TheSikhs.org


Anup Gaon (Anup village)


ਅਨੂਪ ਗਾਉਂ

ਜ਼ਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਦਾ ਪਿੰਡ (ਗੁਜਰਾਂਵਾਲਾ- ਸਿਆਲਕੋਟ ਰੋਡ ਤੇ ਗੁਜਰਾਂਵਾਲਾ ਤੋਂ 10 ਕਿਲੋਮੀਟਰ ਦੂਰ)। ਇੱਥੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਸ਼ਾਦੀ ਬੀਬੀ ਸੁਲੱਖਣੀ (ਪੁੱਤਰੀ ਭਾਈ ਦਇਆ ਰਾਮ) ਨਾਲ ਦੇ ਦਿਨ 14 ਜਨਵਰੀ 1640 ਦੇ ਦਿਨ ਹੋਈ ਸੀ।ਆਪ ਦੇ ਵਿਆਹ ਵੇਲੇ ਬੀਬੀ ਸੁਲਖਣੀ ਦੀ ਉਮਰ ਸਿਰਫ਼ 10 ਸਾਲ ਸੀ। ਇਸ ਮਗਰੋਂ ਭਾਈ ਦਇਆ ਰਾਮ ਅਰੂਪ ਨਗਰ ਛੱਡ ਕੇ ਪਿੰਡ ਕੋਟ ਕਲਿਆਣਪੁਰ (ਨੇੜੇ ਕੀਰਤਪੁਰ) ਆ ਵਸਿਆ। ਬੀਬੀ ਸੁਲੱਖਣੀ ਦਾ ਮੁਕਲਾਵਾ ਦੋ ਸਾਲ ਬਾਅਦ, 16 ਜੂਨ 1642 ਦੇ ਦਿਨ ਤੋਰਿਆ ਗਿਆ ਸੀ।ਗੁਰੂ ਹਰਿਰਾਇ ਸਾਹਿਬ ਦੀ ਪਤਨੀ ਬੀਬੀ ਸੁਲੱਖਣੀ ਦੇ ਮਾਪੇ ਕਿਉਂਕਿ ਕੋਟ ਕਲਿਆਣਪੁਰ ਵਿਚ ਰਹਿਣ ਲੱਗ ਪਏ ਸੀ, ਇਸ ਕਰ ਕੇ ਉਸ ਨੂੰ ‘ਕੋਟ ਕਲਿਆਣੀ’ ਵੀ ਆਖਦੇ ਸਨ। ਬੀਬੀ ਸੁਲੱਖਣੀ ਨੇ 24 ਫਰਵਰੀ 1646 ਦੇ ਦਿਨ ਰਾਮਰਾਇ, 9 ਅਪ੍ਰੈਲ 1649 ਦੇ ਦਿਨ ਰੂਪ ਕੌਰ ਅਤੇ 20 ਜੁਲਾਈ 1652 ਦੇ ਦਿਨ (ਗੁਰੂ) ਹਰਿਕਿਸ਼ਨ ਸਾਹਿਬ ਨੂੰ ਜਨਮ ਦਿਤਾ। ਤਿੰਨ ਬੱਚਿਆਂ ਦੀ ਮਾਂ ਹੋਣ ਕਰ ਕੇ ਆਪ ਨੂੰ ਆਪ ਦੀ ਸੱਸ ‘ਤਿਰਬੈਣੀ’ ਆਖ ਕੇ ਵੀ ਬੁਲਾਇਆ ਕਰਦੀ ਸੀ। ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਕਿਸੇ ਲੇਖਕ ਨੇ ਆਪ ਦੇ ਸੱਤ ਵਿਆਹ ਵੀ ਲਿਖ ਦਿੱਤੇ ਹਨ, ਜੋ ਨਾ ਸਿਰਫ਼ ਗਲਤ ਹੈ ਬਲਕਿ ਹਾਸੋਹੀਣਾ ਵੀ ਹੈ। ਕੋਈ ਵੀ ਬਾਪ ਇਕ 10 ਸਾਲ ਦੇ ਬਾਲ (ਇਕ ਗੁਰੂ ਦੀ ਔਲਾਦ ਹੀ ਸਹੀ) ਨਾਲ ਸੱਤ ਧੀਆਂ ਦਾ ਵਿਆਹ ਨਹੀਂ ਕਰ ਸਕਦਾ। ਉਂਞ ਇਹ ਇਕ ਹੋਰ ਪੱਖ ਤੋਂ ਵੀ ਨਾਮੁਮਕਿਨ ਵੀ ਹੈ। ਇਸ ਹਿਸਾਬ ਨਾਲ ਤਾਂ ਸੱਤਾਂ ਵਿਚੋਂ ਸਭ ਤੋਂ ਛੋਟੀ (ਸਤਵੀਂ) ਕੁੜੀ ਤਾਂ ਅਜੇ ਗੋਦ ਵਿੱਚ ਹੀ ਖੇਡਦੀ ਹੋਵੇਗੀ। ਸਿੱਖ ਤਵਾਰੀਖ਼ ਵਿੱਚ ਅਜਿਹੀਆਂ ਗ਼ਲਤ ਗੱਲਾਂ ਕਈ ਥਾਂਈਂ ਭਰੀਆਂ ਪਈਆਂ ਹਨ।

ਭਾਈ ਕਾਨ੍ਹ ਸਿੰਘ ਨੇ ਗ਼ਲਤੀ ਨਾਲ ਇਸ ਅਰੂਪ ਪਿੰਡ ਨੂੰ ਉ¤ਤਰ ਪ੍ਰਦੇਸ ਦਾ ਅਨੂਪ ਸ਼ਹਿਰ (ਜ਼ਿਲ੍ਹਾ ਬੁਲੰਦਸ਼ਹਿਰ), ਬੁਲੰਦਸ਼ਹਿਰ ਤੋਂ 42 ਕਿਲੋਮੀਟਰ ਦੂਰ, ਸਮਝ ਲਿਆ ਸੀ.

(ਡਾ. ਹਰਜਿੰਦਰ ਸਿੰਘ ਦਿਲਗੀਰ)