ਅਮਰ ਨਾਥ
1. ਕਸ਼ਮੀਰ ਵਿਚ, ਸਮੁੰਦਰ ਤੋਂ 3888 ਮੀਟਰ (12756 ਫੁੱਟ) ਦੀ ਬੁਲੰਦੀ ’ਤੇ, ਸ੍ਰੀਨਗਰ ਤੋਂ 141, ਪਹਲਗਾਮ ਤੋਂ 47, ਦੰਦਨਵਾੜੀ ਤੋਂ 31 ਕਿਲੋਮੀਟਰ ਦੂਰ, ਇਕ ਗੁਫ਼ਾ ਹੈ।ਇਸ ਦਾ ਇਕ ਰਸਤਾ ਬਾਲਤਾਲ ਵੱਲੋਂ (ਸਾਢੇ 14 ਕਿਲੋਮੀਟਰ ਦੂਰ) ਵੀ ਹੈ। ਇੱਥੇ ਮਿਥਹਾਸਕ ਦੇਵਤੇ ਸ਼ਿਵ ਦਾ ਮੰਦਰ ਬਣਿਆ ਹੋਇਆ ਹੈ। ਇਹ ਇਕ 40 ਮੀਟਰ ਉ¤ਚੀ ਗੁਫ਼ਾ ਹੈ ਜਿਸ ਵਿਚ ਉ¤ਪਰ ਇਕ ਛੇਕ ਹੈ ਜਿਸ ਵਿਚੋਂ ਬਰਫ਼ ਡਿਗ ਕੇ ਲਿੰਗ ਵਰਗੀ ਸ਼ਕਲ ਦਾ ਲੰਬਾ ਜਿਹਾ ਟੁਕੜਾ ਬਣਾ ਦੇਂਦੀ ਹੈ (ਅਜਿਹੇ ਬਰਫ ਦੇ ਗੋਲਾਕਾਰ ਥੰਮ ਦੁਨੀਆਂ ਦੇ ਹੋਰ ਪਹਾੜੀ ਇਲਾਕਿਆਂ ’ਚ ਵੀ ਬਣਦੇ ਹਨ)। ਕੱਟੜ ਧਾਰਮਿਕ ਹਿੰਦੂ ਇਸ ਬਰਫ਼ ਦੇ ਟੁਕੜੇ ਨੂੰ ‘ਸ਼ਿਵਲਿੰਗ’ ਕਹਿ ਕੇ ਪੂਜਦੇ ਹਨ। ਇੱਥੇ ਬਿਕਰਮੀ ਸੰਮਤ ਦੀ ਸਾਵਨ ਸੁਦੀ 15 ਨੂੰ (ਜੁਲਾਈ-ਅਗਸਤ) ਮੇਲਾ ਲਗਦਾ ਹੈ (2016 ਵਿਚ ਇਹ ਤਾਰੀਖ਼ 2 ਜੁਲਾਈ ਨੂੰ ਸੀ)। ਇਸ ਜਗਹ ਮਈ ਤੋਂ ਅਗਸਤ ਤਕ ਹੀ ਆਇਆ ਜਾ ਸਕਦਾ ਹੈ, ਫਿਰ ਬਰਫ਼ ਪੈ ਜਾਣ ਮਗਰੋਂ ਇਹ ਰਸਤਾ ਬੰਦ ਹੋ ਜਾਂਦਾ ਹੈ। ਇੱਥੇ ਹਰ ਸਾਲ ਤਿੰਨ ਤੋਂ ਸੱਤ ਲਖ ਤਕ ਲੋਕ ਆਉਂਦੇ ਹਨ। ਹਰ ਸਾਲ ਸੌ ਡੇਢ ਸੌ ਲੋਕ ਇਸ ਯਾਤਰਾ ਦੌਰਾਨ ਸਰਦੀ ਜਾਂ ਹੋਰ ਕਾਰਨਾਂ ਕਰ ਕੇ ਮਰ ਵੀ ਜਾਂਦੇ ਹਨ। ਇਸ ਜਗਹ ਤੋਂ ਗੁਰੂ ਨਾਨਕ ਸਾਹਿਬ ਵੀ ਲੰਘੇ ਸਨ। ਆਪਣੀ ਤੀਜੀ ਉਦਾਸੀ ਦੌਰਾਨ ਕਾਰਗਿਲ ਤੋਂ ਚਲ ਕੇ ਗੁਰੂ ਸਾਹਿਬ ਸਕਾਰਦੂ ਵਲ ਗਏ। ਇਸ ਮਗਰੋਂ ਆਪ (109 ਕਿਲੋਮੀਟਰ ਦੂਰ) ਬਾਲਤਾਲ ਪੁੱਜੇ। ਇੱਥੇ ਆਪ ਅਮਰ ਨਾਥ ਦੀ ਗੁਫ਼ਾ ’ਤੇ ਪੁਜੇ ਸਨ। ਗੁਰੂ ਸਾਹਿਬ ਨੇ ਇੱਥੇ ਲੋਕਾਂ ਨੂੰ ਇਸ ‘ਸ਼ਿਵਲਿੰਗ’ ਦੀ ਪੂਜਾ ਦੇ ਕਰਮ ਕਾਂਡ ਦੀ ਅਸਲੀਅਤ ਦੱਸ ਕੇ ਸਚੇ ਧਰਮ ਦਾ ਰਸਤਾ ਧਾਰਨ ਕਰਨ ਦੀ ਸਿਖਿਆ ਦਿੱਤੀ। ਅਮਰਨਾਥ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਅਜੇ ਕੋਈ ਗੁਰਦੁਆਰਾ ਨਹੀਂ ਹੈ (ਵਰਨਾ ਹੇਮਕੁੰਟ ਵਾਂਗ ਇਕ ਹੋਰ ਅਖੌਤੀ ‘ਤੀਰਥ’ ਬਣ ਜਾਣਾ ਸੀ)। (ਤਸਵੀਰ: ਅਮਰਨਾਥ ਦੀ ਗੁਫ਼ਾ)
ਪਹਿਲਗਾਮ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆਂ ਸੀ ਪਰ ਹੁਣ ਉਸ ਦਾ ਨਾਂ ਸਿੰਘ ਸਭਾ ਗੁਰਦੁਆਰਾ ਹੈ.
2. ਮਹਾਂਰਾਸ਼ਟਰ ਵਿਚ ਵਦਾਵਨ (ਵਲਧੂਨੀ) ਦਰਿਆ ਦੇ ਕੰਢੇ ’ਤੇ, ਪੁਨੇ ਜ਼ਿਲ੍ਹੇ ਦਾ ਇਕ ਪਿੰਡ (ਪੁਨੇ ਤੋਂ 21 ਕਿਲੋਮੀਟਰ ਦੂਰ) ਹੈ। ਇੱਥੇ ਵੀ ਸ਼ਿਵ ਦਾ ਇਕ ਵਿਸ਼ਾਲ ਮੰਦਰ (ਅੰਬਰੇਸ਼ਵਰ ਸ਼ਿਵ ਮੰਦਰ) ਬਣਿਆ ਹੋਇਆ ਹੈ ਜੋ 1060 ਵਿਚ ਬਣਿਆ ਸੀ। ਇੱਥੇ ਸ਼ਿਵਰਾਤਰੀ (ਸ਼ਿਵ ਪਾਰਬਤੀ ਦੇ ਵਿਆਹ ਦਾ ਦਿਨ, ਸੁਹਾਗ ਰਾਤ) ਦਾ ਵੱਡਾ ਮੇਲਾ ਲਗਦਾ ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)