ਆਗਰਾ
ਦਿੱਲੀ ਤੋਂ 206 ਤੇ ਗਵਾਲੀਅਰ ਤੋਂ 125 ਕਿਲੋਮੀਟਰ ਦੂਰ, ਉ¤ਤਰ ਪ੍ਰਦੇਸ਼ ਵਿਚ ਜਮਨਾ ਦਰਿਆ ਦੇ ਕੰਢੇ ਵਸਿਆ ਨਗਰ। ਇਕ ਮੁਕਾਮੀ ਰਿਵਾਇਤ ਮੁਤਾਬਿਕ ਇਸ ਪ੍ਰਾਚੀਨ ਨਗਰ ਨੂੰ ਸਭ ਤੋਂ ਪਹਿਲਾਂ ਰਾਜਪੂਤ ਰਾਜੇ ਬਾਦਲ ਸਿੰਹ ਨੇ 1475 ਵਿਚ ਆਪਣੀ ਰਾਜਧਾਨੀ ਬਣਾਇਆ ਸੀ।ਉਸ ਨੇ ਇੱਥੇ ਬਾਦਲਗੜ੍ਹ ਕਿਲ੍ਹਾ ਬਣਾਇਆ ਸੀ।ਪਰ ਤਵਾਰੀਖ਼ ਵਿਚ ਇਸ ’ਤੇ ਸ਼ਾਹੀ ਖ਼ਾਨਦਾਨ ਰਾਜੇ ਜੈਪਾਲ (964-1001) ਦੀ ਹਕੂਮਤ ਅਤੇ ਮਹਿਮੂਦ ਗ਼ਜ਼ਨਵੀ ਦੇ ਕਬਜ਼ੇ ਦਾ ਜ਼ਿਕਰ ਵੀ ਆਉਂਦਾ ਹੈ। ਮੁਸਲਮਾਨ ਹਾਕਮਾਂ ਵਿਚੋਂ ਸਭ ਤੋਂ ਪਹਿਲਾਂ ਸਿਕੰਦਰ ਲੋਧੀ (1466-1517) ਨੇ 1506 ਵਿਚ ਦਿੱਲੀ ਦੀ ਜਗਹ ਇਸ ਨੂੰ ਆਪਣੀ ਸਲਤਨਤ ਦੀ ਰਾਜਧਾਨੀ ਬਣਾਇਆ ਸੀ। ਫਿਰ ਅਕਬਰ ਨੇ ਕਾਸਿਮ ਖ਼ਾਨ ਮੀਰ ਬਹਰ ਰਾਹੀਂ ਇਕ ਪੱਕਾ ਵੱਡਾ ਕਿਲ੍ਹਾ ਬਣਾਇਆ ਜਿਸ ਤੇ ਉਸ ਵਕਤ 36 ਲੱਖ ਰੁਪੈ ਖ਼ਰਚ ਆਏ ਸਨ। ਅਕਬਰ ਨੇ ਇਸ ਦਾ ਨਾਂ ਅਕਬਰਾਬਾਦ ਰੱਖ ਦਿੱਤਾ ਸੀ, ਜੋ ਚਲਿਆ ਨਹੀਂ। ਅਕਬਰ ਦੇ ਵੇਲੇ (1556) ਤੋਂ ਸ਼ਾਹਜਹਾਨ ਤਕ ਇਹ ਮੁਗ਼ਲ ਸਲਤਨਤ ਦੀ ਰਾਜਧਾਨੀ ਰਿਹਾ ਸੀ (ਮਗਰੋਂ ਸ਼ਾਹਜਹਾਨ ਸ਼ਾਹਜਾਹਾਨਬਾਦ, ਯਾਨਿ ਦਿੱਲ਼ੀ ਤੋਂ ਹਕੂਮਤ ਚਲਾਉਂਦਾ ਰਿਹਾ ਸੀ। ਉਸ ਮਗਰੋਂ ਔਰੰਗਜ਼ੇਬ ਕੁਝ ਚਿਰ ਆਗਰਾ ਤੋਂ ਫਿਰ ਦਿੱਲੀ ਅਤੇ ਔਰੰਗਾਬਾਦ ਤੋਂ ਹਕੂਮਤ ਚਲਾਉਂਦਾ ਰਿਹਾ ਸੀ)। ਅੱਜ ਆਗਰਾ ਇਕ ਬਹੁਤ ਵੱਡਾ ਨਗਰ ਹੈ। ਇਸ ਦੀ ਆਬਾਦੀ (2011 ਦੀ ਮਰਦਮ-ਸ਼ੁਮਾਰੀ ਮੁਤਾਬਿਕ) 15 ਲੱਖ 85 ਹਜ਼ਾਰ ਤੇ ਨਾਲ ਲਗਦੀ ਛਾਵਣੀ ਦੀ 53 ਹਜ਼ਾਰ ਹੈ। ਇਨ੍ਹਾਂ ਵਿਚੋਂ 80% ਹਿੰਦੂ ਤੇ 15 % ਮੁਸਲਮਾਨ ਹਨ; ਸਿੱਖਾਂ ਦੀ ਆਬਾਦੀ 1% ਤੋਂ ਵੀ ਘਟ ਹੈ।
ਆਗਰੇ ਦੀ ਸਭ ਤੋਂ ਅਹਿਮ ਇਮਾਰਤ ਤਾਜ ਮਹਲ (1653) ਹੈ, ਜਿਸ ਨੂੰ ਸ਼ਾਹਜਹਾਨ ਨੇ ਆਪਣੀ ਬੀਵੀ ਦੀ ਯਾਦ ਵਿਚ ਉਸ ਦੀ ਕਬਰ ’ਤੇ ਬਣਵਾਇਆ ਸੀ।
ਇੱਥੋਂ ਦੀ ਦੂਜੀ ਅਹਿਮ ਇਮਾਰਤ ਕਿਲ੍ਹਾ ਹੈ, ਜਿਸ ਨੂੰ ਅਕਬਰ ਨੇ ਸੰਨ 1000 ਤੋਂ ਪਹਿਲਾਂ ਦੇ ਬਣੇ ਪੁਰਾਣੇ ਕਿਲ੍ਹੇ ਦੀ ਇਮਾਰਤ ਨੂੰ 1565 ਵਿਚ ਨਵਿਆਉਣਾ ਤੇ ਵਧਾਉਣਾ ਸ਼ੁਰੂ ਕੀਤਾ ਸੀ। ਇਸ ਵਿਸ਼ਾਲ ਕਿਲ੍ਹੇ ਦਾ ਦਾ ਰਕਬਾ 2.4 ਕਿਲੋਮੀਟਰ ਹੈ ਤੇ ਇਸ ਦੇ ਦੁਆਲੇ 30 ਫ਼ੁੱਟ ਚੌੜੀ ਤੇ 33 ਫ਼ੁੱਟ ਡੂੰਘੀ ਖਾਈ ਹੈ। ਇਸ ਦੇ ਨੇੜੇ (35 ਕਿਲੋਮੀਟਰ ਦੂਰ) ਫ਼ਤਹਿਪੁਰ ਸੀਕਰੀ ਸ਼ਹਿਰ ਵੀ ਅਕਬਰ ਨੇ ਵਸਾਇਆ ਸੀ।
ਆਗਰਾ ਵਿਚ ਗੁਰੂ ਨਾਨਕ ਸਾਹਿਬ 1510 ਦੀਆਂ ਗਰਮੀਆਂ ਵਿਚ (ਪਹਿਲੀ ਉਦਾਸੀ ਦੌਰਾਨ, ਪੰਜਾਬ ਵਾਪਿਸ ਮੁੜਦਿਆਂ ਇਟਾਵਾ ਤੋਂ ਹੁੰਦੇ ਹੋਏ) ਆਏ ਸਨ)। ਆਗਰਾ ਵਿਚ ਜਿਸ ਜਗਹ ਗੁਰੂ ਸਾਹਿਬ ਰੁਕੇ ਸਨ, ਉਹ ਜਗਹ ਨਯਾ ਬਾਂਸ, ਲੋਹਾ ਮੰਡੀ ਇਲਾਕੇ ਵਿਚ ‘ਗੁਰਦੁਆਰਾ ਦੁਖ ਨਿਵਾਰਨ ਸਾਹਿਬ’ ਹੈ। ਪਰ, ਇਸ ਗੁਰਦੁਆਰੇ ਕੋਲ ਜ਼ਮੀਨ ਜਾਂ ਜਾਇਦਾਦ ਨਾ ਹੋਣ ਕਰ ਕੇ ਕਿਸੇ ਸਾਧ ਜਾਂ ਜਥੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ; ਜਦ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਸਬੰਧਤ ‘ਗੁਰਦੁਆਰਾ ਗੁਰੂ ਦਾ ਤਾਲ’ ਕੋਲ ਬਹੁਤ ਸਾਰੀ ਜ਼ਮੀਨ ਹੈ ਅਤੇ ਬਹੁਤ ਵੱਡੀ ਸਰਾਂ ਬਣੀ ਹੋਈ ਹੈ। ਇਸ ਕਰ ਕੇ ਬਹੁਤ ਸਾਰੇ ਲੋਕ, ਖ਼ਾਸ ਕਰ ਕੇ ਟਰੱਕਾਂ ਵਾਲੇ ਤੇ ਵਪਾਰੀ, ਉਥੇ ਹੀ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦਾ ਸੇਵਾ ਸੰਭਾਲ ਇਕ ਗ੍ਰੰਥੀ ਅਤੇ ‘ਗੁਰੂ ਨਾਨਕ ਸਤਿਸੰਗ ਸਭਾ’ ਅਤੇ ‘ਬੇਬੇ ਨਾਨਕੀ ਕੀਰਤਨੀ ਜਥਾ’ ਤੇ ਕੁਝ ਮੁਕਾਮੀ ਸਿੱਖ ਹੀ ਕਰਦੇ ਹਨ। ਇੱਥੇ ਵੀ, ਕਈ ਹੋਰ ਗੁਰਦੁਆਰਿਆਂ ਵਾਂਙ, ਗੁਰੂ ਨਾਨਕ ਸਾਹਿਬ ਬਾਰੇ ਇਕ ਕਰਾਮਾਤੀ ਕਹਾਣੀ ਲਿਖੀ ਹੋਈ ਹੈ ਕਿ ਇਕ ਮਾਈ ਦਾ ਇਕਲੌਤਾ ਬੱਚਾ ਬਹੁਤ ਬੀਮਾਰ ਸੀ; ਬਹੁਤ ਇਲਾਜ ਕਰਵਾਉਣ ਦੇ ਬਾਵਜੂਦ ਉਹ ਠੀਕ ਨਹੀਂ ਸੀ ਹੋ ਰਿਹਾ। ਗੁਰੂ ਨਾਨਕ ਸਾਹਿਬ ਇੱਥੇ ਇਕ ਬਗੀਚੀ ਵਿਚ ਪੀਲੂ ਦੇ ਦਰਖ਼ਤ ਹੇਠਾਂ ਬੈਠੇ ਸਨ ਤਾਂ ਉਹ ਮਾਈ ਆਪਣੇ ਬੱਚੇ ਨੂੰ ਗੁਰੂ ਸਾਹਿਬ ਕੋਲ ਲੈ ਆਈ ਤੇ ਗੁਰੂ ਜੀ ਨੂੰ ਕਿਹਾ ਕਿ ਉਹ ਇਸ ਨੂੰ ਠੀਕ ਕਰ ਦੇਣ। ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਸ ਬੱਚੇ ਨੂੰ ਨੇੜੇ ਦੇ ਪੋਖਰ (ਟੋਭੇ) ਵਿਚ ਇਸ਼ਨਾਨ ਕਰਵਾਏ। ਉਸ ਨੇ ਇਵੇਂ ਹੀ ਕੀਤਾ ਅਤੇ ਉਸ ਦਾ ਬੱਚਾ ਨੌ-ਬਰ-ਨੌ ਹੋ ਗਿਆ। (ਅਜਿਹੀਆਂ ਕਰਾਮਾਤਾਂ ਲੋਕਾਂ ਨੇ ਕੋਲੋਂ ਘੜ ਲਈਆਂ ਹੋਈਆਂ ਹਨ। ਇਹ ਗੁਰਬਾਣੀ ਦੀ ਸਿਖਿਆ ਦੇ ਉਲਟ ਹਨ)। ਜਿਸ ਜਗਹ ਗੁਰੂ ਜੀ ਬੈਠੇ ਸਨ ਉੱਥੇ ਅੱਜ-ਕਲ੍ਹ ਨਿਸ਼ਾਨ ਸਾਹਿਬ ਲਗਾਇਆ ਹੋਇਆ ਹੈ।
ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਹੋਣ ਮਗਰੋਂ ਅਕਤੂਬਰ 1619 ਦੇ ਆਖ਼ਰੀ ਦਿਨਾਂ ਵਿਚ ਪੰਜਾਬ ਜਾਂਦਿਆਂ ਇੱਥੇ ਰੁਕੇ ਸਨ। ਉਨ੍ਹਾਂ ਦੀ ਯਾਦ ਵਿਚ ‘ਗੁਰਦੁਆਰਾ ਦਮਦਮਾ ਸਾਹਿਬ’ ਗੁਰਦੁਆਰਾ ‘ਗੁਰੂ ਦਾ ਤਾਲ’ ਦੇ ਨੇੜੇ ਬਣਿਆ ਹੋਇਆ ਹੈ। ਪਰ ਇਸ ਵਿਚ ਲੱਗੇ ਬੋਰਡ ਵਿਚ ਇਕ ਕਹਾਣੀ ਗੁਰੂ ਜੀ ਦੇ ਜਹਾਂਗੀਰ ਬਾਦਸ਼ਾਹ ਨਾਲ ਸ਼ਿਕਾਰ ਕਰਨ ਦੀ ਜੋੜ ਦਿੱਤੀ ਗਈ ਹੈ, ਜੋ ਸਹੀ ਨਹੀਂ ਹੈ; ਗੁਰੂ ਜੀ ਇੱਥੇ ਜਹਾਂਗੀਰ ਨੂੰ ਨਹੀਂ ਮਿਲੇ ਸਨ।ਇੱਥੇ ਗੁਰੂ ਤੇਗ਼ ਬਹਾਦਰ ਸਾਹਿਬ ਘਟੋ-ਘਟ ਦੋ ਵਾਰ ਆਏ ਸਨ। ਪਹਿਲਾਂ ਉਹ 1657-58 ਵਿਚ (ਗੁਰਗੱਦੀ ਸੰਭਾਲਣ ਤੋਂ ਪਹਿਲਾਂ) ਮਥਰਾ, ਗੜ੍ਹ ਮੁਕਤੇਸ਼ਵਰ, ਆਗਰਾ, ਮਿਰਜ਼ਾਪੁਰ ਦੇ ਇਲਾਕੇ ਵਿਚ ਦੋ-ਤਿੰਨ ਸਾਲ ਧਰਮ ਪ੍ਰਚਾਰ ਕਰਦੇ ਰਹੇ ਸਨ। ਫਿਰ ਜਨਵਰੀ 1666 ਵਿਚ ਆਏ ਸਨ ਤੇ ਕੁਝ ਮਹੀਨੇ ਇਸ ਇਲਾਕੇ ਵਿਚ ਰਹੇ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ ਆਗਰਾ ਦੇ ‘ਸਿਕੰਦਰਾ’ ਇਲਾਕੇ ਵਿਚ, ਨੈਸ਼ਨਲ ਹਾਈਵੇਅ ਨੰਬਰ 2 ’ਤੇ, ਪੁਰਾਣੇ ਜਲ-ਭੰਡਾਰ (ਰੈਜ਼ਵਰਵੋਇਰ) ਦੇ ਨੇੜੇ, ਗੁਰਦੁਆਰਾ ‘ਗੁਰੂ ਦਾ ਤਾਲ’ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੇ ਨਾਂ ’ਤੇ ਬਹੁਤ ਸਾਰੀ ਜ਼ਮੀਨ ਹੈ ਅਤੇ ਬਹੁਤ ਵੱਡੀ ਸਰਾਂ ਵੀ ਬਣੀ ਹੋਈ ਹੈ ਜਿੱਥੇ ਸੈਂਕੜੇ ਲੋਕ ਰਹਿ ਸਕਦੇ ਹਨ। ਇਹ ਇਲਾਕਾ ਟਰਾਂਸਪੋਰਟ ਦਾ ਸੈਂਟਰ ਹੋਣ ਕਰ ਕੇ ਪੰਜਾਬ ਤੋਂ ਟਰੱਕਾਂ ਵਾਲੇ ਸੈਂਕੜਿਆਂ ਦੀ ਗਿਣਤੀ ਵਿਚ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ, ਇਸ ਕਰ ਕੇ ਹਰ ਵੇਲੇ ਬਹੁਤ ਸੰਗਤ ਹਾਜ਼ਰ ਰਹਿੰਦੀ ਹੈ। ਇੱਥੇ ਆਜੜੀ ਵਾਲੀ ਕਹਾਣੀ, ਜਿਸ ਵਿਚ ਗੁਰੂ ਜੀ ਦੀ ਗ੍ਰਿਫ਼ਤਾਰੀ ਦੱਸੀ ਹੋਈ ਹੈ, ਦਾ ਬੋਰਡ ਲੱਗਾ ਹੋਇਆ ਹੈ ਤੇ ਇਹ ਸੰਤੋਖ ਸਿੰਘ ਕਵੀ ਦੀ ਘੜੀ ਹੋਈ ਕਹਾਣੀ ਹੈ। 1675 ਵਿਚ ਗੁਰੂ ਜੀ ਦੀ ਗ੍ਰਿਫ਼ਤਾਰੀ ਪਿੰਡ ਮਲਿਕਪੁਰ (ਨੇੜੇ ਰੋਪੜ) ਤੋਂ ਕੀਤੀ ਗਈ ਸੀ।
(ਤਸਵੀਰ: ਗੁਰਦੁਆਰਾ ਗੁਰੂ ਦਾ ਤਾਲ. ਹੇਠਾਂ ਗੁਰਦੁਆਰਾ ਦਮਦਮਾ ਸਾਹਿਬ):
ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਘਾਟੀਆ ਚੌਕ ਦੇ ਨੇੜੇ, ਇਕ ਤੰਗ ਗਲੀ (ਜਿਸ ਨੂੰ ਮਾਈ ਥਾਨ ਗਲੀ ਵੀ ਕਹਿੰਦੇ ਹਨ) ਵਿਚ, ‘ਗੁਰਦੁਆਰਾ ਮਾਈ ਥਾਨ’ ਵੀ ਹੈ। ਇਹ ਮਾਈ ਜੱਸੀ ਦਾ ਘਰ ਸੀ ਜਿੱਥੇ ਗੁਰੂ ਜੀ ਮਾਈ ਨੂੰ ਦਰਸ਼ਨ ਦੇਣ ਆਏ ਸਨ ਤੇ ਇੱਥੇ ਉਸ ਕੋਲ ਦਿਨ ਠਹਿਰੇ ਸਨ। ਮਾਈ ਜੱਸੀ ਨੇ ਉਨ੍ਹਾਂ ਨੂੰ ਆਪਣੇ ਹੱਥ ਨਾਲ ਕੱਤਿਆ, ਕੀਮਤੀ ਕਪੜੇ ਦਾ ਇਕ ਥਾਨ ਭੇਟ ਕੀਤਾ ਸੀ (ਜਿਸ ਕਰ ਕੇ ਗੁਰਦੁਆਰੇ ਦਾ ਨਾਂ ਮਾਈ ਥਾਨ ਬਣਿਆ ਸੀ)। ਇਕ ਰਿਵਾਇਤ ਮੁਤਾਬਿਕ ਮਾਈ ਜੱਸੀ ਗੁਰੂ ਨਾਨਕ ਸਾਹਿਬ ਨੂੰ ਵੀ ਮਿਲੀ ਸੀ ਤੇ ਉਦੋਂ ਉਹ ਜਵਾਨ ਸੀ। ਇਸ ਹਿਸਾਬ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਦੇ ਆਗਰਾ ਆਉਣ ਵੇਲੇ ਮਾਈ ਘਟੋ ਘਟ 180 ਸਾਲ ਦੀ ਜ਼ਰੂਰ ਹੋਵੇਗੀ, ਜੋ ਮੁਮਕਿਨ ਨਹੀਂ ਜਾਪਦਾ।
ਗੁਰੂ ਗੋਬਿੰਦ ਸਿੰਘ ਨੇ ਵੀ ਮਾਤਾ ਗੁਜਰੀ ਨਾਲ ਪਟਨਾ ਤੋਂ ਮੁੜਦਿਆਂ 1670 ਦੀਆਂ ਗਰਮੀਆਂ ਵਿਚ ਇੱਥੇ ਪੜਾਅ ਕੀਤਾ ਸੀ।ਗੁਰੂ ਗੋਬਿੰਦ ਸਿੰਘ ਦੂਜੀ ਵਾਰ ਇੱਥੇ 1707 ਵਿਚ ਆਏ ਸਨ ਜਦੋਂ ਆਗਰਾ ਦੇ ਕਿਲ੍ਹੇ ਵਿਚ 23 ਜੁਲਾਈ 1707 ਦੇ ਦਿਨ ਗੁਰੂ ਜੀ ਅਤੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ ਮੁਲਾਕਾਤ ਹੋਈ ਸੀ।ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਦਰਬਾਰ ਵਿਚ ਬੁਲਾ ਕੇ ਉਨ੍ਹਾਂ ਨੂੰ ਖਿੱਲਤ (ਜਿਸ ਦੀ ਕੀਮਤ ਉਦੋਂ ਸੱਠ ਹਜ਼ਾਰ ਰੁਪੈ ਸੀ) ਵੀ ਭੇਟ ਕੀਤੀ। ਇਸ ਮੁਲਾਕਾਤ ਵਿਚ ਬਹਾਦਰ ਸ਼ਾਹ ਨੇ ਵਾਅਦਾ ਕੀਤਾ ਸੀ ਕਿ ਉਹ ਗੁਰੂ ਸਾਹਿਬ ਦਾ ਪਰਿਵਾਰ ਸ਼ਹੀਦ ਕਰਨ ਵਾਲਿਆਂ ਅਤੇ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ, ਪਰ ਮਗਰੋਂ ਉਹ ਮੁਕਰ ਗਿਆ ਸੀ। ਆਗਰਾ ਵਿਚ ਗੁਰੂ ਗੋਬਿੰਦ ਸਿੰਘ ਜੀ ਉਸੇ ਬਾਗ਼ ਵਿਚ ਠਹਿਰੇ ਸਨ ਜਿੱਥੇ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਗੇਰੂ ਦਾ ਤਾਲ ਬਣਿਆ ਹੋਇਆ ਹੈ.
(ਡਾ. ਹਰਜਿੰਦਰ ਸਿੰਘ ਦਿਲਗੀਰ)