ਪੰਜਾਬ ਦੀ ਸਰਹੱਦ ’ਤੇ, ਚੰਡੀਗੜ੍ਹ ਤੋਂ 47, ਪਟਿਆਲਾ ਤੋਂ 55, ਲੁਧਿਆਣਾ ਤੋਂ 110 ਤੇ ਦਿੱਲੀ ਤੋਂ 148 ਕਿਲੋਮੀਟਰ ਦੂਰ, ਹਰਿਆਣਾ ਦਾ ਇਕ ਮੁਖ ਨਗਰ। ਅੰਬਾਲਾ ਛਾਵਣੀ ਤੇ ਸ਼ਹਿਰ (ਜਿਨ੍ਹਾਂ ਵਿਚ 3 ਕਿਲੋਮੀਟਰ ਦਾ ਫ਼ਾਸਲਾ ਸੀ) ਹੁਣ ਇਕ ਨਗਰ ਬਣ ਚੁਕੇ ਹਨ। ਕਦੇ ਅੰਬਾਲਾ ਅੰਬਾਂ ਦੀ ਪੈਦਾਵਾਰ ਕਰ ਕੇ ਮਸ਼ਹੂਰ ਸੀ ਪਰ ਹੁਣ ਇਹ ਕਪੜੇ ਦੀ ਵੱਡੀ ਮਾਰਕੀਟ ਬਣ ਚੁਕਾ ਹੈ। ਅੰਬਾਲਾ ਸ਼ਹਿਰ ਦੀ ਆਬਾਦੀ 2 ਲੱਖ ਤੇ ਛਾਵਣੀ ਦੀ ਅਬਾਦੀ 55 ਹਜ਼ਾਰ ਦੇ ਕਰੀਬ ਹੈ।
ਇਸ ਸ਼ਹਿਰ ਵਿਚ ਸਿੱਖ ਤਵਾਰੀਖ਼ ਨਾਲ ਸਬੰਧਤ ਬਹੁਤ ਸਾਰੇ ਗੁਰਦੁਆਰੇ ਹਨ: 1. ਕਚਹਿਰੀਆਂ ਦੇ ਨੇੜੇ, ਗੁਰਦੁਆਰਾ ਗੋਬਿੰਦ ਪੁਰਾ (ਗੁਰੂ ਗੋਬਿੰਦ ਸਿੰਘ ਜੀ ਕੁਰੂਕਸ਼ੇਤਰ ਤੋਂ ਅਨੰਦਪੁਰ ਜਾਂਦੇ ਇੱਥੇ ਰੁਕੇ ਸਨ) 2. ਗੁਰਦੁਆਰਾ ਬਾਦਸ਼ਾਹੀ ਬਾਗ਼ (ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਨਕੇ ਲਖਨੌਰ ਨੂੰ ਜਾਂਦੇ ਅਤੇ ਉ¤ਥੋਂ ਆਉਂਦੇ ਵੀ ਇੱਥੇ ਰੁਕਦੇ ਹੁੰਦੇ ਸਨ) 3. ਮੁਹੱਲਾ ਕੈਂਥ ਮਾਜਰੀ ਵਿਚ, ਗੁਰਦੁਆਰਾ ਮੰਜੀ ਸਾਹਿਬ (ਸੀਸ ਗੰਜ) ਗੁਰੂ ਜੀ 1702 ਵਿਚ ਕੁਰੂਕਸ਼ੇਤਰ ਤੋਂ ਅਨੰਦਪੁਰ ਜਾਂਦੇ ਇੱਥੇ ਰੁਕੇ ਸਨ 4. ਸਪਾਟੂ ਰੋਡ ’ਤੇ ਗੁਰਦੁਆਰਾ ਪਾਤਸ਼ਾਹੀ ਅਠਵੀਂ, ਗੁਰੂ ਹਰਕਿਸ਼ਨ ਜੀ ਦੀ ਯਾਦ ਵਿਚ। ਆਪ ਮਾਰਚ 1664 ਵਿਚ ਦਿੱਲੀ ਜਾਂਦੇ ਇੱਥੇ ਰੁਕੇ ਸਨ 5. ਮੰਜੀ ਸਾਹਿਬ ਤੋਂ ਸਿਰਫ਼ 300 ਮੀਟਰ ਦੂਰ, ਜੀ.ਟੀ.ਰੋਡ ’ਤੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਮੰਜੀ ਸਾਹਿਬ (ਬਾਉਲੀ ਸਾਹਿਬ)। ਗੁਰੂ ਹਰਗੋਬਿੰਦ ਜੀ 1619 ਵਿਚ ਗਵਾਲੀਅਰ ਤੋਂ ਆਉਂਦੇ ਹੋਏ ਇੱਥੇ ਰੁਕੇ ਸਨ। ਭਾਈ ਜੈਤਾ ਤੇ ਉਨ੍ਹਾਂ ਦੇ ਸਾਥੀਆਂ ਨੇ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲਿਜਾਂਦਿਆਂ 14 ਨਵੰਬਰ 1675 ਦੇ ਦਿਨ ਏਥੇ ਪੜਾਅ ਕੀਤਾ ਸੀ.
(ਡਾ. ਹਰਜਿੰਦਰ ਸਿੰਘ ਦਿਲਗੀਰ)
ਗੁਰਦੁਆਰਾ ਸੀਸ ਗੰਜ ਅੰਬਾਲਾ
ਗੁਰਦੁਆਰਾ ਬਾਦਸ਼ਾਹੀ ਬਾਗ਼, ਅੰਬਾਲਾ
ਗੁਰਦੁਆਰਾ ਮੰਜੀ ਸਾਹਿਬ
ਗੁਰਦੁਆਰਾ ਗੋਬਿੰਦਪੁਰਾ, ਅੰਬਾਲਾ