ਅਲਮੋੜਾ
ਉਤਰਾਖੰਡ ਦੇ ਕੁਮਾਊਂ ਦੇ ਇਲਾਕੇ ਦਾ, ਪਿਥੌਰਗੜ੍ਹ, ਚੰਪਾਵਤ, ਗੜ੍ਹਵਾਲ, ਬਾਗੇਸ਼ਵਰ ਅਤੇ ਨੈਨੀਤਾਲ ਜ਼ਿਲ੍ਹਿਆਂ ਵਿਚ ਘਿਰਿਆ, ਇਕ ਜ਼ਿਲ੍ਹਾ ਅਤੇ ਵੱਡਾ ਨਗਰ, ਜਿੱਥੋਂ ਹਿਮਾਲਾ ਦੇ ਪਹਾੜਾਂ ਦੀਆਂ ਚੋਟੀਆਂ ਨਜ਼ਰ ਆਉਂਦੀਆਂ ਹਨ। ਅਲਮੋੜਾ ਬਾਗੇਸ਼ਵਰ ਤੋਂ 70, ਨੈਨੀਤਾਲ ਤੋਂ 63, ਪਿਥੌਰ ਗੜ੍ਹ ਤੋਂ 88 ਤੇ ਹਲਦਵਾਨੀ ਤੋਂ 91, ਦਿੱਲੀ ਤੋਂ 378 ਕਿਲੋਮੀਟਰ ਦੂਰ ਹੈ। ਇਹ ਕਦੇ ਚੰਦ ਜਾਤੀ ਦੇ ਰਾਜਿਆਂ ਦੀ ਰਾਜਧਾਨੀ ਰਹੀ ਹੈ (ਉਦੋਂ ਇਸ ਨੂੰ ਰਾਜਪੁਰ ਵੀ ਕਹਿੰਦੇ ਸਨ)। 1815 ਵਿਚ ਇਸ ’ਤੇ ਅੰਗਰੇਜ਼ਾਂ ਦੇ ਕਬਜ਼ੇ ਵਿਚ ਆਉਣ ਮਗਰੋਂ ਇਸ ਨਗਰ ਨੇ ਬਹੁਤ ਤਰੱਕੀ ਕੀਤੀ। ਇਸ ਜ਼ਿਲ੍ਹੇ ਵਿਚ ਬਹੁਤ ਪ੍ਰਾਚੀਨ ਮੰਦਰ ਹਨ, ਜਿਨ੍ਹਾਂ ਵਿਚੋਂ(ਅਲਮੋੜਾ ਤੋਂ 35 ਕਿਲੋਮੀਟਰ ਦੂਰ) ਜਾਗੇਸ਼ਵਰ ਮੰਦਰ (ਜਿਸ ਵਿਚ 124 ਮੰਦਰ ਹਨ) ਅਤੇ (73 ਕਿਲੋਮੀਟਰ ਦੂਰ) ਬਿਨਸਾਰ ਮਹਾਂਦੇਵ ਮੰਦਰ (9ਵੀਂ-10ਵੀਂ ਸਦੀ) ਬਹੁਤ ਮਸ਼ਹੂਰ ਹਨ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਦੌਰਾਨ ਇਸ ਜਗਹ ਆਏ ਸਨ। ਉਹ ਹਰਦੁਆਰ, ਪੌੜੀ, ਸ੍ਰੀਨਗਰ, ਕਰਨਪ੍ਰਯਾਗ, ਬਾਗੇਸ਼ਵਰ ਹੁੰਦੇ ਹੋਏ ਅਲਮੋੜਾ ਵਿਚ ਰੁਕੇ ਸਨ (ਤੇ ਇੱਥੋਂ ਹਲਦਵਾਨੀ ਵੱਲ ਗਏ ਸਨ)। ਕਦੇ ਇੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ (ਅਲਮੋੜਾ ਥਾਣਾ ਦੇ ਬਿਲਕੁਲ ਨੇੜੇ), ਮਹੱਲਾ ਟਮਟਾ ਵਿਚ, ਇਕ ‘ਮੰਜੀ ਸਾਹਿਬ’ ਹੁੰਦਾ ਸੀ; ਪਰ ਹੁਣ ਉਹ ਇਕ ਖੋਲਾ ਬਣਿਆ ਹੋਇਆ ਹੈ ਅਤੇ ਉਸ ’ਤੇ ਕਿਸੇ ਹੋਰ ਦਾ ਕਬਜ਼ਾ ਹੈ। ਮੁਕਾਮੀ ਸਿੱਖਾਂ ਨੇ ਅਲਮੋੜਾ ਬਸ ਅੱਡੇ ਦੇ ਕੋਲ, ਲਿੰਕ ਰੋਡ ’ਤੇ, ਇਕ ਗੁਰਦੁਆਰਾ ਬਣਾਇਆ ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)