TheSikhs.org


Amingarh (Haryana)


ਅਮੀਨਗੜ੍ਹ

1. ਥਾਨੇਸਰ (ਕੁਰੂਕਸ਼ੇਤਰ) ਅਤੇ ਤਰਾਵੜੀ ਮਾਰਗ ’ਤੇ (ਕੁਰੂਕਸ਼ੇਤਰ ਤੋਂ 8 ਕਿਲੋਮੀਟਰ) ਇਕ ਪੁਰਾਣਾ ਪਿੰਡ। ਅਮੀਨ ਪਿੰਡ ਦੀ ਥੇਹ ਉਤੇ ਪਹਿਲਾਂ ਇੱਥੇ ਇਕ ਵੱਡਾ ਕਿਲ੍ਹਾ ਸੀ ਜਿਸ ਕਰ ਕੇ ਇਸ ਨੂੰ ਅਮੀਨਗੜ੍ਹ ਕਿਹਾ ਜਾਂਦਾ ਸੀ। ਹੁਣ ਉਹ ਕਿਲ੍ਹਾ ਢਹਿ ਚੁਕਾ ਹੈ, ਇਸ ਕਰ ਕੇ ਹੁਣ ਇਸ ਪਿੰਡ ਨੂੰ ਸਿਰਫ਼ ‘ਅਮੀਨ’ (ਜਾਂ ਖੇੜੀ ਅਮੀਨ) ਹੀ ਕਹਿੰਦੇ ਹਨ। ਇੱਥੇ ਮਿਥਹਾਸਕ ਗ੍ਰੰਥ ਮਹਾਂਭਾਰਤ ਦੀ ਲੜਾਈ ਵਿਚ ਅਰਜੁਨ ਤੇ ਸੁਭਦਰਾ (ਕ੍ਰਿਸ਼ਨ ਦੀ ਭੈਣ) ਦਾ ਪੁੱਤਰ ਅਭਿਮੰਨਯੂ ‘ਚੱਕਰ ਵਿਊਹ’ ਵਿਚ ਮਾਰਿਆ ਗਿਆ ਸੀ (ਇਸ ਕਰ ਕੇ ਇਸ ਨੂੰ ਅਭਿਮੰਨਯੂਗੜ੍ਹ ਵੀ ਕਹਿੰਦੇ ਸਨ)। ਇਕ ਹੋਰ ਮਿਥਹਾਸਕ ਰਿਵਾਇਤ ਮੁਤਾਬਿਕ ਇੱਥੇ ਅਦਿਤੀ ਨੇ ਸੂਰਜ ਦੇਵਤੇ ਨੂੰ ਜਨਮ ਦਿੱਤਾ ਸੀ (ਉਸ ਜਗਹ ’ਤੇ ਸੂਰਜ ਕੁੰਡ ਮੰਦਰ ਬਣਾਇਆ ਹੋਇਆ ਹੈ)।

2. ਬੰਦਾ ਸਿੰਘ ਬਹਾਦਰ ਸਮੇਂ ਇਸ ਜਗਹ 16-17 ਅਕਤੂਬਰ 1710 ਦੇ ਦਿਨ ਸਿੱਖਾਂ ਅਤੇ ਬਹਾਦਰ ਸ਼ਾਹ ਦੀ ਭੇਜੀ 60 ਹਜ਼ਾਰ ਫ਼ੌਜ ਵਿੱਚੋਂ ਫ਼ਿਰੋਜ਼ ਖ਼ਾਨ ਮੇਵਾਤੀ ਦੀ ਕਮਾਂਡ ਹੇਠਲੀ ਪਲਟਨ ਵਿਚਕਾਰ ਜ਼ਬਰਦਸਤ ਟੱਕਰ ਹੋਈ ਸੀ।ਸਿੱਖ ਜਰਨੈਲ ਬਿਨੋਦ ਸਿੰਘ ਕੋਲ ਇਸ ਵੇਲੇ ਬਹੁਤ ਥੋੜ੍ਹੀਆਂ ਫ਼ੌਜਾਂ ਤੇ ਮਾਮੂਲੀ ਜਿਹਾ ਅਸਲਾ ਸੀ ਪਰ ਫਿਰ ਵੀ ਉਨ੍ਹਾਂ ਨੇ ਜ਼ਬਰਦਸਤ ਟੱਕਰ ਦਿੱਤੀ। ਪਹਿਲਾਂ ਤਾਂ ਮੁਗਲ ਫ਼ੌਜਾਂ ਦਾ ਜਰਨੈਲ ਮਹਾਬਤ ਖ਼ਾਨ ਸਿੱਖਾਂ ਦੇ ਹੱਲੇ ਤੋਂ ਡਰ ਕੇ ਪਿੱਛੇ ਹਟ ਗਿਆ ਪਰ ਫਿਰ ਫ਼ਿਰੋਜ਼ ਖ਼ਾਨ ਮੇਵਾਤੀ ਗੁੱਸਾ ਖਾ ਕੇ ਆਪ ਅੱਗੇ ਵਧਿਆ ਅਤੇ ਸਾਰੀਆਂ ਫ਼ੌਜਾਂ ਨੂੰ ਇਕ ਦਮ ਹੱਲਾ ਬੋਲਣ ਵਾਸਤੇ ਕਿਹਾ। ਇਸ ਮਗਰੋਂ ਘਮਸਾਣ ਦੀ ਜੰਗ ਹੋਈ। ਪਰ ਦੋ-ਚਾਰ ਹਜ਼ਾਰ ਸਿੱਖ ਫ਼ੌਜੀ, ਏਨੀ ਵੱਡੀ ਮੁਗ਼ਲ ਫ਼ੌਜ ਅੱਗੇ, ਬਹੁਤੀ ਦੇਰ ਤਕ ਟਿਕ ਨਾ ਸਕੇ। ਇਸ ਮੌਕੇ ’ਤੇ ਸੈਂਕੜੇ ਸਿੱਖ ਸ਼ਹੀਦ ਹੋ ਗਏ। ਫ਼ਿਰੋਜ਼ ਖ਼ਾਨ ਮੇਵਾਤੀ ਨੇ ਸ਼ਹੀਦ ਹੋਏ 300 ਸਿੱਖਾਂ ਦੇ ਸਿਰ ਕਟਵਾ ਕੇ ਬਾਦਸ਼ਾਹ ਨੂੰ ਭੇਜੇ। ਇਸ ਮਗਰੋਂ ਜੋਸ਼ ਵਿਚ ਆ ਕੇ ਮੇਵਾਤੀ ਨੇ ਸਿੱਖਾਂ ’ਤੇ ਦੋ ਹੋਰ ਹਮਲੇ ਕੀਤੇ। ਤਰਾਵੜੀ ਅਤੇ ਥਾਨੇਸਰ ਵਿਚ 19 ਅਕਤੂਬਰ ਨੂੰ ਦੋਹਾਂ ਧਿਰਾਂ ਵਿਚ ਖ਼ੂਬ ਜੰਗ ਹੋਈ। ਦੋਹਾਂ ਲੜਾਈਆਂ ਵਿਚ ਸਿੱਖ ਹਾਰ ਗਏ। ਥਾਨੇਸਰ ਚੋਂ ਹਾਰ ਕੇ ਸਿੱਖ ਸਢੌਰੇ ਵਲ ਚਲੇ ਗਏ, ਜਿੱਥੋਂ ਉਹ ਛੇਤੀ ਹੀ ਲੋਹਗੜ੍ਹ ਵਲ ਕੂਚ ਕਰ ਗਏ। ਇਸ ਦੌਰਾਨ ਸਿੱਖਾਂ ਨੂੰ ਸ਼ਾਹਬਾਦ ਵਿਚ ਵੀ ਹਾਰ ਹੋ ਚੁਕੀ ਸੀ। ਇਸ ‘ਤੇ ਖ਼ੁਸ਼ ਹੋ ਕੇ ਬਾਦਸ਼ਾਹ ਨੇ 20 ਅਕਤੂਬਰ ਨੂੰ ਮੇਵਾਤੀ ਨੂੰ ਖ਼ੂਬ ਈਨਾਮ ਦਿੱਤੇ। ਮੇਵਾਤੀ ਨੂੰ ਇਕ ਲੱਖ ਰੁਪੈ ਨਕਦ ਅਤੇ ਨਾਲ ਹੀ (ਜ਼ੈਨ-ਉਦ-ਦੀਨ ਅਹਿਮਦ ਖ਼ਾਨ ਨੂੰ ਹਟਾ ਕੇ) ਸਰਹੰਦ ਦੀ ਫ਼ੌਜਦਾਰੀ ਵੀ ਬਖ਼ਸ਼ੀ ਗਈ.

(ਡਾ. ਹਰਜਿੰਦਰ ਸਿੰਘ ਦਿਲਗੀਰ)