ਅਚਲ ਸਾਹਿਬ/ ਅਚਲ ਵਟਾਲਾ
ਜ਼ਿਲ੍ਹਾ ਗੁਰਦਾਸਪੁਰ ਵਿਚ, ਬਟਾਲਾ ਸ਼ਹਿਰ ਤੋਂ 5 ਕਿਲੋਮੀਟਰ ਦੂਰ, ਮਹਾਂਦੇਵ ਦਾ ਅਚਲ ਨਾਂ ਦਾ ਮੰਦਰ, ਜਿਸ ਕਰ ਕੇ ਪਿੰਡ ਦਾ ਨਾਂ ਵੀ ਅਚਲ ਪੈ ਗਿਆ ਤੇ ਬਟਾਲੇ ਦੇ ਨਜ਼ਦੀਕ ਹੋਣ ਕਰ ਕੇ ਅਚਲ ਵਟਾਲਾ ਕਿਹਾ ਜਾਣ ਲਗ ਪਿਆ।
ਗੁਰੂ ਨਾਨਕ ਸਾਹਿਬ 15 ਜਨਵਰੀ 1530 (ਫੱਗਣ ਸੁਦੀ 14, 1596 ਬਿਕਰਮੀ) ਦੇ ਦਿਨ ਇਸ ਜਗਹ ਸ਼ਿਵਰਾਤਰੀ ਦੇ ਮੇਲੇ ’ਤੇ ਆਏ ਸਨ ਤੇ ਉਨ੍ਹਾਂ ਦੀ ਸਿੱਧ ਜੋਗੀਆਂ ਨਾਲ ਚਰਚਾ ਹੋਈ ਸੀ। ਇਸ ਦਾ ਜ਼ਿਕਰ ਭਾਈ ਗੁਰਦਾਸ ਨੇ ਪਹਿਲੀ ਵਾਰ ਵਿਚ ਤਫ਼ਸੀਲ ਨਾਲ ਕੀਤਾ ਹੋਇਆ ਹੈ। ਭਾਈ ਗੁਰਦਾਸ ਲਿਖਦੇ ਹਨ: ਮੇਲਾ ਸੁਣਿ ਸਿਵਰਾਤਿ ਦਾ, ਬਾਬਾ ਅਚਲ ਵਟਾਲੇ ਆਈ॥ ਦਰਸਨੁ ਵੇਖਣਿ ਕਾਰਨੇ, ਸਗਲੀ ਉਲਟਿ ਪਈ ਲੋਕਾਈ॥ ਲਗੀ ਬਰਸਣਿ ਲਛਮੀ, ਰਿਧਿ ਸਿਧਿ ਨਉ ਨਿਧਿ ਸਵਾਈ॥ ਜੋਗੀ ਦੇਖਿ ਚਲਿਤ੍ਰ ਨੋ, ਮਨ ਵਿਚਿ ਰਿਸਕਿ ਘਨੇਰੀ ਖਾਈ॥ ਭਗਤੀਆ ਪਾਈ ਭਗਤਿ ਆਣਿ, ਲੋਟਾ ਜੋਗੀ ਲਇਆ ਛਪਾਈ॥ ਭਗਤੀਆ ਗਈ ਭਗਤਿ ਭੁਲਿ, ਲੋਟੇ ਅੰਦਰਿ ਸੁਰਤਿ ਭੁਲਾਈ॥ ਬਾਬਾ ਜਾਣੀ ਜਾਣ ਪੁਰਖ, ਕਢਿਆ ਲੋਟਾ ਜਹਾ ਲੁਕਾਈ॥ ਵੇਖਿ ਚਲਿਤ੍ਰਿ ਜੋਗੀ ਖੁਣਿਸਾਈ॥39॥ ਖਾਧੀ ਖੁਣਸਿ ਜੋਗੀਸੋਰਾਂ, ਗੋਸਟਿ ਕਰਨਿ ਸਭੇ ਉਠਿ ਆਈ॥ ਪੁਛੇ ਜੋਗੀ ਭੰਗਰ ਨਾਥੁ, ਤੁਹਿ ਦੁਧ ਵਿਚਿ ਕਿਉ ਕਾਂਜੀ ਪਾਈ॥ ਫਿਟਿਆ ਚਾਟਾ ਦੁਧ ਦਾ, ਰਿੜਕਿਆ ਮਖਣੁ ਹਥਿ ਨ ਆਈ॥ ਭੇਖ ਉਤਾਰਿ ਉਦਾਸਿ ਦਾ, ਵਤਿ ਕਿਉ ਸੰਸਾਰੀ ਰੀਤਿ ਚਲਾਈ॥ ਨਾਨਕ ਆਖੇ, ਭੰਗਰਿ ਨਾਥ! ਤੇਰੀ ਮਾਉ ਕੁਚਜੀ ਆਹੀ॥ ਭਾਂਡਾ ਧੋਇ ਨ ਜਾਤਿਓਨਿ, ਭਾਇ ਕੁਚਜੇ ਫੁਲੁ ਸੜਾਈ॥ ਹੋਇ ਅਤੀਤੁ ਗ੍ਰਿਹਸਤਿ ਤਜਿ, ਫਿਰਿ ਉਨਹੁ ਕੇ ਘਰਿ ਮੰਗਣਿ ਜਾਈ॥ ਬਿਨੁ ਦਿਤੇ ਕਛੁ ਹਥਿ ਨ ਆਈ॥40॥
ਇਸ ਜਗਹ ਇਕ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ (2). ਮਿਸਲਾਂ ਵੇਲੇ, 1785 ਵਿਚ, ਇਸ ਜਗਹ ਸਿੱਖ ਮਿਸਲਾਂ ਵਿਚ ਇਕ ਲੜਾਈ ਹੋਈ ਸੀ, ਜਿਸ ਵਿਚ ਕਨ੍ਹਈਆ ਮਿਸਲ ਦਾ ਗੁਰਬਖ਼ਸ਼ ਸਿੰਘ (ਸਦਾ ਕੌਰ ਦਾ ਘਰ ਵਾਲਾ) ਮਾਰਿਆ ਗਿਆ ਸੀ। ਇਸ ਲੜਾਈ ਦਾ ਪਿਛੋਕੜ 1778 ਦੀ ਉਹ ਲੜਾਈ ਸੀ, ਜਿਸ ਵਿਚ ਕਨ੍ਹਈਅ ਮਿਸਲ ਦੇ ਮੁਖੀ ਜੈ ਸਿੰਘ ਨੇ ਮਹਾਂ ਸਿੰਘ ਸੁਕਰਚੱਕੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲ ਕੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਹਰਾਇਆ ਸੀ। 1785 ਵਿਚ, ਆਪਣੀ 7 ਸਾਲ ਪੁਰਾਣੀ ਹਾਰ ਦਾ ਬਦਲਾ ਲੈਣ ਵਾਸਤੇ, ਜੱਸਾ ਸਿੰਘ ਰਾਮਗੜ੍ਹੀਆ ਨੇ ਮਹਾਂ ਸਿੰਘ ਅਤੇ ਸੰਸਾਰ ਚੰਦ ਕਟੋਚੀਏ ਨਾਲ ਮਿਲ ਕੇ ਇਸ ’ਤੇ ਅਚਲ ਵਟਾਲਾ ਵਿਚ ਹਮਲਾ ਕੀਤਾ ਸੀ.
(ਡਾ. ਹਰਜਿੰਦਰ ਸਿੰਘ ਦਿਲਗੀਰ)