TheSikhs.org


Anandpur Sahib & Chakk Nanaki


ਅਨੰਦਪੁਰ ਸਾਹਿਬ ਅਤੇ ਚੱਕ ਨਾਨਕੀ

‘ਚੱਕ ਨਾਨਕੀ’ ਅਜ ਕਲ੍ਹ ਅਨੰਦਪੁਰ ਸਾਹਿਬ ਦਾ ਇਕ ਹਿੱਸਾ ਹੈ। ਸਰਕਾਰੀ ਕਾਗ਼ਜ਼ਾਂ ਵਿਚ ਇਹ ਅਜ ਵੀ ਵਖਰਾ ਪਿੰਡ ਹੈ। ਇਸ ਪਿੰਡ ਦੀ ਨੀਂਹ ਭਾਈ ਗੁਰਦਿੱਤਾ (ਬਾਬਾ ਬੁੱਢਾ ਦੀ ਪੀੜ੍ਹੀ ਵਿਚੋਂ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਆਖਣ ’ਤੇ 19 ਜੂਨ 1665 ਦੇ ਦਿਨ ਰੱਖੀ ਸੀ। ਇਹ ਪਿੰਡ ਸਹੋਟਾ, ਮੀਆਂਪੁਰ ਤੇ ਲੌਦੀਪੁਰ ਦੀ ਜ਼ਮੀਨ ’ਤੇ ਵਸਾਇਆ ਗਿਆ ਸੀ। ਇਹ ਜ਼ਮੀਨ ਗੁਰੂ ਸਾਹਿਬ ਨੇ ਬਿਲਾਸਪੁਰ ਦੀ ਰਾਣੀ ਚੰਪਾ ਕੋਲੋਂ ਉਦੋਂ ਦੇ 500 ਰੁਪਏ ਦੇ ਕੇ ਖ਼ਰੀਦੀ ਸੀ। ਗੁਰੂ ਸਾਹਿਬ ਨੇ ਇਸ ਦਾ ਨਾਂ ਆਪਣੀ ਮਾਤਾ ਨਾਨਕੀ ਦੇ ਨਾਂ ’ਤੇ ਰਖਿਆ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਕੁਝ ਹਫ਼ਤੇ ਇੱਥੇ ਰਹੇ ਸਨ ਤੇ ਫੇਰ ਬਿਹਾਰ, ਬੰਗਾਲ, ਅਸਾਮ ਦੀ ਲੰਬੀ ਯਾਤਰਾ ’ਤੇ ਚਲੇ ਗਏ ਸਨ। 1670 ਵਿਚ ਗੁਰੂ ਸਾਹਿਬ ਵਾਪਿਸ ਆਏ ਅਤੇ ਦੋ ਕੂ ਸਾਲ ਬਕਾਲਾ ਵਿਚ ਰਹੇ। ਉਥੋਂ ਮਾਰਚ 1672 ਵਿਚ ਚੱਕ ਨਾਨਕੀ ਆ ਗਏ ਤੇ ਫਿਰ 1675 ਤਕ ਏਥੇ ਹੀ ਰਹੇ। ਗੁਰੂ ਗੋਬਿੰਦ ਸਿੰਘ ਸਾਹਿਬ ਅਪ੍ਰੈਲ 1685 ਤੋਂ ਨਵੰਬਰ 1688 ਤਕ ਦਾ ਸਮਾਂ ਛੱਡ ਕੇ ਦਸੰਬਰ 1705 ਤੱਕ (ਤਕਰੀਬਨ 30 ਸਾਲ) ਇਥੇ ਰਹੇ। ਜਿੱਥੇ ਗੁਰਦੁਆਰਾ ਗੁਰੂ ਦੇ ਮਹਿਲ ਹੈ, ਉਹ ਦਰਅਸਲ ਚੱਕ ਨਾਨਕੀ ਪਿੰਡ ਹੈ। ਅਨੰਦਪੁਰ ਪਿੰਡ ਗੁਰੂ ਗੋਬਿੰਦ ਸਿੰਘ ਸਾਹਿਬ ਨੇ 29 ਮਾਰਚ 1689 ਦੇ ਦਿਨ ਬੰਨ੍ਹਿਆ ਸੀ। ਇਹ ਉਸ ਜਗ੍ਹਾ ਸੀ ਜਿਥੇ ਕੇਸਗੜ੍ਹ ਸਾਹਿਬ ਵਾਲਾ ਇਲਕਾ ਹੈ। ਹੁਣ ਅਨੰਦਪੁਰ, ਚੱਕ ਨਾਨਕੀ, ਸਹੋਟਾ, ਮੀਆਂਪੁਰ, ਲੌਦੀਪਰ, ਮਟੌਰ ਸਾਰੇ ਇਕੱਠੇ ਅਨੰਦਪੁਰ ਸਾਹਿਬ ਅਖਵਾਉਂਦੇ ਹਨ। ਅਨੰਦਪੁਰ ਸਾਹਿਬ ਵਿਚ ਕਈ ਗੁਰਦੁਆਰੇ ਹਨ। ਪਹਿਲੋਂ ਇੱਥੇ ਪੰਜ ਕਿਲ੍ਹੇ ਵੀ ਸਨ। ਇਹ ਕਿਲ੍ਹੇ (ਅਨੰਦਗੜ੍ਹ, ਲੋਹਗੜ੍ਹ ਤਾਰਾਗੜ੍ਹ, ਅਗੰਮਗੜ੍ਹ ਤੇ ਫ਼ਤਹਿਗੜ੍ਹ) ਅਪ੍ਰੈਲ 1689 ਵਿਚ ਬਣਨੇ ਸ਼ੁਰੂ ਹੋਏ ਸਨ। 29 ਮਾਰਚ 1698 (ਕੁਝ ਸੋਮੇ 1699 ਮੰਨਦੇ ਹਨ) ਦੇ ਦਿਨ ਗੁਰੂ ਸਾਹਿਬ ਨੇ ‘ਸੀਸ ਭੇਟ ਕੌਤਕ’ ਕੀਤਾ ਅਤੇ ਖੰਡੇ ਦੀ ਪਾਹੁਲ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਪਾਹੁਲ ਲਈ ਤੇ ਫੇਰ ਬਾਕੀ ਪੰਥ ਨੇ।

ਅਨੰਦਪੁਰ ਸਾਹਿਬ ’ਤੇ ਕਈ ਵਾਰੀ ਹਮਲੇ ਹੋਏ ਸਨ। ਸਭ ਤੋਂ ਪਹਿਲਾ ਹਮਲਾ 19 ਅਗਸਤ 1695 ਦੇ ਦਿਨ ਦਿਲਾਵਰ ਖ਼ਾਨ (ਡਿਪਟੀ ਗਵਰਨਰ ਲਾਹੌਰ) ਦੇ ਪੁੱਤਰ ਰੁਸਤਮ ਖ਼ਾਨ ਨੇ ਕੀਤਾ ਸੀ। ਇਸ ਮਗਰੋਂ ਵੱਡਾ ਹਮਲਾ 29 ਅਗਸਤ 1700 ਦੇ ਦਿਨ ਅਜਮੇਰ ਚੰਦ ਬਿਲਾਸਪੁਰੀ ਰਾਜੇ ਨੇ ਆਪ ਕੀਤਾ ਸੀ। ਇਹ ਲੜਾਈ ਚਾਰ ਦਿਨ, ਪਹਿਲੀ ਸਤੰਬਰ 1700 ਤਕ, ਹੁੰਦੀ ਰਹੀ ਸੀ। ਪਹਾੜੀ ਜਰਨੈਲ ਕੇਸਰੀ ਚੰਦ ਦੇ ਮਰਨ ਮਗਰੋਂ ਪਹਾੜੀਏ ਭੱਜ ਗਏ। ਅਕਤੂਬਰ ਦੇ ਸ਼ੁਰੂ ਵਿਚ, ਅਜਮੇਰ ਚੰਦ ਦੇ ਅਰਜ਼ ਕਰਨ ਉੱਤੇ ਗੁਰੂ ਸਾਹਿਬ 3 ਅਕਤੂਬਰ ਨੂੰ ਅਨੰਦਪੁਰ ਸਾਹਿਬ ਤੋਂ ਨਿਰਮੋਹਗੜ੍ਹ ਚਲੇ ਗਏ ਸਨ। ਅਜਮੇਰ ਚੰਦ ਨੇ ਇਥੇ ਵੀ ਹਮਲਾ ਕਰ ਦਿੱਤਾ। ਇੱਥੋਂ ਗੁਰੂ ਸਾਹਿਬ 14 ਅਕਤੂਬਰ ਨੂੰ ਬਸਾਲੀ ਚਲੇ ਗਏ। 29 ਅਕਤੂਬਰ 1700 ਨੂੰ ਗੁਰੂ ਸਾਹਿਬ ਬਸਾਲੀ ਤੋਂ ਵਾਪਿਸ ਅਨੰਦਪੁਰ ਮੁੜ ਆਏ। 25 ਅਕਤੂਬਰ 1702 ਨੂੰ ਰਾਜਾ ਸਲਾਹੀ ਚੰਦ ਮਰ ਗਿਆ। ਇਸ ਮਗਰੋਂ 16 ਜਨਵਰੀ 1704 ਦੇ ਦਿਨ ਅਜਮੇਰ ਚੰਦ ਨੇ ਅਨੰਦਪੁਰ ਸਾਹਿਬ ’ਤੇ ਫੇਰ ਹਮਲਾ ਕਰ ਦਿੱਤਾ। ਇਸ ਦਿਨ ਹੀ ਗੁਰੂ ਸਾਹਿਬ ਨੇ ਫੱਰਰਾ (ਦਸਤਾਰ ਵਿਚ ਝੂਲਦੇ ਨਿਸ਼ਾਨ ਸਾਹਿਬ) ਦੀ ਪਿਰਤ ਸ਼ੁਰੂ ਕੀਤੀ। ਇਸ ਹਮਲੇ ਵਿਚ ਹਾਰਨ ਮਗਰੋਂ ਅਜਮੇਰ ਚੰਦ ਡੇਢ ਸਾਲ ਤਕ ਠੰਡਾ ਪਿਆ ਰਿਹਾ, ਪਰ 1705 ਦੀਆਂ ਗਰਮੀਆਂ ਵਿਚ ਉਸ ਨੇ ਫੇਰ ਸ਼ਰਾਰਤ ਸ਼ੁਰੂ ਕਰ ਦਿੱਤੀ। ਇਸ ਵਾਰ ਉਸ ਨੇ ਮੁਗ਼ਲ ਗਵਰਨਰ ਵਜ਼ੀਰ ਖ਼ਾਨ (ਸਰਹੰਦ), ਮਲੇਰਕੋਟਲਾ ਤੇ ਰੋਪੜ ਦੇ ਨਵਾਬਾਂ ਨੂੰ ਵੀ ਨਾਲ ਰਲਾ ਲਿਆ। ਇਨ੍ਹਾਂ ਸਾਰਿਆਂ ਨੇ 3 ਮਈ 1705 ਦੇ ਦਿਨ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਛੋਟੀਆਂ-ਮੋਟੀਆਂ ਝੜਪਾਂ ਚਲਦੀਆਂ ਰਹੀਆਂ। 4 ਦਸੰਬਰ 1705 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਔਰੰਗਜ਼ੇਬ ਦੀ ਚਿੱਠੀ ਮਿਲੀ (ਜੋ ਨਕਲੀ ਸੀ)। ਅਗਲੇ ਦਿਨ ਹੀ ਰਾਤ ਵੇਲੇ ਗੁਰੂ ਸਾਹਿਬ ਨੇ ਅਨੰਦਪੁਰ ਛੱਡਣ ਦਾ ਫ਼ੈਸਲਾ ਕਰ ਲਿਆ। ਪਰ, ਕੀਰਤਪੁਰ ਲੰਘਣ ਮਗਰੋਂ ਪਹਾੜੀ ਫ਼ੌਜਾਂ ਨੇ ਗੁਰੂ ਸਾਹਿਬ ਅਤੇ ਸਿੱਖਾਂ ’ਤੇ ਹਮਲਾ ਬੋਲ ਦਿੱਤਾ। ਗੁਰੂ ਸਾਹਿਬ ਅਤੇ ਕੁਝ ਸਿੱਖ ਸਹੀ ਸਲਾਮਤ ਉਥੋਂ ਨਿਕਲ ਗਏ ਪਰ ਬਾਕੀ ਦੇ ਸਿੱਖ ਰਾਹ ਵਿਚ ਲੜਦੇ ਸ਼ਹੀਦ ਹੋ ਗਏ।

ਦਸੰਬਰ 1711 ਵਿਚ ਬੰਦਾ ਸਿੰਘ ਬਹਾਦਰ ਨੇ ਅਨੰਦਪੁਰ ਸਾਹਿਬ ਆ ਕੇ ਕੀਰਤਪੁਰ ਵੱਲੋਂ ਬਿਲਾਸਪੁਰ ਵੱਲ ਕੂਚ ਕੀਤਾ। ਅਜਮੇਰ ਚੰਦ ਨੇ ਪਹਿਲੋਂ ਤਾਂ ਲੜਾਈ ਕੀਤੀ ਪਰ ਛੇਤੀ ਹੀ ਈਨ ਮੰਨ ਲਈ। ਇਸ ਮਗਰੋਂ ਸਿੱਖਾਂ ਉੱਤੇ ਮੁਗ਼ਲਾਂ ਦੇ ਜ਼ੁਲਮ ਦਾ ਦੌਰ ਚੱਲ ਪਿਆ। ਸਿੱਖ ਪਹਾੜਾਂ ਅਤੇ ਜੰਗਲਾਂ ਵਿਚ ਰਹਿੰਦੇ ਰਹੇ। ਇਸ ਕਾਲ ਵਿਚ 5 ਮਾਰਚ 1748 ਦੇ ਦਿਨ ਸਰਬਤ ਖਾਲਸਾ ਦਾ ਇਕ ਇਕੱਠ ਇਥੇ ਹੋਇਆ। ਮਾਰਚ 1753 ਵਿਚ ਇਥੇ ਸਿੱਖਾਂ ਦੇ ਇਕੱਠ ’ਤੇ ਅਦੀਨਾ ਬੇਗ਼ ਨੇ ਹਮਲਾ ਕਰ ਕੇ ਕਈ ਸਿੱਖ ਸ਼ਹੀਦ ਕਰ ਦਿੱਤੇ। ਇਸ ਮਗਰੋਂ ਫਿਰ ਕਈ ਸਾਲ ਚੁੱਪ ਛਾਈ ਰਹੀ। 1812 ਵਿਚ ਬਿਲਾਸਪੁਰੀ ਰਾਜੇ ਮਹਾਂਚੰਦ ਨੇ ਹਮਲਾ ਕੀਤਾ ਪਰ ਬੁਰੀ ਤਰ੍ਹਾਂ ਹਾਰ ਖਾ ਕੇ ਭੱਜ ਗਿਆ। ਇਸ ਮਗਰੋਂ ਅਨੰਦਪੁਰ ਸਾਹਿਬ ਅਕਾਲੀ ਫੂਲਾ ਸਿੰਘ ਦੇ ਕੰਟਰੋਲ ਹੇਠ ਆ ਗਿਆ। ਫੇਰ ਕਿਸੇ ਨੇ ਵੀ ਇਸ ਪਾਸੇ ਵੱਲ ਨਾ ਤੱਕਿਆ।

ਅਕਾਲੀ ਫੂਲਾ ਸਿੰਘ ਦੀ ਸ਼ਹੀਦੀ (1823) ਮਗਰੋਂ ਸਾਰੇ ਗੁਰਦੁਆਰੇ ਹੌਲੀ-ਹੌਲੀ ਮਹੰਤਾਂ ਦੇ ਹੱਥ ਆਉਂਦੇ ਗਏ, ਸਿਰਫ਼ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਉਨ੍ਹਾਂ ਤੋਂ ਬਚੇ ਰਹੇ ਤੋਂ ਇਨ੍ਹਾਂ ਦਾ ਇੰਤਜ਼ਾਮ ਬਾਬਾ ਸੂਰਜ ਮੱਲ ਦੇ ਸੋਢੀ ਪਰਿਵਾਰ ਕੋਲ ਰਿਹਾ। 1920 ਵਿਚ ਅਕਾਲੀ ਲਹਿਰ ਚੱਲ ਪਈ। 1923 ਵਿਚ ਸੋਢੀ ਪਰਿਵਾਰ ਨੇ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਆਪਣੇ ਆਪ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤੇ। ਸ਼ਿਰੋਮਣੀ ਕਮੇਟੀ ਨੇ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੀ ਲੋਕਲ ਕਮੇਟੀ ਦਾ ਪ੍ਰਬੰਧ ਸੋਢੀ ਰਾਮ ਨਾਰਾਇਣ ਸਿੰਘ ਨੂੰ ਸੌਂਪ ਦਿੱਤਾ। ਇਸ ਮਗਰੋਂ 1966 ਵਿਚ ਪੰਜਾਬੀ ਸੂਬਾ ਤੇ ਸਿੱਖ ਹੋਮਲੈਂਡ ਦੇ ਨਾਂ ’ਤੇ ਜੱਦੋ-ਜਹਿਦ ਦੌਰਾਨ ਡਾਇਰੈਕਟ ਐਕਸ਼ਨ ਇਥੋਂ ਹੀ ਸ਼ੁਰੂ ਕੀਤਾ ਗਿਆ ਸੀ। 16-17 ਅਕਤੂਬਰ 1973 ਨੂੰ ‘ਅਨੰਦਪੁਰ ਸਾਹਿਬ ਦਾ ਮਤਾ’ ਵੀ ਇਥੇ ਹੀ ਪਾਸ ਹੋਇਆ ਸੀ। 4 ਜੂਨ 1984 ਨੂੰ ਜਦੋਂ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਭਾਰਤੀ ਫ਼ੌਜ ਨੇ ਇਥੇ ਵੀ ਹਮਲਾ ਕੀਤਾ ਤੇ ਕਾਫ਼ੀ ਚਿਰ ਆਪਣੇ ਕਬਜ਼ੇ ਵਿਚ ਰਖਿਆ। 26 ਮਾਰਚ 1986 ਦੇ ਦਿਨ ਸੁਰਜੀਤ ਬਰਨਾਲੇ ਦੇ ਹੁਕਮ ’ਤੇ ਪੁਲਿਸ ਨੇ ਗੋਲੀ ਚਲਾ ਕੇ ਬਹੁਤ ਸਾਰੇ ਸਿੱਖ ਮਾਰ ਦਿੱਤੇ। 1998-99 ਵਿਚ ਇਥੇ ਖਾਲਸਾ ਪਰਗਟ ਕਰਨ ਦੇ ਤਿੰਨ ਸੌ ਸਾਲਾ ਦਿਨ ਦੇ ਨਾਂ ’ਤੇ ‘ਖਾਲਸਾ ਹਰੀਟੇਜ਼ ਕੰਪਲੈਕਸ’ ਤੇ ਕਈ ਹੋਰ ਨਵੀਆਂ ਇਮਾਰਤਾਂ ਬਣੀਆਂ।

ਅਨੰਦਪੁਰ ਸਾਹਿਬ ਵਿਚ ਬਹੁਤ ਸਾਰੇ ਗੁਰਦੁਆਰੇ ਹਨ: (1) ਕੇਸਗੜ੍ਹ ਸਾਹਿਬ: ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਤੋਂ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਇਆ ਕਰਦੇ ਸਨ। ਉਹ ਖੰਡਾ ਜਿਸ ਨਾਲ ਗੁਰੂ ਸਾਹਿਬ ਨੇ 29 ਮਾਰਚ 1698/1699 ਨੂੰ ਪਾਹੁਲ ਤਿਆਰ ਕਰ ਕੇ ਛਕਾਈ ਸੀ ਤੇ ਕੁਝ ਹੋਰ ਸ਼ਸਤਰ ਇੱਥੇ ਪਏ ਹੋਏ ਹਨ (2) ਅਕਾਲ ਬੁੰਗਾ: ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਗੱਦੀ ਮਿਲੀ ਸੀ (3) ਸੀਸ ਗੰਜ: ਇਥੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਸੀ (4) ਗੁਰੂ ਦੇ ਮਹਲ: ਇਹ ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘਰ ਸੀ । ਉਨ੍ਹਾਂ ਦੇ ਛੋਟੇ ਤਿੰਨੇ ਸਾਹਿਬਜ਼ਾਦੇ ਇਥੇ ਪੈਦਾ ਹੋਏ ਸਨ (5) ਮੰਜੀ ਸਾਹਿਬ ਪਹਿਲਾ: ਇਥੇ ਗੁਰੂ ਤੇਗ਼ ਬਹਾਦਰ ਸਾਹਿਬ ਦੀਵਾਨ ਲਾਇਆ ਕਰਦੇ ਸਨ (6) ਮੰਜੀ ਸਾਹਿਬ ਦੂਜਾ: ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਵਾਨ ਲਾਇਆ ਕਰਦੇ ਸਨ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਇਥੇ ਤਲਵਾਰ ਚਲਾਉਣਾ ਅਤੇ ਗਤਕਾ ਸਿਖਿਆ ਕਰਦੇ ਸਨ। ਇਸ ਨੂੰ ਦੁਮਾਲਗੜ੍ਹ ਵੀ ਆਖਦੇ ਹਨ ਕਿਉਂਕਿ ਦਸਤਾਰ ਵਿਚ ਦੁਮਾਲਾ (ਫ਼ੱਰਰਾ) ਦੀ ਰਿਵਾਇਤ 16 ਜਨਵਰੀ 1704 ਦੇ ਦਿਨ ਇੱਥੋਂ ਹੀ ਸ਼ੁਰੂ ਹੋਈ ਸੀ (7) ਦਮਦਮਾ ਸਾਹਿਬ: ਇਹ ‘ਗੁਰੂ ਦੇ ਮਹਿਲ’ ਦਾ ਹੀ ਇਕ ਹਿੱਸਾ ਹੈ। ਇਥੇ ਬੈਠ ਕੇ ਗੁਰੂ ਸਾਹਿਬ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ। ਇਥੇ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਸੀ। ਇਸ ਕਰ ਕੇ ਉਸ ਨੂੰ ‘ਦਮਦਮੇ ਵਾਲੀ ਬੀੜ’ ਕਿਹਾ ਜਾਂਦਾ ਹੈ (8) ਥੜ੍ਹਾ ਸਾਹਿਬ: ਇਹ ‘ਗੁਰੂ ਦੇ ਮਹਿਲ’ ਦਾ ਹੀ ਇਕ ਹਿੱਸਾ ਹੈ। ਇਥੇ 25 ਮਈ 1675 ਦੇ ਦਿਨ ਭਾਈ ਕਿਰਪਾ ਰਾਮ ਦੱਤ ਕਸ਼ਮੀਰ ਦੇ ਸੋਲ੍ਹਾਂ ਫ਼ਰਿਆਦੀ ਬ੍ਰਾਹਮਣਾਂ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਲੈ ਕੇ ਆਏ ਸਨ (9) ਭੋਰਾ ਸਾਹਿਬ: ਗੁਰੂ ਤੇਗ਼ ਬਹਾਦਰ ਸਾਹਿਬ ਇਥੇ ਪਾਠ ਕਰਿਆ ਕਰਦੇ ਸਨ {ਮੰਜੀ ਸਾਹਿਬ ਪਹਿਲਾ, ਦਮਦਮਾ ਸਾਹਿਬ, ਭੋਰਾ ਸਾਹਿਬ ਤੇ ਥੜ੍ਹਾ ਸਾਹਿਬ ਸਾਰੇ ਇੱਕੋ ਕੰਪਲੈਕਸ ‘ਗੁਰੂ ਦੇ ਮਹਿਲ’ ਵਿਚ ਹਨ} ਅਨੰਦਪੁਰ ਸਾਹਿਬ ਤੇ ਇਸ ਦੇ ਆਲੇ ਦੁਆਲੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਿਲ੍ਹੇ ਵੀ ਉਸਾਰੇ ਸਨ। ਹੁਣ ਉਨ੍ਹਾਂ ਦੀ ਜਗਹ ਗੁਰਦੁਆਰੇ ਬਣੇ ਹੋਏ ਹਨ: (10) ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ: 1689 ਵਿਚ ਇਥੇ ਅਨੰਦਪੁਰ ਸਾਹਿਬ ਦਾ ਪਹਿਲਾ ਕਿਲ੍ਹਾ ਬਣਾਇਆ ਗਿਆ ਸੀ। ਇਥੇ ਇਕ ਬਾਉਲੀ ਵੀ ਹੈ, ਜਿਸ ਦੀਆਂ 135 ਪੌੜੀਆਂ ਹਨ। ਇਹ ਬਾਉਲੀ ਸ. ਜੱਸਾ ਸਿੰਘ ਆਹਲੂਵਾਲੀਆ ਨੇ ਬਣਵਾਈ ਸੀ (11) ਗੁਰਦੁਆਰਾ ਕਿਲ੍ਹਾ ਫ਼ਤਹਿਗੜ੍ਹ ਸਾਹਿਬ: ਇਥੇ ਕਦੇ ਸਹੋਟਾ ਪਿੰਡ ਦੀ ਹਦੂਦ ਵਿਚ ਕਿਲ੍ਹਾ ਫ਼ਤਹਿਗੜ੍ਹ ਹੁੰਦਾ ਸੀ (12) ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ: ਇਥੇ ਕਦੇ ਕਿਲ੍ਹਾ ਲੋਹਗੜ ਹੁੰਦਾ ਸੀ। ਇਹ ਕੇਸਗੜ੍ਹ ਸਾਹਿਬ ਤੋਂ 800 ਮੀਟਰ ਦੂਰ ਹੈ। ਭਾਈ ਬਚਿੱਤਰ ਸਿੰਘ ਨੇ ਪਹਿਲੀ ਸਤੰਬਰ 1700 ਦੇ ਦਿਨ ਬਰਛਾ ਮਾਰ ਕੇ ਸ਼ਰਾਬੀ ਹਾਥੀ ਇਥੋਂ ਹੀ ਭਜਾਇਆ ਸੀ (13) ਗੁਰਦੁਆਰਾ ਕਿਲ੍ਹਾ ਹੋਲਗੜ੍ਹ ਸਾਹਿਬ: ਇਥੇ ਕਿਲ੍ਹਾ ਹੋਲਗੜ੍ਹ ਸੀ। ਇਹ ਕੇਸਗੜ੍ਹ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਦੇ ਫ਼ਾਸਲੇ ‘ਤੇ ਪਿੰਡ ਅਗੰਮਗੜ੍ਹ ਦੀ ਹੱਦ ਵਿਚ ਹੈ। ਇਸ ਕਰ ਕੇ ਇਸ ਨੂੰ ਕਿਲ੍ਹਾ ਅਗੰਮਗੜ੍ਹ ਵੀ ਕਹਿੰਦੇ ਹਨ। (‘ਹੋਲਾ ਮਹੱਲਾ’ ਗੁਰੂ ਸਾਹਿਬ ਨੇ ਇਸ ਕਿਲ੍ਹੇ ਦੇ ਬਾਹਰ ਤੋਂ ‘ਚਰਨ ਗੰਗਾ’ ਦੇ ਮੈਦਾਨ ਤਕ ਵਿਚਕਾਰ ਦੇ ਇਲਾਕੇ ਵਿਚ ਮਨਾਉਣਾ ਸ਼ੁਰੂ ਕੀਤਾ ਸੀ) (14) ਗੁਰਦੁਆਰਾ ਕਿਲ੍ਹਾ ਤਾਰਾਗੜ੍ਹ: ਇਹ ਕੇਸਗੜ੍ਹ ਸਾਹਿਬ ਤੋਂ ਤਕਰੀਬਨ ਪੰਜ ਕਿਲੋਮੀਟਰ ਦੂਰ ਪਿੰਡ ਤਾਰਾਗੜ੍ਹ ਦੀ ਹਦੂਦ ਵਿਚ ਹੈ। ਇੱਥੇ ਕਦੇ ਕਿਲ੍ਹਾ ਤਾਰਾਗੜ੍ਹ ਹੋਇਆ ਕਰਦਾ ਸੀ।{ਨੋਟ: ਸਾਰੇ ਕਿਲ੍ਹੇ ਇਕ ਦੂਜੇ ਤੋਂ ਤਕਰੀਬਨ ਅੱਠ-ਅੱਠ ਸੌ ਮੀਟਰ ਤੋਂ ਇਕ ਕਿਲੋਮੀਟਰ ਦੇ ਫ਼ਾਸਲੇ ‘ਤੇ ਸਨ}. (15) ਗੁਰਦੁਆਰਾ ਮਾਤਾ ਜੀਤੋ ਜੀ: ਕੇਸਗੜ੍ਹ ਸਾਹਿਬ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ, ਗੁਰਦੁਆਰਾ ਹੋਲਗੜ੍ਹ ਦੇ ਨੇੜੇ ਹੈ। ਮਾਤਾ ਜੀਤੋ ਜੀ ਦਾ ਸਸਕਾਰ ਇੱਥੇ ਹੀ ਹੋਇਆ ਸੀ। ਅਨੰਦਪੁਰ ਵਿਚ ਰਹਿਣ ਵਾਲੇ ਬਾਕੀ ਸਿੱਖਾਂ ਦੇ ਸਸਕਾਰ ਵੀ ਏਥੇ ਹੀ ਹੋਇਆ ਕਰਦੇ ਸੀ।ਅਨੰਦਪੁਰ ਸਾਹਿਬ ਰੋਪੜ ਤੋਂ 45 ਕਿਲੋਮੀਟਰ ਦੂਰ ਅਤੇ ਕੀਰਤਪੁਰ ਤੋਂ 9 ਕਿਲੋਮੀਟਰ ਦੂਰ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

ਅਨੰਦਪੁਰ ਸਾਹਿਬ ਦੇ ਗੁਰਦੁਆਰੇ


ਕੇਸਗੜ੍ਹ ਸਾਹਿਬ

ਸੀਸਗੰਜ ਸਾਹਿਬ

ਅਨੰਦਗੜ੍ਹ ਸਾਹਿਬ (ਪੁਰਾਣੀ ਇਮਾਰਤ)

ਅਨੰਦਗੜ੍ਹ ਸਾਹਿਬ (ਨਵੀਂ ਇਮਾਰਤ)

ਕਿਲ੍ਹਾ ਅਨੰਦਗੜ੍ਹ (ਮੁਖ ਦਰਵਾਜ਼ਾ)

ਗੁਰਦੁਆਰਾ ਕਿਲ੍ਹਾ ਹੋਲਗੜ/ ਅਗੰਮਗੜ੍ਹ (ਅਗੰਮਪੁਰ, ਅਨੰਦਪੁਰ)

ਗੁਰਦੁਆਰਾ ਕਿਲ੍ਹਾ ਲੋਹਗੜ੍ਹ (ਅਨੰਦਪੁਰ ਸਾਹਿਬ)

ਗੁਰਦੁਆਰਾ ਕਿਲ੍ਹਾ ਫ਼ਤਹਿਗੜ੍ਹ (ਅਨੰਦਪੁਰ ਸਾਹਿਬ)

ਗੁਰਦੁਆਰਾ ਕਿਲ੍ਹਾ ਤਾਰਾਗੜ੍ਹ (ਤਾਰਾਪੁਰ, ਅਨੰਦਪੁਰ ਸਾਹਿਬ)