TheSikhs.org


Ali Sher village (Mansa)


ਅਲੀ ਸ਼ੇਰ

ਜ਼ਿਲ੍ਹਾ ਮਾਨਸਾ ਵਿਚ (ਮਾਨਸਾ ਤੋਂ 18 ਤੇ ਪੰਧੇਰ ਤੋਂ 5 ਕਿਲੋਮੀਟਰ) ਇਕ ਪਿੰਡ ਜਿਸ ਵਿਚ ਗੁਰੂ ਤੇਗ਼ ਬਹਾਦਰ ਜੀ 1665 ਵਿਚ ਗਏ ਸਨ। ਰਿਵਾਇਤੀ ਕਥਾ ਮੁਤਾਬਿਕ ਪੰਧੇਰ ਦੇ ਲੋਕਾਂ ਨੇ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਸੀ ਕੀਤਾ, ਪਰ ਜਦ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਇਹਸਾਸ ਹੋਇਆ ਤਾਂ ਉਹ ਅਲੀ ਸ਼ੇਰ ਗਏ ਤੇ ਗੁਰੂ ਜੀ ਤੋਂ ਮੁਆਫ਼ੀ ਮੰਗੀ। ਉਹ ਆਪਣੇ ਨਾਲ ਕੁਝ ਗੁੜ ਦੀ ਭੇਟਾ ਵੀ ਲੈ ਕੇ ਗਏ ਸਨ। ਜਦ ਉਹ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਸਿੱਖ, ਜੋ ਗੁਰੂ ਜੀ ਨੂੰ ਮਿਲ ਕੇ ਵਾਪਿਸ ਆ ਰਿਹਾ ਸੀ, ਮਿਲਿਆ। ਉਨ੍ਹਾਂ ਉਸ ਨੂੰ ਪੁੱਛਿਆ ਕਿ ਗੁਰੂ ਜੀ ਨੂੰ ਕੀ ਭੇਟਾ ਕੀਤਾ ਜਾਵੇ ਜਿਸ ਨਾਲ ਉਹ ਖ਼ੁਸ਼ ਹੋ ਜਾਣ। ਉਸ ਨੇ ਦੱਸਿਆ ਕਿ ਗੁਰੂ ਜੀ ਕਿਸੇ ਭੇਟਾ ’ਤੇ ਖ਼ੁਸ਼ ਨਹੀਂ ਹੁੰਦੇ; ਆਪਣੀ ਗ਼ਲਤੀ ਦਾ ਦਿਲੀ ਇਹਸਾਸ ਉਨ੍ਹਾਂ ਵਾਸਤੇ ਵੱਡਾ ਤੋਹਫ਼ਾ ਹੈ। ਇਸ ’ਤੇ ਉਨ੍ਹਾਂ ਨੇ ਉਹ ਸਾਰਾ ਗੁੜ ਵੰਡ ਕੇ ਖਾ ਲਿਆ ਅਤੇ ਗੁਰੂ ਜੀ ਨੂੰ ਮਿਲਣ ਗਏ। ਜਦ ਉਹ ਗੁਰੂ ਜੀ ਨੂੰ ਮਿਲੇ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਗ਼ਲਤੀ ਨੂੰ ਮੁਆਫ਼ ਕਰ ਦਿੱਤਾ ਅਤੇ ਸਿਖਿਆ ਦਿੱਤੀ ਕਿ ਉਹ ਭਲਾਈ ਕਰਨ ਤੇ ਸੱਚੀ ਜ਼ਿੰਦਗੀ ਜਿਊਣ ਦਾ ਰਸਤਾ ਅਪਣਾਉਣ। ਇਸ ਪਿੰਡ ਵਿਚ ਗੁਰੂ ਜੀ ਦੀ ਯਾਦ ਵਿਚ ‘ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਪਾਤਸਾਹੀ ਨੌਵੀਂ’ ਬਣਿਆ ਹੋਇਆ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)