TheSikhs.org


Aalsun


ਆਲਸੂਨ

ਨਦੌਣ ਤੇ ਅਨੰਦਪੁਰ ਸਾਹਿਬ ਦੇ ਵਿਚ ਕਿਸੇ ਜਗਹ ਇਕ ਪਿੰਡ, ਜਿੱਥੋਂ ਮਾਰਚ 1691 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਖਾਂ ਨਾਲ ਨਦੌਣ ਜਾਂਦੇ ਹੋਏ ਲੰਘੇ ਸਨ ਅਤੇ ਇੱਥੋਂ ਦੇ ਰੰਘੜ ਮੁਸਲਮਾਨਾਂ ਨੇ ਗੁਰੂ ਜੀ ਅਤੇ ਸਿੱਖਾਂ ਨੂੰ ਠੱਠਾ ਕੀਤਾ ਸੀ ਅਤੇ ਬਦਸਲੂਕੀ ਕੀਤੀ ਸੀ। ਉਸ ਵੇਲੇ ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਨਾ ਕਿਹਾ ਤਾਂ ਜੋ ਨਦੌਣ ’ਤੇ ਹੋਣ ਵਾਲੇ ਹਮਲੇ ਦਾ ਟਾਕਰਾ ਕਰਨ ਦੀ ਥਾਂ ਉਹ ਰਾਹ ਵਿਚ ਹੀ ਨਾ ਉਲਝ ਜਾਣ, ਪਰ ਵਾਪਸੀ ’ਤੇ ਸਿੱਖ ਫ਼ੌਜੀਆਂ ਨੇ ਰੰਘੜਾਂ ਨੂੰ ਖ਼ੂਬ ਸਜ਼ਾ ਦਿੱਤੀ ਤੇ ਉਨ੍ਹਾਂ ਤੋਂ ਕੰਨਾਂ ਨੂੰ ਹੱਥ ਲੁਆਏ। ਇਸ ਘਟਨਾ ਅਤੇ ਇਸ ਪਿੰਡ ਦਾ ਨਾਂ ਕਿਤਾਬ ਗੁਰੂ ਕੀਆਂ ਸਾਖੀਆਂ (ਸਾਖੀ 49) ਵਿਚ ਆਉਂਦਾ ਹੈ ਪਰ ਅੱਜ ਇਸ ਨਾਂ ਦਾ ਕੋਈ ਪਿੰਡ ਮੌਜੂਦ ਨਹੀਂ ਹੈ। ਹੋ ਸਕਦਾ ਹੈ ਬਦਨਾਮੀ ਦੇ ਹੇਰਵੇ ਵਿਚ ਰੰਘੜ ਇਸ ਇਲਾਕੇ ਨੂੰ ਛੱਡ ਗਏ ਹੋਣ ਤੇ ਇਸ ਪਿੰਡ ਦਾ ਨਾਮੋ-ਨਿਸ਼ਾਨ ਮਿਟ ਗਿਆ ਹੋਵੇ। ਕੁਝ ਲੋਕਾਂ ਦਾ ਵਿਚਾਰ ਹੈ ਕਿ ਸ਼ਾਇਦ ਇਹ ਪਿੰਡ ਊਨਾ-ਬੰਗਾਨਾ ਰੋਡ ’ਤੇ ਪਿੰਡ ਸਮਾਲਰਾ ਵਾਲੀ ਥਾਂ ’ਤੇ ਹੋਵੇ, ਕਿਉਂ ਕਿ ਇਸ ਇਲਾਕੇ ਵਿਚ ਇਕ ਇਹੀ ਪਿੰਡ ਨਵਾਂ ਬੱਝਾ ਹੈ.

(ਡਾ. ਹਰਜਿੰਦਰ ਸਿੰਘ ਦਿਲਗੀਰ)