TheSikhs.org


Akal Takht


ਅਕਾਲ ਤਖ਼ਤ

„ਅਕਾਲ‟ ਦਾ ਅਰਥ ਹੈ: “ਕਾਲ/ਸਮੇਂ ਦੀ ਹੱਦ ਤੋਂ ਆਜ਼ਾਦ, ਯਾਨਿ ਵਾਹਿਗੁਰੂ ਦਾ (ਯਾਨਿ ਸਦੀਵੀ); ਤੇ „ਤਖਤ‟ ਦਾ ਮਾਅਨਾ ਹੈ: ਰਾਜ ਸਿੰਘਾਸਣ; ਅਤੇ ਸਾਹਿਬ (ਲਫ਼ਜ਼ੀ ਮਾਅਨਾ: ਮਾਲਿਕ, ਯਾਨਿ ਵਾਹਿਗੁਰੂ) ਲਫ਼ਜ਼ ਸ਼ਾਹੀ ਅਦਬ ਸਤਿਕਾਰ ਵਾਸਤੇ ਵਰਤਿਆ ਜਾਂਦਾ ਹੈ। ਅਕਾਲ ਤਖਤ ਦਾ ਮਤਲਬ ਹੈ: ਕਾਲ-ਰਹਿਤ ਤਖ਼ਤ ਜਾਂ ਸਦੀਵੀ ਤਖ਼ਤ (ਯਾਨਿ, ਰੱਬ ਦਾ ਤਖ਼ਤ)।
ਅਕਾਲ ਤਖਤ ਇਕ ਇਮਾਰਤ ਨਹੀਂ ਹੈ, ਇਹ ਇਕ ਸਿਧਾਂਤ ਹੈ ਜੋ ਸਿੱਖੀ ਦੇ ਮੀਰੀ (ਦੁਨਿਆਵੀ) ਅਤੇ ਪੀਰੀ (ਰੂਹਾਨੀ) ਦੀ ਇੱਕ-ਮਿੱਕਤਾ (ਇਕ ਹੋਣ) ਦੇ ਸਿਧਾਂਤ ਨੂੰ ਪੇਸ਼ ਕਰਦਾ ਹੈ। ਇਸ ਦਾ ਮਾਅਨਾ ਹੈ ਕਿ ਰੱਬ ਦੀ ਅਦਾਲਤ ਵਿਚ ਰੂਹਾਨੀਅਤ ਵਾਲਾ ਇਨਸਾਨ (ਪੀਰ) ਆਪਣੀ ਮੀਰੀ ਦੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ।

ਸਿੱਖ ਸਿਧਾਂਤਾਂ ਵਿਚ ਇਹ ਮੀਰੀ ਅਤੇ ਪੀਰੀ ਦੀ ਏਕਤਾ ਨਹੀਂ ਹੈ, ਪਰ ਇਹ ਦੋਵਾਂ ਦਾ ਇਕ ਥਾਂ ਮੌਜੂਦ ਹੋਣਾ ਹੈ। ਅਕਾਲ ਤਖਤ ਸਾਹਿਬ ਦੇ ਸਿਧਾਂਤ ਅਨੁਸਾਰ ਮੀਰ (ਦੁਨਿਆਵੀ ਰਾਜੇ/ਆਗੂ/ਮੁਖੀ) ਦਾ ਫਰਜ਼ ‘ਧਰਮ ਦਾ ਰਾਜ’ ਕਰਨਾ ਹੈ; ਅਤੇ ਪੀਰ ਨੂੰ ਬੇਇਨਸਾਫੀ, ਜ਼ੁਲਮ ਅਤੇ ਦਹਿਸ਼ਤ ਵੇਖ ਕੇ ਚੁੱਪ ਨਹੀਂ ਰਹਿਣਾ ਚਾਹੀਦਾ ਹੈ। ਇੰਞ ਇਹ ਦੋਵੇ (ਮੀਰੀ ਤੇ ਪੀਰੀ) ਇਕ ਦੂਜੇ ਤੋਂ ਅਲੱਗ ਜਾਂ ਜੁਦਾ ਨਹੀਂ ਖੜੋਂਦੇ, ਪਰ ਦੋਵੇਂ ਸਮੁੱਚੇ ਤੌਰ ਤੇ ਇੱਕ ਹਨ। ਇਹੀ ਸਿਧਾਂਤ ਉਦੋਂ ਮੁੜ ਦੁਹਰਾਇਆ ਗਿਆ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ: “ਨਾ ਖ਼ੁਦ ਡਰੋ ਅਤੇ ਨਾ ਹੀ ਕਿਸੇ ਨੂੰ ਡਰਾਓ” ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਿੱਖ ਨੂੰ ਹਰ ਵੇਲੇ ਜ਼ਬਾਨ ਨਾਲ ਰੱਬ ਦਾ ਨਾਂ ਜਪਣਾ ਚਾਹੀਦਾ ਹੈ, ਪਰ ਨਾਲ ਹੀ ਮਨ-ਹੀ-ਮਨ ਵਿਚ ਉਸ ਨੂੰ, ਹਰ ਸਮੇਂ, ਸਚਾਈ ਵਾਸਤੇ ਜੂਝਣ ਲਈ ਤਿਆਰ ਰਹਿਣਾ ਚਾਹੀਦਾ ਹੈ। ਰੱਬ ਦੇ ਤਖ਼ਤ ਦੀ ਹਕੂਮਤ ਨੂੰ ਨਾ ਕਿਸੇ ਖ਼ਾਸ ਸਿਆਸੀ ਜਾਂ ਧਾਰਮਿਕ ਜਾਂ ਹੋਰ ਕੋਈ, ਜਾਂ ਇਲਾਕੇ; ਨਾ ਕਿਸੇ ਖ਼ਾਸ ਖੇਤਰ ਵਿਚ, ਨਾ ਹੀ ਕਿਸੇ ਵੀ ਹਾਲਤ ਵਿਚ ਸੀਮਿਤ ਨਹੀਂ ਕੀਤਾ ਜਾ ਸਕਦਾ ਹੈ, ਇਹ ਹਰ ਥਾਂ, ਹਰ ਵੇਲੇ, ਇੱਕੋ ਜਿਹੀ ਤੇ ਮੁਕੰਮਲ ਹੈ। ਅਕਾਲ ਤਖਤ ਇਕ ਪੂਰਨ ਸਮੁੱਚਤਾ ਹੈ। ਅਕਾਲ ਤਖਤ ਦਾ ਪੂਰਨ ਖੁਲਾਸਾ ਇਹ ਹੈ ਕਿ „ਇਹ ਅਜ਼ਾਦੀ, ਇਨਸਾਫ਼, ਇਨਸਾਨੀਅਤ, ਸੱਚਾਈ ਅਤੇ ਰੂਹਾਨੀਅਤ ਦਾ ਚਿਨ੍ਹ (symbol) ਹੈ‟।

ਅਕਾਲ ਪੁਰਖ ਦਾ ਤਖਤ ਸਿੱਖ ਕੌਮ ਦੀ ਸਭ ਤੋਂ ਉੱਚੀ ਹਕੂਮਤ ਹੈ। ਸਿੱਖ ਕੋਲ ਸਿਰਫ਼ ਇਕ ਨਿਸ਼ਚਾ ਹੈ, ਇਕ ਵਫਾਦਾਰੀ ਹੈ, ਤੇ ਉਹ ਹੈ ਰੱਬ ਦੇ ਲਈ ਅਤੇ ਇਕ ਸਿੱਖ ਸਾਰੀਆਂ ਤਾਕਤਾਂ ਦੇ ਮਾਲਿਕ ਵਾਹਿਗੁਰੂ ਦੀ ਰਿਆਇਆ (ਪਰਜਾ) ਹੈ ਤੇ ਸਿਰਫ਼ ਵਾਹਗੁਰੂ ਉੱਤੇ ਹੀ ਟੇਕ ਰਖਦਾ ਹੈ।

18ਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਦੀਆਂ ਵੱਖ-ਵੱਖ ਮਿਸਲਾਂ ਸਿੱਖ ਹੋਮਲੈਂਡ ਦੇ ਵੱਖਰੇ-ਵੱਖਰੇ ਖੇਤਰਾਂ ਵਿਚ ਹਾਕਮ/ਕਾਬਜ਼ ਹੋ ਗਈਆਂ ਤਾਂ ਸਾਰੀਆਂ ਮੁਹਿੰਮਾਂ ਅਤੇ ਮੋਰਚੇ ਅਕਾਲ ਤਖ਼ਤ ਦੇ ਬੁੰਗੇ ਦੀ ਇਮਾਰਤ ਦੇ ਮੂਹਰੇ ਇਕੱਠ ਕਰ ਕੇ ਅਰਦਾਸ ਨਾਲ ਸ਼ੁਰੂ ਹੁੰਦੇ ਸਨ। ਉਦੋਂ ਸ਼ਹੀਦਾਂ ਮਿਸਲ ਦਾ ਮੁਖੀ ਅਕਾਲ ਤਖ਼ਤ ਦੇ ਬੁੰਗੇ ਦੀ ਇਮਾਰਤ ਦਾ ਸੇਵਾਦਾਰ ਹੁੰਦਾ ਸੀ ਤੇ ਉਸ ਦਾ ਕੰਮ ਸਿੱਖ ਸਰਬਤ ਖਾਲਸਾ ਦਾ ਇਕੱਠ ਬੁਲਾਉਣਾ ਸੀ। ਉਹ ਕੋਈ ਸਰਬਰਾਹ ਜਾਂ ਚੀਫ਼ ਨਹੀਂ ਸੀ, ਬਲਕਿ ਇਕ ਸੇਵਾਦਾਰ ਸੀ। 12 ਅਕਤੂਬਰ 1920 ਤੋਂ ਬਾਅਦ (ਦਰਅਸਲ ਇਸ ਤੋਂ ਵੀ ਕਾਫ਼ੀ ਦੇਰ ਮਗਰੋਂ, 1979 ਤੋਂ ਮਗਰੋਂ), ਅਕਾਲ ਤਖ਼ਤ ਦੇ ਬੁੰਗੇ ਦੀ ਇਮਾਰਤ ਦੇ ਸੇਵਾਦਾਰ ਨੂੰ ਗਲਤ ਅਹੁਦੇ ‘ਜਥੇਦਾਰ’ ਦੇ ਨਾਂ ਨਾਲ ਲਿਖਿਆ ਜਾਣ ਲੱਗਾ। ਇਹ ਲੱਫ਼ਜ਼ ਨਾ ਤਵਾਰੀਖ਼ ਵਿਚ ਮਿਲਦਾ ਹੈ ਨਾ ਸਿੱਖ ਫ਼ਲਸਫ਼ੇ ਵਿਚ। ਅਕਾਲ ਤਖ਼ਤ ਦੇ ਬੁੰਗੇ ਦੀ ਰਾਖੀ ਜਾਂ ਸੇਵਾ ਸੰਭਾਲ ਕਰਨ ਵਾਲਾ ਇਕ ਗ੍ਰੰਥੀ/ ਪੁਜਾਰੀ ਵਰਗਾ ਅਹੁਦਾ ਹੈ ਤੇ ਇਹ ਪੁਜਾਰੀ ਸਿੱਖ ਪੰਥ ਦਾ ਮੁਖੀ ਨਹੀਂ ਹੈ। ਉਸ ਦਾ ਰੋਲ ਸਿਰਫ਼ ਇੱਕ ਸੇਵਾਦਾਰ ਜਾਂ ਗ੍ਰੰਥੀ ਵਾਲਾ ਹੈ। ਉਹ ਅਤੇ/ਜਾਂ ਪੰਜ ਗ੍ਰੰਥੀ (ਜਿਨ੍ਹਾਂ ਨੂੰ ਕੁਝ ਲੋਕ ਜਾਂ ਉਹ ਖ਼ੁਦ ਨੂੰ ਪੰਜ ਪਿਆਰੇ ਆਖਣ ਲਗ ਪਏ ਹਨ), ਅਕਾਲ ਤਖ਼ਤ ਦੇ ਨਾਂ ‟ਤੇ ਕੋਈ ਹੁਕਮਨਾਮਾ ਜਾਰੀ ਨਹੀਂ ਕਰ ਸਕਦੇ। 1980 ਤੋਂ ਮਗਰੋਂ ਕਈ ਅਖੌਤੀ-ਹੁਕਮਨਾਮੇ ਅਕਾਲ ਤਖਤ ਦੇ ਬੁੰਗੇ ਦੀ ਇਮਾਰਤ ਦੇ ਸੇਵਾਦਾਰਾਂ ਤੇ ਚੌਧਰੀਆਂ ਵੱਲੋਂ ਜਾਰੀ ਕੀਤੇ ਗਏ ਜੋ ਸਿੱਖ ਫ਼ਲਸਫ਼ੇ ਦੇ ਨਾਲ ਮੇਲ ਨਹੀਂ ਖਾਂਦੇ।

ਅਕਾਲ ਬੁੰਗੇ ਦੀ ਇਮਾਰਤ ਕਈ ਵਾਰ ਤਬਾਹ ਕੀਤੀ ਗਈ: ਮੁਗਲਾਂ ਵੱਲੋਂ (1740 ਵਿੱਚ), ਅਫਗ਼ਾਨਾਂ ਵੱਲੋਂ (1757, 1762 ਵਿੱਚ) ਅਤੇ ਹਿੰਦੁਸਤਾਨੀ ਫ਼ੌਜ ਵੱਲੋਂ (4 ਤੋਂ 7 ਜੂਨ 1984)। ਅਜੋਕਾ ਢਾਂਚਾ 1986 ਤੇ 1994 ਵਿਚਕਾਰ ਭਿੰਡਰਾਂ-ਮਹਿਤਾ ਜੱਥੇ ਵੱਲੋਂ ਬਣਾਇਆ ਗਿਆ ਹੈ। ਤਫ਼ਸੀਲ ਵਾਸਤੇ ਪੜ੍ਹੋ, ਕਿਤਾਬ ‘ਸਿੱਖ ਤਵਾਰੀਖ਼ ਵਿਚ ਅਕਾਲ ਤਖ਼ਤ ਸਾਹਿਬ ਦਾ ਰੋਲ’. ਹੋਰ ਵੇਖੋ: ਅਕਾਲ ਬੁੰਗਾ. ਜਥੇਦਾਰ. (ਤਸਵੀਰ ਜੂਨ 1984 ਵਿਚ ਭਾਰਤੀ ਹਮਲੇ ਵਿਚ ਤਬਾਹ ਹੋਈ ਅਕਾਲ ਬੁੰਗਾ ਦੀ ਇਮਾਰਤ):

ਅਕਾਲ ਤਖ਼ਤ ਕਿਤਾਬ (ਸਿੱਖ ਤਵਾਰੀਖ਼ ‘ਚ ਅਕਾਲ ਤਖ਼ਤ ਦਾ ਰੋਲ) ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਅਕਾਲ ਤਖ਼ਤ ਸਾਹਿਬ ਬਾਰੇ ਪਹਿਲੀ ਵਾਰ 1980 ਵਿਚ ਅੰਗਰੇਜ਼ੀ ਵਿਚ (96 ਸਫ਼ੇ), 1986 ਵਿਚ ਪੰਜਾਬੀ ਵਿਚ (128 ਸਫ਼ੇ), 1995 ਵਿੱਚ ਅੰਗਰੇਜ਼ੀ ਵਿਚ (128 ਸਫ਼ੇ) ਦੁਬਾਰਾ ਸੋਧ ਕੇ ਅਤੇ 2000 ਵਿਚ ਪੰਜਾਬੀ ਵਿਚ ਨਵੇਂ ਸਿਰਿਓਂ ਪੂਰੀ ਤਰ੍ਹਾਂ ਸੋਧ ਕੇ ਛਾਪੀ ਗਈ ਸੀ ਅਤੇ ਪੰਜਾਬੀ ਅਡੀਸ਼ਨ ਨੂੰ ਤਿੰਨ-ਗੁਣਾ (320 ਸਫ਼ੇ) ਵਧਾ ਦਿੱਤਾ ਗਿਆ। ਫਿਰ ਜੂਨ 2005 ਵਿਚ ਇਸ ਦੀ ਪੰਜਵੀਂ ਐਡੀਸ਼ਨ (ਸਫ਼ੇ 640) ਛਾਪੀ ਗਈ ਸੀ। ਇਹ ਕਿਤਾਬ ਅਕਾਲ ਤਖਤ ਸਾਹਿਬ ਦੇ ਫ਼ਲਸਫ਼ੇ ਅਤੇ ਇਸ ਦੇ ਅੱਜ ਤਕ ਦੇ ਰੋਲ ਬਾਰੇ ਜਾਣਕਾਰੀ ਦਿੰਦੀ ਹੈ। ਇਸ ਕਿਤਾਬ ਦੀ 1995 ਦੀ ਅੰਗਰੇਜ਼ੀ ਐਡੀਸ਼ਨ ਵਿਚ ਇਸ ਸੰਸਥਾ (ਇੰਸਟੀਚਿਊਸ਼ਨ) ਬਾਰੇ ਬਹੁਤ ਜ਼ਿਆਦਾ ਕੀਮਤੀ ਜਾਣਕਾਰੀ ਸ਼ਾਮਿਲ ਕੀਤੀ ਗਈ ਸੀ। ਪਰ ਇਸ ਦੀ ਪੰਜਵੀਂ ਐਡੀਸ਼ਨ (2005) ਹੁਣ ਦੇ ਸਮੇਂ ਤੋਂ ਪਹਿਲਾਂ, ਹੁਣ ਤੱਕ, ਇਸ ਦੇ ਫ਼ਲਸਫ਼ੇ, ਇਤਿਹਾਸ ਅਤੇ ਮੀਰੀ ਅਤੇ ਪੀਰੀ ਦੇ ਨੁਕਤੇ ਬਾਰੇ ਮੁਕੰਮਲ ਜਾਣਕਾਰੀ ਦੇਂਦੀ ਹੈ। ਇਸ ਵਿਚ ਤਕਰੀਬਨ ਸਾਰੇ ਅਖੌਤੀ ਹੁਕਮਨਾਮੇ, ਚਿੱਠੀਆਂ, ਅਖੌਤੀ ਜਥੇਦਾਰਾਂ ਦਾ ਰੋਲ ਤੇ ਸਾਜ਼ਿਸ਼ਾਂ, ਅਕਾਲੀ ਲੀਡਰਾਂ ਦੀਆਂ ਪੰਥ ਨਾਲ ਗ਼ਦਾਰੀਆਂ ਦਾ ਵੇਰਵਾ ਪੇਸ਼ ਹੈ। ਇਹ ਇਕ ਤਰ੍ਹਾਂ ਨਾਲ ਅਕਾਲ ਤਖ਼ਤ ਸਾਹਿਬ ਦਾ ਆਰਕਾਈਵਜ਼/ ਐਨਸਾਈਕਲੋਪੀਡੀਆ ਹੈ। ਇਸ ਕਿਤਾਬ ਦੀ ਛੇਵੀਂ ਐਡੀਸ਼ਨ (ਅੰਗਰੇਜ਼ੀ) 2011 ਵਿਚ ਛਾਪੀ ਗਈ ਸੀ; ਜਿਸ ਵਿਚ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਬਹੁਤ ਹੀ ਸਪਸ਼ਟ ਕਰ ਕੇ ਪੇਸ਼ ਕੀਤਾ ਗਿਆ ਹੈ। ਇਸ ਕਿਤਾਬ ਦੀ ਸਤਵੀਂ ਐਡੀਸ਼ਨ (ਪੰਜਾਬੀ) 2016 ਵਿਚ ਛਾਪੀ ਗਈ ਹੈ (ਇਹ 2005 ਵਾਲੀ ਪੰਜਾਬੀ ਐਡੀਸਨ ਹੀ ਦੋਬਾਰਾ ਛਾਪੀ ਗਈ ਹੈ). (ਤਸਵੀਰ: ਕਿਤਾਬ ਦਾ ਮੁਖ ਵਰਕ):

(ਡਾ. ਹਰਜਿੰਦਰ ਸਿੰਘ ਦਿਲਗੀਰ)