ਰਾਵਲਪਿੰਡੀ ਤੋਂ 80, ਪਿਸ਼ਾਵਰ ਤੋਂ 100 ਕਿਲੋਮੀਟਰ ਦੂਰ ਇਕ ਨਗਰ। ਸੰਨ 350 ਦੇ ਕਰੀਬ ਪੁਰਾਣਾ ਕਾਲ ਵਿਚ ਦਰਿਆ ਅਟਕ ਦੇ ਦੁਆਲੇ ਦਾ ਇਹ ਇਲਾਕਾ ਗੰਧਾਰ ਮੁਲਕ ਅਖਵਾਉਂਦਾ ਸੀ ਤੇ ਇਸ ਵਿਚ ਸਵਾਤ ਘਾਟੀ ਅਤੇ ਪੋਠੋਹਾਰ (ਪਾਕਿਸਤਾਨ) ਤੋਂ ਜਲਾਲਾਬਾਦ (ਅਫ਼ਗ਼ਾਨਿਸਤਾਨ) ਤਕ ਦਾ ਇਲਾਕਾ ਸ਼ਾਮਿਲ ਸੀ। ਇਸ ਵਿਚ ਪਿਸ਼ਾਵਰ ਤੇ ਤਕਸ਼ਿਲਾ ਵੱਡੇ ਨਗਰ ਸਨ। ਇਸ ਮਗਰੋਂ ਕੁਝ ਸਾਲ ਇਹ ਈਰਾਨੀਆਂ ਦੇ ਕਬਜ਼ੇ ਵਿਚ ਰਿਹਾ।327 ਪੁਰਾਣਾ ਕਾਲ ਵਿਚ ਇਸ ਨੂੰ ਸਿਕੰਦਰ ਨੇ ਜਿੱਤ ਲਿਆ ਸੀ। ਇਸ ਤੋਂ ਬਾਅਦ ਇਸ ’ਤੇ ਚੰਦਰਗੁਪਤ ਮੌਰੀਆ ਤੇ ਅਸ਼ੋਕ ਦੀ ਹਕੂਮਤ ਰਹੀ।ਫਿਰ ਕੁਸ਼ਾਨ ਕੌਮ ਦਾ ਕਨਿਸ਼ਕ ਇਸ ਦਾ ਹਾਕਮ ਬਣਿਆ। ਇਸ ਮਗਰੋਂ ਇਸ ’ਤੇ ਹਿੰਦੂਸ਼ਾਹੀ (ਅਨੰਗਪਾਲ ਤੇ ਜੈਪਾਲ) ਕਾਬਜ਼ ਰਹੇ। ਯਾਰ੍ਹਵੀਂ ਸਦੀ ਵਿਚ ਮਹਿਮੂਦ ਗ਼ਜ਼ਨਵੀ ਨੇ ਇਸ ’ਤੇ ਕਬਜ਼ਾ ਕਰ ਲ਼ਿਆ ਤੇ ਇਹ ਗ਼ਜ਼ਨੀ ਦੀ ਹਕੂਮਤ ਦਾ ਹਿੱਸਾ ਬਣ ਗਿਆ। ਇੱਥੋਂ ਦਾ ਮਸ਼ਹੂਰ ਕਿਲ੍ਹਾ ਅਕਬਰ ਦੇ ਵੇਲੇ (1583 ਵਿਚ) ਬਣਾਇਆ ਗਿਆ ਸੀ। ਮੁਗ਼ਲਾਂ ਤੋਂ ਬਾਅਦ ਇੱਥੇ ਦੁੱਰਾਨੀਆਂ ਦਾ ਕਬਜ਼ਾ ਰਿਹਾ। 1758 ਵਿਚ ਮਰਹੱਟਿਆਂ ਨੇ ਪਿਸ਼ਾਵਰ ਨੂੰ ਜਿੱਤ ਲਿਆ। 1813 ਵਿਚ ਇਹ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦਾ ਹਿੱਸਾ ਬਣ ਗਿਆ। 1849 ਵਿਚ ਇਸ ’ਤੇ ਅੰਗਰੇਜ਼ ਕਾਬਜ਼ ਹੋ ਗਏ। ਉਦੋਂ ਇੱਥੇ ਸਿਰਫ਼ ਕਿਲ੍ਹਾ ਸੀ। ਅੰਗਰੇਜ਼ੀ ਫ਼ੌਜ ਦੇ ਫ਼ੀਲਡ ਮਾਰਸ਼ਲ ਸਰ ਕੌਲਿਨ ਕੈਂਪਬਲ (1792-1863) ਨੇ ਇੱਥੇ ਇਕ ਨਗਰ ਵਸਾਇਆ, ਜਿਸ ਦੇ ਨਾਂ ’ਤੇ ਇਸ ਨੂੰ ਕੈਂਬਲਪੁਰ ਕਿਹਾ ਜਾਣ ਲਗ ਪਿਆ। 1948 ਵਿਚ ਪਾਕਿਸਤਾਨ ਸਰਕਾਰ ਨੇ ਇਸ ਦਾ ਨਾਂ ਅਟਕ ਰਖ ਦਿੱਤਾ. (ਤਸਵੀਰ: ਅਟਕ ਦਰਿਆ ਤੇ ਕਿਲ੍ਹਾ)
(ਡਾ. ਹਰਜਿੰਦਰ ਸਿੰਘ ਦਿਲਗੀਰ)