ਆਲਮਗੀਰ (ਪਿੰਡ)
ਲੁਧਿਆਣਾ ਤੋਂ 13 ਤੇ ਗਿੱਲ ਪਿੰਡ ਤੋਂ 7 ਕਿਲੋਮੀਟਰ ਦੂਰ ਇਕ ਪਿੰਡ। ਇਕ ਮੁਕਾਮੀ ਰਿਵਾਇਤ ਮਤਾਬਿਕ ਮੁਗ਼ਲ ਬਾਦਸ਼ਾਹ ਨੇ ਇਕ ਵਾਰ ਲਾਹੋਰ ਤੋਂ ਦਿੱਲੀ ਜਾਂਦਿਆਂ ਇੱਥੇ ਪੜਾਅ ਕੀਤਾ ਸੀ ਜਿਸ ਤੋਂ ਇਸ ਥਾਂ ਦਾ ਨਾਂ ਆਲਮਗੀਰ ਪੈ ਗਿਆ ਸੀ। ਗੁਰੁ ਗੋਬਿੰਦ ਸਿੰਘ ਇੱਥੇ 14 ਦਸੰਬਰ 1705 ਦੇ ਦਿਨ ਆਏ ਸਨ। 5-6 ਦਸੰਬਰ ਦੀ ਅੱਧੀ ਰਾਤ ਵੇਲੇ ਅਨੰਦਪੁਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ 7 ਦਸੰਬਰ ਦੀ ਸਵੇਰ ਚਮਕੌਰ ਪੁੱਜੇ ਸਨ। ਉੱਥੋਂ ਅੱਧੀ ਰਾਤ ਵੇਲੇ ਨਿਕਲਣ ਮਗਰੋਂ ਗੁਰੂ ਜੀ ਨਬੀ ਖ਼ਾਨ ਤੇ ਗ਼ਨੀ ਖ਼ਾਨ ਨਾਲ 8 ਦਸੰਬਰ 1705 ਦੀ ਸਵੇਰ ਨੂੰ ਮਾਛੀਵਾੜਾ ਪੁੱਜੇ ਸਨ। ਰਾਤ ਵੇਲੇ ਉਹ ਭਾਈ ਜੀਵਨ ਸਿੰਘ ਦੇ ਘਰ ਚਲੇ ਗਏ ਸਨ। ਤਿੰਨ ਦਿਨ ਮਾਛੀਵਾੜਾ ਵਿਚ ਜੀਵਨ ਸਿੰਘ ਦੇ ਘਰ ਵਿਚ ਰਹਿਣ ਮਗਰੋਂ 11 ਦਸੰਬਰ 1705 ਦੇ ਦਿਨ ਗੁਰੂ ਜੀ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨ੍ਹਾਂ ਹਰੇ ਕਪੜਿਆਂ ਨੂੰ ਨੀਲ-ਬਸਤਰ ਕਹਿੰਦੇ ਸਨ; ਨੀਲ ਦਾ ਲਫ਼ਜ਼ੀ ਮਾਅਨਾ ਹੈ ‘ਰੰਗਦਾਰ’) ਪਹਿਣ ਕੇ ਅਜਨੇਰ ਦੇ ਕਾਜ਼ੀ ਚਰਾਗ਼ ਦੀਨ ਤੇ ਚਾਰ ਹੋਰ ਮੁਸਲਮਾਨ ਮੁਰੀਦਾਂ (ਇਨਾਇਤ ਅਲੀ ਨੂਰਪੁਰ, ਕਾਜ਼ੀ ਪੀਰ ਮੁਹੰਮਦ ਸਲੋਹ, ਸੁਬੇਗ ਸ਼ਾਹ ਹਲਵਾਰਾ ਅਤੇ ਹਸਨ ਅਲੀ ਮੋਠੂ ਮਾਜਰਾ) ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵੱਲ ਚੱਲ ਪਏ। ਉਨ੍ਹਾਂ ਨੇ ਸਿੱਧਾ ਰਸਤਾ ਨਹੀਂ ਲਿਆ ਬਲਕਿ ਵਿਚੋਂ-ਵਿੱਚੋਂ ਹੁੰਦੇ ਹੋਏ ਗੜ੍ਹੀ ਤਰਖਾਣਾਂ, ਘੁੰਘਰਾਲੀ, ਮਾਨੂੰਪੁਰ ਤੇ ਭੜੀ ਵਿਚੋਂ ਲੰਘਦੇ ਆਪ (28 ਕਿਲੋਮੀਟਰ ਦੂਰ) ਅਜਨੇਰ ਪੁੱਜੇ ਤੇ ਕਾਜ਼ੀ ਚਰਾਗ ਸ਼ਾਹ ਦੇ ਮਹਿਮਾਨ ਬਣੇ। ਅਗਲਾ ਦਿਨ ਆਪ ਅਜਨੇਰ ਪਿੰਡ ਵਿਚ ਹੀ ਰਹੇ ਤੇ 13 ਦਸੰਬਰ ਨੂੰ ਅੱਗੇ ਚਲ ਪਏ। ਇਸ ਵਾਰ ਵੀ ਸਿੱਧੇ ਰਸਤੇ ਪੈਣ ਦੀ ਬਜਾਇ ਵਿਚੋਂ-ਵਿੱਚੋਂ ਹੁੰਦੇ ਹੋਏ ਮਲਕਪੁਰ, ਲੱਲ (ਹੁਣ ਲੱਲ ਕਲਾਂ), ਕਟਾਣੀ (ਹੁਣ ਕਟਾਣੀ ਕਲਾਂ), ਰਾਮਪੁਰ ਹੁੰਦੇ (31 ਕਿਲੋਮੀਟਰ ਦੂਰ) ਦੋਰਾਹਾ ਪੁੱਜੇ ਅਤੇ ਰਾਤ ਉੱਥੇ ਸਰਾਂ ਵਿਚ ਬਿਤਾਈ (ਇਸ ਸਰਾਂ ਦੇ ਇਕ ਸਿਰੇ ’ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ)। ਇਥੋਂ ਚਲ ਕੇ ਆਪ ਕਨੇਚ ਤੇ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ 14 ਦਸੰਬਰ 1705 ਦੇ ਦਿਨ (20 ਕਿਲੋਮੀਟਰ ਦੂਰ) ਆਲਮਗੀਰ ਪੁੱਜੇ। ਆਲਮਗੀਰ ਵਿਚ ਗੁਰੂ ਜੀ ਦੀ ਯਾਦ ਵਿਚ ਇਕ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ।ਇਕ ਰਾਤ ਇੱਥੇ ਰੁਕਣ ਮਗਰੋਂ (20 ਕਿਲੋਮੀਟਰ ਦੂਰ) ਮੋਹੀ ਪਿੰਡ ਵੱਲ ਚਲੇ ਗਏ. (ਤਸਵੀਰ: ਗੁਰਦੁਆਰਾ ਆਲਮਗੀਰ):
(ਡਾ. ਹਰਜਿੰਦਰ ਸਿੰਘ ਦਿਲਗੀਰ)