ਅਜਮੇਰ (ਰਾਜਿਸਥਾਨ)
ਰਾਜਿਸਥਾਨ ਵਿਚ ਅਰਾਵਲੀ ਪਹਾੜਾਂ ਵਿਚ ਘਿਰਿਆ ਹੋਇਆ ਨਗਰ ਅਜਮੇਰ (ਦਿੱਲੀ ਤੋਂ 391 ਅਤੇ ਜੈਪੁਰ ਤੋਂ 135 ਕਿਲੋਮੀਟਰ ਦੂਰ) ਇਸ ਵਕਤ ਸਾਢੇ ਪੰਜ ਲੱਖ ਦੀ ਆਬਾਦੀ ਵਲਾ, ਇਕ ਬਹੁਤ ਵੱਡਾ ਤੇ ਅਹਿਮ ਸ਼ਹਿਰ ਹੈ। ਇਹ ਨਗਰ ਚੌਹਾਨ ਬੰਸ ਦੇ ਰਾਜਾ ਅਜੈਪਾਲ ਨੇ ਸੰਨ 145 ਵਿਚ ਵਸਾਇਆ ਸੀ। 12ਵੀਂ ਸਦੀ ਵਿਚ ਇਹ ਪ੍ਰਿਥਵੀ ਰਾਜ ਚੌਹਾਨ ਦੀ ਰਾਜਧਾਨੀ ਸੀ। ਇਸ ਮਗਰੋਂ ਇਸ ’ਤੇ ਮਾਰਵਾੜ ਦੇ ਰਾਜਿਆਂ ਦਾ ਕਬਜ਼ਾ ਹੋ ਗਿਆ।1543 ਵਿਚ ਹੇਮ ਚੰਦਰ ਵਿਕਰਮਾਦਿੱਤੀਆ (ਹੇਮੂ) ਇੱਥੋਂ ਦਾ ਹਾਕਮ ਸੀ। ਉਹ 1556 ਵਿਚ ਪਾਨੀਪਤ ਦੀ ਲੜਾਈ ਵਿਚ ਮਾਰਿਆ ਗਿਆ। 1559 ਵਿਚ ਇਸ ‘ਤੇ ਅਕਬਰ ਦਾ ਕਬਜ਼ਾ ਹੋ ਗਿਆ। ਸੰਨ 1700 ਵਿਚ ਮਰਹੱਟਿਆਂ ਨੇ ਇਸ ’ਤੇ ਕਬਜ਼ਾ ਕਰ ਲਿਆ। 1818 ਵਿਚ ਅੰਗਰੇਜ਼ਾਂ ਦੇ ਇੰਤਜ਼ਾਮ ਵਿਚ ਆ ਗਿਆ।ਇੱਥੇ ਮੁਸਲਮਾਨਾਂ ਦੇ ਮਸ਼ਹੂਰ ਪੀਰ ਖਵਾਜਾ ਮੁਈਨਦੀਨ ਚਿਸ਼ਤੀ (1142 – 1235) ਦਾ ਰੌਜ਼ਾ ਹੈ। ਇਹ 1166 ਵਿਚ ਅਜਮੇਰ ਆਇਆ ਸੀ 69 ਸਾਲ ਇਸਲਾਮ ਦਾ ਪ੍ਰਚਾਰ ਕੀਤਾ। ਇਸ ਨੇ ਇਕ ਹਿੰਦੂ ਰਾਜਪੂਤ ਲੜਕੀ ਨਾਲ ਸ਼ਾਦੀ ਕੀਤੀ ਸੀ ਜਿਸ ਤੋਂ ਪੈਦਾ ਹੋਈ ਬੇਟੀ ਹਾਫ਼ਿਜ਼ਾ ਜਮਾਲ ਨੇ ਵੀ ਇਸਲਾਮ ਦਾ ਬੜਾ ਪ੍ਰਚਾਰ ਕੀਤਾ। ਮੱਕੇ ਵਾਂਙ ਲੱਖਾਂ ਮੁਸਲਮਾਨ ਇਸ ਜਗਹ ਜ਼ਿਆਰਤ ਕਰਨ ਆਉਂਦੇ ਹਨ। ਇੱਥੇ ਪੁਰਾਣਾ ਤਾਰਾਗੜ੍ਹ ਕਿਲ੍ਹਾ, ਅਕਬਰ ਦਾ ਕਿਲ੍ਹਾ, ਝੀਲ ਤੇ ਪ੍ਰਾਚੀਨ ਜੈਨ ਮੰਦਰ ਵੀ ਹਨ।ਇਸ ਨਗਰ ਤੋਂ 11 ਕਿਲੋਮੀਟਰ ਦੂਰ ਪੁਸ਼ਕਰ ਇਕ ਪ੍ਰਾਚੀਨ ਨਗਰ ਹੈ, ਜਿਸ ਵਿਚ ਚੌਧਵੀਂ ਸਦੀ ਦਾ ਇਕ ਮੰਦਰ ਵੀ ਹੈ। ਬਹਾਦਰ ਸ਼ਾਹ ਨਾਲ ਦੱਖਣ ਵੱਲ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਇਸ ਜਗਹ 1708 ਵਿਚ ਆਏ ਸਨ. (ਤਸਵੀਰ: ਅਜਮੇਰ ਸ਼ਰੀਫ਼ ਦੀ ਦਰਗਾਹ):
(ਡਾ. ਹਰਜਿੰਦਰ ਸਿੰਘ ਦਿਲਗੀਰ)