ਅਜਨੇਰ
ਮੰਡੀ ਗੋਬਿੰਦਗੜ੍ਹ ਤਹਸੀਲ ਵਿਚ, ਸਮਰਾਲਾ ਤੋਂ 20 ਕਿਲੋਮੀਟਰ ਦੂਰ, ਭੜੀ ਤੋਂ ਢਾਈ ਕਿਲੋਮੀਟਰ ਦੂਰ ਇਕ ਪਿੰਡ। ਗੁਰੁ ਗੋਬਿੰਦ ਸਿੰਘ ਮਾਛੀਵਾੜਾ ਵਿਚੋਂ ‘ਉ¤ਚ ਦਾ ਪੀਰ’ ਬਣ ਕੇ ਨਿਕਲਣ ਮਗਰੋਂ, ਪਹਿਲੀ ਰਾਤ ਇੱਥੇ ਠਹਿਰੇ ਸਨ। ਗੁਰੂ ਗੋਬਿੰਦ ਸਿੰਘ 8 ਦਸੰਬਰ 1705 ਦੇ ਦਿਨ ਮਾਛੀਵਾੜਾ ਪੁੱਜੇ ਸਨ। ਉਥੇ ਉਨ੍ਹਾਂ ਦਾ ਪਹਿਲਾ ਪੜਾਅ ਭਾਈ ਪੰਜਾਬੇ ਦਾ ਬਾਗ਼ ਸੀ। ਰਾਤ ਵੇਲੇ ਉਹ ਭਾਈ ਜੀਵਨ ਸਿੰਘ ਦੇ ਘਰ ਚਲੇ ਗਏ ਸਨ। ਉਧਰ ਚਮਕੌਰ ਦੀ ਗੜ੍ਹੀ ਵਿਚੋਂ ਨਿਕਲੇ ਬਾਕੀ ਸਿੱਖ ਆਲਮਗੀਰ ਤੇ ਦੀਨਾ ਕਾਂਗੜ ਵੱਲ ਰਵਾਨਾ ਹੋ ਚੁਕੇ ਸਨ। ਤਿੰਨ ਦਿਨ ਮਾਛੀਵਾੜਾ ਵਿਚ ਭਾਈ ਜੀਵਨ ਸਿੰਘ ਦੇ ਘਰ ਵਿਚ ਰਹਿਣ ਮਗਰੋਂ 12 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨ੍ਹਾਂ ਹਰੇ ਕਪੜਿਆਂ ਨੂੰ ਨੀਲ-ਬਸਤਰ ਕਹਿੰਦੇ ਸਨ; ਨੀਲ ਦਾ ਲਫ਼ਜ਼ੀ ਮਾਅਨਾ ਹੈ ‘ਰੰਗਦਾਰ’) ਪਹਿਣ ਕੇ ਅਜਨੇਰ ਦੇ ਕਾਜ਼ੀ ਚਰਾਗ਼ ਦੀਨ ਤੇ ਚਾਰ ਹੋਰ ਮੁਸਲਮਾਨ ਮੁਰੀਦਾਂ (ਇਨਾਇਤ ਅਲੀ ਨੂਰਪੁਰ, ਕਾਜ਼ੀ ਪੀਰ ਮੁਹੰਮਦ ਸਲੋਹ, ਸੁਬੇਗ ਸ਼ਾਹ ਹਲਵਾਰਾ ਅਤੇ ਹਸਨ ਅਲੀ ਮੋਠੂ ਮਾਜਰਾ) ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਚੱਲ ਪਏ। ਉਨ੍ਹਾਂ ਨੇ ਸਿੱਧਾ ਰਸਤਾ ਨਹੀਂ ਲਿਆ ਬਲਕਿ ਵਿਚੋਂ-ਵਿੱਚੋਂ ਹੁੰਦੇ ਹੋਏ ਗੜ੍ਹੀ ਤਰਖਾਣਾਂ, ਘੁੰਘਰਾਲੀ, ਮਾਨੂੰਪੁਰ ਤੇ ਭੜੀ ਵਿਚੋਂ ਲੰਘਦੇ ਆਪ (ਮਾਛੀਵਾੜਾ ਤੋਂ 28 ਕਿਲੋਮੀਟਰ ਦੂਰ) ਅਜਨੇਰ ਪੁੱਜੇ ਤੇ ਇਕ ਰਾਤ ਕਾਜ਼ੀ ਚਰਾਗ ਸ਼ਾਹ ਦੇ ਮਹਿਮਾਨ ਬਣੇ। ਅਗਲਾ ਦਿਨ ਆਪ ਅਜਨੇਰ ਪਿੰਡ ਵਿਚ ਹੀ ਰਹੇ ਤੇ 13 ਦਸੰਬਰ ਨੂੰ ਅੱਗੇ ਚਲ ਪਏ.
(ਡਾ. ਹਰਜਿੰਦਰ ਸਿੰਘ ਦਿਲਗੀਰ)