ਅਹੀਆਪੁਰ (ਅਤੇ ਗੋਇੰਦਵਾਲ ਪੋਥੀਆਂ)
ਜ਼ਿਲ੍ਹਾ ਹੁਸ਼ਿਆਰਪੁਰ ਵਿਚ ਟਾਂਡਾ ਦੇ ਨਾਲ ਲਗਦੇ ਪਿੰਡ ਅਹੀਆਪੁਰ ਵਿਚ ਇਕ ਭੱਲਾ ਪਰਵਾਰ ਕੋਲ ਗੋਇੰਦਵਾਲ ਵਾਲੀਆਂ, ਮੋਹਨ ਦੀਆਂ ਕਹੀਆਂ ਜਾਂਦੀਆਂ, ਦੋ ਪੋਥੀਆਂ ਵਿਚੋਂ ਇਕ ਪਈ ਹੋਈ ਹੈ। ਪਹਿਲਾਂ ਇਹ ਦੋਵੇਂ ਗੋਇੰਦਵਾਲ ਵਿਚ ਸਨ ਪਰ ਜਦਇਸ ਦੇ ਵਾਰਸ ਦੋ ਭਰਾਵਾਂ ਵਿਚੋਂ ਇਕ ਇਸ ਪਿੰਡ ਵਿਚ ਆ ਵਸਿਆਂ ਤਾਂ ਉਨ੍ਹਾਂ ਨੇ ਆਪਸ ਵਿਚ ਇਕ-ਇਕ ਵੰਡ ਲਈ ਸੀ। ਇਨ੍ਹਾਂ ਪੋਥੀਆਂ ਦੇ ‘ਮਾਲਕ’ ਇਹ ਦਾਅਵਾ ਕਰਦੇ ਰਹੇ ਸਨ ਕਿ ਜਦ ਗੁਰੂ ਅਰਜਨ ਸਾਹਿਬ ਨੇ ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ ਤਾਂ ਉਨ੍ਹਾਂ ਨੇ ਇਨ੍ਹਾਂ ਦੀ ਮਦਦ ਲਈ ਸੀ। ਉਨ੍ਹਾਂ ਦੀ ਘੜੀ ਇਸ ਕਹਾਣੀ ਦਾ ਬਹੁਤਾ ਪਰਚਾਰ ਈਸਾਈ ਮਿਸ਼ਨਰੀ ਮਕਲਾਊਡ ਨੇ ਕੀਤਾ ਸੀ ਤੇ ਆਪਣੇ ਇਕ ਚੇਲੇ ਗੁਰਿੰਦਰ ਮਾਨ ਨੂੰ ਇਸ ਵਿਸ਼ੇ ’ਤੇ ਪੀ-ਐਚ. ਡੀ. ਵੀ ਲੈ ਦਿੱਤੀ ਸੀ। ਜਦ ਕਿ ਹਕੀਕਤ ਇਹ ਹੈ ਕਿ ਗੁਰੂ ਸਾਹਿਬਾਨ ਆਪਣੇ ਵਾਰਸ ਨੂੰ ਗੁਰਗੱਦੀ ਦੇਣ ਸਮੇਂਆਪਣੀ ਤੇ ਪਹਿਲੇ ਗੁਰੂਆਂ ਦੀ ਸਾਰੀ ਬਾਣੀ ਵੀ ਨਾਲ ਹੀ ਦੇ ਦਿਆ ਕਰਦੇ ਸਨ। ਦਰਅਸਲ ਇਹ ਪੋਥੀਆਂ ਮੋਹਨ ਦੀਆਂ ਨਹੀਂ ਬਲਕਿ ਬਹੁਤ ਬਾਅਦ ਦੀਆਂ ਹਨ। ਹੋ ਸਕਦਾ ਹੈ ਕਿ ਇਹ 1850 ਤੋਂ ਵੀ ਬਾਅਦ ਦੀਆਂ ਹੋਣ ਵਰਨਾ ਇਨ੍ਹਾਂ ਦਾ ਜ਼ਰਾ ਮਾਸਾ ਜ਼ਿਕਰ ਇਸ ਖ਼ਾਨਦਾਨ ਦੇ ਸਭ ਤੋਂ ਮਸ਼ਹੂਰ ਲਿਖਾਰੀ ਸਰੂਪ ਦਾਸ ਭੱਲਾ (ਮਹਿਮਾ ਪ੍ਰਕਾਸ਼ 1776), ਅੰਮ੍ਰਿਤਸਰ ਵਿਚ ਬੈਠੇ ਗੁਰਬਿਲਾਸ ਪਾਤਸਾਹੀ ਛੇਵੀਂ (1840 ਦੇ ਨੇੜੇ ਤੇੜੇ) ਦੇ ਲੇਖਕਾਂ (ਗੁਰਮੁਖ ਸਿੰਘ ਤੇ ਦਰਬਾਰਾ ਸਿੰਘ), ਭਾਈ ਸੰਤੋਖ ਸਿੰਘ ਦੇ ਗੁਰ ਪ੍ਰਤਾਪ ਸੂਰਜ ਗ੍ਰੰਥ (1843), ਭਾਈ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ (1846) ਵਿਚ ਜ਼ਰੂਰ ਆ ਜਾਂਦਾ। ਇਹ ਪੋਥੀ ਗੁਰੂ ਗ੍ਰੰਥ ਸਹਿਬ ਦੀਆਂ ਹੋਰ ਦਰਜਨਾਂ ਹੱਥ ਲਿਖਤ ਬੀੜਾਂ ਜਾਂ ਗੁਟਕਿਆਂ ਵਾਂਙ ਹਨ ਜਿਹੜੀਆਂ ਸ਼ਰਧਾਲੂਆਂ ਨੇ ਨਿਜੀ ਵਰਤੋਂ ਵਾਸਤੇ ਉਤਾਰੇ ਕਰ ਕੇ ਰੱਖੇ ਸਨ ਤੇ ਉਨ੍ਹਾਂ ਵਿਚ ਉਤਾਰਾ ਕਰਦਿਆਂ ਬਹੁਤ ਸਾਰੀਆਂ ਗ਼ਲਤੀਆਂ ਰਹਿ ਗਈਆਂ ਸਨ। ਅਜਿਹੀਆਂ ਦਰਜਨਾਂ ਗ਼ਲਤੀਆਂ ਇਸ ਵਿਚ ਵੀ ਹਨ। ਇੰਞ ਹੀ ਇਸ ਵਿਚ ਉਤਾਰਾ ਕਰਨ ਵਾਲਿਆਂ ਦੀਆਂ, ਆਪਣੀ ਮਰਜ਼ੀ ਦੀਆਂ, ਕਵਿਤਾਵਾਂ ਵੀ ਸ਼ਾਮਿਲ ਹਨ; ਮਿਸਾਲ ਵਜੋਂ ਨਾਨਕ ਛਾਪ ਹੇਠ ਘਟੋ ਘਟ 13 ਕਵਿਤਾਵਾਂ ਇਸ ਪੋਥੀ ਵਿਚ ਹਨ.
(ਡਾ. ਹਰਜਿੰਦਰ ਸਿੰਘ ਦਿਲਗੀਰ)