TheSikhs.org


Abichal Nagar, Nander, Hazur Sahib


ਅਬਿਚਲ ਨਗਰ (ਨੰਦੇੜ) ਹਜ਼ੂਰ ਸਾਹਿਬ

ਮਹਾਂਰਾਸ਼ਟਰ (ਭਾਰਤ) ਵਿਚ (ਦਿੱਲੀ ਤੋਂ 1400, ਬੰਬਈ/ਮੁੰਬਈ ਤੋਂ 600, ਹੈਦਰਾਬਾਦ ਤੋਂ 280, ਸ਼ੋਲਾਪੁਰ ਤੋਂ 250, ਔਰੰਗਾਬਾਦ ਤੋਂ 235 ਕਿਲੋਮੀਟਰ ਦੂਰ), ਗੋਦਾਵਰੀ ਨਦੀ ਦੇ ਕੰਢੇ ਇਕ ਨਗਰ ਨੰਦੇੜ ਦਾ ਸਿੱਖ ਰਿਵਾਇਤ ਵਿਚ ਨਾਂ ਅਬਿਚਲ ਨਗਰ ਵੀ ਹੈ। ਇਸ ਨਗਰ ਵਿਚ ਗੁਰੂ ਨਾਨਕ ਸਾਹਿਬ 1511 ਵਿਚ ਅਤੇ ਗੁਰੂ ਗੋਬਿੰਦ ਸਿੰਘ ਜੀ 1708 ਵਿਚ ਆਏ ਸਨ।
ਗੁਰੂ ਨਾਨਕ ਸਾਹਿਬ ਆਪਣੀ ਦੂਜੀ ਉਦਾਸੀ ਦੌਰਾਨ, ਭੂਪਾਲ ਤੋਂ ਚਲ ਕੇ ਕਈ ਨਗਰਾਂ ਵਚ ਪੜਾਅ ਕਰਦੇ ਕਰਦੇ ਹੋਏ ਮੌਜੂਦਾ ਨਗਰ ਨੰਦੇੜ ਦੇ ਬਾਹਰਵਾਰ ਜਾ ਰੁਕੇ। ਨੰਦੇੜ ਦੇ ਇਸ ਇਲਕੇ ਵਿਚ ਉਸ ਵੇਲੇ, ਇਕ ਮੁਸਲਮਾਨ ਫਕੀਰ, ਸਯਦ ਸ਼ਾਹ ਹੁਸੈਨ, ਜੋ ਇਕ ਲਕੜਹਾਰਾ ਸੀ, ਰਹਿੰਦਾ ਸੀ। ਗੁਰੂ ਸਾਹਿਬ ਉਸ ਕੋਲ ਗਏ ਤੇ ਦੋਹਾਂ ਵਿਚਕਾਰ ਧਰਮ ਚਰਚਾ ਹੋਈ।ਇੱਥੇ ਆਪ ਦੀ ਯਾਦ ਵਿਚ ‘ਗੁਰਦੁਆਰਾ ਮਾਲ ਟੇਕਰੀ’ ਬਣਿਆ ਹੋਇਆ ਹੈ। ਪਰ, ਗੁਰਦੁਆਰੇ ਵਿਚ ਲਿਖੇ ਬੋਰਡ ਵਿਚਲੀ ਕਲਪਿਤ ਕਹਾਣੀ ਮੁਤਾਬਿਕ ਇੱਥੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਗੁਪਤ ਖ਼ਜ਼ਾਨਾ ਦੱਬਿਆ ਹੋਇਆ ਸੀ ਜਿਸ ਨੂੰ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਅਤੇ ਇਸ ਨਾਲ ਸਿੱਖ ਫ਼ੌਜੀਆਂ ਨੂੰ ਤਨਖ਼ਾਹਾਂ ਵੰਡੀਆਂ ਤੇ ਬਾਕੀ ਬਚੇ ਖ਼ਜ਼ਾਨੇ ਨੂੰ ਉਥੇ ਹੀ ਦੱਬ ਦਿੱਤਾ।
(ਇਹੋ ਜਿਹੀਆਂ ਮਨਘੜਤ ਕਹਾਣੀਆਂ ਬਹੁਤ ਗੁਰਦੁਆਰਿਆਂ ਬਾਰੇ ਮਿਲਦੀਆਂ ਹਨ। ਇੱਥੇ ਇਹੋ ਜਿਹੀ ਕਰਾਮਾਤੀ ਮਨਘੜਤ ਕਹਾਣੀ ਵਾਲਾ ਇਕ ਹੋਰ ਗੁਰਦੁਆਰਾ (ਸ਼ਿਕਾਰ ਘਾਟ) ਬਾਰੇ ਵੀ ਹੈ, ਜਿੱਥੇ ਅਖੌਤੀ ਤੌਰ ‘ਤੇ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਵੱਲੋਂ ‘ਸਰਾਪੇ ਹੋਏ’, ਸਿਆਲਕੋਟ ਵਾਸੀ ਇਕ ਸਿਖ, ਭਾਈ ਮੂਲਾ ਦਾ ਉਧਾਰ ਕੀਤਾ ਸੀ)।

ਗੁਰੂ ਗੋਬਿੰਦ ਸਿੰਘ ਜੀ ਇਸ ਇਲਾਕੇ ਵਿਚ ਜੁਲਾਈ 1708 ਵਿਚ ਆਏ ਸਨ। ਉਨ੍ਹਾਂ ਨੇ ਇੱਥੇ 3 ਸਤੰਬਰ ਨੂੰ ਬੰਦਾ ਸਿੰਘ ਬਹਾਦਰ (ਉਦੋਂ ਮਾਧੋ ਦਾਸ ਬੈਰਾਗੀ) ਨੂੰ ਖੰਡੇ ਦੀ ਪਾਹੁਲ ਦੇ ਕੇ ਸਿੱਖ ਪੰਥ ਵਿਚ ਸ਼ਾਮਿਲ ਕੀਤਾ। 5 ਅਕਤੂਬਰ ਨੂੰ ਆਪ ਨੇ ਬੰਦਾ ਸਿੰਘ ਨੂੰ ਖਾਲਸਾ ਫ਼ੌਜ ਦਾ ਜਥੇਦਾਰ ਬਣਾ ਕੇ ਪੰਜਾਬ ਭੇਜਿਆ। ਇਸੇ ਸ਼ਾਮ ਨੂੰ ਆਪ ’ਤੇ ਜਮਸ਼ੈਦ ਖ਼ਾਨ ਨੇ ਛੁਰਿਆਂ ਦੇ ਵਾਰ ਕਰ ਕੇ ਬੇਹੱਦ ਜ਼ਖ਼ਮੀ ਕਰ ਦਿੱਤਾ। ਅਗਲੇ ਦਿਨ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਅਤੇ ਉਸ ਮਗਰੋਂ ਅੱਧੀ ਰਾਤ ਨੂੰ ਆਪ ਜੋਤੀ-ਜੋਤਿ ਸਮਾ ਗਏ। ਆਪ ਦਾ ਸਸਕਾਰ 6 ਅਕੂਬਰ ਦੇ ਦਿਨ ਗੋਦਾਵਰੀ ਨਦੀ ਦੇ ਕਿਨਾਰੇ ’ਤੇ ਕਰ ਕੇ ਅਸਥੀਆਂ ਜਲ-ਪ੍ਰਵਾਹ ਕਰ ਦਿੱਤੀਆਂ ਗਈਆਂ।

ਨੰਦੇੜ ਵਿਚ ਕਈ ਗੁਰਦੁਆਰੇ ਹਨ: (1) ਤਖ਼ਤ ਹਜ਼ੂਰ ਸਾਹਿਬ: ਇਸ ਥਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਸਜਾਇਆ ਕਰਦੇ ਸਨ। ਇਸ ਦੀ ਸੈਂਟਰਲ ਥਾਂ ਨੂੰ ਅੰਗੀਠਾ ਸਾਹਿਬ ਵੀ ਆਖਦੇ ਹਨ ਕਿਉਂ ਕਿ ਗੁਰੂ ਸਾਹਿਬ ਦਾ ਸਸਕਾਰ ਇਸ ਜਗਹ ਕੀਤਾ ਗਿਆ ਸੀ। ਇਸ ਨੂੰ ਕੁਝ ਲੋਕ ‘ਸਚਖੰਡ ਸਾਹਿਬ’ ਵੀ ਆਖਦੇ ਹਨ, ਜੋ ਸਹੀ ਨਹੀਂ ਹੈ। ਗੁਰਬਾਣੀ ਮੁਤਾਬਿਕ ਹਰ ਉਹ ਥਾਂ ਸਚਖੰਡ ਹੈ ਜਿੱਥੇ ਸੰਗਤ ਸੱਚੇ ਪਾਤਸ਼ਾਹ (ਪ੍ਰਮਾਤਮਾ) ਦਾ ਨਾਂ ਜਪਦੀ ਹੈ। ਇਸ ਜਗਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੁਝ ਸ਼ਸਤਰ ਵੀ ਪਏ ਹਨ: ਚੱਕਰ, ਚੌੜਾ ਤੇਗਾ, ਫੌਲਾਦ ਦੀ ਕਮਾਨ, ਗੁਰਜ, ਨਾਰਾਚ (ਸਰਬ ਲੋਹ ਦਾ ਤੀਰ), ਪੰਜ ਸੁਨਹਿਰੀ ਕ੍ਰਿਪਾਨਾਂ, ਛੇ ਇੰਚ ਦੀ ਇਕ ਛੋਟੀ ਕ੍ਰਿਪਾਨ। ਇਸ ਤੋਂ ਇਲਾਵਾ ਹੋਰ ਸਿੱਖਾਂ ਦੇ ਸ਼ਸਤਰ ਵੀ ਉ¤ਥੇ ਪਏ ਹੋਏ ਹਨ (2) ਗੁਰਦੁਆਰਾ ਸੰਗਤ ਘਾਟ: ਇਥੇ ਗੁਰੂ ਸਾਹਿਬ ਦੀਵਾਨ ਲਾਇਆ ਕਰਦੇ ਸਨ (3) ਗੁਰਦੁਆਰਾ ਨਗੀਨਾ ਘਾਟ, ਹੀਰਾ ਘਾਟ: ਇਕ ਕਲਪਿਤ ਕਹਾਣੀ ਮੁਤਾਬਿਕ ਬਹਾਦਰ ਸ਼ਾਹ ਵੱਲੋਂ ਭੇਟ ਕੀਤੇ ਨਗੀਨੇ ਨੂੰ ਗੁਰੂ ਸਾਹਿਬ ਨੇ ਇਥੇ ਦਰਿਆ ਵਿਚ ਸੁੱਟ ਦਿੱਤਾ ਸੀ (4) ਗੁਰਦੁਆਰਾ ਸ਼ਿਕਾਰ ਘਾਟ: ਇਸ ਜਗਹ ਕਦੇ ਜੰਗਲ ਹੁੰਦਾ ਸੀ। ਗੁਰੂ ਸਾਹਿਬ ਇੱਥੇ ਸ਼ਿਕਾਰ ਕਰਿਆ ਕਰਦੇ ਸਨ (5) ਗੁਰਦੁਆਰਾ ਗੋਬਿੰਦ ਬਾਗ਼: ਗੁਰੂ ਸਾਹਿਬ ਵੇਲੇ ਇਹ ਇਕ ਬਾਗ਼ ਸੀ ਤੇ ਗੁਰੂ ਸਾਹਿਬ ਇਸ ਵਿਚ ਟਹਿਲਿਆ ਕਰਦੇ ਸੀ (6) ਗੁਰਦੁਆਰਾ ਮਾਲ ਟੇਕਰੀ: ਇਕ ਰਿਵਾਇਤ ਮੁਤਾਬਿਕ ਇਸ ਜਗਹ ਗੁਰੂ ਸਾਹਿਬ ਨੇ ਫ਼ੌਜੀਆਂ ਨੂੰ ਤਨਖ਼ਾਹਾਂ ਵੰਡੀਆਂ ਸਨ (7) ਗੁਰਦੁਆਰਾ ਬਾਬਾ ਬੰਦਾ ਸਿੰਘ: ਇਸ ਜਗਹ 1708 ਵਿਚ ਬਾਬਾ ਬੰਦਾ ਸਿੰਘ ਦਾ ਡੇਰਾ ਸੀ (8) ਗੁਰਦੁਆਰਾ ਮਾਤਾ ਸਾਹਿਬ ਕੌਰ: ਮਾਤਾ ਸਾਹਿਬ ਕੌਰ ਗੁਰੂ ਸਾਹਿਬ ਦੀ ਸ਼ਹੀਦੀ ਮਗਰੋਂ ਕੁਝ ਚਿਰ ਏਥੇ ਠਹਿਰੇ ਸਨ (9) ਲੰਗਰ ਸਾਹਿਬ: ਭਾਈ ਨਿਧਾਨ ਸਿੰਘ ਵੱਲੋਂ ਕਾਇਮ ਕੀਤਾ ਲੰਗਰ ਹਣ ਗੁਰਦੁਆਰਾ ਬਣ ਚੁਕਾ ਹੈ (10 ਅਤੇ 11) ਦੋ ਗੁਰਦੁਆਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੀ ਯਾਦ ਵਿਚ ਅਤੇ ਮਾਈ ਭਾਗ ਕੌਰ ਦੀ ਯਾਦ ਵਿਚ ਵੀ ਬਣੇ ਹੋਏ ਹਨ। ਹਜ਼ੂਰ ਸਾਹਿਬ ਦਾ ਇੰਤਜ਼ਾਮ ਅਜੇ ਤੱਕ ਸਿੱਖ ਪੰਥ ਦੇ ਹੱਥਾਂ ਵਿਚ ਨਹੀਂ ਹੈ। ਇਸ ਨੂੰ ਇਕ 17 ਮੈਂਬਰੀ ਗੁਰਦੁਆਰਾ ਬੋਰਡ ਤੇ 5 ਮੈਂਬਰੀ ਮੈਨੇਜਿੰਗ ਕਮੇਟੀ ਚਲਾਉਂਦੀ ਹੈ ਜੋ 1956 ਦੇ ਤਖ਼ਤ ਸਾਹਿਬ ਐਕਟ ਹੇਠ ਚੁਣੀ ਜਾਂਦੀ ਹੈ। ਇਸ ਜਗਹ ਅੱਜ ਵੀ ਸਿੱਖ ਮਰਿਆਦਾ ਦੀ ਜਗਹ ਹਿੰਦੂ-ਬ੍ਰਾਹਮਣੀ ਮਰਿਆਦਾ ਚਲਦੀ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)

ਅਬਚਲ ਨਗਰ (ਨੰਦੇੜ), ਹਜ਼ੂਰ ਸਾਹਿਬ ਦੇ ਗੁਰਦੁਆਰੇ

ਹਜ਼ੂਰ ਸਾਹਿਬ

ਨਗੀਨਾ ਘਾਟ

ਹੀਰਾ ਘਾਟ

ਗੁਰਦੁਆਰਾ ਮਾਲ ਟੇਕੜੀ

ਗੁਰਦੁਆਰਾ ਦਇਆ ਸਿੰਘ, ਧਰਮ ਸਿੰਘ, ਮਾਈ ਭਾਗੋ

ਗੁਰਦੁਆਰਾ ਮਾਤਾ ਸਾਹਿਬ ਕੌਰ

ਬੰਦਾ ਘਾਟ

ਬੰਦਾ ਘਾਟ ਵਿਚ ਬਚਿਤਰ ਨਾਟਕ (ਦਸਮਗ੍ਰੰਥ) ਦਾ ਵੀ ਪ੍ਰਕਾਸ਼ ਕੀਤਾ ਹੈ