰ), ਸਰਯੂ ਨਦੀ ਦੇ ਸੱਜੇ ਕੰਢੇ ਵਸਿਆ ਨਗਰ, ਜੋ ਕਦੇ ਕੌਸ਼ਾਲ ਸਲਤਨਤ ਦੀ ਰਾਜਧਾਨੀ ਹੋਇਆ ਕਰਦਾ ਸੀ। ਸਕੰਦ ਪੁਰਾਨ ਮੁਤਾਬਿਕ ਇਹ ਹਿੰਦੂਆਂ ਦੀਆਂ ਧਾਰਮਿਕ ਉ¤ਚਤਾ ਵਾਲੀਆਂ ਸੱਤ ਪੁਰੀਆਂ (ਨਗਰਾਂ) ਵਿਚੋਂ ਇਕ ਹੈ। ਮਿਥਹਾਸਕ ਗ੍ਰੰਥ ਰਾਮਾਇਣ ਦੇ ਨਾਇਕ ਰਾਜਾ ਰਾਮ ਦਾ ਜਨਮ ਇਸੇ ਨਗਰ ਵਿਚ ਹੋਇਆ ਸੀ। ਇਹ ਰਘੂਬੰਸ ਵਿਚ ਪੈਦਾ ਹੋਏ ਸੂਰਜਬੰਸੀ ਰਾਜਿਆਂ ਦੀ ਰਾਜਧਾਨੀ ਸੀ। ਵਾਲਮੀਕੀ ਮੁਤਾਬਿਕ ਇਸ ਨੂੰ ਮਨੂ ਨੇ ਵਸਾਇਆ ਸੀ। ਇਸ ਵਕਤ ਮੌਜੂਦਾ ਨਗਰ ਦਾ ਰਕਬਾ 25 ਵਰਗ ਕਿਲੋਮੀਟਰ ਅਤੇ ਆਬਾਦੀ (2011 ਮੁਤਾਬਿਕ) 55673 ਹੈ।

ਅਯੋਧਿਆ ਬੁੱਧ, ਜੈਨ, ਹਿੰਦੂ, ਇਸਲਾਮ ਤੇ ਸਿੱਖ ਧਰਮ ਦੇ ਇਤਿਹਾਸ ਨਾਲ ਜੁੜਿਆ ਰਿਹਾ ਹੈ ਤੇ ਹਰ ਧਰਮ ਦੇ ਕੇਂਦਰ ਇਸ ਨਗਰ ਵਿਚ ਹਨ। ਗੁਰੂ ਨਾਨਕ ਸਾਹਿਬ ਅਯੁਧਿਆ ਵਿਚ ਸੀਤਾਪੁਰ ਤੋਂ (ਅਯੋਧਿਆ 210 ਕਿਲੋਮੀਟਰ) ਆਏ ਸਨ। ਜਿਸ ਦਿਨ ਆਪ ਅਯੁੱਧਿਆ ਪਹੁੰਚੇ ਉਸ ਦਿਨ 19 ਅਕਤੂਬਰ 1508 ਦੀ ਤਾਰੀਖ਼ ਸੀ। ਜਦੋਂ ਗੁਰੂ ਜੀ ਅਯੁੱਧਿਆ ਪਹੁੰਚੇ ਤਾਂ ਲੋਕ ਯੱਗ ਕਰ ਰਹੇ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਯਗ, ਹੋਮ, ਤਪ, ਰਸਮੀ ਪੂਜਾ ਜਾਂ ਅਖੌਤੀ ਤਪੱਸਿਆ ਦੇ ਨਾਂ „ਤੇ ਜਿਸਮ ਨੂੰ ਦੁਖ ਦੇਣਾ, ਮੁਕਤੀ ਨਹੀਂ ਦੇਂਦੇ। ਰੱਬ ਨੂੰ ਚੇਤੇ ਰੱਖਣ ਤੇ ਸਚਿਆਰ ਦੀ ਜ਼ਿੰਦਗੀ ਜੀਣ ਨਾਲ ਹੀ (ਜਨਮ ਮਰਣ ਦੇ ਡਰ ਤੋਂ) ਮੁਕਤੀ ਮਿਲਦੀ ਹੈ। ਗੁਰੂ ਜੀ ਨੇ ਇਸ ਮੌਕੇ ‟ਤੇ ਇਕ ਸਲੋਕ ਉਚਾਰਿਆ:ਜਗਨ, ਹੋਮ, ਪੁੰਨ, ਤਪ, ਪੂਜਾ, ਦੇਹ ਦੁਖੀ, ਨਿਤ ਦੂਖ ਸਹੈ॥ ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ॥ (ਸਫ਼ਾ 1127).

ਕੁਝ ਲੋਕਾਂ ਨੇ ਇਸ ਸ਼ਬਦ ਨੂੰ ਸੁਣ ਕੇ ਰਾਮ ਦਾ ਮਤਲਬ ਮਿਥਹਾਸਕ ਰਚਨਾ „ਰਾਮਾਇਣ‟ ਦਾ ਨਾਇਕ ਸਮਝਿਆ। ਜਿਸ ‟ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦਸਿਆ ਕਿ ਮੈਂ „ਰਾਮਾਇਣ‟ ਕਿਤਾਬ ਦੇ ਰਾਜੇ ਰਾਮ ਚੰਦਰ ਦਾ ਨਾਂ ਜਪਣ ਵਾਸਤੇ ਨਹੀਂ ਬਲਕਿ ਪਰਮਾਤਮਾ ਦਾ ਨਾਂ ਜਪਣ ਵਾਸਤੇ ਕਿਹਾ ਹੈ। ਪਰਮਾਤਮਾ ਹਰ ਥਾਂ „ਰਮਿਆ‟ ਹੋਇਆ ਹੈ। ਇਸ ਕਰ ਕੇ ਉਸ ਅਕਾਲ ਪੁਰਖ ਨੂੰ „ਰਮਈਆ‟ ਅਤੇ „ਰਾਮ‟ ਵੀ ਕਹਿੰਦੇ ਹਾਂ। ਰਾਜਾ ਦਸ਼ਰਥ ਨੇ ਰੱਬ ਦੇ ਇਸੇ ਨਾਂ ਕਾਰਨ ਆਪਣੇ ਪੁਤਰ ਦਾ ਨਾਂ ਰਾਮ ਰਖ ਦਿੱਤਾ ਹੋਵੇਗਾ। ਦਸ਼ਰਥ ਦਾ ਪੁੱਤਰ ਰਾਮ ਇਕ ਵੱਡਾ ਰਾਜਾ ਭਾਵੇਂ ਹੋਵੇਗਾ ਪਰ ਉਹ ਪ੍ਰਮਾਤਮਾ ਨਹੀਂ ਸੀ। ਹਾਂ ਉਸ ਦਾ ਨਾਂ ਪ੍ਰਮਾਤਮਾ ਦੇ ਇਕ ਨਾਂ ਵਰਗਾ ਜ਼ਰੂਰ ਸੀ। ਅਯੁਧਿਆ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ “ਗੁਰਦੁਆਰਾ ਬ੍ਰਹਮ ਕੁੰਡ” ਬਣਿਆ ਹੋਇਆ ਹੈ:

ਇਸ ਦੇ ਨੇੜੇ ਹੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ ਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਗੁਰਦੁਆਰੇ ਬਣੇ ਹੋਏ ਹਨ ਜੀ (ਉਹ 1670 ਵਿਚ ਪਟਨਾ ਤੋਂ ਪੰਜਾਬ ਆਉਂਦੇ ਇੱਥੇ ਰੁਕੇ ਸਨ)। ਇਹ ਤਿੰਨੇ ਗੁਰਦੁਆਰੇ ਆਹਮੋ ਸਾਹਮਣੇ ਵਿਚ ਹਨ, ਦੋ ਇਕ ਵਲਗਣ ਵਿਚ ਤੇ ਇਕ ਉਨ੍ਹਾਂ ਦੇ ਸਾਹਮਣੇ। ਇੱਥੇ ਗੁਰੂ ਤੇਗ਼ ਬਹਾਦਰ ਜੀ ਦਾ ਕਿਹਾ ਜਾਂਦਾ ਜੋੜਾ, ਉਨ੍ਹਾਂ ਦਾ ਇਕ ਤੀਰ, ਇਕ ਛੁਰਾ ਅਤੇ ਇਕ ਚੱਕਰ ਮੌਜੂਦ ਹਨ। ਗੁਰੂ ਗ੍ਰੰਥ ਸਾਹਿਬ ਦਾ ਇਕ 1781 ਦਾ ਸਰੂਪ ਵੀ ਇੱਥੇ ਮੌਜੂਦ ਹੈ।ਐਤਵਾਰ ਅਤੇ ਗੁਰਪੁਰਬਾਂ ਦੇ ਦਿਨਾਂ ਵਿਚ, ਫ਼ੈਜ਼ਾਬਾਦ ਛਾਵਣੀ ਤੋਂ ਸਿੱਖ ਫ਼ੌਜੀ ਇੱਥੇ ਆ ਕੇ ਸੇਵਾ ਕਰਿਆ ਕਰਦੇ ਹਨ।ਪਹਿਲਾਂ ਇੱਥੇ ਸਿਰਫ਼ ਯਾਦਗਾਰੀ ਥੜ੍ਹੇ ਮੌਜੂਦ ਸਨ ਤੇ ਇਹ ਗੁਰਦੁਆਰੇ ਮੁਖ ਤੌਰ ‟ਤੇ ਸਿੱਖ ਫ਼ੌਜੀਆਂ ਨੇ ਸਮੇਂ ਸਮੇਂ ‟ਤੇ ਬਣਾਏ ਸਨ। ਇੱਥੇ ਸਿੱਖਾਂ ਦੀ ਆਬਾਦੀ ਬਹੁਤ ਥੋੜ੍ਹੀ ਹੈ.

ਏਥੋਂ ਦੀ ਬਾਬਰੀ ਮਸਜਿਦ ਨੂੰ ਰਾਮ ਮੰਦਿਰ ਕਹਿ ਕੇ 6 ਦਸੰਬਰ 1992 ਨੂੰ ਹਿੰਦੂਆਂ ਵੱਲੋਂ ਢਾਹ ਦਿੱਤਾ ਗਿਆ ਸੀ.( ਉਪਰ: ਮਸਜਿਦ ਦੀ ਪੁਰਾਣੀ ਤਸਵੀਰ).

(ਡਾ. ਹਰਜਿੰਦਰ ਸਿੰਘ ਦਿਲਗੀਰ)